Share on Facebook

Main News Page

ਜਲਾਲੇ-ਪਾਤਸ਼ਾਹੀ ਯਾ ਜ਼ਮਹੂਰੀ ਤਮਾਸ਼ਾ?

ਐ ਖ਼ਾਕ ਨਸ਼ੀਨੋ ਉਠ ਬੈਠੋ , ਵੋਹ ਵਕਤ ਕਰੀਬ ਆ ਪਹੁੰਚਾ ਹੈ, ਜਬ ਤਖ਼ਤ ਗਿਰਾਏ ਜਾਏਂਗੇ , ਜਬ ਤਾਜ ਉਛਾਲੇ ਜਾਏਂਗੇ!

ਫੈਜ ਅਹਿਮਦ ‘ਫੈਜ਼’ ਦਾ ਇਨਕਲਾਬੀ ਹੁੱਝ ਮਾਰਦਾ ਇਹ ਸ਼ੇਅਰ ਬੇਸ਼ੱਕ ਤਾਰੀਖ ਦੀਆਂ ਨਜ਼ਰਾਂ ਵਿੱਚ ਕਈ ਵਾਰ ਦੁਹਰਾਇਆ ਜਾ ਚੁੱਕਾ ਹੈ। ਲੇਕਿਨ ਅੱਜ ਦੀ ਦੁਨੀਆਂ ਹੈਰਤ ਭਰੀਆਂ ਨਜ਼ਰਾਂ ਨਾਲ਼ ਫਿਰ ਇਨ੍ਹਾਂ ਸਤਰਾਂ ’ਤੇ ਅਮਲ ਹੁੰਦਾ ਦੇਖ ਰਹੀ ਹੈ। ਪ੍ਰਾਚੀਨ ਸੱਭਿਅਤਾ ਦੀ ਧਰੋਹਰ ਮਿਸਰ ਦੀ ਧਰਤੀ , ਜਿੱਥੋਂ ਦੇ ਸੁਹੱਪਣ ਦੀਆਂ ਰਸੀਲੀਆਂ ਤੇ ਨਸ਼ੀਲੀਆਂ ਗੱਲਾਂ , ਸਾਡੇ ਪੰਜਾਬ ਦੇ ਅਨਪੜ੍ਹ ਜਾਂ ਅਧਪੜ੍ਹ ਬਜ਼ੁਰਗਾਂ ਦੀਆਂ ਢਾਣੀਆਂ ਵਿੱਚ ਵੀ ਚਟਖ਼ਾਰੇ ਲਾ ਕੇ ਕੀਤੀਆਂ ਜਾਂਦੀਆਂ ਨੇ। ਜਿੱਥੋਂ ਦੇ ਸ਼ਾਹਜ਼ਾਦੇ ਯੂਸਫ ਦੇ ਕਿੱਸੇ , ਵਾਰਿਸ ਸ਼ਾਹ ਦੀ ਹੀਰ ਵਾਂਗ ਪੰਜਾਬੀਆਂ ਦੇ ਜ਼ਿਹਨੀਂ ਵੱਸੇ ਹੋਏ ਹਨ । ਅੱਜ ਉਸ ਮਿਸਰ ਦੇਸ਼ ਦੇ ਵਾਸੀ ਅਕਾਸ਼ ਵਿੱਚ ਸਤਰੰਗੀਆਂ ਰੌਸ਼ਨੀਆਂ ਬਿਖੇਰਦੀਆਂ ਆਤਿਸ਼ਬਾਜ਼ੀਆਂ ਚਲਾ ਰਹੇ ਨੇ। ਗਲੀਆਂ ਕੂਚਿਆਂ ਵਿੱਚ ਪਟਾਖੇ , ਅਨਾਰ ਚਲਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ । ਈਦ-ਮੁਬਾਰਕ ਕਹਿਣ ਵਾਂਗ ਉੱਥੋਂ ਦੇ ਬਸ਼ਿੰਦੇ ਇੱਕ ਦੂਜੇ ਨਾਲ਼ ਬਗਲਗੀਰ ਹੋ ਕੇ ਵਧਾਈਆਂ ਦਾ ਅਦਾਰ-ਪ੍ਰਦਾਨ ਕਰ ਰਹੇ ਨੇ। ਉਨ੍ਹਾਂ ਦੇ ਚਿਹਰਿਆਂ ਦੀ ਲਾਲੀ ਪਹਿਲਾਂ ਨਾਲ਼ੋਂ ਕਿਤੇ ਵਧੇਰੇ ਲਿਸ਼ਕਾਂ ਮਾਰ ਰਹੀ ਹੈ । ਉਹ ਵਾਰ ਵਾਰ ਆਪਣਾ ਖੰਡੇ-ਕ੍ਰਿਪਾਨਾਂ ਵਾਲ਼ਾ ਕੌਮੀ ਝੰਡਾ ਖੁਲ੍ਹੀ ਅਜ਼ਾਦ ਫਿਜ਼ਾ ਵਿੱਚ ਲਹਿਰਾ ਰਹੇ ਨੇ।

ਉੱਛਲ਼ ਉੱਛਲ਼ ਪੈਂਦੀ ਖੁਸ਼ੀ ਮਨਾਈ ਵੀ ਕਿਉਂ ਨਾ ਜਾਏ? ਇਹ ਕੋਈ ਛੋਟੀ ਜਿਹੀ ਗੱਲ ਹੈ? ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਲੰਮੀ ਚੱਲਦੀ ਆ ਰਹੀ ਤਾਨਾਸ਼ਾਹੀ ਦਾ ਉੱਥੋਂ ਬੋਰੀਆ ਬਿਸਤਰਾ ਗੋਲ਼ ਹੋ ਗਿਆ ਹੈ । ‘ਕਿਸੇ ਹਾਲਤ ਵਿੱਚ ਵੀ ਗੱਦੀ ਨਹੀਂ ਛੱਡਾਂਗਾ!’ ਵਰਗੀਆਂ ਡੀਂਗਾ ਮਾਰਨ ਵਾਲ਼ਾ ਹੁਸਨੀ ਮੁਬਾਰਕ ਲੋਕ-ਰੋਹ ਅੱਗੇ ਝੁਕਦਿਆਂ ਹੋਇਆਂ, ਉੱਥੋਂ ਪੱਤਰਾ ਵਾਚ ਗਿਆ ਹੈ। ਮਿਸਰ ਦੇ ਵਸਨੀਕਾਂ ਦੀ ਇਹ ਵੀ ਖੁਸ਼ ਨਸੀਬੀ ਹੀ ਮੰਨੀ ਜਾਵੇਗੀ ਕਿ ਬਿਨਾਂ ਕਿਸੇ ਖੁਨ-ਖਰਾਬੇ ਦੇ ਉਨ੍ਹਾਂ ਧਰਤੀ ’ਤੇ ਇਨਕਲਾਬ ਦਾ ਚੰਦ ਚੜ੍ਹ ਆਇਆ ਹੈ! ਉੱਥੋਂ ਦੀ ਪੁਲੀਸ ਜਾਂ ਫੌਜ ਦੀ ਕੌਮ ਪ੍ਰਸਤੀ ਨੂੰ ਸਲਾਮ ਕਰੀਏ , ਜਿਸ ਨੇ ਆਖਰੀ ਪਲਾਂ ਵਿੱਚ ‘ਆਪਣੇ’ ਲੋਕਾਂ ਉੱਤੇ ਗੋਲੀਆਂ ਚਲਾਉਣ ਦਾ ਤਾਨਾਸ਼ਾਹੀ ਫੁਰਮਾਨ ਮੰਨਣ ਤੋਂ ਇਨਕਾਰ ਕਰ ਦਿੱਤਾ । ਬੱਸ ਇਹ ਮਿਸਰੀ ਜਨਤਾ ਦਾ ‘ਜ਼ੌਕ-ਏ-ਯਕੀਂ’ ਹੀ ਰੰਗ ਲੈ ਆਇਆ –

ਗ਼ੁਲਾਮੀ ਮੇਂ ਨਾ ਕਾਮ ਆਤੀਂ ਹੈਂ ਸ਼ਮਸ਼ੀਰੇਂ ਨਾ ਤਦਬੀਰੇਂ। ਜੋ ਹੋ ਜ਼ੌਕ-ਏ ਯਕੀਂ ਪੈਦਾ , ਤੋ ਕਟ ਜਾਤੀ ਹੈਂ ਜ਼ੰਜੀਰੇਂ।

ਹਾਂ , ਜੇ ਕਿਤੇ ਉੱਥੇ ਪੰਜਾਬ ਪੁਲੀਸ ਜਾਂ ਸੀ.ਆਰ. ਪੀ.ਐਫ. ਵਰਗੇ ਅਰਧ-ਸੈਨਿਕ ਬਲ ਹੁੰਦੇ , ਫੇਰ ਸ਼ਾਇਦ ਉੱਥੋਂ ਦੇ ਹਾਲਾਤ ਹੀ ਕੁੱਝ ਹੋਰ ਤਰ੍ਹਾਂ ਦੇ ਹੁੰਦੇ ! ਫੇਰ ਉੱਥੇ ਵੀ ‘ਹਥਿਆਰਾਂ ਦੀ ਬਰਾਮਦਗੀ’ ਲਈ ਲਿਜਾਏ ਜਾਣ ਵਾਲ਼ੇ ਮੁਜਾਹਿ-ਦੀਨਾਂ ਦੀਆਂ ਲਾਸ਼ਾਂ ਸੁਏਜ਼ ਨਹਿਰ ਜਾਂ ਨੀਲ ਦਰਿਆ ਦੀਆਂ ਮੱਛੀਆਂ ਦੀ ਖ਼ੁਰਾਕ ਬਣੀ ਜਾਣੀਆਂ ਸਨ । ਅਜਿਹੀ ਹਾਲਤ ਵਿੱਚ ਹੌਲ਼ੀ ਹੌਲ਼ੀ ‘ਹਾਲਾਤ ਕਾਬੂ ਹੇਠ’ ਆ ਜਾਣੇ ਸਨ ਅਤੇ ਅਮਨ-ਅਮਾਨ ਨੂੰ ‘ਖ਼ਤਰਾ ਬਣਨ’ ਵਾਲ਼ੇ ਲੋਕਾਂ ਦਾ ‘ਸਫਾਇਆ’ ਬੜੀ ਜਲਦੀ ਹੋ ਜਾਣਾ ਸੀ । ਸ਼ੁਕਰ ਖੁਦਾ ਦਾ ! ਇਹ ਕੁਲਹਿਣਾ ਵਰਤਾਰਾ ਉੱਥੇ ਨਹੀਂ ਵਰਤਿਆ !! ਉੱਥੋਂ ਦੇ ਲੋਕਾਂ ਨੂੰ ‘ਸਸਤੇ ਭਾਅ’ ਅਜ਼ਾਦੀ ਮਿਲ਼ ਗਈ ਹੈ ।

ਆਉ ਹੁਣ ਮਿਸਰ ਦੀਆਂ ਸੜਕਾਂ ਅਤੇ ਚੌਰਾਹਿਆਂ ਵਿੱਚ ਭੰਗੜੇ ਪਾ ਕੇ ਜਸ਼ਨ ਮਨਾਉਣ ਦੀ ਚੀਰ ਫਾੜ ਕਰੀਏ । ਖ਼ਲੀਲ ਜ਼ਿਬਰਾਨ ਕਹਿੰਦਾ ਹੈ ਕਿ ਜਦੋਂ ਤੁਹਾਡੇ ਅੰਗ ਸੰਗ ਖੁਸ਼ੀਆਂ ਖਿੜਖਿੜ ਹੱਸ ਰਹੀਆਂ ਹੋਣ ਤਾਂ ਸਮਝੋ ਗਮੀਂ ਵੀ ਕਿਤੇ ਲਾਗੇ ਚਾਗੇ ਹੀ ਘੁੰਮ ਰਹੀ ਹੋਵੇਗੀ।

ਫੂਲ ਖਿਲਤਾ ਹੈ ਮੁਰਝਾਨੇ ਕਾ ਤਖੱਯਲ ਲੇ ਕਰ, ਜਿਸੇ ਹੰਸਤਾ ਹੂਆ ਦੇਖੋ ਉਸੇ ਰੋਤਾ ਹੂਆ ਪਾਉਗੇ!

ਜਿਹੋ ਜਿਹੀਆਂ ਤੁਰ੍ਹੀਆਂ-ਸ਼ਹਿਨਾਈਆਂ ਅੱਜ ਦੇ ਮਿਸਰ ਵਾਲ਼ੇ ਵਜਾ ਰਹੇ ਨੇ , ਤੀਹ-ਬੱਤੀ ਸਾਲ ਪਹਿਲਾਂ ਜਦੋਂ ਅਨਵਰ ਸਾਦਾਤ ਤੋਂ ਬਾਅਦ ਹੁਸਨੀ ਮੁਬਾਰਕ ਨੇ ਹਕੂਮਤ ਸੰਭਾਲ਼ੀ ਸੀ , ਉਦੋਂ ਵੀੂ ਇੰਜ ਹੀ ਖੁਸ਼ੀਆਂ ’ਚ ਖੀਵੇ ਹੁੰਦਿਆਂ ਆਤਿਸ਼ਬਾਜੀਆਂ ਚਲਾਈਆਂ ਗਈਆਂ ਸਨ । ਜਿਵੇਂ ਹੁਣ ਨਵੇਂ ਹਾਕਮ ਦਾ ਇਸਤਕਬਾਲ ਕੀਤਾ ਜਾ ਰਿਹਾ ਹੈ , ਇੰਜ ਉਦੋਂ ਹੁਸਨੀ ਮੁਬਾਰਕ ਦਾ ਵੀ ਹੋਇਆ ਸੀ । ਲੇਕਿਨ ਜਦੋਂ ਹੁਸਨੀ ਮੁਬਾਰਕ ‘ਰਾਜਾ ਸ਼ੀਂਹ’ ਬਣ ਗਿਆ ਤਾਂ ਦੇਸ਼ ਵਾਸੀਆਂ ਨੂੰ ਆਪਦੀਆਂ ਅੱਖਾਂ ’ਚ ਮੁੱਕੀਆਂ ਦੇ ਦੇ ਰੋਣਾ ਪੈ ਗਿਆ।

ਇਹ ਗੱਲ ਬਿਕੁਲ ਠੀਕ ਹੇ ਕਿ ਅਜੋਕੇ ਯੁੱਗ ਵਿੱਚ ਪੁਸ਼ਤ-ਦਰ-ਪੁਸ਼ਤ ਬਾਦਸ਼ਾਹੀ ਜਾਂ ਤਾਨਾ ਸ਼ਾਹੀ ਨੂੰ ਕਿਸੇ ਹਾਲਤ ਵਿੱਚ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ।ਅਤੇ ਵਿਸ਼ਵ ਦੇ ਜਿਹੜੇ ਵੀ ਸੁਭਾਗੇ ਖਿੱਤੇ ਵਿੱਚ ਡੈਮੋਕਰੇਸੀ ਦਾ ਆਗਾਜ਼ ਹੁੰਦਾ ਹੈ , ਉਸ ਦਾ ਦਿਲ ਖੋਲ ਕੇ ਸਵਾਗਤ ਕਰਨਾ ਬਣਦਾ ਹੈ । ਪਰ ਜ਼ਰਾ ਗ਼ੌਰ ਨਾਲ਼ ਅੰਤਰਾਸ਼ਟਰੀ ਰਾਜਨੀਤੀ ਵੱਲ ਨਜ਼ਰ ਮਾਰੀਏ ਤਾਂ ਕੌੜੀਆਂ ਹਕੀਕਤਾਂ ਹੀ ਨਜ਼ਰ ਪੈਂਦੀਆਂ ਹਨ । ਲੋਕ-ਰਾਜੀ ਪ੍ਰਣਾਲ਼ੀ ਅਪਣਾਉਣ ਵਾਲ਼ੇ ਦੇਸ਼ਾ ਵਿੱਚ(ਕੁਝ ਕੁ ਗਿਣਤੀ ਦਿਆਂ ਨੂੰ ਛੱਡ ਕੇ) ਕੀ ਕੜ੍ਹੀ ਘੁਲ਼ ਰਹੀ ਹੈ ? ਕਿਵੇਂ ਸਥਾਨਕ ਜਨਤਾ ਉੱਪਰ ‘ਚੁਣੇ ਹੋਏ ਹਾਕਮ’ ਜ਼ੁਲਮੋ-ਸਿਤਮ ਢਾਹ ਰਹੇ ਹਨ ।ਕਿਵੇਂ ਫੌਜ ਜਾਂ ਅਰਧ ਸੈਨਿਕ ਦਲਾਂ ਦੀ ਵਰਤੋਂ(ਅਸਲ ’ਚ ਦੁਰਵਰਤੋਂ !) ਕਰਦਿਆਂ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਫੌਜੀ ਬੂਟਾਂ ਥੱਲੇ ਦਰੜਿਆ ਜਾਂਦਾ ਹੈ । ਜਿਸ ਤਰ੍ਹਾਂ ਦੀ ਡੈਮੋਕ੍ਰੇਸੀ ਆਉਣ ’ਤੇ ਮਿਸਰ ਵਾਲ਼ੇ ਭਰਾ ਚਾਘੀਆਂ ਪਾ ਰਹੇ ਹਨ , ਉਸ ਕਥਿੱਤ ਡੈਮੋਕ੍ਰੇਸੀ ਨੇ ਹੋਰ ਮੁਲਕਾਂ ਵਿੱਚ ਕਿਹੜੇ ਲ੍ਹੱਲੂ ਲਾਏ ਹੋਏ ਹਨ?

ਆਪਣੇ ਭਾਰਤ ਦੇਸ਼ ਦੀ ਹੀ ਮਿਸਾਲ ਲੈ ਲਈਏ । ਸੰਨ 1947 ਵਿੱਚ ਅਜ਼ਾਦੀ ਪ੍ਰਾਪਤੀ ਦੇ ਜਸ਼ਨ ਮਨਾਉਣ ਵਾਲ਼ੇ ਦੇਸ਼ ਵਾਸੀਆਂ ਨੇ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਣਾ ਕਿ ਸੈਂਤੀ ਸਾਲਾਂ ਬਾਅਦ ਡੈਮੋਕ੍ਰੈਟਿਕ ਢੰਗ ਨਾਲ਼ ਚੁਣੀ ਹੋਈ ਕੇਂਦਰੀ ਸਰਕਾਰ ਦੇ ਹੁਕਮ ਨਾਲ਼ ਸ੍ਰੀ ਦਰਬਾਰ ਸਹਿਬ ‘ਤੇ ਫੌਜਾਂ ਚੜ੍ਹਾਈਆਂ ਜਾਣਗੀਆਂ ! ‘ਆਪਣਾ ਦੇਸ਼ ਆਪਣੀ ਸਰਕਾਰ’ ਦੇ ਸੁਰੀਲੇ ਨਗਮੇ ਗਾਉੱਦਿਆਂ ਜਸ਼ਨੇ ਅਜ਼ਾਦੀ ਮਨਾਉਣ ਵਾਲ਼ਿਆਂ ਨੇ ਕਿਆਸਿਆ ਵੀ ਨਹੀਂ ਹੋਣਾ ਕਿ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦੇ ਨੱਕ ਥੱਲੇ , ਦਿੱਲੀ ‘ਚ ਦੋ ਤਿੰਨ ਦਿਨਾਂ ਵਿੱਚ ਹਜ਼ਾਰਾਂ ਬੇ-ਗੁਨਾਹ ਸਿੱਖ , ਮੌਤ ਦੀ ਭੱਠੀ ਵਿੱਚ ਝੋਂਕ ਦਿੱਤੇ ਜਾਣਗੇ! ਗੋਧਰਾ ਕਾਂਡ, ਗੁਜਰਾਤ ਦਾ ਮੁਸਲਿਮ ਕਤਲੇਆਮ ਅਤੇ ਬਾਬਰੀ ਮਸਜਿਦ ਢਾਉਣ ਵਰਗੇ ਕਾਰਨਾਮੇ , ਕੀ ਲੋਕਰਾਜੀ ਰਾਜ-ਪ੍ਰਣਾਲ਼ੀ ਨਾਲ਼ ਮੇਲ਼ ਖਾਂਦੇ ਹਨ ? ਜਿਨ੍ਹਾਂ ਗੋਰਿਆਂ ਨੂੰ ਸਾਡੇ ਵਡੇਰਿਆਂ ਨੇ ‘ਅੰਗਰੇਜੋ ਭਾਰਤ ਛੱਡੋ’ ਅੰਦੋਲਨ ਚਲਾ ਕੇ ਇੱਥੋਂ ਕੱਢਿਆ ਤੇ ਉਨ੍ਹਾਂ ਦੇ ਨਿਕਲਣ ਦੀ ਖੁਸ਼ੀ ਵਿੱਚ ਘਿਉ ਦੇ ਦੀਵੇ ਬਾਲ਼ੇ ਗਏ ਸਨ , ਅੱਜ ਉਨ੍ਹਾਂ ਹੀ ਅੰਗਰੇਜ਼ਾਂ ਦੇ ਮੁਲਕ ਨੂੰ ਅਸੀਂ ਜਹਾਜਾਂ ਦੇ ਟਾਇਰਾਂ ਨਾਲ਼ ਚਿੰਬੜ ਕੇ ਜਾਣ ਲਈ ਵੀ ਤਿਆਰ ਹਾਂ ! ਮਣਾਂ ਮੂੰਹੀ ਖੂਨ ਬਹਾ ਕੇ ਲਈ ਹੋਈ ‘ਅਜ਼ਾਦੀ’ ਸਾਨੂੰ ਦੇਸ਼ ਵਿੱਚ ਹੀ ਰਹਿਣ ਦਾ ਚਾਅ ਕਿਉਂ ਨਹੀਂ ਚੜ੍ਹਾਉਂਦੀ?

ਊਈਂ ਜੇ ਕੱਛਾਂ ਵਜਾਈ ਜਾਣੀਐਂ ਤਾਂ ਵੱਖਰੀ ਗੱਲ ਹੈ । ਅਸਲ ’ਚ ਡੈਮੋਕ੍ਰੇਸੀ ਜਾਂ ਡਿਕਟੇਟਰਸ਼ਿਪ ਵਿੱਚ ਵੱਡਾ ਫਰਕ ਏਹੀ ਹੈ ਕਿ ਇੱਕ ਡਿਕਟੇਟਰ ਆਪਣੇ ਅੰਤ ਤੱਕ ਚੰਮ ਦੀਆਂ ਚਲਾਉਂਦਾ ਰਹਿੰਦਾ ਹੈ । ਪਰ ਵੋਟਾਂ ਨਾਲ਼ ਚੁਣਿਆਂ ਹੋਇਆ ਆਗੂ , ਤਿੰਨ , ਚਾਰ ਜਾਂ ਪੰਜ ਸਾਲ ਲਈ ‘ਡਿਕਟੇਟਰ’ ਬਣ ਬਹਿੰਦਾ ਹੈ । ਉਹ ਵੀ ਤਾਨਾਸ਼ਾਹਾਂ ਵਾਂਗ ਜਿਉਂਦੇ ਜੀ ਆਪਣੇ ਪੁੱਤ , ਧੀ , ਜਾਂ ਪਤਨੀ ਨੂੰ ਹੀ ਗੱਦੀ ਸੌਂਪਣ ਲਈ ਤਾਣਾ-ਬਾਣਾ ਬੁਣਦਾ ਰਹਿੰਦਾ ਹੈ । ਦੂਸਰੇ ਲਾਇਕ ਆਗੂਆਂ ਦਾ ਹੱਕ ਮਾਰ ਕੇ ਆਪਣੇ ‘ਨਲਾਇਕ ਨੇੜੂ’ ਨੂੰ ਉੱਤਰਾਧਿਕਾਰੀ ਬਣਾਉਂਦਾ ਹੈ ।ਸਵਿਸ ਬੈਂਕਾਂ ਵਿੱਚ ਅੰਨ੍ਹਾਂ ਧਨ ਜਮ੍ਹਾਂ ਕਰਦਾ ਹੈ । ਕਹਿਣ ਨੂੰ ਲੋਕ-ਰਾਜੀ ਪ੍ਰਣਾਲੀ ਵਿੱਚ ‘ਜਾਂ-ਨਸ਼ੀਨ’ ਚੁਣਨ ਦਾ ਕੋਈ ਵਿਧੀ-ਵਿਧਾਨ ਨਹੀਂ ਹੈ । ਪ੍ਰੰਤੂ ਬਹੁਤੀਂ ਥਾਈਂ ਵੋਟ-ਪ੍ਰਣਾਲੀ ਦੇ ਅੱਖੀਂ ਘੱਟਾ ਪਾ ਕੇ ਚੰਮ ਦੀਆਂ ਹੀ ਚਲਾ ਰਹੇ ਨੇ ਚੁਣੇ ਹੋਏ ਨੇਤਾ।

ਸੰਸਾਰ ਭਰ ਦਾ ਰਾਜਨੀਤਿਕ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਰਾਜ-ਗੱਦੀ ਦਾ ਨਸ਼ਾ , ਇੱਕ ਨਾ ਇੱਕ ਦਿਨ ਗੱਦੀ-ਦਾਰ ਦੇ ਸਿਰ ਨੂੰ ਚੜ੍ਹ ਹੀ ਜਾਂਦਾ ਹੈ । ‘ਤਪੋਂ ਰਾਜ ਤੇ ਰਾਜੋਂ ਨਰਕ’ ਵਾਲ਼ੀ ਪ੍ਰਮਾਣਿਕ ਕਹਾਵਤ ਇਸੇ ਸੱਚਾਈ ਦੇ ਪ੍ਰਥਾਏ ਬਣੀ ਹੋਈ ਜਾਪਦੀ ਹੈ । ਕਿਉਂਕਿ ਸੱਤਾ ਪ੍ਰਾਪਤੀ ਉਪਰੰਤ ਹਉਮੈ ਤੇ ਹੰਕਾਰ ਦਾ ਹਮਲਾ ਹੋ ਜਾਣਾ ਲਗਭਗ ਨਿਸ਼ਚਿਤ ਹੀ ਹੁੰਦਾ ਹੈ –

ਤਖਤੇ-ਸ਼ਾਹੀਂ ਤਖ਼ਤ-ਨਸ਼ੀਂ ਪਰ , ਅਪਨਾ ਰੰਗ ਚੜ੍ਹਾ ਦੇਤਾ ਹੈ। ਰਫ਼ਤਾ ਰਫ਼ਤਾ ਹਰ ਹਾਕਮ ਕੋ ਔਰੰਗਜ਼ੇਬ ਬਨਾ ਦੇਤਾ ਹੈ।

ਤਾਂ ਹੀ ਗੁਰੁ ਬਾਬਾ ਜੀਨੇ ‘ਤਖਤਿ ਬਹੈ ਤਖਤੈ ਕੀ ਲਾਇਕ’ ਆਖਦਿਆਂ ਤਾਕੀਦ ਕੀਤੀ ਹੈ ਕਿ ਹਾਕਮ ‘ਰਾਜੇ ਚੁਲ਼ੀ ਨਿਆਉਂ ਕੀ’ ਵਾਲ਼ਾ ਅਸੂਲ ਸਦੈਵ ਪੱਲੇ ਬੰਨ੍ਹ ਕੇ ਰੱਖੇ । ਇਸ ਦੇ ਉਲਟ ਰਾਜ-ਮਦੁ ਵਿੱਚ ਚੂਰ ਹੋ ਕੇ , ਪਰਜਾ ਉੱਪਰ ਜ਼ੁਲਮ ਢਾੳਣ ਵਾਲ਼ਿਆਂ ਨੂੰ ‘ਸ਼ੀਂਹ’ ਅਤੇ ਉੱਨ੍ਹਾਂ ਦੇ ਕਰਿੰਦਿਆਂ ਨੂੰ ‘ਕੁੱਤੇ’ ਕਹਿ ਕੇ ਦੁਰਕਾਰਿਆ ਹੈ ਸਤਿਗੁਰਾਂ ਨੇ।

ਮੁੱਕਦੀ ਗੱਲ , ਉਹ ਡਿਕਟੇਟਰੀ ਹਕੂਮਤ ਸਹਿਣ ਕੀਤੀ ਜਾ ਸਕਦੀ ਹੈ, ਜਿਸ ਦਾ ਮੁਖੀਆ ਮਹਾਰਾਜੇ ਰਣਜੀਤ ਸਿੰਘ ਵਾਂਗ ਬੁੱਢੜਿਆਂ ਦੀਆਂ ਪੰਡਾਂ ਵੀ ਮੋਢੇ ਚੁੱਕ ਲੈਂਦਾ ਹੋਵੇ । ਜਾਂ ਉਹ ਰੋੜੇ ਮਾਰਨ ਵਾਲ਼ਿਆ ਨੂੰ ਵੀ ਸੋਨੇ ਦੀਆਂ ਮੋਹਰਾਂ ਦੇ ਕੇ ਤੋਰਦਾ ਹੋਵੇ । ਦੂਜੀ ਤਰਫ, ਉਹ ਲੋਕ-ਤੰਤਰ ਵੀ ‘ਜੋਕ-ਤੰਤਰ’ ਮੰਨਿਆ ਜਾਵੇਗਾ , ਜਿਸ ਦਾ ਮੁਖੀ ਆਪਣੇ ਰਾਜ-ਕਾਲ ਵਿੱਚ ਭ੍ਰਿਸ਼ਟਾਚਾਰ , ਰਿਸ਼ਵਤਖੋਰੀ ਅਤੇ ਕੁਣਬਾ-ਪ੍ਰਸਤੀ ਦੇ ਅਗਲੇ ਪਿਛਲੇ ਰਿਕਾਰਡ ਤੋੜ ਦੇਵੇ । ਐਸੇ ‘ਚੁਣੇ ਹੋਏ’ ਰਾਜੇ ਨੂੰ ਵੀ ਸੌ ਸੌ ਧ੍ਰਿਗਕਾਰ , ਜਿਸਦੇ ਪੰਜ ਸਾਲ ਪੂਰੇ ਕਰਨ ਲਈ ਵੀ ਲੋਕਾਂ ਦਾ ਤ੍ਰਾਹ ਨਿਕਲ਼ ਰਿਹਾ ਹੋਵੇ । ਪਰ ਉਹ ਦਮਗਜੇ ਮਾਰ ਰਿਹਾ ਹੋਵੇ ਪੱਚੀ ਸਾਲ ਰਾਜ ਕਰਨ ਦੇ!

ਫਿਰ ਉਹ ਕਿਹੜਾ ਸਿਧਾਂਤ , ਕਿਹੜਾ ਗੁਣ ਹੋਵੇਗਾ ? ਜਿਸ ਦੀ ਅਣਹੋਂਦ ਕਾਰਨ ਲੋਕ-ਤੰਤਰ ਤੇ ਤਾਨਾਸ਼ਾਹੀ ਦੋਵੇਂ ਬੁਰੀਆਂ ਬਣ ਜਾਂਦੀਆਂ ਨੇ ? ਡਾ. ਅਲਾਮਾ ਇਕਬਾਲ ਇਸ ਸਵਾਲ ਦਾ ਜਵਾਬ ਦਿੰਦਾ ਹੈ –

ਜਲਾਲਿ-ਪਾਤਸ਼ਾਹੀ ਹੋ , ਯਾ ਹੋ ਜ਼ਮਹੂਰੀ ਤਮਾਸ਼ਾ, ਜ਼ੁਦਾ ਹੋ ਦੀਂ-ਸਿਆਸਤ ਸੇ , ਤੋ ਰਹਿ ਜਾਤੀ ਹੈ ਚੰਗੇਜ਼ੀ!

ਤਰਲੋਚਨ ਸਿੰਘ ਦੁਪਾਲਪੁਰ

001-408-903-9952


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top