Share on Facebook

Main News Page

ਸਿੱਖ ਵਿਦਿਆਰਥੀਓ ਹੋਸ਼ ਕਰੋ!

ਸਿੱਖਾਂ ਦੇ ਗੁਰੂ, ਸ਼ਬਦ ਗੁਰੂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸ ਤੋਂ ਬਿਨਾਂ ਸਿੱਖਾਂ ਦਾ ਕੋਈ ਹੋਰ ਗੁਰੂ ਨਹੀ । ਚਾਹੇ ਜਿੰਨੇ ਮਰਜੀ ਦੰਭੀ-ਪਖੰਡੀ ਤੁਰੇ ਫਿਰਦੇ ਰਹਿਣ । ਸਿੱਖ ਨੇ ਸ਼ਬਦ ਗੁਰੂ ਦੇ ਕੋਈ ਮੂਰਤੀ ਵਾਂਗੂੰ ਦਰਸਣ ਨਹੀਂ ਕਰਨੇ ਸਗੋਂ ਉਸ ਨੂੰ ਵਿਚਾਰ ਕੇ ਸਮਝ ਕੇ ਅਮਲਾਂ ਵਿੱਚ ਲਿਆਉਣਾ ਹੈ। ਧੰਨਵਾਨ ਹੋ, ਧਾਰਮਿਕ ਲਿਬਾਸ ਧਾਰਨ ਕਰਕੇ ਵੀ ਅਗਰ ਸ਼ੁੱਭ ਅਮਲਾ ਨਹੀਂ, ਤਾਂ ਉਹ “ਸੁੱਭ ਅਮਲਾ ਵਾਜੋਂ ਰੋਂਦਾ-ਧੋਂਦਾ ਹੀ ਰਹਿੰਦਾ ਹੈ” । ਸੁੱਭ ਅਮਲ ਪੜ੍ਹਨ ਤੇ ਵਿਚਾਰਨ ਨਾਲ਼ ਹੀ ਆਉਂਦੇ ਹਨ । ਇਸ ਦਾ ਭਾਵ ਸਿੱਖ ਦੇ ਜੋ ਜਰੂਰੀ ਕਾਰਜ ਹਨ ਉਹ ਹਨ, ਸ਼ੁੱਭ ਅਮਲ ਤੇ ਵਿੱਦਿਆ । ਇੱਕ ਸੱਚੇ ਸਿੱਖ ਦਾ ਫਰਜ ਹੈ ਕਿ ਉਹ ਬਹੁਤ ਹੀ ਵਧੀਆ ਵਿੱਦਿਆ ਦੀ ਪ੍ਰਾਪਤੀ ਕਰਕੇ, ਸ਼ੁੱਭ ਅਮਲਾ ਨੂੰ ਜੀਵਨ ਵਿੱਚ ਅਪਣਾ, ਆਪਣੇ ਜੀਵਨ ਤੇ ਆਪਣੇ ਆਲੇ-ਦੁਆਲੇ ਨੂੰ ਮਹਿਕਾਉਂਣਾ ਹੈ । ਇਸੇ ਵਿੱਦਿਆ ਦੇ ਟੀਚੇ ਨੂੰ ਸਨਮੁੱਖ ਰੱਖਦਿਆਂ ਸਿੱਖਾਂ ਦੀ ਸਿਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਨੇ ਦੋ ਬਹੁਤ ਵੀ ਵਧੀਆ ਉੱਚ-ਕੋਟੀ ਦੇ ਇੰਜੀਨਿਰਿਗ ਦੀ ਪੜ੍ਹਾਈ ਲਈ, ਵਿਦਿਅਕ ਅਦਾਰੇ ਬਣਾਏ ਅਤੇ ਨਾਲ਼-ਨਾਲ਼ ਅੰਮ੍ਰਿਤਸਰ ਵਿੱਚ ਇੱਕ ਬਹੁਤ ਹੀ ਵਧੀਆ ਮੈਡੀਕਲ ਕਾਲਿਜ ਵੀ ਗੁਰੂ ਦੀ ਮਿਹਰ ਨਾਲ਼ ਬਣਵਾਇਆ ।

ਇੱਕ ਕਦਮ ਹੋਰ ਅੱਗੇ ਪੁੱਟਦਿਆਂ, ਸ਼ਹੀਦਾਂ ਦੀ ਧਰਤੀ ਸਰਹੰਦ ਵਿੱਚ, ਗੁਰੂ ਗ੍ਰੰਥ ਸਾਹਿਬ ਵਿਸਵ-ਸਿੱਖ ਯੁਨੀਵਰਸਿਟੀ ਵੀ ਬਣ ਕੇ ਤਿਆਰ ਹੈ । ਇਸ ਯੁਨੀਵਰਸਿਟੀ ਵਿੱਚ ਬਹੁਤ ਹੀ ਉੱਚ ਕੋਟੀ ਦੇ ਨੈਨੋ ਤਕਨਾਲੋਜੀ, ਇੰਜੀ. ਫਜਿਕਸ, ਇਸਟੂਮੈਂਟ ਇੰਜੀ., ਬਾਇਓਟੈਕਨਾਲੋਜੀ, ਫੁਡ ਪ੍ਰੋਸੈਸ ਟੈਕਨਾਲੋਜੀ, ਕੰਪਿਊਟਰ ਸਾਇੰਸ ਤੇ ਬੇਸਿਕ ਸਾਇੰਸ ਵਰਗੇ ਨਵੇਂ ਅਤੇ ਆਧੁਨਿਕ ਵਿਸ਼ੇ ਵੀ ਸਾਮਿਲ ਕੀਤੇ ਗਏ ਹਨ । ਭਾਵ ਕਮੇਟੀ ਆਪਣੇ ਵਲੋਂ ਸਿੱਖਿਆ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਹੁੰਦੀ । ਜਿਆਦਾ ਜਾਣਕਾਰੀ ਲਈ ਯੁਨੀਵਰਸਿਟੀ ਦੀ ਵੈਬ-ਸਾਈਟ “ਾ.ਸਗਗਸਾੁ.ੋਰਗ” ਤੇ ਵੀ ਵਿਦਿਆਰਥੀ ਦੇਖ ਸਕਦੇ ਹਨ । “ਗਰੀਬ ਦਾ ਮੂੰਹ ਗੁਰੂ ਦੀ ਗੋਲਕ” ਦੀ ਲੜੀ ਤਹਿਤ ਆਪਣੇ ਵਿਦਿਅਕ ਅਦਾਰਿਆਂ ਵਿੱਚ ਲੋੜਵੰਦ ਸਿੱਖ ਬੱਚਿਆਂ ਨੂੰ ਪਹਿਲ ਦੇ ਅਧਾਰ ਤੇ ਦਾਖਲੇ ਵੀ ਦਿੱਤੇ ਜਾਂਦੇ ਹਨ । ਤਾਂ ਜੋ ਲੋਕੀ ਉਨ੍ਹਾਂ ਗੁਰਸਿੱਖ ਬੱਚਿਆਂ ਨੂੰ ਦੇਖ ਕੇ ਫਖ਼ਰ ਨਾਲ਼ ਕਹਿਣ ਗੁਰਸਿੱਖ ਡਾਕਟਰ, ਗੁਰਸਿੱਖ ਇੰਜੀਨੀਅਰ । ਉਹਨਾਂ ਬੱਚਿਆਂ ਤੋਂ ਗੁਰਸਿੱਖੀ ਵਿੱਚ ਪ੍ਰਪੱਕ ਰਹਿਣ ਦੇ ਇਕਰਾਰ ਵਜੋਂ ਐਫੀਡੈਵਿਟ ਵੀ ਲਿਆ ਜਾਂਦਾ ਹੈ, ਤਾਂ ਜੋ ਉਹਨਾਂ ਦੇ ਧੁਰੇ ਨਾਲ ਜੁੜੇ ਰਹਿਣ ਨੂੰ ਵੀ ਯਕੀਨੀ ਬਣਾਇਆ ਜਾ ਸਕੇ।

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਿਜ ਲੁਧਿਆਣਾ ਜਿਸ ਵਿੱਚ ਕਿ ਗੁਰੂ ਦੀ ਗੋਲਕ ਦਾ ਵੀ ਹਿੱਸਾ ਪੈਂਦਾ ਹੈ । ਇਥੋਂ ਦੇ ਪੜ੍ਹੇ ਇੰਜੀਨੀਅਰਾਂ ਦੀ ਮਾਰਕੀਟ ਵਿੱਚ ਬਹੁਤ ਮੰਗ ਹੈ। ਤੁਸੀਂ ਕਿਸੇ ਵੀ ਵੱਡੇ ਪ੍ਰਾਈਵੇਟ ਅਦਾਰੇ (ਕਿਉਂਕਿ ਸਰਕਾਰ ਤਾਂ ਸਾਨੂੰ ਰੱਖਦੀ ਨਹੀਂ ਤੇ ਪ੍ਰਾਈਵੇਟ ਵਾਲਿਆ ਦਾ ਕੰਮ ਨਹੀਂ ਚੱਲਦਾ) ਨੂੰ ਦੇਖ ਲਵੋ ਸਿਖਰ ਲੈਵਲ ਦੇ ਇੰਜੀਨੀਅਰ ਏਥੋਂ ਦੇ ਹੀ ਮਿਲਣਗੇ। ਇਸ ਦਾ ਕਾਰਨ ਵੀ ਸਪੱਸਟ ਹੈ ਕਿ ਏਥੇ ਪੇਂਡੂ ਮੁੰਡਿਆਂ ਦੀ ਬਹੁਤਾਤ ਹੁੰਦੀ ਹੈ, ਪੇਂਡੂ ਸੁਫਨਿਆਂ ਦੀ ਸ਼ਹਿਰੀ ਜਿੰਦਗੀ ਨਾਲ਼ੋਂ, ਹਕੀਕਤ ਦੀ ਦੁਨੀਆ ਵਿੱਚ ਜਿਆਦਾ ਜਿਉਂਦੇ ਹਨ। ਵੈਸੇ ਇਹਨਾਂ ਦਾ ਦਿਮਾਗ ਜਲਦੀ ਚੱਲਦਾ ਨਹੀਂ, ਅਗਰ ਚੱਲਣਾ ਸੁਰੂ ਹੋ ਜਾਵੇ ਫਿਰ ਉਹ ਕਿਸੇ ਲੱਲੀ-ਛੱਲੀ ਨੂੰ ਲਾਗੇ ਵੀ ਨਹੀਂ ਲੱਗਣ ਦਿੰਦਾ। ਦੂਸਰਾ ਕਾਰਨ ਇਹਨਾਂ ਦਾ ਮਿਹਨਤੀ ਸੁਭਾਅ ਅਤੇ ਇਹਨਾਂ ਦੇ ਸੁੱਭ ਗੁਣ ਜੋ ਕਿ ਪ੍ਰਾਈਵੇਟ ਅਦਾਰਿਆਂ ਨੂੰ ਬੜੇ ਰਾਸ ਆਉਂਦੇ ਹਨ। ਇਹਨਾਂ ਦਾ ਮਿਹਨਤੀ ਸੁਭਾਅ ਕੁਝ ਇਸ ਤਰਾਂ ਦਾ ਹੈ “ਅਸੀਂ ਹਸਦੇ ਹਸਦੇ ਚੱਲ ਪਵਾਂਗੇ ਅੱਗ ਤੇ, ਬੱਸ ਕਾਇਮ ਰਹੇ ਸਰਦਾਰੀ ਸਾਡੀ ਜੱਗ ਤੇ।”

ਹੁਣ ਗੱਲ ਆਉਂਦੀ ਹੈ ਕਾਲਿਜ ਦੇ ਵਿਦਿਅਕ ਮਿਆਰ ਦੀ ਜੋ ਬਣਾ ਕੇ ਰੱਖਣਾ ਬਹੁਤ ਜਰੂਰੀ ਹੈ। ਨਵੀਂ-ਨਵੀਂ ਤਕਨਾਲੋਜੀ ਦੀ ਸਮਝ ਤਾਂ ਹੀ ਪਵੇਗੀ ਜੇ ਸਾਨੂੰ ਮੁਢਲੀ ਜਾਣਕਾਰੀ (ਬੇਸਿਕ) ਦਾ ਪਤਾ ਹੋਵੇਗਾ। ਬੇਸਿਕ ਦਾ ਪਤਾ ਕਾਲਿਜ ਦੀਆਂ ਕਿਤਾਬਾਂ ਪੜ੍ਹਨ ਨਾਲ਼ ਹੀ ਲੱਗਦਾ ਹੈ। ਜੇ ਅਸੀਂ ਕਲਿਜ ਪੜ੍ਹਦੇ ਸਮੇਂ ਆਪਣੀ ਪੜ੍ਹਾਈ ਦਾ ਕੀਮਤੀ ਸਮਾਂ- ਕੁੱਟ-ਮਾਰ, ਫੁੱਕਰਾ-ਪੰਥੀ, ਬੱਸਾਂ ਤੋੜਨ ਦੇ ਨਾਲ਼-ਨਾਲ਼ ਬੰਕ ਮਾਰਨ ਵਿੱਚ ਹੀ ਗੁਜਾਰਾਂਗੇ ਫਿਰ ਸਮੇਂ ਦੇ ਹਾਣੀ ਕਿਵੇਂ ਬਣਾਗੇ? ਕੌਣ ਸਾਨੂੰ ਮੋਟੀਆਂ-ਮੋਟੀਆਂ ਤਨਖਾਹਾਂ ਤੇ ਰੱਖੇਗਾ? ਮਾਪਿਆਂ ਦੀ ਕਮਾਈ ਵਿਅੱਰਥ ਗੁਆ ਦਿਤੀ। ਬੱਸ ਗਾਣੇ ਗਉਂਣ ਜੋਗੇ ਰਹਿ ਗਏ, “ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ” ਜਾਂ ਆਸਕੀ ਵਿੱਚ ਫਿਰਦੇ ਰਾਝੇ ਸਿਰਫ ਇਹੋ ਕਹਿਣ ਜੋਗੇ ਹਨ “ਮੁੱਲ ਚੰਦਰੀਏ ਪਾਇਆ ਨਾਂ ਤੂੰ ਸਾਡੇ ਪਿਆਰਾਂ ਦਾ, ਹਾਲੇ ਤੱਕ ਵੀ ਬੁਲਟ ਖੜਾ ਥਾਣੇ ਯਾਰਾਂ ਦਾ” ਜੋ ਵਿਚਾਰੇ ਪੰਜ-ਦਸ ਪਰਸੈਂਟ ਪੜ੍ਹਨ ਵਾਲੇ ਵੀ ਹੁੰਦੇ ਹਨ ਉਹਨਾਂ ਨੂੰ ਵੀ ਬੰਕ ਵਿੱਚ ਆਪਣੇ ਨਾਲ਼ ਸਾਮਿਲ ਕਰ ਉਸ ਦਾ ਵੀ ਸਿੱਧਾ ਨੁਕਸਾਨ ਕਰ ਦਿਤਾ ਜਾਂਦਾ ਹੈ।

ਅਗਰ ਉਹ ਵਿਚਾਰਾ ਵਿਰੋਧ ਕਰੇ ਉਸ ਨੂੰ ਕੁਟਣਾ-ਮਾਰਨਾ ਜਾਂ ਉਸ ਦਾ ਬਾਈਕਾਟ ਕਰ ਦਿਤਾ ਜਾਂਦਾ ਹੈ, ਕਿਉਂ ਜੋ ਬਹੁਗਿਣਤੀ ਹੁੱਲੜ ਵਾਲਿਆਂ ਦੀ ਹੁੰਦੀ ਹੈ। ਏਥੋਂ ਦੇ ਕਾਲਿਜ ਟੀਚਰਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ। ਇਸੇ ਕਾਲਿਜ ਦਾ ਇਕ ਕੇਸ ਅਜਿਹਾ ਵੀ ਆਇਆ ਹੈ ਕਿ ਬੰਕ ਲੱਗਿਆ ਹੋਣ ਕਾਰਨ ਸਿਰਫ ਇੱਕ ਬੱਚਾ ਹੀ ਕਲਾਸ ਵਿੱਚ ਬੈਠਾ ਸੀ ਤੇ ਟੀਚਰ ਸਹਿਬਾਨ ਨੇ ਉਸੇ ਨੂੰ ਹੀ ਪੜਾਉਣਾ ਸ਼ੁਰੂ ਕਰ ਦਿਤਾ। ਟੀਚਰ ਸਹਿਬਾਨ ਵੀ ਅਜਿਹੇ ਦਲੇਰ ਬੱਚਿਆਂ ਨੂੰ ਸ਼ਾਬਾਸੀ ਦੇਣ ਤੇ ਉਹਨਾਂ ਵਾਰੇ ਪ੍ਰਿੰਸੀਪਲ ਸਾਹਿਬ ਨੂੰ ਦੱਸਣ। ਵੀਰੋ! ਗੁਰੂ ਬਾਬੇ ਨੇਂ ਤਾਂ ਸਾਨੂੰ ਪੜ੍ਹਨ ਵਾਲ਼ੇ ਪਾਸੇ ਲਗਾਇਆ ਪਰ ਅਸੀਂ ਲੱਗ ਕਿੱਧਰ ਗਏ? ਜਦੋਂ ਮੈਂ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਕਹਿੰਦੇ ਹੁੰਦੇ ਸੀ “ਬੇਟਾ ਅਗਰ ਤੁਸੀਂ ਇਹ ਚਾਰ ਸਾਲ ਮਿਹਨਤ ਕਰ ਲਈ ਫਿਰ ਪੂਰੀ ਜਿੰਦਗੀ ਐਸ਼ ਕਰੋਗੇ, ਅਗਰ ਤੁਸੀ ਇਹ ਚਾਰ ਸਾਲ ਐਸ਼ ਕਰ ਲਈ ਫਿਰ ਪੁਰੀ ਜਿੰਦਗੀ ਨੱਕ ਰਗੜੋਗੇ”। ਪੱਗ ਢੱਠੀ ਬੁਰਾ ਹਾਲ।“ਬੰਕ ਵਾਲ਼ਿਆਂ ਬੌਂਕੇ ਦਿਹਾੜੇ” ਇਹ ਗੱਲ ਅੱਜ ਵੀ ਓਨੀ ਹੀ ਠੀਕ ਹੈ।

ਇਹਨਾਂ ਕਾਲਿਜਾਂ ਦੇ ਜੋ ਸਿੱਖ ਕੋਟੇ ਦੇ ਬੱਚੇ ਨੇ ਉਹ ਪਹਿਲਾਂ ਤਾਂ ਸਿੱਖ ਹੋਣ ਦਾ ਐਫੀਡੈਵਿਟ ਭਰ ਸੀਟ ਲੈ ਜਾਂਦੇ ਨੇ, ਅਤੇ ਕਿਸੇ ਹੋਰ ਸਿੱਖ ਬੱਚੇ ਦਾ ਹੱਕ ਮਾਰਦੇ ਨੇ। ਫਿਰ ਓਹੋ ਵਾਲ਼ ਕਟਵਾ, ਪਤਿਤ ਹੋ ਸਿੱਖੀ ਤੋਂ ਮੁਨਕਰ ਹੋ ਜਾਂਦੇ ਨੇ। ਨਸ਼ਿਆਂ ਵਿੱਚ ਪੈ ਕੇ ਆਪਣੀ ਜਿੰਦਗੀ ਖਰਾਬ ਕਰਦੇ ਹਨ।

ਸੁਣੋ ਓ ਲੋਕੋ ਕਹਾਣੀ ਪੰਜਾਬ ਦੀ, ਨਸ਼ਿਆਂ ਨੇ ਖਾ ਲੀ ਜਵਾਨੀ ਪੰਜਾਬ ਦੀ।
ਲਾਹ ਦਿਤੀ ਪੱਗ ਕਟਾ ਦਿਤੇ ਕੇਸ ਨੇ, ਪਤਾ ਨਹੀਂ ਕਿਹੜੇ ਬਣਾ ਲਏ ਭੇਸ ਨੇ।

ਮੇਰੇ ਕੋਲ਼ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਿਜ ਲੁਧਿਆਣਾ ਦੇ ਪਹਿਲੇ ਸਾਲ ਦੇ ਕੁੱਝ ਗੁਰ-ਲਾਲਾਂ ਅਤੇ ਗੁਰ-ਲਾਲਣੀਆਂ ਦੀ ਲਿਸਟ ਵੀ ਆਈ ਹੈ। ਜਿਨ੍ਹਾਂ ਗੁਰਸਿੱਖੀ ਵਿੱਚ ਪ੍ਰਪੱਕ ਰਹਿਣ ਦੇ ਇਕਰਾਰ ਵਜੋਂ ਦਾਖਲਾ ਲੈਣ ਲਈ ਐਫੀਡੈਵਿਟ ਵੀ ਦਿਤਾ ਹੈ। ਇਸੇ ਕਾਰਨ ਉਹਨਾਂ ਨੂੰ ਸਿੱਖ ਕੋਟੇ ਵਿਚੋਂ ਸੀਟ ਵੀ ਮਿਲੀ ਹੈ। ਤੁਸੀਂ ਕਿਸੇ ਹੋਰ ਸਿੱਖ ਬੱਚੇ ਦਾ ਹੱਕ ਮਾਰਿਆ ਹੈ। ਮੇਰੀ ਉਹਨਾਂ ਬੱਚਿਆਂ ਨੂੰ ਇਸ ਲੇਖ ਜਰੀਏ ਸਖਤ ਤਾੜਨਾ ਹੈ, ਕਿ ਉਹ ਵਖਤ ਰਹਿੰਦੇ ਸੁਧਰ ਜਾਣ ਨਹੀਂ ਤਾਂ ਕਾਰਵਾਈ ਵੀ ਹੋ ਸਕਦੀ ਹੈ। ਅਜਿਹੇ ਬਾਗੀ ਅਨਸਰਾਂ ਤੇ ਕਾਲਿਜ ਪ੍ਰਿਸੀਪਲ ਸਾਹਿਬ ਨੂੰ ਵੀ ਨਜਰ ਰੱਖਣੀ ਬਣਦੀ ਹੈ। ਉਨ੍ਹਾਂ ਨੂੰ ਜਾਂ ਤਾਂ ਸਮਝਾ ਬੁਝਾ ਕੇ ਸਿੱਖੀ ਤੇ ਪੜ੍ਹਾਈ ਵਾਲ਼ੇ ਪਾਸੇ ਲਗਾਉਣ, ਨਸ਼ਿਆਂ ਤੋਂ ਸਖਤੀ ਨਾਲ਼ ਵਰਜਣ ਜਾਂ ਕਗਿਆਰੀ ਨੂੰ ਪੁੱਟ ਕੇ ਵਗਾਹ ਮਾਰਨ ਤਾਂ ਜੋ ਕਾਲਿਜ ਦਾ ਮਿਥਿਆ ਟੀਚਾ ਪੂਰਾ ਹੋ ਸਕੇ। ਕਾਲਿਜ ਦੇ ਨਜਦੀਕ ਰਹਿੰਦੇ, ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਹਿਬਾਨ, ਦੀ ਵੀ ਡਿਉਟੀ ਬਣਦੀ ਹੈ ਕਿ ਉਹ ਇਸ ਵਡਮੁੱਲੇ ਵਿਦਿਅਕ ਅਦਾਰੇ ਤੇ ਆਪਣੀ ਗਹਿਰੀ ਨਜ਼ਰ ਰੱਖਣ ਤਾਂ ਜੋ ਗੁਰੂ ਦੀ ਗੋਲਕ ਦੇ ਦੁਰਉਪਯੋਗ ਨੂੰ ਰੋਕਿਆ ਕੇ ਜਾ ਸਕੇ। ਅਜਿਹੇ ਗੁਰੂ ਤੋਂ ਬੇਮੁੱਖ ਹੋਏ ਵਿਦਿਆਰਥੀਆਂ ਤੇ ਢੁੱਕਵੀ ਕਾਰਵਾਈ ਕਰ, ਇਹਨਾਂ ਨੂੰ ਬਾਹਰ ਦਾ ਰਾਸਤਾ ਦਿਖਾਇਆ ਜਾਵੇ ਜਾਂ ਇਹਨਾਂ ਨੂੰ ਸਿਧੇ ਰਾਸਤੇ ਪਾਇਆ ਜਾਵੇ ਤਾਂ ਜੋ ਏਥੋਂ ਦੀ ਵਿਦਿਆ ਦਾ ਮਿਆਰ ਸਦਾ ਬਹੁਤ ਹੀ ਉੱਚ ਕੋਟੀ ਦਾ ਰਹੇ। ਏਥੋਂ ਸਦਾ ਹੀ ਵਧੀਆ ਗੁਰਸਿੱਖ ਇੰਜੀਨੀਅਰ ਨਿਕਲਣ ਜੋ ਆਪਣੇ ਧਰਮ, ਦੇਸ਼-ਕੌਮ ਦੀ ਸੇਵਾ ਤਨਦੇਹੀ ਨਾਲ਼ ਨਿਭਾਉਣ, ਨਾਲ਼-ਨਾਲ਼ ਇਸ ਅਦਾਰੇ ਦੇ ਨਾਮ ਨੂੰ ਹੋਰ ਸਿੱਖਰਾਂ ਤੱਕ ਲੈ ਜਾਣ।

ਵੀਰੋ, ਪਹਿਲਾਂ ਹੀ ਤੁਹਾਡੀ ਪੰਜਾ ਦਰਿਆਵਾਂ ਦੀ ਧਰਤੀ ਜੋ ਕਦੇ ਪੰਜ+ਆਬ= “ਪੰਜਾਬ” ਹੁੰਦੀ ਸੀ, ਹੁਣ ਸਿਰਫ ਢਾਈ+ਆਬਾਂ =“ਢਾਬ” ਬਣ ਕੇ ਰਹਿ ਗਈ ਹੈ, ਹੁਣ ਅੱਛੀ ਪੜਾਈ ਲਿਖਾਈ ਤੋਂ ਬਿਨਾ ਨਹੀਂ ਸਰਨਾ। ਪਾਣੀ ਦਿਨੋ ਦਿਨ ਹੋਰ ਥੱਲੇ, ਹੋਰ ਥੱਲੇ ਜਾ ਰਿਹਾ, ਧਰਤੀ ਬੰਜਰ ਬਣ ਰਹੀ ਹੈ, ਕੈਂਸਰ ਫੈਲ ਰਿਹਾ ਹੈ। ਪੜ੍ਹਨ ਦੇ ਨਾਲ਼ ਹੀ ਗਤੀ ਹੋਣੀ ਹੈ ਨਹੀਂ ਤਾਂ ਦੁਰਗਤ ਬੂਹਾ ਖੜਕਾ ਰਹੀ ਹੈ। ਸੰਭਲ ਜਾਓ ਜੇ ਸੰਭਲ ਸਕਦੇ ਹੋ। ਕਾਲਿਜਾਂ ਵਿਚ ਪੜਦੇ ਸਿੱਖੀ ਵਿੱਚ ਪ੍ਰਪੱਕ ਵੀਰਾਂ ਨੂੰ ਵੀ ਅਪੀਲ ਹੈ ਉਹ ਵੀ ਆਪਣੇ ਆਲੇ-ਦੁਆਲੇ ਗੋਲਕ ਦੀ ਦੁਰਵਰਤੋਂ ਕਰਨ ਵਾਲ਼ਿਆਂ ਤੇ ਗਹਿਰੀ ਨਜ਼ਰ ਰੱਖਣ, ਨਾਲ਼-ਨਾਲ਼ ਆਪਣੀ ਪੜਾਈ ਤੇ ਵੀ ਜੋਰ ਦੇਣ। ਫਾਲਤੂ ਦੇ ਬੰਕ ਤੇ ਫੁਕਰਾ ਪੰਤੀ ਨਾਲ਼ ਕੁੱਝ ਨੀ ਬਣਨਾ, ਬਥੇਰਾ ਟਾਇਮ ਪਿਆ ਫੁਕਰਾ ਪੰਥੀਆਂ ਕਰਨ ਨੂੰ। ਹੁਣ ਬੱਸ ਪੜਾਈ ਵਿੱਚ ਜੁਟ ਜਾਓ ਤੇ ਸ਼ਿਖਰਾਂ ਨੂੰ ਛੁਹੋ। ਮੇਰੀ ਤਾਂ ਏਹੋ ਹੱਥ ਬੰਨ ਅਰਜੋਈ ਹੈ, ਸਿੱਖ ਵਿਦਿਆਰਥੀਓ ਹੋਸ਼ ਕਰੋ!

ਇੰਜੀ. ਮਨਵਿੰਦਰ ਸਿੰਘ ਗਿਆਸਪੁਰ
98180 20236
ਮਕਾਨ ਨੰ. 317, ਪਿੰਡ ਗਿਆਸ ਪੁਰ,
ਡਾਕ. ਢੰਡਾਰੀ ਕਲਾਂ, ਜਿਲ੍ਹਾ ਲੁਧਿਆਣਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top