Share on Facebook

Main News Page

ਸੰਜੋਗ ਵਿਜੋਗ ਕਿਹੜੀ “ਕਾਰ” ਚਲਾਉਂਦੇ ਹਨ? ਅਤੇ “ਕਾਰ” ਸ਼ਬਦ ਦੇ ਵੱਖ-ਵੱਖ ਰੂਪ

ਕਈ ਵਾਰ ਇੱਕੋ ਹੀ ਸ਼ਬਦ ਪ੍ਰਕਰਣ ਅਨੁਸਾਰ ਵੱਖ-ਵੱਖ ਥਾਵਾਂ ਤੇ ਵੱਖਰੇ-ਵੱਖਰੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਉਸ ਦਾ ਸ਼ਬਦ ਸਰੂਪ ਇੱਕੋ ਜਿਹਾ ਹੀ ਹੁੰਦਾ ਹੈ ਪਰ ਭਾਵ ਅਰਥ ਹੋਰ ਹੁੰਦਾ ਹੈ। ਕਰੀਬ ਹਰੇਕ ਭਾਸ਼ਾ ਵਿੱਚ ਐਸਾ ਹੈ ਪਰ ਪੰਜਾਬੀ, ਗੁਰਮੁਖੀ ਅਤੇ ਗੁਰਬਾਣੀ ਵਿੱਚ ਤਾਂ ਬਹੁਤਾਤ ਐਸੀ ਵਰਤੋਂ ਹੋਈ ਮਿਲਦੀ ਹੈ। ਅੱਜ ਆਪਾਂ “ਕਾਰ” ਸ਼ਬਦ ਦੀ ਹੀ ਵਿਚਾਰ ਕਰਾਂਗੇ। ਪੰਥ ਦੇ ਸੁਲਝੇ ਹੋਏ ਮਹਾਂਨ ਫਿਲੌਸਫਰ ਅਤੇ ਲਿਖਾਰੀ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ, ਇਸ ਬਾਰੇ ਅਪਣੀ ਮਹਾਂਨ ਰਚਨਾ ਮਹਾਨਕੋਸ਼ ਵਿੱਚ ਲਿਖਦੇ ਹਨ ਕਿ “ਕਾਰ” ਸ਼ਬਦ ਦੀ ਸੰਗਿਆ ਕਾਰਯਾ, ਕੰਮ ਅਤੇ ਕ੍ਰਿਆ ਹੈ-ਜੋ ਤੁਧੁ ਭਾਵੈ ਸਾਈ ਭਲੀ ਕਾਰ॥ (ਜਪੁਜੀ) ਨਾਨਕ ਸਚੇ ਕੀ ਸਾਚੀ ਕਾਰ॥ (ਜਪੁਜੀ) ਕਾਰ-ਕਰਤਾ, ਕਰਨ ਵਾਲਾ ਜੈਸੇ ਚਰਮਕਾਰ, ਸਵਰਣਕਾਰ ਅਤੇ ਲੋਹਕਾਰ ਆਦਿਕ ਐਸੀ ਦਸ਼ਾ ਵਿੱਚ ਇਹ “ਕਾਰ” ਸ਼ਬਦ ਦੇ ਅੰਤ ਵਿੱਚ ਆਉਂਦਾ ਹੈ। ਫਾਰਸੀ ਵਿੱਚ ਵੀ ਇਹ ਇਵੇਂ ਹੀ ਵਰਤਿਆ ਗਿਆ ਹੈ ਜਿਵੇਂ-ਮੀਨਾਕਾਰ। ਕਾਰ-ਕਰਨਯੋਗ ਕੰਮ, ਕਰਣੀਯ ਅਤੇ ਕਾਰਯ - ਜਿਤਨੇ ਜੀਅ ਜੰਤ ਪ੍ਰਭਿ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ॥ (1263) ਕਾਰ-ਧਰਮ ਟੈਕਸ ਦਸਵੰਦ ਆਦਿਕ ਜਿਵੇਂ “ਕਾਰ ਭੇਟ ਗੁਰ ਕੀ ਸਿੱਖ ਲਾਵਹਿ (ਸੂਰਜ ਪ੍ਰਕਾਸ਼) ਕਾਰ-ਰੇਖਾ, ਲਕੀਰ - ਦੇ ਕੇ ਚਉਂਕਾ ਕਢੀ ਕਾਰ॥ (ਆਸਾ ਕੀ ਵਾਰ) ਕਾਰ-ਤੰਤ੍ਰ ਸ਼ਾਸਤ੍ਰ ਅਨੁਸਾਰ ਮੰਤ੍ਰਵਿਧੀ ਨਾਲ ਰੱਖਿਆ ਲਈ ਆਲੇ ਦੁਆਲੇ ਕੱਢੀ ਹੋਈ ਲੀਕ - ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ॥ (819) ਕਾਰ-ਕਾਲਖ (ਕਾਲਸ)-ਤਿਨ ਅੰਤਰਿ ਕਾਰ ਕਰੀਠਾ॥ (171) ਅਹੰਕਾਰ ਦਾ ਸੰਖੇਪ-ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਕਾਰ ਹੈ। ਅਰਬੀ ਵਿੱਚ ਦਰਿਆ ਅਤੇ ਖੂਹ ਦੀ ਗਹਿਰਾਈ, ਖੁਹ ਅਤੇ ਤਾਲ ਦੀ ਗਾਰ - ਖਨਤੇ ਕਾਰ ਸੁ ਵਹਿਰ ਨਿਕਰਹੀ (ਗੁਪ੍ਰਸੂ) ਫਾਰਸੀ ਵਿੱਚ ਕਾਰ-ਜੰਗ-ਖਸਮ ਰਾ ਚੁ ਕੇਰੋ ਕੁਨਦ ਵਕਤ ਕਾਰ (ਜਫਰਨਾਮਾ) ਕਾਰ-ਬਰਫ। ਅਰਬੀ ਵਿੱਚ ਕਾਰ-ਕਾਲਾ ਰੰਗ।

ਕਾਰ ਕਰੀਠਾ-ਸਿ਼ਆਹੀ ਅਤੇ ਕਠੋਰਤਾ - ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨਿ ਅੰਤਰਿ ਕਾਰ ਕਰੀਠਾ॥ (171) ਕਾਰਕੁੰਨ-ਕੰਮ ਕਰਨ ਵਾਲਾ, ਕਰਿੰਦਾ, ਪ੍ਰਬੰਧ ਕਰਤਾ। ਕਾਰਕੁਨੀ-ਅਹਿਲਕਾਰੀ-ਹਰਿਨਾਮੈ ਕੀ ਹਮ ਕਉ ਸਤਿਗੁਰਿ ਕਾਰਕੁਨੀ ਦੀਈ॥ (593) ਕਾਰਖਾਨਾ-ਕੰਮ ਕਰਨ ਦਾ ਘਰ, ਉਹ ਥਾਂ ਜਿੱਥੇ ਕੋਈ ਕੰਮ ਕੀਤਾ ਜਾਵੇ। ਕਾਰਖਿਕ (ਸੰਸਕ੍ਰਿਤ) ਇੱਕ ਪੁਰਾਨਾ ਸਿੱਕਾ ਜੋ ਇੱਕ ਕਰਸ਼ (16 ਮਾਸੇ) ਸੋਨੇ ਅਥਵਾ ਚਾਂਦੀ ਦਾ ਹੂੰਦਾ ਸੀ। ਭਾਈ ਸੰਤੋਖ ਸਿੰਘ ਜੀ ਨੇ ਰੁਪਏ ਦੀ ਥਾਂ ਕਾਰਖਿਕ ਸ਼ਬਦ ਵਰਤਿਆ ਹੈ “ਮਕਤਬ ਆਇ ਏਕ ਕਾਰਖਿਕ ਦੀਨ ਕਾਲੂ, ਕਛਕ ਮਠਾਈ ਬਾਂਟ ਪਟੀਆ ਲਿਖਾਈ ਹੈ (ਨਾਨਕ ਪ੍ਰਕਾਸ਼) ਕਾਰਗਾਹ (ਫਾਰਸੀ) ਕਾਰਖਾਨਾ - ਕਪੜਾ ਬੁਣਨ ਦੀ ਖੱਡੀ - ਕਹਤੁ ਕਬੀਰੁ ਕਾਰਗਹ ਤੋਰੀ॥ (484) ਕਾਰਗਰ (ਫਾਰਸੀ) ਲਾਭਦਾਇਕ, ਅਸਰ ਪਾਉਣ ਵਾਲਾ। ਕਾਰਗੁਜ਼ਾਰ (ਫਾਰਸੀ) ਕਾਰਜ ਪੂਰਾ ਕਰਨ ਵਾਲਾ, ਕੰਮ ਚਲਾਉਣ ਵਾਲਾ। ਕਾਰਤੂਸ (ਸੰਸਕ੍ਰਿਤ) ਅੰਗ੍ਰੇਜੀ (ਚਅਰਟਰਦਿਗੲ) ਕਾਗਜ਼ ਅਥਵਾ ਧਾਤ ਦੀ ਨਲਕੀ ਜਿਸ ਵਿੱਚ ਬਰੂਦ ਗੋਲੀ ਆਦਿਕ ਭਰ ਕੇ, ਬੰਦੂਕ ਵਿੱਚ ਰੱਖ ਕੇ ਚਲਾਈਦਾ ਹੈ। ਕਾਰਦਾਰ (ਫਾਰਸੀ) ਅਹਿਲਕਾਰ। ਕਾਰਬਾਰ (ਫਾਰਸੀ) ਵਪਾਰ, ਲੈਣ ਦੇਣ ਕਰਨ ਵਾਲਾ। ਕਾਰਿ-ਕਾਰੀ, ਰੀਤਿ-ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹਾ ਕਾਰਿ ਨ ਆਈ॥ (1425) ਕਾਰਵਾਂ (ਫਾਰਸੀ) ਯਾਤਰੀਆਂ ਦਾ ਟੋਲਾ ਆਦਿਕ।

ਗੁਰਬਾਣੀ ਵਿਖੇ ਅਉਂਦਾ ਹੈ - ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ॥ (6) ਸੰਸਾਰ ਦੀ ਕਾਰ ਭਾਵ ਸ੍ਰਿਸ਼ਟੀ ਦੀ ਰਚਨਾ ਨੂੰ ਸੰਜੋਗ (ਮੇਲ) ਅਤੇ ਵਿਜੋਗ (ਵਿਛੋੜਾ) ਦੋਵੇ ਮਿਲ ਕੇ ਚਲਾ ਰਹੇ ਹਨ। ਸਾਖੀਕਾਰਾਂ ਅਤੇ ਮਖੌਲਕਾਰਾਂ ਵੱਲੋਂ ਇਸ ਦੇ ਅਰਥ ਵੀ ਕੋਈ ਦੁਨਿਆਵੀ ਵਾਹਨ ਹੀ ਵੀ ਕੀਤੇ ਹਨ। ਜਿੰਦਗੀ ਦੀ ਗੱਡੀ (ਕਾਰ) ਸੰਜੋਗ ਅਤੇ ਵਿਜੋਗ ਦੀ ਕ੍ਰਿਆ ਨਾਲ ਚੱਲ ਰਹੀ ਹੈ। ਜਿਸ ਵੇਲੇ ਗੁਰੂ ਸਾਹਿਬ ਨੇ ਇਹ ਬਾਣੀ ਉਚਾਰਣ ਕੀਤੀ, ਉਸ ਵੇਲੇ ਅਜੋਕੀਆਂ ਕਾਰਾਂ ਅਜੇ ਹੋਂਦ ਵਿੱਚ ਹੀ ਨਹੀਂ ਆਈਆਂ ਸਨ। “ਕਾਰ” ਸ਼ਬਦ ਅਗੇਤਰ ਅਤੇ ਪਛੇਤਰ ਦੋਹਾਂ ਰੂਪਾਂ ਵਿੱਚ ਹੀ ਵਰਤਿਆ ਗਿਆ ਹੈ। ਅਗੇਤਰ ਜਿਵੇਂ ਕਾਰਤੂਸ ਪਿਛੇਤਰ ਜਿਵੇਂ ਸਵਰਣਕਾਰ ਅਤੇ ਮੀਨਾਕਾਰ। ਗੁਰਬਾਣੀ ਵਿਖੇ ਆਰੰਭ ਦੇ ਮੂਲ ਉਪਦੇਸ਼ (ਮੂਲ ਮੰਤ੍ਰ) ਵਿੱਚ ਇਸ ਦੀ ਪਿਛੇਤਰ ਵਰਤੋਂ ਕੀਤੀ ਗਈ ਹੈ ਜਿਵੇਂ ੴ (ਇੱਕ ਓਅੰਕਾਰ) ਵਿੱਚ “ਕਾਰ” ਦੇ ਅਰਥ ਹਨ ਇੱਕ ਰਸ ਜਿਵੇਂ - ਨੰਨਾਕਾਰ ਭਾਵ ਸਦਾ ਲਈ ਇਨਕਾਰ, ਜੈਕਾਰ-ਲਗਾਤਾਰ ਜੈ ਜੈ ਦੀ ਗੂੰਜ, ਨਿਰਤਿਕਾਰ-ਇੱਕ ਰਸ ਨਾਚ, ਝਨਤਕਾਰ-ਇੱਕ ਰਸ ਸੋਹਣੀ ਅਵਾਜ਼ ਅਤੇ ਧੁਨਿਕਾਰ-ਲਗਾਤਾਰ ਧੁਨੀ ਅਵਾਜ਼ ਜਿਵੇਂ-ਘਰ ਮਹਿ ਘਰੁ ਦਿਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ॥ ਪੰਚ ਸਬਦਿ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨਿਸਾਣੁ॥ (1291) ਧੁਨਿ-ਅਵਾਜ਼, ਧੁਨਿਕਾਰ-ਲਗਾਤਾਰ ਅਵਾਜ਼ ਭਾਵ ਇੱਕ ਰਸ ਧੁਨਿ। ਹੋਰ ਦੇਖੋ - ਮਨੁ ਭੂਲੋ ਸਿਰਿ ਆਵੈ ਭਾਰੁ॥ ਮਨੁ ਮਾਨੈ ਹਰਿ ਏਕੰਕਾਰੁ॥ (222) ਉਹ “ਇੱਕ ਓਅੰਕਾਰ” ਪ੍ਰਮਾਤਮਾਂ ਜੋ ਇੱਕ ਰਸ ਹਰ ਥਾਂ ਵਿਆਪਕ ਹੈ।

ਦੇਖੋ, ਲੋਹੇ ਰਬੜ ਆਦਿਕ ਦੇ ਮਟੀਰੀਅਲ ਤੋਂ ਬਣਾਈ ਗਈ “ਕਾਰ” ਜਿਸਦੇ ਬਹੁਤ ਸਾਰੇ ਪਾਰਟ ਹਨ ਜੋ ਗੈਸ (ਪੈਟਰੌਲ) ਤੇਲ, ਪਾਣੀ ਅਤੇ ਹਵਾ ਨਾਲ ਚਲਦੀ ਹੈ। ਜਿਸ ਨੂੰ ਚਲਾਉਣ ਲਈ ਟ੍ਰੇਂਡ ਕਾਰ ਡ੍ਰਾਈਵਰ ਚਾਹੀਦਾ ਹੈ। ਜਿਸ ਦੀ ਖਾਧ ਖੁਰਾਕ ਗੈਸ, ਤੇਲ, ਪਾਣੀ ਅਤੇ ਹਵਾ ਹੈ। ਇਨ੍ਹਾਂ ਚੋਂ ਕੋਈ ਵੀ ਮੁੱਕ ਜਾਵੇ, ਇਹ ਕਾਰ ਨਹੀਂ ਚਲਦੀ ਅਤੇ ਸਮੇਂ ਸਮੇਂ ਰੀਪੇਅਰ ਵੀ ਕਰਉਣੀ ਪੈਂਦੀ ਹੈ। ਇਸ ਵਿੱਚ ਆਪਣੀ ਕੋਈ ਸਤਾ ਨਹੀਂ ਸਗੋਂ ਮਟੀਰੀਅਲ ਦੇ ਆਸਰੇ ਚਲਦੀ ਹੈ। ਇਵੇਂ ਹੀ ਕਰਤਾਪੁਰਖੁ ਕਰਤਾਰੁ ਦੀ ਇਹ ਸੰਸਾਰ ਰੂਪ “ਕਾਰ” ਹੈ, ਜਿਸ ਨੂੰ ਪਾਣੀ, ਹਵਾ, ਅੱਗ, ਧਰਤੀ ਅਤੇ ਅਕਾਸ਼ ਰੂਪੀ ਤੱਤਾਂ ਨਾਲ ਪ੍ਰਮਾਤਮਾਂ ਚਲਾ ਰਿਹਾ ਹੈ। ਉਹ ਇੱਕ ਵਧੀਆ ਡ੍ਰਾਈਵਰ ਹੈ ਜੋ ਕਦੇ ਗਲਤੀ ਨਹੀਂ ਕਰਦਾ, ਉਸ ਨੇ ਇੱਕਵਾਰ ਹੀ ਇਸ ਦੀ ਰਫਤਾਰ ਫਿੱਟ ਕਰ ਦਿੱਤੀ ਹੈ, ਜੋ ਹੁਣ ਤੱਕ ਐਟੋਮੈਟਕ ਹੀ ਚੱਲੀ ਜਾ ਰਹੀ ਹੈ ਅਤੇ ਅੱਗੇ ਵੀ ਚਲਦੀ ਰਹੇਗੀ। ਇਸ ਵਿੱਚ ਜੋ ਕੁਝ ਵੀ ਉਸ ਨੇ ਪਾਉਣਾ ਸੀ ਇੱਕਵਾਰ ਹੀ ਪਾ ਦਿੱਤਾ ਹੈ - ਜੋ ਕਿਛੁ ਪਾਇਆ ਸੁ ਏਕਾਵਾਰ॥ (ਜਪੁਜੀ) ਹੁਣ ਅੱਗੇ ਸਾਡੀ ਮਨੁੱਖਾ ਜਿੰਦਗੀ ਦੀਆਂ ਵੀ ਦੋ ਪਹੀਆ ਵੱਖ-ਵੱਖ ਕਾਰਾਂ ਹਨ ਆਦਮੀ ਅਤੇ ਔਰਤ। ਇਹ ਸਾਡੀਆਂ ਸਰੀਰਾਂ ਰੂਪੀ ਕਾਰਾਂ ਵੀ, ਉਸ ਦੇ ਪੈਦਾ ਕੀਤੇ ਹੋਏ ਪੰਜਾਂ ਤੱਤਾਂ ਨਾਲ ਚੱਲ ਰਹੀਆਂ ਹਨ - ਸਾਢੈ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥ (1383) ਇਨ੍ਹਾਂ ਪੰਜਾਂ ਚੋਂ ਕੋਈ ਵੀ ਘਟ ਜਾਵੇ ਤਾਂ ਜਿ਼ੰਦਗੀ ਦੀ ਕਾਰ ਰੁਕਣ ਲਗਦੀ ਹੈ। ਫਿਰ ਜਿਵੇਂ ਦੁਨਿਆਵੀ ਕਾਰ ਮਕੈਨਕ ਕੋਲ ਜਾ ਕੇ ਠੀਕ ਹੁੰਦੀ ਹੈ, ਇਵੇਂ ਹੀ ਸਾਡੇ ਸਰੀਰ ਦੀ ਕਾਰ ਵੀ ਵੈਦ ਡਾਕਟਰ ਕੋਲ ਜਾ ਕੇ ਰੀਪੇਅਰ ਹੁੰਦੀ ਹੈ। ਸਰੀਰ ਰੂਪੀ ਕਾਰ ਨੂੰ ਤਾਂ ਵੈਦ ਡਾਕਟਰ ਰੂਪੀ ਮਕੈਨਕ ਠੀਕ ਕਰ ਦਿੰਦੇ ਹਨ ਪਰ ਜ਼ਿੰਦਗੀ ਰੂਪੀ ਕਾਰ ਸੱਚੇ ਕਵਾਲੀਫਾਈਡ ਮਕੈਨਕ “ਸਤਿਗੁਰੂ” ਪਾਸੋਂ ਹੀ ਸਰਵਾ ਕੇ ਠੀਕ ਕਰਵਾਈ ਜਾ ਸਕਦੀ ਹੈ - ਮੇਰਾ ਬੈਦੁ ਗੁਰੂ ਗੋਬਿੰਦਾ॥ ਹਰਿ ਹਰਿ ਨਾਮੁ ਅਉਖਦ ਮੁਖਿ ਦੇਵੈ ਕਾਟੈ ਜਮ ਕੀ ਫੰਦਾ॥ (618)

ਸੋ ਜੇ ਸਾਨੂੰ ਮਟੀਰੀਅਲ ਦੀ ਕਾਰ ਚਲਾਉਣ ਵਾਸਤੇ ਡ੍ਰਾਈਵਰ ਅਤੇ ਮਕੈਨਕ ਮਾਸਟਰ ਚਾਹੀਦਾ ਹੈ, ਫਿਰ ਜਿ਼ੰਦਗੀ ਰੂਪੀ ਕਾਰ ਨੂੰ ਠੀਕ ਢੰਗ ਨਾਲ, ਸਹੀ ਰਸਤੇ ਤੇ ਚਲਾਉਣ ਲਈ ਵੀ ਗਿਆਨ ਰੂਪੀ ਗੁਰੂ ਮਕੈਨਕ ਦੀ ਲੋੜ ਹੈ - ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥ (1399) ਜਿਵੇਂ ਮਾੜੇ ਮਕੈਨਕ, ਕਾਰ ਨੂੰ ਚੰਗਾ ਸਵਾਰਨ ਦੀ ਬਜਾਏ ਸਗੋਂ ਹੋਰ ਵਿਗਾੜ ਦਿੰਦੇ ਹਨ, ਇਵੇਂ ਹੀ ਆਪੂੰ ਬਣੇ ਕੱਚੇ ਪਿਲੇ, ਅੰਧਵਿਸ਼ਵਾਸ਼ੀ, ਦੇਹਧਾਰੀ, ਪਖੰਡੀ ਡੇਰੇਦਾਰ ਗੁਰੂ, ਸਾਡੀ ਬੇਕੀਮਤੀ ਜ਼ਿੰਦਗੀ ਦੀ ਕਾਰ ਨੂੰ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦੇ ਕੁਰਾਹੇ ਪਾ ਦਿੰਦੇ ਹਨ। ਜਿਵੇਂ ਘਟੀਆ ਮਕੈਨਕ ਬਾਰ-ਬਾਰ ਠੱਗਦਾ ਰਹਿੰਦਾ ਹੈ, ਇਵੇਂ ਹੀ ਇਹ ਡੇਰੇਦਾਰ ਪਾਖੰਡੀ ਗੁਰੂ, ਅਨੇਕ ਪ੍ਰਕਾਰ ਦੇ ਮੰਤ੍ਰ, ਜਾਦੂ ਟੂਣੇ, ਧਰਮ ਗ੍ਰੰਥਾਂ ਦੇ ਤੋਤਾ ਰਟਨੀ ਪਾਠ ਅਤੇ ਉਨ੍ਹਾਂ ਦੀਆਂ ਅਨੇਕ ਪ੍ਰਕਾਰੀ ਭੇਟਾ ਰਾਹੀਂ ਸਾਡੀ ਕਿਰਤ ਕਮਾਈ ਰੂਪ ਮਾਇਆ ਠੱਗਦੇ ਰਹਿੰਦੇ ਹਨ। ਗੁਰੂ ਸਾਹਿਬ ਸਾਨੂੰ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ ਜੀ” ਨਾਲ ਜੋੜ ਕੇ ਗਏ ਸਨ ਪਰ ਸਾਡੀ ਬਹੁਤਿਆਂ ਦੀ ਬਦਕਿਸਮਤੀ ਅਸੀਂ - ਸਤਿਗੁਰ ਸਾਹਿਬ ਛਡਿ ਕੇ ਮਨਮੁਖ ਹੋਇ ਬੰਦੇ ਦਾ ਬੰਦਾ (ਭਾ.ਗੁ.) ਅਨੁਸਾਰ ਡੇਰੇਦਾਰਾਂ ਕੋਲੋਂ ਗੁਰੂ ਗਿਆਨ ਭਾਲਦੇ ਹਾਂ। ਜਰਾ ਸੋਚੋ ਕਦੇ ਮਾਰੂ ਥਲਾਂ ਵਿੱਚ ਵੀ ਪਾਣੀ ਹੁੰਦਾ ਹੈ, ਜਿਵੇਂ ਵਿਚਾਰਾ ਪਿਆਸਾ ਮਿਰਗ ਮਾਰੂ ਥਲਾਂ ਦੀ ਰੇਤਾ ਦੀ ਪਾਣੀ ਵਰਗੀ ਚਮਕ ਦੇਖ ਕੇ ਅਤੇ ਕਸਤੂਰੀ ਦੀ ਖੁਸ਼ਬੋ ਦੀ ਭਾਲ ਵਿੱਚ ਦੌੜਦਾ-ਭਜਦਾ ਹੋਇਆ ਆਖਿਰ ਆਪਣਾ ਹੀ ਦਮ ਤੋੜ ਲੈਦਾਂ ਹੈ ਅਤੇ ਕਈ ਵਾਰ ਐਸੇ ਨਿਢਾਲ ਹੋਏ ਮਿਰਗ ਨੂੰ ਸ਼ਿਕਾਰੀ ਵੀ ਦਬੋਚ ਲੈਂਦੇ ਹਨ ਪਰ ਵਿਚਾਰਾ ਗਿਆਨਹੀਨ ਮਿਰਗ ਜਾਣਦਾ ਨਹੀਂ ਕਿ ਉਸ ਦੀ ਨਾਭੀ ਵਿੱਚ ਹੀ ਕਸਤੂਰੀ ਭਰੀ ਪਈ ਹੈ ਅਤੇ ਪਾਣੀ ਤਾਂ ਨਦੀਆਂ, ਨਾਲਿਆਂ ਅਤੇ ਦਰਿਆਵਾਂ ਆਦਿਕ ਸੋਮਿਆਂ ਤੋਂ ਹੀ ਮਿਲਣਾ ਹੈ - ਜਿਉਂ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥ (644)

ਇਵੇਂ ਹੀ ਸਭ ਕੁਝ ਸਾਡੇ ਹਿਰਦੇ ਘਰ ਵਿੱਚ ਹੈ ਪਰ ਅਸੀਂ ਅਗਿਆਨਤਾ ਕਰਕੇ ਬਾਹਰ ਭੇਖੀਆਂ ਦੇ ਡੇਰੇਰਿਆਂ ਤੇ ਟੋਲਦੇ ਫਿਰਦੇ ਹਾਂ - ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੇ ਸੋ ਭਰਮਿ ਭੁਲਾਹੀ॥ ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੁ ਅੰਤਰਿ ਬਾਹਰਿ ਸੁਹੇਲਾ ਜੀਉ॥ (102) ਸੋ ਗੁਰੂ ਗਿਆਨ ਲਈ ਸਾਨੂੰ ਮਾਂ ਬੋਲੀ ਪੰਜਾਬੀ-ਗੁਰਮੁਖੀ ਸਿਖਣੀ ਅਤੇ ਗੁਰਬਾਣੀ ਦਾ ਪਾਠ, ਅਰਥ ਅਤੇ ਭਾਵ ਅਰਥ ਸਾਨੂੰ ਆਪ ਸਿਖਣੇ ਪੈਣਗੇ, ਨਹੀਂ ਤਾਂ ਕੱਚੇ ਮਕੈਨਕ ਭਾਵ ਪਾਖੰਡੀ ਡੇਰੇਦਾਰ, “ਨਕਲੀ ਗੁਰੂ” ਦੇ ਸ਼ਬਦੀ ਜਾਲ ਵਿੱਚ ਫਸਾ ਕੇ, ਸਾਨੂੰ ਆਪਣੇ ਦੁਆਲੇ ਹੀ ਭੁਵਾਈ ਫਿਰਨਗੇ। ਸਦਾ ਯਾਦ ਰੱਖੋ ਗੁਰਬਾਣੀ ਜਾਂ ਕਿਸੇ ਵੀ ਕਿਤਾਬ ਵਿੱਚ ਵਰਤੇ ਗਏ ਸ਼ਬਦ ਸਿਖਣ ਲਈ ਹਨ ਨਾਂ ਕਿ ਬਾਰ-ਬਾਰ ਤੋਤਾ ਰਟਨੀ ਪਾਠ ਪੜ੍ਹੀ ਜਾਣ ਲਈ। ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਦੇ ਰੂਪ (ਸਪੈਲਿੰਗ) ਇੱਕੋ ਜਿਹੇ ਹਨ ਪਰ ਪ੍ਰਕਰਣ ਅਨੁਸਾਰ ਅਰਥ ਵੱਖ-ਵੱਖ ਹਨ। ਹੁਣ ਸਾਨੂੰ ਸਮਝ ਆ ਗਈ ਹੋਵੇਗੀ ਕਿ - ਸੰਜੋਗ ਵਿਜੋਗ ਦੁਇ ਕਾਰ ਚਲਾਵਹਿ॥ (ਜਪੁਜੀ) ਪੰਕਤੀ ਵਿੱਚ “ਕਾਰ” ਸ਼ਬਦ ਦੇ ਕੀ ਅਰਥ ਹਨ? ਸਿੱਖੋ! ਜਰਾ ਸਿੱਖੋ, ਸਿਖਣ ਨਾਲ ਔਖੇ ਤੋਂ ਔਖੇ ਸ਼ਬਦਾਂ ਦੇ ਅਰਥ ਵੀ ਸਿਖੇ ਜਾ ਸਕਦੇ ਹਨ। ਵੱਖ-ਵੱਖ ਬੋਲੀਆਂ ਵਿੱਚ “ਕਾਰ” ਸ਼ਬਦ ਦੇ ਅਲੱਗ-ਅਲੱਗ ਅਰਥ ਹਨ, ਪਰ ਅਸੀਂ ਦੇਖਣਾ ਹੈ ਕਿ ਪੰਜਾਬੀ-ਗੁਰਮੁਖੀ ਵਿੱਚ ਲਿਖੀ ਹੋਈ ਗੁਰਬਾਣੀ ਵਿਖੇ “ਕਾਰ” ਦੇ ਵੱਖ-ਵੱਖ ਸ਼ਬਦਾਂ ਅਤੇ ਵਿਸ਼ਿਆਂ ਵਿਖੇ ਕੀ ਅਰਥ ਹਨ?

ਅਵਤਾਰ ਸਿੰਘ ਮਿਸ਼ਨਰੀ

510 432 5827


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top