Share on Facebook

Main News Page


ਪੁਰਾਤਨ ਮਰਿਯਾਦਾ ਜਾਂ ਗੁਰਮਤਿ ਸਿਧਾਂਤ?

ਅੱਜਕਲ ਪੁਰਾਤਨ ਮਰਿਯਾਦਾ ਸ਼ਬਦ ਸੁਣਨ ਵਿਚ ਬਥੇਰਾ ਆਉਂਦਾ ਹੈ। ਜਿਥੇਂ ਵੀ ਕੋਈ ਮਰਿਯਾਦਾ ਸਬੰਧੀ ਵਿਚਾਰ ਕੀਤੀ ਜਾਂਦੀ ਹੈ, ਉਥੇਂ ਪੁਰਾਤਨ ਮਰਿਯਾਦਾ ਦਾ ਹਵਾਲਾ ਜਰੂਰ ਦੀਤਾ ਜਾਂਦਾ ਹੈ। ਇਸ ਲਈ ਵਿਚਾਰ ਜੇ ਗੁਰਮਤਿ ਸਿਧਾਂਤ ਜਾਂ ਪੁਰਾਤਨ ਮਰਿਯਾਦਾ ਦਾ ਕਰਣਾ ਹੋਵੇ ਤੇ ਇਨ੍ਹਾਂ ਸ਼ਬਦਾਂ ਦੇ ਅਰਥਾਂ ਬਾਰੇ ਵਿਚਾਰ ਕਰਣੀ ਜਰੂਰੀ ਹੋ ਜਾਂਦੀ ਹੈ।

ਪੁਰਾਤਨ ਮਰਿਯਾਦਾ ਦੋ ਸ਼ਬਦਾਂ ਦਾ ਜੋੜ ਹੈ। ਪਹਿਲਾਂ ਸ਼ਬਦ ਪੁਰਾਤਨ ਤੇ ਦੂਜਾ ਸ਼ਬਦ ਮਰਿਯਾਦਾ ਹੈ। "ਪੁਰਾਤਨ" ਸ਼ਬਦ ਦੇ ਅਰਥ ਕਰਦੇ ਹੋਏ, ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ, “ਪ੍ਰਾਚੀਨ, ਪੁਰਾਣਾ” ਤੇ ਮਰਿਯਾਦਾ ਸ਼ਬਦ ਦੇ ਅਰਥ ਦੇਂਦੇ ਹਨ, “ਸੀਮਾ-ਹੱਦ, ਰੀਤਿ ਰਿਵਾਜ, ਨਿਯਮਾਂ ਦੀ ਪਾਬੰਦੀ”। ਇਸ ਤੋਂ ਪੁਰਾਤਨ ਮਰਿਯਾਦਾ ਦਾ ਭਾਵ ਅਰਥ ਬਣਦਾ ਹੈ ਕਿ ਉਹ ਰੀਤੀ ਰਿਵਾਜ ਜਾਂ ਨੇਮਾਂ ਦੀ ਪਾਬੰਦੀ ਜੋ ਕਿ ਪੁਰਾਣੀ ਹੈ। ਉਹ ਪੁਰਾਣਾ ਤਰੀਕਾ, ਜਿਸ ਨਾਲ ਕਿਸੀ ਕੰਮ ਨੂੰ ਕੀਤਾ ਜਾਂਦਾ ਹੋਵੇ।

ਪੁਰਾਤਨ ਮਰਿਯਾਦਾ ਦੀ ਤਰ੍ਹਾਂ ਹੀ ਗੁਰਮਤਿ ਸਿਧਾਂਤ ਵੀ ਦੋ ਸ਼ਬਦਾਂ ਦਾ ਹੀ ਜੋੜ ਹੈ। ਗੁਰਮਤਿ ਤੇ ਸਿਧਾਂਤ। ਗੁਰਮਤਿ ਬਾਬਤ ਮਹਾਨ ਕੋਸ਼ ਵਿਚ ਆਉਂਦਾ ਹੈ, “ਗੁਰੂ ਦੀ ਰਾਇ, ਸਤਿਗੁਰੂ ਦੀ ਇੱਛਾ, ਗੁਰੂ ਦੀ ਨਸੀਹਤ” ਤੇ ਇਸੇ ਤਰ੍ਹਾਂ ਨਾਲ ਸਿਧਾਂਤ ਲਈ ਲਿਖਦੇ ਹਨ, “ਅੰਤ ਨੂੰ ਸਿੱਧ ਹੋਈ ਬਾਤ, ਨਤੀਜਾ ਭਾਵ ਮਕਸਦ ਤਾਤਪਰਯ”। ਇਸ ਤਰ੍ਹਾਂ ਨਾਲ ਗੁਰਮਤਿ ਸਿਧਾਂਤ ਦਾ ਭਾਵ ਹੋਇਆ ਕਿ ਸਤਿਗੁਰੂ ਦੀ ਇੱਛਾ ਜਾਂ ਰਾਇ ਮੁਤਾਬਿਕ ਨਿਕਾਲਿਆ ਸਹੀ ਨਤੀਜਾ। ਗੁਰੂ ਸਾਹਿਬਾਨਾਂ ਵਲੋਂ ਸਿੱਖਾਂ ਨੂੰ ਜੀਵਨ ਵਿਚ ਕਰਮ ਕਰਣ ਦੀ ਨਸੀਯਤ ਹੀ ਗੁਰਮਤਿ ਸਿਧਾਂਤ ਹੈ।

ਇਸ ਤਰ੍ਹਾਂ ਨਾਲ ਵਿਚਾਰਦੇ ਹੋਏ ਪੁਰਾਤਨ ਮਰਿਯਾਦਾ ਤੇ ਗੁਰਮਤਿ ਸਿਧਾਂਤ ਇਕੋ ਜਿਹੇ ਅਰਥਾਂ ਵਾਲੇ ਹੀ ਲਗਦੇ ਹਨ। ਪਰੰਤੂ ਦੋਨਾਂ ਵਿਚ ਇਕ ਬਹੁਤ ਹੀ ਨਿੱਕਾ ਜਿਹਾ ਅੰਤਰ ਹੁੰਦਾ ਹੈ। ਜੋ ਦੋਨਾਂ ਦੇ ਭਾਵ ਅਰਥਾਂ ਨੂੰ ਹੀ ਬਦਲ ਦਿਂਦਾ ਹੈ। ਪੁਰਾਤਨ ਮਰਿਯਾਦਾ ਅਤੇ ਗੁਰਮਤਿ ਸਿਧਾਂਤ ਵਿਚ ਨਿੱਕਾ ਜਿਹਾ ਫਰਕ ਇਹ ਹੀ ਹੈ, ਕਿ ਪੁਰਾਤਨ ਮਰਿਯਾਦਾ ਜਰੂਰੀ ਨਹੀਂ ਕਿ ਸਤਿਗੁਰੂ ਦੇ ਉਪਦੇਸ਼ ਮੁਤਾਬਿਕ ਹੋਵੇ, ਲੇਕਿਨ ਗੁਰਮਤਿ ਸਿਧਾਂਤ ਵਿਚ ਇਹ ਨਿਸ਼ਚਿਤ ਹੈ, ਕਿ ਉਹ ਸਦਾ ਹੀ ਗੁਰੂ ਕੀ ਇੱਛਾ ਮੁਤਾਬਿਕ ਹੀ ਹੋਵੇਗਾ। ਦੋਨਾਂ ਸ਼ਬਦਾਂ ਵਿੱਚ ਭੇਦ ਜਾਨਣ ਲਈ ਇਹ ਇਤਿਹਾਸਕ ਵਿਚਾਰ ਕਾਰਗਰ ਸਾਬਿਤ ਹੋਵੇਗੀ।

ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 1469 ਈ: ਵਿਚ ਹੋਇਆ, ਤੇ ਆਪ ਜੀ ਨੂੰ 9 ਸਾਲ ਦੀ ਉਮਰ ਵਿਚ 1478 ਈ: ਨੂੰ ਪਰਿਵਾਰ ਦੀ ਪੁਰਾਤਨ ਮਰਿਯਾਦਾ ਮੁਤਾਬਿਕ, ਜੇਨਉ ਧਾਰਣ ਕਰਣ ਦੀ ਰਸਮ ਅਦਾ ਕੀਤੀ ਜਾਣ ਲਗੀ। ਇਹ ਰਸਮ ਨੂੰ ਅਦਾ ਕਰਣ ਲਈ, ਪਿਤਾ ਜੀ ਨੇ ਪਰਿਵਾਰ ਵਿੱਚ ਪੀੜੀ ਦਰ ਪੀੜੀ ਚਲੀ ਆ ਰਹੀ ਮਰਿਯਾਦਾ ਮੁਤਾਬਿਕ ਹੀ ਸਾਰਾ ਪ੍ਰਬੰਧ ਕੀਤਾ ਸੀ। ਇਹ ਮਰਿਯਾਦਾ ਪਰਵਾਰ ਦੀ ਬਹੁਤ ਹੀ ਪੁਰਾਤਨ ਮਰਿਯਾਦਾ ਸੀ। ਗੁਰੂ ਨਾਨਕ ਸਾਹਿਬ ਦੀ ਇੱਛਾ ਇਸ ਮਰਿਯਾਦਾ ਨੂੰ ਅੰਗੀਕਾਰ ਕਰਣ ਦੀ ਨਹੀਂ ਸੀ। ਆਪ ਨੇ ਪੰਡਤ ਜੀ ਵਲੋਂ ਕੀਤੀਆਂ ਰਸਮਾਂ ਨੂੰ ਪ੍ਰਵਾਨ ਨਾ ਕਰਦੇ ਹੋਏ, ਸੱਚ ਦੇ ਜੇਨਉ ਦੀ ਮੰਗ ਕਰ ਦਿੱਤੀ-

ਸਲੋਕੁ ਮਃ 1 ॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ॥1॥ ਪੰਨਾ 471

ਪੰਡਤ ਜੀ ਪਾਸ ਗੁਰੂ ਨਾਨਕ ਸਾਹਿਬ ਵਲੋਂ ਮੰਗਿਆ ਜਾ ਰਿਹਾ ਜੇਨਉ ਨਹੀਂ ਸੀ, ਤੇ ਆਪਣੇ ਜੀਵਨ ਵਿਚ ਪਹਿਲੀ ਵਾਰ ਪੰਡਤ ਜੀ, ਇਤਨੀ ਵੱਡੀ ਦੁਚਿਤੀ ਵਿਚ ਫੱਸੇ ਸਨ, ਕਿਉਂ ਕਿ ਉਨ੍ਹਾਂ ਪਾਸ ਗੁਰੂ ਨਾਨਕ ਸਾਹਿਬ ਦੀਆ ਦਲੀਲਾਂ ਦਾ ਕੋਈ ਵੀ ਜਵਾਬ ਨਹੀਂ ਸੀ। ਆਖਿਰ ਗੁਰੂ ਨਾਨਕ ਸਾਹਿਬ ਨੇ ਪੰਡਤ ਜੀ ਦਾ ਸੂਤ ਦਾ ਜੇਨਉ ਨਹੀਂ ਪਇਆ ਤੇ ਪਰਵਾਰ, ਬਿਰਾਦਰੀ ਦੀ ਬਹੁਤ ਹੀ ਪੁਰਾਤਨ ਮਰਿਯਾਦਾ ਟੁੱਟ ਗਈ।

ਹੁਣ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਸੱਚ ਦਾ ਜੇਨਉ ਧਾਰਣ ਕਰਣ ਦਾ ਉਪਦੇਸ਼ ਕੀਤਾ, ਤੇ ਉਨ੍ਹਾਂ ਵਲੋਂ ਚਲਾਏ ਪੰਥ ਵਿਚੋਂ ਸਦਾ ਲਈ ਸੂਤ ਦੇ ਜੇਨਉ ਨੂੰ ਧਾਰਣ ਕਰਣ ਦੀ ਮਰਿਯਾਦਾ ਦਾ ਅੰਤ ਹੋ ਗਿਆ। ਗੁਰੂ ਨਾਨਕ ਸਾਹਿਬ ਤੋਂ ਬਾਅਦ ਕਿਸੀ ਵੀ ਗੁਰੂ ਸਾਹਿਬਾਨ ਜਾਂ ਗੁਰਸਿੱਖ ਨੇ ਸੂਤ ਦਾ ਜੇਨਉ ਧਾਰਣ ਨਹੀਂ ਕੀਤਾ। ਹੁਣ ਸਿੱਖ ਧਰਮ ਵਿੱਚ ਜੇਨਉ ਧਾਰਣ ਨਾ ਕਰਣਾ ਹੀ ਗੁਰਮਤਿ ਸਿਧਾਂਤ ਤੇ ਪੁਰਾਤਨ ਮਰਿਯਾਦਾ ਹੈ।

ਇਸ ਜੇਨਉ ਦੇ ਸਬੰਧ ਵਿਚ ਇੱਕ ਬਹੁਤ ਹੀ ਵਡਾ ਸਾਕਾ 1675 ਈ: ਵਿੱਚ ਹਿੰਦੁਸਤਾਨ ਦੇ ਇਤਿਹਾਸ ਵਿਚ ਹੋਇਆ। ਜਿਸਦਾ ਸਿੱਧਾ ਸਬੰਧ ਸਿੱਖ ਧਰਮ ਦੇ ਨੌਂਵੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੇਨਉ ਦੀ ਰਖਿਆ ਲਈ ਆਪਣਾ ਸੀਸ ਚਾਂਦਨੀ ਚੌਂਕ, ਦਿੱਲੀ ਵਿਖੇ ਵਾਰ ਦਿੱਤਾ। ਇਥੇਂ ਧਿਆਨ ਦੇਣ ਜੋਗ ਇਹ ਤੱਥ ਹੈ, ਕਿ ਸਿੱਖ ਧਰਮ ਵਿਚ ਜੇਨਉ ਨਾ ਧਾਰਣ ਕਰਣ ਦੀ ਮਰਿਯਾਦਾ ਲਗਭਗ 197 ਸਾਲਾਂ ਤੋ ਵੀ ਜਿਆਦਾ ਪੁਰਾਣੀ ਹੋ ਚੁਕੀ ਸੀ। ਜਿਸ ਨੂੰ ਇਕ ਪੁਰਾਤਨ ਮਰਿਯਾਦਾ ਕਹਿਣਾ ਬੜਾ ਹੀ ਵਾਜਿਬ ਹੈ। ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਦੀ ਚਲਾਈ ਮਰਿਯਾਦਾ ਦੇ ਵਿਪਰੀਤ ਚਲ ਰਹੀ ਮਰਿਯਾਦਾ ਲਈ ਆਪਣਾ ਸੀਸ ਦੂਜਿਆਂ ਦੀ ਪੁਰਾਤਨ ਮਰਿਯਾਦਾ ਤੋਂ ਵਾਰ ਦੇਂਦੇ ਨੇ। ਜੋ ਕੀ ਬਹੁਤ ਹੀ ਹੈਰਾਨੀਜਨਕ ਹੈ। ਆਖਿਰ ਗੁਰੂ ਤੇਗ ਬਹਾਦਰ ਸਾਹਿਬ ਏਸਾ ਕਿਉਂ ਕਰਦੇ ਹਨ? ਗੁਰੂ ਸਾਹਿਬ ਦੀ ਇਸ ਮਹਾਬਲੀ ਕਰਣੀ ਪਿਛੇ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਉਪਦੇਸ਼ ਬੜਾ ਹੀ ਧਿਆਨ ਦੇਣ ਜੋਗ ਹੈ-

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ ਪੰਨਾ 1427

ਇਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਧਰੇ ਵੀ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਗੁਰਮਤਿ ਸਿਧਾਂਤ, ਜੋ ਪੁਰਾਤਨ ਮਰਿਯਾਦਾ ਬਣ ਚੁਕੀ ਸੀ, ਨੁੰ ਨਹੀਂ ਤੋੜਿਆ ਸੀ। ਉਨ੍ਹਾਂ ਨੇ ਤੇ ਕੇਵਲ ਉਸੀ ਸਿਧਾਂਤ ਦੀ ਪਾਲਣਾ ਕੀਤੀ ਸੀ, ਜਿਸਦਾ ਉਪਦੇਸ਼ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਗੁਰਬਾਣੀ ਵਿੱਚ ਕੀਤਾ ਸੀ, ਕਿ ਕੋਈ ਵੀ ਮੱਨੁਖ ਨਾ ਤੇ ਕਿਸੀ ਕੋਲੋਂ ਡਰੇ, ਤੇ ਨਾ ਹੀ ਕਿਸੀ ਨੂੰ ਡਰਾਵੇ। ਗੁਰੂ ਤੇਗ ਬਹਾਦਰ ਸਾਹਿਬ ਵਲੋਂ ਚਲਾਈ ਇਸ ਮਰਿਯਾਦਾ ਨੂੰ, ਨਾ ਜਾਣੇ ਕਿਤਨੇ ਸਿੱਖਾਂ ਨੇ ਪ੍ਰਵਾਨ ਕਰਦੇ ਹੋਏ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਸੀ। ਇਸੀ ਗੁਰਮਤਿ ਸਿਧਾਂਤ ਨੇ ਸਿੱਖਾਂ ਵਿੱਚ ਅਣੱਖ ਨੂੰ ਕਾਇਮ ਰਖਿਆ ਹੋਇਆ ਹੈ। ਹੁਣ ਇਹ ਗੁਰਮਤਿ ਸਿਧਾਂਤ ਸਿੱਖਾਂ ਵਿੱਚ ਇੱਕ ਪੁਰਾਤਨ ਮਰਿਯਾਦਾ ਬਣ ਚੁਕੀ ਹੈ।

ਹੁਣ ਤੱਕ ਕੀਤੇ ਵਿਚਾਰ ਨਾਲ ਇਹ ਗੱਲ ਪੂਰੇ ਤਰੀਕੇ ਨਾਲ ਸਪਸ਼ਟ ਹੋ ਚੁਕੀ ਹੈ, ਕਿ ਸਿੱਖ ਧਰਮ ਵਿੱਚ ਉਹੀ ਪੁਰਾਤਨ ਮਰਿਯਾਦਾ ਪ੍ਰਵਾਨ ਹੈ, ਜੋ ਗੁਰਮਤਿ ਦੇ ਸਿਧਾਂਤ ਤੇ ਖਰੀ ਉਤਰਦੀ ਹੋਵੇ। ਕੋਈ ਵੀ ਪੁਰਾਤਨ ਮਰਿਯਾਦਾ ਭਾਵੇਂ ਜਿੰਨੀ ਵੀ ਪੁਰਾਤਨ ਹੋਵੇ, ਉਹੀ ਪ੍ਰਵਾਨ ਹੈ, ਜੋ ਸਿੱਖ ਸਿਧਾਂਤ ਨਾਲ ਮੇਲ ਖਾਉਂਦੀ ਹੋਵੇ, ਜੇ ਉਹ ਗੁਰਮਤਿ ਦੇ ਸਿਧਾਂਤ ਤੇ ਪੂਰੀ ਨਹੀਂ ਉਤਰਦੀ, ਤੇ ਉਹ ਤਿਆਗਣ ਜੋਗ ਹੀ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਪਰਿਵਾਰ ਦੀ ਪੁਰਾਤਨ ਮਰਿਯਾਦਾ ਨੂੰ ਤਿਆਗ ਦਿੱਤਾ, ਕਿਉਂਕਿ ਉਹ ਗੁਰਮਤਿ ਦੇ ਸਿਧਾਂਤ ਨਾਲ ਢੁੱਕਵੀ ਨਹੀਂ ਸੀ, ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਮਤਿ ਸਿਧਾਂਤ ਦੀ ਰਾਖੀ ਲਈ, ਆਪਣਾ ਸੀਸ ਭੇਂਟ ਕਰਣਾ ਪ੍ਰਵਾਨ ਕਰ ਲਿਆ, ਜਿਸ ਨੇ ਸਾਰੀ ਸਿੱਖ ਕੌਮ ਵਿੱਚ ਅਣੱਖ ਦਾ ਜੱਜ਼ਬਾ ਭਰ ਦਿੱਤਾ।

ਲੇਕਿਨ ਅੱਜ ਦੇ ਸਿੱਖ ਪੁਰਾਤਨ ਮਰਿਯਾਦਾ ਦਾ ਹਵਾਲਾ ਦੇ ਕੇ, ਗੁਰਮਤਿ ਸਿਧਾਂਤ ਦਾ ਹੀ ਕਤਲ ਕਰੀ ਜਾਂਦੇ ਨੇ। ਜਿਆਦਾਤਰ ਡੇਰਿਆਂ 'ਤੇ ਹੋ ਰਹੀ ਮਨਮਤਿ ਬਾਰੇ, ਜੇ ਕੋਈ ਗੁਰਸਿੱਖ ਪਿਆਰਾ ਵਿਚਾਰ ਕਰਦਾ ਹੈ, ਤੇ ਉਸ ਨੂੰ ਪੁਰਾਤਨ ਮਰਿਯਾਦਾ ਦਾ ਹਵਾਲਾ ਦੇ ਕੇ, ਚੁਪ ਕਰਾਉਣ ਦਾ ਜਤਨ ਕੀਤਾ ਜਾਂਦਾ ਹੈ, ਕਿ ਇਸ ਅਸਥਾਨ ਦੀ ਇਹ ਪੁਰਾਤਨ ਮਰਿਯਾਦਾ ਹੈ। ਉਹ ਸੱਜਣ ਮਿੱਤਰ ਇਸ ਵੱਲ ਜਰਾ ਵੀ ਨਹੀਂ ਧਿਆਨ ਦਿੰਦੇ, ਕਿ ਇਹ ਮਰਿਯਾਦਾ ਗੁਰਮਤਿ ਸਿਧਾਂਤ ਮੁਤਾਬਿਕ ਹੈ ਵੀ ਹੈ ਜਾਂ ਨਹੀਂ। ਇਹ ਸਵਾਲ ਉਨ੍ਹਾਂ ਲਈ ਬੜੇ ਹੀ ਧਿਆਨ ਨਾਲ ਵਿਚਾਰਨਜੋਗ ਹੈ, ਕਿ ਗੁਰੂ ਘਰ ਵਿੱਚ ਐਸੀ ਕੋਈ ਮਰਿਯਾਦਾ ਜੋ ਗੁਰਮਤਿ ਸਿਧਾਂਤਾਂ ਤੋ ਉਲਟ ਹੈ, ਉਸ ਨੂੰ ਲਾਗੂ ਕਰਕੇ ਅਸੀਂ ਗੁਰੂ ਦੀ ਕ੍ਰਿਪਾ ਦੇ ਪਾਤਰ ਕਿਵੇਂ ਬਣਾਗੇਂ?

ਸਾਡੇ ਆਪਣੇ ਹੀ ਦੋ ਤਖਤ ਸਾਹਿਬਾਨਾਂ ਅਤੇ ਅਨੇਕ ਧਾਰਮਿਕ ਅਸਥਾਨਾਂ 'ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥਾਂ ਨੂੰ ਸਥਾਪਿਤ ਕੀਤਾ ਹੋਇਆ ਹੈ। ਜੋ ਸਿੱਖ ਰਹਿਤ ਮਰਿਯਾਦਾ ਤੇ ਸਿੱਖ ਸਿਧਾਂਤ ਦੇ ਬਿਲਕੁਲ ਉਲਟ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੋਰ ਗ੍ਰੰਥਾਂ ਨੂੰ ਸਥਾਪਿਤ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਵੇਕਲੀ ਹਸਤੀ ਨੂੰ ਖੁਲਮ ਖੁੱਲਾ ਵੰਗਾਰਿਆ ਜਾ ਰਿਹਾ ਹੈ, ਤੇ ਨਾਲ ਹੀ ਉਨ੍ਹਾਂ ਆਸਥਾਨਾਂ ਦੇ ਮੁਹਤਬਰ ਪ੍ਰਬੰਧਕ, ਇਹ ਦਲੀਲ ਦਿੰਦੇ ਹਨ, ਕਿ ਇਹ ਸਾਡੇ ਅਸਥਾਨਾਂ ਦੀ ਜਾਂ ਪੁਰਾਤਨ ਸਿੰਘਾਂ ਦੀ ਪੁਰਾਤਨ ਮਰਿਯਾਦਾ ਹੈ। ਜੋ ਕਿ ਉਪਰ ਕੀਤੀ ਵਿਚਾਰਾਂ ਦੀ ਰੋਸ਼ਨੀ ਵਿੱਚ, ਪੂਰੇ ਤੌਰ ਨਾਲ ਸਪਸ਼ਟ ਹਨ, ਕਿ ਉਹੀ ਪੁਰਾਤਨ ਮਰਿਯਾਦਾ ਕੇਵਲ ਪ੍ਰਵਾਨ ਹੈ, ਜੋ ਗੁਰਮਤਿ ਸਿਧਾਂਤ ਮੁਤਾਬਿਕ ਹੀ ਹੋਣ। ਗੁਰਮਤਿ ਫਲਸਫੇ ਮੁਤਾਬਿਕ ਤੇ ਸਾਡਾ ਗੁਰੂ ਇੱਕੋ ਇੱਕ ਹੈ ਤੇ ਉਸ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਹੈ।

ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ਪੰਨਾ 350

ਜੇ ਅਸੀਂ ਇਤਿਹਾਸਕ ਗਵਾਹੀ ਵੱਲ ਦੇਖਿਏ, ਤਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਗੁਰਿਆਈ, ਭਾਈ ਲਹਿਣਾ ਜੀ ਨੂੰ ਬਖਸ਼ੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਲਹਿਣਾ ਜੀ ਨੂੰ ਮੱਥਾ ਟੇਕ ਕੇ, ਲਹਿਣੇ ਤੋਂ ਗੁਰੂ ਅੰਗਦ ਬਣਾ ਦਿੱਤਾ -

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ ਪੰਨਾ 966

ਆਪ ਹੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਦੇ ਵਿੱਚ ਜੋਤ ਰੂਪ ਹੋ ਕੇ, ਸਮਾਂ ਗਏ ਤੇ ਗੁਰੂ ਅੰਗਦ ਸਾਹਿਬ ਦੀ ਵਡਿਆਈ ਅਸਮਾਨ ਛੁਣ ਲੱਗੀ -

ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ॥ ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥ ਪੰਨਾ 967

ਇਸ ਤਰ੍ਹਾਂ ਦਸਵੇਂ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਆਪਣੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਟਿਕਾ ਕੇ ਸਦਾ ਲਈ, ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖਸ਼ ਦਿਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਸਮਰਥ ਸਤਿਗੁਰੂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਆਦਿਕ ਹੋਰ ਗ੍ਰੰਥਾਂ ਨੂੰ ਸਥਾਪਿਤ ਕਰਣ ਲਈ, ਇਸ ਦਲੀਲ ਦੇਣਾ ਕਿ ਇਹ ਪੁਰਾਤਨ ਮਰਿਯਾਦਾ ਹੈ, ਕਿਸੀ ਵੀ ਦ੍ਰਿਸ਼ਟੀਕੋਣ ਨਾਲ ਦਰੂਸਤ ਨਹੀਂ ਹੈ। ਇਹ ਸੱਚ ਹੈ, ਕਿ ਸਾਡੇ ਗੁਰੂ ਅਸਥਾਨਾਂ ਤੇ ਮਨਮਤਿ ਅਤੇ ਅਨਮਤਿ ਵਾਲਿਆਂ ਦਾ ਕਬਜਾ ਰਿਹਾ ਹੈ। ਜਿਸਦਾ ਪ੍ਰਭਾਵ ਸਾਡੀ ਧਾਰਮਿਕ ਸੋਚ ਉਤੇ ਵੀ ਪਇਆ ਹੈ। ਜਿਸ ਕਰਕੇ ਸਾਡੇ ਧਾਰਮਿਕ ਅਸਥਾਨਾਂ ਤੇ ਮਨਮਤਿ ਦੇ ਕਾਰਜ ਵੀ ਹੁੰਦੇ ਰਹੇ ਹਨ, ਤੇ ਬਥੇਰਿਆਂ ਥਾਵਾਂ ਤੇ ਅੱਜ ਵੀ ਹੋ ਰਹੇ ਹਨ। ਇਨ੍ਹਾਂ ਮਨਮਤਾਂ ਨੂੰ ਦੂਰ ਕਰਣ ਦੀ ਜਗਹ ਸਾਡੇ ਵਲੋਂ ਗੁਰਮਤਿ ਸਿਧਾਂਤ ਤੋਂ ਮੂੰਹ ਮੋੜ ਕੇ, ਇਹ ਦਲੀਲ ਦਿਤੀ ਜਾਂਦੀ ਹੈ, ਕਿ ਇਹ ਸਾਡੀ ਪੁਰਾਤਨ ਮਰਿਯਾਦਾ ਹੈ। ਜੋ ਗੁਰਮਤਿ ਫਲਸਫੇ ਮੁਤਾਬਿਕ ਯੋਗ ਨਹੀਂ ਹੈ। ਪੁਰਾਤਨ ਮਰਿਯਾਦਾ ਦਾ ਹਵਾਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਅਤੇ ਹੋਰ ਗ੍ਰੰਥਾਂ ਨੂੰ ਸਥਾਪਿਤ ਕਰਣਾ, ਤੇ ਉਸ ਲਈ ਅੜੇ ਰਹਿਣਾ ਸਾਡੇ ਉਤੇ ਹੀ ਇਹ ਸਵਾਲ ਖੜਾ ਕਰਦਾ ਹੈ, ਕਿ ਅਸੀ ਗੁਰੂ ਗ੍ਰੰਥ ਸਾਹਿਬ ਦੇ ਇਸ ਉਪਦੇਸ਼ ਦੀ ਕਿਤਨੀ ਕੁ ਪਾਲਣਾ ਕਰਦੇ ਹਾਂ -
ਸਲੋਕ ਮਃ 1 ॥
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ॥ ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥ ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ੍‍ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥1॥ ਪੰਨਾ 1245

ਅੱਜ ਸਾਰਾ ਸੰਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਆਸ ਭਰੀ ਨਿਗਾਹਾਂ ਨਾਲ ਵੇਖ ਰਿਹਾ ਹੈ, ਕਿ ਕਦੋਂ ਸਿੱਖ ਆਪਣੇ ਇਸ ਪਿਉ ਦਾਦੇ ਦੇ ਅਨਮੋਲਕ ਖਜਾਨੇ ਨੂੰ, ਸਾਰੇ ਸੰਸਾਰ ਵਿੱਚ ਵਰਤਾਉਣ ਲਈ ਤਿਆਰ ਹੋਣਗੇ। ਲੇਕਿਨ ਅਸੀਂ ਆਪਣੀ ਆਪਣੀ ਡਫਲੀ ਤੇ ਆਪਣਾ ਆਪਣਾ ਰਾਗ ਅਲਾਪਦੇ ਹੋਏ, ਖੁਦ ਹੀ ਗੁਰਮਤਿ ਸਿਧਾਂਤਹੀਣ ਪੁਰਾਤਨ ਮਰਿਯਾਦਾਵਾਂ ਦੀ ਤਰਕਹੀਣ ਦਲੀਲਾਂ ਦੇ-ਦੇ ਕੇ ਆਪ ਹੀ ਆਪਣੇ ਗੁਰੂ ਅਸਥਾਨਾਂ 'ਤੇ, ਆਪਣੇ ਹੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥਾਂ ਨੂੰ ਸਥਾਪਿਤ ਕਰਕੇ, ਬੇ-ਅਦਬੀ ਕਰਣ ਵਿੱਚ ਸਿੱਖ ਵਿਰੋਧੀ ਧਿਰਾਂ ਵਾੰਗ ਆਪ ਹੀ ਪੱਬਾਂ ਭਾਰ ਖਲੋਤੇ ਹਾਂ।

ਬਸ! ਲੋੜ ਹੈ ਸਾਨੂੰ ਪੰਥਕ ਪੱਧਰ ਤੇ ਥੋੜਾ ਜਿਹਾ ਹੌਂਸਲਾ ਕਰਕੇ ਦਿਲ ਵੱਡਾ ਕਰਣ ਦੀ, ਜਿਸ ਨਾਲ ਅਸੀਂ ਵੀ ਗੁਰੂ ਨਾਨਕ ਸਾਹਿਬ ਵਲੋਂ ਜੇਨਉ ਨੂੰ ਤਿਆਗ ਕੇ ਪੁਰਾਤਨ ਮਰਿਯਾਦਾ ਨੂੰ ਤਿਆਗਣ ਦੀ ਪਰਪਾਟੀ ਉਤੇ ਚਲ ਕੇ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਇਕੋ ਇਕ ਸਿੰਘਾਸਨ ਨੂੰ ਬਹਾਲ ਕਰਣ ਦੀ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਭ ਤੋ ਵਡਾ ਮਾਣ ਸਤਿਕਾਰ ਹੋਵੇਗਾ ਤੇ ਸਾਨੂੰ ਵੀ ਸੱਚੇ ਸਿੱਖ ਹੋਣ ਦਾ ਮਾਣ ਪ੍ਰਾਪਤ ਹੋਵੇਗਾ।

ਮਨਮੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top