Share on Facebook

Main News Page

‘ਜਵਾਬ ਭਾਲਦੇ 11 ਸਵਾਲ’

ਇਸ ਛੋਟੀ ਜਿਹੀ ਵਿਚਾਰ ਚਰਚਾ ਰਾਹੀਂ ਦਾਸ ਕੁੱਝ ਸੁਭਾਵਕ ਸਵਾਲਾਂ ਦੇ ਨਾਲ ਹਾਜ਼ਰ ਹੈ ਜੋ ਕਿ ਮੋਜੂਦਾ ਹਾਲਾਤਾਂ ਦੇ ਮੱਧੇ ਨਜ਼ਰ ਜ਼ਹਿਨ ਵਿੱਚ ਉੱਠਦੇ ਰਹਿੰਦੇ ਹਨ। ਇਹ ਕੇਵਲ ਅਸਲੀਅਤ ਨੂੰ ਸਮਝਣ ਦਾ ਜਤਨ ਹੈ ਨਾ ਕਿ ਫ਼ਿਲਹਾਲ ਕੋਈ ਨਿਰਨਾ ਦੇਣ ਦਾ।

ਆਪਣੇ ਕੁੱਝ ਲੇਖਾਂ ਵਿੱਚ ਅਤੇ ਕਈ ਸੱਜਣਾ ਨਾਲ ਵਿਚਾਰ ਕਰਦੇ ਮੈਂ ਇਹ ਸਵਾਲ ਕਈ ਵਾਰ ਚੁੱਕੇ ਹਨ ਪਰ ਇਨ੍ਹਾਂ ਦਾ ਕੋਈ ਤਸੱਲੀਬਖ਼ਸ਼ ਜਵਾਬ ਅੱਜੇ ਤਕ ਪ੍ਰਾਪਤ ਨਹੀਂ ਹੋਈਆ।ਵਿਸ਼ੇਸ਼ ਤੋਰ ਤੇ ਉਨ੍ਹਾ ਸੱਜਣਾ ਪਾਸਿਯੋਂ ਜੋ ਕਿ ਕਿਸੇ ਇੱਕ ਵੀ ਲਿਖਤ ਨੂੰ ਗੁਰੁ ਗੋਬਿਂਦ ਸਿੰਘ ਜੀ ਪਾਸਿਯੋਂ ਲਿਖਿਆ-ਲਿਖਵਾਈਆ ਨਹੀਂ ਮੰਨਦੇ। ਇਸ ਵਿਸ਼ੇ ਤੇ ਬਾ-ਤੋਰ ਜਾਣਕਾਰ ਹੋਂਣ ਦੇ, ਉਨ੍ਹਾ ਨੂੰ ਮੇਰੇ ਵਰਗੇ ਇੱਕ ਆਮ ਜਿਗਯਾਸੂ ਦੀ ਜਿਗਯਾਸਾ ਨੂੰ ਰਾਹੇ ਪਾਉਂਣ ਵਿੱਚ ਮਦਦ ਤਾਂ ਕਰਨੀ ਚਾਹੀਦੀ ਹੈ। ਮੈਂ ਇਸ ਮਦਦ ਲਈ ਬਹੁਤ ਧਨਵਾਦੀ ਹੋਵਾਂ ਗਾ।

ਇਸ ਤੋਂ ਪਹਿਲਾਂ ਕਿ ਉਹ ਇਹ ਕਿਰਪਾਲਤਾ ਕਰਨ, ਮੈਂ ਸਪਸ਼ਟ ਕਰ ਦੇਵਾਂ ਕਿ ਦਾਸ ਸ਼ੁਰੂ ਤੋਂ ਹੀ ਕਿਸੇ ‘ਅਜੀਬ ਡ੍ਰਾਮੇ’ (ਬਚਿੱਤਰ ਨਾਟਕ) ਵਰਗੇ ਗ੍ਰੰਥ ਵਿੱਚ ਯਕੀਨ ਨਹੀਂ ਰੱਖਦਾ ਅਤੇ ਨਾਲ ਹੀ ਗੁਰੂੁ ਗੋਬਿੰਦ ਸਿੰਘ ਜੀ ਦੀ ਕਹੀ ਜਾਂਦੀ ਕਿਸੇ ਵੀ ਲਿਖਤ ਨੂੰ ਗੁਰਬਾਣੀ ਤੁਲ ਨਹੀਂ ਸਮਝਦਾ। ਮੇਰਾ ਇਹ ਦ੍ਰਿੜ ਨਿਸ਼ਚਾ ਹੈ ਕਿ ਗੁਰੂ ਗੋਬਿਂਦ ਸਿੰਘ ਜੀ ਨੇ ਕਦੇ ਵੀ ‘ਗੁਰਬਾਣੀ’ ਨਹੀਂ ਸੀ ਰਚੀ। ਹਾਂ ਇਤਨਾ ਜ਼ਰੁਰ ਹੈ ਕਿ ਉਨ੍ਹਾਂ ਨੇ ਗੁਰਬਾਣੀ ਅਨੁਸਾਰੀ ਕਈ ਹਿਦਾਇਤਾਂ ਮੌਖਿਕ ਜਾਂ ਲਿਖਤੀ ਰੁਪ ਵਿੱਚ ਸਿੱਖਾਂ ਨੂੰ ਦਿੱਤੀਆਂ ਸਨ। ਆਖ਼ਿਰਕਾਰ ਉਹ 34 ਸਾਲ ਕੌਮ ਦੇ ਰਹਿਬਰ ਰਹੇ ਸੀ। ਉਹ ਗੁਰੂੁ ਸੀ ਕੋਈ ਖਾਮੋਸ਼ ਕਿਰਦਾਰ ਨਹੀਂ।

ਇੱਥੇ ਦਾਸ ‘ਗੁਰਬਾਣੀ’ ਅਤੇ ‘ਗੁਰਬਾਣੀ ਅਨੁਸਾਰੀ’ ਲੇਖਨ ਨੂੰ ਦੋ ਅਲਗ-ਅਲਗ ਗੱਲਾਂ ਮੰਨ ਕੇ ਤੁਰਦਾ ਹੈ। ਮੈਂ ਕੇਵਲ ਇਸ ਗੱਲ ਤੇ ਵਿਚਾਰ ਕਰਨ ਦੀ ਕੋਸ਼ਿਸ਼ ਨਾਲ ਵਾਬਸਤਾ ਹਾਂ, ਕਿ ਗੁਰੂ ਗੋਬਿਂਦ ਸਿੰਘ ਜੀ ਪਾਸਿਯੋਂ ਕੁੱਝ ‘ਐਸਾ’ (ਬਾਣੀ ਨਹੀਂ ਬਲਕਿ ਗੁਰਬਾਣੀ ਸਿਧਾਂਤ ਅਨੁਸਾਰੀ ਕੁੱਝ ਲਿਖਤਾਂ) ਜ਼ਰੂਰ ਸੀ, ਜਿਸ ਦੀ ਹੋਂਦ ਬਾਰੇ ਜਾਣਕਾਰੀ ਸਮਕਾਲੀ ਸਿੱਖਾਂ ਨੂੰ ਰਹੀ ਸੀ, ਅਤੇ ਜਿਸ ਦੀ ਆੜ ਵਿੱਚ ਕਾਲਾਂਤਰ ਇੱਕ ਵੱਡਾ ਭੂਲੇਖਾ ਖੜਾ ਕਰਦੇ ਕੁੱਝ ਕੂੜ ਕਬਾੜ ਨੂੰ ਵੀ ਗੁਰੂ ਦਾ ਆਪਣਾ ਲਿਖਿਆ ਪ੍ਰਚਾਰਿਆ ਗਿਆ। ਅਕਬਰ ਅਤੇ ਚਿਰ ਬਾਅਦ ਦਾਰਾ ਸ਼ਿਕੋਹ ਨੇ ਕੁੱਝ ਹਿੰਦੂ ਗ੍ਰੰਥਾਂ ਦੇ ਅਨੁਵਾਦ ਕਰਵਾਏ ਸੀ, ਜੋ ਕਈ ਮੁਗ਼ਲ ਸ਼ਾਸਕਾਂ ਪਾਸ ਮੌਜੂਦ ਰਹੇ ਸੀ। ਪਰ ਅਕਬਰ, ਦਾਰਾ ਸ਼ਿਕੋਹ ਜਾਂ ਉਨ੍ਹਾਂ ਅਨੁਵਾਦਾਂ ਦੇ ਲਿਖਾਰੀਆਂ ਨੂੰ ਕਦੇ ਵੀ, ਉਨ੍ਹਾਂ ਗ੍ਰੰਥਾਂ ਦਾ ਮੂਲ ਰਚਨਾਕਾਰ ਨਹੀਂ ਮੰਨਿਆ ਗਿਆ। ੳਨ੍ਹਾਂ ਸਮਿਆਂ ਵਿੱਚ ਨਿਜੀ ਉਪਯੋਗ ਲਈ ਰਚਨਾਵਾਂ ਦੇ ਉਤਾਰੇ ਹੀ ਪ੍ਰਾਪਤ ਕੀਤੇ ਜਾ ਸਕਦੇ ਸੀ।

ਜ਼ਾਹਰ ਜਿਹੀ ਗੱਲ ਹੈ, ਕਿ ਅਗਰ ਮੇਰੀ ਨਿਜੀ ਲਾਈਬਰੇਰੀ ਵਿੱਚ ਲੋੜ ਅਨੁਸਾਰ ਇੱਕਤਰ ਕੀਤੀਆਂ ਕੁੱਝ ਕਿਤਾਬਾਂ ਹਨ ਤਾਂ, ਕਾਨੁਨਨ ਜਾਂ ਆਮ ਤੌਰ ਤੇ ਉਹ ਮੇਰੇ ਬਾਅਦ ਮੇਰੀਆਂ ਹੀ (ਬਾ-ਤੌਰ ਮਲਕੀਯਤ) ਕਹਿਆਂ ਜਾਣਗੀਆਂ, ਪਰ ਮੈਂ ਕਦੇ ਵੀ ਉਨ੍ਹਾਂ ਦਾ ਲਿਖਾਰੀ ਨਹੀਂ ਕਿਹਾ ਜਾ ਸਕਦਾ। ਹਾਂ ਉਨ੍ਹਾਂ ਦੇ ਨਾਲ ਮੌਜੂਦ ਕੁੱਝ ਮੇਰਾ ਆਪਣਾ ਲਿਖਿਆ ਤਾਂ ਮੇਰਾ ਹੋ ਹੀ ਸਕਦਾ ਹੈ। ਬਚਿੱਤਰ ਨਾਟਕ ਨੂੰ ਸਮੁੱਚੇ ਤੌਰ ‘ਤੇ ਗੁਰੂ ਦਾ ਆਪਣਾ ਰਚਿਤ ਕਹਿਣ ਵਾਲੇ ਅਕਾਦਮਿਕ ਖੋਜੀਆਂ ਨੇ ਇਸ ਬਾਰੇ ਬਜਰ ਭੂੱਲਾਂ ਕੀਤੀਆਂ ਹਨ। ਇਹੀ ਭੁੱਲ ਗੁਰੁ ਗੋਬਿੰਦ ਸਿੰਘ ਜੀ ਤੋਂ ਬਾਅਦ ਵੀ ਕੀਤੀ ਗਈ ਸੀ, ਜਿਸ ਵੇਲੇ ਕਿ ਉਹ ਲਿਖਤਾਂ/ਰਚਨਾਵਾਂ ਵੱਖੋ-ਵੱਖ ਸਨ, ਨਾ ਕਿ ਇੱਕ ਗ੍ਰੰਥ ਸਵਰੂਪ ਵਿੱਚ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਸੇ ਐਸੇ ਗ੍ਰੰਥ ਨੂੰ ਲਿਖਣ ਦੀ ਗੱਲ ਸਰਾਸਰ ਝੂਠ ਹੈ।

ਇਸ ਲਈ ਮੇਰੇ ਸਵਾਲਾਂ ਦੇ ਜਵਾਬ ਦੇਣ ਵਾਲੇ ਜਾਣਕਾਰ ਸੱਜਣ ਕਿਰਪਾ ਕਰਕੇ, ਦਾਸ ਨੂੰ ਨਾ ਤਾਂ ਕਿਸੇ ਬਚਿੱਤਰ ਨਾਟਕ ਗ੍ਰੰਥ ਦਾ ਹਿਮਾਯਤੀ ਸਮਝਣ ਅਤੇ ਨਾ ਹੀ ਇਹ ਸਮਝਣ ਕਿ ਮੈਂ ਕਿਸੇ ਵੀ ਹੋਰ ਲਿਖਤ ਨੂੰ ਗੁਰਬਾਣੀ ਮੰਨਦਾ ਹਾਂ। ਇਸ ਲਈ ਬੇਨਤੀ ਅਤੇ ਆਸ ਕਰਦਾ ਹਾਂ ਕਿ ਦਾਸ ਦੇ ਸਵਾਲਾਂ ਦਾ ਜੁਆਬ ਦੇਣ ਵੇਲੇ ਜਾਣਕਾਰ ਸੱਜਣ, ਕਿਸੇ ਹੋਰ ਦੀ ਮਾਨਤਾ ਨੂੰ ਮੇਰੇ ਪੱਲੇ ਨਾ ਪਾਉਣ ਦੀ ਕਿਰਪਾਲਤਾ ਕਰਨਗੇ।

ਮੇਰੇ ਚੰਦ ਸਵਾਲਾਤ ਇਸ ਪ੍ਰਕਾਰ ਹਨ:

  1. ਕੀ ਇਹ ਸੱਚ ਨਹੀਂ ਹੈ ਕਿ ‘ਬਚਿੱਤਰ ਨਾਟਕ’ ਦਾ ਲਿਖਾਰੀ ਇੱਕ ਨਹੀਂ, ਬਲਕਿ ਇੱਕ ਤੋਂ ਜ਼ਿਆਦਾ ਹਨ ਅਤੇ ਇਸ ਵਿੱਚ ਵੱਖੋ-ਵੱਖ ਲਿਖਤਾਂ ਨੂੰ ਇੱਕਠਾ ਕੀਤਾ ਗਿਆ ਹੈ?

  2. ਕੀ ਇਹ ਸੱਚ ਨਹੀਂ ਕਿ ‘ਅਜੀਬ ਡ੍ਰਾਮਾ’ ਨਾਮਕ ਗ੍ਰੰਥ, ਇਕ ਗ੍ਰੰਥ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਹੋਂਦ ਵਿੱਚ ਆਇਆ ਸੀ, ਜਿਸ ਵਿੱਚ ਕਿਸੇ ਚਾਲਬਾਜ਼ੀ ਅਤੇ ਉਸਦੇ ਅਸਰ ਹੇਠ ਵੱਖੋ-ਵੱਖ ਲਿਖਤਾਂ ਨੂੰ ਇੱਕ ਗ੍ਰੰਥ ਰੂਪ ਵਿੱਚ ਬੰਨ ਦਿੱਤਾ ਗਿਆ ਸੀ?

  3. ਕੀ ਇਹ ਇਤਿਹਾਸਕ ਤੱਥ ਨਹੀਂ, ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਗੁਰੂ ਘਰ ਦੀ ਦੇਖ-ਰੇਖ ਹੇਠ ਪੜਾਇਆ-ਲਿਖਾਇਆ ਗਿਆ ਸੀ?

  4. ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਸਕ੍ਰਿਤ, ਅਰਬੀ, ਹਿੰਦੀ, ਪੰਜਾਬੀ ਬ੍ਰਜ ਆਦਿ ਭਾਸ਼ਾਵਾਂ ਦਾ ਗਿਆਨ ਸੀ?

  5. ਕੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਭਾਸ਼ਾਵਾਂ ਕੋਈ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਸਿੱਖੀਆਂ ਸਨ, ਜਾਂ ਆਪਣੇ ਨਿਜੀ ਅਧਿਐਨ ਲਈ?

  6. ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾ-ਤੌਰ ਮੁੱਖ ਪ੍ਰਚਾਰਕ ਆਪਣੇ ਭਾਸ਼ਾਈ ਗਿਆਨ ਦਾ ਉਪਯੋਗ ਪ੍ਰਚਾਰਕ ਤਿਆਰ ਕਰਨ ਅਤੇ ਬਾਣੀ ਅਤੇ ਪ੍ਰਚਲਿਤ ਕਥਿਤ ਧਾਰਮਿਕ-ਸਮਾਜਕ ਰਚਨਾਵਾਂ ਦੇ ਅਧਿਐਨ ਲਈ ਵੀ ਕੀਤਾ ਸੀ?

  7. ਕਿਉਂਕਿ ਉਸ ਸਮੇਂ ਪਾਠਕਾਂ ਲਈ ਅਧਿਐਨ ਵਾਸਤੇ ਲਾਈਬਰੇਰੀਆਂ ਨਾ ਦੇ ਬਰਾਬਰ ਸਨ, ਇਸ ਲਈ ਕੀ ਇਹ ਇੱਕ ਗ਼ੈਰ ਸਿਧਾਂਤਕ ਗੱਲ ਕਹੀ ਜਾਏਗੀ, ਕਿ ਜੇਕਰ ਗੁਰੁ ਗੋਬਿੰਦ ਸਿੰਘ ਜੀ ਵਰਗੇ ਰਹਿਬਰ-ਪ੍ਰਚਾਰਕ ਨੇ ‘ਅੰਤਰ-ਧਾਰਮਿਕ/ਸਮਾਜਿਕ ਵਿਸ਼ਵਾਸ ਅਧਿਐਨ’ (Inter  Religious/Social Beliefs Study) ਲਈ ਕਈ ਪ੍ਰਕਾਰ ਦੀਆਂ ਹੋਰ ਰਚਨਾਵਾਂ ਨੂੰ ਕਿਸੇ ਤਰ੍ਹਾਂ ਪ੍ਰਾਪਤ (As Reference Literature) ਕੀਤਾ ਸੀ, ਜਾਂ ਉਹ ਉਨ੍ਹਾਂ ਪਾਸ ਕਿਸੇ ਤਰਾਂ ਪਹੁੰਚਿਆਂ ਹੋਣ? ਕੀ ਬਚਿੱਤਰ ਨਾਟਕ ਦੇ ਵਿਰੋਧੀ ਕੁੱਝ ਖ਼ੋਜੀ ਸੱਜਣਾਂ ਦੀ ਨਿਜੀ ਲਾਈਬਰੇਰੀ ਵਿੱਚ ਇਸ ਦੀਆਂ ਅਸ਼ਲੀਲ ਰਚਨਾਵਾਂ ਨਿਜੀ ਅਧਿਐਨ ਲਈ ਮੌਜੂਦ ਨਹੀਂ ਹਨ?

  8. ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ 34 ਸਾਲ ਸਿੱਖ ਕੌਮ ਦੇ ਰਹਿਬਰ ਅਤੇ ਪ੍ਰਚਾਰਕ ਰਹੇ ਸੀ, ਅਤੇ ਇਸ ਅਰਸੇ ਦੌਰਾਨ ਉਹ ਸਿੱਖਾਂ ਨੂੰ ਮੌਖ਼ਿਕ ਅਤੇ ਲਿਖਤੀ ਰੂਪ ਵਿੱਚ ਸੰਬੋਧਿਤ ਕਰਦੇ ਹੁਕਮ ਜਾਰੀ ਕਰਦੇ ਰਹਿੰਦੇ ਸੀ?

  9. ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਸਿੱਖਾਂ ਲਈ ਖੰਡੇ-ਬਾਟੇ ਦੀ ਪਾਹੂਲ ਛੱਕਣ ਦਾ ਹੁਕਮ ਜਾਰੀ ਕੀਤਾ ਸੀ, ਅਤੇ ਇਸ ਹੁਕਮ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ ਪਦ ਵਰਤ ਕੇ ਦਰਜ ਕੀਤੇ ਬਿਨਾ ਜਾਰੀ ਕੀਤਾ ਗਿਆ ਸੀ?

  10. ਅਗਰ ਇੱਕ ਆਮ ਜਿਹੇ ਲੇਖਕ ਜਾਂ ਕਵੀ ਨੂੰ ਗੁਰਬਾਣੀ ਅਨੁਸਾਰੀ ਲੇਖ ਜਾਂ ਕਵਿਤਾ ਲਿਖਣ-ਬੋਲਣ ਦਾ ਅਧਿਕਾਰ ਹੈ, ਤਾਂ ਕਿ ਗੁਰੂ ਨੂੰ ਪ੍ਰਚਾਰ ਲਈ ਗੁਰਬਾਣੀ ਅਨੁਸਾਰੀ ਕੁੱਝ ਬੋਲਣ ਜਾਂ ਲਿਖਣ ਦਾ ਅਧਿਕਾਰ ਨਹੀਂ ਸੀ ਹੋ ਸਕਦਾ? ਅਗਰ ਉਹ ਗੁਰਬਾਣੀ ਅਨੁਸਾਰੀ ਕਹਿੰਦੇ ਬਹੁਤ ਕੁੱਝ ਸੀ ਤਾਂ ਗੁਰਬਾਣੀ ਅਨੁਸਾਰ ਕੁੱਝ ਲਿਖ ਕਿਉਂ ਨਹੀਂ ਸੀ ਸਕਦੇ?

  11. ਗੁਰੂ ਗੋਬਿੰਦ ਸਿੰਘ ਜੀ ਆਪਣੀ ਕਿਸੇ ਲਿਖਤ ਵਿੱਚ ਨਾਨਕ ਪਦ ਤਾਂ ਹੀ ਵਰਤ ਸਕਦੇ ਸੀ, ਜੇ ਕਰ ਉਨ੍ਹਾਂ ਦੀ ਮੰਸ਼ਾ ਗੁਰਬਾਣੀ ਲਿਖਣੀ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨੀ ਹੁੰਦੀ। ਕੀ ਉਨ੍ਹਾਂ ਲਈ ਗੁਰੂਬਾਣੀ ਤੋਂ ਬਾਹਰ ਗੁਰਬਾਣੀ ਅਨੁਸਾਰੀ ਕਿਸੇ ਖ਼ਯਾਲ ਨੂੰ ਕਵਿਤਾ ਸ਼ੈਲੀ ਵਿੱਚ ਕਲਮਬੱਧ ਕਰਨ ਲਈ ਵੀ ਨਾਨਕ ਪਦ ਵਰਤਨਾ ਜ਼ਰੂਰੀ ਸੀ ਅਤੇ ਕੀ ਉਨ੍ਹਾਂ ਨੂੰ ਐਸਾ ਹੀ ਕਰਨਾ ਚਾਹੀਦਾ ਸੀ?

ਇਨ੍ਹਾਂ ਸਵਾਲਾਂ ਦੇ ਨਾਲ ਹੀ ਬੇਨਤੀ ਹੈ ਕਿ ਇਨ੍ਹਾਂ ਦਾ ਭਾਵ ਇੱਕ ਜਿਗਿਆਸੂ ਦੀ ਜਿਗਿਆਸਾ ਦੇ ਤੌਰ ‘ਤੇ ਲਿਆ ਜਾਏ, ਨਾ ਕਿ ਨਿਰਨਾਤਮਕ ਤੌਰ ‘ਤੇ। ਮਨਮਤਿ ਦਾ ਵਿਰੋਧ ਜ਼ਰੁਰੀ ਹੈ ਅਤੇ ਇਹ ਸਦਾ ਜਾਰੀ ਰਹਿਣ ਵਾਲੀ ਪ੍ਰਕ੍ਰਿਆ ਹੈ, ਕਿਉਂਕਿ ਸਮਾਜਿਕ ਸਮਝ ਵੱਖੋ-ਵੱਖ ਰੂਪ ਵਿੱਚ ਪਨਪਦੀ ਅਤੇ ਕ੍ਰਿਆਸ਼ੀਲ ਹੁੰਦੀ ਰਹਿੰਦੀ ਹੈ। ਮਨਮਤਿ ਦਾ ਵਿਰੋਧ ਅੱਜ ਦੇ ਨਾਲ ਆਉਣ ਵਾਲੀਆਂ ਪੀੜੀਆਂ ਦੀ ਵੀ ਜ਼ਿੰਮੇਵਾਰੀ ਬਣੀ ਰਹੇਗੀ। ਨਾਲ ਦੇ ਨਾਲ ਵਿਰੋਧ ਦੀਆਂ ਹੱਦਾਂ ਨਾਲ ਜੁੜੀ ਸੱਚਾਈਆਂ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਇਹ ਵਿਚਾਰਣ ਵਾਲੀ ਗੱਲ ਹੈ।

ਇਸ ਲਈ ਕਿਸੇ ਸੰਭਾਵਿਤ ਖ਼ਤਰੇ ਨੂੰ ਸਮਝਣ ਅਤੇ ਉਸ ਨੂੰ ਨਿਜੀਠਣ ਦੇ ਵਿਵਹਾਰਕ ਤਰੀਕੇ ਬਾਰੇ ਸੁਚੇਤ ਹੋਣ ਦੀ ਲੋੜ ਬਣੀ ਰਹੇਗੀ, ਜਿਸ ਵਿੱਚ ਵਿਵਹਾਰਕ ਪਹੁੰਚ ਨੂੰ ਲੈ ਕੇ ਹੀ ਤੁਰਨਾ ਪਵੇਗਾ। ਜਿਥੋਂ ਤੱਕ ਕਿਸੇ ਵੀ ਹੋਰ ਨਾਟਕ ਗ੍ਰੰਥ ਦਾ ਸਵਾਲ ਹੈ, ਸਿੱਖੀ ਦੇ ਅੰਦਰ ‘ਸ਼ਬਦ ਗੁਰੂ ਗ੍ਰੰਥ ਸਹਿਬ ਬਰਾਬਰ’ ਉਸ ਦੀ ਹੋਂਦ ਕਦੇ ਵੀ ਸਵੀਕਾਰ ਨਹੀਂ ਕੀਤੀ ਜਾ ਸਕਦੀ। ਲੇਖਨ ਉੱਨਤੀ ਦੇ ਇਸ ਯੁਗ ਵਿੱਚ ਕਿਸੇ ਵੀ ਰਚਨਾ ਨੂੰ ਧਰਤੀ ਤੋਂ ਗਾਇਬ ਤਾਂ ਕੀਤਾ ਨਹੀਂ ਜਾ ਸਕਦਾ। ਹਾਂ ਸਾਡਾ ਇਹ ਫ਼ਰਜ਼ ਅਤਿ ਜ਼ਰੂਰੀ ਹੈ, ਕਿ ਲੋੜ ਅਨੁਸਾਰ ਅਸੀਂ ਆਪਣੇ ਆਪ ਦਾ ਉਸ ਨਾਲੋਂ ਵੱਖਰੇਵਾਂ ਕਾਯਮ ਰੱਖੀਏ।

ਅੰਤ ਵਿੱਚ ਇੱਕ ਵਾਰ ਫ਼ੇਰ ਬੇਨਤੀ ਕਰ ਦੇਵਾਂ, ਕਿ ਉਪਰਲੇ ਸਵਾਲਾਂ ਦਾ ਜਵਾਬ ਦੇਣ ਵੇਲੇ ਇਨ੍ਹਾਂ ਦਾ ਭਾਵ ਇੱਕ ਜਿਗਿਆਸੂ ਦੀ ਜਿਗਿਆਸਾ ਦੇ ਤੋਰ ਤੇ ਲਿਆ ਜਾਏ, ਨਾ ਕਿ ਨਿਰਨਾਤਮਕ ਤੌਰ ‘ਤੇ। ਇਹ ਕੇਵਲ ਅਸਲੀਅਤ ਨੂੰ ਸਮਝਣ ਦਾ ਜਤਨ ਹੈ, ਜਿਸਦੀ ਸਾਰਥਿਕਤਾ ਨੂੰ ਲਗਭਗ ਸਾਰੇ ਜਾਗਰੂਕ ਧਿਰ ਮੰਨਦੇ ਹਨ। ਮੈਂ ਇਸ ਮਦਦ ਲਈ ਬਹੁਤ ਧਨਵਾਦੀ ਹੋਵਾਂਗਾ।

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top