Share on Facebook

Main News Page


ਬਚਿਤ੍ਰ ਨਾਟਕ ਵਿਚ ਆਏ ਤੀਰਥ ਸ਼ਬਦ ਦਾ ਵਿਸ਼ਲੇਸ਼ਣ

ਤੀਰਥ ਸ਼ਬਦ ਦੇ ਸਬੰਧ ਵਿਚ ਭਾਈ ਕਾਹਨ ਸਿੰਘ ਜੀ, ਨਾਭਾ ਮਹਾਨ ਕੋਸ਼ ਵਿਚ ਲਿਖਦੇ ਹਨ, “ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏਂ. ਪਵਿਤ੍ਰ ਸਥਾਨ ਜਿਥੇਂ ਧਾਰਮਕ ਭਾਵ ਨਾਲ ਲੋਕ ਪਾਪ ਦੂਰ ਕਰਣ ਲਈ ਜਾਣ” ਇਸ ਤੋਂ ਭਾਵ ਇਹ ਹੋਇਆ ਕਿ ਤੀਰਥ ਉਹ ਧਾਰਮਕ ਸਥਾਨ ਹੈ ਜਿਥੇਂ ਜਾ ਕੇ ਮੱਨੁਖ ਦੇ ਪਾਪ ਕਰਮ ਮਿਟ ਜਾੰਦੇ ਹਨ ਤੇ ਮੱਨੁਖ ਪਵਿਤ੍ਰ ਹੋ ਜਾੰਦਾ ਹੈ।

ਤੀਰਥ ਦੇ ਸਬੰਧ ਵਿਚ ਬਚਿਤ੍ਰ ਨਾਟਕ ਦੇ ਅਧਿਆਇ ਸਤਵੇਂ ਵਿਚ ਇਹ ਵਿਚਾਰ ਆਉਂਦਾ ਹੈ:

ਮੁਰ ਮਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ॥ ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥1॥
ਤਹੀ ਪ੍ਰਕਾਸ਼ ਹਮਾਰਾ ਭਯੋ॥ ਪਟਨਾ ਸਹਰ ਬਿਖੈ ਬਵ ਲਯੋ॥ ਮਦ੍ਰ ਦੇਸ ਹਮ ਕੋ ਲੇ ਆਏ॥ ਭਾਂਤਿ ਭਾਂਤਿ ਦਾਈਅਨ ਦੁਲਰਾਏ॥

ਇਨ੍ਹਾਂ ਪਂਕਤਿਆਂ ਦੇ ਤੁਕਾਰਥ ਕਰਦੇ ਹੋਏ ਜੇ.ਪੀ. ਸੰਗਤ ਸਿੰਘ ਜੀ ਲਿਖਦੇ ਹਨ, “ਮੇਰੇ ਪਿਤਾ ਜੀ ਨੇ ਪੁਰਬ ਦਿਸ਼ਾ ਵੱਲ ਪ੍ਰਚਾਰ ਹਿਤ ਜਾਣ ਦੀ ਤਿਆਰੀ ਕਰ ਲਈ।ਰਸਤੇ ਵਿਚ ਕਰੀ ਤੀਰਥਾਂ ਦੇ ਇਸ਼ਨਾਨ ਕਰਦੇ ਹੋਏ ਜਦੋਂ ਉਹ ਤ੍ਰਿਬੇਣੀ ਵਿਖੇ ਪੁੱਜੇ ਤਾਂ ਦਾਨ ਪੁੰਨ ਕਰਦੇ ਹੋਏ ਕਈ ਦਿਨ ਬਿਤਾ ਦਿਤੇ।1। ਉਥੇਂ ਤ੍ਰਿਬੇਣੀ ਵਿਖੇ ਹੀ ਅਸੀਂ ਮਾਤ ਗਰਭ ਵਿਚ ਆਏ ਅਤੇ ਪਟਨਾ ਸ਼ਹਿਰ ਵਿਚ ਪੁੱਜ ਕੇ ਸਾਡਾ ਜਨਮ ਹੋਇਆ। ਉਥੋਂ ਸਾਨੂੰ ਪੰਜਾਬ ਵਿਚ ਲੈ ਆਏ, ਜਿੱਥੇ ਕਈ ਕਈ ਦਾਈਆਂ ਖਿਡਾਵਿਆਂ ਨੇ ਸਾਡੀ ਪਿਆਰ ਦੁਲਾਰ ਨਾਲ ਪਾਲਣਾ ਕੀਤੀ।2।

ਜਿਸ ਦਾ ਭਾਵ ਹੋਇਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਕਹਿੰਦੇ ਹਨ ਕਿ ਮੇਰੇ ਪਿਤਾ ਗੁਰੂ ਤੇਹ ਬਹਾਦਰ ਸਾਹਿਬ ਪੂਰਬ ਦੇਸ਼ ਵੱਲ ਜਾਂਦੇ ਸਮੇਂ ਪ੍ਰਯਾਗ ਵਿਖੇ ਰੁੱਕੇ ਤੇ ਉਥੇਂ ਉਨ੍ਹਾਂ ਨੇ ਦਾਨ ਪੁੰਨ ਕੀਤਾ।ਜਿਸ ਕਰਕੇ ਮੈਂ ਮਾਤ ਗਰਭ ਵਿਚ ਆਇਆ।
ਪ੍ਰਯਾਗ ਤੀਰਥ ਦੀ ਹਿੰਦੂ ਧਰਮ ਵਿਚ ਬਹੁਤ ਹੀ ਮਾਨਤਾ ਹੈ। ਇਥੇਂ ਹੀ 12 ਸਾਲਾਂ ਮਗਰੋਂ ਕੂੰਭ ਦਾ ਮੇਲਾ ਲਗਦਾ ਹੈ।ਇਸ ਸਬੰਧ ਵਿਚ ਮਹਾਨ ਕੋਸ਼ ਵਿਚ ਲਿਖਿਆ ਹੈ, “ਯੂ.ਪੀ. ਵਿਚ ਗੰਗਾ ਜਮੁਨਾ ਦੇ ਸੰਗਮ ਦਾ ਇਕ ਪ੍ਰਸਿੱਧ ਤੀਰਥ, ਜਿੱਥੇ ਸਰਸ੍ਵਤੀ ਨਦੀ ਦਾ ਗੁਪਤ ਸੰਗਮ ਮੰਨਿਆ ਨਾਂਦਾ ਹੈ।”


ਉਪਰ ਕੀਤੇ ਵੀਚਾਰ ਦੀ ਵਿਵੇਚਨਾ ਕਰਦੇ ਹੋਏ ਇਹ ਖਿਆਲ ਸਵੈ ਚਿੱਤ ਹੀ ਆ ਜਾੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪ੍ਰਯਾਗ ਤੀਰਥ ਤੇ ਗੁਰੂ ਤੇਗ ਬਹਾਦਰ ਸਾਹਿਬ ਵਲੋ ਕੀਤੇ ਦਾਨ ਪੁੰਨ ਦੇ ਨਤੀਜੇ ਵਜੋ ਹੋਇਆ।

ਇਹ ਸਾਰੀ ਵਿਚਾਰ ਗੁਰਮਤਿ ਮੁਤਾਬਿਕ ਹੈ ਕਿ ਨਹੀਂ ਇਸ ਲਈ ਤੀਰਥ ਦੇ ਸਬੰਧ ਵਿਚ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਨਾ ਅਤਿ ਦਾ ਜਰੂਰੀ ਹੋ ਜਾੰਦਾ ਹੈ।ਗੁਰਮਤਿ ਮਾਰਤੰਡ ਵਿਚ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਹਨ, “ਲੋਕ ਨੂੰ ਹਿੱਤ ਦਾ ਉਪਦੇਸ਼ ਦੇਣ, ਕੁਕਰਮਾਂ ਦੇ ਬੰਧਨਾਂ ਤੋਂ ਮੁਕਤ ਕਰਨ ਅਤੇ ਆਮਿਲ ਅਤੇ ਆਮਿਲ ਸੱਜਣਾਂ ਦੀ ਸੰਗਤਿ ਤੋ ਲਾਭ ਪ੍ਰਾਪਤ ਕਰਨ ਅਤੇ ਵਾਕਫੀਯਤ ਵਧਾਉਣ ਲਈ ਤੀਰਥਾਂ ਤੇ ਜਾਣਾ ਲਾਭਦਾਯਕ ਹੈ, ਪਰ ਕੇਵਲ ਤੀਰਥ ਸਨਾਨ ਅਤੇ ਦਰਸ਼ਨ ਤੋਂ ਹੀ ਗਤਿ ਮੰਨਣੀ ਅਵਿਦਯਾ ਹੈ।”

ਗੁਰਬਾਣੀ ਮੁਤਾਬਿਕ ਸਾਰੇ ਗੁਰੂ ਸਾਹਿਬਾਨ ਹਿੰਦੂ ਤੀਰਥਾਂ ਦੇ ਗੁਰਮਤਿ ਦੇ ਫਲਸਫੇ ਦੇ ਪ੍ਰਚਾਰ ਹਿੱਤ ਹੀ ਗਏ ਸਨ, ਉਥੇਂ ਜਾਣ ਦਾ ਪ੍ਰਯੋਜਨ ਕੋਈ ਤੀਰਥ ਸਥਾਨਾਂ ਤੇ ਜਾ ਕੇ ਪੁੰਨ ਦਾਨ ਕਰਕੇ ਆਪਣੇ ਪਾਪ ਦਾ ਨਾਸ ਕਰਨਾ ਨਹੀਂ ਸੀ।

ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ ਪੰਨਾ 1116

ਇਸੇਂ ਪ੍ਰਥਾਇ ਭਾਈ ਗੁਰਦਾਸ ਜੀ ਵੀ ਆਪਣਿਆ ਵਾਰਾਂ ਵਿਚ ਫਰਮਾਉਂਦੇ ਹਨ:

ਬਾਬਾ ਆਇਆ ਤੀਰਥੀਂ ਤੀਰਥ ਪੁਰਬ ਸਭੇ ਫਿਰ ਦੇਖੈ॥ ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ॥
ਭਾਉ ਨ ਬ੍ਰਹਮੇ ਲਿਖਿਆ ਚਾਰ ਬੇਦ ਸਿੰਮ੍ਰਤਿ ਪੜ੍ਹ ਦੇਖੈ॥ ਢੂੰਡੀ ਸਗਲੀ ਪਿਰਥਮੀ ਸਤਿਜੁਗ ਆਦਿ ਦੁਅੱਾਪਰ ਤ੍ਰੇਤੈ॥
ਕਲਿਜੁਗ ਧੁੰਧੂਕਾਰ ਹੈ ਭਰਮ ਭੁਲਾਈ ਬਹੁ ਬਿਧਿ ਭੇਖੈ॥ ਭੇਖੀਂ ਪ੍ਰਭੂ ਨ ਪਾਈਐ ਆਪ ਗਵਾਏ ਰੂਪ ਨ ਰੇਖੈ॥
ਗੁਰਮੁਖ ਵਰਨ ਅਵਰਨ ਹੋਇ ਨਿਵ ਚਲੈ ਗੁਰਸਿਖ ਵਿਸੇਖੈ॥ ਤਾਂ ਕੁਛ ਘਾਲ ਪਵੈ ਦਰ ਲੇਖੈ ॥25॥

ਗੁਰਮਤਿ ਮੁਤਾਬਿਕ ਤੀਰਥਾਂ ਤੇ ਜਾਣ ਮਾਤਰ ਜਾਂ ਦਾਨ, ਪੁੰਨ, ਇਸ਼ਨਾਨ ਨਾਲ ਕੀਸੀ ਵੀ ਤਰ੍ਹਾਂ ਨਾਲ ਮੋਖ ਪ੍ਰਾਪਤ ਨਹੀਂ ਹੋਣਾ ਤੇ ਨਾ ਹੀ ਕੀਸੀ ਤਰ੍ਹਾਂ ਮੱਨੁਖ ਧਾਰਮਕ ਬਣ ਜਾਂਦਾ ਹੈ। ਇਸ ਸਬੰਧ ਵਿਚ ਭਗਤ ਕਬੀਰ ਸਾਹਿਬ ਦਾ ਇਹ ਸ਼ਬਦ ਬੜਾ ਹੀ ਮਹੱਤਵਪੂਰਣ ਹੈ:

ਆਸਾ ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥1॥
ਪੂਜਹੁ ਰਾਮੁ ਏਕੁ ਹੀ ਦੇਵਾ ॥ ਸਾਚਾ ਨਾਵਣੁ ਗੁਰ ਕੀ ਸੇਵਾ ॥1॥ ਰਹਾਉ ॥
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ ਜੈਸ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥2॥
ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥ ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥3॥
ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥ ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥4॥4॥37॥
ਪੰਨਾ 484

ਇਸ ਦੇ ਨਾਲ ਹੀ ਗੁਰਬਾਣੀ ਵਿਚ ਗੁਰੂ ਨਾਨਕ ਸਾਹਿਬ ਦਾ ਇਹ ਪ੍ਰਮਾਣ ਬੜਾ ਹੀ ਮਹੱਤਵਪੂਰਣ ਹੈ:

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥
ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥1॥
ਪੰਨਾ 687

ਗੁਰੂ ਨਾਨਕ ਸਾਹਿਬ ਉਪਰ ਦਿੱਤਿਆ ਪੰਕਤਿਆ ਵਿਚ ਇਹ ਭਾਵ ਹੈ, ਤੀਰਥ ਨਾਲ ਪਰਮਾਤਮਾ ਦੇ ਮਿਲਨ ਦੀ ਵਿਚਾਰ ਗੁਰੂ ਨਾਨਕ ਸਾਹਿਬ ਖਾਰਿਜ ਕਰ ਰਹੇ ਹਨੇ ਤੇ ਨਾਲ ਹੀ ਉਪਦੇਸ਼ ਦੇ ਰਹੇ ਨੇ ਕਿ ਸ਼ਬਦ ਨਾਲ ਜੁੜ ਕੇ ਮੱਨੁਖ ਪਰਮਾਤਮਾ ਨੂੰ ਪ੍ਰਾਪਤ ਕਰਣ ਲਈ ਆਪਣੇ ਰੋਗ ਗਵਾਂ ਦੇਂਦਾ ਹੈ। ਇਸੇ ਵਿਚਾਰਧਾਰਾ ਤੇ ਹੀ ਗੁਰੂ ਤੇਗ ਬਹਾਦਰ ਸਾਹਿਬ ਬਿਲਾਵਲ ਰਾਗ ਵਿਚ ਇਹ ਉਪਦੇਸ਼ ਦੇ ਰਹੇ ਹਨ:

ਬਿਲਾਵਲੁ ਮਹਲਾ 9 ॥
ਜਾ ਮੈ ਭਜਨੁ ਰਾਮ ਕੋ ਨਾਹੀ ॥ ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥1॥ ਰਹਾਉ ॥
ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥ ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥1॥
ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥ ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥2॥
ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥ ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥3॥3॥

ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਹੀ ਪ੍ਰੋੜਤਾ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਕੀਤਾ ਹੈ। ਇਨ ਉਪਦੇਸ਼ਾਂ ਦੀ ਰੋਸ਼ਨੀ ਵਿਚ ਇਹ ਵਿਚਾਰ ਤੇ ਕੇਵਲ ਮਨੋਕਲਪਿਤ ਹੀ ਲਗਦੇ ਹਨ ਕਿ ਗੁਰੂ ਤੇਗ ਬਹਾਦਰ ਸਾਗਿਬ ਤੀਰਥ ਦੇ ਫਲਸਫੇ ਨਾਲ ਪ੍ਰਯਾਗ ਗਏ ਤੇ ਉਥੇਂ ਪੁੰਨ ਦਾਨ ਕੀਤਾ ਤੇ ਉਨ੍ਹਾਂ ਦੇ ਕਰਕੇ ਗੁਰੂ ਗੋਬਿੰਧ ਸਿੰਘ ਸਾਹਿਬ ਦਾ ਜਨਮ ਹੋਇਆ।

ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਮਾਤਾ ਗੁਜਰੀ ਜੀ ਕੂੱਖ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਅਕਾਲ ਪੂਰਖ ਜੀ ਦੇ ਹੁਕਮ ਵਿਚ ਹੀ ਹੋਇਆ ਤੇ ਉਸ ਗੁਰੂ ਨੂੰ ਕੀਸੀ ਤੀਰਥ ਤੇ ਜਾ ਕੇ ਸਪੁਤਰ ਦੀ ਦਾਤ ਨਹੀਂ ਲੈਣੀ ਪਈ, ਉਹ ਦਾਤਾ ਤੇ ਸਤਿਗੁਰੂ ਆਪ ਹੀ ਹਨ ਜੋ ਸੰਗਤਾਂ ਦੀ ਝੋਲੀ ਸਦਾ ਭਰਦੇ ਰਹੇ ਹਨ ਤੇ ਸਦਾ ਹੀ ਭਰਦੇ ਰਹਿਣਗੇਂ।

ਮਨਮੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top