Share on Facebook

Main News Page

ਨੀ ਮਿੱਟੀਏ....

ਮੈਂ ਮਿੱਟੀ ਦਾ ਜੀਵ ਹਾਂ, ਮਿੱਟੀ ਵਿੱਚ ਹੀ ਜੰਮਦਾ ਹਾਂ, ਪਲਦਾ ਹਾਂ, ਖੇਡਦਾ ਹਾਂ, ਮਿੱਟੀ ਵਿੱਚੋ ਹੀ ਖਾਂਦਾ ਹਾਂ, ਮਿੱਟੀ ਖਾਤਰ ਹੀ ਲੜਦਾ ਹਾਂ, ਤੇ ਮਿੱਟੀ ਵਿੱਚ ਹੀ ਫਨਾਹ ਹੋ ਜਾਂਦਾ ਹਾਂ। ਸਾਰੀ ਉਮਰ ਮੈਂ ਮਿੱਟੀ ਵਿੱਚ ਹੀ ਘੁਲਦਾ ਰਹਿੰਦਾ ਹਾਂ ਯਾਨੀ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹਾਂ। ਮਿੱਟੀ ਉਪਰ ਕਬਜਿਆਂ ਨੂੰ ਲੈ ਕੇ ਝਗੜਦਾ ਹਾਂ, ਕਤਲ ਕਰਦਾ ਹਾਂ, ਧਾੜੇ ਮਾਰਦਾ ਹਾਂ ਦੂਜਿਆਂ ਦਾ ਗਲ ਘੁਟਦਾ ਹਾਂ। ਮਿੱਟੀ ਮੈਨੂੰ ਖਾਣ ਨੂੰ ਦਿੰਦੀ ਹੈ ਪਰ ਮਿੱਟੀ ਨਾਲ ਹੀ ਧ੍ਰੋਹ ਕਮਾਉਂਦਾ ਹਾਂ, ਪ੍ਰਦੂਸ਼ਣ ਫੈਲਾਉਂਦਾ ਹਾਂ।

ਮੇਰਾ ਜੀਵਨ ਕਿਉਂਕਿ ਮਿੱਟੀ ਦੀ ਹੀ ਪੈਦਾਇਸ਼ ਹੈ ਇਸ ਲਈ ਮਿੱਟੀ ਨਾਲ ਮੇਰਾ ਮੋਹ ਹੋਣਾ ਕੁਦਰਤੀ ਹੈ ਪਰ ਮੁਸ਼ਕਲ ਉਦੋਂ ਹੁੰਦੀ ਜਦ ਇਸ ਮਿੱਟੀ ਉਪਰ ਮੇਰਾ ਮੋਹ ਹਵਸ ਦਾ ਰੂਪ ਧਾਰਨ ਕਰ ਜਾਂਦਾ ਹੈ। ਇਸ ਹਵਸ ਨੂੰ ਫਿਰ ਅਪਣੀ ਚਰਮ ਸੀਮਾ ਤੱਕ ਮੈਂ ਅਜਿਹਾ ਲੈ ਜਾਂਦਾ ਹਾਂ ਕਿ ਕਿਸੇ ਗਰੀਬ ਮਜਬੂਰ ਦੇ ਜੀਵਨ ਉਪਰ ਮੈਂ ਅਪਣੀ ਹਵਸ ਦੇ ਮਹਿਲ ਉਸਾਰਨੇ ਸ਼ੁਰੂ ਕਰਦਾ ਹਾਂ ਤੇ ਬੜੇ ਮਾਣ ਨਾਲ ਲੋਕਾਂ ਨੂੰ ਦੱਸਦਾ ਹਾਂ ਕਿ ਦੱਸ ਕੁ ਹੀ ਖੇਤ ਸਨ ਮੇਰੇ ਬਾਪੂ ਦੇ ਅੱਜ ਚਾਰ ਪੰਜ ਸੌ ਕੀਲਾ ਹੈ। ਮੈਨੂੰ ਇਹੀ ਗੱਲ ਸਮਝ ਨਹੀ ਆਉਂਦੀ ਕਿ ਇਹ ਮਿੱਟੀ ਪਰਵਦਗਾਰ ਨੇ ਮੈਨੂੰ ਨਜਾਇਜ ਕਬਜੇ ਕਰਕੇ ਲੋਕਾਂ ਉਪਰ ਰੋਅਬ ਪਾਉਂਣ ਲਈ ਨਹੀ ਸੀ ਦਿੱਤੀ ਬਲਕਿ ਮੇਰੇ ਜੀਵਨ ਨੂੰ ਚਲਦਾ ਰੱਖਣ ਲਈ ਕੁਦਰਤ ਦੀ ਇਹ ਕ੍ਰੋੜਾਂ-ਅਰਬਾਂ ਸਾਲਾਂ ਦੀ ਘਾਲਣਾ ਹੈ। ਮੇਰੀ ਇਸ ਕੁਝ ਪਲਾਂ ਦੀ ਹਓਂ ਕਿ ਮੇਰੇ ਕੋਲੇ ਸੈਕੜੇ ਏਕੜ ਮਿੱਟੀ ਦੇ ਹਨ ਦੇ ਪਿੱਛੇ ਪਤਾ ਨਹੀ ਕਿੰਨਿਆਂ ਲੋਕਾਂ ਦੀ ਮਜਬੂਰੀ ਹੈ, ਕਿੰਨੇ ਕਰਜਈਆਂ ਜਾਨ ਤੋੜ ਦਿੱਤੀ ਹੋਵੇਗੀ। ਕਿਉਂਕਿ ਪਾਪਾਂ ਬਾਜ ਤਾਂ ਇਹ ਮਿੱਟੀ ਇੰਨੀ ਜੁੜਦੀ ਨਹੀ। ਮਿਹਨਤ ਨਾਲ ਸਾਰੀ ਉਮਰ ਬੰਦਾ ਦਸਾਂ ਤੋਂ ਵੀਹ ਜਾਂ ਪੰਜਾਹ ਕੀਲੇ ਮਿੱਟੀ ਦੇ ਕਰ ਲਏਗਾ ਪਰ....

ਮੈਨੂੰ ਜਾਪਦਾ ਹੈ ਕਿ ਮਿੱਟੀ ਦੀ ਢੇਰੀ ਜਿੰਨੀ ਮੇਰੀ ਵੱਡੀ ਹੋਵੇਗੀ ਉਨਾ ਹੀ ਮੇਰਾ ਕੂੜਾ-ਕੱਚਰਾ ਸਭ ਢੱਕ ਹੋ ਜਾਏਗਾ ਤੇ ਗਧਾ ਹੋਣ ਦੇ ਬਾਵਜੂਦ ਵੀ ਮੈਂ ਪਤਵੰਤਾ ਸੱਜਣ ਜਾਣਿਆ ਜਾਵਾਂਗਾ ਪਰ ਇਹ ਮੇਰਾ ਵੱਡਾ ਭੁਲੇਖਾ ਹੈ। ਮੈਂ ਭੁੱਲ ਜਾਂਦਾ ਹਾਂ ਕਿ ਮਿੱਟੀ ਨਹੀ, ਮੇਰੇ ਗੁਣ ਮੈਨੂੰ ਵੱਡਾ ਕਰਦੇ ਹਨ, ਮੈਂ ਅਪਣੀ ਜੀਵਨ ਸ਼ੈਲੀ ਨਾਲ ਵੱਡਾ ਤੇ ਪਤਵੰਤਾ ਜਾਣਿਆਂ ਜਾਂਦਾ ਹਾਂ ਨਾ ਕਿ ਮਿੱਟੀ ਦੀ ਢੇਰੀ ਨਾਲ। ਮਿੱਟੀ ਦੀ ਵੱਡੀ ਢੇਰੀ ਮੇਰੇ ਦੁਆਲੇ ਚਾਪਲੂਸ ਤਾਂ ਪੈਦਾ ਕਰ ਸਕਦੀ ਪਰ ਵਫਾ ਨਹੀ, ਮਿੱਟੀ ਦੀ ਢੇਰੀ ਨਾਲ ਮੇਰੇ ਸਰੀਰ ਦੇ ਸੁੱਖ ਤਾਂ ਵਧ ਸਕਦੇ ਪਰ ਮਨ ਦਾ ਸਕੂਨ ਨਹੀ।

ਭਗਤ ਰਵੀਦਾਸ ਜੀ ਨੇ ਮੇਰੀ ਮਿੱਟੀ ਦੀ ਦੌੜ ਦੇ ਇਨ੍ਹਾਂ ਹਲਾਤਾਂ ਦਾ ਨਕਸ਼ਾ ਬਾਖੂਭ ਖਿੱਚਿਆ ਹੈ ਜਿਵੇਂ,

ਮਾਟੀ ਕੋ ਪੁਤਰਾ, ਕੈਸੇ ਨਚਤੁ ਹੈ ॥ ਦੇਖੈ ਦੇਖੈ ਸੁਨੈ ਬੋਲੈ, ਦਉਰਿਓ ਫਿਰਤੁ ਹੈ ॥1॥ ਰਹਾਉ ॥ ਜਬ ਕਛੁ ਪਾਵੈ, ਤਬ ਗਰਬੁ ਕਰਤੁ ਹੈ ॥ ਮਾਇਆ ਗਈ ਤਬ ਰੋਵਨੁ ਲਗਤੁ ਹੈ ॥1॥ ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ॥ ਬਿਨਸਿ ਗਇਆ ਜਾਇ ਕਹੂੰ ਸਮਾਨਾ ॥2॥ ਕਹਿ ਰਵਿਦਾਸ ਬਾਜੀ ਜਗੁ ਭਾਈ ॥ ਬਾਜੀਗਰ ਸਉ ਮੁਹਿ ਪ੍ਰੀਤਿ ਬਨਿ ਆਈ ॥3॥6॥ {ਪੰਨਾ 487}

ਮਾਟੀ ਯਾਨੀ ਮਿੱਟੀ ਦਾ ਪੁਲਤਾ ਇਹ ਸਾਰੀ ਉਮਰ ਨੱਚਦਾ ਫਿਰਦਾ ਹੈ, ਮਿੱਟੀ ਦੀਆਂ ਹੀ ਗੱਲਾਂ ਸੁਣਕੇ ਖੁਸ਼ ਹੁੰਦਾ ਹੈ, ਮਿੱਟੀ ਦੇਖ ਕੇ ਹੀ ਇਸ ਨੂੰ ਸਕੂਨ ਆਉਦਾ ਹੈ, ਜਦ ਮਿੱਟੀ ਦੀ ਢੇਰੀ ਮਿਲ ਜਾਂਦੀ ਹੈ ਤਾਂ ਹੰਕਾਰ ਵਿੱਚ ਮਿਉਂਦਾ ਨਹੀ ਪਰ ਜਦ ਕੋਈ ਘਾਟਾ ਪੈ ਜਾਏ ਯਾਨੀ ਮਿੱਟੀ ਹੱਥੋਂ ਭੁਰ ਜਾਏ ਤਾਂ ਰੋਣ ਲੱਗ ਜਾਂਦਾ ਹੈ। ਇਹ ਰੱਬ ਨੇ ਖੇਲ ਰਚਿਆ ਸੀ ਬਾਜੀ ਪਾਈ ਸੀ ਪਰ ਹੁਣ ਇਹ ਘਰ ਮੁੜਨਾ ਭੁੱਲ ਗਿਆ ਮੱਤਲਬ ਅਪਣੇ ਅੰਦਰ ਵਲ ਮੁੜਦਾ ਹੀ ਨਹੀ ਖੇਡ ਨਾਲ ਹੀ ਪੀਡਾ ਪਿਆਰ ਪਾ ਕੇ ਬੈਠ ਗਿਆ ਹੈ ਤੇ ਇਸ ਮਿੱਟੀ ਦੀ ਖੇਡ ਦੇ ਰਸਾਂ-ਕਸਾਂ ਵਿੱਚ ਹੀ ਗੁਆਚਾ ਦਮ ਤੋੜ ਜਾਂਦਾ ਹੈ।

ਕਈ ਵਾਰੀ ਮੈਂ ਅਪਣੀ ਦੇਹ ਨਾਲ ਲੱਗੀ ਜਿਆਦਾ ਮਿੱਟੀ ਉਪਰ ਹੀ ਮਾਣ ਕਰੀ ਜਾਂਦਾ ਹਾਂ ਤੇ ਮਾੜੇ ਨੂੰ ਐਵੇਂ ਡੌਲੇ ਦਿਖਾਉਂਣ ਲੱਗ ਜਾਂਦਾ ਹਾਂ ਪਰ ਇਹੀ ਮਿੱਟੀ ਜਦ ਜਰ ਖਾ ਜਾਂਦਾ ਹੈ ਤਾਂ ਮੁੱਠ ਕੁ ਰਹਿ ਗਈ ਮਿੱਟੀ ਵਿੱਚ ਸਾਹ ਕੱਢਣਾ ਵੀ ਔਖਾ ਹੋ ਜਾਂਦਾ ਹੈ। ਜਵਾਨੀ ਵੇਲੇ ਇਸੀ ਮਿੱਟੀ ਨਾਲ ਮੈਂ ਲੋਕਾਂ ਨਾਲ ਖਹਿੰਦਾ ਹਾਂ ਤੇ ਬੁਢਾਪੇ ਵੇਲੇ ਇਹੀ ਮਿੱਟੀ ਜਦ ਸਮੇ ਦੀਆਂ ਛੱਲਾਂ ਨਾਲ ਖਹਿ ਖਹਿ ਭੁਰ ਜਾਂਦੀ ਹੈ ਤਾਂ ਮੌਤ ਲਈ ਵੀ ਤਰਸ ਜਾਂਦਾ ਹਾਂ। ਜਵਾਨੀ ਵੇਲੇ ਜਿਹੜੀ ਡਾਂਗ ਚੁੱਕੀ ਮੈਂ ਮੋਢਿਆਂ ਤੋਂ ਥੁੱਕਦਾ ਸਾਂ ਉਹੀ ਡਾਂਗ ਹੁਣ ਮੇਰੀ ਮਿੱਟੀ ਦਾ ਸਹਾਰਾ ਬਣਦੀ ਹੈ। ਥੁੱਕਣਾ ਤਾਂ ਨਹੀ ਰੁਕਦਾ ਪਰ ਉਹੀ ਥੁੱਕ ਹੁਣ ਮੋਟੇ ਖੰਗਾਰਾਂ ਵਿੱਚ ਬਦਲ ਜਾਂਦਾ ਹੈ। ਥੁੱਕਣ ਤੇ ਲੋਕੀਂ ਰਾਹ ਉਦੋਂ ਵੀ ਛੱਡਦੇ ਸਨ ਤੇ ਹੁਣ ਵੀ, ਉਦੋਂ ਜੇ ਡਰ ਕੇ ਛੱਡਦੇ ਸਨ ਤਾਂ ਹੁਣ ਨਫਰਤ ਨਾਲ ਛੱਡਦੇ ਹਨ। ਫਰੀਦ ਜੀ ਮੇਰੀ ਇਸ ਮਿੱਟੀ ਦੀ ਆਖਰੀ ਹਾਲਤ ਦਾ ਨਕਸ਼ਾ ਖਿੱਚਦੇ ਦੱਸਦੇ ਹਨ ਕਿ ਇਨ੍ਹਾਂ ਲੱਤਾਂ ਨਾਲ ਮੈਂ ਪਰਬਤ-ਪਹਾੜ ਗਾਹ ਮਾਰੇ, ਦੁਨੀਆਂ ਫਿਰ ਮਾਰੀ, ਪਰ ਅੱਜ ਸਰ੍ਹਾਣੇ ਪਿਆ ਲੋਟਾ ਵੀ ਮੈਂਨੂੰ ਸੌ ਕੋਹਾਂ ਤੇ ਜਾਪਦਾ ਹੈ,
ਫਰੀਦਾ ਇਨੀ ਨਿਕੀ ਜੰਘੀਐ, ਥਲ ਡੂੰਗਰ ਭਵਿਓਮ੍‍ ॥ ਅਜੁ ਫਰੀਦੈ ਕੂਜੜਾ, ਸੈ ਕੋਹਾਂ ਥੀਓਮਿ ॥20॥ {ਪੰਨਾ 1378}

ਕਦੇ ਮਿੱਟੀ ਵਿਚੋਂ ਹੀ ਮਿੱਟੀ ਪੈਦਾ ਕਰਕੇ ਉਨ੍ਹਾਂ ਦਾ ਹੀ ਮਾਣ ਮੈਨੂੰ ਮਿਉਣ ਨਹੀ ਦਿੰਦਾ। ਮੁੱਛਾਂ ਨੂੰ ਤਾਅ ਦਿੰਦਾ ਮੈਂ ਅਪਣੇ ਜਵਾਨ ਪੁੱਤਰਾਂ ਦੀ ਸੋਭਾ ਕਰਦਾ ਹਾਂ ਜਿਵੇਂ ਦੁਨੀਆਂ ਤੇ ਪੈਦਾ ਹੀ ਉਹ ਹੋਏ ਹੋਣ। ਪਰ ਸਮਾ ਪੈਣ ਤੇ ਉਹੀ ਅਪਣੀ ਪੈਦਾ ਕੀਤੀ ਮਿੱਟੀ ਜਦ ਮੇਰੇ ਸਿਰ ਵਿਚ ਪੈਂਦੀ ਹੈ ਤਾਂ ਮੈਂ ਹਉਕਿਆ ਵਿੱਚ ਹੀ ਦਮ ਘੁੱਟਦਾ ਜਾਂਦਾ ਹਾਂ। ਉਹੀ ਮਿੱਟੀ ਮੇਰਿਆਂ ਕਲੇਸ਼ਾਂ ਦਾ ਕਾਰਨ ਬਣ ਜਾਂਦੀ ਹੈ ਕਿਉਂਕਿ ਓਸ ਮਿੱਟੀ ਨਾਲ ਮੈਂ ਪੀਡੀ ਗੰਢ ਪਾ ਬੈਠਾ ਹੁੰਦਾ ਹਾਂ, ਉਸ ਮਿੱਟੀ ਨਾਲ ਮੈਂ ਪਕੜ ਇੰਨੀ ਜਿਆਦਾ ਕਰ ਬੈਠਦਾ ਹਾਂ ਕਿ ਉਲਾਦ ਚਾਹੇ ਮੈਨੂੰ ਜਲੀਲ ਵੀ ਕਰੇ ਜਲਾਲਤ ਦੀ ਕਿਸੇ ਵੀ ਹੱਦ ਤੱਕ ਮੈਂ ਉਸ ਨੂੰ ਛੱਡ ਨਹੀ ਸਕਦਾ ਅਤੇ ਬਾਂਦਰ ਦੇ ਛੋਲਿਆਂ ਦੀ ਮੁੱਠ ਕੁੱਜੇ ਵਿੱਚੋਂ ਨਾ ਖੋਲ੍ਹਣ ਕਰਕੇ ਘਰ ਘਰ ਨੱਚਣ ਵਾਂਗ ਸਾਰਾ ਜੀਵਨ ਮੈਂ ਇਸ ਅਪਣੇ ਹੱਥੀਂ ਪੈਦਾ ਕੀਤੀ ਮਿੱਟੀ ਅੱਗੇ ਨੱਚਦਾ ਫਿਰਦਾ ਹਾਂ, ਇਨ੍ਹਾਂ ਦੀਆਂ ਬੁੱਤੀਆਂ ਕਰਦਾ ਹਾਂ, ਨੂੰਹਾਂ-ਪੋਤਿਆਂ-ਪੋਤੀਆਂ ਦੀਆਂ ਚੋਬਾਂ ਨਾਲ ਲਹੂ-ਲੁਹਾਨ ਹੁੰਦਾ ਰਹਿੰਦਾ ਆਖਰ ਝੂਰਦਾ ਮਰ ਜਾਂਦਾ ਹਾਂ।

ਮੈਂ ਮਿੱਟੀ ਹਾਂ। ਇਹ ਮਿੱਟੀ ਜੇ ਭਲੀ ਸੰਗਤ ਵਿੱਚ ਗੁੱਝ ਕੇ ਕਿਸੇ ਚੰਗੇ ਥਾਂ ਲੱਗ ਜਾਏ ਤਾਂ ਲੁਕਾਈ ਦੇ ਸਿਰ ਢੱਕਣ ਦੇ ਕੰਮ ਆਉਂਦੀ ਹੈ, ਚੰਗੀ ਉਸਾਰੀ ਦੇ ਲੇਖੇ ਲੱਗਦੀ ਹੈ, ਬੁਲੰਦੀਆਂ ਛੁੂੰਹਦੀ ਹੈ, ਪਰ ਇਹੀ ਮਿੱਟੀ ਜੇ ਅਵਾਰਾ ਹੋ ਜਾਏ ਤਾਂ ਉੱਡ ਉੱਡ ਲੋਕਾਂ ਦੇ ਸਿਰ-ਮੂੰਹ ਤੇ ਪੈਂਦੀ ਲੁਕਾਈ ਦਾ ਜੀਣਾ ਹਰਾਮ ਕਰ ਦਿੰਦੀ ਹੈ। ਹਨੇਰੀਆਂ ਦਾ ਰੂਪ ਧਾਰ ਕੇ ਕਦੇ ਇਹ ਮਿੱਟੀ ਹਿਟਲਰ, ਚੰਗੇਜ, ਹਲਾਕੂ, ਇੰਦਰਾ ਦਾ ਰੂਪ ਵੀ ਲੈ ਲੈਂਦੀ ਹੈ ਤੇ ਦੁਨੀਆਂ ਫਨਾਹ ਕਰ ਦਿੰਦੀ ਹੈ।

ਦੁਨੀਆਂ ਉਪਰ ਅਰਬਾਂ-ਖਰਬਾਂ ਰੁਪਏ ਇਸ ਮਿੱਟੀ ਨੂੰ ਸ਼ਿੰਗਾਰਨ ਤੇ ਲਾਏ ਜਾ ਰਹੇ ਹਨ, ਹਰੇਕ ਸ਼ਹਿਰ ਵਿਚ, ਹਰੇਕ ਮੋੜ ਤੇ ਬਿਉਟੀ ਪਾਰਲਰ ਹੈ। ਸਟੋਰਾਂ ਦੇ ਸਟੋਰ ਭਰੇ ਪਏ ਇਸ ਮਿੱਟੀ ਨੂੰ ਸੋਹਣਾ ਕਰਨ ਲਈ ਪਰ ਇਸ ਮਿੱਟੀ ਦਾ ਸੁਹੱਪਣ ਇਸ ਉਪਰ ਸੋਨੇ-ਗਹਿਣੇ ਲੱਦ ਲੈਣ ਨਾਲ, ਵੰਨੇ ਸੁਵੰਨੇ ਵਾਲਾਂ ਦੇ ਛੱਲੇ ਪਾਉਣ ਨਾਲ, ਜਾਂ ਮਹਿੰਗੇ ਕੱਪੜੇ ਪਾਉਂਣ ਨਾਲ ਨਹੀ ਬਣਦਾ ਕਿਉਂਕਿ ਇਹ ਤਾਂ ਮਿੱਟੀ ਉਪਰ ਹੀ ਮੈਂ ਹੋਰ ਮਿੱਟੀ ਲਿੱਪਣ ਦੀ ਮੂਰਖਤਾ ਦੇ ਗੇੜ ਵਿਚ ਪਿਆ ਹੋਇਆ ਹਾਂ ਜਦਕਿ ਜਿਹੜੇ ਗਹਿਣਿਆਂ ਨਾਲ ਇਹ ਮਿੱਟੀ ਸ਼ਿੰਗਾਰ ਹੋਣੀ ਸੀ ਓਸ ਤਾਂ ਦੁਕਾਨ ਦੇ ਵੀ ਕਦੇ ਮੈਂ ਨੇੜਿਓ ਨਹੀ ਲੰਘਿਆ। ਓਸ ਸ਼ਿੰਗਾਰ ਕਰਨ ਵਾਲੇ ਕੋਲ ਜਾਣ ਲਈ ਤਾਂ ਮੈਂ ਗਰੰਥੀ ਭਾਈ ਰੱਖੇ ਹਨ ਤੇ ਕਦੇ ਇੰਝ ਹੋਇਆ ਕਿ ਇੱਕ ਔਰਤ ਬਿਉਟੀ-ਪਾਰਲਰ ਦੇ ਗਈ ਹੀ ਨਾ ਹੋਵੇ ਤੇ ਪੈਸੇ ਦੇ ਕੇ ਮੁੜ ਆਏ ਕਿ ਮੇਰੇ ਲਈ ਸ਼ਿੰਗਾਰ ਤੂੰ ਕਰ ਲਈਂ? ਕਦੇ ਕੀ ਇੰਝ ਵੀ ਹੋਇਆ ਕਿ ਜਿਹੜਾ ਖੁਦ ਹੀ ਸਿੰਗਾਰਿਆ ਨਾ ਹੋਵੇ ਉਹ ਕਿਸੇ ਦਾ ਸ਼ਿੰਗਾਰ ਕਰੇਗਾ? ਗਰੰਥੀ, ਭਾਈ, ਬਾਬੇ ਮੇਰੀ ਮਿੱਟੀ ਨੂੰ ਕਿਵੇਂ ਸ਼ਿੰਗਾਰ ਦੇਣਗੇ ਜਿਹੜੇ ਖੁਦ ਹੀ ਵਿਕਾਰਾਂ, ਲੋਭ, ਲਾਲਚਾਂ ਦੇ ਚਿੱਕੜ ਵਿੱਚ ਗਲ ਗਲ ਤੱਕ ਗਰਕੇ ਪਏ ਹਨ।

ਜੀਵਨ ਦੇ ਸ਼ਿੰਗਾਰ ਤੋਂ ਬਿਨਾ ਮੇਰੀ ਮਿੱਟੀ ਉਪਰ ਕੀਤਾ ਸ਼ਿੰਗਾਰ ਤਾਂ ਹੀ ਝੂਠਾ-ਝੂਠਾ, ਬੁੱਸਿਆ ਅਤੇ ਬੇਮਾਈਨਾ ਤੇ ਓਪਰਾ ਜਿਹਾ ਜਾਪਦਾ ਹੈ ਕਿਉਂਕਿ ਜੀਵਨ ਨੂੰ ਸ਼ਿੰਗਾਰਨ ਦੀ ਬਜਾਇ ਮੇਰਾ ਸਾਰਾ ਜੋਰ ਬਾਹਰ ਦਿੱਸਦੀ ਮਿੱਟੀ ਨੂੰ ਸ਼ਿੰਗਾਰਨ ਤੇ, ਬਾਹਰ ਦਿੱਸਦੀ ਮਿੱਟੀ ਨੂੰ ਇਕੱਠੀ ਕਰਨ ਤੇ, ਬਾਹਰ ਦਿੱਸਦੀ ਮਿੱਟੀ ਉਪਰ ਹੰਕਾਰ ਕਰਨ ਤੇ, ਬਾਹਰ ਦਿੱਸਦੀ ਮਿੱਟੀ ਨਾਲ ਮੋਹ ਕਰਨ ਤੇ, ਉਸ ਨਾਲ ਹਵਸ ਦੀ ਹੱਦ ਤੱਕ ਪਕੜ ਕਰਨ ਤੇ ਹੀ ਲੱਗ ਜਾਂਦਾ ਹੈ ਜਿਸ ਨੇ ਸਮਿਆਂ ਦੀ ਵਾਅ ਲੱਗੀ ਤੋਂ ਉੱਡ ਜਾਣਾ ਹੈ, ਸਵਾਹ ਹੋ ਜਾਣਾ ਹੈ ਤੇ ਇਸ ਸਵਾਹ ਦੇ ਬਚੇ ਬੁੱਕ ਦਾ ਥੋੜੇ ਸਮੇ ਬਾਅਦ ਦੁਨੀਆਂ ਨੂੰ ਚੇਤਾ ਵੀ ਨਹੀ ਰਹਿਣਾ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top