Share on Facebook

Main News Page

ਫੌਜ ਵਿੱਚ ਤਿਆਰ ਹੋਏ ਸਰਕਾਰੀ ਸੰਤਾਂ ਦੇ ਫਾਰਮੁੱਲੇ

ਅੰਗਰੇਜ਼ੀ ਫੌਜ ਵਿੱਚ ਵਫਾਦਾਰੀ ਨਾਲ ਸਰਕਾਰੀ ਡਿਊਟੀ ਕਰਨ ਵਾਲੇ, ਕੁੱਝ ਵਿਅਕਤੀਆਂ ਨੂੰ ਵਿਸ਼ੇਸ਼ ਮਕਸਦ ਦੀ ਪੂਰਤੀ ਵਾਸਤੇ, ''ਸੰਤਗੀਰੀ'' ਦਾ ਰੁਤਬਾ ਦੇ, ਕੇ ਫੌਜ ਵਿੱਚੋਂ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਵਿਚ ਨਿਯੁਕਤ ਕੀਤਾ ਗਿਆ।

ਰਾਧਾ ਸੁਆਮੀ ਡੇਰੇ ਵਾਲਿਆਂ ਦਾ ਪਹਿਲਾ ਮੁਖੀ, ਭਾਈ ਜੈਮਲ ਸਿੰਘ ਫੌਜੀ ਸੀ। ਨਾਮਧਾਰੀਆਂ ਦਾ ਪਹਿਲਾ ਮੁਖੀ ਰਾਮ ਸਿੰਘ (ਕੂਕਾ) ਫੌਜੀ ਸੀ। ਨੌਰੰਗਾਬਾਦ ਵਾਲਾ ਭਾਈ ਬੀਰ ਸਿੰਘ ਫੌਜੀ ਸੀ। ਮਸਤੂਆਣੇ ਡੇਰੇ ਦਾ ਪਹਿਲਾ ਮੁਖੀ ਭਾਈ ਅਤਰ ਸਿੰਘ ਫ਼ੌਜੀ ਸੀ। ਇਸ ਦੇ ਨਾਲ ਅਤਰ ਸਿੰਘ ਅਤਲੇ ਵਾਲਾ, ਅਤਰ ਸਿੰਘ ਰੇਰੂਵਾਲਾ ਤੇ ਅਤਰ ਸਿੰਘ ਘੁੰਨਸਵਾਲਾ ਸਾਰੇ ਫ਼ੌਜੀ ਸਨ।

ਜੈਮਲ ਸਿੰਘ ਰਾਮ ਸਿੰਘ ਨਾਮਧਾਰੀ ਅਤਰ ਸਿੰਘ ਮਸਤੂਆਣਾ

ਇਸੇ ਤਰ੍ਹਾਂ ਪ੍ਰਸਿੱਧ ''ਸੰਤ'' ਲਗਭਗ ਸਾਰੇ ਫੌਜ ਵਿਚੋਂ ਲਿਆ ਕੇ ਫਿੱਟ ਕੀਤੇ ਗਏ ਸਨ। ਇਨ੍ਹਾਂ ''ਸਰਕਾਰੀ ਸੰਤਾਂ'' ਨੇ ਥੋੜ੍ਹੇ ਹੀ ਸਮੇਂ ਵਿੱਚ ਚੰਗਾ ਨਾਮ ਕਮਾ ਲਿਆ। ਲੋਕੀਂ ਵਹੀਰਾਂ ਘੱਤ ਕੇ ਇਨ੍ਹਾਂ ਦੇ ''ਪਰਵਚਨ ਸਰਵਣ'' ਕਰਨ ਲਈ ਡੇਰਿਆਂ ਦੀ ਸ਼ੋਭਾ ਵਧਾਉਣ ਲੱਗੇ। ਸਮੇਂ ਸਮੇਂ ਅੰਗਰੇਜ਼ ਅਫਸਰ ਅਤੇ ਵੱਡੇ ਫੌਜੀ ਜਰਨੈਲ ਭੀ ਇਨ੍ਹਾਂ ''ਸਰਕਾਰੀ ਸੰਤਾਂ'' ਦੇ ਚਰਨ ਪਰਸਣ ਆ ਜਾਂਦੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ। ਇਨ੍ਹਾਂ ''ਸਰਕਾਰੀ ਮਹਾਪੁਰਖਾਂ'' ਨੇ ਲੋਕਾਂ ਦੇ ਕਲਿਆਣ ਲਈ ਬਹੁਤ ਸਾਰੇ ਨਵੇਂ ਫਾਰਮੁੱਲੇ (ਤਜਰਬੇ) ਈਜਾਦ ਕੀਤੇ। ਜਿਨ੍ਹਾਂ ਵਿਚੋਂ ਕੁੱਝ ਕੁ ਇਉਂ ਹਨ :

  1. ਆਪਣੇ ਅਧੀਨ ਚੱਲਣ ਵਾਲੇ ਅਦਾਰਿਆਂ ਦੇ ਨਾਮ ਗੁਰਦਵਾਰੇ ਨਾ ਰੱਖ ਕੇ, ਡੇਰੇ, ਠਾਠ, ਭੌਰੇ ਅਤੇ ਟਿਕਾਣੇ ਟਕਸਾਲ ਨਾਮ ਪ੍ਰਚਲਤ ਕਰਨੇ।
  2. ਇਨ੍ਹਾਂ ਥਾਵਾਂ ਵਿੱਚ ਨਿਸ਼ਾਨ, (ਝੰਡਾ) ਨਗਾਰਾ, ਹਥਿਆਰ ਨਾ ਰੱਖਣੇ। ਇਨ੍ਹਾਂ ਡੇਰਿਆਂ ਵਿਚਲੇ ਸਾਰੇ ਵਿਅਕਤੀਆਂ ਵੱਲੋਂ ਨੀਲੇ ਪਹਿਰਾਵੇ ਤਿਆਗ ਕੇ, ਸਫੈਦ ਭਾਵ ਸ਼ਾਂਤੀ ਦੇ ਪ੍ਰਤੀਕ ਬਸਤਰ ਧਾਰਨ ਕਰਨੇ।
  3. ਸਿਰ 'ਤੇ ਵੱਡੀਆਂ ਦਸਤਾਰਾਂ ਦੀ ਥਾਂ, ਨਿੱਕੇ-ਨਿੱਕੇ ਪਟਕੇ ਬੰਨ੍ਹਣੇ।
  4. ਪੈਰਾਂ ਵਿੱਚ ਜੁੱਤੀ ਪਾਉਣ ਦੀ ਥਾਂ ਖੜਾਵਾਂ ਪਹਿਨਣੀਆਂ ਜਾਂ ਨੰਗੇ ਪੈਰੀਂ ਵਿਚਰਨਾ।
  5. ਕਿਰਪਾਨ ਖੰਡਾ ਜਾਂ ਹੋਰ ਰਵਾਇਤੀ ਸਿੱਖ ਸ਼ਸਤਰਾਂ ਦਾ ਵਿਰੋਧ ਕਰਨਾ।
  6. ਤਿੰਨ ਫੁਟੀ ਕਿਰਪਾਨ ਦੀ ਬਜਏ ਗਾਤਰੇ ਵਾਲੀ ਛੋਟੀ ਜਾਂ ਤਵੀਤ ਨੁਮਾ ਗਲ ਵਿੱਚ ਕਿਰਪਾਨ ਪਾਉਣੀ।
  7. ਗੁਰਬਾਣੀ ਦਾ ਸਹੀ ਗਿਆਨ ਦੇਣ ਦੀ ਥਾਵੇਂ ਮੰਤਰ ਪਾਠ, ਅਖੰਡ ਪਾਠ, ਸੰਪਟ ਪਾਠ ਅਤੇ ਹੋਰ ਕਈ ਤਰ੍ਹਾਂ ਦੇ ਪਾਠ ਪ੍ਰਚਲਤ ਕਰਨਾ। ਗੁਰਬਾਣੀ ਦੇ ਨਾਲ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਨੂੰ ਉਤਾਰਨਾ।
  8. ਕਿਸੇ ਭੀ ਮੁਸ਼ਕਲ ਵਕਤ ਚੰਗੀ ਸਲਾਹ ਨਾ ਦੇ ਕੇ, ਅਰਦਾਸ ਜਾਂ ਕਿਸੇ ਤਰ੍ਹਾਂ ਦੇ ਮੰਤਰ ਪਾਠ ਦੇ ਰਾਹ ਪਾਉਣਾ।
  9. ਕਿਰਤੀ ਸਿੱਖਾਂ ਦੀ ਕਮਾਈ ਡਕਾਰਨ ਵਾਲਾ, ਨਵਾਂ ਪੁਜਾਰੀ ਤਬਕਾ ਪੈਦਾ ਕਰਨਾ, ਜੋ ਲੋਕਾਂ ਦੀ ਕਮਾਈ ਨਾਲ ਗੁਲਛਰਰੇ ਉਡਾਵੇ।
  10. ਵਿਆਹ ਨਾ ਕਰਵਾ ਕੇ ਗ੍ਰਿਸਤ ਮਾਰਗ ਦਾ ਤ੍ਰਿਸਕਾਰ ਕਰਨਾ ਤੇ ਡੇਰਿਆਂ ਵਿੱਚ ਅਨੈਤਕ (ਪਰ ਤਨ ਭੋਗ ਤੇ ਮੁੰਡੇਬਾਜੀ) ਕੰਮਾਂ ਨੂੰ ਵਧਾਉਣਾ।
  11. ਡੇਰਿਆਂ ਨੂੰ ਆਪਣੀ ਨਿੱਜੀ ਮਾਲਕੀ ਬਣਾ ਲੈਣਾ।
  12. ਚੜ੍ਹਤ ਦੇ ਪੈਸੇ ਨੂੰ ਪੰਥਕ ਹਿਤਾਂ ਵਿੱਚ ਨਾ ਵਰਤ ਕੇ, ਐਸ਼ ਪ੍ਰਸਤੀ ਵਿੱਚ ਰੋਹੜ ਦੇਣਾ।
  13. ਗ਼ੈਰਤਮੰਦ ਨੌਜੁਆਨ ਤਿਆਰ ਕਰਨ ਦੀ ਥਾਵੇਂ, ਗ਼ੁਲਾਮ ਜਹਿਨੀਅਤ ਵਾਲੇ, ਜੀ ਹਜ਼ੂਰੀਏ ਟੁਕੜਬੋਚ, ਗਿਆਨ ਤੋਂ ਕੋਰੇ, ਵਿਹਲੜਾਂ ਦੀਆਂ ਧਾੜਾਂ ਖੜੀਆਂ ਕਰਨੀਆਂ, ਗ੍ਰੰਥੀ ਥਾਪਣੇ।
  14. ਪੁੱਤਰ ਦੇਣ ਦੇ ਦੁਸ਼ਟ ਕਰਮ ਰਾਹੀਂ ਲੋਕਾਂ ਦੀਆਂ ਨਾ ਸਮਝ, ਨੂੰਹਾਂ ਧੀਆਂ ਨੂੰ ਡੇਰਿਆਂ ਵਿੱਚ ਬੁਲਾ ਕੇ ਸਰੀਰਕ ਸ਼ੋਸ਼ਣ ਕਰਨਾ।
  15. ਸਿੱਖਾਂ ਅੰਦਰੋਂ ਸਵੈਮਾਣ ਭਰਿਆ ਅਣਖੀਲਾ ਤੇ ਜੁਝਾਰੂ ਸੁਭਾਅ ਖ਼ਤਮ ਕਰ ਕੇ, ਗ਼ੁਲਾਮ ਮਾਨਸਿਕਤਾ ਵਾਲੇ ਬਣਾਉਣਾ। ਗੁਰਬਾਣੀ ਵੱਲੋਂ ਰੱਦ ਕੀਤੇ ਗਏ ਬ੍ਰਾਹਮਣੀ ਕਰਮਕਾਂਡਾਂ ਨੂੰ ਸਿੱਖ ਸਮਾਜ ਵਿੱਚ, ਜ਼ੋਰ ਸ਼ੋਰ ਨਾਲ ਚਾਲੂ ਕਰਨਾ।
  16. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੂਰਤੀਆ ਵਾਂਗ ਜਾਂ ਵਿਅਕਤੀਆਂ ਵਾਂਗ ਪੂਜਾ ਕਰਵਾਉਣੀ।
  17. ਅਣਖੀਲੇ ਸਿੱਖ ਗਭਰੂਆਂ ਦਾ ਅਪਮਾਨ ਕਰਨਾ ਜਾਂ ਉਨ੍ਹਾਂ ਨੂੰ ''ਮੰਤਰ ਜਾਪ'' ਦੇ ਰਾਹ ਟੋਰ ਦੇਣ ਲਈ ਕੋਸ਼ਿਸ਼ ਕਰਨੀ।
  18. ਸਰਕਾਰ ਦੀ ਕਿਸੇ ਵਧੀਕੀ ਵਿਰੁੱਧ ਨਾ ਕਦੇ ਖੁਦ ਜਬਾਨ ਖੋਹਲਣੀ, ਨਾ ਆਪਣੇ ਚੇਲਿਆਂ ਨੂੰ ਇਸ ਪਾਸੇ ਸੋਚਣ ਦੇਣਾ।
  19. ਗੁਰਬਾਣੀ ਦੀ ਥਾਵੇਂ ਆਪਣੀਆਂ ''ਕਵਿਤਾਵਾਂ ਦਾ ਕੀਰਤਨ'' (ਧਾਰਨਾਵਾਂ) ਪ੍ਰਚਲਤ ਕਰਨਾ।
  20. ਸੂਰਮਗਤੀ ਵਾਲਾ ਇਤਿਹਾਸ ਨਾ ਸੁਣਾ ਕੇ, ਮਨ ਘੜਤ ਝੂਠੀਆਂ ਕਹਾਣੀਆਂ ਚਾਲੂ ਕਰਨੀਆਂ।
  21. ਮਾਸ ਦਾ ਬੇਲੋੜਾ ਵਿਰੋਧ ਕਰ ਕੇ ਸਿੱਖਾਂ ਨੂੰ ਕਾਇਰਤਾ ਵਾਲੇ ਰਾਹ ਟੋਰਨਾ।
  22. ਨਗਾਰਾ ਨਾ ਵਜਾ ਕੇ ਸੰਖ ਤੇ ਟੱਲੀਆਂ ਖੜਕਾਉਣੀਆਂ।
  23. ਰਾਜ ਕਰੇਗਾ ਖਾਲਸਾ ਵਾਲਾ ਦੋਹਿਰਾ ਬੰਦ ਕਰਾਉਣਾ।
  24. ਅਰਦਾਸ ਮਗਰੋਂ ''ਜੋ ਬੋਲੇ ਸੋ ਨਿਹਾਲ। ਸਤਿ ਸਿਰੀ ਅਕਾਲ'', ਵਾਲਾ ਜੈਕਾਰਾ ਬੰਦ ਕਰਾਉਣਾ।
  25. ਸਿੰਘ ਤੇ ਖਾਲਸਾ ਸ਼ਬਦ ਦੀ ਥਾਂ ਸੰਤ, ਬ੍ਰਹਮ ਗਿਆਨੀ, ਉਦਾਸੀ ਨਿਰਮਲੇ ਸੇਵਾ ਪੰਥੀ ਨਾਮ ਪ੍ਰਚਲਤ ਕਰਨੇ।

ਇਹ ਸਨ ਕੁੱਝ ਵਿਸ਼ੇਸ਼ ਨੁਕਤੇ ਜਿਨ੍ਹਾਂ ਨੂੰ ਫੌਜ ਵਿੱਚੋਂ ਤਿਆਰ ਕਰ ਕੇ ਭੇਜੇ ''ਸਰਕਾਰੀ ਸੰਤਾਂ'' ਨੇ ਪੰਜਾਬ ਵਿੱਚ ਲਾਗੂ ਕਰਨ ਦੀ ''ਤਨੋਂ ਮਨੋਂ ਸੇਵਾ'' ਕੀਤੀ। ਅੰਗਰੇਜ਼ ਸਰਕਾਰ ਵੱਲੋਂ, ਇਨ੍ਹਾਂ ਡੇਰਿਆਂ ਨੂੰ ਜ਼ਮੀਨਾਂ ਭੀ ਦਿੱਤੀਆਂ ਗਈਆਂ ਤੇ ਹਰ ਤਰ੍ਹਾਂ ਦੀ ਸੁਰੱਖਿਆ ਛਤਰੀ ਭੀ ਦਿੱਤੀ ਗਈ। ਫੌਜ ਵਿੱਚੋਂ ਚਲੇ ਜਾਣ ਦੇ ਬਾਵਜੂਦ ਕਈ ਸਾਰੇ ''ਸੰਤਾਂ'' ਦੀ ਹਾਜ਼ਰੀ ਫੌਜ ਦੇ ਰਜਿਸਟਰਾਂ ਵਿੱਚ ਉਸੇ ਤਰ੍ਹਾਂ ਲੱਗਦੀ ਰਹੀ, ਤਨਖਾਹ ਘਰ ਪੁੱਜਦੀ ਰਹੀ।

ਸੰਤਾਂ ਦੇ ਕੌਤਕ, ਫੇਸਬੁਕ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top