Share on Facebook

Main News Page

ਯੋਗਾ ਦਾ ਗੁਰਦੁਆਰਿਆਂ ਵਿੱਚ ਪ੍ਰਚਾਰ ਮਾਇਆ ਲਈ ਪ੍ਰਬੰਧਕਾਂ ਦਾ ਵਪਾਰ!
ਅਵਤਾਰ ਸਿੰਘ ਮਿਸ਼ਨਰੀ (5104325827)

ਗੁਰਮੱਤ ਜਿਸਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਹਨ ਜੋ ਸਾਰੇ ਮੱਤਾਂ ਤੋਂ ਨਿਆਰਾ, ਕਰਮਸ਼ੀਲ, ਯਤਨਸ਼ੀਲ ਅਤੇ ਗਿਆਨ-ਵਿਗਿਆਨ ਦਾ ਸੋਮਾਂ ਅਤੇ ਜਿਸ ਵਿੱਚ ਰੱਬੀ ਗੁਰੂਆਂ-ਭਗਤਾਂ ਦੇ ਸੁਨਹਿਰੀ ਉਪਦੇਸ਼ ਹਨ। ਅੰਧਵਿਸ਼ਵਾਸ਼ੀ ਲੋਕ ਇਸ ਅਗਾਂਹ ਵਧੂ ਅਤੇ ਕ੍ਰਿਆਸ਼ੀਲ ਮੱਤ ਨੂੰ ਬਰਦਾਸ਼ਤ ਨਾਂ ਕਰਦੇ ਹੋਏ, ਇਸ ਵਿੱਚ ਵੀ ਫੋਕੇ ਕਰਮਕਾਂਡਾਂ ਦਾ ਰਲਾ ਕਰਨ ਲਈ, ਆਏ ਦਿਨ ਵੱਖ-ਵੱਖ ਰੂਪਾਂ ਵਿੱਚ ਤਰਲੋਮੱਛੀ ਹੋ ਰਹੇ ਹਨ। ਸਾਨੂੰ ਇਸ ਮਾਜਰੇ ਨੂੰ ਗੰਭੀਰਤਾ ਨਾਲ ਸਮਝਣ ਦੀ ਅਤਿਅੰਤ ਲੋੜ ਹੈ। ਸਮੁੱਚੇ ਸੰਸਾਰ ਦਾ ਰੱਬੀ ਧਰਮ ਇੱਕ ਹੀ ਹੈ ਪਰ ਮੱਤ (ਮਜ਼ਹਬ) ਬਹੁਤ ਹਨ ਜਿਵੇਂ ਜੈਨ ਮੱਤ, ਬੁੱਧ ਮੱਤ, ਯਹੂਦੀ ਮੱਤ, ਈਸਾਈ ਮੱਤ, ਇਸਲਾਮ ਮੱਤ ਅਤੇ ਸਿੱਖ ਮੱਤ (ਗੁਰਮੱਤ) ਆਦਿਕ ਕਈ ਹੋਰ ਮੱਤ ਵੀ ਹਨ। ਇਵੇਂ ਹੀ ਇੱਕ ਯੋਗਮੱਤ ਵੀ ਹੈ, ਇਸਦੇ ਆਪਣੇ ਵੱਖਰੇ ਨਿਯਮ-ਸਾਧਨ ਹਨ, ਜਿਨ੍ਹਾਂ ਦਾ ਅੱਜ ਕੱਲ੍ਹ ਇੰਗਲਿਸ਼ ਦੇ ਵਰਡ (Yoga) ਯੋਗਾ ਟਾਈਟਲ ਹੇਠ ਪ੍ਰਚਾਰ ਹੋ ਰਿਹਾ ਹੈ। ਆਓ ਆਪਾਂ ਇਸ ਬਾਰੇ ਵਿਚਾਰ-ਵਿਟਾਂਦਰਾ ਕਰੀਏ। ਮਹਾਨਕੋਸ਼ ਅਨੁਸਾਰ ਜੋਗ ਪੰਜਾਬੀ ਅਤੇ ਯੋਗ ਸੰਸਕ੍ਰਿਤ ਦੇ ਲਫਜ਼ ਹਨ, ਪ੍ਰਕਰਣ ਅਨੁਸਾਰ ਅਰਥ ਹਨ - ਜੋਗ - ਨੂੰ, ਕੋ, ਪ੍ਰਤਿ, ਤਾਈਂ ਜਿਵੇਂ - ਲਿਖਤਮ ਉੱਤਮ ਸਿੰਘ, ਜੋਗ ਭਾਈ ਗੁਰਮੁਖ ਸਿੰਘ ਅਤੇ “ਤਿਤੁ ਮਹਲੁ ਜੋ ਸ਼ਬਦੁ ਹੋਆ ਸੋ ਪੋਥੀ ਗੁਰਿ ਅੰਗਦ ਜੋਗੁ ਮਿਲੀਜੋਗ - ਲੀਏ, ਵਾਸਤੇ, ਲਈ - ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ (1412) ਜੋਗ - ਉਚਿੱਤ, ਲਾਇਕ, ਕਾਬਲ - ਨਾਨਕ ਸਦਾ ਧਿਆਈਐ ਧਿਆਵਨ ਜੋਗ (269) ਜੋਗ-ਮੇਲ, ਜੁੜਨਾ 5 ਜੋਗ - ਸਮਰੱਥ-ਪ੍ਰਭੁ ਸਭਨਾ ਗਲਾ ਜੋਗਾ ਜੀਉ (108) ਯੋਗਾ - ਪਤੰਜਲਿ ਰਿਖੀ ਨਾਲ ਸਬੰਧਤ ਹੈ ਅਤੇ ਇਸਦੇ ਹਠਯੋਗ ਨਾਲ ਚਿੱਤ ਨੂੰ ਇਕਾਗਰ ਕਰਨ ਦੇ ਸਾਧਨ ਹਨ।

ਗੁਰਮਤਿ ਮਾਰਤੰਡ ਅਨੁਸਾਰ ਮੁੱਖ ਤੌਰ ਤੇ ਯੋਗ ਦੋ ਪ੍ਰਕਾਰ ਦਾ ਹੈ - ਹਠਯੋਗ ਅਤੇ ਸਹਜਯੋਗ।

ਹਠਯੋਗ - ਜੋਗੀਆਂ, ਨਾਥਾਂ ਦਾ ਮਾਰਗ ਅਤੇ ਸਹਜਯੋਗ ਭਗਤਾਂ ਆਦਿਕ ਗੁਰਮੱਤ ਅਵਿਲੰਬੀਆਂ ਦਾ ਮਾਰਗ ਹੈ। ਹਠਯੋਗ ਵਿੱਚ ਸਰੀਰ ਨੂੰ ਗੈਰ-ਕੁਦਰਤੀ ਕਸ਼ਟ ਵੀ ਦਿੱਤੇ ਜਾਂਦੇ ਹਨ ਪਰ ਸਹਜਯੋਗ ਵਿੱਚ ਗ੍ਰਹਿਸਤ ਵਿੱਚ ਰਹਿੰਦਿਆ ਪ੍ਰੇਮਾਂ-ਭਗਤੀ ਕਰਕੇ ਮਨ ਸ਼ਾਂਤ ਕੀਤਾ ਜਾਂਦਾ ਹੈ। ਮੁੱਖ ਤੌਰ ਤੇ ਚਿੱਤ-ਬਿਰਤੀਆਂ ਨੂੰ ਰੋਕਣ ਦਾ ਨਾਉਂ ਯੋਗ ਹੈ ਪਰ ਯੋਗੀ ਲੋਕ ਇਸ ਵਾਸਤੇ ਹਠ-ਯੋਗ ਕਰਦੇ ਹਨ। ਹਠ-ਯੋਗ ਦੇ ਅੱਠ ਅੰਗ ਹਨ-

  1. ਯਮ (ਅਹਿੰਸਾ, ਸਤਯ, ਪਰ-ਧਨ, ਪਰ-ਇਸਤ੍ਰੀ ਦਾ ਤਿਆਗ, ਨੰਮ੍ਰਤਾ ਅਤੇ ਧੀਰਯ

  2. ਨਿਯਮ (ਪਵਿਤ੍ਰਤਾ, ਸੰਤੋਖ, ਤਪ, ਵਿਦਿਆ ਅਭਿਆਸ, ਹੋਮ, ਦਾਨ ਅਤੇ ਸ਼ਰਧਾ

  3. ਆਸਣ - ਯੋਗੀਆਂ ਨੇ 84 ਲੱਖ ਮੰਨੀ ਗਈ ਜੀਵਾਂ ਦੀ ਬੈਠਕ ਵਿੱਚੋਂ ਚੁਣ ਕੇ 84 ਆਸਨ ਪੁਸਤਕਾਂ ਵਿੱਚ ਲਿਖੇ ਹਨ ਜਿਨ੍ਹਾਂ ਵਿੱਚੋਂ ਕੂਰਮਾਸਨ, ਮਯੂਰਾਸਨ, ਮਾਂਡੂਕਾਸਨ, ਹੰਸਾਸਨ, ਵੀਰਾਸਨ ਆਦਿਕ ਪਰ ਅਭਿਆਸੀ ਵਾਸਤੇ ਸਿੱਧਾਸਨ ਅਤੇ ਮਦਮਾਸਨ ਦੋ ਹੀ ਸ਼੍ਰੋਮਣੀ ਮੰਨੇ ਹਨ। ਸਿੱਧਾਸਨ - ਗੁਦਾ ਅਤੇ ਲਿੰਗ ਦੇ ਵਿੱਚਕਾਰ ਜੋ ਨਾੜੀ ਹੈ ਉਸ ਨੂੰ ਖੱਬੇ ਪੈਰ ਦੀ ਅੱਡੀ ਨਾਲ ਦਬਾਉਣਾ, ਸੱਜੇ ਪੈਰ ਦੀ ਅੱਡੀ ਪੇਂਡੂ ਉੱਤੇ ਰੱਖਣੀ, ਦੋਹਾਂ ਪੈਰਾਂ ਦੇ ਅੰਗੂਠੇ ਲੱਤਾਂ ਹੇਠ ਲੁਕੋ ਲੈਣੇ, ਛਾਤੀ ਤੋਂ ਚਾਰ ਉਂਗਲ ਦੀ ਵਿੱਥ ਰੱਖ ਕੇ ਠੋਡੀ ਨੂੰ ਅਚੱਲ ਕਰਨਾ, ਨੇਤ੍ਰਾਂ ਦੀ ਟਕ ਭੌਹਾਂ ਦੇ ਮੱਧ ਟਿਕਾਉਣੀ, ਤਲੀਆਂ ਉੱਤੇ ਨੂੰ ਕਰਕੇ ਦੋਵੇਂ ਹੱਥ ਪੱਟਾਂ ਉੱਪਰ ਅਡੋਲ ਰੱਖਣੇ। ਪਦਮਾਸਨ - ਖੱਬੇ ਪੱਟ ਉੱਤੇ ਸੱਜਾ ਪੈਰ, ਸੱਜੇ ਉੱਤੇ ਖੱਬਾ ਪੈਰ ਰੱਖਣਾ, ਕਮਰ ਦਾ ਵਲ ਕੱਢ ਕੇ ਸਿੱਧਾ ਬੈਠਣਾ, ਦੋਵੇਂ ਹੱਥ ਗੋਡਿਆਂ ਤੇ ਰੱਖਣੇ, ਠੋਡੀ ਛਾਤੀ ਨਾਲ ਲਾ ਕੇ, ਨੇਤ੍ਰਾਂ ਦੀ ਟਕ ਨੱਕ ਦੀ ਨੋਕ ਉੱਤੇ ਠਹਿਰਾਉਣੀ। ਜੇ ਪਿੱਠ ਪਿਛੋਂ ਦੀ ਬਾਹਾਂ ਲੈ ਜਾ ਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅਤੇ ਖੱਬੇ ਹੱਥ ਨਾਲ ਖੱਬੇ ਪੈਰ ਅੰਗੂਠਾ ਪਕੜ ਲਿਆ ਜਾਏ ਤਾਂ ਇਸ ਦਾ ਨਾਂ ਬੱਧਪਦਮਾਸਨ ਹੈ

  4. ਪ੍ਰਾਣਾਯਾਮ - ਸਵਾਸਾਂ ਦੀ ਗਤੀ ਨੂੰ ਠਹਿਰਾਉਣ ਦਾ ਨਾਂ ਪ੍ਰਾਯਾਮ ਹੈ। ਯੋਗੀਆਂ ਨੇ ਸਰੀਰ ਵਿੱਚ 72000 ਨਾੜੀਆਂ ਮੰਨੀਆਂ ਹਨ ਜਿਨ੍ਹਾਂ ਵਿੱਚੋਂ 10 ਨਾੜੀਆਂ ਪ੍ਰਾਣ ਅਭਿਆਸ ਦੀਆਂ ਸਹਾਇਕ ਦੱਸੀਆਂ ਹਨ (ਪਾਨ, ਅਪਾਨ, ਸਮਾਨ, ਉਦਾਨ, ਵਯਾਨ, ਕੂਰਮ, ਕ੍ਰਿਕਲ,ਦੇਵਦੱਤ, ਧਨੰਜਯ ਇਹ 10 ਪ੍ਰਾਣ ਕਲਪੇ ਹਨ ਜਿਨ੍ਹਾਂ ਚੋਂ ਪਹਿਲੇ ਪੰਜਾਂ ਦਾ ਅਭਿਆਸ ਯੋਗੀ ਕਰਦੇ ਹਨ) ਪ੍ਰਾਣਯਾਮ ਦੇ ਕਠਿਨ ਪ੍ਰਕਾਰ ਬੇਅੰਤ ਹਨ ਪਰ ਪ੍ਰਮੁੱਖ ਦੋ ਹਨ-ਚੰਦ੍ਰਾਂਗ ਅਤੇ ਸੂਰਯਾਂਗ। ਚੰਦ੍ਰਾਂਗ-ਜੋਗੀ ਇੜਾ ਨਾੜੀ ਦੇ ਰਸਤੇ 12 ਵਾਰ ਓਅੰ ਮੰਤ੍ਰ ਜਪ ਕੇ ਹੌਲੀ-2 ਸੁਵਾਸਾਂ ਨੂੰ ਅੰਦਰ ਖਿੱਚਣਾ (ਪੂਰਕ ਕਰਨਾ) 16 ਵਾਰ ਓਅੰ ਜਪ ਨਾਲ ਸਵਾਸਾਂ ਨੂੰ ਰੋਕਣਾ (ਕੁੰਭਕ ਕਰਨਾ) ਅਤੇ 10 ਵਾਰ ਓਅੰ ਜਪੁ ਨਾਲ ਸਵਾਸ ਬਾਹਰ ਛੱਡਣੇ (ਰੇਚਕ ਕਰਨਾ) ਦੂਜਾ ਸੂਰਯਾਂਗ ਪ੍ਰਾਣਾਯਾਮ-ਪਿੰਗਲਾ ਦੇ ਰਸਤੇ (ਚੰਦ੍ਰਾਂਗ ਰੀਤੀ ਅਨੁਸਾਰ) ਪੂਰਕ ਅਤੇ ਕੁੰਭਕ ਪਿੱਛੋਂ ਇੜਾ ਨਾੜੀ ਦੁਆਰਾ ਰੇਚਕ ਕਰਨਾ ਫਿਰ ਇਸ ਅਭਿਆਸ ਨੂੰ ਵਧਾਉਂਦੇ ਹੋਏ 36 ਵਾਰ ਓਅੰ ਜਪ ਕਰਕੇ ਰੇਚਕ ਕਰਨਾ। ਪ੍ਰਾਣਾਯਾਮ ਦੇ ਬਲ ਕਰਕੇ ਕੁੰਡਲਨੀ (ਭੁਝੰਗਮਾ) ਨਾੜੀ ਜਿਸ ਨੇ ਸੁਖਮਨਾ ਦਾ ਦਰਵਾਜਾ ਕਵਾੜ ਰੂਪ ਹੋ ਕੇ ਬੰਦ ਕੀਤਾ ਹੋਇਆ ਹੈ ਪਰੇ ਹਟ ਜਾਂਦੀ ਹੈ ਅਤੇ ਸੁਖਮਨਾ ਦੁਆਰਾ ਦਸਮ ਦੁਆਰ ਵਿੱਚ ਪ੍ਰਾਣ ਚਲਦੇ ਹਨ। ਇਸ ਤੋਂ ਇਲਾਵਾ ਇੱਕ ਹੰਸ ਪ੍ਰਾਣਾਯਾਮ ਵੀ ਹੈ ਜੋ ਇਕਾਗਰ ਮਨ ਹੋ ਕੇ ਸੁਵਾਸ ਦੇ ਬਾਹਰ ਜਾਣ ਪਰ ‘ਹ’ ਅਰ ਅੰਦਰ ਜਾਣ ਪਰ ‘ਸ’ ਦਾ ਸਿਮਰਨ ਕਰਨਾ ਇਵੇਂ 60 ਘੜੀ ਵਿੱਚ 21600 ਵਾਰੀ ਜਾਪ ਹੋ ਜਾਂਦਾ ਹੈ। ਇਸ ਦਾ ਨਾਂ ਹੀ ਜੋਗਮੱਤ ਅਨੁਸਾਰ ਅਜਪਾ-ਜਾਪ ਜਾਂ ਅਜਪਾ ਗਾਯਤ੍ਰੀ ਹੈ

  5. ਪ੍ਰਤਯਾਹਾਰ - ਸ਼ਬਦ, ਸ਼ਪਰਸ਼, ਰੂਪ, ਰਸ, ਗੰਧ ਤੋਂ ਇੰਦ੍ਰੀਆਂ ਦੇ ਵੇਗ ਨੂੰ ਵਰਜ ਕੇ ਆਤਮ ਵਿਚਾਰ ਵਿੱਚ ਮਨ ਜੋੜਨ ਦਾ ਨਾਉਂ ਪ੍ਰਤਯਾਹਾਰ ਹੈ

  6. ਧਾਰਨਾ - ਚਿੱਤ ਨੂੰ ਇਕਾਗ੍ਰ ਕਰਨਾ ਅਤੇ ਕਿਸੇ ਖਾਸ ਅਸਥਾਨ ਅਰ ਵਸਤੁ ਵਿੱਚ ਜੋੜਨਾ

  7. ਧਿਆਨ - ਧੇਯ ਛੱਡ ਕੇ ਹੋਰ ਵੱਲ ਚਿੱਤ ਨਾਂ ਜਾਣਾ

  8. ਸਮਾਧਿ - ਸਾਰੇ ਸੰਕਲਪ ਮਿਟ ਕੇ ਧੇਯ ਵਿੱਚ ਬਿਰਤੀ ਦਾ ਲਿਵਲੀਨ ਹੋਣਾ ਅਤੇ ਉਸ ਦਾ ਸਾਖਯਾਤ ਭਾਸਣਾ ਸਮਾਧੀ ਕਹੀ ਜਾਂਦੀ ਹੈ। ਇਹ ਜੋਗ ਮੱਤ ਦੇ ਕਠਨ ਸਾਧਨ ਹਨ ਜੋ ਵਿਹਲੜ ਹੀ ਕਰ ਸਕਦੇ ਹਨ। ਹਾਂ ਕੁਝ ਕਸਰਤਾਂ ਜੋ ਸਰੀਰ ਦੀ ਵਰਜਿਸ਼ ਲਈ ਗੁਣਕਾਰੀ ਹਨ, ਕੀਤੀਆਂ ਜਾ ਸਕਦੀਆਂ ਹਨ ਪਰ ਉਨ੍ਹਾਂ ਨੂੰ ਗੁਰਦੁਆਰੇ ਅੰਦਰ “ਯੋਗਾ” ਨਹੀਂ ਕਿਹਾ ਜਾ ਸਕਦਾ।

ਜੋਗੀਆਂ ਦੇ ਮਨੁੱਖਤਾ ਤੋਂ ਗਿਰੇ ਕਰਮ-ਜੋਗਮੱਤ ਗ੍ਰਹਿਸਤ ਤੋਂ ਭਗੌੜਾ ਹੋ ਕੇ ਔਰਤ ਦੀ ਨਿੰਦਾ ਕਰਦਾ ਹੈ। ਗੋਰਖ ਨਾਥ ਔਰਤ ਨੂੰ ਬਘਿਆੜਣ ਕਹਿੰਦਾ ਹੈ-ਇਨ ਬਾਘਣ ਤ੍ਰੈਲੋਈ ਖਾਈ। ਭਾਈ ਗੁਰਦਾਸ ਜੀ ਵੀ ਲਿਖਦੇ ਹਨ-ਹੋਇ ਅਤੀਤ ਗ੍ਰਿਹਸਤ ਤਜ ਫਿਰਿ ਉਨਹੂੰ ਕੇ ਘਰਿ ਮੰਗਣ ਜਾਈ॥ ਜੋਗੀ ਸਰੀਰ ਤੇ ਸਵਾਹ ਮਲਦੇ, ਜਟਾਂ ਧਾਰਨ ਕਰਦੇ, ਕੰਨ ਪਾੜ ਕੇ ਮੁੰਦਰਾਂ ਪਾਉਂਦੇ, ਖਿੰਥਾ ਧਾਰਨ ਕਰਦੇ, ਅੱਕ ਧਤੂਰਾ ਖਾਂਦੇ, ਭੰਗ, ਸ਼ਰਾਬਾਂ, ਚਿਲਮਾਂ ਪੀਂਦੇ, ਸ਼ਿਵਜੀ ਦੇ ਪੁਜਾਰੀ, ਗੋਰਖ ਨਾਥ, ਭਰਥਰ ਨਾਥ ਅਤੇ ਪਤੰਜਲ ਰਿਖੀ ਨੂੰ ਮੰਨਦੇ ਹਨ। ਜਰਾ ਸੋਚੋ! ਜਿਨਾਂ ਲੋਕਾਂ ਲਈ ਨਸ਼ੇ ਵਿੱਚ ਗੜੁੱਚ ਹੋਣਾ ਹੀ ਮਨ-ਬਿਰਤੀ ਦਾ ਟਿਕਾਓ ਹੈ, ਉਹ ਕਿਧਰ ਦੇ ਯੋਗੀ ਹੋ ਸਕਦੇ ਹਨ? ਇਨ੍ਹਾਂ ਨਸ਼ਈ ਯੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਸ਼ਰਾਬ ਦਾ ਪਿਆਲਾ ਭੇਂਟ ਕੀਤਾ ਪਰ ਮੂੰਹ ਤੇ ਸੱਚੋ ਸੱਚ ਕਹਿਣ ਵਾਲੇ ਰਹਿਬਰ ਨੇ ਕਿਹਾ, ਅੰਮ੍ਰਿਤ ਦੇ ਵਾਪਰੀ ਮਤ ਮਾਰੂ ਛੂਛੀ ਮਦ ਦਾ ਵਾਪਾਰ ਅਤੇ ਸੇਵਨ ਨਹੀਂ ਕਰਦੇ-ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥ ..ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੇ॥ ਕਹੁ ਨਾਨਕ ਸੁਣਿ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ (360) ਨਸ਼ੇ ਪੀ ਕੇ ਰਿਧੀਆਂ-ਸਿੱਧੀਆਂ ਦੇ ਬਲ ਨਾਲ ਲੋਕਾਂ ਨੂੰ ਡਰਾ ਕੇ, ਆਪਣੀ ਪੂਜਾ ਕਰਾਉਣ ਵਾਲੇ, ਸਿੱਧਾਂ ਜੋਗੀਆਂ ਨੂੰ ਗੁਰੂ ਜੀ ਨੇ ਸ਼ਬਦ ਬਾਣ ਨਾਲ ਜਿੱਤ ਕੇ ਚਿੱਤ ਕੀਤਾ-ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਅਪੁਨਾ ਪੰਥ ਨਿਰਾਲਾ॥(ਭਾ.ਗੁ.)

ਗੁਰਮੱਤ ਦੇ ਜੋਗਮੱਤ ਬਾਰੇ ਵਿਚਾਰ-ਸਿੱਧਾਂ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ॥ਮਨ ਕੀ ਮੈਲੁ ਨ ਉਤਰੈ ਹਉਂਮੈ ਮੈਲੁ ਨ ਜਾਇ (558) ਸਿੱਧਾਂ-ਯੋਗੀਆਂ ਦੇ ਕਠਨ ਸਾਧਨਾਂ ਨਾਲ ਮਨ ਦੀ ਮੈਲ ਨਹੀਂ ਉੱਤਰਦੀ। ..ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ॥ ਜੋਗੁ ਨ ਦੇਸਿ ਦਿਸੰਤਰਿ ਭਵਿਐਂ ਜੋਗੁ ਨ ਤੀਰਥਿ ਨਾਈਐ॥.. ਸਤਿਗੁਰੁ ਭੇਟੈ ਤਾਂ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ॥..ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ॥..ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਤਉ ਪਾਈਐ (730) ਮੜੀਆਂ ਮਸਾਣਾਂ ਵਿੱਚ ਜਾ ਕੇ ਸਮਾਧੀਆਂ ਲਾਉਣੀਆਂ, ਦੇਸ਼ਾਂ ਦਾ ਭ੍ਰਮਣ ਕਰਨਾ ਅਤੇ ਪੁੰਨ ਕਰਮ ਲਈ ਤੀਰਥ ਨ੍ਹਾਉਣੇ ਨਿਰਾਥਕ ਕਰਮ ਹਨ। ਹੇ ਜੋਗੀਓ! ਜੇ ਸੱਚਾ ਗੁਰੂ ਮਿਲ ਜਾਏ ਤਾਂ ਭਰਮਾਂ ਦੇ ਪੜਦੇ ਤੁਟਦੇ ਹਨ ਅਤੇ ਮਨ ਦੀ ਮਾਇਆ ਵਾਲੀ ਦੌੜ ਮਿਟਦੀ ਹੈ। ਹੇ ਨਾਨਕ! ਜੀਂਵਦਿਆਂ ਹੀ ਅਜਿਹੇ ਫੋਕਟ ਕਰਮਾਂ ਅਤੇ ਵਿਕਾਰਾਂ ਵੱਲੋਂ ਮਨ ਨੂੰ ਮਾਰਨਾ ਹੀ ਜੋਗ ਹੈ। ਮਾਇਆ ਦੀ ਕਾਲਖ ਵਿਖੇ ਰਹਿੰਦੇ ਹੀ ਨਿਰਲੇਪ ਰਹਿਣਾ ਜੁਗਤੀ ਹੈ। ਏਹੁ ਜੋਗੁ ਨ ਹੋਵੈ ਜੋਗੀ ਜਿ ਕਟੰਬੁ ਛੋਡਿ ਪਰਭਵਣੁ ਕਰਹਿ (909) ਇਹ ਜੋਗ ਨਹੀਂ ਕਿ ਘਰ-ਪ੍ਰਵਾਰ ਦੀ ਜਿਮੇਵਾਰੀ ਛੱਡ ਕੇ ਵਿਹਲੜਾਂ ਦੀ ਤਰ੍ਹਾਂ ਘੁੰਮੇਂ। ਜੋਗੁ ਨ ਭਗਵੀਂ ਕਪੜੀਂ ਜੋਗੁ ਨ ਮੈਲੇ ਵੇਸਿ॥ ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ (1421)

ਗੁਰਮੱਤ ਦਾ ਸਹਜ, ਭਗਤ, ਰਾਜ, ਬ੍ਰਹਮ ਅਤੇ ਤੱਤ ਜੋਗ-ਕਿਰਤ-ਵਿਰਤ ਕਰਦੇ ਹੋਰਨਾਂ ਲੋੜਵੰਦਾਂ ਨਾਲ ਵੰਡ ਛੱਕਣਾ ਅਤੇ ਪ੍ਰਭੂ ਪ੍ਰਮਾਤਮਾਂ ਨੂੰ ਸਦਾ ਯਾਦ ਰੱਖਣਾ ਹੀ ਸਹਿਜ ਸਮਾਧਿ ਭਾਵ ਮਨ ਦੀ ਇਕਾਗ੍ਰਤਾ ਹੈ-ਸਹਜਿ ਸਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ (68) ਮਨ ਨੂੰ ਕਰਤਾਰ ਨਾਲ ਜੋੜ ਕੇ ਉਸ ਦੀ ਕੀਰਤੀ ਕਰਨੀ ਹੀ ਗੁਰਮੱਤ ਦਾ ਸਹਜ-ਜੋਗ ਹੈ-ਜੋਗੁ ਬਨਿਆ ਤੇਰਾ ਕੀਰਤਨੁ ਗਾਈ (385) ਸਭ ਉੱਚੇ ਨੀਵੇਂ ਅਤੇ ਮਿਤ੍ਰ-ਸ਼ਤ੍ਰ ਨੂੰ ਸਮਾਨ ਜਾਨਣਾ ਹੀ ਅਸਲੀ ਜੋਗ ਦੀ ਜੁਗਤੀ ਅਤੇ ਨੀਸ਼ਾਨੀ ਹੈ-ਮਿਤ੍ਰ ਸਤ੍ਰ ਸਭ ਏਕ ਸਮਾਨੇ ਜੋਗੁ ਜੁਗਤਿ ਨੀਸਾਨੀ (496) ਸ਼ਬਦ ਰੂਪੀ ਗੁਰੂ ਨੇ ਮਨ ਰੂਪੀ ਸਿੱਖ ਨੂੰ ਆਪਣੇ ਨਾਲ ਮਿਲਾ ਕੇ ਬਾਹਰੀ ਦੌੜ-ਭੱਜ ਵਲੋਂ ਮਾਰ ਦਿੱਤਾ ਹੈ ਇਹ ਹੀ ਸਿੱਖ ਦਾ ਸਹਜ-ਯੋਗ ਹੈ-ਗੁਰਿ ਮਨੁ ਮਾਰਿਓ ਕਰਿ ਸੰਜੋਗੁ॥..ਜਨ ਨਾਨਕ ਹਰਿ ਵਰੁ ਸਹਜ ਜੋਗੁ (1170) ਬ੍ਰਹਮਜੋਗ ਹੈ-ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ, ਹਰਿ ਪਾਈਐ ਸਤਸੰਗਤੀ, ਉਪਦੇਸਿ ਗੁਰੂ ਗੁਰ ਸੰਤ ਜਨਾ, ਖੋਲਿ ਖੋਲਿ ਕਪਾਟ॥(1297) ਸੁਖਮਨਾ ਨਾੜੀ ਦੇ ਕਪਾਟ ਨਹੀਂ ਸਗੋਂ ਭ੍ਰਮ ਰੂਪ ਕਪਾਟ ਗਿਆਨ ਬਲ ਨਾਲ ਖੋਲ੍ਹ ਕੇ। ਇਸ਼ਨਾਨ, ਦਾਨ, ਨਾਮ ਅਤੇ ਸਤਸੰਗ ਹੀ ਗੁਰਮੱਤ ਦਾ ਭਗਤ ਜੋਗ ਹੈ ਅਤੇ ਇਸ ਦੇ ਇਹ ਅੰਗ ਹਨ-ਪ੍ਰਭੂ ਦੀ ਯਾਦ, ਸ਼ੁੱਧ ਰਹਿਣਾ, ਧਰਮ-ਕਿਰਤ ਕਰਕੇ ਵੰਡ ਛੱਕਣਾ ਅਤੇ ਸਦਾਚਾਰੀ ਗੁਰਮੁਖਾਂ ਦੀ ਸੰਗਤ ਕਰਨੀ। ਸਿੱਖ ਰਾਜ ਗੱਦੀ ਤੇ ਬੈਠਾ ਵੀ ਜੋਗੀ ਹੈ-ਰਾਜੁ ਜੋਗੁ ਰਸ ਰਲੀਆਂ ਮਾਣੈ। ਸਾਧਸੰਗਤਿ ਵਿਟਹੁ ਕੁਰਬਾਣੈ॥1॥(ਭਾ.ਗੁ.) ਤੱਤਜੋਗ-ਆਤਮਬਲ ਕਰਕੇ ਦੁਖ ਵਿੱਚ ਸੁੱਖ, ਬੁਰੇ ਵਿੱਚ ਭਲਾ, ਹਾਰ ਵਿੱਚ ਜਿਤ, ਅਤੇ ਸੋਗ ਵਿੱਚ ਹਰਖ ਜਾਣ ਕੇ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ-ਐਸੋ ਜਨੁ ਬਿਰਲੋ ਹੈ ਸੇਵਕੁ ਤਤ ਜੋਗ ਕਉ ਬੇਤੈ..(1302)

ਗੁਰਮੱਤ ਵਿੱਚ ਸਹਜ ਜੋਗ ਦੇ ਵੀ ਅੱਠ ਅੰਗ-ਪ੍ਰਥਮੇ ਯਮ-ਮਨ ਨੂੰ ਨੀਵਾਂ ਰੱਖਣਾ, ਗੁਣ ਕਰਕੇ ਅਭਿਮਾਨੀ ਨਾ ਹੋਣਾ। ਦੂਜਾ ਨੇਮ-ਕਥਾ ਕੀਰਤਨ ਵਿੱਚ ਮਨ ਠਹਿਰਾਉਣਾ ਨੇਮ ਨਾਲ ਗੁਰ ਸ਼ਬਦ ਪੜ੍ਹਨਾ ਜਾਂ ਸੁਣਨਾ ਤੀਸਰਾ ਇਕਾਂਤਦੇਸ਼-ਸਰਬ ਵਿਖੇ ਏਕ ਗੋਬਿੰਦ ਕੋ ਜਾਨਣਾ। ਚੌਥਾ ਆਸਣ-ਰੱਬ ਨਾਲ ਸੁਰਤ ਜੋੜਨੀ। ਪੰਜਵਾਂ ਪ੍ਰਾਣਾਯਾਮ-ਗੁਰ-ਬਚਨ ਮਨ ਵਿਖੇ ਇਕੱਤ੍ਰ ਕਰਨੇ ਪੂਰਕ, ਕਦੇ ਗੁਰ ਬਚਨਾਂ ਨੂੰ ਤਿਆਗਣਾ ਨਾਂ ਕੁੰਭਕ, ਜੋ ਪਦਾਰਥ ਤਿਆਗਣਯੋਗ ਹਨ ਗੁਰ ਬਚਨਾਂ ਕਰਕੇ ਤਿਆਗਣੇ ਰੇਚਕ। ਛੇਵਾਂ ਧਿਆਨ-ਗੁਰਬਾਣੀ ਪਾਠ, ਕਥਾ ਅਤੇ ਕੀਰਤਨ ਕਰਦੇ ਜਾਂ ਸੁਣਦੇ ਸਮੇ ਧਿਆਨ ਸ਼ਬਦ ਅਰਥਾਂ ਵਿਖੇ ਰੱਖਣਾ ਅਤੇ ਕੋਈ ਸੰਕਲਪ ਮਨ ਵਿਖੇ ਨਾਂ ਫੁਰਨ ਦੇਣਾ। ਸਤਵਾਂ ਧਾਰਨਾ-ਮਨ ਜੇ ਕਿਸੇ ਸੰਕਲਪ ਲਈ ਧਾਵੇ ਤਾਂ ਵੀ ਇਸ ਨੂੰ ਰੋਕ ਕੇ ਸ਼ਬਦ ਵਿਖੇ ਜੋੜਨਾ। ਅਠਵਾਂ ਸਮਾਧਿ-ਜੋ ਦੋ ਚਾਰ ਘੜੀਆਂ ਮਨ ਸ਼ਬਦ ਵਿਚਾਰ ਵਿੱਚ ਠਹਿਰਿਆ ਇਸ ਠਹਿਰਾਉ ਦੀ ਸਮਾਧ ਨੂੰ ਅਭਿਆਸ ਨਾਲ ਵਧਾਉਣਾ ਗੁਰਮੱਤ ਦਾ ਭਗਤ ਜੋਗ ਹੈ।

ਬਹੁਤੇ ਗੁਰਦੁਆਰਿਆਂ ਵਿੱਚ ਜਿੱਥੇ ਪਹਿਲੇ ਹੀ ਡੇਰਾਵਾਦੀ ਗ੍ਰੰਥੀਆਂ ਅਤੇ ਮਾਇਅਧਾਰੀ ਪ੍ਰਬੰਧਕਾਂ ਕਰਕੇ, ਧਰਮ ਦੇ ਨਾਂ ਤੇ ਪਾਖੰਡ ਕਰਮ ਚਲ ਰਹੇ ਹਨ ਭਾਵ ਗੁਰਮਤਿ ਵਿਰੋਧੀ ਕਰਮ ਹੋ ਰਹੇ ਹਨ, ਓਥੇ ਹੁਣ ਕਈਆਂ ਗੁਰਦੁਆਰਿਆਂ ਵਿਖੇ “ਯੋਗਾ” ਦੀਆਂ ਕਲਾਸਾਂ ਵੀ ਚੱਲ ਪਈਆਂ ਹਨ, ਜੋ ਦੇਖਣ ਨੂੰ ਸਰੀਰਕ ਕਸਰਤਾਂ ਹਨ ਪਰ ਹੌਲੀ-ਹੌਲੀ ਸਿੱਖੀ ਨੂੰ ਘੁਣਵਾਂਗ ਖਾਣਗੀਆਂ, ਜਦੋਂ ਯੋਗਮੰਤ੍ਰ ਤੇ ਹਠਯੋਗ ਵਾਲੇ ਕਰਮਕਾਂਡ ਵੀ ਸ਼ੁਰੂ ਹੋ ਗਏ। ਕਿਤੇ ਨਾਮ ਚਰਚਾ ਦੇ ਨਾਂ ਤੇ ਜੋਗਮੱਤ ਸਿਖਾਇਆ ਜਾ ਰਿਹਾ ਹੈ ਅਤੇ ਕਿਤੇ ਗੁਰਬਾਣੀ ਵਿਚਾਰ ਦੀ ਥਾਂ ਗੁਰਦੁਆਰਿਆਂ ਵਿੱਚ ਜਗਰਾਤਾ ਕੀਰਤਨ ਹੋ ਰਹੇ ਹਨ। ਜਰਾ ਧਿਆਨ ਦਿਓ! ਯੋਗਾ (ਯੋਗ) ਤਾਂ ਗੁਰੂਆਂ ਵੇਲੇ ਵੀ ਸੀ ਪਰ ਕਿਸੇ ਗੁਰੂ-ਭਗਤ ਨੇ ਨਹੀਂ ਅਪਣਾਇਆ ਅਤੇ ਨਾਂ ਹੀ ਕਿਸੇ ਅਭਿਲਾਸ਼ੀ ਨੂੰ “ਯੋਗਾ” ਸਿਖਾ ਕੇ ਸਿੱਖ ਬਣਾਇਆ ਸੀ ਸਗੋਂ ਕਰਮਕਾਂਡੀ ਯੋਗੀਆਂ ਨੂੰ ਮੱਤਾਂ ਹੀ ਦਿੱਤੀਆਂ ਅਤੇ ਸਰੀਰਕ ਕਸਰਤ ਲਈ ਮੱਲਾਂ ਅਖਾੜੇ ਰਚੇ ਸਨ, ਜਿੱਥੇ ਘੋਲ, ਕੁਸ਼ਤੀਆਂ ਅਤੇ ਬਾਅਦ ਵਿੱਚ ਨਾਲ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਵੀ ਕਰਵਾਏ ਜਾਂਦੇ ਸਨ ਨਾਂ ਕਿ “ਪਤੰਜਲ-ਯੋਗਾ” ਕਰਵਾਇਆ ਜਾਂਦਾ ਸੀ। ਅਸੀਂ ਗੁਰੂ ਨਾਲੋਂ ਸਿਆਣੇ ਨਹੀਂ ਅਤੇ ਨਾਂ ਹੀ ਸਾਨੂੰ ਗੁਰਦੁਆਰਿਆਂ ਵਿਖੇ ਅਨਮੱਤੀ ਅਤੇ ਅੰਧ ਵਿਸ਼ਵਾਸ਼ੀ ਪਿਰਤਾਂ ਪਾਉਣੀਆਂ ਚਾਹੀਦੀਆਂ ਹਨ। ਧਿਆਨ ਦਿਓ! ਸਿੱਖ ਦਾ ਕਿਰਤੀ ਹੋਣਾ ਹੀ “ਯੋਗਾ” ਹੈ। ਕਿਰਤੀ ਇਨਸਾਨ ਦੀ ਵਰਜਿਸ਼ ਆਪਣੇ ਆਪ ਹੀ ਹੁੰਦੀ ਰਹਿੰਦੀ ਹੈ, ਬਾਕੀ ਮਨ ਦੇ ਟਿਕਾ ਲਈ, ਗੁਰਬਾਣੀ ਦਾ ਵਿਚਾਰ ਅਭਿਆਸ ਹੈ, ਜਿਸ ਨੂੰ ਅਸੀਂ ਛਡਦੇ ਜਾ ਰਹੇ ਹਾਂ। ਫਜ਼ੂਲ ਦੇ ਚਿੰਤਾ ਫਿਕਰ ਹੀ ਮਾਨਸਕ ਤਨਾਓ ਪੈਦਾ ਕਰਦੇ ਹਨ। ਇਸ ਲਈ ਇਕਾਗਰ-ਚਿੱਤ ਹੋ ਕੇ ਗੁਰਬਾਣੀ ਦਾ ਪਾਠ, ਕੀਰਤਨ, ਕਥਾ-ਵਿਚਾਰ ਕਰਨਾ ਅਤੇ ਮਨ ਚੋਂ ਬੁਰੇ ਖਿਆਲਾਂ ਨੂੰ ਨਿਤਾਪ੍ਰਤੀ ਗੁਰ-ਉਪਦੇਸ਼ਾਂ ਦੁਆਰਾ ਕੱਢਦੇ ਰਹਿਣਾ, ਮਨ ਨੂੰ ਸ਼ਾਤ ਕਰਨ ਦੇ ਸਾਧਨ ਹਨ। ਮਨੁੱਖਤਾ ਦੀ ਸੇਵਾ ਕਰਕੇ ਮਨ ਦੀ ਮੈਲ ਧੁਪਦੀ ਹੈ ਅਤੇ ਰੱਬੀ ਦਰਗਾਹ (ਆਤਮ ਅਵਸਥਾ) ਵਿੱਚ ਬੈਸਣ (ਟਿਕਾ) ਪ੍ਰਾਪਤ ਹੁੰਦਾ ਹੈ-ਵਿਚਿ ਦੁਨੀਆਂ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਐ (26)

ਜੇ ਅੱਜ ਕੁਝ ਜੋਗਾ ਪ੍ਰਚਾਰਕ “ਯੋਗਾ” ਦੁਆਰਾ ਆਪਣੇ ਮੱਤ ਦਾ ਪ੍ਰਚਾਰ ਕਰ ਰਹੇ ਹਨ, ਤਾਂ ਕੀ ਸਿੱਖਮੱਤ ਜੋ ਦੁਨੀਆਂ ਦਾ ਆਲਮਗੀਰ ਮੱਤ ਹੈ, ਜਿਸ ਨੂੰ ਅਸੀਂ ਅੱਜ ਬ੍ਰਾਹਮਣੀ ਪੂਜਾ-ਪਾਠ ਦੇ ਗਿਣਤੀ-ਮਿਣਤੀ ਦੇ ਕਰਮਕਾਂਡਾਂ, ਗੋਲਕਾਂ ਅਤੇ ਚੌਧਰਾਂ ਦਾ ਅੱਡਾ ਬਣਾ ਦਿੱਤਾ ਹੈ, ਦੇ ਸੁਨਹਿਰੀ ਅਸੂਲਾਂ ਦਾ ਨਿਸ਼ਕਾਮ ਪ੍ਰਚਾਰ ਕਰਕੇ, ਮਨੁੱਖਤਾ ਵਿੱਚ ਗੁਰੂਆਂ-ਭਗਤਾਂ ਦੇ ਸਰਬਸਾਂਝੇ ਗਿਆਨ-ਵਿਗਿਆਨ ਵਾਲੇ ਉਪਦੇਸ਼ ਨਹੀਂ ਵੰਡ ਸਕਦੇ? ਬਾਬੇ ਨਾਨਕ ਦੇ ਇਹ ਸਮੁੱਚੀ ਲੋਕਾਈ ਲਈ ਸਦਾ ਬਹਾਰ ਸੁਨਹਿਰੀ ਉਪਦੇਸ਼ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ ਭਾਵ ਰੱਬੀ ਯਾਦ ਨੂੰ ਧਾਰਨ ਕਰੋ, ਨਾਲੋਂ ਹੋਰ ਕਿਹੜਾ ਮਹਾਂਨ “ਯੋਗਾ” ਹੋ ਸਕਦਾ ਹੈ? ਪਰ ਅਸੀਂ ਇਹ ਤਾਂ ਕੀਤਾ ਨਹੀਂ ਸਗੋਂ ਵਿਖਾਵੇ ਵਾਲੇ ਫੋਕੇ ਕਰਮਕਾਂਡ ਹੀ ਕਰੀ ਜਾ ਰਹੇ ਹਾਂ, ਜਿਸ ਕਰਕੇ ਮਨ ਦਾ ਤਨਾਓ ਹੋਰ ਵਧ ਰਿਹਾ ਹੈ। ਸਾਡੀ ਇਸ ਕਮਜੋਰੀ ਨੂੰ ਵੇਖ ਕੇ ਅਨਮੱਤੀ ਯੋਗਾ ਵਾਲੇ ਗੁਰਦੁਆਰਿਆਂ ਵਿੱਚ ਵੀ ਇੰਟਰ ਹੁੰਦੇ ਜਾ ਰਹੇ ਹਨ। ਸਾਨੂੰ ਤਾਂ ਕਮਰੇ ਜਾਂ ਹਾਲ ਦੀ ਬੁਕਿੰਗ ਫੀਸ (ਭੇਟਾ) ਚਾਹੀਦੀ ਹੈ, ਲੋਕਾਂ ਦੀ ਭੀੜ ਜਾਂ ਵੋਟਾਂ ਚਾਹੀਦੀਆਂ ਹਨ, ਫਿਰ ਭਾਂਵੇ ਕੋਈ ਗੁਰਮੱਤ ਵਿਰੋਧੀ ਕਾਰਵਾਈਆਂ, ਸ਼ਰਦਾ ਦੇ ਗਿਲਾਫ ਵਿੱਚ ਲਪੇਟ ਕੇ ਕਰੀ ਜਾਵੇ, ਸਾਨੂੰ ਇਸ ਦਾ ਕੋਈ ਫਿਕਰ ਨਹੀਂ। ਇਸ ਦੀ ਰੋਕਥਾਮ ਲਈ ਪ੍ਰਬੰਧਕ ਅਤੇ ਗ੍ਰੰਥੀ ਗੁਰਮਤਿ ਗਿਆਤਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੱਲ ਵਿਸ਼ਵਾਸ਼, ਗੁਰਬਾਣੀ ਅਤੇ ਇਤਿਹਾਸ ਦੀ ਡੂੰਗੀ ਜਾਣਕਾਰੀ ਰੱਖਣ ਵਾਲੇ ਗੁਰਮੁਖ ਧੜੇਬੰਦੀ ਤੋਂ ਮੁਕਤ ਹੋਣੇ ਚਾਹੀਦੇ ਹਨ। ਸੋ ਸਾਨੂੰ ਜੋਗਮੱਤ ਅਤੇ ਗੁਰਮੱਤ ਵਿੱਚ ਅੰਤਰ ਸਮਝਦੇ ਹੋਏ ਜੇ ਯੋਗਾ ਕਰਨਾ ਹੀ ਹੈ ਤਾਂ ਗੁਰਮੱਤ ਵਾਲਾ ਕਰਕੇ ਸਰੀਰ ਬਲਵਾਨ ਤੇ ਮਨ ਸ਼ਾਂਤ ਕਰਨਾ ਚਾਹੀਦਾ ਹੈ। ਗੁਰਮੱਤ ਆਪਣੇ ਆਪ ਵਿੱਚ ਸੰਪੂਰਨ ਅਤੇ ਨਿਵੇਕਲਾ ਮੱਤ ਹੈ, ਗੁਰਦੁਆਰਿਆਂ ਵਿੱਚ ਇਸ ਦੇ ਆਲਮਗੀਰ ਸਿਧਾਤਾਂ ਦਾ ਹੀ ਅਭਿਆਸ-ਵਿਚਾਰ ਅਤੇ ਪ੍ਰਚਾਰ ਹੋਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top