Share on Facebook

Main News Page

ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਯਾ ਕੀਆ

ਇਸ ਲੇਖ ਦਾ ਸਿਰਲੇਖ ਕੌਮ ਦੀ ਹਾਲਤ ਤੋਂ ਪ੍ਰੇਰਿਤ ਹੈ। ਅੱਜ ਸਿੱਖ ਕੌਮ ਦੀ ਹਾਲਤ ਉਸ ਉਜੜਦੇ ਹੋਏ ਪਿੰਡ ਵਰਗੀ ਹੈ, ਜਿਸ ਦਾ ਹਰ ਘਰ ਅਗ ਦੀ ਚਪੇਟ ਵਿਚ ਹੈ, ਲੇਕਿਨ ਉਸ ਪਿੰਡ ਦਾ ਹਰ ਬੰਦਾ ਚੌਧਰਪੁਣੇ ਦੇ ਅਹਿਮ ਵਿਚ ਗਲਤਾਨ ਹੈ। ਕੁਰਸੀ ਦੀ ਭੁਖ ਤੇ ਚੌਧਰ ਦੀ ਜੰਗ ਉਸ ਪਿੰਡ ਲਈ ਚਲ ਰਹੀ ਹੈ, ਜੋ ਪਹਿਲਾਂ ਹੀ ਉਜੜ ਜਾਣ ਦੀ ਕਗਾਰ ਤੇ ਹੈ। ਕਿਸੇ ਨੂੰ ਵੀ ਉਸ ਪਿੰਡ ਨੂੰ ਬਚਾਉਣ ਤੇ ਉਸ ਨੂੰ ਮੁੜ ਵਸਾਉਣ ਦੀ ਕੋਈ ਚਿੰਤਾ ਨਹੀਂ ਹੈ। ਕੁਰਸੀਆਂ ਤੇ ਉਹਦਿਆਂ ਲਈ ਆਪਸ ਵਿੱਚ ਲੜੀ ਜਾ ਰਹੇ ਹਾਂ। ਉਏ ਭਲਿਉ! ਜੇ ਉਹ ਪਿੰਡ ਹੀ ਨਾਂ ਰਿਹਾ ਤੇ ਤੁਸੀ ਚੌਧਰੀ ਕ੍ਹਾਦੇ ਬਣੋਗੇ। ਕੋਈ ਪੰਖੀ ਜਾਂ ਪਰਿੰਦਾ ਜੇ ਕਿਸੇ ਰੁਖ ਤੇ ਆਲ੍ਹਣਾਂ ਬਣਾਂਉਦਾ ਹੈ, ਤੇ ਉਹ ਸਭ ਤੋਂ ਪਹਿਲਾਂ ਉਸ ਰੁੱਖ ਦੀ ਉਚਾਈ ਤੇ ਹਰਿਆਲੀ ਵਲ ਨਿਗਾਹ ਜਰੂਰ ਮਾਰ ਲੈਂਦਾ ਹੈ। ਉਹ ਕਿਸੇ ਸੁਕੇ ਰੁਖ ਤੇ ਅਲ੍ਹਣਾਂ ਨਹੀ ਬਣਾਂਉਦਾ ਤੇ ਸ਼ਾਇਦ ਅਪਣੇ ਆਲ੍ਹਣੇ ਨਾਲੋ ਉਸ ਹਰੇ ਭਰੇ ਰੁਖ ਦੀ ਸਲਾਮਤੀ ਦੀ ਅਰਦਾਸ ਆਪਣੇ ਮਾਲਿਕ ਨੂੰ ਹਮੇਸ਼ਾਂ ਕਰਦਾ ਹੈ, ਤਾਂਕੇ ਉਹ ਰੁਖ ਹਰਾ ਭਰਾ ਰਹੇਗਾ ਤੇ ਉਸ ਦਾ ਆਲ੍ਹਣਾਂ ਵੀ ਮਹਿਫੂਜ ਰਹੇਗਾ।ਜੇ ਉਹ ਰੁਖ ਹੀ ਸੁਕ ਗਇਆ ਤੇ ਉਸ ਦਾ ਆਲ੍ਹਣਾਂ ਵੀ ਮਹਿਫੂਜ ਨਹੀ ਰਹਿਣਾ। ਪਰ ਸਾਡੇ ਕੌਮ ਦੇ ਚੌਧਰੀਆਂ ਦੀ ਹਾਲਤ ਤੇ ਉਸ ਪੰਖੀ ਨਾਲੋ ਬਿਲਕੁਲ ਉਲਟ ਹੈ।

ਕੌਮ ਦੀ ਹਾਲਤ ‘ਤੇ ਜੇ ਨਜਰ ਮਾਰੀਏ ਤੇ ਕੌਮ ਅਪਣੀ ਬਰਬਾਦੀ ਦੇ ਅਖੀਰਲੇ ਪੜਾਅ ‘ਤੇ ਖੜੀ ਨਜਰ ਆ ਰਹੀ ਹੈ। (ਇਸ ਨੂੰ ‘ਨੈਗੇਟਿਵ’ ਵਿਚਾਰ ਨਾਂ ਸਮਝਿਆ ਜਾਵੇ, ਇਹ ਇੱਕ ਕੌੜੀ ਸੱਚਾਈ ਹੈ।) ਇਸ ਲਈ ਜਿੰਮੇਵਾਰ ਕੌਣ ਹੈ? ਕਿਸ ਵਰਗ ਨੂੰ ਕੌਮ ਦੇ ਨਿਘਾਰ ਲਈ ਜਿੰਮੇਵਾਰ ਠਹਿਰਾਇਆ ਜਾਵੇ। ਇਸ ਦਾ ਫੈਸਲਾ ਕਰਨ ਤੋਂ ਪਹਿਲਾ ਕੌਮ ਨੂੰ ਕੁਝ ਵਰਗਾਂ (ਕੈਟੇਗਰੀ) ਵਿੱਚ ਵੰਡ ਕੇ ਵੇਖਣ ਦੀ ਜਰੂਰਤ ਹੈ।

1- ਕੌਮ ਦਾ 95 ਫੀ ਸਦੀ ਤਬਕਾ ਉਹ ਹੈ ਜਿਸ ਨੂੰ ਗੁਰਮਤਿ ਸਿਧਾਂਤਾਂ ਤੇ ਕੌਮ ਨਾਲ ਹੋ ਰਹੀਆਂ ਸਾਜਿਸ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਰੂੜੀਵਾਦੀ ਤਬਕਾ ਰੋਜ਼ ਗੁਰਦਵਾਰੇ ਵੀ ਜਾਂਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਵੀ ਟੇਕਦਾ ਹੈ, ਲੇਕਿਨ ਬਾਹਰ ਨਿਕਲ ਕੇ ਕਿਸੇ ਮੰਦਰ ਵਿੱਚ ਵੀ ਟੱਲ ਵਜਾ ਆਉਂਦਾ ਹੈ। ਗੁਰਦਵਾਰੇ ਜਾਣ ਵਾਲਿਆਂ ਵਿੱਚ ਸਭ ਤੋਂ ਵੱਡੀ ਤਾਦਾਤ ਇਸ ਤਬਕੇ ਦੀ ਹੀ ਹੈ। ਗੁਰਦਵਾਰਿਆਂ ਦੀ ਦਹਿਲੀਜ ‘ਤੇ ਬਣੀ ਸੰਗਮਰਮਰ ਦੀ ਚੁਗਾਠ ਨੂੰ ਹਥ ਲਾ ਲਾ ਕੇ ਇਹ ਵਰਗ ਹੀ ਘਿਸਾ ਘਿਸਾ ਕੇ ਗੋਲ ਕਰ ਦੇਂਦਾ ਹੈ। ਸੰਗ੍ਰਾਂਦ, ਪੂਰਨਮਾਸੀ, ਮਸਿਆ ਅਤੇ ਮਾਘੀ ਵਰਗੇ ਬ੍ਰਾਹਮਣੀ ਦਿਹਾੜੇ ਇਨਾਂ ਦੇ ਸਭਤੋਂ ਵਡੇ ਪੁਰਬ ਤੇ ਦਿਹਾੜੇ ਹੁੰਦੇ ਹਨ, ਜੋ ਬਿਕ੍ਰਮੀ ਜੰਤਰੀ ਦੀ ਸਭ ਤੋਂ ਵੱਡੀ ਦੇਣ ਹੈ, ਅਤੇ ਕੌਮ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੂੰਦਰ ਵਿੱਚ ਧਕੇਲ ਚੁਕੀ ਹੈ। ਗੁਰਦਵਾਰਿਆਂ ਦੀ ਗੋਲਕ ਤੇ ਲੰਗਰ ਵਿਚ ਸਭਤੋਂ ਵੱਡਾ ਯੋਗਦਾਨ ਇਸੇ ਤਬਕੇ ਦਾ ਹੁੰਦਾ ਹੈ। ਕਿਸੇ ਪਾਖੰਡੀ ਦੇ ਡੇਰੇ ਦੀ ਸਭ ਤੋਂ ਵਧ ਆਮਦਨ ਦਾ ਜਰੀਆ ਵੀ ਇਹ ਵਰਗ ਹੀ ਹੁੰਦਾ ਹੈ। ਇਹ ਕੇਵਲ ਪੇਂਡੂ ਜਾਂ ਅਨਪੜ੍ਹ ਲੋਕ ਹੀ ਨਹੀਂ ਹੁੰਦੇ, ਇਸ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਹੁੰਦੇ ਨੇ ਜਿਨਾਂ ਨੁੰ ਗੁਰਮਤਿ ਦੀ ਕੋਈ ਜਾਣਕਾਰੀ ਨਹੀ ਹੁੰਦੀ। ਇਕ ਸ਼ਬਦ ਨੂੰ ਵਾਰ ਵਾਰ ਦੋਹਰਾ ਕੇ ਉਸ ਨੂੰ ‘ਸਿਮਰਨ’ ਦਾ ਨਾਮ ਦੇ ਦੇਣਾ ਤੇ ਇਸ ਨੂੰ ਹੀ ਵਾਹਿਗੁਰੂ ਦੀ ਪ੍ਰਾਪਤੀ ਦਾ ਸਾਧਨ ਮੰਨ ਲੈਣਾ ਵੀ ਇਹ ਵਰਗ ਹੀ ਕਰਦਾ ਹੈ। ਇਸ ਵਰਗ ਦੇ ਲੋਕ ਜੋ ਅਪਣੇ ਆਪ ਨੂੰ ਬਹੁਤ ਹੀ ਪੰਥਕ ਜਾਂ ਧਾਰਮਿਕ ਸਮਝਦੇ ਹਨ, ਉਹ ‘ਖੰਡੇ ਬਾਟੇ ਦੀ ਪਾਹੁਲ’ ਨੂੰ ‘ਅੰਮ੍ਰਿਤ’ ਸਮਝ ਕੇ ਅਪਣੇ ਆਪ ਨੂੰ ਗੁਰੂ ਵਾਲਾ ਮੰਨ ਬਹਿੰਦੇ ਹਨ, ਜਦਕਿ ਇਨਾਂ ਨੂੰ ਅਸਲ ‘ਅੰਮ੍ਰਿਤ’ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਮਾਸ ਮਾਸ ਕਰ ਮੂਰਖਾਂ ਵਾਂਗੂ ਝਗੜਦੇ ਤੇ ਕਿਸੇ ਨਾਂ ਕਿਸੇ ਦੇਹਧਾਰੀ ਨੂੰ ਆਪਣਾ ਆਗੂ ਸਮਝ ਕੇ, ਅਪਣੇ ਧਾਰਮਿਕ ਹੋਣ ਦਾ ਅੰਤਿਮ ਫੈਸਲਾ ਆਪ ਹੀ ਕਰ ਲੈਂਦੇ ਹਨ। ਸਰਕਾਰੀ ਪੁਜਾਰੀਆਂ ਦੇ ‘ਕੂੜਨਾਮਿਆਂ’ ਨੂੰ ਅਕਾਲ ਤਖਤ ਦਾ ਹੁਕਮਨਾਮਾ ਸਮਝ ਕੇ ਮੱਥੇ ਟੇਕੀ ਜਾਂਦੇ ਹਨ। ਖੁਲਾ ਦਾਹੜਾ, ਲੰਮੀ ਕਿਰਪਾਨ, ਗੋਲ ਪੱਗਾਂ, ਚਿੱਟੇ ਚੋਲੇ, ਨੀਲੀਆਂ ਚਿੱਟੀਆਂ ਪੱਗਾਂ ਤੋਂ ਪ੍ਰਭਾਵਿਤ ਹੋ ਕੇ, ਇਹ ਉਨਾਂ ਅਗੇ ਲੰਮੇ ਪੈ ਪੈ ਕੇ ਪੈਰ ਛੂੰਹਦੇ ਤੇ ਮੱਥੇ ਟੇਕਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਇਕ ਮੂਰਤੀ ਵਾਂਗ ਪ੍ਰਸ਼ਾਦ ਦਾ ਭੋਗ ਲਾਉਂਦੇ, ਰੁਮਾਲੇ ਭੇਂਟ ਕਰਦੇ ਤੇ ਲੰਗਰ ਦਾ ਥਾਲ ਪੇਸ਼ ਕਰਦੇ ਹਨ। ਸ਼ਨੀਵਾਰ ਛੋਲਿਆਂ ਦਾ ਪ੍ਰਸ਼ਾਦ ਗੁਰੂ ਗ੍ਰੰਥ ਸਾਹਿਬ ਅਗੇ ਕਰਾ ਕੇ ਇਹ ਸ਼ਨੀ ਦੇਵਤੇ ਨੂੰ ਖੁਸ਼ ਕਰਨ ਦਾ ਉਪਰਾਲਾ ਵੀ ਕਰਦੇ ਹਨ। ਜੋਤਸ਼ੀਆਂ ਕੋਲ ਜਾ ਕੇ ਆਪਣੇ ਭਵਿੱਖ ਤੇ ਵਿਦੇਸ਼ ਜਾਣ ਦੀ ਜਾਨਕਾਰੀ ਲੈਂਦੇ ਹਨ, ਭਾਂਵੇ ਉਸ ਜੋਤਸ਼ੀ ਨੂੰ ਇਹ ਵੀ ਪਤਾ ਨਹੀਂ ਹੁੰਦਾ, ਕਿ ਘਰ ਜਾਕੇ ਉਸ ਨੂੰ ਰੋਟੀ ਮਿਲਣੀ ਹੈ ਕੇ ਘਰਵਾਲੀ ਦੀ ਫਿਟਕਾਰ। ਆਪਣੀਆਂ ਦੁਕਾਨਾਂ ਤੇ ਨਿੰਬੂ ਮਿਰਚਾਂ, ਗਣੇਸ਼ ਤੇ ਲਛਮੀ ਦੀਆਂ ਮੂਰਤੀਆਂ ਤੇ ਗੁਰੂਆਂ ਦੀਆਂ ਫੋਟੂਆਂ ਅਗੇ ਅਗਰਬੱਤੀ ਫੇਰਨ ਦਾ ਕੰਮ ਵੀ ਇਹ ਹੀ ਤਬਕਾ ਸਭਤੋਂ ਵੱਧ ਕਰਦਾ ਹੈ। ਦਸਮ ਗ੍ਰੰਥ ਨਾਮ ਦੀ ਕੂੜ ਕਿਤਾਬ ਨੂੰ ਪੜ੍ਹਨਾਂ ਤੇ ਦੂਰ, ਉਸ ਨੂੰ ਇਨਾਂ ਵੇਖਿਆ ਤਕ ਨਹੀਂ ਹੁੰਦਾ ਫੇਰ ਵੀ ਚਿਮਟੇ ਮਾਰ ਮਾਰ ਕੇ ਨਗਰ ਕੀਰਤਨਾਂ ਵਿੱਚ ਉਸ ਦੀਆਂ ਬਾਣੀਆਂ ਦਾ ਕੀਰਤਨ ਇਹ ਤਬਕਾ ਹੀ ਕਰਦਾ ਹੈ। ਹੋਰ ਵੀ ਬਹੁਤ ਕੁੱਝ ਹੈ, ਜੇ ਲਿਖਣ ਲਗੀਏ ਤੇ ਇਸ ਵਰਗ ਬਾਰੇ ਹੀ ਲਿਖਦੇ ਜਾਵਾਂਗੇ। ਆਉ ਹੁਣ ਦੂਜੇ ਵਰਗ ਜਾਂ ਤਬਕੇ ਬਾਰੇ ਵਿਚਾਰ ਕਰੀਏ।

2- ਕੌਮ ਦਾ ਇਹ ਤਬਕਾ ਉਹ ਹੈ ਜਿਸ ਨੂੰ ਅਸੀਂ ਪੰਥ ਦੇ ਰਾਗੀ, ਪ੍ਰਚਾਰਕ, ਪ੍ਰਬੰਧਕ, ਗੁਰਦੁਆਰਿਆਂ ਦੇ ਪ੍ਰਧਾਨ ਤੇ ਢਾਡੀ ਆਦਿਕ ਕਹਿੰਦੇ ਹਾਂ। ਕੌਮ ਦੇ ਵਿੱਚ ਇਨਾਂ ਦੀ ਤਾਦਾਤ 1 ਫੀ ਸਦੀ ਹੈ ਤੇ ਉਸ 1 ਫੀ ਸਦੀ ਵਿੱਚ 99 ਫੀ ਸਦੀ ਰਾਗੀ ਤੇ ਪ੍ਰਚਾਰਕ ਤੇ ਪ੍ਰਬੰਧਕ ਜਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਵਾਕਿਫ ਨਹੀਂ ਹਨ, ਤੇ ਜੋ ਹਨ ਉਨ੍ਹਾਂ ਕੋਲ ਉਸ ਦਾ ਪ੍ਰਚਾਰ ਕਰਨ ਦੀ ਤਾਕਤ ਨਹੀਂ ਹੈ। ਇਸ ਦਾ ਸਭ ਤੋਂ ਵਡਾ ਕਾਰਣ ਹੈ, ਕਿ ਉਹ ਰੋਟੀਆਂ ਕਾਰਣ ਤਾਲ ਪੂਰਦੇ ਤੇ ਪ੍ਰਬੰਧਕਾਂ ਦੀ ਰਾਏ ਮੁਤਾਬਿਕ ਕੀਰਤਨ ਜਾਂ ਕਥਾ ਕਰਦੇ ਹਨ। ਕੀਰਤਨ ਪ੍ਰੋਗ੍ਰਾਮਾਂ ਲਈ ਹਜਾਰਾਂ ਰੁਪਏ ਲੈ ਕੇ ਇਹ ਕੀਰਤਨ ਕਰਦੇ ਹਨ ਕਈ ਵਾਰ ਤੇ ਇਹ ਰਕਮ ਲੱਖਾਂ ਵਿੱਚ ਹੁੰਦੀ ਹੈ। ਦਸਮ ਗ੍ਰੰਥ ਦੀ ਕੱਚੀ ਰਚਨਾ ਪੜ੍ਹ ਕੇ ਇਹ ਅਪਣੇ ਆਪ ਨੂੰ ਧੰਨ ਸਮਝਦੇ ਹਨ। ਕੁੱਝ ਰਾਗੀ ਜਥੇ ਤੇ ਇਕ ਸ਼ਬਦ ਨੂੰ ਵਾਰ ਵਾਰ ਪੜ੍ਹ ਕੇ ਤਬਲੇ ਦੀ ਥਾਪ ਤੇ ਲੋਕਾਂ ਨੂੰ ਨਚਾ ਤਕ ਦੇਂਦੇ ਹਨ, ਤੇ ਉਨਾਂ ਦੀਆਂ ਪਗਾਂ ਵੀ ਡਿਗ ਜਾਂਦੀਆਂ ਹਨ। ਅਜ ਕਲ ਇਹੋ ਜਿਹੇ ਪਾਖੰਡੀ ਰਾਗੀ ਜੱਥੇ ਸਭ ਤੋਂ ਮਹਿੰਗੇ ਹਨ ਤੇ ਇਨਾਂ ਦੀ ਡਿਮਾਂਡ ਵੀ ਪਹਲੇ ਵਰਗ ਦੇ ਲੋਕਾਂ ਵਿਚ ਕਾਫੀ ਹੈ। ਸੁੰਦਰ ਗੁਟਕੇ ਜਾਂ ਕੀਰਤਨ ਪੋਥੀਆਂ ਪੜ੍ਹ ਕੇ ਬਣੇ ਇਹ ਰਾਗੀ ਸਿੱਖ ਇਤਿਹਸ ਤੇ ਸਿਧਾਂਤ ਤੋ ਕੋਰੇ ਹੁੰਦੇ ਹਨ।

3- ਤੀਜੇ ਵਰਗ ਵਿਚ ਉਹ ਸੁਚੇਤ ਤੇ ਜਾਗਰੂਕ ਤਬਕਾ ਆਉਂਦਾ ਹੈ ਜਿਸਨੂੰ ਕਿਸੇ ਵੀ ਕੌਮ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ। ਇਹ ਤਬਕਾ ਹੈ ਕੌਮ ਦੇ ਸੁਚੇਤ ਅਤੇ ਵਿਦਵਾਨ ਲਿਖਾਰੀਆਂ, ਪ੍ਰਚਾਰਕਾਂ, ਚਿੰਤਕਾਂ ਤੇ ਗੁਰਮਤਿ ਦੀ ਸਮਝ ਬੂਝ ਰਖਣ ਵਾਲਿਆਂ ਦਾ। ਕੌਮ ਵਿਚ ਇਨਾਂ ਦੀ ਗਿਣਤੀ ਵੀ 1-2 ਫੀ ਸਦੀ ਹੈ। ਇਸੇ ਵਰਗ ਨੇ ਗਿਆਨੀ ਦਿੱਤ ਸਿੰਘ, ਗਿਆਨੀ ਗੁਰਮੁਖ ਸਿੰਘ ਤੇ ਭਾਈ ਕਾਨ੍ਹ ਸਿੰਘ ਨਾਭਾ ਦੇ ਰੂਪ ਵਿੱਚ ਕੌਮ ਨੂੰ ਬੁਰੇ ਦਿਨਾਂ ਤੋਂ ਕੱਢਣ ਦਾ ਕੰਮ ਕੀਤਾ। ਇਹ ਤਬਕਾ ਗੁਰਮਤਿ ਅਤੇ ਸਿੱਖ ਇਤਿਹਾਸ ਦਾ ਜਾਣਕਾਰ ਤੇ ਕੌਮ ਨਾਲ ਹੋ ਰਹੀਆਂ ਸਾਜਿਸ਼ਾਂ ਤੇ ਦੁਸ਼ਮਣਾਂ ਦੀ ਸਟੀਕ ਪਛਾਣ ਕਰਨ ਵਿੱਚ ਮਾਹਿਰ ਵੀ ਹੁੰਦਾ ਹੈ।
ਕੌਮ ਦੇ ਮੌਜੂਦਾ ਨਿਘਾਰ ਦਾ ਕਾਰਣ ਸਰਸਰੀ ਤੌਰ ਤੇ ਵੇਖਿਆ ਜਾਵੇ ਤੇ ਪਹਿਲਾ ਵਰਗ ਹੀ ਲਗਦਾ ਹੈ ਲੇਕਿਨ ਸੱਚਾਈ ਇਹ ਨਹੀਂ ਹੈ। ਪਹਿਲੇ ਵਰਗ ਦੇ ਲੋਕ ਸਿੱਖ ਕੌਮ ਵਿੱਚ ਹੀ ਨਹੀਂ ਹਰ ਕੌਮ ਵਿਚ ਹੁੰਦੇ ਨੇ, ਹਾਂ ਉਨਾਂ ਦੀ ਗਿਣਤੀ ਦੂਸਰੇ ਧਰਮਾਂ ਨਾਲੋਂ ਵੱਧ ਘਟ ਜਰੂਰ ਹੋ ਸਕਦੀ ਹੈ। ਸਿੱਖ ਕੌਮ ਦੇ ਬੁਰੀ ਹਾਲਤ ਦਾ ਜਿੰਮੇਦਾਰ ਪਹਿਲਾ ਵਰਗ ਨਹੀਂ ਬਲਕਿ ਦੂਜਾ ਤੇ ਤੀਜਾ ਵਰਗ ਸਭ ਤੋਂ ਵਧ ਹੈ। ਪਹਿਲੇ ਵਰਗ ਦੀ ਗਿਣਤੀ ਦੇ ਵਧਣ ਦਾ ਕਾਰਣ ਹੀ, ਦੂਜਾ ਤੇ ਤੀਜਾ ਵਰਗ ਹੈ। ਕਿਉਂਕਿ ਅੱਜ ਦਾ ਪ੍ਰਚਾਰਕ ਉਹ ਬੋਲ ਹੀ ਨਹੀਂ ਰਿਹਾ ਜਿਸ ਦੀ ਜਰੂਰਤ ਹੈ। ਜਿਸ ਵੇਲੇ ਡੇਂਗੂ ਦੀ ਬਿਮਾਰੀ ਫੈਲਦੀ ਹੈ, ਤੇ ਡੇਂਗੂ ਦੀ ਵੈਕਸੀਨ ਜਾਂ ਦਵਾਈ ਦਿਤੀ ਜਾਂਦੀ ਹੈ। ਜਦੋਂ ਪੋਲੀਉ ਫੈਲਦਾ ਹੈ ਤੇ ਪੋਲੀਉ ਦੀ ਦਵਾਈ ਦਿਤੀ ਜਾਂਦੀ ਹੈ। ਇਹ ਨਹੀਂ ਹੁੰਦਾ, ਕਿ ਡੇਂਗੂ ਦੀ ਬਮਾਰੀ ਵਿਚ ਪੋਲੀਉ ਦੀ ਦਵਾਈ ਪਿਆਈ ਜਾਵੇ। ਐਸਾ ਕਰਨਾ ਤੇ ਹੋਰ ਖਤਰਨਾਕ ਹੋ ਸਕਦਾ ਹੈ। ਗੁਰਬਾਣੀ ਤੇ ਗੁਰੂ ਸਿਧਾਂਤ ਵੀ ਇੱਕ ਦਵਾਈ ਦੇ ਰੂਪ ਵਿੱਚ ਕੰਮ ਕਰਦੇ ਹਨ, ਸਹੀ ਵੇਲੇ ਤੇ ਸਟੀਕ ਪ੍ਰਮਾਣ ਹੀ ਕੌਮ ਨੂੰ ਅਧਿਆਤਮਿਕ ਸਿਹਤ ਦੇ ਸਕਦੇ ਹਨ। ਸਾਡੇ ਪ੍ਰਚਾਰਕ ਜਿਨ੍ਹਾਂ ਵਿਚੋਂ ਬਹੁਤੇ ਲਿਫਾਫਿਆਂ ਦੇ ਲਾਲਚੀ ਤੇ ਡਰਪੋਕ ਕਿਸਮ ਦੇ ਹਨ। ਪਹਿਲਾ ਵਰਗ ਜੋ ਸੁਣਨਾ ਚਾਹੁੰਦਾ ਹੈ ਉਹ ਹੀ ਬੋਲਦੇ ਹਨ। ਪ੍ਰਬੰਧਕਾਂ ਤੇ ਪ੍ਰਧਾਨਾਂ ਕੋਲੋਂ ਪੁਛ ਕੇ ਬੋਲਦੇ ਹਨ। ਇਸ ਕਾਰਣ ਕੌਮ ਦਾ ਪਹਿਲਾ ਵਰਗ ਜੋ ਕੌਮ ਦਾ ਢਾਂਚਾ ਹੁੰਦਾ ਹੈ ਦਿਸ਼ਾਹੀਨ ਹੋ ਚੁਕਾ ਹੈ।

ਜਿੱਨਾਂ ਜਿੰਮੇਵਾਰ ਦੂਜਾ ਵਰਗ ਹੈ ਉਸ ਤੋਂ ਵੱਧ ਜਿੰਮੇਵਾਰ ਤੀਜਾ ਵਰਗ ਹੈ। ਨਾਮ ਤੇ ਉਹ ਗਿਆਨੀ ਦਿੱਤ ਸਿੰਘ ਤੇ ਗੁਰਮੁਖ ਸਿੰਘ ਵਰਗੇ ਵਿਦਵਾਨਾਂ ਦਾ ਲੈਂਦਾ ਹੈ ਲੇਕਿਨ ਆਪ ‘ਵਿਦਵਤਾ ਦੇ ਅਹਿਮ’ ਵਿੱਚ ਗਲਤਾਨ ਹੈ। ਇਹ ਵਰਗ ਹੀ ਹੈ ਜੋ ਦੂਜੇ ਵਰਗ ਨੂੰ ਨਕੇਲ ਪਾਉਣ ਤੇ ਦਿਸ਼ਾ ਦੇਣ ਦਾ ਕੰਮ ਕਰ ਸਕਦਾ ਹੈ, ਪਰ ਅਜ ਇਹ ਵਰਗ ਹੀ ਦਿਸ਼ਾਹੀਨ ਹੋ ਚੁਕਾ ਹੈ। ਅਪਨੀ ਵਿਦਵਤਾ ਦੇ ਝੰਡੇ ਗੱਢਨ ਦੇ ਚੱਕਰ ਵਿਚ ਇਹ ਵਰਗ ਅਜ ਤਕ ਇੱਕ ਮੰਚ ਤੇ ਆ ਕੇ ਇੱਕਠਾ ਨਹੀਂ ਹੋ ਸਕਿਆ। ਇਸ ਵਰਗ ਦੀ ਹਰ ਧਿਰ ਆਪਣੀ ਸੋਚ ਤੇ ਆਪਣੇ ਕੰਮ ਨੂੰ ਅੰਤਿਮ ਤੇ ਸ਼੍ਰੇਸ਼ਠ ਸਿੱਧ ਕਰਨ ਵਿੱਚ ਲਗੀ ਹੋਈ ਹੈ। ਜੇ ਕੋਈ ਇੱਕਠ ਸਿਰੇ ਚੜ੍ਹਨ ਲਗਦਾ ਹੈ ਤੇ ਉਸ ਵਿਚ ਚੌਧਰ ਤੇ ਉਹਦੇ ਦਾ ਮਸਲਾ ਸਾਮ੍ਹਣੇ ਆ ਜਾਂਦਾ ਹੈ। ਜਿਸ ਵਰਗ ਉਤੇ, ਪਹਿਲੇ ਤੇ ਦੂਜੇ ਵਰਗ ਨੂੰ ਦਿਸ਼ਾ ਦੇਣ ਦੀ ਜਿੰਮੇਵਾਰੀ ਹੋਵੇ, ਉਹ ਹੀ ਦਿਸ਼ਾ ਹੀਨ ਹੋ ਜਾਵੇ ਤੇ ਕੌਮ ਨੂੰ ਕੋਈ ਦੁਸ਼ਮਣ ਤੇ ਆ ਕੇ ਬਚਾਉਣ ਵਾਲਾ ਨਹੀਂ। ਦੁਸ਼ਮਣ ਨੀਤੀਵਾਨ ਹੈ, ਬਲਵਾਨ ਹੈ, ਯੂਨਾਈਟ ਹੈ। ਅਸੀ ਦਿਸ਼ਾਹੀਨ, ਨੀਤੀ ਹੀਨ ਤੇ ਕਮਜੋਰ ਹਾਂ ਉਸ ਤੋਂ ਵੀ ਵਡੀ ਗਲ ਇਹ ਹੈ ਕਿ ਅਸੀਂ ਵਖਰੇਵੇਂ ਦੀ ਕਾਲੀ ਹਨੇਰੀ ਦੇ ਗੁੰਝਲ ਵਿੱਚ ਫੱਸ ਚੁਕੇ ਹਾਂ। ਸਾਡੀਆਂ ਅੱਖਾਂ ਵਿੱਚ ਇਸ ਵਖਰੇਵੇਂ ਦੀ ਹਨੇਰੀ ਦਾ ਘੱਟਾ ਇਸ ਕਦਰ ਪੈ ਗਇਆ ਹੈ ਕਿ ਸਾਨੂੰ ਹੁਣ ਦਿਸਣਾ ਵੀ ਬੰਦ ਹੋ ਗਇਆ ਹੈ। ਮੈਨੂੰ ਇੱਕ ਵਿਦਵਾਨ ਵੀਰ ਦਰਸ਼ਨ ਸਿੰਘ ਆਸਟ੍ਰੇਲਿਆ ਦੇ ਕਹੇ ਸ਼ਬਦ ਕਈ ਵਾਰ ਬਹੁਤ ਸਾਰਥਕ ਲਗਦੇ ਹਨ ਕਿ ਅਸੀਂ ‘ਇਕ’ (ਜੋ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੈ), ‘ਏਕਾ’ ਤੇ ‘ਏਕਤਾ’ ਦਾ ਪੱਲਾ ਛੱਡ ਕੇ ‘ਦਵੈਸ਼’ ‘ਦੁਬਿਧਾ’ ‘ਦੋਗਲਾਪਣ’ਤੇ ‘ਦੁਕਾਨਦਾਰੀ’ ਦੇ ਦਲਦਲ ਵਿੱਚ ਫਸੇ ਹਾਂ।

ਇਹ ਸੱਚ ਵੀ ਹੈ ਕਿ ਇਹ ਤੀਜਾ ਤਬਕਾ ਜੋ ਕਿਸੇ ਵੀ ਕੌਮ ਦੀ ‘ਲਾਈਫ ਲਾਈਨ’ ਹੁੰਦਾ ਹੈ, ਉਹ ਆਪ ਹੀ ‘ਅਹਿਮ’ ਦੀ ‘ਆਕਸੀਜਨ’ ਦੇ ਸਹਾਰੇ ਆਪਣਾ ਵਕਤ ਕੱਢ ਰਿਹਾ ਹੋਵੇ ਤੇ ਕੌਮ ਨੂੰ ਕੌਣ ਬਚਾਵੇਗਾ। ਗੁਰੂ ਭਲੀ ਕਰੇ, ਕੌਮ ਦੀ ਡਿਗਦੀ ਹਾਲਤ ਤੇ ਸ਼ਾਇਦ ਕਿਸੇ ਵਿਦਵਾਨ ਤੇ ਆਗੂ ਦਾ ਧਿਆਨ ਆ ਜਾਵੇ ਤੇ ਇਸ ਗਲ ਦੀ ਗੰਭੀਰਤਾ ਨੂੰ ਇਹ ਵਰਗ ਸਮਝ ਕੇ, ਆਪਣੀ ਵਿਚਾਰ ਧਾਰਾ ਨੂੰ ਮੁਖ ਨਾ ਰੱਖ ਕੇ ‘ਇਕੱਠੇ’ ਹੋਣ ਦੀ ਕੋਈ ਜੁਗਤ ਸੋਚ ਸਕੇ, ਤਾਂ ਹੀ ਕੁੱਝ ਹੋ ਸਕਦਾ ਹੈ ਵਰਨਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਇਹ ਹੀ ਕਹਾਂਗੇ-

ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਯਾ ਕਿਆ। ਦਿਨ ਮੇਂ ਅਗਰ ਚਿਰਾਗ ਜਲਾਏ ਤੋ ਕਿਆ ਕੀਆ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top