Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤੇ ਮੌਜੂਦਾ ਹਾਲਾਤ

ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਬਾਣੀ ਨੂੰ ਪਰਮਾਤਮਾ ਦੇ ਤੁੱਲ ਜਾਣ ਕੇ ਹੀ ਗੁਰਬਾਣੀ ਦੀ ਵਡਿਆਈ ਕੀਤੀ ਹੈ

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਪੰਨਾ 515

ਸਤਿਗੁਰੂ ਜੀ ਨੇ ਇਹ ਵੀ ਸਪਸ਼ਟ ਫੈਸਲਾ ਕਰ ਦਿੱਤਾ ਹੈ ਕਿ ਗੁਰਬਾਣੀ ਦੇ ਬਰਾਬਰ ਸਾਰੇ ਸੰਸਾਰ ਵਿਚ ਕੁਛ ਵੀ ਨਹੀਂ ਹੈ। ਸਤਿਗੁਰੂ ਜੀ ਨੇ ਆਪ ਗੁਰਬਾਣੀ ਦੀ ਉਸਤਤਿ ਕਰਦੇ ਹੋਏ ਗੁਰਬਾਣੀ ਨੂੰ ਗੁਰੂ ਦਾ ਹੀ ਸਥਾਨ ਦਿੱਤਾ ਹੈ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥ 5 ॥ ਪੰਨਾ 982

ਗੁਰਬਾਣੀ ਵਿਚ ਸਤਿਗੁਰੂ ਜੀ ਨੇ ਗੁਰੁ ਨੂੰ ਪਰਮਾਤਮਾ ਦੇ ਬਰਾਬਰ ਹੀ ਆਖਿਆ ਹੈ

ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥ ਪੰਨਾ 53

ਗੁਰੁ ਅਤੇ ਪਰਮੇਸ਼ਰ ਵਿੱਚ ਕੋਈ ਵੀ ਫਰਕ ਨਹੀਂ ਹੈ। ਗੁਰੁ ਅਤੇ ਪਰਮਾਤਮਾ ਵਿਚ ਜਰਾ ਸਾ ਵੀ ਭੇਦ ਨਹੀਂ ਹੈ, ਇਸ ਗੱਲ ਦੀ ਦ੍ਰਿੜਤਾ ਬਖਸ਼ਦੇ ਹੋਏ ਗੁਰੁ ਸਾਹਿਬ ਉਪਦੇਸ਼ ਕਰਦੇ ਹਨ ਕਿ ਗੁਰੁ ਅਤੇ ਪਰਮੇਸ਼ਰ ਨੂੰ ਇਕੋ ਕਰਕੇ ਜਾਣੋ

ਗੁਰੁ ਪਰਮੇਸਰੁ ਏਕੋ ਜਾਣੁ ॥ ਜੋ ਤਿਸੁ ਭਾਵੈ ਸੋ ਪਰਵਾਣੁ ॥1॥ ਰਹਾਉ ॥ ਪੰਨਾ 864

ਗੁਰੁ ਅਤੇ ਪਰਮਾਤਮਾ ਦੋਨੋ ਸਮਾਨ ਅਰਥਾਂ ਵਾਲੇ ਸ਼ਬਦ ਹੀ ਪ੍ਰਤੀਤ ਹੁੰਦੇ ਹਨ ਕਿਉਂਕਿ ਪਰਮਾਤਮਾ ਅਤੇ ਗੁਰੂ ਵਿੱਚ ਕੋਈ ਵੀ ਅੰਤਰ ਨਹੀਂ ਹੈ। ਇਸ ਕਰਕੇ ਇੱਕ ਸਿੱਖ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਰਮਾਤਮਾ ਦੇ ਤੁੱਲ ਹਨ। ਸਿੱਖ ਨੇ ਆਪਣੀ ਮੁਕਤੀ ਦਾ ਦਾਤਾ ਕੇਵਲ ਇਕ ਪਰਮਾਤਮਾ ਨੂੰ ਹੀ ਜਾਨਣਾ ਹੈ ਤੇ ਪਰਮਾਤਮਾ ਦਾ ਸਰੂਪ ਹੀ ਗੁਰਬਾਣੀ ਹੈ। ਇਸ ਲਈ ਸਿੱਖ ਦੀ ਮੁਕਤੀ ਦਾ ਧੁਰਾ, ਕੇਵਲ ਸਤਿਗੁਰੂ ਜੀ ਬਾਣੀ ਦਾ ਸੋਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਗੁਰਬਾਣੀ ਕਿਸੀ ਗੁਰੂ ਵਿਅਕਤੀ ਜਾਂ ਭਗਤ ਸਾਹਿਬਾਨ ਵਲੋਂ ਗਏ ਗੀਤ ਨਹੀਂ ਹਨ, ਇਹ ਤੇ ਪਰਮਾਤਮਾ ਤੇ ਉਸ ਨੂੰ ਪਾਉਣ ਦੀ ਵਿਚਾਰ ਹੈ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਪੰਨਾ 335

ਗੁਰਬਾਣੀ ਗੁਰੂ ਸਾਹਿਬਾਨ ਨੇ ਆਪ ਆਪਣੇ ਕੋਲੋਂ ਨਹੀਂ ੳਚਾਰੀ ਹੈ, ਬਲਕਿ ਗੁਰਬਾਣੀ ਵਿੱਚ ਹੀ ਗੁਰੂ ਸਾਹਿਬਾਨ ਨੇ ਇਸ ਗਲ ਨੂੰ ਪੂਰੇ ਤਰੀਕੇ ਨਾਲ ਸਾਫ ਕਰ ਦਿੱਤਾ ਹੈ ਕਿ ਬਾਣੀ ਅਕਾਲ ਪੁਰਖ ਦੇ ਹੁਕਮ ਵਿਚ ਹੀ ਉੱਚਾਰੀ ਹੈ

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ ॥  ਪੰਨਾ 763

ਗੁਰਬਾਣੀ ਅਕਾਲ ਪੁਰਖ ਦੇ ਹੁਕਮ ਵਿਚ ਉਚਾਰੀ, ਉਨ੍ਹਾਂ ਦਾ ਆਪਣਾ ਹੀ ਸਰੂਪ ਹੈ, ਤੇ ਇਸ ਦੇ ਬਰਾਬਰ ਕੁੱਝ ਵੀ ਨਹੀਂ ਹੈ। ਬਾਣੀ ਦਾ ਸੋਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਇਸ ਵਿੱਚ ਕਿਸੀ ਵੀ ਸਿੱਖ ਅਤੇ ਗੈਰ-ਸਿੱਖ ਵਿਦਵਾਨ ਨੂੰ ਕੋਈ ਵੀ ਸ਼ੱਕ ਨਹੀਂ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਬਖਸ਼ੀ ਹੈ। ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਹੀ, ਖਾਲਸਾ ਪੰਥ ਦੇ ਗੁਰੂ ਹਨ ਤੇ ਆਪ ਹੀ ਪਰਮਾਤਮਾ ਦਾ ਇੱਕ ਰੂਪ ਹਨ ਤੇ ਉਨ੍ਹਾਂ ਸਮਾਨ ਹੋਰ ਕੋਈ ਨਹੀਂ ਹੈ। ਗੁਰੂ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਤੇ ਪਰਮਾਤਮਾ ਆਪ, ਆਪ ਹੀ ਹੈ। ਉਸ ਦੀ ਕੋਈ ਵੀ ਉਪਮਾ ਨਹੀ ਹੋ ਸਕਦੀ

ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥ ਪੰਨਾ 384
ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥ ਪੰਨਾ 837

ਇਸ ਕਰਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਵੀ ਉਪਮਾ ਕਹੀਂ ਨਹੀਂ ਜਾ ਸਕਦੀ ਕਿਉਕਿ ਉਨ੍ਹਾਂ ਦੇ ਬਰਾਬਰ ਕੋਈ ਵੀ ਉਨ੍ਹਾਂ ਦਾ ਸਾਨ੍ਹੀਂ ਨਹੀਂ ਹੈ

ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥ ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥3॥ ਪੰਨਾ 858

ਪਰਮਾਤਮਾ ਸਰੂਪ ਗੁਰੁ ਗ੍ਰੰਥ ਸਾਹਿਬ ਦੇ ਬਰਾਬਰ ਨਾ ਕੋਈ ਗ੍ਰੰਥ ਹੈ ਤੇ ਨਾ ਹੀ ਹੋ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਤੇ ਕੇਵਲ ਮੱਨੁਖ ਨੂੰ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਹੀ ਉਪਦੇਸ਼ ਹਨ। ਇਸ ਵਿੱਚ ਕਿਸੀ ਵੀ ਮਨੁੱਖ ਜਾਂ ਅਖੌਤੀ ਅਵਤਾਰ ਦੀ ਕੋਈ ਵੀ ਵਡਿਆਈ ਨਹੀਂ ਕੀਤੀ ਗਈ ਹੈ। ਮਨੁੱਖਤਾ ਨੂੰ ਰਹਿੰਦੀ ਦੁਨਿਆ ਤੱਕ ਪਰਮਾਤਮਾ ਨਾਲ ਜੋੜਨ ਦੇ ੳੁੱਦੇਸ਼ ਲਈ ਗੁਰੂ ਸਾਹਿਬਾਨ ਨੇ ਗੁਰਬਾਣੀ ਦੀ ਸੰਭਾਲ ਆਪਣੇ ਜੀਵਨਕਾਲ ਵਿੱਚ ਕੀਤੀ ਤੇ ਆਪ ਹੀ ਉਸ ਦੀ ਆਪਣੇ ਜੀਵਨ ਕਾਲ ਦੌਰਾਨ ਹੀ ਸੰਪਾਦਨਾ ਕਰਵਾ ਦਿੱਤੀ।

ਪੋਥੀ ਪਰਮੇਸਰ ਕਾ ਥਾਨੁ॥ ਪੰਨਾ 1226

ਕਿਸੀ ਵੀ ਗ੍ਰੰਥ ਦੀ ਸਥਾਪਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਹੋ ਸਕਦੀ ਹੈ। ਇਸ ਕਰਕੇ ਪੰਥ ਪਰਵਾਨਤ ਸਿੱਖ ਰਹਿਤ ਮਰਿਯਾਦਾ ਵਿੱਚ ਇਹ ਵਿਚਾਰ ਖਾਲਸਾ ਪੰਥ ਵੱਲੋਂ ਪ੍ਰਵਾਨਤ ਕੀਤੀ ਗਈ ਹੈ ਕਿ “ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ।”

ਅੱਜ ਸਾਡੀ ਇਹ ਵਿਡੰਬਨਾ ਬਣੀ ਹੋਈ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ ਮਿਲੇ 300 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਰੱਥ ਗੁਰੂ ਦੀ ਹਸਤੀ ਨੂੰ ਨਾ ਤੇ ਮਨ ਸਕੇਂ ਹਾਂ, ਤੇ ਨਾ ਹੀ ਮਨਵਾ ਸਕੇਂ ਹਾਂ, ਤਾਂ ਹੀ ਤੇ ਸਾਡੇ ਦੋ ਪੱ੍ਰਮੁਖ ਧਾਰਮਿਕ ਕੇਂਦਰਾਂ ਦੇ ਨਾਲ ਹੀ ਕਈ ਧਾਰਮਕ ਅਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਲ ਹੋਰ ਗੰ੍ਰਥਾਂ ਨੂੰ ਅਸਥਾਪਿਤ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣ ਹਸਤੀ ਨੂੰ ਵੰਗਾਰਿਆ ਜਾ ਰਿਹਾ ਹੈ। ਇਸ ਤੋਂ ਵੀ ਜਿਆਦਾ ਤਖਤ ਸਾਹਿਬਾਨਾਂ ਤੇ ਮਨੋਕਲਪਿਤ ਤਸਵੀਰਾਂ ਨੂੰ ਸਥਾਪਿਤ ਕਰਨ ਦੇ ਨਾਲੋ ਨਾਲ ਕਰਮਕਾੰਡੀ ਪੂਜਾ ਕਰ ਕੇ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਨਵੇਕਲੀ ਹਸਤੀ ਨੁੰ ਲਲਕਾਰ ਰਹੇ ਗ੍ਰੰਥਾਂ ਦੇ ਹੁਕਮਨਾਮੇ ਲੈਣ ਦੀ ਅਖੌਤੀ ਕ੍ਰਿਆ ਤੋਂ ਵੀ ਨਹੀਂ ਬਚ ਸਕੇਂ ਹਾਂ। ਅੱਜ ਵੀ ਅਸੀਂ ਉਥੇ ਹੀ ਫੱਸੇ ਹਾਂ ਤੇ, ਫੱਸੇ ਵੀ ਰਹਿਣਾ ਚਾਹੁਂਦੇ ਹਾਂ, ਜਿਥੋਂ ਦੀ ਸਾਨੂੰ ਗੁਰੂ ਸਾਹਿਬ ਨੇ ਬਾਹਰ ਕੱਢਿਆ ਸੀ। ਜਦ ਤੱਕ ਅਸੀਂ ਪੰਥਕ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣ ਹਸਤੀ ਨੂੰ ਮੰਨਦੇ ਹੋਏ, ਆਪਣੇ ਧਾਰਮਿਕ ਅਸਥਾਨਾਂ ਤੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਵੇਕਲੇ ਪ੍ਰਕਾਸ਼ ਨੂੰ ਹੀ ਕਾਇਮ ਕਰਵਾ ਨਹੀਂ ਲੈਂਦੇ, ਤਦ ਤਕ ਸਾਡੇ ਸਾਰੇ ਗੁਰਮਤਿ ਪ੍ਰਚਾਰ ਤੇ ਧਾਰਮਿਕ ਕਾਰਜ ਕੇਵਲ ਰਸਮੀ ਅਤੇ ਬੇਮਾਨੀ ਹਨ।ਸਿੱਖ ਲਈ ਸਭ ਤੋਂ ਵੱਡਾ ਫਰਜ ਆਪਣੇ ਗੁਰੁ ਦੇ ਸਨਮਾਨ ਲਈ ਜਾਗ੍ਰਿਤ ਰਹਿਣਾ ਅਤੇ ਕਰਣਾ ਹੈ।

ਸਿੰਘ ਸਭਾ ਲਹਿਰ ਦੇ ਸਮੇਂ, ਜੋ ਉਸ ਸਮੇਂ ਦੇ ਆਗੂਆਂ ਨੂੰ ਸਭ ਤੋਂ ਵਡਾ ਤੇ ਜਰੂਰੀ ਕੰਮ ਲਗਾ, ਉਹ ਸਾਰੇ ਹੀ ਗੁਰਦੁਆਰਾ ਸਾਹਿਬਾਨ ਵਿੱਚ ਇੱਕੋ ਇੱਕ ਗੁਰਮਤਿ ਮਰਿਯਾਦਾ ਲਾਗੂ ਕਰਨਾ ਸੀ। ਜੋ ਸਮੇਂ ਦੇ ਹਲਾਤਾਂ ਅਤੇ ਪੰਥਕ ਦ੍ਰਿਸ਼ਟੀ ਨਾਲ ਬੜੇ ਹੀ ਜਰੂਰੀ ਸਨ। ਜਦੋਂ ਸਾਰੇ ਧਾਰਮਿਕ ਅਸਥਾਨਾਂ ‘ਤੇ ਇੱਕੋ ਇੱਕ ਗੁਰਮਤਿ ਮਰਿਯਾਦਾ ਲਾਗੂ ਹੋ ਜਾੰਦੀ ਤੇ, ਸਾਨੂੰ ਪੰਥਕ ਪੱਧਰ ਤੇ ਮਰਿਯਾਦਾ ਸਬੰਧੀ ਪ੍ਰਚਾਰ ਤੇ ਲਹਿਰਾਂ ਤੋਂ ਸਦਾ ਲਈ ਮੁਕਤੀ ਹੀ ਮਿਲ ਜਾਣੀ ਹੈ। ਇਸੇ ਗੱਲ ਨੂੰ ਮੁੱਖ ਰੱਖ ਕੇ ਜੱਥੇਦਾਰ ਮੋਹਨ ਸਿਘ ਜੀ ਨਾਗੋਕੇ, ਉਸ ਸਮੇਂ ਦੇ ਸ਼ੌਮਣੀ ਕਮੇਟੀ ਦੇ ਪ੍ਰਧਾਨ, ਹੋਰਾਂ ਨੇ ਸਿੱਖ ਰਹਿਤ ਮਰਿਯਾਦਾ ਲਈ ਜਤਨ ਕੀਤੇ ਤੇ ਉਸ ਨੂੰ ਸਮੂਚੇ ਪੰਥ ਵਿੱਚ ਪ੍ਰਵਾਨ ਕਰਵਾਉਣ ਲਈ ਤਿਆਰ ਕਰਵਾਇਆ। ਦੁਖ ਦੀ ਸਭ ਤੋਂ ਵੱਡੀ ਗੱਲ ਇਹ ਹੈ, ਕਿ ਮਰਿਯਾਦਾ ਨੂੰ ਅੱਜ ਤੋਂ 65 ਵਰਿਹਾਂ ਪਹਿਲੇ ਸਮੂਚੇ ਸਿੱਖ ਪੰਥ ਵਲੋਂ ਪ੍ਰਵਾਨ ਕਰ ਲਿਆ ਗਿਆ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿਚ ਜੋ ਮਰਿਯਾਦਾ ਪੰਥ ਵਲੋਂ ਪ੍ਰਵਾਨ ਕੀਤੀ ਗਈ, ਉਸ ਨੂੰ ਸਾਡੇ ਦੋ ਤਖਤਾਂ ਦੇ ਜੱਥੇਦਾਰਾਂ (ਕਬਜੇਦਾਰਾਂ) ਨੇ ਨਾ ਤੇ ਲਾਗੂ ਕੀਤਾ ਤੇ ਨਾ ਹੀ ਲਾਗੂ ਹੋਣ ਹੀ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਨੂੰ ਬਹਾਲ ਕਰਾਉਣ ਦਾ ਕੋਈ ਵੀ ਕਾਰਜ ਨਾ ਕਰਣ ਦੇ ਬਾਵਜੂਦ ਇਹ ਸਾਰੇ ਆਮ ਸੰਗਤਾਂ ਦੀ ਅੰਨੀ ਸ਼ਰਧਾ ਦਾ ਕੇਂਦਰ ਬਣੇ ਹੋਏ ਨੇ।

ਪਿਛਲੇ ਕੁੱਛ ਦਿਨਾਂ ਪਹਿਲੇ ਹੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਨਮੁਖ ਕਿਸੀ ਹੋਰ ਗ੍ਰੰਥ ਨੂੰ ਨਾ ਸਥਾਪਿਤ ਕਰਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਆਖਿਰ, ਉਹ ਵੀ ਹੁਕਮਨਾਮਾ ਢਾਕ ਕੇ ਤੀਨ ਪਾਤ ਹੀ ਸਾਬਤ ਹੋਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬਹਾਲ ਹੋਇਆ ਨਹੀਂ ਤੇ ਗੱਲ ਫਿਰ ਹਮੇਸ਼ਾ ਦੀ ਤਰ੍ਹਾਂ ਕਿਧਰੇ ਹੋਰ ਨੂੰ ਤੁਰ ਚਲੀ। ਅਖੌਤੀ ਪੰਥ ਦਰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਬਹਾਲ ਕਰਣ ਦੀ ਥਾਂ ਕੁਝ ਹੋਰ ਹੀ ਰਾਗ ਅਲਾਪਣ ਲਗ ਪਏ ਹਨ, ਤੇ ਆਮ ਸਿੱਖ ਆਪਣੇ ਆਪ ਨੂੰ ਦਿਸ਼ਾਹੀਨ ਪਾ ਰਹੇ ਹਨ। ਇਸ ਕਰਕੇ ਕੁੱਛ ਚਿਰ ਪਹਿਲਾਂ ਜੋ ਹਲਾਤ ਪੰਥ ਦੀ ਚੜਦੀ ਕਲਾ ਵਿੱਚ ਦਿਸ ਰਹੇ ਸਨ, ਉਹ ਹੁਣ ਮੁਣ ਬੱਦ ਤੋਂ ਬੱਦਤਰ ਹੁੰਦੇ ਜਾ ਰਹੇ ਹਨ। ਸਾਨੂੰ ਅੱਜ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਨੂੰ ਹੀ ਬਹਾਲ ਕਰਣ ਕਰਾਉਣ ਦਾ ਆਪਣਾ ਟੀਚਾ ਮਿੱਥਣਾ ਚਾਹੀਦਾ ਹੈ ਤੇ ਸਾਨੂੰ ਹੋਰ ਕਾਰਜਾਂ ਤੋਂ ਆਪਣੇ ਆਪ ਨੂੰ ਸੰਕੋਚਣਾ ਚਾਜੀਦਾ ਹੈ। ਜਿਹਣੇ ਸੱਜਣ ਮਿੱਤਰ ਅਕਾਲ ਤਖਤ ਸਾਹਿਬ ਦੇ ਹੋਰ ਹੁਕਮਨਾਮਿਆਂ ਦੀ ਦੁਹਾਈ ਦਿੰਦੇ ਫਿਰਦੇ ਨੇ, ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਵਾਲੇ ਹੁਕਮਨਾਮੇਂ ਦੀ ਪਾਲਨਾ ਦੀ ਵੀ ਗੱਲ ਕਰਣੀ ਚਾਹਿਦੀ ਹੈ, ਨਹੀਂ ਤੇ ਉਨ੍ਹਾਂ ਸੱਜਣਾ ਮਿੱਤਰਾਂ ਦਾ ਕਿਰਦਾਰ ਵੀ ਸ਼ੱਕ ਦੇ ਘੇਰੇ ਵਿਚ ਹੈ। ਗੁਰੂ ਸਾਹਿਬ ਦੇ ਮਾਰਗ ਤੇ ਚਲਦੇ ਹੋਏ ਸਾਨੂੰ ਦੁਜੇ ਪਾਸੇ ਦੀ ਪ੍ਰੀਤ ਗੁਰੂ ਕੀ ਖੁਸ਼ੀ ਲੈਣ ਲਈ ਤਿਆਗਨੀ ਹੀ ਪਵੇਗੀ

ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥ ਤਿਆਗੇ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥ ਪੰਨਾ 763

ਅੱਜ ਅਖਬਾਰਾਂ ਤੇ ਇੰਟਰਨੈਟ ਸਾਡੇ ਆਪਸੀ ਦੂਸ਼ਣਬਾਜੀ ਦੇ ਬਿਆਨਾਂ ਨਾਲ ਤੇ ਭਰਿਆ ਹੁੰਦਾ ਹੈ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਸਾਡੇ ਮੂੰਹ ਤੋਂ ਇਕ ਸ਼ਬਦ ਵੀ ਨਹੀਂ ਨਿਕਲਦਾ ਕਿ ਕੀ ਸਹੀਂ ਹੋ ਰਿਹਾ ਤੇ ਕੀ ਗਲਤ।

ਯਾਦ ਰਹੇ! ਜੇ ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਪੰਥਕ ਤੌਰ ‘ਤੇ ਸਾਰੇ ਧਾਰਮਿਕ ਅਸਥਾਨਾਂ ਤੇ ਕਾਇਮ ਕਰਵਾ ਲਿਆ ਤੇ ਸਾਡੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਇੱਕ ਬਹੁਤ ਵੱਡੀ ਕ੍ਰਾੰਤੀ ਹੋਵੇਗੀ ਤੇ ਸਾਡੀਆਂ ਬਥੇਰੀਆਂ ਉਲਝਨਾਂ ਆਪੇ ਹੀ ਸੁੱਲਝ ਜਾਣਗੀਆਂ। ਬਸ ਸਾਨੂੰ ਲੋੜ ਹੈ ਥੋੜਾ ਜਿਹਾ, ਹੰਭਲਾ ਮਾਰ ਕੇ ਜਾਗਰੂਕਤਾ ਲਿਆਉਣ ਦੀ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਪੰਥਕ ਅਸਥਾਨਾਂ ਤੇ ਸਿੱਖ ਰਹਿਤ ਮਰਿਯਾਦਾ ਮੁਤਾਬਿਕ ਸਨਮਾਨ ਬਹਾਲ ਹੋ ਸਕੇ ਤੇ ਸਾਡੇ ਮਨ, ਬਚ, ਕਰਮ ਵਿਚ ਵੀ ਗੁਰੂ ਅਮਰਦਾਸ ਪਾਤਸ਼ਾਹ ਦਾ ਇਹ ਨਿਰਮਲ ਉਪਦੇਸ਼ ਵੱਸ ਜਾਵੇ

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥24॥  
ਪੰਨਾ 920

ਮਨਮੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top