Share on Facebook

Main News Page

ਗੁਰੂ ਨੇ ਸਿੱਖ ਨੂੰ ਕਿਰਪਾਨ ਕਿਸ ਵਾਸਤੇ ਦਿੱਤੀ ਸੀ?

ਕਿਰਪਾਨ ਦੇ ਲਫ਼ਜ਼ਾਂ ਦੇ ਸੁਮੇਲ ਤੋਂ ਬਣਿਆ ਹੈ: ਕਿਰਪਾ (ਦਇਆ) ਅਤੇ ਆਨ (ਸ਼ਾਨ, ਇੱਜ਼ਤ, ਗ਼ੈਰਤ); ਇਸ ਤਰ੍ਹਾਂ ਸਿੱਖ ਦੀ ਕ੍ਰਿਪਾਨ ਦਾ ਮਾਅਨਾ ਹੈ: “ਬੰਦੇ ਦੇ ਸਨਮਾਨ/ਇੱਜ਼ਤ ਦੀ ਰੱਖਿਆ ਕਰਨ ਵਾਲੀ।” ਸਿੱਖ ਧਰਮ ਕ੍ਰਿਪਾਨ ਨੂੰ ਬਹੁਤ ਉੱਚਾ ਰੁਤਬਾ ਦਿੰਦਾ ਹੈ। ਪਰ ਕਿਰਪਾਨ ਹਮੇਸ਼ਾ ਦਇਆ (ਤਰਸ) ਵਿਚ ਲਬਰੇਜ਼ ਰਹਿਣੀ ਚਾਹੀਦੀ ਹੈ ਤੇ ਆਪਣੀ ਤੇ ਦੂਜਿਆਂ ਦੀ ਆਨ, ਇੱਜ਼ਤ ਨੂੰ ਬਚਾਉਣ ਵਾਸਤੇ ਵਰਤੀ ਜਾਣੀ ਚਾਹੀਦੀ ਹੈ ਨਾ ਕਿ ਕਿਸੇ ਜੁਰਮ ਕਰਨ ਦੇ ਹਥਿਆਰ ਵਜੋਂ। ਕਿਰਪਾਨ ਸਿੱਖ ਵੱਲੋਂ ਗਰੀਬ ਦੀ ਰਾਖੀ ਅਤੇ ਜ਼ੁਲਮ ਨੂੰ ਖ਼ਤਮ ਕਰਨ ਵਿਚ ਰੋਲ ਅਦਾ ਕਰਨ ਦੇ ਫ਼ਰਜ਼ ਨੂੰ ਦਰਸਾਉਂਦੀ ਹੈ। ਇਕ ਪਾਹੁਲੀਏ (ਅੰਮ੍ਰਿਤਧਾਰੀ) ਸਿੱਖ ਵਾਸਤੇ ਕ੍ਰਿਪਾਨ ਹਰ ਵੇਲੇ ਉਸ ਕੋਲ ਹੋਣੀ ਲਾਜ਼ਮੀ ਹੈ। ਗੁਰੂ ਸਾਹਿਬ ਦਾ ਹੁਕਮ ਸੀ ਕਿ ਹਰ ਸਿੱਖ ਸ਼ਸਤਰਧਾਰੀ ਹੋਵੇ, ਪਰ 'ਸ਼ਸਤਰ ਗਰੀਬ ਦੀ ਰੱਖਿਆ ਜਰਵਾਣੇ ਦੀ ਭੱਖਿਆ' ਵਾਸਤੇ ਹਨ।

ਗੁਰੂ ਨੇ ਸਿੱਖ ਨੂੰ ਕਿਰਪਾਨ ਹਿਫ਼ਾਜ਼ਤ ਵਾਸਤੇ ਦਿੱਤੀ ਹੈ; ਜਦੋਂ ਸਾਰੇ ਹੀਲੇ ਖ਼ਤਮ ਹੋ ਜਾਣ ਤਾਂ ਇਸ ਨੂੰ ਵਰਤਣਾ ਹੈ ਅਤੇ ਉਹ ਵੀ ਕਿਰਪਾ ਨਾਲ ਵਰਤਣਾ ਹੈ। ਜੇ ਕੋਈ ਤੁਹਾਡੀ ਜਾਨ, ਆਨ, ਸ਼ਾਨ ’ਤੇ ਹਮਲਾ ਕਰਨ ਵਾਸਤੇ ਆਉਂਦਾ ਹੈ ਤਾਂ ਤੁਸੀ ਬਚਾਅ ਕਰਨਾ ਹੈ। ਪਰ ਇਸ ਨੂੰ ਕਿਸੇ ’ਤੇ ਹਮਲਾ ਕਰਨ ਵਾਸਤੇ, ਕਿਸੇ ਦੇ ਘਰ, ਡੇਰੇ, ਗੁਰਦੁਆਰੇ, ਸਮਾਗਮ ’ਤੇ ਹਮਲਾ ਕਰਨ ਵਾਸਤੇ ਜਾਂ ਆਪਣੇ ਧੜੇ ਦੇ ਵਿਰੋਧੀ ਵਾਸਤੇ ਨਹੀਂ ਵਰਤਿਆ ਜਾ ਸਕਦਾ।

ਪ੍ਰੋ. ਦਰਸ਼ਨ ਸਿੰਘ, ਸ. ਜੋਗਿੰਦਰ ਸਿੰਘ ਸਪੋਕਸਮੈਨ ਜਾਂ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨਾਲ ਸੋਚ ਵਿਚ ਫ਼ਰਕ ਹੋ ਸਕਦਾ ਹੈ, ਪਰ ਉਸ ਨੂੰ ਕਿਰਪਾਨ ਨਾਲ ਖ਼ਤਮ ਕਰਨਾ ਔਰੰਗਜ਼ੇਬ ਦੀ ਸੋਚ ਤਾਂ ਹੋ ਸਕਦੀ ਹੈ, ਗੁਰੂ ਦੀ ਸਿੱਖਿਆ ਇਸ ਦੀ ਇਜਾਜ਼ਤ ਨਹੀਂ ਦੇਂਦੀ। ਆਪਸੀ ਫ਼ਰਕਾਂ ਕਾਰਨ ਦੂਜਿਆਂ ’ਤੇ ਜ਼ਾਤੀ ਹਮਲੇ ਜਾਂ ਜਿਸਮਾਨੀ ਹਮਲੇ ਦੀ, ਸਿੱਖੀ ਇਜਾਜ਼ਤ ਨਹੀਂ ਦੇਂਦੀ।

ਗੁਰੂ ਦਾ ਹੁਕਮ ਹੈ “ਰੋਸ ਨਾ ਕੀਚੈ ਉੱਤਰ ਦੀਜੈ”, ਯਾਨਿ ਜੇ ਕਿਸੇ ਨੇ ਕੋਈ ਗੱਲ ਕਹੀ ਹੈ ਤਾਂ ਉਸ ਦਾ ਦਲੀਲ ਨਾਲ ਜਵਾਬ ਦਿੱਤਾ ਜਾਵੇ। ਉਸ ਦੇ ਮੁਕਾਬਲੇ ਵਿਚ ਤਰਕ ਦੇ ਕੇ ਉਸ ਨੂੰ ਰੱਦ ਕੀਤਾ ਜਾਵੇ। ਪਰ 1530 ਵਿਚ ਅਚਲ ਵਟਾਲੇ ਵਿਚ ਜਦ ਸਿੱਧਾਂ ਨੇ ਦਲੀਲ ਦੀ ਥਾਂ ਧਮਕੀਆਂ ਦੇਣ ਜਾਂ ਜਾਦੂ ਦਾ ਡਰਾਮਾ ਕਰ ਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਇਸ ਹਰਕਤ ਤੋਂ ਗੁਰੂ ਸਾਹਿਬ ਡਰੇ ਨਹੀਂ ਸਨ ਤੇ ਕਿਹਾ ਸੀ: “ਰੋਸ ਨਾ ਕੀਚੈ ਉੱਤਰ ਦੀਜੈ” । ਡਾਂਗਾਂ ਦਿਖਾ ਕੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਗੁਰੂ ਨਾਨਕ ਬਾਣੀ ਵਿਚੋਂ ‘ਸਿੱਧ ਗੋਸ਼ਟਿ’ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਪਤਾ ਲੱਗੇ ਕਿ ਕੀ ਉਹ ਗੁਰੂ ਦੀ ਮੱਤ ’ਤੇ ਚਲ ਰਹੇ ਹਨ ਕਿ ਸਿੱਧ ਜੋਗੀਆਂ, ਸਾਧਾਂ, (1920 ਵਿਚ ਗੁਰਦੁਆਰਿਆਂ ’ਤੇ ਕਾਬਜ਼) ਮਹੰਤਾਂ ਦੇ ਰਾਹ ’ਤੇ ਚਲ ਰਹੇ ਹਨ?

ਤਵਾਰੀਖ਼ ਦਸਦੀ ਹੈ ਕਿ ਜਦ ਲੋਕਾਂ ਨੇ ਪ੍ਰਿਥੀ ਚੰਦ ਨੂੰ ਕਬੂਲ ਨਾ ਕੀਤਾ ਤਾਂ ਉਸ ਨੇ ਗੁਰੂ ਅਰਜਨ ਸਾਹਿਬ ’ਤੇ ਹਮਲਾ ਕਰਨ ਵਾਸਤੇ ਉਦੋਂ ਦੀ ਸਰਕਾਰ ਦੇ ਜਰਨੈਲਾਂ ਸੁਲਹੀ ਖ਼ਾਨ, ਸੁਲਭੀ ਖ਼ਾਨ ਅਤੇ ਬੀਰਬਲ ਦੀ ਮਦਦ ਲਈ ਸੀ। ਅੱਜ ਫੇਰ ਤਵਾਰੀਖ਼ ਆਪਣੇ ਆਪ ਨੂੰ ਦੁਹਰਾਉਂਦੀ ਨਜ਼ਰ ਆ ਰਹੀ ਹੈ। ਅੱਜ ਵੀ ਦਸਮ ਗ੍ਰੰਥੀਏ ਤੇ ਮਹਿਤਾ ਚੌਕ ਵਾਲੇ ਮੌਜੂਦਾ ਸਰਕਾਰ ਦੀ ਪੁਲੀਸ ਦੀ ਮਦਦ ਨਾਲ ਪ੍ਰੋ. ਦਰਸ਼ਨ ਸਿੰਘ ਦੇ ਸਮਾਗਮਾਂ ਨੂੰ ਰੋਕਦੇ ਹਨ ਜਾਂ ਸਪੋਕਸਮੈਨ ਅਖ਼ਬਾਰ ਦੇ ਖ਼ਿਲਾਫ਼ ਮੋਰਚਾ ਲਾਈ ਬੈਠੇ ਹਨ ਅਤੇ ਬਾਦਲ ਸਰਕਾਰ ਵੀ ਮੁਗ਼ਲ ਸਰਕਾਰ ਦੇ ਰਸਤੇ ’ਤੇ ਚਲ ਕੇ ਉਨ੍ਹਾਂ ਦੀ ਮਦਦ ਕਰ ਰਹੀ ਹੈ। ਕੀ ਅਜ ਹਰਨਾਮ ਸਿੰਘ ਧੁੰਮਾ ਧੜਾ ਪ੍ਰਿਥੀਏ ਵਰਗਾ ਅਤੇ ਬਾਦਲ ਸੁਲਹੀ ਖ਼ਾਨ ਵਰਗਾ ਰੋਲ ਅਦਾ ਨਹੀਂ ਕਰ ਰਹੇ?

ਸਾਊਥਾਲ (ਇੰਗਲੈਂਡ) ਅਤੇ ਟਰਾਂਟੋ (ਕਨੇਡਾ) ਵਿਚ ਧੱਕੜ ਟੋਲਿਆਂ ਨੇ, ਪ੍ਰੋ. ਦਰਸ਼ਨ ਸਿੰਘ ਦਾ ਕੀਰਤਨ ਰੋਕਣ ਵਾਸਤੇ ਗੁਰਦੁਆਰਿਆਂ ’ਤੇ ਧਾਵੇ ਬੋਲੇ ਕਿਉਂ ਕਿ ਉੱਥੇ ਇਨ੍ਹਾਂ ਗੈਂਗਾਂ ਕੋਲ ਡਾਂਗ-ਸੋਚ, ਗੰਡਾਸਾ-ਸੋਚ ਵਾਲੇ ਕਾਫ਼ੀ ਬੰਦੇ ਸਨ; ਪਰ ਨਾਰਵੇ, ਫ਼ਿਨਲੈਂਡ, ਜਰਮਨ, ਬੀ.ਸੀ. (ਕਨੇਡਾ) ਵਿਚ ਇਹ ਕਿਉਂ ਨਹੀਂ ਅੱਗੇ ਵਧੇ? ਕਿਉਂ ਕਿ ਉੱਥੇ ਡਾਂਗ ਵਾਲੀ ਜਾਂ ਗੁੰਡਾ-ਸੋਚ ਵਾਲੇ ਨਹੀਂ ਹਨ। ਉੱਥੇ ਸੰਗਤਾਂ ਨੇ ਹਜੂਮ ਦੇ ਰੂਪ ਵਿਚ ਪਹੁੰਚ ਕੇ, ਇਨ੍ਹਾਂ ਡਾਂਗਾਂ ਤੇ ਗੰਡਾਸੇ ਵਾਲਿਆਂ ਨੂੰ ਰੱਦ ਕੀਤਾ। ਜੇ ਸਾਊਥਾਲ (ਇੰਗਲੈਂਡ) ਅਤੇ ਟਰਾਂਟੋ (ਕਨੇਡਾ) ਵਿਚ ਵੀ ਗੁਰਦੁਆਰਿਆਂ ’ਤੇ ਹਮਲੇ ਨਾ ਹੁੰਦੇ, ਤਾਂ ਯਕੀਨਨ ਉੱਥੇ ਵੀ ਵੱਡੇ ਇਕੱਠ ਹੁੰਦੇ। ਇਹ ਗੱਲ ਇਨ੍ਹਾਂ ਡਾਂਗਾਂ ਤੇ ਗੰਡਾਸਿਆਂ ਵਾਲਿਆਂ ਨੂੰ ਵੀ ਪਤਾ ਹੈ, ਕਿ ਲੋਕ ਇਨ੍ਹਾਂ ਦੇ ਨਾਲ ਨਹੀਂ ਹਨ, ਤੇ ਇਸੇ ਡਰ ਕਾਰਨ ਹੀ ਇਹ ਦਰਸ਼ਨ ਸਿੰਘ ਜਾਂ ਦਿਲਗੀਰ ਦੇ ਖ਼ਿਲਾਫ਼ ਗੰਡਾਸੇ, ਤਲਵਾਰਾਂ ਤੇ ਡਾਂਗਾਂ ਚੁਕਦੇ ਹਨ, ਕੂੜ ਪਰਚਾਰ ਵੀ ਕਰਦੇ ਹਨ, ਤੇ ਹੋਰ ਤਰੀਕੇ ਵੀ ਵਰਤਣ ਵਾਸਤੇ ਵੀ ਤਿਆਰ ਰਹਿੰਦੇ ਹਨ।

ਮੈਂ ਇਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਤਵਾਰੀਖ਼ ਵਿਚੋਂ ਕੋਈ ਮਿਸਾਲ ਦੇਣ ਕਿ:

- ਕੀ ਗੁਰੂ ਨਾਨਕ ਸਾਹਿਬ ਨੇ ਜਾਂ ਗੁਰੂ ਅੰਗਦ ਸਾਹਿਬ ਨੇ ਸ੍ਰੀਚੰਦ ਵੱਲੋਂ ਗੁਰੂ ਨਾਨਕ ਸਾਹਿਬ ਦੇ ਹੁਕਮ ਦੇ ਉਲਟ ਸਮਾਧ ਬਣਾਉਣ ਜਾਂ ਆਪਣਾ ਉਦਾਸੀ ਮਤ ਚਲਾੳਣ ਕਾਰਨ ਉਸ ’ਤੇ ਹਮਲਾ ਕੀਤਾ ਜਾਂ ਕਰਵਾਇਆ ਸੀ?

- ਕੀ ਗੁਰੂ ਅਰਜਨ ਸਾਹਿਬ ਨੇ ਕਦੇ ਪ੍ਰਿਥੀ ਚੰਦ ਦੇ ਡੇਰੇ ’ਤੇ ਜਾਂ ਉਸ ਨੂੰ ਸੱਦਣ ਵਾਲੇ ਦੇ ਘਰ ਜਾਂ ਸਮਾਗਮ ਜਾਂ ਇਕੱਠ ’ਤੇ ਹਮਲਾ ਕਰਵਾਇਆ ਸੀ?

- ਜਦ ਮਿਹਰਬਾਨ ਵੱਲੋਂ ਆਪਣੀ ਕਵਿਤਾ ਰਚ ਕੇ ਉਸ ਨੂੰ ਗੁਰਬਾਣੀ ਵਜੋਂ ਪਰਚਾਰਨ ਦੇ ਖ਼ਿਲਾਫ਼ ਕੀ ਗੁਰੂ ਅਰਜਨ ਸਾਹਿਬ ਨੇ ਜਾਂ ਛੇਵੇਂ ਪਾਤਸ਼ਾਹ ਨੇ ਕਦੇ ਮਿਹਰਬਾਨ ’ਤੇ ਕੋਈ ਹਮਲਾ ਕਰਵਾਇਆ ਸੀ?

- ਕੀ ਗੁਰੂ ਹਰਿ ਰਾਇ ਸਾਹਿਬ ਨੇ ਰਾਮ ਰਾਇ ਵਲੋਂ ਡੇਰਾ ਬਣਾ ਕੇ ਆਪਣਾ ਫਿਰਕਾ ਬਣਾਉਣ ਦੇ ਖ਼ਿਲਾਫ਼ ਕੋਈ ਫ਼ੌਜੀ ਐਕਸ਼ਨ ਲਿਆ ਸੀ?

- ਧੀਰ ਮੱਲ ਵੱਲੋਂ ਆਪਣੇ ਆਪ ਨੂੰ ਗੁਰੂ ਅਖਵਾਉਣ ਦੀ ਹਰਕਤ ਕਰਨ ਦੇ ਖ਼ਿਲਾਫ਼ ਕੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਕਦੇ ਉਸ ’ਤੇ ਕਦੇ ਹਮਲਾ ਕੀਤਾ/ਕਰਵਾਇਆ ਸੀ? ਕੀ ਸੰਗਤਾਂ ਨੇ ਉਸ ਦੇ ਖ਼ਿਲਾਫ਼ ਕਦੇ ਕੋਈ ਐਕਸ਼ਨ ਲਿਆ ਸੀ?

ਇਨ੍ਹਾਂ ਸਾਰਿਆਂ ਦਾ ਜਵਾਬ ਨਹੀਂ ਹੈ। ਗੁਰੂ ਸਾਹਿਬ ਨੇ ਜਾਂ ਸਿੱਖਾਂ ਨੇ ਆਪਣੀ ਗੱਲ ਦਾ ਅਤੇ ਸੱਚ ਦਾ ਪਰਚਾਰ ਕੀਤਾ ਸੀ, ਨਾ ਕਿ ਸ੍ਰੀਚੰਦ, ਪ੍ਰਿਥੀ ਚੰਦ, ਮਿਹਰਬਾਨ, ਧੀਰਮੱਲ, ਰਾਮ ਰਾਇ ਜਾਂ ਵਿਰੋਧੀਆਂ ਦੀ ਜ਼ਬਾਨ ਨੂੰ ਡਾਂਗਾਂ, ਬੰਦੂਕਾਂ ਜਾਂ ਸਰਕਾਰ ਦੀ ਮਦਦ ਨਾਲ ਐਫ਼.ਆਈ.ਆਰ ਦਰਜ ਕਰਵਾ ਕੇ ਕੇਸ ਬਣਾ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ।

ਤੁਹਾਨੂੰ ਹੱਕ ਹੈ ਕਿ ਤੁਸੀਂ ਵੀ ਦਰਸ਼ਨ ਸਿੰਘ ਜਾਂ ਦਿਲਗੀਰ ਦੇ ਖ਼ਿਲਾਫ਼ ਪਰਚਾਰ ਕਰੋ। ਤੁਹਾਡੇ ਕੋਲ ਤਾਂ ‘ਅਜੀਤ’ ਅਖ਼ਬਾਰ ਹੈ (ਜਿਹੜੀ ਉਨ੍ਹਾਂ ਮੁਤਾਬਿਕ ‘ਸਭ ਤੋਂ ਵਧ’ ਪੜ੍ਹੀ ਜਾਂਦੀ ਹੈ), ਤੁਹਾਡੇ ਕੋਲ ਪੰਜਾਬ ਦਾ (ਦਰਅਸਲ ਸੁਖਬੀਰ ਬਾਦਲ ਦਾ) ਸਾਰਾ ਟੀ.ਵੀ. ਮੀਡੀਆ ਹੈ, ਤੁਹਾਡੇ ਕੋਲ ਹਜ਼ਾਰਾਂ ਗੁਰਦੁਆਰੇ ਹਨ; ਤੁਹਾਡੇ ਕੋਲ ਸ਼੍ਰੋਮਣੀ ਕਮੇਟੀ ਦਾ ਅਰਬਾਂ ਰੁਪਿਆਂ ਦਾ ਫ਼ੰਡ ਹੈ। ਫਿਰ ਤੁਸੀਂ ਕਰੋ ਪਰਚਾਰ, ਰੱਜ ਕੇ ਬੋਲੋ, ਲਿਖੋ, ਆਪਣੀ ਦਲੀਲ ਦਿਓ। ਜੇ ਤੁਸੀਂ ਸਹੀ ਹੋ, ਅਤੇ, ਜੇ ਤੁਹਾਡਾ ਪੱਖ ਸੱਚਾ ਹੈ, ਤਾਂ ਲੋਕ ਤੁਹਾਡੇ ਨਾਲ ਹੋਣਗੇ, ਅਤੇ ਪ੍ਰੋ. ਦਰਸ਼ਨ ਸਿੰਘ, ਸ ਜੋਗਿੰਦਰ ਸਿੰਘ ਸਪੋਕਸਮੈਨ, ਡਾਕਟਰ ਦਿਲਗੀਰ ਨੂੰ ਰੱਦ ਕਰ ਦੇਣਗੇ ਤੇ ਉਨ੍ਹਾਂ ਨੂੰ ਪੜ੍ਹਨਾ, ਸੁਣਨਾ ਛੱਡ ਦੇਣਗੇ।

ਪਰ ਲਗਦਾ ਹੈ ਕਿ ਤੁਹਾਨੂੰ ਆਪਣੇ ਆਪ ’ਤੇ ਯਕੀਨ ਨਹੀਂ, ਤੁਸੀਂ ਅੰਦਰੋਂ, ਦਿਲੋਂ, ਰੂਹ ਤੋਂ ਆਪਣੇ ਆਪ ਨੂੰ ਝੂਠੇ ਸਮਝਦੇ ਤੇ ਮੰਨਦੇ ਹੋ; ਤੁਹਾਨੂੰ ਪਤਾ ਹੈ ਕਿ ਲੋਕ ਵੀ ਤੁਹਾਨੂੰ ਗ਼ਲਤ ਸਮਝਦੇ ਹਨ; ਲੋਕ ਤੁਹਾਡੇ ਨਾਲ ਨਹੀਂ ਹਨ। ਤੁਸੀਂ ਇਹ ਜਾਣਦੇ ਹੋ ਕਿ ਲੋਕ ਮੰਨਦੇ ਹਨ ਕਿ ਤੁਸੀਂ ਗ਼ਲਤ ਰਸਤੇ ’ਤੇ ਚਲ ਰਹੇ ਹੋ। ਇਸੇ ਕਰ ਕੇ ਤੁਸੀਂ ਦਲੀਲ ਦੀ ਜਗਹ ਡਾਂਗ, ਧੱਕਾ, ਝੂਠੇ ਮੁਕੱਦਮੇ, ਗੁੰਡਾਗਰਦੀ, ਔਰੰਗਜ਼ੇਬੀ ਰਸਤਾ ਚੁਣਨਾ ਚਾਹੁੰਦੇ ਹੋ।

ਜੇ ਇਨ੍ਹਾਂ ਨੇ ਸਿੱਖ ਤਵਾਰੀਖ਼ ਪੜ੍ਹੀ ਹੈ, ਤਾਂ ਇਹ ਏਨਾ ਤਾਂ ਜਾਣਦੇ ਹੋਣਗੇ, ਕਿ ਗੁਰੂ ਨਾਨਕ ਸਾਹਿਬ ਨੇ ਤਾਂ ਜਨੇਊ ਪਾਣ ਤੋਂ ਨਾਂਹ ਕਰ ਕੇ ਪਾਂਡਿਆਂ ਦੇ ‘ਜਨੇਊ’ ਦੀ ਬੇਇਜ਼ਤੀ ਕੀਤੀ ਸੀ। ਉਨ੍ਹਾਂ ਨੇ ਸੈਦਪੁਰ (ਏਮਨਾਬਾਦ) ਵਿਚ ਮਲਕ ਭਾਗੋ ਦੀ ਰੋਟੀ ਨੂੰ, ਖ਼ੂਨ ਨਾਲ ਨਿੱਚੜਦੀ ਹਰਾਮ ਦੀ ਰੋਟੀ ਕਿਹਾ ਸੀ। ਉਨ੍ਹਾਂ ਨੇ ਕੁਰੂਕਸ਼ੇਤਰ ਵਿਚ ਸੂਰਜ ਗ੍ਰਹਿਣ ਦੇ ਮੌਕੇ ’ਤੇ, ਹਿਰਨ ਦਾ ਮਾਸ ਰਿੰਨ੍ਹਿਆ ਸੀ। ਉਨ੍ਹਾਂ ਨੇ ਹਰਦੁਆਰ ਵਿਚ ਪਿੱਤਰਾਂ ਦੀ ਥਾਂ ਪੁੱਠੇ ਪਾਸੇ ਪਾਣੀ ਦਿੱਤਾ ਸੀ, ਜੈਨੀਆਂ ਨੂੰ ਗੰਦ ਮਲ ਖਾਣ ਵਾਲੇ ਕਹਿ ਕੇ ਰੱਦ ਕੀਤਾ ਸੀ। ਉਨ੍ਹਾਂ ਨੇ ਮੱਕੇ ਵਿਚ ਕਾਅਬੇ ਵੱਲ ਪੈਰ ਕਰ ਕੇ, ਰੱਬ ਇਕ ਪਾਸੇ ਵੱਲ ਨਹੀਂ ਬਲਕਿ ਹਰ ਥਾਂ ਹਾਜ਼ਰ ਕਿਹਾ ਸੀ। ਉਨ੍ਹਾਂ ਨੇ ਬਗ਼ਦਾਦ ਵਿਚ ਕੀਰਤਨ ਕਰ ਕੇ, ਇਸਲਾਮ ਦੇ ਸੱਤ ਆਸਮਾਨ ਤੇ ਸੱਤ ਪਾਤਾਲ ਵਾਲੇ ਫ਼ਲਸਫ਼ੇ ਦੇ ਖ਼ਿਲਾਫ਼ ਬੋਲਿਆ ਸੀ।

ਡਾਂਗਾਂ ਵਾਲਿਓ, ਸੋਚੋ! ਜੇ ਉੱਥੇ ਪੁਜਾਰੀਆਂ, ਮੌਲਵੀਆਂ, ਜੈਨੀਆਂ, ਜੋਗੀਆਂ ਵਗ਼ੈਰਾ ਨੇ ਤੁਹਾਡਾ ਰਸਤਾ ਫੜਿਆ ਹੁੰਦਾ, ਤਾਂ ਉਹ ਗੁਰੂ ਨਾਨਕ ਸਾਹਿਬ ਨੂੰ ਜੇ ਕਤਲ ਨਾ ਵੀ ਕਰਦੇ ਤਾਂ ਉਨ੍ਹਾਂ ਦੀਆਂ ਹੱਡੀਆਂ ਤੋੜ ਕੇ ਉਨ੍ਹਾਂ ਨੂੰ ਨਕਾਰਾ ਜ਼ਰੂਰ ਕਰ ਦੇਂਦੇ। ਪਰ ਭੈੜਿਓ, ਉਹ ਲੋਕ ਤਾਂ ਗੁਰਮਤਿ ਨਹੀਂ ਸਨ ਜਾਣਦੇ ਤੇ ਉਨ੍ਹਾਂ ਨੇ ਫਿਰ ਵੀ ਗੁਰੂ ਨਾਨਕ ਸਾਹਿਬ ’ਤੇ ਹਮਲੇ ਨਹੀਂ ਕੀਤੇ, ਬਲਕਿ ਉਨ੍ਹਾਂ ਨਾਲ ਵਿਚਾਰ ਚਰਚਾ ਕੀਤੀ। ਦੂਜੇ ਪਾਸੇ, ਤੁਸੀਂ ਤਾਂ ਗੁਰਮਤਿ ਦੇ ਠੇਕੇਦਾਰ ਅਖਵਾਉਂਦੇ ਹੋ, ਪਰ ਤੁਹਾਡਾ ਰਸਤਾ ਤਾਂ ਸਾਰਾ ਹੀ ਗੁਰੂ ਦੀ ਸਿਖਿਆ ਦੇ ਉਲਟ ਹੈ। ਗੁਰੂ ਸਾਹਿਬ ਨੇ ਨਿਮਰਤਾ ਸਿਖਾਈ ਸੀ; ਗੁਰਮਤਿ ਵਿਚਾਰ ਚਰਚਾ ਸਿਖਾਉਂਦੀ ਹੈ; ਗੁਰੂ ਦੀ ਸਿਖਿਆ ਹੈ ਕਿ ਜਿੱਥੇ ਕੋਈ ਬੰਦਾ ਸਹੀ ਗੱਲ ਨਹੀਂ ਕਰਦਾ ਉੱਥੋਂ ਉਠ ਕੇ ਚਲੇ ਜਾਓ। ਓਏ! ਤੁਸੀਂ ਆਪ ਹੀ ਦੱਸੋ ਕਿ ਤੁਹਾਡਾ ਰਸਤਾ ਗੁਰੂ ਵਾਲਾ ਹੈ ਕਿ ਔਰੰਗਜ਼ੇਬ ਵਾਲਾ।ਖਿਆਲ ਰੱਖਿਓ ਕਿ ਜੁਝਾਰੂ ਅਤੇ ਗੁੰਡੇ ਵਿਚ ਫਰਕ ਹੁੰਦਾ ਹੈ!

ਅਕਾਲ ਤਖ਼ਤ ਸਿੱਖ ਦੀ ਸ਼ਾਨ ਹੈ। ਤੁਸੀਂ ਅਕਾਲ ਤਖ਼ਤ ਦੀ ਵੀ ਤੌਹੀਨ ਕੀਤੀ ਹੈ, ਵਾਰ-ਵਾਰ ਕੀਤੀ ਹੈ। ਇਸ ਨੂੰ ਤੁਸੀਂ ਵਿਰੋਧੀ ਸੋਚ ਰੱਖਣ ਵਾਲਿਆਂ ਦੇ ਖ਼ਿਲਾਫ਼ ਵਰਤ ਕੇ ਇਸ ਦੀ ਬੇਅਦਬੀ ਕੀਤੀ ਹੈ, ਗੁਰੂਆਂ ਦੀ ਬੇਅਦਬੀ ਕੀਤੀ ਹੈ, ਅਕਾਲ ਪੁਰਖ ਦੀ ਬੇਅਬਦੀ ਕੀਤੀ ਹੈ। ਅਖੌਤੀ ਜਥੇਦਾਰ ਦਾ ਅਹੁਦਾ ਬਣਾ ਕੇ ਸਿੱਖੀ ਸਿਧਾਂਤਾਂ ਦਾ ਘਾਣ ਕੀਤਾ ਹੈ। ਤੁਸੀਂ ਵਿਰੋਧੀ ਨੂੰ ਗ਼ਦਾਰ ਦਾ ਖ਼ਿਤਾਬ ਦੇਂਦੇ ਹੋ। ਪਰ ਗ਼ਦਾਰ ਉਹ ਨਹੀਂ ਹਨ, ਤੁਹਾਡੀਆਂ ਇਹ ਹਰਕਤਾਂ ਸਿੱਖੀ ਸਿਧਾਂਤਾਂ ਨਾਲ ਗ਼ਦਾਰੀ ਹਨ।

ਤੁਸੀਂ ਕਿਰਪਾਨ ਨੂੰ ਆਪਣੇ ਤੋਂ ਵਖਰੀ ਸੋਚ ਰੱਖਣ ਵਾਲੇ ਸਿੱਖਾਂ ’ਤੇ ਚਲਾ ਕੇ ਇਸ ਦੀ ਬੇਅਦਬੀ ਤਾਂ ਕੀਤੀ ਹੀ ਹੈ ਨਾਲ ਹੀ ਵਿਦੇਸ਼ਾਂ ਵਿਚ ਇਸ ਨੂੰ ਦਹਿਸ਼ਤ ਦਾ ਹਥਿਆਰ ਬਣਾਉਣ ਦੀ ਹਰਕਤ ਵੀ ਕੀਤੀ ਹੈ। ਤੁਹਾਡੀ ਹਰਕਤ ਕਿਰਪਾਨ ’ਤੇ ਪਾਬੰਦੀ ਲੁਆਉਣ ਵਲ ਇਕ ਵੱਡਾ ਕਦਮ ਹੈ। ਕਲ੍ਹ ਨੂੰ ਜੇ ਇਹ ਪਾਬੰਦੀ ਲਗਦੀ ਹੈ ਤਾਂ ਤੁਸੀਂ ਸਿੱਖੀ ਦੇ ਵੱਡੇ ਮਜੁਰਮ ਗਿਣੇ ਜਾਓਗੇ।

ਇਕ ਗੱਲ ਮੈਂ ਬਾਦਲ ਵਿਰੋਧੀਆਂ ਨੂੰ ਵੀ ਪੁੱਛਣੀ ਚਾਹੁੰਦਾ ਹਾਂ ਕਿ ਤੁਹਾਡੇ ਵਿਚੋਂ ਕਈਆਂ ਨੇ ਰਾਗੀ ਦਰਸ਼ਨ ਸਿੰਘ ਦਾ ਵਿਰੋਧ ਕੀਤਾ ਹੈ। ਪਰ ਇਕ ਗੱਲ ਦੱਸਿਓ ਕਦੇ ਕਿਸੇ ਹੋਰ ਦਾ ਵੀ ਏਨਾ ਤੇ ਏਦਾਂ ਵਿਰੋਧ ਕੀਤਾ ਜੇ? ਕਦੇ ਤੁਹਾਨੂੰ ਮਕਲਾਊਡ ਤੇ ਉਸ ਦੇ ਚੇਲੇ ਨਜ਼ਰ ਨਹੀਂ ਆਏ? ਕੀ ਤੁਹਾਨੂੰ ਨਾਮਧਾਰੀ ਦੇਹਧਾਰੀ ਗੁਰੂ ਦਾ ਪਰਚਾਰ ਕਰਦੇ ਨਹੀਂ ਦਿਸਦੇ? ਉਹ ਤਾਂ ਰਾਧਾਸੁਆਮੀਆਂ, ਸਰਸਾ ਸਾਧ ਤੇ ਹੋਰ ਦੇਹਧਾਰੀਆਂ ਤੋਂ ਵਧ ਸਿੱਖੀ ’ਤੇ ਹਮਲਾ ਕਰਦੇ ਹਨ ਕਿਉਂਕਿ ਉਹ ਤਾਂ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਅੱਜ ਵੀ ‘ਗੁਰਗੱਦੀ’ ਚਲਾ ਕੇ ਤੇਰ੍ਹਵਾਂ-ਚੌਧਵਾਂ ਗੁਰੂ ਅਖਵਾ ਰਹੇ ਹਨ। ਤੁਸੀਂ ਉਨ੍ਹਾਂ ਦੇ ਖ਼ਿਲਾਫ਼ ਕੀ ਕਦਮ ਚੁਕਦੇ ਹੋ? ਕੀ ਤੁਸੀਂ ਆਰ.ਐਸ.ਐਸ. ਦੇ ਵੈੱਬਸਾਈਟ ਦੇ ਖ਼ਿਲਾਫ਼ ਕੋਈ ਪਰਚਾਰ ਕੀਤਾ ਸੀ। ਉਸ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਛਾਂਗਣ ਵਾਸਤੇ ਕਿਹਾ ਸੀ? ਸਪੋਕਸਮੈਨ ਦੇ ਚਾਰ ਪਰਚੇ ਸਾੜ ਕੇ ਫ਼ੋਟੋ ਤਾਂ ਛਪਵਾ ਲਈਆਂ, ਪਰ ਕੀ ਆਰ.ਐਸ.ਐਸ ਦੇ ਪੁਤਲੇ ਵੀ ਕਦੇ ਸਾੜੇ ਹਨ?

ਗੁਰੁ ਕਦੇ ਪਾਪ ਨੂੰ ਕਬੂਲ ਨਹੀਂ ਕਰਦਾ; ਦੰਭ ਸਿੱਖੀ ਨਹੀਂ; ਝੂਠ ਸਦੀਵੀ ਨਹੀਂ; ਜ਼ੁਲਮ ਦਾ ਨਾਸ ਹੁੰਦਾ ਹੀ ਹੈ; ਅੱਤ ਤੇ ਰੱਬ ਦਾ ਵੈਰ ਹੁੰਦਾ ਹੈ। ਔਰੰਗਜ਼ੇਬ ਦੀ ਮਿਆਦ ਥੌੜ੍ਹਾ ਚਿਰ ਹੈ ਗੁਰਮਤਿ ਸਦੀਵੀ ਹੈ।

ਡਾਕਟਰ ਹਰਜਿੰਦਰ ਸਿੰਘ ਦਿਲਗੀਰ

ਸਾਬਕਾ ਡਾਇਰੈਕਟਰ: ਸਿੱਖ ਹਿਸਟਰੀ ਰੀਸਰਚ ਬੋਰਡ (ਸ਼੍ਰੋਮਣੀ ਗੁ:ਪ੍ਰ: ਕਮੇਟੀ)
hsdilgeer@yahoo.com
(April 2010)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top