Share on Facebook

Main News Page

ਵੀਰ ਹਰਦੇਵ ਸਿੰਘ ਜੰਮੂ ਦੇ 11 ਸਵਾਲਾਂ ਦੇ ਜਵਾਬ

ਵੀਰ ਹਰਦੇਵ ਸਿੰਘ ਜੰਮੂ ਦਾ ਇੱਕ ਲੇਖ, ਜਿਸ ਵਿਚ ਬਚਿੱਤਰ ਨਾਟਕ ਬਾਰੇ 11 ਸਵਾਲਾਂ ਦਾ ਉਤਰ ਮੰਗਿਆ ਗਿਆ ਹੈ, ਇਸ ਬਾਰੇ ਦਾਸ ਨਾਲ ਵੀਰ ਜੀ ਦੀ ਬਹੁਤ ਲੰਮੀ, ਨਿਜੀ ਤੌਰ ਤੇ ਚਰਚਾ ਹੋ ਚੁਕੀ ਹੈ। ਹੋ ਸਕਦਾ ਹੈ ਵੀਰ ਜੀ ਇਸ ਬਾਰੇ ਹੋਰ ਵੀਰਾਂ ਦੀ ਵੀ ਰਾਯ ਵੀ ਚਾਂਹੁੰਦੇ ਹੋਣ। ਇਸ ਲਈ ਉਨਾਂ ਨੇ ਇਹ ਲੇਖ ਲਿਖਿਆ ਹੈ। ਉਹ ਇੱਕ ਸੱਚੇ ਸਿੱਖ ਸਕਾਲਰ ਤੇ ਵਿਦਵਾਨ ਹਨ, ਤੇ ਕੋਈ ਵੀ ਵਿਦਵਾਨ ਬਹੁਤ ਸਾਰੇ ‘ਔਪੀਨਿਅਨ’ ਲੈ ਕੇ ਹੀ ਅਪਣੀ ਸੋਚ ਨੂੰ ਪੁਖਤਾ ਕਰਦਾ ਹੈ। ਉਹ ਇਹ ਵੀ ਮੰਨਦੇ ਹਨ, ਕਿ ਉਨਾਂ ਦਾ ‘ਬਚਿੱਤਰ ਨਾਟਕ’ ਬਾਰੇ ਅਧਿਐਨ ਹਾਲੀ ਅਧੂਰਾ ਹੈ। ਉਨ੍ਹਾਂ ਦਾ ਵਾਰ ਵਾਰ ਇਸ ਲੇਖ ਵਿੱਚ ਇਹ ਕਹਿਣਾ, ਕਿ ਉਹ ਦਸਮ ਗ੍ਰੰਥ ਦੀ ਹਿਮਾਇਤ ਨਹੀਂ ਕਰ ਰਹੇ, ਤੇ ਨਾਂ ਹੀ ਉਹ ਇਸ ਵਿੱਚ ਦਰਜ ਕਿਸੇ ਵੀ ਬਾਣੀ ਨੂੰ ‘ਗੁਰਬਾਣੀ’ ਦਾ ਦਰਜਾ ਦਿੰਦੇ ਹਨ। ਐਸਾ ਉਨ੍ਹਾਂ ਨੂੰ ਕਹਿਣ ਦੀ ਲੋੜ ਨਹੀਂ, ਕਿਉਂਕਿ ਅਸੀਂ ਸਾਰੇ ਹੀ ਜਾਣਦੇ ਹਾਂ, ਕਿ ਉਹ ਇੱਕ ਸੁਹਿਰਦ ਵਿਦਵਾਨ ਹਨ, ਤੇ ਉਨ੍ਹਾਂ ਦੀ ਨਿਯਤ ਵਿੱਚ ਬਚਿੱਤਰ ਨਾਟਕ ਦੀ ਕਿਸੇ ਬਾਣੀ ਨੂੰ ਗੁਰੂ ਕ੍ਰਿਤ ਕਹਿਣ ਦੀ ਮਨਸ਼ਾ ਨਹੀਂ ਹੋ ਸਕਦੀ। ਲੇਕਿਨ ਇਹ ਵੀ ਸੱਚ ਹੈ, ਕਿ ਕਿਤੇ ਵੀਰ ਜੀ ਇਹ ਵੀਚਾਰ ਆਪਣੇ ਮਨ ਵਿੱਚ ਪਾਲੀ ਬੈਠੇ ਨੇ, ਕਿ ਹੋ ਸਕਦਾ ਹੈ ਗੁਰੂ ਸਾਹਿਬ ਨੇ ਗੁਰੂ ਨਾਨਕ ਦੀ ਮੋਹਰ ਤੋਂ ਬਿਨਾਂ ਕੁੱਝ ਰਚਨਾਵਾਂ ਲਿਖੀਆਂ ਹੋਣ, ਇਸੇ ਲਈ ਉਨ੍ਹਾਂ ਨੇ ਇਹ ਸਵਾਲ ਪੁਛੇ ਹਨ।

ਦਾਸ ਨੇ ਵੀਰ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ, ਕਿ ਦਾਸ ਕੋਈ ਵਿਦਵਾਨ ਨਹੀਂ, ਤੇ ਨਾਂ ਹੀ ਦਸਮ ਗ੍ਰੰਥ ਦੀ ਕੂੜ ਕਿਤਾਬ ਨੂੰ ਸਿਹਾਰੀਆਂ ਬਿਹਾਰੀਆਂ, ਭਾਸ਼ਾ ਤੇ ਕਾਲ ਆਦਿ ਨੂੰ ਲੈ ਕੇ ਅਧਿਐਨ ਕਰਦਾ ਹੈ। ਦਾਸ ਦਾ ਗਿਆਨ ਤੇ ਉਸ ਬਾਣੀਏ ਵਰਗਾ ਹੈ, ਜੋ ਖੰਡ ਦੀ ਇਕ ਬੋਰੀ 3000 ਦੀ ਖਰੀਦਦਾ ਹੈ, ਤੇ ਉਸ ਨੂੰ 3500 ਵਿੱਚ ਵੇਚ ਕੇ ਕਹਿੰਦਾ ਹੈ ਕੇ, ਇਸ ਵਿੱਚ ਮੈਨੂੰ 500 ਦਾ ਫਾਇਦਾ ਹੋਇਆ। ਜੇ ਉਹ ਬਾਣੀਆ ਉਸ ਨੂੰ 2500 ਵਿੱਚ ਵੇਚਦਾ ਹੈ, ਤੇ ਉਹ ਕਹਿੰਦਾ ਹੈ, ਕਿ ਮੈਨੂੰ 500 ਦਾ ਨੁਕਸਾਨ ਹੋਇਆ। ਉਸ ਦੀ ਕਸਵਟੀ ਜਾਂ ਬੈਂਚ ਮਾਰਕ, ਉਸ ਦੀ ਖਰੀਦ (3000) ਹੁੰਦੀ ਹੈ। ਉਸੇ ਤਰ੍ਹਾਂ ਜਦੋਂ, ਅਸੀਂ ਇਸ “ਕੂੜ ਕਿਤਾਬ” ਦਾ ਅਧਿਐਨ ਕਰਦੇ ਹਾਂ, ਤੇ ਸਾਡਾ ‘ਬੈਂਚ ਮਾਰਕ’ ਜਾਂ ‘ਕਸਵਟੀ’ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਹਨ। ਜੋ ਗਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ (ਸਿਧਾਂਤ) ਤੇ ਖਰੀ ਨਹੀਂ ਉਤਰਦੀ ਉਸ ਨੂੰ ਅਸੀਂ ਗੁਰੂ ਕ੍ਰਿਤ ਨਹੀਂ ਮੰਨਦੇ। ਵੀਰ ਜੀ, ਆਪ ਜੀ ਦੀ ਜਾਣਕਾਰੀ ਲਈ, ਇਹ ਸਪਸ਼ਟ ਕਰ ਦਿਆਂ, ਕਿ ਇਸ ਕੂੜ ਗ੍ਰੰਥ ਵਿੱਚ ਇੱਕ ਵੀ ਰਚਨਾ ਐੈਸੀ ਨਹੀਂ ਹੈ, ਜੋ ‘ਗੁਰੂ ਸਿਧਾਂਤ” ਦੇ ਬੈਂਚ ਮਾਰਕ ਤੇ ਖਰੀ ਉਤਰਦੀ ਹੋਵੇ। ਆਉ, ਹੁਣ ਬਿਉਰੇ ਵਾਰ ਆਪ ਜੀ ਦੇ ਸਵਾਲਾਂ ਦਾ ਜਵਾਬ ਦੇਣ ਦੀ, ਅਪਨੀ ਅਲਪ ਬੁਧੀ ਅਨੁਸਾਰ ਕੋਸ਼ਿਸ਼ ਕਰਦਾ ਹਾਂ। ਪਤਾ ਨਹੀਂ ਆਪ ਉਸ ਨਾਲ ਕਿਸ ਹਦ ਤਕ ਸਹਿਮਤ ਹੁੰਦੇ ਹੋ।


ਸਵਾਲ 1 - ਕੀ ਇਹ ਸੱਚ ਨਹੀਂ ਹੈ ਕਿ ‘ਬਚਿੱਤਰ ਨਾਟਕ’ ਦਾ ਲਿਖਾਰੀ ਇੱਕ ਨਹੀਂ, ਬਲਕਿ ਇੱਕ ਤੋਂ ਜ਼ਿਆਦਾ ਹਨ ਅਤੇ ਇਸ ਵਿੱਚ ਵੱਖੋ-ਵੱਖ ਲਿਖਤਾਂ ਨੂੰ ਇੱਕਠਾ ਕੀਤਾ ਗਿਆ ਹੈ?

ਜਵਾਬ 1 - ਬਿਲਕੁਲ ਠੀਕ ਹੈ। ਸੱਚ ਹੈ।


ਸਵਾਲ 2 - ਕੀ ਇਹ ਸੱਚ ਨਹੀਂ ਕਿ ‘ਅਜੀਬ ਡ੍ਰਾਮਾ’ ਨਾਮਕ ਗ੍ਰੰਥ, ਇਕ ਗ੍ਰੰਥ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਹੋਂਦ ਵਿੱਚ ਆਇਆ ਸੀ, ਜਿਸ ਵਿੱਚ ਕਿਸੇ ਚਾਲਬਾਜ਼ੀ ਅਤੇ ਉਸਦੇ ਅਸਰ ਹੇਠ ਵੱਖੋ-ਵੱਖ ਲਿਖਤਾਂ ਨੂੰ ਇੱਕ ਗ੍ਰੰਥ ਰੂਪ ਵਿੱਚ ਬੰਨ ਦਿੱਤਾ ਗਿਆ ਸੀ?

ਜਵਾਬ 2 - ਬਿਲਕੁਲ ਠੀਕ ਹੈ। ਸੱਚ ਹੈ।


ਸਵਾਲ 3 - ਕੀ ਇਹ ਇਤਿਹਾਸਕ ਤੱਥ ਨਹੀਂ, ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਗੁਰੂ ਘਰ ਦੀ ਦੇਖ-ਰੇਖ ਹੇਠ ਪੜਾਇਆ-ਲਿਖਾਇਆ ਗਿਆ ਸੀ?

ਜਵਾਬ 3 - ਬਿਲਕੁਲ ਠੀਕ ਹੈ। ਸੱਚ ਹੈ।


ਸਵਾਲ 4 - ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਸਕ੍ਰਿਤ, ਅਰਬੀ, ਹਿੰਦੀ, ਪੰਜਾਬੀ ਬ੍ਰਜ ਆਦਿ ਭਾਸ਼ਾਵਾਂ ਦਾ ਗਿਆਨ ਸੀ?

ਜਵਾਬ 4 - ਇਹ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਤੋਂ ਵੀ ਵੱਧ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਭਾਸ਼ਾਵਾਂ ਦਾ ਗਿਆਨ ਹੋਵੇ, ਜਿਨ੍ਹਾਂ ਦਾ ਤੁਸੀਂ ਜਿਕਰ ਕੀਤਾ ਹੈ। ਲੇਕਿਨ ਜੇ ਤੁਸੀਂ ਬਚਿਤ੍ਰ ਨਾਟਕ ਦੀਆਂ ਰਚਨਾਵਾਂ ਨੂੰ ਆਧਾਰ ਬਣਾ ਕੇ ਇਹ ਸਵਾਲ ਪੁਛ ਰਹੇ ਹੋ, ਤਾਂ ਇਸ ਬਾਰੇ ਇਨ੍ਹਾਂ ਹੀ ਕਹਿਣਾ ਹੈ ਕਿ ਜੇ ਅਸੀਂ ਉਸ ਵਿੱਚ ਦਰਜ ਕਿਸੇ ਰਚਨਾ ਨੂੰ ਗੁਰੂ ਕ੍ਰਿਤ ਮੰਨੀਏ, ਤਾਂ ਹੀ ਦਾਅਵੇ ਨਾਲ ਕਹਿ ਸਕਦੇ ਹਾਂ, ਕਿ ਹਾਂ ਉਨ੍ਹਾਂ ਨੂੰ ਫਲਾਂ ਭਾਸ਼ਾ ਦਾ ਗਿਆਨ ਸੀ। ਬਚਿਤ੍ਰ ਨਾਟਕ ਨੂੰ ਆਧਾਰ ਬਣਾ ਕੇ ਅਸੀਂ ਇਸ ਨਤੀਜੇ ਤੇ ਬਿਲਕੁਲ ਨਹੀਂ ਪਹੁੰਚ ਸਕਦੇ, ਕਿ ਉਨ੍ਹਾਂ ਨੂੰ ਕਿਸ ਕਿਸ ਭਾਸ਼ਾ ਦਾ ਗਿਆਨ ਸੀ।


ਸਵਾਲ 5 - ਕੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਭਾਸ਼ਾਵਾਂ ਕੋਈ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਸਿੱਖੀਆਂ ਸਨ, ਜਾਂ ਆਪਣੇ ਨਿਜੀ ਅਧਿਐਨ ਲਈ?

ਜਵਾਬ 5 - ਵੀਰ ਜੀ ਇਸ ਸਵਾਲ ਵਿੱਚ ਤੁਹਾਡੀ ਚਿਰ ਪਰਿਚਿਤ ਸੁਹਿਰਦ ਭਾਸ਼ਾ ਸ਼ੈਲੀ, ਥੋੜੀ ਥਿੜਕ ਗਈ ਹੈ। ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮਿਸ਼ਨ ਨੌ ਨਾਨਕਾਂ ਦੇ ਮਿਸ਼ਨ ਨੂੰ ਦਸਵਾਂ ਨਾਨਕ ਬਣ ਕੇ ਪੂਰਾ ਕਰਨਾ ਸੀ, ਨਾ ਕਿ ਉਹ ਇਥੇ ਕੋਈ ਸਰਕਾਰੀ ਨੌਕਰੀ ਲਭਣ ਆਏ ਸਨ। ਇਸ ਸਵਾਲ ਦੀ ਸ਼ਬਦਾਵਲੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਨਾਲ ਮੇਲ ਨਹੀ ਖਾਂਦੀ। ਖੈਰ! ਆਉ ਸਵਾਲ ਦਾ ਜਵਾਬ ਤਲਾਸ਼ੀਏ। ਕੋਈ ਵੀ ਮਨੁੱਖ ਕਿਸੇ ਵੀ ਭਾਸ਼ਾ ਦਾ ਗਿਆਨ ਇਸ ਲਈ ਅਰਜਿਤ ਨਹੀਂ ਕਰਦਾ, ਕਿ ਉਹ ਭਵਿੱਖ ਵਿੱਚ ਕੁੱਝ ਜ਼ਰੂਰ ਲਿਖੇਗਾ ਹੀ। ਕਈ ਵਿਦਵਾਨ ੲੈਸੇ ਵੀ ਹਨ, ਜੋ ਬਹੁਤ ਸਾਰੀਆਂ ਭਾਸ਼ਾਵਾਂ ਜਾਣਦੇ ਹਨ, ਲੇਕਿਨ ਉਨ੍ਹਾਂ ਨੇ ਕਦੀ ਵੀ ਕੁੱਝ ਨਹੀਂ ਲਿਖਿਆ। ਭਾਸ਼ਾਵਾਂ ਦਾ ਜਾਣਕਾਰ ਹੋਣਾਂ ਤੇ ਲਿਖਾਰੀ ਹੋਣਾ ਇਨ੍ਹਾਂ ਦਾ ਆਪਸੀ ਕੋਈ ਸੰਬੰਧ ਨਹੀਂ ਹੈ।


ਸਵਾਲ 6 - ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾ-ਤੌਰ ਮੁੱਖ ਪ੍ਰਚਾਰਕ ਆਪਣੇ ਭਾਸ਼ਾਈ ਗਿਆਨ ਦਾ ਉਪਯੋਗ ਪ੍ਰਚਾਰਕ ਤਿਆਰ ਕਰਨ ਅਤੇ ਬਾਣੀ ਅਤੇ ਪ੍ਰਚਲਿਤ ਕਥਿਤ ਧਾਰਮਿਕ-ਸਮਾਜਕ ਰਚਨਾਵਾਂ ਦੇ ਅਧਿਐਨ ਲਈ ਵੀ ਕੀਤਾ ਸੀ?

ਜਵਾਬ 6 - ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਵਿੱਚ ਨਾਨਕ ਫਲਸਫੇ ਦੇ ਮੁੱਖ ਪ੍ਰਚਾਰਕ ਸਨ। ਆਪਣੇ ਭਾਸ਼ਾਈ ਗਿਆਨ ਦਾ ਉਪਯੋਗ ਜਰੂਰ ਉਹ ਇਸ ਪ੍ਰਚਾਰ ਵਿਚ ਕਰਦੇ ਹੋਣਗੇ।


ਸਵਾਲ 7 - ਕਿਉਂਕਿ ਉਸ ਸਮੇਂ ਪਾਠਕਾਂ ਲਈ ਅਧਿਐਨ ਵਾਸਤੇ ਲਾਈਬਰੇਰੀਆਂ ਨਾ ਦੇ ਬਰਾਬਰ ਸਨ, ਇਸ ਲਈ ਕੀ ਇਹ ਇੱਕ ਗ਼ੈਰ ਸਿਧਾਂਤਕ ਗੱਲ ਕਹੀ ਜਾਏਗੀ, ਕਿ ਜੇਕਰ ਗੁਰੁ ਗੋਬਿੰਦ ਸਿੰਘ ਜੀ ਵਰਗੇ ਰਹਿਬਰ-ਪ੍ਰਚਾਰਕ ਨੇ ‘ਅੰਤਰ-ਧਾਰਮਿਕ/ਸਮਾਜਿਕ ਵਿਸ਼ਵਾਸ ਅਧਿਐਨ’ (Inter  Religious/Social Beliefs Study) ਲਈ ਕਈ ਪ੍ਰਕਾਰ ਦੀਆਂ ਹੋਰ ਰਚਨਾਵਾਂ ਨੂੰ ਕਿਸੇ ਤਰ੍ਹਾਂ ਪ੍ਰਾਪਤ (As Reference Literature) ਕੀਤਾ ਸੀ, ਜਾਂ ਉਹ ਉਨ੍ਹਾਂ ਪਾਸ ਕਿਸੇ ਤਰਾਂ ਪਹੁੰਚਿਆਂ ਹੋਣ? ਕੀ ਬਚਿੱਤਰ ਨਾਟਕ ਦੇ ਵਿਰੋਧੀ ਕੁੱਝ ਖ਼ੋਜੀ ਸੱਜਣਾਂ ਦੀ ਨਿਜੀ ਲਾਈਬਰੇਰੀ ਵਿੱਚ ਇਸ ਦੀਆਂ ਅਸ਼ਲੀਲ ਰਚਨਾਵਾਂ ਨਿਜੀ ਅਧਿਐਨ ਲਈ ਮੌਜੂਦ ਨਹੀਂ ਹਨ?

ਜਵਾਬ 7 - ਵੀਰ ਜੀ ਇਹ ਸਵਾਲ ਕੁੱਝ ਸਪਸ਼ਟ ਨਹੀਂ ਹੈ, ਫੇਰ ਵੀ ਜੋ ਕੁੱਝ ਸਮਝ ਆਂਉਦਾ ਹੈ, ਉਸ ਅਨੁਸਾਰ ਇਹ ਸੰਭਵ ਹੈ, ਕਿ ਕੋਈ ਵਿਅਕਤੀ ਕਿਸੇ ਵੀ ਵਿਸ਼ੈ ਤੇ ਅਧਿਐਨ ਲਈ ਕਿਸੇ ਵੀ ਪ੍ਰਕਾਰ ਦੇ ਸਾਹਿਤ ਨੂੰ ਆਪਣੀ ਲਾਇਬ੍ਰੇਰੀ ਵਿੱਚ ਰਖ ਸਕਦਾ ਹੈ। ਜਾਂ, ਉਹ ਸਾਹਿਤ ਜੋ ਕਿਸੇ ਭੇਂਟ ਕੀਤਾ ਹੋਵੇ, ਤੇ ਕੁੱਝ ਅਨਪੜ੍ਹਿਆ ਸਾਹਿਤ ਵੀ ਸਾਡੀ ਲਾਇਬ੍ਰੇਰੀ ਵਿੱਚ ਮੌਜੂਦ ਹੋ ਸਕਦਾ ਹੈ।


ਸਵਾਲ 8 - ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ 34 ਸਾਲ ਸਿੱਖ ਕੌਮ ਦੇ ਰਹਿਬਰ ਅਤੇ ਪ੍ਰਚਾਰਕ ਰਹੇ ਸੀ, ਅਤੇ ਇਸ ਅਰਸੇ ਦੌਰਾਨ ਉਹ ਸਿੱਖਾਂ ਨੂੰ ਮੌਖ਼ਿਕ ਅਤੇ ਲਿਖਤੀ ਰੂਪ ਵਿੱਚ ਸੰਬੋਧਿਤ ਕਰਦੇ ਹੁਕਮ ਜਾਰੀ ਕਰਦੇ ਰਹਿੰਦੇ ਸੀ?

ਜਵਾਬ 8 - ਇਹ ਸੱਚ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਐਸਾ ਕਰਦੇ ਰਹੇ ਹੋਣਗੇ। ਲੇਕਿਨ ਵੀਰ ਜੀ ਐਸਾ ਕੋਈ ਆਦੇਸ਼ ਜਾਂ ਪ੍ਰਚਾਰ ਦਾ ‘ਮੇਟੀਰਿਅਲ” ਇਸ ਬਚਿੱਤਰ ਨਾਟਕ ਵਿੱਚ ਮੌਜੂਦ ਨਹੀਂ ਹੈ। ਹਾਂ, ਜੇ ਪੰਥ ਕੋਲ਼ ਉਨ੍ਹਾਂ ਦੀ ਕੋਈ ਲਿਖਤ ਜਾਂ ਪ੍ਰਚਾਰ ਦਾ ਕੋਈ ਮੇਟੀਰਿਅਲ ਮੌਜੂਦ ਹੋਵੇ ਤੇ ਇਸ ਬਾਰੇ ਜਰੂਰ ਅਗਾਹ ਕਰਨਾ ਜੀ।


ਸਵਾਲ 9 - ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਸਿੱਖਾਂ ਲਈ ਖੰਡੇ-ਬਾਟੇ ਦੀ ਪਾਹੂਲ ਛੱਕਣ ਦਾ ਹੁਕਮ ਜਾਰੀ ਕੀਤਾ ਸੀ, ਅਤੇ ਇਸ ਹੁਕਮ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ ਪਦ ਵਰਤ ਕੇ ਦਰਜ ਕੀਤੇ ਬਿਨਾ ਜਾਰੀ ਕੀਤਾ ਗਿਆ ਸੀ?

ਜਵਾਬ 9 - ਵੀਰ ਜੀ ਇਸ ਸਵਾਲ ਵਿੱਚ ਆਪ ਜੀ ਨੇ ਕਈ ਸਵਾਲਾਂ ਨੂੰ ਰੱਲ ਗੱਡ ਕਰ ਦਿਤਾ ਹੈ। ਇਸ ਵਿੱਚ ਕਈ ਸਵਾਲ ਹਨ।

ਪਹਿਲਾ ਇਹ ਕਿ, ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਛੱਕਣ ਲਈ ਹੁਕਮ ਕੀਤਾ। ਜਿਸ ਖੰਡੇ ਬਾਟੇ ਦੀ ਪਾਹੁਲ ਦੀ ਤੁਸੀਂ ਗਲ ਕਰ ਰਹੇ ਹੋ, ਬਹੁਤ ਸਾਰੇ ਲੋਕੀਂ ਇਸ ਨੂੰ ਹੁਣ ‘ਅੰਮ੍ਰਿਤ” ਵੀ ਕਹਿਣ ਲਗ ਪਏ ਨੇ, ਜਦੋਂ ਕਿ ‘ਨਾਨਕ ਅੰਮ੍ਰਿਤ ਏਕੁ ਹੈ’ ਦਾ ਸਪਸ਼ਟ ਸਿਧਾਂਤ ਸਾਡੇ ਸਾਮ੍ਹਣੇ ਮੌਜੂਦ ਹੈ। ਇਸ ਬਾਰੇ ਵੱਖ ਵੱਖ ਸਾਖੀਆਂ ਤੇ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ। ਮੇਰੇ ਨਿਜੀ ਵੀਚਾਰਾਂ ਵਿੱਚ ਗੁਰੂ ਸਾਹਿਬ ਨੇ 1699 ਦੇ ਦੀਵਾਨ ਵਿੱਚ ਸਿੱਖਾਂ ਦੇ ਜਜ਼ਬੇ ਤੇ ਗੁਰੂ ਘਰ ਲਈ ਸਮਰਪਣ ਦਾ ਕੇਵਲ ਇੱਕ ਇਮਤਿਹਾਨ ਲਿਆ ਸੀ, ਉਸ ਦਾ ਕੋਈ ਹੋਰ ਮਕਸਦ ਨਹੀਂ ਸੀ। ਆਉਣ ਵਾਲੇ ਭਿਆਨਕ ਸਮੇਂ ਵਿੱਚ ਸਿੱਖਾਂ ਨੂੰ ਉਨਾਂ ਮਰਜੀਵੜਿਆਂ ਦੀ ਜਰੂਰਤ ਪੈਣੀ ਹੈ, ਜੋ ਗੁਰੂ ਸਿਧਾਂਤਾਂ ਦੇ ਜਾਣਕਾਰ ਹੋਣ ਦੇ ਨਾਲ ਨਾਲ, ਉਨ੍ਹਾਂ ਸਿਧਾਂਤਾਂ ਦੀ ਰਾਖੀ ਲਈ, ਆਪਣੇ ਪ੍ਰਾਂਣਾਂ ਦੀ ਵੀ ਪਰਵਾਹ ਨਾ ਕਰਨ, ਇਹ ਗਲ ਗੁਰੂ ਸਾਹਿਬ ਜੀ ਦੀ ਦੂਰ ਦ੍ਰਸਟੀ ਵਿੱਚ, ਚੰਗੀ ਤਰ੍ਹਾਂ ਆ ਚੁਕੀ ਸੀ।

ਉਨਾਂ ਦਾ ਸਿੱਖ ਕੇਵਲ ਸਿਧਾਂਤਕ ਰੂਪ ਵਿੱਚ ਹੀ, ਪਰਪੱਕ ਹੋਇਆ ਕਿ ਉਸ ਵਿੱਚ ਇਸ ਸਿਧਾਂਤ ਦੀ ਰਾਖੀ ਲਈ ਆਪਣਾ ਸਭ ਕੁਛ ਕੁਰਬਾਨ ਕਰ ਦੇਣ ਦਾ ਜਜਬਾ ਵੀ ਮੌਜੂਦ ਹੈ। 1699 ਦੇ ਇਸ ਸਾਰੇ ਪ੍ਰਕਰਣ ਦੇ ਪਿਛੇ ਗੁਰੂ ਸਾਹਿਬ ਦਾ ਕੇਵਲ ਇਹ ਹੀ ਮਕਸਦ ਸੀ, ਉਨਾਂ ਨੇ ਇਸ ਪੂਰੇ ਪ੍ਰਕਰਣ ਵਿੱਚ ਕੀ ਕੀਤਾ ਤੇ ਕੀ ਵਾਪਰਿਆ, ਇਸ ਬਾਰੇ ਵੀ ਵੱਖ ਵੱਖ ਸਾਖੀਆਂ ਤੇ ਇਤਿਹਾਸ ਮੌਜੂਦ ਹੈ। ਜਿਸ ਵਿਚ ਬਹੁਤ ਸਾਰਾ ਇਤਿਹਾਸ ਤੇ ਮਰਿਯਾਦਾ ਬਚਿੱਤਰ ਨਾਟਕ ਦੀਆਂ ਕਹਾਣੀਆਂ ਤੇ ਸਾਖੀਆਂ ਉਪਰ ਆਧਾਰਿਤ ਵੀ ਹੈ। ਪਿਛਲੇ ਦਿਨੀ ਇੱਕ ਜਾਗਰੂਕ ਵੀਰ ਨੇ ਕਿਸੇ ਵਿਦਵਾਨ ਕੋਲੋਂ ਖੰਡੇ ਬਾਟੇ ਦੀ ਪਾਹੁਲ ਵੇਲੇ ਚਲੀ ਆ ਰਹੀ ਮਰਿਯਾਦਾ ਬਾਰੇ ਇਹ ਸਵਾਲ ਪੁਛ ਲਿਆ ਸੀ, ਕਿ ਅੱਖਾਂ ਤੇ ਸਿਰ ਵਿੱਚ ਮਿੱਠਾ ਪਾਣੀ ਪਾਉਣ ਦਾ ਕੀ ਸਿਧਾਂਤਕ ਮਹਤੱਵ ਅਤੇ ‘ਲੌਜਿਕ’ ਹੈ, ਉਸ ਨੂੰ ਰੂੜੀਵਾਦੀ ਸਿੱਖਾਂ ਨੇ ਬਹੁਤ ਬੁਰੀ ਤਰ੍ਹਾਂ ਪ੍ਰਤਾੜਿਤ ਕੀਤਾ, ਲੇਕਿਨ ਕਿਸੇ ਨੇ ਵੀ ਉਸ ਦੀ ਸ਼ੰਕਾ ਦਾ ਜਵਾਬ, ਉਸ ਨੂੰ ਨਾ ਦਿਤਾ। ਇਸ ਸਵਾਲ ਨੂੰ ਪੁਛਣ ਤੋਂ ਪਹਿਲਾਂ ਆਪ ਜੀ ਨੂੰ ਉਸ ਵੀਰ ਦੇ ਇਸ ਸਵਾਲ ਦਾ ਸਪਸ਼ਟ ਜਵਾਬ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਦੇਣਾ ਪਵੇਗਾ। ਮੌਜੂਦਾ ‘ਅੰਮ੍ਰਿਤ ਸੰਚਾਰ” ਕਹੇ ਜਾਣ ਵਾਲੇ ਸੰਸਕਾਰ ਵਿੱਚ ਵੀ ਬਹੁਤ ਸਾਰੀ ਮਰਿਯਾਦਾ, ਇਸ ਬਚਿੱਤਰ ਨਾਟਕ ਵਿੱਚ ਲਿਖਿਆਂ ਸਾਖੀਆਂ ਤੇ ਰਚਨਾਵਾਂ ਅਨੁਸਾਰ ਬਣਾ ਲਈ ਗਈ, ਜੋ ਅੱਜ ਤੱਕ ਚਲੀ ਆ ਰਹੀ ਹੈ।

ਕੀ ਤੁਸੀਂ ਕਿਸੇ ਪ੍ਰਮਾਣਿਕ ਪੁਰਾਤਨ ਲਿਖਤ ਜਾਂ ਇਤਿਹਾਸ ਦਾ ਹਵਾਲਾ ਦੇਕੇ, ਇਹ ਸਿੱਧ ਕਰ ਸਕਦੇ ਹੋ ਕਿ 1699 ਤੋਂ ਬਾਅਦ ਗੁਰੂ ਸਾਹਿਬ ਦੇ ਜੀਵਨ ਕਾਲ ਵਿੱਚ, ਕਿਸੇ ਵੇਲੇ ਵੀ ਖੰਡੇ ਬਾਟੇ ਦੀ ਪਾਹੁਲ ਛਕਾਉਣ ਦੇ ਸਮਾਗਮਾਂ ਦੇ ਆਯੋਜਨ 1699 ਦੇ ਉਸ ਪ੍ਰਕਰਣ ਤੋਂ ਬਾਅਦ ਕੀਤੇ ਜਾਂਦੇ ਰਹੇ? ਕੀ ਇਸ ਦਾ ਕੋਈ ਜਿਕਰ ਆਂਉਦਾ ਹੈ, ਜਾਂ ਇਸ ਬਚਿੱਤ੍ਰ ਨਾਟਕ ਦੇ ਹੋਂਦ ਵਿਚ ਆਉਣ ਤਂੋ ਬਾਅਦ ਇਸ ਦੀ ਸ਼ੁਰੂਆਤ ਹੋਈ? ਤੁਸੀਂ ਕਹੋਗੇ ਕੇ ਵੀਰ ਜੀ ਜਵਾਬ ਦੇਂਦੇ ਦੇਂਦੇ, ਤੁਸੀਂ ਹੀ ਸਵਾਲ ਕਰਨ ਲਗ ਪਏ। ਵੀਰ ਹਰਦੇਵ ਸਿੰਘ ਜੀ, ਤੁਹਾਡੇ ਸਵਾਲ ਦਾ ਜਵਾਬ ਹੀ ਇਹ ਸਵਾਲ ਹੈ। ਜੇ ਤੁਹਾਡੇ ਕੋਲ ਇਸ ਸਵਲ ਦਾ ਜਵਾਬ ਹੈ, ਤੇ ਉਹ ਹੀ ਆਪ ਜੀ ਦੇ ਸਵਾਲ ਦਾ ਜਵਾਬ ਹੋਵੇਗਾ, ਜੋ ਖੰਡੇ ਬਾਟੇ ਦੀ ਪਾਹੁਲ ਲੈਣ ਦਾ ਹੁਕਮ 1699 ਵਿੱਚ ਗੁਰੂ ਸਾਹਿਬ ਨੇ ਕੀਤਾ ਸੀ, ਜਾਂ ਇਹ ਮਰਿਯਾਦਾ ਗੁਰੂ ਸਾਹਿਬ ਦੇ ਜੀਵਨ ਕਾਲ ਤੋਂ ਬਾਅਦ ਸਿੱਖਾਂ ਨੇ ਸ਼ੁਰੂ ਕੀਤੀ, ਪਹਿਲਾਂ ਇਸ ਸਵਾਲ ਦਾ ਜਵਾਬ ਆਪ ਜੀ ਨੂੰ ਲਭਣਾ ਪਵੇਗਾ। ਜੇ ਗੁਰੂ ਸਾਹਿਬ ਦੇ ਜੀਵਨ ਕਾਲ ਵਿੱਚ ਇਹ ਖੰਡੇ ਬਾਟੇ ਦੀ ਪਾਹੁਲ ਛਕਾਉਣ ਵਾਲੇ ਆਯੋਜਨ ਹੂੰਦੇ ਸਨ, ਤੇ ਉਸ ਵਿੱਚ ਕਿਹੜੀਆਂ ਬਾਣੀਆਂ ਤੇ ਮਰਿਯਾਦਾ ਵਰਤੀ ਜਾਂਦੀ ਸੀ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਮਿਲਣ ਤੇ ਹੀ, ਆਪਜੀ ਦੇ ਸਵਾਲ ਦਾ ਸਟੀਕ ਜਵਾਬ ਦਿਤਾ ਜਾ ਸਕਦਾ ਹੈ।

ਤੁਹਾਡੇ ਇਸ ਸਵਾਲ ਦੇ ਅਗਲੇਰੇ ਹਿੱਸੇ ਦਾ ਉਤਰ ਇਹ ਹੈ, ਕਿ ਗੁਰੂ ਬਾਣੀ ਦੇ ਵਿੱਚ ‘ਨਾਨਕ’ ਸ਼ਬਦ ਦੀ ਮੋਹਰ ਇੱਕ “ਸਿਧਾਂਤ” ਹੈ ਨਾ ਕਿ ਕਿਸੇ ਕਵੀ ਦਾ ਨਾਮ। ਨਾਨਕ ਫਲਸਫੇ ਉਪਰ ਆਧਾਰਿਤ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਵਿੱਚ ਇਸ ਗਲ ਨੂੰ ਪ੍ਰੋੜਤਾ ਗੁਰੂ ਸਾਹਿਬਾਨ ਨੇ ਕੀਤੀ ਹੈ। ਇੱਕ ਸਿੱਖ ਨੂੰ ਗੁਰਬਾਣੀ ਵਿਚੋਂ ਆਦੇਸ਼ ਪ੍ਰਾਪਤ ਹੁੰਦੇ ਨੇ, ਨਾ ਕਿ ਮੌਖਿਕ ਰੂਪ ਵਿੱਚ ਕਿਸੇ ਸੁਣੀ ਸੁਣਾਈ ਕਹਾਣੀ ਜਾਂ ਸਾਖੀ ਵਿਚੋਂ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਸਿੱਖ ਲਈ “ਸੰਪੂਰਣ ਤੇ ਅੰਤਿਮ” ਹੈ, ਇਸ ਤੋਂ ਬਾਹਰ ਸਾਡੇ ਲਈ ਕੋਈ ਆਦੇਸ਼ ਤੇ ਨਿਰਣੈ ਕੋਈ ਮਹਤਵ ਨਹੀਂ ਰਖਦਾ ਜੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਬਾਹਰ ਹੋਵੇ। ਗੁਰੂ ਗ੍ਰੰਥ ਸਾਹਿਬ ਇਕ ‘ਸੰਪੂਰਣ ਤੇ ਸਮਰਥ’ ਗੁਰੂ ਹੈ।

ਰਹੀ ਗਲ ਆਪਦੇ ਸਵਾਲ ਦੇ ਉਸ ਹਿੱਸੇ ਦੀ, ਜਿਸ ਵਿੱਚ ਤੁਸੀਂ ਇਹ ਕਹਿਆ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕ ਸ਼ਬਦ ਦੀ ਵਰਤੋਂ ਕੀਤੇ ਬਿਨਾਂ ਇਹ ਆਦੇਸ਼ ਜਾਰੀ ਕੀਤਾ। ਜੇ ਉਨਾਂ ਨੇ ਐਸਾ ਕੋਈ ਲਿਖਤ ਆਦੇਸ਼ ਜਾਰੀ ਕੀਤਾ, ਤੇ ਆਪ ਜੀ ਨੂੰ ਉਸ ਦਾ ਪ੍ਰਮਾਣ ਵੀ ਇਸ ਸਵਾਲ ਨਾਲ ਲਾਉਣਾ ਬਣਦਾ ਸੀ। ਜੇ ਗੁਰੂਆਂ ਨੇ ਅਪਣੇ ਸਿੱਖਾਂ ਨੂੰ ਮੌਖਿਕ ਸੰਦੇਸ਼ ਤੇ ਆਦੇਸ਼ ਹੀ ਦੇਣੇ ਹੁੰਦੇ ਤੇ ਸ਼ਬਦ ਗੁਰੂ ਦੀ ਸਥਾਪਨਾ ਕਰਨ ਦੀ ਕੀ ਲੋੜ ਸੀ?


ਸਵਾਲ 10 - ਅਗਰ ਇੱਕ ਆਮ ਜਿਹੇ ਲੇਖਕ ਜਾਂ ਕਵੀ ਨੂੰ ਗੁਰਬਾਣੀ ਅਨੁਸਾਰੀ ਲੇਖ ਜਾਂ ਕਵਿਤਾ ਲਿਖਣ-ਬੋਲਣ ਦਾ ਅਧਿਕਾਰ ਹੈ, ਤਾਂ ਕਿ ਗੁਰੂ ਨੂੰ ਪ੍ਰਚਾਰ ਲਈ ਗੁਰਬਾਣੀ ਅਨੁਸਾਰੀ ਕੁੱਝ ਬੋਲਣ ਜਾਂ ਲਿਖਣ ਦਾ ਅਧਿਕਾਰ ਨਹੀਂ ਸੀ ਹੋ ਸਕਦਾ? ਅਗਰ ਉਹ ਗੁਰਬਾਣੀ ਅਨੁਸਾਰੀ ਕਹਿੰਦੇ ਬਹੁਤ ਕੁੱਝ ਸੀ ਤਾਂ ਗੁਰਬਾਣੀ ਅਨੁਸਾਰ ਕੁੱਝ ਲਿਖ ਕਿਉਂ ਨਹੀਂ ਸੀ ਸਕਦੇ?

ਜਵਾਬ 10 - ਵੀਰ ਜੀ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖੀ ਕੋਈ ਰਚਨਾ ਹੈ, ਤੇ ਉਸ ਨੂੰ ਕੌਮ ਦੇ ਸਾਹਮਣੇ ਜਰੂਰ ਲਿਆਉ, ਜੇ ਤੁਹਾਡਾ ਇਸ਼ਾਰਾ ਬਚਿੱਤਰ ਨਾਟਕ ਵਾਲੇ ਪਾਸੇ ਹੈ, ਤੇ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ, ਕਿ ਪਹਿਲੇ ਨਾਨਕ ਤੋਂ ਲੈ ਕੇ ਨੌਵੇਂ ਨਾਨਕ ਤੱਕ ਜਿਸ ਗੁਰੂ ਨੇ ਵੀ ਕੋਈ ਬਾਣੀ ਲਿਖੀ ਹੈ, ਉਹ ‘ਇਕ ਕਰਤੇ’ ਦੀ ਉਸਤਤਿ ਤੇ ਉਸ ਦੇ ‘ਸੱਚੇ ਸਿਧਾਂਤਾਂ’ ਬਾਰੇ ਹੀ ਲਿਖੀ ਹੈ, ਤੇ ਬ੍ਰਾਹਮਣੀ ਕਰਮਕਾਂਡਾਂ ਤੇ ਵਹਿਮਾਂ ਭਰਮਾਂ ਦਾ ਖੰਡਨ ਕਰਦੀ ਹੈ। ਆਪਣੇ ਸਿੱਖ ਨੂੰ ਜੀਵਨ ਜਾਚ ਤੇ ਸੇਧ ਦੇਂਦੀ ਹੈ, ਨਾ ਕੇ ਸ਼ਬਦ ਗੁਰੂ ਤੇ ਨਾਨਕ ਫਲਸਫੇ ਦੇ ਸਿਧਾਂਤ ਦੇ ਉਲਟ ਅਵਤਾਰਵਾਦ, ਦੇਵੀ ਪੂਜਾ ਤੇ ਅਸ਼ਲੀਲ ਰਚਨਾਵਾਂ ਲਿਖ ਕੇ ਸਿੱਖ ਦਾ ਜੀਵਨ ਖਰਾਬ ਕਰਨ ਲਈ ਕੋਈ ਗੁਰੂ ਆਪਣਾ ਕੀਮਤੀ ਸਮਾਂ ਬਰਬਾਦ ਕਿਉਂ ਕਰੇਗਾ?


ਸਵਾਲ 11 - ਗੁਰੂ ਗੋਬਿੰਦ ਸਿੰਘ ਜੀ ਆਪਣੀ ਕਿਸੇ ਲਿਖਤ ਵਿੱਚ ਨਾਨਕ ਪਦ ਤਾਂ ਹੀ ਵਰਤ ਸਕਦੇ ਸੀ, ਜੇ ਕਰ ਉਨ੍ਹਾਂ ਦੀ ਮੰਸ਼ਾ ਗੁਰਬਾਣੀ ਲਿਖਣੀ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨੀ ਹੁੰਦੀ। ਕੀ ਉਨ੍ਹਾਂ ਲਈ ਗੁਰੂਬਾਣੀ ਤੋਂ ਬਾਹਰ ਗੁਰਬਾਣੀ ਅਨੁਸਾਰੀ ਕਿਸੇ ਖ਼ਯਾਲ ਨੂੰ ਕਵਿਤਾ ਸ਼ੈਲੀ ਵਿੱਚ ਕਲਮਬੱਧ ਕਰਨ ਲਈ ਵੀ ਨਾਨਕ ਪਦ ਵਰਤਨਾ ਜ਼ਰੂਰੀ ਸੀ ਅਤੇ ਕੀ ਉਨ੍ਹਾਂ ਨੂੰ ਐਸਾ ਹੀ ਕਰਨਾ ਚਾਹੀਦਾ ਸੀ?

ਜਵਾਬ- 11 ਵੀਰ ਜੀ, ਇਹ ਤੇ ਸਵਾਲ ਬਹੁਤ ਹੌਲਾ ਹੈ, ਤੇ ਇਸ ਦਾ ਜਵਾਬ ਇਹ ਹੈ, ਕਿ ਗੁਰੂ ਜੋ ਕੁੱਝ ਵੀ ਬੋਲਦਾ ਜਾਂ ਲਿਖਦਾ ਹੈ, ਉਹ “ਗੁਰਬਾਣੀ’ ਹੀ ਕਹਿਲਾਉਂਦੀ ਹੈ। ਗੁਰੂ ਕੁੱਝ ਵੀ ਫਾਲਤੂ ਨਾ ਕਹਿੰਦਾ ਤੇ ਨਾ ਲਿਖਦਾ ਹੈ। ਗੁਰੂ ਜੋ ਕੁੱਝ ਵੀ ਕਹਿੰਦਾ ਹੈ ਉਹ ‘ਯੂਨੀਵਰਸਲ ਟਰੁਥ’ ਤੇ ਰੱਬ ਦਾ ਕਹਿਆ ਮੰਨਿਆ ਜਾਂਦਾ ਹੈ। ਸਮਰੱਥ ਗੁਰੁ, ਊਲ ਜਲੂਲ ਕਹਾਣੀਆ ਨਹੀਂ ਲਿਖਦਾ। ਉਹ ਜੋ ਲਿਖ ੰਿਦਦਾ ਹੈ, ਉਹ ਗੁਰੂ ਕੀ ਬਾਣੀ ਹੀ ਕਹਿਲਾਉਂਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਜੇ ਗੁਰੂ ਤੇਗ ਬਹਾਦੁਰ ਸਾਹਿਬ ਦੀ ਬਾਣੀ ਨੂੰ “ਸ਼ਬਦ ਗੁਰੂ” ਵਿੱਚ ਦਰਜ ਕੀਤਾ, ਤੇ ਉਸ ਵਿੱਚ ਵੀ ਨਾਨਕ ਫਲਸਫੇ ਦੀ ਮੋਹਰ “ਨਾਨਕ ਪਦ” ਮੌਜੂਦ ਸੀ। ਗੁਰੂ ਗੋਬਿੰਦ ਸਿੰਘ ਨੇ ਜੇ ਆਪਣੀ ਬਾਣੀ (ਕਥਿਤ) ਵਿੱਚ ਕੀ ਜਰੂਰੀ ਸਮਝਿਆ, ਕਿ ਨਾਨਕ ਪਦ ਦੀ ਵਰਤੋਂ ਨਹੀਂ ਕੀਤੀ ਤੇ ਆਪਣੇ ਆਪ ਨੂੰ ਪਾਤਸ਼ਾਹੀ 10 ਘੋਸ਼ਿਤ ਕਰ ਦਿਤਾ। ਜੇ ‘ਮਹਲਾ’ ਪਦ ਦੀ ਥਾਂ ਪਾਤਸ਼ਾਹੀ ਸ਼ਬਦ ਜਰੂਰੀ ਸੀ, ਤੇ ਉਨਾਂ ਨੇ ਸ਼ਬਦ ਗੁਰੂ ਨੂੰ ਗੁਰਤਾਗੱਦੀ ਦੇਣ ਵੇਲੇ ‘ਮਹਲਾ’ ਸ਼ਬਦ ਨੂੰ ਪਾਤਸ਼ਾਹੀ ਵਿੱਚ ਤਬਦੀਲ ਕਿਉਂ ਨਹੀਂ ਕਰ ਦਿੱਤਾ? ਜੇ ਉਨਾਂ ਨੂੰ ਪਹਿਲੇ ਗੁਰੂਆਂ ਦੀ ਬਾਣੀ ਵਿੱਚ ਕੋਈ ਰੱਦੋਬਦਲ ਕਰਨ ਦਾ ਹੱਕ ਨਹੀਂ ਸੀ, ਤੇ ਕੀ ਜ਼ਰੂਰਤ ਪੈ ਗਈ ਅਤੇ ਉਸ ਦੇ ਪਿੱਛੇ ਕੀ ਸਿਧਾਂਤਕ ਮਜਬੂਰੀ ਸੀ, ਕਿ ਉਨ੍ਹਾਂ ਨੂੰ ਆਪਣੀ (ਕਥਿਤ) ਬਾਣੀ ਵਿੱਚ ਇਸ ਸਿਧਾਂਤ ਨੂੰ ਬਦਲਣਾ ਪਿਆ, ਜੋ ਪਹਿਲੇ ਗੁਰੂਆਂ ਨੇ ਬਾਣੀ ਲਿਖਣ ਵੇਲੇ ਦਰਜ ਕੀਤਾ। ਕੀ ਗੁਰੂ ਗੋਬਿੰਦ ਸਿੰਘ ਜੀ ਉਸ ਸਿਧਾਂਤ ਦੇ ਖਿਲਾਫ ਸਨ? ਇਹ ਸਾਰ ਸਵਾਲ ਨੇ ਵੀਰ ਜੀ, ਜੋ ਇਹ ਸਿੱਧ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੋਈ ਬਾਣੀ ਜਾਂ ਗੁਰਬਾਣੀ ਆਪਣੇ ਜੀਵਨ ਕਾਲ ਵਿੱਚ ਨਹੀਂ ਲਿਖੀ।

ਦਾਸ ਕੋਲ ਜੋ ਤੁੱਛ ਬੁੱਧੀ ਸੀ ਵੀਰ ਜੀ, ਉਸ ਅਨੁਸਾਰ ਜਲਦੀ ਤੋਂ ਜਲਦੀ ਉਸ ਬਾਣੀਏ ਵਾਂਗ ਆਪਣੇ ਵੀਚਾਰ ਦੇਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਜਿਕਰ ਦਾਸ ਨੇ ਉਪਰ ਕੀਤਾ ਹੈ। ਕੋਈ ਗਲਤੀ ਹੋ ਗਈ ਹੋਵੇ ਤੇ ਖਿਮਾਂ ਕਰਨਾਂ ਜੀ। ਹਾਂ ਤੁਸੀਂ ਇੱਕ ਬਹੁਤ ਅਹਿਮ ਨੁਕਤਾ ਤਾਂ ਸਵਾਲਾਂ ਵਿਚ ਪੁਛਣਾ ਹੀ ਭੁਲ ਗਏ! ਉਹ ਹੈ, ਇਸ ਗ੍ਰੰਥ ਦੀ ਅੰਤਲੀ ਰਚਨਾ ‘ਜਫਰਨਾਮਾ’। ਇਸ ਬਾਰੇ ਪੁਛਦੇ ਤੇ ਮੇਰੇ ਗਿਆਨ ਵਿੱਚ ਵੀ ਕੁੱਝ ਵਾਧਾ ਹੋ ਜਾਂਦਾ, ਕਿਉਂਕਿ ਇਸ ਰਚਨਾ ਬਾਰ ਮੇਰਾ ਅਧਿਐਨ ਵੀ ਅਧੂਰਾ ਹੈ। ਆਪ ਜੀ ਨੂੰ ਚਾਹੀਦਾ ਹੈ ਕਿ ਇਸ ਚਰਚਾ ਵਿੱਚ ਪੰਥ ਦੇ ਵਿਦਵਾਨ ਸ. ਇੰਦਰ ਸਿੰਘ ਘੱਗ, ਵੀਰ ਗੁਰਚਰਣ ਸਿੰਘ ਜਿਊਣਵਾਲਾ, ਵੀਰ ਦਲਬੀਰ ਸਿੰਘ ਐਮ.ਐਸ.ਸੀ, ਗਿਆਨੀ ਜਗਤਾਰ ਸਿੰਘ ਜੀ ਜਾਚਕ, ਗਿਆਨੀ ਸੁਰਜੀਤ ਸਿੰਘ ਜੀ, ਡਾ. ਗੁਰਮੁਖ ਸਿੰਘ ਜੀ, ਵੀਰ ਰਾਜਿੰਦਰ ਸਿੰਘ ਜੀ ਆਦਿ ਵਿਦਵਾਨਾਂ ਨੂੰ ਵੀ ਸ਼ਾਮਿਲ ਕਰੋ, ਜਿਨ੍ਹਾਂ ਨੇ ਆਪਣੇ ਜੀਵਨ ਦਾ ਇੱਕ ਬਹੁਤ ਵੱਡਾ ਹਿੱਸਾ, ਇਸ ‘ਬਚਿਤ੍ਰ ਨਾਟਕ’ ਦੇ ਅਧਿਐਨ ‘ਤੇ ਲਾ ਦਿੱਤਾ ਹੈ। ਇਨ੍ਹਾਂ ਸਵਾਲਾਂ ‘ਤੇ ਉਨ੍ਹਾਂ ਦੇ ਵੱਡਮੁਲੇ ਵਿਚਾਰ ਮੇਰੇ ਵਰਗੇ ਅਨਗਿਣਤ ਪਾਠਕਾਂ ਦੀ ਸ਼ੰਕਾ ਨੂੰ ਦੂਰ ਕਰ ਸਕਣਗੇ।

ਭੁਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਜੀ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top