Share on Facebook

Main News Page

ਸੰਤ ਸਿੰਘ ਮਸਕੀਨ ਦੀਆਂ ਪੈੜਾਂ ਨਾਪਦੇ ਗਿਆਨੀ ਅਲਵਰ

ਜਿਨ੍ਹਾਂ ਜਿਨ੍ਹਾਂ ਨੇ ਵੀ ਕਿਸੇ ਦੀ ਖੁਰਲੀ ਦਾ ਖੋਰ ਖਾਦਾ, ਕਿਸੇ ਦੀ ਖੂਹੀ ਦਾ ਪਾਣੀ ਪੀਤਾ, ਕਿਸੇ ਦੀ ਤਵੀ ਤੇ ਪੱਕੀਆਂ ਰੋਟੀਆਂ ਦਾ ਸਵਾਦ ਚੱਖਿਆ ਫਿਰ ਉਹ ਸਦਾ ਵਾਤੇ ਅੰਦਰੂਨੀ ਤੌਰ ਤੇ ਉਸ ਨਾਲ ਜੁੜ ਗਏ। ਜੇ ਕਿਤੇ ਉਨ੍ਹਾਂ ਲੋਕਾਂ ਨੇ ਮੋੜਾ ਖਾਦਾ ਵੀ ਤਾਂ ਉਹ 100% ਕਦੇ ਵਾਪਸ ਨਹੀਂ ਮੁੜੇ। ਉਨ੍ਹਾਂ ਨੂੰ ਕਦੇ ਨਾ ਕਦੇ ਆਪਣੀ ਪੁਰਾਣੀ ਖੁਰਲੀ, ਖੁਹੀ ਜਾਂ ਤਵੀ ਦਾ ਚੇਤਾ ਜਰੂਰ ਆਇਆ ਤੇ ਰੱਸੇ ਖਾਣੇ ਪਸ਼ੂ ਵਾਂਗਰ ਰੱਸੇ ਨੂੰ ਲਾਏ ਮਣ ਪੱਕੇ ਗੋਹੇ ਨੂੰ ਆਪਣੇ ਖੁਰ ਨਾਲ ਉਤਾਰ ਕੇ ਰੱਸੇ ਨੂੰ ਮੂੰਹ ਮਾਰਨ ਵਿਚ ਕਾਮਯਾਬ ਹੋ ਹੀ ਗਏ। ਇਹੀ ਹਾਲ ਹੈ ਅੱਜ ਦੇ ਕਥਾ ਵਾਚਕ ਹਰਿੰਦਰ ਸਿੰਘ ਅਲਵਰ ਦਾ।

ਸੰਤ ਸਿੰਘ ਮਸਕੀਨ ਕੌਣ ਸੀ?

  1. ਇਹ ਇਕ ਉਹ ਸ਼ਖਸ ਸੀ, ਜਿਸ ਨੇ ਗਿਆਨੀ ਭਾਗ ਸਿੰਘ ਅੰਬਾਲਾ ਨੂੰ ਅਖੌਤੀ ਸਿੱਖ ਰਵਾਇਤ ਮੁਤਾਬਕ ਸਿੱਖ ਪੰਥ ਵਿਚੋਂ ਛਿੱਕਵਾਉਣ ਦਾ ਧੋਖੇ ਨਾਲ ਕਾਰਜ ਕੀਤਾ। ਹਵਾਲਾ ਪ੍ਰਿਸੀਪਲ ਹਰਭਜਨ ਸਿੰਘ ਚੰਡੀਗ੍ਹੜ ਦੀ ਕਿਤਾਬ, “ਦਸਮ ਗ੍ਰੰਥ ਬਾਰੇ ਚੋਣਵੇ ਲੇਖ” ਅਤੇ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਦਾ ਇਕ ਲੇਖ, ਜੋ ਇਹ ਗੱਲ ਬਿਲਕੁਲ ਸਪੱਸ਼ਟ ਕਰਦਾ ਹੈ ਕਿ ਕਿਵੇਂ ਸੰਤ ਸਿੰਘ ਜੀ ਮਸਕੀਨ ਗਿਆਨੀ ਭਾਗ ਸਿੰਘ ਅੰਬਾਲਾ ਨੂੰ ਗੱਡੀ ਰਾਹੀਂ ਅੰਮ੍ਰਿਤਸਰ ਲੈ ਕੇ ਗਏ।

  2. ਇਹ ਇਕ ਉਹ ਸ਼ਖਸ ਸੀ, ਜਿਸ ਨੇ ਗਿਆਨੀ ਮਾਨ ਸਿੰਘ ਝਉਰ ਦੇ ਡੇਰੇ (ਅਲਵਰ) ’ਤੇ ਕਬਜਾ ਕੀਤਾ।
  3. ਗਿਆਨੀ ਮਾਨ ਸਿੰਘ ਝਉਰ ਇਸ ਸੰਸਾਰ ਤੋਂ ਕਿਵੇਂ ਤੇ ਕਿਧਰ ਗਿਆ, ਇਸ ਸਵਾਲ ਦਾ ਜਵਾਬ ਤਾਂ ਸੰਤ ਸਿੰਘ ਮਸਕੀਨ ਜੀ ਹੀ ਦੇ ਸਕਦੇ ਹਨ?
  4. ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਅੱਜ ਤਕ ਗੁਰਬਾਣੀ ਦੇ ਕਿਸੇ ਇਕ ਪੂਰੇ ਸਲੋਕ ਦੀ ਵਿਆਖਿਆ ਕੈਮਰਿਆਂ ਤੇ ਟੇਪਰਿਕਾਰਡਰਾਂ ਦੇ ਚੱਲਦਿਆਂ ਨਹੀਂ ਕੀਤੀ।
  5. ਸੰਤ ਸਿੰਘ ਜੀ ਮਸਕੀਨ ਜੀ ਨੇ 1991 ਵਿਚ ਦੂਰਦਰਸ਼ਨ ਟੀ.ਵੀ ’ਤੇ ਆਪਣੀ ਕਥਾ ਅਰੰਭੀ ਅਤੇ 1991 ਵਿਚ ਹੀ ਬੀ.ਜੇ.ਪੀ ਦਾ ਰਾਜ ਵੀ ਭਾਰਤ ’ਤੇ ਸ਼ੁਰੂ ਹੋਇਆ।

ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲ ਖੜੇ ਕੀਤੇ ਜਾ ਸਕਦੇ ਹਨ।

ਗਿਆਨੀ ਹਰਿੰਦਰ ਸਿੰਘ ਅਲਵਰ ਜੀ ਵੀ ਗਿਆਨੀ ਸੰਤ ਸਿੰਘ ਮਸਕੀਨ ਦੇ ਚੇਲੇ ਹਨ। ਦੋ ਹਫਤੇ ਪਹਿਲਾਂ ਇਨ੍ਹਾਂ ਬੰਗਲਾ ਸਾਹਿਬ ਗੁਰਦਵਾਰੇ ਵਿਚ ਕਥਾ ਕਰਦਿਆਂ ਦਸਮ ਗ੍ਰੰਥ ਵਿਚੋਂ ਅਨੇਕਾਂ ਪ੍ਰਮਾਣ ਦੇ ਕੇ ਦਸਮ ਗ੍ਰੰਥ ਦੀ ਪ੍ਰਮਾਣਿਕਤਾ ’ਤੇ ਮੋਹਰ ਲਗਾਈ ਤਾਂ ਕਈ ਦਿਨ ਮੀਡੀਏ ਵਿਚ ਰੌਲਾ ਪੈਂਦਾ ਰਿਹਾ। ਕੁੱਝ ਦਿਨ ਪਹਿਲਾਂ ਬਾਬਾ ਦੀਪ ਸਿੰਘ ਜੀ ਬਾਰੇ ਗੱਲ ਕਰਦਿਆਂ ਅਲਵਰ ਜੀ ਨੇ ਇਹ ਕਿਹਾ, “ਲੋਕ ਕਹਿੰਦੇ ਸਨ ਕਿ ਲੋਹਾ ਉੱਡ ਨਹੀਂ ਸਕਦਾ। ਅੱਜ ਲੋਹਾ ਉੱਡਦਾ ਹੀ ਨਹੀਂ ਸਗੋਂ 400-500 ਬੰਦਾ ਆਪਣੇ ਵਿਚ ਬਿਠਾ ਕੇ ਵੀ ਉੱਡ ਜਾਂਦਾ ਹੈ। ਇਸੇ ਹੀ ਤਰ੍ਹਾਂ ਜਿਹੜੇ ਲੋਕ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਸੀਸ ਉਤਰਨ ਤੋਂ ਬਾਅਦ ਲੜ ਹੀ ਨਹੀਂ ਸਕਦੇ, ਇਸ ਗੱਲ ਦੀ ਸਮਝ ਉਨ੍ਹਾਂ ਨੂੰ 500 ਸਾਲਾਂ ਬਾਅਦ ਪਵੇਗੀ”।

ਗਿਆਨੀ ਅਲਵਰ ਜੀ ਇਹ ਕਥਾ ਕਹਾਣੀਆਂ ਸਧਾਰਣ ਮਨੁੱਖਾਂ ਦੀਆਂ ਲਿਖੀਆਂ ਤੇ ਬਣਾਈਆਂ ਹੋਈਆਂ ਹਨ ਤੇ ਸ਼ੰਕਿਆਂ ਭਰਪੂਰ ਹਨ। ਗੁਰਬਾਣੀ ਗੁਰੂ ਸਹਿਬਾਨ ਦੀ ਲਿਖੀ ਹੋਈ ਹੈ ਤੇ ਉਸ ਤੇ ਕੋਈ ਕਿੰਤੂ-ਪਰੰਤੂ ਨਹੀਂ। ਕੀ ਤੁਸੀਂ ਗੁਰਬਾਣੀ ਵਿਚੋਂ ਕੋਈ ਪ੍ਰਮਾਣ ਦੇ ਸਕਦੇ ਹੋ ਕਿ ਕੋਈ ਸਿੱਖ ਆਪਣੀ ਅਧਿਆਤਮਕ ਸ਼ਕਤੀ ਨਾਲ ਆਪਣਾ ਸੀਸ ਉਤਰ ਜਾਣ ਤੋਂ ਬਾਅਦ 10-12 ਕਿਲੋ ਮੀਟਰ ਲੜ ਜਾਂ ਤੁਰ ਸਕਦਾ ਹੈ?

ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਨਾਲੋਂ ਗੁਰਬਾਣੀ ਤੋਂ ਘੱਟ ਜਾਣੂ ਸਨ? ਮੇਰਾ ਉਤਰ ਹੈ ਨਹੀਂ। ਉਹ ਸਮਰੱਥ ਗੁਰੂ ਸਨ। ਪਰ ਉਹ ਵੀ ਆਪਣੇ ਅੱਖਾਂ ਦੇ ਸਾਹਮਣੇ ਪਏ ਆਪਣੇ ਸ਼ਹੀਦ ਪੁਤਰਾਂ ਅਤੇ ਸਿੱਖਾਂ ਵਿਚੋਂ ਕਿਸੇ ਇਕ ਨੂੰ ਵੀ ਜਿਉਂਦਾ ਨਹੀਂ ਕਰਦੇ ਕਿ ਭਾਈ ਰਾਤ ਨੂੰ ਅਸਾਂ ਇਸ ਗੜੀ ਨੂੰ ਛੱਡ ਕੇ ਜਾਣਾ ਹੈ ਤੇ ਹੁਣ ਤੁਸੀਂ ਬਾਹਰ ਹੀ ਹੋ, ਕਿਸੇ ਸਵਾਰੀ ਦਾ ਇੰਤਜਾਮ ਕਰੋ। ਸਗੋਂ ਮੁਗਲੀਆ ਹਕੂਮਤ ਵਿਚੋਂ ਹੀ ਗੁਰੂ ਜੀ ਦੇ ਸ਼ਰਧਾਲੂ ਗਨੀ ਖਾਨ ਤੇ ਨਬੀ ਖਾਨ ਗੁਰੂ ਜੀ ਨੂੰ ਸਹੀ ਸਲਾਮਤ ਇਸ ਗੜੀ ਵਿਚੋਂ ਕੱਢ ਕੇ, ਕੋਟਲਾ ਨਿਹੰਗ ਖਾਨ ਕੋਲ ਪਹੁੰਚਾਉਣ ਦਾ ਪੂਰਾ ਪੂਰਾ ਇੰਤਜਾਮ ਕਰਦੇ ਹਨ।

ਜੇ ਕਰ ਇਨ੍ਹਾਂ ਕਹਾਣੀਆਂ ਦੇ ਮੁਤਾਬਕ ਕਿਸੇ ਸਿੱਖ ਦੀ ਸਿੱਖੀ ਤਾਂ ਹੀ ਖਰੀ ਤੇ ਪੂਰੀ ਉਤਰਦੀ ਹੈ, ਜੇ ਕਰ ਸਿੱਖ ਦਾ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਭਾਵ ਅੰਮ੍ਰਿਤਸਰ ਵਿਚ ਹੀ ਲੱਗੇ ਤਾਂ ਹੁਣ ਹੋਰ ਸਵਾਲ ਪੈਦਾ ਹੁੰਦੇ ਹਨ ਜਿਵੇਂ :-

  1. ਸਾਨੂੰ ਉਨ੍ਹਾਂ ਗੁਰੂ ਸਹਿਬਾਨ ਬਾਰੇ ਵੀ ਸੋਚਣਾ ਚਾਹੀਦਾ ਹੈ, ਜਿਹੜੇ ਆਪਣੇ ਜਿਉਂਦੇ ਜੀਅ ਅੰਮ੍ਰਿਤਸਰ ਵਿਚ ਨਹੀਂ ਆਏ ਤੇ ਸੀਸ ਅੰਮ੍ਰਿਤਸਰ ਭੇਟ ਕਰਨ ਦੀ ਤਾਂ ਗੱਲ ਹੀ ਦੂਰ ਦੀ ਹੈ।
  2. ਕੁਪ-ਰਹੀੜੇ ਦੇ ਵੱਡੇ ਘੱਲੂਘਾਰੇ ਵਿਚ ਮਾਰੇ ਗਏ ਅਤੇ ਧਰਮ ਦੀ ਖਾਤਰ ਲੜ ਕੇ ਸ਼ਹੀਦ ਹੋਏ ਬਹਾਦਰ ਸਿੰਘਾਂ ਅਤੇ ਸਿੰਘਣੀਆਂ ਦੀਆਂ 40 ਹਜ਼ਾਰ ਸ਼ਹੀਦੀਆਂ ਦਾ ਕੀ ਕਰੀਏ?

ਅੱਜ ਲੋੜ ਹੈ, ਸਿੱਖ ਧਰਮ ਦੀ ਲਹਿਰ/ਸੋਚ ਨੂੰ ਸਮਝ ਕੇ ਆਪਣਾ-ਆਪਣਾ ਫਰਜ਼ ਅਦਾ ਕਰਨ ਦੀ ਨਾ ਕੇ ਇਹ ਦੇਖਣ ਦੀ ਕਿ ਕਿਹੜਾ ਸਿੱਖ ਕਿਤਨੀ ਕਰਾਮਾਤ ਕਰਕੇ ਵਿਖਾ ਗਿਆ ਹੈ, ਜਦੋਂ ਕਿ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਸਿੱਧਾਂ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਚਰਚਾ ਦਾ ਜ਼ਿਕਰ ਕਰਦੇ ਪਹਿਲੀ ਵਾਰ ਦੀ 43ਵੀਂ ਪਉੜੀ ਵਿਚ ਲਿਖਦੇ ਹਨ, “ਬਾਝੋ ਸਚੇ ਨਾਮ ਦੇ ਹੋਰ ਕਰਾਮਾਤਿ ਅਸਾਂ ਤੇ ਨਾਹੀ”।

ਸਿੱਖ ਭਰਾਵੋ! ਜੇਕਰ ਪਾਣੀ ਨੂੰ ਕਿਸੇ ਉੱਚੀ ਜਗਾਹ ’ਤੇ ਚਾੜਾਉਣਾ ਹੋਵੇ ਤੇ ਉੱਪਰ ਤੱਕ ਇਕੋ ਪਾਈਪ ਹੀ ਫਿਟ ਕੀਤੀ ਗਈ ਹੋਵੇ ਤਾਂ ਥੱਲੇ ਵਾਲੀਆਂ ਟੂਟੀਆਂ ਬੰਦ ਕਰਨੀਆਂ ਪੈਣਗੀਆਂ ਨਹੀਂ ਤਾਂ ਪਾਣੀ ੳੁੱਪਰ ਨਹੀਂ ਚੜ੍ਹੇਗਾ। ਠੀਕ ਇਸੇ ਤਰ੍ਹਾਂ ਉਪਰਲੀ ਮੰਜ਼ਲ ਹੈ ਆਪਣਾ ਦਿਮਾਗ, ਨੀਚੇ ਵਾਲੀਆਂ ਟੂਟੀਆਂ ਹਨ ਆਪਣੇ ਸ਼ਰੀਰ ਦੇ ਦਰਵਾਜ਼ੇ ਤੇ ਪਾਣੀ ਹੈ ਚੰਗੀ ਸੋਚ। ਜੇਕਰ ਚੰਗੀ ਸੋਚ ਨੂੰ ਆਪਣੇ ਦਿਮਾਗ ਵਿਚ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਆਪਣੇ ਮੂੰਹ ਨਾਲ ਵਾਰ-ਵਾਰ “ਵਾਹਿ ਗੁਰੂ” ਕਹਿਣ ਨਾਲ ਇਹ ਕੰਮ ਨਹੀਂ ਹੋਣਾ। ਗਿਆਨ ਨੂੰ ਦਿਮਾਗ ਵਿਚ ਪਹੁੰਚਾਣ ਲਈ ਗਿਆਨ ਲੈਣਾ ਪਵੇਗਾ, ਮੂੰਹ ਬੰਦ ਕਰਨਾ ਪਵੇਗਾ। ਵਾਹਿ ਗੁਰੂ ਵਾਹਿ ਗੁਰੂ ਕਰਨ ਨਾਲ ਕੋਈ ਕਰਾਮਾਤ ਨਹੀਂ ਵਾਪਰ ਜਾਣੀ। ਸੰਸਾਰੀ ਕੰਮ ਸਾਨੂੰ ਆਪ ਹੀ ਕਰਨੇ ਪੈਣੇ ਹਨ। ਕਿਸੇ ਨੇ ਨਹੀਂ ਕਰਨੇ।

ਸਿੱਖੀ ਵਿਚ ਕਰਾਮਾਤ ਨੂੰ ਇਸ ਕਰਕੇ ਨਹੀਂ ਮੰਨਿਆ ਗਿਆ ਕਿਉਂਕਿ ਇਸ ਕਰਕੇ ਲੋਕ ਵਹਿਮ ਭਰਮ ਵਿਚ ਫਸਦੇ ਹਨ, ਜੋ ਸਿੱਖ ਸਿਧਾਂਤ ਨਹੀਂ। ਲੋਕ ਵਿਹਲੜ ਤੇ ਨਿਪੁੰਸਕ ਬਣਦੇ ਹਨ, ਇਹ ਵੀ ਸਿੱਖ ਧਰਮ ਦੇ ਅਨਕੂਲ ਨਹੀਂ। ਕਰਾਮਾਤ ਕਰਕੇ ਵਿਖਾਉਣ ਵਾਸਤੇ ਕਿਸੇ ਦੇਹਧਾਰੀ ਦੀ ਲੋੜ ਪੈਂਦੀ ਹੈ ਤੇ ਇਹ ਦੇਹਧਾਰੀ ਮਨੁੱਖਤਾ ਦਾ ਹਰ ਵਕਤ ਸ਼ਿਕਾਰ ਕਰਨਗੇ, ਇਹ ਵੀ ਸਿੱਖ ਸਿਧਾਂਤ ਨਹੀਂੇ। ਇਸ ਕਰਕੇ ਗੁਰੂ ਜੀ ਕਰਾਮਾਤ ਨੂੰ ਜੜੋਂ ਹੀ ਰੱਦ ਕਰਦੇ ਹਨ। ਸਿੱਖ ਧਰਮ ਮਨੁੱਖਤਾ ਦੇ ਭਲੇ ਦਾ ਧਰਮ ਹੈ ਨਾ ਕਿ ਸ਼ਿਕਾਰ ਕਰਨ ਦਾ।

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ
www.singhsabhacanada.com
Mobile# 716 536 2346


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top