Share on Facebook

Main News Page

‘ਤੱਤ ਗੁਰਮਤਿ ਪਰਿਵਾਰ’ ਵਲੋਂ ਸੁਝਾਈ ਗਈ ਅਰਦਾਸ ਨਾਲ ਸਬੰਧਿਤ ਕੁੱਝ ਵਿਚਾਰ

ਪਿਛਲੀ ਕਿਸ਼ਤ ਵਿਚ ਅਸੀਂ ਮੌਜੂਦਾ ਪੰਥਕ ਅਰਦਾਸ ਵਿਚਲੀਆਂ ਖਾਮੀਆਂ ਦੀ ਪੜਚੋਲ ਕੀਤੀ ਸੀ। ਇਸ ਕਿਸ਼ਤ ਵਿਚ ਅਸੀਂ ਵਿਚਾਰ ਕਰਾਂਗੇ ਕਿ ‘ਤੱਤ ਗੁਰਮਤਿ ਪਰਿਵਾਰ’ ਵੱਲੋਂ ਅਪਨਾਈ ਨਵੀਂ ਅਰਦਾਸ ਕਿਵੇਂ ਗੁਰਮਤਿ ਦੀ ਤਰਜ਼ਮਾਨੀ ਕਰਦੀ ਹੈ। ਨਾਲ ਹੀ ਅਸੀਂ ‘ਤੱਤ ਗੁਰਮਤਿ ਪਰਿਵਾਰ’ ਦੀ ਨਵੀਂ ਅਰਦਾਸ ਬਾਰੇ ਉਠਾਏ ਜਾਂਦੇ ਕੁਝ ਸ਼ੰਕਿਆਂ ਬਾਰੇ ਵੀ ਵਿਚਾਰ ਕਰਾਂਗੇ।

ਪਰਿਵਾਰ ਨੇ ਅਰਦਾਸ ਦੋ ਤਰ੍ਹਾਂ ਦੀ ਬਣਾਈ ਹੈ, ਇਕ ਸੰਗਤੀ ਅਤੇ ਦੂਜੀ ਨਿਜੀ

ਨਿਜੀ ਅਰਦਾਸ ਸੰਖੇਪ ਅਤੇ ਸਰਲ ਹੈ। ਭਾਵ, ਇਹ ਸਿੱਧਾ ਹੀ ‘ਹੇ ਨਿਮਾਣਿਆਂ ਦੇ ਮਾਣ’ ਤੋਂ ਸ਼ੁਰੂ ਹੋ ਕੇ, ਇਕ ਮਨੁੱਖ ਦੀ ਪ੍ਰਮਾਤਮਾ ਸਨਮੁੱਖ ਸਿੱਧੀ ਬੇਨਤੀ ਹੈ। ਇਕੱਲੇ ਬੰਦੇ ਵੱਲੋਂ ਅਰਦਾਸ ਵਿਚ ‘ਬੋਲੋ ਜੀ ਵਾਹਿਗੁਰੂ’ ਕਹਿਣਾ ਬੇ-ਮਾਅਨਾ ਲਗਦਾ ਹੈ ਕਿਉਂਕਿ ਪਿੱਛੇ ਬੋਲਣ ਵਾਲਾ ਤਾਂ ਕੋਈ ਹੁੰਦਾ ਨਹੀਂ।

ਸੰਗਤੀ ਅਰਦਾਸ ਤਾਂ ਹੁੰਦੀ ਹੈ ਜਦੋਂ ਅਰਦਾਸ ਕਰਨ ਵੇਲੇ ‘ਅਰਦਾਸੀਏ’ ਤੋਂ ਇਲਾਵਾ ਘੱਟੋ-ਘੱਟ ਇਕ ਹੋਰ ਜਾਂ ਜ਼ਿਆਦਾ ਮਨੁੱਖ ਵੀ ਸ਼ਾਮਿਲ ਹੋਣ, ਖਾਸਕਰ ਦੀਵਾਨ ਵੇਲੇ। ਨਵੀਂ ਅਰਦਾਸ ਦੀ ਸ਼ੁਰੂਆਤ ਸੰਗਤੀ ਰੂਪ ਵਿਚ ‘ਤੂ ਠਾਕੁਰੁ ਤੁਮ ਪਹਿ ਅਰਦਾਸਿ’ ਵਾਲੇ ਗੁਰ ਸ਼ਬਦ ਦੇ ਉਚਾਰਨ ਨਾਲ ਹੁੰਦੀ ਹੈ, ਜੋ ਮੌਜੂਦਾ ਪੰਥਕ ਅਰਦਾਸ ਵਾਂਗੂ ਹੀ ਹੈ।

ਮੌਜੂਦਾ ਪੰਥਕ ਅਰਦਾਸ ਦੀ ਸ਼ੁਰੂਆਤ ਵਿਚ ਮੰਗਲਾਚਰਨ ਹੈ ‘ੴ ਵਾਹਿਗੁਰੂ ਜੀ ਕੀ ਫਤਿਹ’। ਇਹ ਮੰਗਲਾਚਰਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਇਹ ਅਖੌਤੀ ਦਸਮ ਗ੍ਰੰਥ ਵਿਚੋਂ ਲਿਆ ਗਿਆ ਹੈ। ਪਰਿਵਾਰ ਨੇ ਇਸ ਵਿਚ ਸੁਧਾਰ ਦੀ ਜ਼ਰੂਰਤ ਮਹਿਸੂਸ ਕਰਦੇ ਹੋਏ ‘ੴ ਸਤਿਗੁਰ ਪ੍ਰਸਾਦਿ॥’ ਵਾਲਾ ਪ੍ਰਮਾਣਿਕ ਮੰਗਲਾਚਰਨ ਵਰਤ ਲਿਆ ਹੈ।

ਮੌਜੂਦਾ ਪੰਥਕ ਅਰਦਾਸ ਦੇ ਚੰਡੀ ਚਰਿਤ੍ਰ ਵਿਚਲੇ ਭਗੌਤੀ ਵਾਲੇ ਬੰਦ ਨੂੰ ਬਦਲ ਕੇ ਪਰਿਵਾਰ ਨੇ ਇਹ ਬੰਦ ਆਪਨਾਇਆ ਹੈ:

ਸੰਸਾਰ ਨੂੰ ਵਿਕਾਰਾਂ ਅਤੇ ਅਗਿਆਨਤਾ ਤੋਂ ਮੁਕਤ ਕਰਨ ਵਾਲੀ ਵਿਚਾਰਧਾਰਾ ਪ੍ਰਗਟਾਉਣ ਵਾਲੇ ਨਾਨਕ ਪਾਤਸ਼ਾਹ, ਮਗਰਲੇ ਨੌ ਸਰੂਪਾਂ ਅਤੇ ਨਾਨਕ ਫਲਸਫੇ ਨਾਲ ਸਾਂਝ ਰੱਖਣ ਵਾਲੇ ਮਹਾਂਪੁਰਖਾਂ ਦੇ ਵਿਚਾਰਾਂ ਰਾਹੀਂ ਪ੍ਰਗਟ ਸਰੂਪ ‘ਗੁਰੂ ਗ੍ਰੰਥ ਸਾਹਿਬ’ ਦੇ ਉਪਦੇਸ਼ਾਂ ਨੂੰ ਧਾਰਨ ਦੇ ਯਤਨ ਦਾ ਪ੍ਰਣ ਕਰਦੇ ਹੋਏ ਬੋਲੋ ਜੀ”।

ਇਸ ਬੰਦ ਬਾਰੇ ਕੁਝ ਜਾਗਰੂਕ ਸੱਜਣਾਂ ਦਾ ਗਿਲਾ ਹੈ ਕਿ ‘ਇਸ ਵਿਚੋਂ ਦਸ ਗੁਰੂਆਂ ਦਾ ਜ਼ਿਕਰ ਖਤਮ ਕਰ ਦਿੱਤਾ ਹੈ’ ਪਰ ਇਹ ਸੱਚ ਨਹੀਂ ਹੈ। ਇਸ ਵਿਚ ‘ਨਾਨਕ ਪਾਤਸ਼ਾਹ ਅਤੇ ਨੌਂ ਸਰੂਪਾਂ’ ਵਾਲੀ ਸ਼ਬਦਾਵਲੀ ਇਹ ਸਪਸ਼ਟ ਕਰ ਦੇਂਦੀ ਹੈ। ਜੇ ਗੱਲ ‘ਦੁਨੀਆਵੀ ਨਾਵਾਂ’ ਦਾ ਜ਼ਿਕਰ ਨਾ ਆਉਣ ਦੀ ਹੈ ਤਾਂ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਜਿਨ੍ਹਾਂ ਵੀ ਮਗਰਲੀਆਂ ਪਾਤਸ਼ਾਹੀਆਂ (ਨਾਨਕ ਸਰੂਪਾਂ) ਨੇ ਬਾਣੀ ਰੱਚੀ, ਉਨ੍ਹਾਂ ਨੇ ‘ਨਾਨਕ’ ਹੀ ਵਰਤਿਆ, ਕਿਸੀ ਨੇ ਵੀ ਬਾਣੀ ਵਿਚ ਆਪਣਾ ‘ਦੁਨੀਆਂਵੀ ਨਾਂ’ ਨਹੀਂ ਵਰਤਿਆ। ਇਹ ਕਹਿਣਾ ਵੀ ਜ਼ਿਆਦਾ ਮਾਅਨੇ ਨਹੀਂ ਰੱਖਦਾ ਕਿ ਅਰਦਾਸ ਦੇ ਬਹਾਨੇ ਦਸਾਂ ਪਾਤਸ਼ਾਹੀਆਂ ਦੇ ਨਾਂ ਯਾਦ ਹੋ ਜਾਂਦੇ ਹਨ। ਪਰਉਪਕਾਰੀ ਰਹਿਬਰਾਂ ਦੇ ਨਾਂ ਯਾਦ ਰੱਖਣ ਲਈ ਸਾਨੂੰ ਕਿਸੇ ਬਹਾਨੇ ਦੀ ਲੋੜ ਕਿਉਂ ਹੋਵੇ ?

ਮੌਜੂਦਾ ਪੰਥਕ ਅਰਦਾਸ ’ਤੇ ਕੁਝ ਸੱਜਣਾਂ ਨੂੰ ਇਹ ਗਿਲਾ ਹੈ ਕਿ ਇਸ ਵਿਚ ਦਸਾਂ ਪਾਤਸ਼ਾਹੀਆਂ ਦਾ ਜ਼ਿਕਰ ਤਾਂ ਹੈ ਪਰ ਹੋਰ ਬਾਣੀਕਾਰਾਂ ਦਾ ਜ਼ਿਕਰ ਨਹੀਂ। ਉਨ੍ਹਾਂ ਦੀ ਇਹ ਸ਼ਿਕਾਇਤ ਜਾਇਜ਼ ਹੈ।

‘ਪਰਿਵਾਰ’ ਵੱਲੋਂ ਤਿਆਰ ਕੀਤੀ ਨਵੀਂ ਅਰਦਾਸ ਵਿਚ ‘ਨਾਨਕ ਫਲਸਫੇ ਨਾਲ ਸਾਂਝ ਰੱਖਣ ਵਾਲੇ ਮਹਾਂਪੁਰਖਾਂ’ ਲਫਜ਼ ਵਰਤ ਕੇ ਇਨ੍ਹਾਂ ਮਹਾਨ ਸਖਸ਼ੀਅਤਾਂ ਦਾ ਜ਼ਿਕਰ ਸਪਸ਼ਟ ਰੂਪ ਵਿਚ ਕਰ ਦਿੱਤਾ ਗਿਆ ਹੈ।

ਨਵੀਂ ਅਰਦਾਸ ਦੀ ਬੰਦ-ਵਾਰ ਵਿਚਾਰ

(1) ਇਸ ਦੇ ਪਹਿਲੇ ਬੰਦ ਵਿਚ ਪੂਰਨ ਮੰਗਲਾਚਰਨ (ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥) ਦੀ ਸੰਖੇਪ ਵਿਆਖਿਆ ਰਾਹੀਂ ਪ੍ਰਮਾਤਮਾ ਦੇ ਸੰਪੂਰਨ ਸਵਰੂਪ ਨੂੰ ਚੇਤਾਇਆ ਗਿਆ ਹੈ। ਇਹ ਬੰਦ ਬ੍ਰਾਹਮਣਵਾਦ ਜਾਂ ਕੁਝ ਹੋਰ ਮਤਾਂ ਵਲੋਂ ਪ੍ਰਮਾਤਮਾ ਦੇ ਸਰੂਪ ਬਾਰੇ ਪਾਏ ਜਾ ਰਹੇ ਭੁਲੇਖੇ (ਗਲਤ ਸੰਕਲਪ) ਵੀ ਦੂਰ ਕਰਦਾ ਹੈ।

(2) ਦੂਜਾ ਬੰਦ ਗੁਰਮਤਿ ਇੰਨਕਲਾਬ ਦੇ ਮੋਢੀ ਨਾਨਕ ਪਾਤਸ਼ਾਹ ਜੀ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਹੋਰ ਬਾਣੀਕਾਰਾਂ ਨੁੰ ਸਮਰਪਿਤ ਹੈ। ਇਸ ਬਾਰੇ ਵਿਚਾਰ ਆਪਾਂ ਉੱਤੇ ਕਰ ਚੁੱਕੇ ਹਾਂ।

(3) ਤੀਜੇ ਬੰਦ ਪ੍ਰਤੀ ਕੁਝ ਸੱਜਣਾਂ ਨੂੰ ਸ਼ਿਕਾਇਤ ਹੈ ਕਿ ਇਸ ਵਿਚੋਂ ਚੰਦ ਮਹਾਨ ਸਖਸ਼ੀਅਤਾਂ (ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਆਦਿ) ਦਾ ਜ਼ਿਕਰ ਖਤਮ ਕਰ ਦਿੱਤਾ ਹੈ ਪਰ ਐਸਾ ਨਹੀਂ ਹੈ। ਨਵੀਂ ਅਰਦਾਸ ਦੇ ਤੀਜੇ ਬੰਦ ਦੇ ਇਹ ‘ਲਫਜ਼’ “ਰੱਬੀ ਗੁਣਾਂ ਦੇ ਧਾਰਨੀ, ਜਿਨ੍ਹਾਂ ਸਿਦਕੀ ਮਨੁੱਖਾਂ ਨੇ ਬਿਨਾਂ ਵਿਤਕਰੇ, ਮਨੁੱਖਤਾ ਦੇ ਭਲੇ ਲਈ ਆਪਣੀ ਨੇਕ ਕਮਾਈ ਵਿੱਚੋਂ, ਲੋੜਵੰਦਾਂ ਦੀ ਸੇਵਾ ਕੀਤੀ ਅਤੇ ਬੇਇਨਸਾਫੀ ਖਿਲਾਫ ਜੂਝਦਿਆਂ ਅਸਹਿ ਤੇ ਅਕਹਿ ਕਸ਼ਟ ਸਹਾਰੇ, ਉਨ੍ਹਾਂ ਮਰਜੀਵੜਿਆਂ ਦੀ ਮਹਾਨ ਸੋਚ ਤੋਂ ਪ੍ਰੇਰਣਾ ਲੈਂਦੇ ਹੋਏ ਬੋਲੋ ਜੀ” ਸਾਰੀਆਂ ਮਹਾਨ ਸਖਸ਼ੀਅਤਾਂ ਦੇ ਸਪਸ਼ਟ ਜ਼ਿਕਰ ਦੀ ਮਜ਼ਬੂਤ ਗਵਾਹੀ ਹਨ।

ਕੀ ਇਸ ਸ਼ਬਦਾਵਲੀ ਵਿਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਆਦਿ ਨਹੀਂ ਆ ਜਾਂਦੇ ? ਬਲਕਿ ਇਸ ਵਿਚ ਤਾਂ ਸਿੱਖ ਇਤਿਹਾਸ ਸਮੇਤ ਸ੍ਰਿਸ਼ਟੀ ਦੇ ਕਿਸੇ ਵੀ ਕੋਨੇ ਅਤੇ ਕਿਸੇ ਸਮੇਂ ਵਿਚ ਸੱਚ ਲਈ ਜੁਝੱਣ ਵਾਲੇ ਸਾਰੇ ਮਰਜੀਵੜੇ ਆ ਜਾਂਦੇ ਹਨ। ਜੇ ਇਹ ਗੱਲ ਸਿਰਫ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਆਦਿ ਦਾ ਜ਼ਿਕਰ ਆਉਣ ਦੀ ਹੈ ਤਾਂ ਇਹ ਸ਼ਿਕਾਇਤ ਜਾਇਜ਼ ਨਹੀਂ ਲਗਦੀ। ਇਸ ਕੌਮ ਵਿਚ ਤਾਂ ਅਨਗਿਣਤ ਸ਼ਹੀਦ ਹੋਏ ਹਨ। ਹਰ ਕਿਸੇ ਦਾ ਅਲੱਗ ਖਾਸ ਜ਼ਿਕਰ ਕਰਨਾ ਤਾਂ ਸੰਭਵ ਹੀ ਨਹੀਂ ਹੈ। ਕੁਝ ਕੁ ਖਾਸ ਦਾ ਜ਼ਿਕਰ ਕਰਨਾ ਇਕ ਪੱਖ ਤੋਂ ਤਾਂ ਵਿਤਕਰੇ ਵਾਲੀ ਗੱਲ ਹੀ ਲਗਦੀ ਹੈ। ਮੌਜੂਦਾ ਪੰਥਕ ਅਰਦਾਸ ਵਿਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਆਦਿ ਦਾ ਖਾਸ ਜ਼ਿਕਰ ਤਾਂ ਹੈ ਪਰ ਅਰਜਨ ਪਾਤਸ਼ਾਹ ਜੀ ਅਤੇ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ ਬਿਲਕੁਲ ਵੀ ਨਹੀਂ ਹੈ। ਪਰਿਵਾਰ ਵੱਲੋਂ ਆਪਨਾਈ ਸ਼ਬਦਾਵਲੀ ਦੇ ਘੇਰੇ ਵਿਚ ਸਿੱਖ ਕੌਮ ਸਮੇਤ ਸਮੁੱਚੀ ਮਨੁੱਖਤਾ ਦੇ ਮਰਜੀਵੜੇ ਆ ਜਾਂਦੇ ਹਨ।

(4) ਸਿੱਖਾਂ ਵੱਲੋਂ ਕਾਫੀ ਸਮੇਂ ਤੋਂ ਅਰਦਾਸ ਵਿਚ ਸਿੱਖੀ ਦਾਨ ਸਮੇਤ ਕਈ ਤਰ੍ਹਾਂ ਦੇ ਦਾਨ ਮੰਗੇ ਜਾਂਦੇ ਰਹੇ ਹਨ। ਪਰ ਸਿੱਖੀ ਤਾਂ ਇਕ ਵਿਚਾਰਧਾਰਾ ਹੈ ਜੋ ਕਿਸੇ ਫਿਰਕੇ ਵਿਸ਼ੇਸ਼ ਲਈ ਨਾ ਹੋ ਕੇ ਸਮੁੱਚੀ ਮਨੁੱਖਤਾ ਲਈ ਹੈ, ਫੇਰ ਇਹ ਦਾਨ (ਰੱਬੀ ਬਖਸ਼ੀਸ਼) ਕੇਵਲ ਸਿੱਖਾਂ ਲਈ ਹੀ ਕਿਉਂ ? ਹਰ ਸੁਚੇਤ ਸਿੱਖ ਜਾਣਦਾ ਹੈ ਕਿ ਸਿੱਖ ਕੌਮ ਵੀ ਹੋਰ ਮਤਾਂ ਵਾਂਗੂ ਅੰਧਵਿਸ਼ਵਾਸ਼ ਅਤੇ ਕਰਮਕਾਂਡਾਂ ਦੀ ਦਲਦਲ ਵਿਚ ਫੱਸ ਚੁੱਕੀ ਹੈ। ਪੱਕੇ ਨਿਤਨੇਮੀ ਗੁਰਮੁੱਖ ਮੰਨੇ ਜਾਣ ਵਾਲੇ ਸਿੱਖ ਵੀ ਬ੍ਰਾਹਮਣੀ ਕਰਮਕਾਂਡ ਕਰੀ ਜਾ ਰਹੇ ਹਨ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਕਿਹੜੀ ਗੱਲ ਜਾਂ ਕੰਮ ਅੰਧਵਿਸ਼ਵਾਸ਼ ਜਾਂ ਕਰਮਕਾਂਡ ਹੈ। ਗੁਰਬਾਣੀ ਵਿਚਾਰਨ ਦਾ ਰੁਝਾਨ ਖਤਮ ਹੁੰਦਾ ਜਾ ਰਿਹਾ ਹੈ ਅਤੇ ਤੋਤਾ ਰਟਨੀ ਪਾਠ ਬਹੁਤਾਦ ਵਿਚ ਹੋ ਰਹੇ ਹਨ।

ਇਸ ਲਈ ‘ਪਰਿਵਾਰ’ ਨੇ ਇਸ ਅਰਦਾਸ ਦੇ ਚੌਥੇ ਬੰਦ ਵਿਚਲੇ ਸੰਖੇਪ ਲਫਜ਼ਾਂ ਵਿਚ ਪ੍ਰਚਲਿਤ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਤੋਂ ਮੁਕਤ ਗੁਰਮੁਖਾਂ ਤੋਂ ਪ੍ਰੇਰਨਾ ਲੈਣ ਦੀ ਗੱਲ ਕੀਤੀ ਹੈ। ਅਰਦਾਸ ਵਿਚਲੇ ਇਸ ਬੰਦ ਰਾਹੀਂ ਆਮ ਲੋਕਾਈ ਇਨ੍ਹਾਂ ਸਾਰੇ ਕਰਮਕਾਂਡਾਂ, ਅੰਧਵਿਸ਼ਵਾਸ਼ਾਂ ਆਦਿ ਨਿਰੰਤਰ ਚਿਤਾਰਦੇ ਹੋਏ, ਸੁਚੇਤ ਹੋਣਗੇ।

(5) ਪੰਜਵਾਂ ਬੰਦ ਸਮੁੱਚੀ ਮਨੁੱਖਤਾ ਵਿਚਲੇ ਉਨ੍ਹਾਂ ਤਮਾਮ ਗੁਰਮੁਖਾਂ (ਸੱਚ ਦੇ ਗਿਆਨ ਨਾਲ ਜੁੜੇ) ਨੂੰ ਸਮ੍ਰਪਿਤ ਹੈ। ਜਿਨ੍ਹਾਂ ਨੇ ਸਾਂਝੀਵਾਲਤਾ, ਬਰਾਬਰੀ, ਨਿਆਂ ਆਦਿ ਲਈ ਨਿਸ਼ਕਾਮ ਘਾਲਨਾਵਾਂ ਘਾਲੀਆਂ। ਇਸ ਬੰਦ ਰਾਹੀਂ ਸੰਗਤ ਨੂੰ ਇਨ੍ਹਾਂ ਰੱਬੀ ਗੁਣਾਂ ਨਾਲ ਜੁੜਨ ਦੀ ਪ੍ਰੇਰਨਾ ਮਿਲਦੀ ਹੈ।

ਨਵੀਂ ਅਰਦਾਸ ਵਿਚ ਇਹ ਖਾਸੀਅਤ ਹੈ ਕਿ ਇਸ ਵਿਚ ਹਰ ਬੰਦ ਤੋਂ ਬਾਅਦ ‘ਧਿਆਨ ਧਰ ਕੇ ਬੋਲੋ ਜੀ’ ਵਾਲੇ ਦੁਹਰਾਅ ਦੀ ਥਾਂ ਸੰਗਤ ਵਿਚਲੇ ਹਰ ਸਖਸ਼ ਨੂੰ ਹਰ ਬੰਦ ਵਿਚਲੇ ਸੁਨੇਹੇ ਨਾਲ ਜੁੜਨ ਦੇ ਮਕਸਦ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਮਿਸਾਲ ਲਈ ਨਵੀਂ ਅਰਦਾਸ ਵਿਚ ਪੰਜਵੇਂ ਬੰਦ ਦੇ ‘ਲਫਜ਼’ ਹਨ: “ਸਮ੍ਰਪਿਤ ਗੁਰਮੁੱਖਾਂ ਦੇ ਕਾਫਲੇ ਨਾਲ ਚੱਲਣ ਦਾ ਨਿਸ਼ਚਾ ਕਰਦੇ ਹੋਏ ਬੋਲੋ ਜੀ”।

ਮੌਜੂਦਾ ਪੰਥਕ ਅਰਦਾਸ ਦੇ ਪੰਜ ਤਖਤਾਂ ਵਾਲਾ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਇਤਿਹਾਸਕ ਗੁਰਧਾਮਾਂ ਤੋਂ ਵਿਛੜੇ ਆਦਿ ਵਾਲੇ ਬੰਦਾਂ ਦੇ ਬੇਲੋੜੇ, ਬੇ-ਮਾਅਨੇ ਹੋਣ ਬਾਰੇ ਪਿਛਲੀ ਕਿਸ਼ਤ ਵਿਚ ਵਿਚਾਰ ਹੋ ਚੁੱਕੀ ਹੈ।

ਆਸ ਹੈ ਕਿ ਉਪਰੋਕਤ ਖੁੱਲੀ ਵਿਚਾਰ ਉਪਰੰਤ ਕੁਝ ਵੀਰਾਂ ਦੇ ਸੰਕੇ ਦੂਰ ਹੋ ਗਏ ਹੋਣਗੇ। ਇਸ ਸੰਬੰਧੀ ਸੁਹਿਰਦਤਾ ਨਾਲ ਦਿੱਤੇ ਹਰ ਪ੍ਰਕਾਰ ਦੇ ਸੁਝਾਵਾਂ/ਵਿਚਾਰਾਂ ਦਾ ਸਵਾਗਤ ਕੀਤਾ ਜਾਵੇਗਾ।

ਤੁਹਾਡੇ ਸੁਝਾਵਾਂ/ਵਿਚਾਰਾਂ ਦੀ ਉਡੀਕ ਵਿਚ,

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top