Share on Facebook

Main News Page

ਆਰ.ਐਸ.ਐਸ. ਦਾ ਏਜੰਟ ਕੌਣ?

ਕੁੱਝ ਸਮਾਂ ਪਹਿਲਾਂ ਜਦੋਂ ਭਾਰਤ ਵਿਚ ਬੀ.ਜੇ.ਪੀ. ਦੀ ਸਰਕਾਰ ਸੀ ਤਾਂ ਇਕ ਚੁਟਕਲਾ ਕਾਫੀ ਮਸ਼ਹੂਰ ਹੋਇਆ ਸੀ। ਇਸ ਚੁਟਕਲੇ ਅਨੁਸਾਰ ਜੇ ਕਿਧਰੇ ‘ਪ੍ਰਧਾਨ ਮੰਤਰੀ’ ਨੂੰ ਛਿੱਕ ਵੀ ਆ ਜਾਂਦੀ ਤਾਂ ਸਰਕਾਰ ਵੱਲੋਂ ਬਿਆਨ ਆ ਜਾਂਦਾ ਸੀ ਕਿ ਇਸ ਪਿੱਛੇ ਪਾਕਿਸਤਾਨ ਦਾ ਹੱਥ ਹੈ। ਕੁੱਝ ਇਹੋ ਜਿਹੀ ਦਸ਼ਾ ਅੱਜ ਪੰਥਕ ਹਲਕਿਆਂ ਦੀ ਹੈ। ਪੰਥਕ ਹਲਕਿਆਂ ਵਿਚ ਇਕ ਦੂਜੇ ਨੂੰ ਆਰ.ਐਸ.ਐਸ. ਦਾ ‘ਏਜੰਟ’ ਬੜੀ ਛੇਤੀ ਐਲਾਨ ਦਿੱਤਾ ਜਾਂਦਾ ਹੈ। ਜੇ ਕਿਸੇ ਵੱਲੋਂ ਖੜੇ ਕੀਤੇ ਗਏ ਸਵਾਲ ਦਾ ਦਲੀਲ ਯੁਕਤ ਜਵਾਬ ਨਾ ਮਿਲੇ ਤਾਂ ਉਸ ਤੋਂ ਬੱਚਣ ਦਾ ਆਸਾਨ ਤਰੀਕਾ ਹੈ ਕਿ ਸਵਾਲ ਕਰਨ ਵਾਲੇ ’ਤੇ ਇਲਜ਼ਾਮ ਲਾ ਦਿੱਤਾ ਜਾਵੇ ਕਿ ਉਹ ਵਿਰੋਧੀ ਤਾਕਤਾਂ ਦਾ ਏਜੰਟ ਹੈ।

ਇਸੇ ਸਿਲਸਿਲੇ ਵਿਚ ਕੁੱਝ ਕੁ ਦਿਨ ਪਹਿਲਾਂ, ਅਕਾਲ ਤਖਤ ਦੇ ਅਖੌਤੀ ਮੁੱਖ ਪੁਜਾਰੀ ਗੁਰਬਚਨ ਸਿੰਘ ਦਾ ਬਿਆਨ ਆਇਆ ਹੈ ਕਿ “ਪਾਲ ਸਿੰਘ ‘ਪੂਰੇਵਾਲ’ ਆਰ.ਐਸ.ਐਸ. ਦਾ ਏਜੰਟ ਹੈ”। ਬਿਨਾਂ ਕਿਸੇ ਠੋਸ ਆਧਾਰ ਦੇ, ਸਵਾਲ ਜਾਂ ਸੱਚ ਤੋਂ ਬੱਚਣ ਲਈ, ਕਿਸੇ ’ਤੇ ਵਿਰੋਧੀ ਤਾਕਤਾਂ ਦਾ ਏਜੰਟ ਹੋਣ ਦਾ ਇਲਜ਼ਾਮ ਲਾਉਣਾ ਬਹੁਤ ਹਲਕੇ ਪੱਧਰ ਦੀ ਸੋਚ ਹੈ। ਮੁੱਖ ਪੁਜਾਰੀ ਦਾ ਬਿਆਨ ਵੀ ਕੁਝ ਐਸਾ ਹੀ ਹੈ। ਅਫਸੋਸ! ਕੁਝ ਜਾਗਰੂਕ ਮੰਨੀਆਂ ਜਾਂਦੀਆਂ ਧਿਰਾਂ ਵਿਚ ਵੀ, ਕਿਸੇ ਨੁਕਤੇ ’ਤੇ ਵਿਚਾਰਕ ਅਸਹਿਮਤੀ ਕਾਰਨ ਦੂਜੀ ਜਾਗਰੂਕ ਧਿਰ ਨੂੰ ਸਿੱਧੇ/ਅਸਿੱਧੇ ਪੰਥ ਵਿਰੋਧੀ ਤਾਕਤਾਂ ਦੇ ਏਜੰਟ ਕਹਿਣ ਦੀ ਗਲਤ ਸੋਚ ਘਰ ਕਰ ਚੁੱਕੀ ਹੈ।

ਪਰ ਅੱਜ ਅਸੀਂ ਠੋਸ ਦਲੀਲਾਂ ਦੇ ਆਧਾਰ ’ਤੇ ਇਹ ਪੜਚੋਲ ਕਰਨ ਦੀ ਕੋਸ਼ਿਸ਼ ਕਰਾਂਗੇ, ਕਿ ਅਸਲ ਮਾਇਨੇ ਵਿਚ ਆਰ.ਐਸ.ਐਸ਼. (ਪੰਥ ਵਿਰੋਧੀ ਤਾਕਤਾਂ) ਦੀ ਏਜੰਟ ਕਿਹੜੀ ਧਿਰ ਹੈ। ਆਰ.ਐਸ.ਐਸ. ਇਕ ਬ੍ਰਾਹਮਣਵਾਦੀ ਸੰਗਠਨ ਹੈ। ਬ੍ਰਾਹਮਣਵਾਦੀ ਧਿਰਾਂ ਸ਼ੁਰੂ ਤੋਂ ਹੀ ਨਾਨਕ ਫਲਸਫੇ ਦੀਆਂ ਵਿਰੋਧੀ ਰਹੀਆਂ ਹਨ, ਕਿਉਂਕਿ ‘ਨਾਨਕ ਫਲਸਫਾ’ ਲੋਕਾਈ ਨੂੰ ਸੁਚੇਤ ਕਰਕੇ, ਇਨ੍ਹਾਂ ਦੀ ਲੁੱਟ ਲਈ ਫੈਲਾਏ ਧਰਮ ਦੇ ਨਾਂ ’ਤੇ ਭਰਮ-ਜਾਲ ਤੋਂ ਬਾਹਰ ਨਿਕਲਣ ਲਈ ਪ੍ਰੇਰਿਤ ਕਰਦਾ ਹੈ। ਪੰਥ ਦੇ ਬਿਖੜੇ ਦਮੇਂ ਵਿਚ ਵੀ ਇਨ੍ਹਾਂ ਤਾਕਤਾਂ ਨੇ ਪੰਥ ਵਿਚ ਘੁਸਪੈਠ ਕਰਕੇ, ਸਿੱਖ ਸਮਾਜ ਵਿਚ ਪੁਜਾਰੀਵਾਦ ਦਾ ਬੋਲਬਾਲਾ ਕਰਕੇ ਕੌਮ ਨੂੰ ਨਾਨਕ ਫਲਸਫੇ ਤੋਂ ਦੂਰ ਕਰ ਦਿੱਤਾ। ਆਰ.ਐਸ.ਐਸ. ਐਸੀਆਂ ਹੀ ਤਾਕਤਾਂ ਵਿਚੋਂ ਇਕ ਸੰਗਠਨ ਹੈ। ਸਿੱਖ ਪੰਥ ’ਤੇ ਬ੍ਰਾਹਮਣਵਾਦ ਦੀ ਜਕੜ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਨੇ ‘ਰਾਸ਼ਟਰੀ ਸਿੱਖ ਸੰਗਤ’ ਨਾਂ ਦੀ ਇਕ ਸੰਸਥਾ ਵੀ ਬਣਾਈ ਹੋਈ ਹੈ।

ਜੇ ਮੌਜੂਦਾ ਸਮੇਂ ਵਿਚ ਵਿਚਾਰੀਏ ਤਾਂ ਇਸ ਬ੍ਰਾਹਮਣਵਾਦੀ ਸੰਗਠਨ ਵੱਲੋਂ ਸਿੱਖ ਕੌਮ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਸ਼ਰੇਆਮ ਦਿੱਤਾ ਜਾਂਦਾ ਹੈ। ਜੋ ਕੁਝ ਕੁ ਇਸ ਤਰ੍ਹਾਂ ਹਨ:

  1. ਅਖੌਤੀ ਦਸਮ ਗ੍ਰੰਥ (ਮੂਲ ਨਾਂ ਬਚਿਤ੍ਰ ਨਾਟਕ) ਦੀ ਹਿਮਾਇਤ ਕਰਦਾ ਹੈ ਤੇ ਇਸ ਨੂੰ ‘ਸਿੱਖ ਗ੍ਰੰਥ’ ਵਜੋਂ ਮਾਨਤਾ ਦੇਂਦਾ ਹੈ, ਕਿਉਂਕਿ ਇਹ ਗ੍ਰੰਥ ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਪੂਰ ਹੈ। ਇਸੇ ਵਿਚ ਨਾਨਕ ਸਰੂਪਾਂ ਨੂੰ ‘ਲਵ-ਕੁਸ਼’ ਦੇ ਵੰਸ਼ਜ ਦੱਸਿਆ ਗਿਆ ਹੈ। ਇਸ ਸੰਗਠਨ ਦੇ ਪ੍ਰਭਾਵ ਹੇਠਲੇ ਅਖੌਤੀ ਤਖਤਾਂ ’ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗੂ ਹੀ ‘ਦਸਮ ਗ੍ਰੰਥ’ ਦਾ ‘ਪ੍ਰਕਾਸ਼’ ਵੀ ਕੀਤਾ ਜਾਂਦਾ ਹੈ, ‘ਅਖੰਡ ਪਾਠ’ ਹੁੰਦਾ ਹੈ, ‘ਹੁਕਮਨਾਮੇ’ ਲਏ ਜਾਂਦੇ ਹਨ।
  2. ਇਸ ਸੰਗਠਨ ਵੱਲੋਂ ਹੀ ‘ਨਾਨਕਸ਼ਾਹੀ ਕੈਲੰਡਰ’ ਜਾਰੀ ਕੀਤੇ ਜਾਣ ਦਾ ਬਹੁਤ ਵਿਰੋਧ ਕੀਤਾ ਸੀ। ‘ਬਿਕਰਮੀ ਕੈਲੰਡਰ’ ਨੂੰ ਤਿਆਗ ਕੇ ‘ਨਾਨਕ ਸ਼ਾਹੀ ਕੈਲੰਡਰ ਅਪਨਾਏ ਜਾਣ ਨੂੰ ਇਸ ਵੱਲੋਂ ਹਿੰਦੂ-ਸਿੱਖਾਂ ਵਿਚ ਪਾੜ੍ਹਾ ਵਧਾਉਣ ਵਾਲੀ ਕਾਰਵਾਈ ਦੱਸਿਆ ਜਾਂਦਾ ਰਿਹਾ ਸੀ।
  3. ਇਸ ਦੀ ਇਕ ਜਮਾਤ ‘ਰਾਸ਼ਟਰੀ ਸਿੱਖ ਸੰਗਤ’ ਕਰਮਕਾਂਡੀ ਸਿੱਖੀ ਨੂੰ ਬਹੁਤ ਮਾਨਤਾ ਦੇਂਦੀ ਅਤੇ ਪ੍ਰਚਾਰਦੀ ਹੈ। ਇਸ ਤੋਂ ਇਲਾਵਾ ਵੀ ਇਸ ਸੰਗਠਨ ਦੇ ਹੋਰ ਪੰਥ ਵਿਰੋਧੀ ਕੰਮਾਂ ਦੀ ਸੂਚੀ ਵੀ ਕਾਫੀ ਲੰਮੀ ਹੈ। ਇਸ ਦਾ ਮੁੱਖ ਮਕਸਦ ‘ਸਿੱਖ ਮੱਤ’ ਨੂੰ ਬ੍ਰਾਹਮਣਵਾਦ ਦੀ ਇਕ ਸ਼ਾਖ (ਹਿੰਦੂ ਧਰਮ ਦਾ ਅੰਗ) ਜਿਹੇ ਝੂਠ ਨੂੰ ਪ੍ਰਚਾਰਨਾ ਹੀ ਰਿਹਾ ਹੈ।

ਜਾਗਰੂਕ ਪੰਥਕ ਧਿਰਾਂ ਸ਼ੁਰੂ ਤੋਂ ਹੀ ਬ੍ਰਾਹਮਣਵਾਦੀ ਤਾਕਤਾਂ ਦੇ ਇਸ ਕੂੜ ਪ੍ਰਚਾਰ ਨੂੰ ਨਕਾਰਦੀਆਂ ਰਹੀਆਂ ਹਨ। ਉਨ੍ਹਾਂ ਵੱਲੋਂ ਸਿੱਖ ਸਮਾਜ ਵਿਚ ਵੜ ਚੁੱਕੇ ਬ੍ਰਾਹਮਣਵਾਦੀ ਕਰਮਕਾਂਡਾਂ ਨੂੰ ਜਾਗ੍ਰਿਤੀ ਲਿਆ ਕੇ, ਦੂਰ ਕਰਨ ਲਈ ਵੀ ਯਤਨ ਹੁੰਦੇ ਰਹੇ ਹਨ। ਜਾਗਰੂਕ ਧਿਰਾਂ ‘ਦਸਮ ਗ੍ਰੰਥ’ ਦਾ ਵੀ ਮੁੱਢ ਤੋਂ ਹੀ ਵਿਰੋਧ ਕਰਦੀਆਂ ਰਹੀਆਂ ਹਨ। ਸਿੱਖ ਕੌਮ ਦੀ (ਖਾਸਕਰ ਬ੍ਰਾਹਮਣੀ ਮੱਤ ਤੋਂ) ਵਿਲੱਖਣਤਾ ਦਰਸਾਉਣ ਲਈ ਕੁਝ ਸਾਲ ਪਹਿਲਾਂ ਕੌਮ ਨੇ ਬਿਕ੍ਰਮੀ (ਬ੍ਰਾਹਮਣੀ) ਕੈਲੰਡਰ ਦਾ ਤਿਆਗ ਕਰਕੇ ‘ਨਾਨਕਸ਼ਾਹੀ ਕੈਲੰਡਰ’ ਅਪਨਾ ਲਿਆ ਸੀ। ਇਸ ਕੈਲੰਡਰ ਨੁੰ ਤਿਆਰ ਕਰਨ ਵਿਚ ਵੱਡਾ ਯੋਗਦਾਨ ਕਨੇਡਾ ਵਾਸੀ ਪਾਲ ਸਿੰਘ ‘ਪੁਰੇਵਾਲ’ ਦਾ ਸੀ।

ਦੂਜੀ ਤਰਫ ਸੰਪਰਦਾਈ ਧਿਰਾਂ (ਟਕਸਾਲੀ, ਅਖੌਤੀ ਸੰਤ ਬਾਬੇ ਆਦਿ) ਦੀ ਪਹੁੰਚ ਦੀ ਪੜਚੋਲ ਕਰੀਏ ਤਾਂ ਤਸਵੀਰ ਕਾਫੀ ਸਪਸ਼ਟ ਹੋ ਜਾਂਦੀ ਹੈ:

  1. ਸੰਪਰਦਾਈ ਧਿਰਾਂ ਦੇ ਸ਼ੁਰੂਆਤੀ ਤਾਰ ਨਿਰਮਲਿਆਂ, ਉਦਾਸੀਆਂ ਨਾਲ ਜੁੜਦੇ ਹਨ, ਜਿਨ੍ਹਾਂ ਨੂੰ ਸਿੱਖ ਸਮਾਜ ਵਿਚ ਪੁਜਾਰੀਵਾਦ ਦੀ ਸ਼ੁਰੂਆਤ ਕਰਨ ਵਾਲੇ ਮੰਨਿਆ ਜਾਂਦਾ ਹੈ।
  2. ਸੰਪਰਦਾਈ ਧਿਰਾਂ ਅਖੌਤੀ ਦਸਮ ਗ੍ਰੰਥ (ਬਚਿਤ੍ਰ ਨਾਟਕ) ਦੀਆਂ ਕਟੱੜ ਹਿਮਾਇਤੀ ਹਨ। ਇਹ ਇਸ ਨੂੰ ਅੱਖਰ-ਅੱਖਰ ਦਸ਼ਮੇਸ਼ ਜੀ ਦੀ ਬਾਣੀ ਮੰਨਦੀਆਂ ਅਤੇ ਪ੍ਰਚਾਰਦੀਆਂ ਹਨ।
  3. ਸੰਪਰਦਾਈ ਧਿਰਾਂ ‘ਕਰਮਕਾਂਡੀ ਸਿੱਖੀ’ ਦਾ ਹੀ ਪ੍ਰਚਾਰ ਕਰਦੀਆਂ ਹਨ। ਇਨ੍ਹਾਂ ਦੇ ਪ੍ਰਬੰਧ ਹੇਠਲੇ ਸਥਾਨਾਂ ’ਤੇ ਬ੍ਰਾਹਮਣਵਾਦੀ ਤਰਜ਼ ’ਤੇ ਕਰਮਕਾਂਡਾਂ ਦੀ ਭਰਮਾਰ ਵੇਖੀ ਜਾ ਸਕਦੀ ਹੈ। ਪਟਨੇ ਅਤੇ ਨਾਂਦੇੜ ਦੇ (ਅਖੌਤੀ) ‘ਤਖਤ’ ਇਸ ਦੀ ਢੁੱਕਵੀਂ ਮਿਸਾਲ ਹਨ।
  4. ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਵੇਲੇ ਇਨ੍ਹਾਂ ਧਿਰਾਂ ਨੇ ਇਸ ਦਾ ਪੁਰਜ਼ੋਰ ਵਿਰੋਧ ਕੀਤਾ ਸੀ (ਖਾਸਕਰ ਅਖੌਤੀ ਸੰਤ ਸਮਾਜ ਨੇ)। ਜਦੋਂ ਇਨ੍ਹਾਂ ਨੂੰ ਲਗਿਆ ਕਿ ਉਹ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਹੋਣ ਤੋਂ ਨਹੀਂ ਰੋਕ ਸਕਣਗੇ ਤਾਂ ਉਨ੍ਹਾਂ ਨੇ ਆਪਣਾ ਪ੍ਰਭਾਵ ਵਰਤਦੇ ਹੋਏ, ਇਸ ਵਿਚ ਕੁਝ ‘ਬ੍ਰਾਹਮਣਵਾਦੀ ਅੰਸ਼’ ਸ਼ਾਮਿਲ ਕਰਵਾ ਲਏ। ਉਸ ਦੇ ਬਾਵਜੂਦ ਵੀ ਇਨ੍ਹਾਂ ਨੇ ਮਨ ਕਰਕੇ ਕਦੇ ਇਸ ਕੈਲੰਡਰ ਨੂੰ ਨਹੀਂ ਅਪਨਾਇਆ। ਇਹ ਹਮੇਸ਼ਾਂ ਹੀ ਇਸ ਦੇ ‘ਨਾਨਕਸ਼ਾਹੀ ਅੰਸ਼’ ਨੂੰ ਖਤਮ ਕਰਨ ਦੀ ਤਾਕ ਵਿਚ ਸਨ। ਆਖਿਰਕਾਰ ਇਨ੍ਹਾਂ ਨੇ ਸ਼੍ਰੋਮਣੀ ਕਮੇਟੀ (ਅਕਾਲ ਤਖਤ ਵੀ) ’ਤੇ ਕਾਬਜ਼ ਮੌਜੂਦਾ ਪ੍ਰਬੰਧਕਾਂ ਨੇ ਅਪਣਾ ਪ੍ਰਭਾਵ ਵਰਤ ਕੇ ‘ਨਾਨਕਸ਼ਾਹੀ ਕੈਲੰਡਰ’ ਦੀ ਰੂਹ ਦਾ ਕਤਲ ਕਰਕੇ ਵਾਪਿਸ ‘ਬਿਕ੍ਰਮੀ ਕੈਲੰਡਰ’ ਹੀ ਬਣਾ ਦਿੱਤਾ ਗਿਆ। ਇਸ ਨੂੰ ‘ਸੋਧਾਂ’ ਦੀ ਥਾਂ ‘ਵਿਗਾੜਾਂ’ ਕਹਿਣਾ ਜ਼ਿਆਦਾ ਸਟੀਕ ਹੈ।

ਉਪਰੋਕਤ ਵਿਚਾਰ ਅਨੁਸਾਰ ਸਪਸ਼ਟ ਹੈ ਕਿ ਪੰਥ ਵਿਰੋਧੀ ਤਾਕਤਾਂ (ਆਰ.ਐਸ.ਐਸ.) ਅਤੇ ਸੰਪਰਦਾਈ ਧਿਰਾਂ ਦੀ ਪਹੁੰਚ ਆਪਸ ਵਿਚ ਬਹੁਤ ਮਿਲਦੀ ਹੈ। ਸੰਪਰਦਾਈ ਧਿਰਾਂ ਦੇ ਅਨੇਕਾਂ ਆਗੂ ਆਰ.ਐਸ.ਐਸ. ਦੇ ਸਮਾਗਮਾਂ ਵਿਚ ਸ਼ਰੇਆਮ ਸ਼ਾਮਿਲ ਹੁੰਦੇ ਰਹਿੰਦੇ ਹਨ। ਆਰ.ਐਸ.ਐਸ. ਦਾ ਰਾਜਨੀਤਕ ਵਿੰਗ ਬੀ.ਜੇ.ਪੀ. ਨੂੰ ਕਿਹਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ’ਤੇ ਅਕਾਲੀ ਦਲ (ਬਾਦਲ) ਕਾਬਜ਼ ਹੈ। ‘ਅਕਾਲੀ ਦਲ (ਬਾਦਲ) ਦੀ ਬੀ.ਜੇ.ਪੀ. ਨਾਲ ਪਤੀ-ਪਤਨੀ ਵਾਲਾ ਰਿਸ਼ਤਾ ਹੈ’, ਪ੍ਰਕਾਸ਼ ਸਿੰਘ (ਬਾਦਲ) ਦਾ ਖੁੱਦ ਦਾ ਬਿਆਨ ਇਹ ਸੰਕੇਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੇ ਤਾਰ ਵੀ ਆਰ.ਐਸ.ਐਸ. ਨਾਲ ਹੀ ਜੁੜਦੇ ਹਨ। ਸੰਪਰਦਾਈ ਤਾਕਤਾਂ ਦੇ ਗਲਤ ਪ੍ਰਭਾਵ ਨੂੰ ਕਬੂਲ ਕਰਕੇ ‘ਨਾਨਕਸ਼ਾਹੀ ਕੈਲੰਡਰ’ ਦਾ ਕਤਲ ਇਸ ਸ਼ੰਕੇ ਨੂੰ ਹੋਰ ਵੀ ਪੁਖਤਾ ਕਰਦਾ ਹੈ। ਅਕਾਲ ਤਖਤ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹੈ। ਇਸ ਲਈ ਇਸ ਦਾ ਅਖੌਤੀ ਮੁੱਖ ਸੇਵਾਦਾਰ (ਅਸਲ ਵਿਚ ਮਹਾਂ ਪੁਜਾਰੀ) ਗੁਰਬਚਨ ਸਿੰਘ ਵੀ ਉਸੇ ਪ੍ਰਭਾਵ ਹੇਠ ਵਿਚਰਦਾ ਹੈ। ਪਾਲ ਸਿੰਘ ‘ਪੁਰੇਵਾਲ’ ਨੇ ਸ਼੍ਰੋਮਣੀ ਕਮੇਟੀ ਵੱਲੋਂ ਗਲਤ ਪ੍ਰਭਾਵ ਹੇਠ ‘ਨਾਨਕਸ਼ਾਹੀ ਕੈਲੰਡਰ’ ਵਿਚ ‘ਸੋਧਾਂ’ (ਵਿਗਾੜ) ਕਰਨ ਦੀ ਇਸ ਕਾਰਵਾਈ ਦਾ ਮੀਡੀਆ ਵਿਚ ਵਿਰੋਧ ਕੀਤਾ ਹੈ। ਜਿਸ ਦੇ ਪ੍ਰਤੀਕਰਮ ਵਜੋਂ ਮੁੱਖ ਪੁਜਾਰੀ (ਗੁਰਬਚਨ ਸਿੰਘ) ਨੇ ਉਸ ਨੂੰ ‘ਆਰ.ਐਸ.ਐਸ.’ ਦਾ ਏਜੰਟ ਐਲਾਨ ਦਿੱਤਾ। ਪਰ ਉਪਰੋਕਤ ਲੰਮੀ ਵਿਚਾਰ ਇਹ ਸਪਸ਼ਟ ਕਰ ਦੇਂਦੀ ਹੈ ਕਿ ‘ਗੁਰਬਚਨ ਸਿੰਘ’ ਦਾ ਇਹ ਬਿਆਨ ਨਿਰਾ ਝੂਠ ਹੈ। ਅਸਲ ਮਾਇਨੇ ਵਿਚ ਕੌਣ ਪੰਥ ਵਿਰੋਧੀ ਤਾਕਤਾਂ ਦਾ ਏਜੰਟ ਹੈ? ਇਹ ਹਰ ਸੁਚੇਤ ਸਿੱਖ ਚੰਗੀ ਤਰ੍ਹਾਂ ਜਾਣਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top