Share on Facebook

Main News Page

‘ਬਾਬਿਆਂ ਦੀ ਕਥਾ’
ਬਾਬਾ ਫੌਜਾ ਸਿੰਘ ਦਾ ਇੱਕ ਚੰਗਾ ਨੇੜਲਾ ਮਿੱਤਰ ਇਸ ਗੱਲ ਤੇ ਆ ਕੇ ਦੁਬਿਧਾ ਵਿੱਚ ਪੈ ਗਿਆ ਕਿ ਮਾਸ ਖਾਵੇ ਜਾਂ ਨਾ। ਉਂਝ ਉਸ ਦਾ ਦਿਲ ਕਰਦਾ ਸੀ। ਪਹਿਲਾਂ ਉਹ ਬਾਬਿਆ ਦਾ ਸੇਵਕ ਰਿਹਾ ਸੀ ਪਰ ਹੁਣ ਪੜਨ ਦੇ ਭੁੱਸ ਵਿੱਚ ਉਹ ਬਾਬਿਆਂ ਦੇ ਕੰਮੋ ਜਾਂਦਾ ਲੱਗਿਆ। ਬਾਬਿਆਂ ਦੀਆਂ ਧੋਤੀਆਂ ਦਾ ਜਦ ਭਰਮ ਮਨ ਵਿੱਚੋਂ ਟੁੱਟਿਆ ਤਾਂ ਬਾਕੀ ਭਰਮ ਵੀ ਸਹਿਜੇ ਸਹਿਜੇ ਜਾਂਦੇ ਲੱਗੇ ਤੇ ਉਸ ਨੂੰ ਜਾਪਿਆ ਦੁਨੀਆਂ ਵਿੱਚ ਸਭ ਤੋਂ ਸੌਖਾ ਸੁੱਖੀ ਰਹਿਣ ਵਾਲਾ ਕੰਮ ਸਿੱਖ ਬਣ ਕੇ ਜੀਣਾ ਹੈ। ਕੋਈ ਭਰਮ ਨਹੀ, ਕੋਈ ਵਹਿਮ ਨਹੀ, ਕਿਸੇ ਦੀ ਸਿਰ ਤੇ ਤਲਵਾਰ ਨਹੀ, ਕੋਈ ਪੰਡਿਤ ਦੀ ਵੈਤਰਨੀ ਨਦੀ ਨਹੀਂ, ਛੱਲਾਂ ਮਾਰਦੀ ਦਿੱਸਦੀ, ਝੋਟਿਆਂ ਵਰਗੇ ਆਖੈ ਜਾਂਦੇ ਜਮਦੂਤਾਂ ਦਾ ਫਸਤਾ ਵੱਡਿਆ ਜਾਂਦਾ ਹੈ, ਖੁਦ ਕੀੜੇ ਪਏ ਹੋਏ ਧਰਮਰਾਜ ਦੇ ਦਫਤਰ ਦਾ ਮਨ ਵਿੱਚੋਂ ਸੰਸਾ ਚੁੱਕਿਆ ਜਾਂਦਾ ਹੈ। ਐਂਨ ਬੰਦਾ ਹੌਲਾ, ਹਲਕਾ ਤੇ ਸਾਦਾ ਜੀਂਦਾ ਹੋਇਆ ਲੁੱਡੀਆਂ ਪਾਉਂਦਾ ਫਿਰਦਾ, ਗੁਰੂ ਤੋਂ ਸਦਕੇ ਜਾਂਦਾ ਹੈ, ਜਿਸ ਦੇ ਗਿਆਨ ਦੇ ਖਜਾਨੇ ਨੇ ਉਸ ਨੂੰ ਹੌਲਾ ਫੁੱਲ ਕਰ ਦਿੱਤਾ ਹੁੰਦਾ ਹੈ। ਕੁਦਰਤ ਦਾ ਜ਼ਰਾ ਜ਼ਰਾ ਰੱਬ ਜਾਪਣ ਲੱਗਦਾ ਹੈ ਕਿਸੇ ਸਿੱਕੇਬੰਦ ਰੱਬ ਨੂੰ ਕਿਸੇ ਆਕਾਸ਼ ਵਿੱਚ ਭਾਲਣ ਦੀ ਜਰੂਰਤ ਨਹੀਂ ਰਹਿ ਜਾਂਦੀ। ਇਹ ਧਰਤੀ ਹੀ ਸਵਰਗ ਲੱਗਣ ਜਾਂਦੀ ਹੈ, ਕਿਸੇ ਸਵਰਗ ਲਈ ਕਿਤੇ ਪੁੱਠੇ ਲਮਕਣ, ਠੰਡੇ ਪਾਣੀਆਂ ਵਿੱਚ ਖੜੋ ਤੱਪਾਂ ਦੇ ਖੇਖਣ ਕਰਨ ਦੀ, ਕਿੱਲੀਆਂ ਨਾਲ ਕੇਸ ਬੰਨਕੇ ਭਗਤੀਆਂ ਕਰਨ ਤੇ ਕਿਸੇ ਦੀ ਵੀ ਮੁਥਾਜੀ ਦੀ ਲੋੜ ਨਹੀਂ ਰਹਿ ਜਾਂਦੀ।

ਸਭ ਕੁੱਝ ਤਾਂ ਠੀਕ ਸੀ, ਪਰ ਖਾਣ ਤੇ ਆ ਕੇ ਉਸ ਦੀ ਸੂਈ ਅੜਕ ਗਈ ਉਸ ਦੇ ਮਨ ਦਾ ਡਰ ਨਾ ਦੂਰ ਹੋਇਆ। ਬਾਬੇ ਬਥੇਰਾ ਸਮਝਾਇਆ, ਕਿ ਇਹ ਜਰੂਰੀ ਨਹੀਂ ਕਿ ਜਿਹੜਾ ਖਾਂਦਾ ਉਹੀ ਸਿੱਖ ਜਾਂ ਜਿਹੜਾ ਨਹੀਂ ਖਾਂਦਾ ਉਹੀ ਸਿੱਖ। ਇਸ ਮਸਲੇ ਤੇ ਖਾਣ ਵਾਲਾ ਵੀ ਤੇ ਨਾ ਖਾਣ ਵਾਲਾ ਵੀ ਜੇ ਆਪਸ ਵਿੱਚ ਫਸਦਾ ਹੈ ਤਾਂ ਗੁਰੂ ਦੋਵਾਂ ਨੂੰ ਮੂਰਖ ਕਹਿ ਰਹੇ ਹਨ। ਮਸਲਾ ਕੇਵਲ ਭਰਮ ਦਾ ਹੈ ਭਰਮੀ ਚਾਹੇ ਖੀਰ ਵਾਲਾ ਹੋਵੇ ਚਾਹੇ ਮਾਸ ਖਾਣ ਵਾਲਾ। ਨਹੀਂ ਖਾਣ ਤੇ ਵੀ ਜੇ ਭਰਮ ਹੈ ਤਾਂ ਮਾੜਾ ਖਾਣ ਤੇ ਵੀ ਜੇ ਭਰਮ ਹੈ ਤਾਂ ਮਾੜਾ ਹੈ। ਹੁਣ ਕਈ ਬਾਬੇ ਜਿਹੜੇ ਚਮੜੇ ਦੀ ਬੋਕੀ ਵਾਲੇ ਨਲਕੇ ਦਾ ਪਾਣੀ ਨਹੀਂ ਪੀਂਦੇ, ਪਰ ਉਸੇ ਚਮੜੇ ਦੇ ਥਣਾਂ ਦਾ ਦੁੱਧ ਗੱਟ ਗੱਟ ਚਾੜ੍ਹ ਜਾਂਦੇ ਸਨ। ਉਹ ਵੀ ‘ਮਹਾਂਪੁਰਖ’ ਹਨ ਜਿਹੜੇ ਕੇਵਲ ਸਰਬ ਲੋਹ ਦੇ ਭਾਂਡੇ ਵਿੱਚ ਹੀ ਖਾਂਦੇ ਹਨ, ਪਰ ਚਮੜੇ ਦੀ ਟੈਂਕੀ ਵਿੱਚੋਂ ਆਏ ਤੇ ਚਮੜੇ ਦੀ ਹੀ ਟੈਂਕੀ ਵਿੱਚ ਡਕਾਰੇ ਦੁੱਧ ਦਾ ਖਿਆਲ ਹੀ ਨਹੀਂ ਕਰਦੇ।

ਉਸ ਦਾ ਭਰਮ ਨਾ ਟੁੱਟਾ, ਪਰ ਇੱਕ ਦਿਨ ਅਚਾਨਕ ਉਹ ਬਾਬੇ ਕੋਲੇ ਆਇਆ ਤੇ ਕਹਿਣ ਲੱਗਾ ਕਿ ਬਾਬਾ! ਅੱਜ ਯਾਰ ਮੈਂ ਮੱਛੀ ਖਾ ਆਇਆਂ!

ਇਸ ਨਾਲ ਕੀ ਫਰਕ ਪੈਂਦਾ, ਪਰ ਤੂੰ ਠੀਕ ਨਹੀਂ ਕੀਤਾ?

ਕਿਉਂ?

ਭਰਮ ‘ਚ ਕੀਤਾ ਕੋਈ ਵੀ ਕਰਮ ਚੰਗਾ ਨਹੀਂ।

ਪਰ ਬਾਬਾ ਮੇਰਾ ਤਾਂ ਭਰਮ ਟੁੱਟ ਗਿਆ।

ਉਹ ਕਿਵੇਂ? ਬਾਬਾ ਹੈਰਾਨ ਸੀ!

ਇੱਕ ਦਿਨ ਮੈਂ ਇੱਕ ‘ਬਾਬਾ ਜੀ’ ਦੀ ‘ਕਥਾ’ ਸੁਣ ਰਿਹਾ ਸਾਂ ਤੇ ‘ਬਾਬੇ’ ਕਹਿਣ ਲੱਗੇ ਕਿ ਇੱਕ ‘ਮਹਾਂਪੁਰਖ’ ਬਾਜ਼ਾਰ ਗਏ ਤੇ ਮੱਛੀ ਦੇ ਪਕੌੜਿਆਂ ਵਾਲੇ ਕੋਲੇ ਖੜ ਕੇ ਮੱਛੀ ਖਾਣ ਲੱਗ ਪਏ। ਉਨ੍ਹਾਂ ਦੀ ਰੀਸੇ ਨਾਲ ਉਨ੍ਹਾਂ ਦੇ ਚੇਲੇ ਵੀ ਮੱਛੀ ਛੱਕਣ ਲੱਗ ਪਏ।

ਜਦ ਬਾਬੇ ਖਾ ਹੱਟੇ ਤਾਂ ਚੇਲਿਆਂ ਨੂੰ ਪੈ ਨਿਕਲੇ, ਉਏ ਦੁਸ਼ਟੋ! ਇਹ ਕੀ ਕੀਤਾ ਤੁਸੀਂ ਮੱਛੀ ਖਾ ਲਈ?

ਚੇਲੇ ਕਹਿਣ ਲੱਗੇ ਮਹਾਂਪੁਰਖੋ ਤੁਸੀਂ ਵੀ ਖਾ ਰਹੇ ਸੀ, ਅਸੀਂ ਸੋਚਿਆ ਠੀਕ ਹੀ ਹੋਵੇਗਾ ਤੇ ਤੁਹਾਡੀ ਰੀਸੇ ਅਸੀਂ ਵੀ ਛੱਕ ਗਏ!

‘ਮਹਾਂਪੁਰਖ’ ਬੜੇ ਗੁੱਸੇ ਵਿੱਚ ਆ ਗਏ ਤੇ ਕਹਿਣ ਲੱਗੇ ਕਿ ਮੇਰੀ ਤਾਂ ਲਿਵ ਪ੍ਰਮਾਤਮਾ ਵਿੱਚ ਲੱਗੀ ਹੋਈ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕੀ ਖਾ ਰਿਹਾ ਸੀ, ਤੁਸੀਂ ਮੇਰੀ ਰੀਸ ਕਰਕੇ ਨਰਕਾਂ ਦੇ ਭਾਗੀ ਕਿਉਂ ਬਣੇ..?

ਬਾਬੇ ਦੇ ਮਿੱਤਰ ਨੇ ਮਖੌਲ ਨਾਲ ਕਿਹਾ ਕਿ ਬਾਬਾ ਮੇਰਾ ਵੀ ਇੱਕ ਦਿਨ ਮੱਛੀ ਖਾਣ ਨੂੰ ਦਿੱਲ ਕੀਤਾ ਤੇ ਮੈਂ ਵੀ ਅਪਣੀ ‘ਲਿਵ’ ਪ੍ਰਮਾਤਮਾ ਨਾਲ ਜੋੜ ਕੇ ਅੱਧਾ ਕਿੱਲੋ ਮੱਛੀ ਚਟਮ ਕਰ ਗਿਆ, ਸੋ ਬਾਬਾ ਦੱਸ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ..?

ਬਾਬੇ ਫੌਜਾ ਸਿੰਘ ਨੂੰ ਉਸ ਦੀ ਗੱਲ ਸੁਣ ਕੇ ਇੱਕ ਹੋਰ ਕਿੱਲ੍ਹ ਕਿੱਲ੍ਹ ‘ਕਥਾ’ ਕਰਨ ਵਾਲੇ ‘ਬਾਬਾ ਜੀ’ ਦੀ ਇਟਲੀ ਵਿੱਚ ਕੀਤੀ ‘ਕਥਾ’ ਯਾਦ ਆ ਗਈ। ਉਹ ਮਾਸ ਉਪਰ ਬੋਲ ਰਹੇ ਸਨ ਤੇ ਮੁੜਕੋ-ਮੁੜਕੀ ਹੋਏ ਮਾਸ ਖਾਣ ਵਾਲਿਆਂ ਦੀ ਯਹੀ ਤਹੀ ਫੇਰਦਿਆਂ ਕਹਿਣ ਲੱਗੇ ਕਿ, “ਸਾਧ ਸੰਗਤ ਜੀ! ਦਸੋ ਇਥੇ ਕੋਈ ਕਿੱਲੋ ਮੀਟ ਲੈ ਕੇ ਸੰਗਤ ਵਿੱਚ ਆਣ ਵੜੇ ਤਾਂ ਡਾਂਗ ਖੜਕੇਗੀ ਕਿ ਨਹੀਂ? ਓਏ ਬੋਲੋ! ਬੋਲਦੇ ਕਿਉਂ ਨਹੀਂ? ਲੜਾਈ ਹੋਵੇਗੀ ਕਿ ਨਹੀਂ?

ਜਦ ਉਨ੍ਹੀਂ ਬੋਲਣ ਲਈ ਜਿਆਦਾ ਹੀ ਮਜਬੂਰ ਕੀਤਾ ਤਾਂ ਇੱਕ ਨਚੱਲਾ ਜਿਹਾ ਨੌਜਵਾਨ ਬੋਲ ਹੀ ਪਿਆ।

ਹਾਂ! ਬਾਬਾ ਜੀ ਲੜਾਈ ਹੋਵੇਗੀ ਹੀ ਹੋਵੇਗੀ! ਕਿਉਂ ਨਹੀਂ ਹੋਵੇਗੀ। ਐਨੀ ਸੰਗਤ ਤੇ ਮੀਟ ਇੱਕ ਕਿੱਲੋ? ਲੜਾਈ ਕਿਉਂ ਨਹੀਂ ਹੋਵੇਗੀ? ਜ਼ਰੂਰ ਹੋਵੇਗੀ! ਉਸ ਨੇ ਵੀ ਜਦ ਬਾਬੇ ਵਾਲੇ ਹੀ ਜੋਸ਼ ਵਿੱਚ ਕਿਹਾ ਤਾਂ ‘ਬਾਬੇ’ ਨੂੰ ਜਾਪਿਆ ਇਥੇ ਮੇਰੇ ਵਰਗੇ ਕਮਲੇ ਹੋਰ ਵੀ ਨੇ, ਤੇ ਉਸ ਵਿਸ਼ਾ ਬਦਲ ਲਿਆ।


‘ਬੈਰਾਗ’
ਬਾਬਾ ਫੌਜਾ ਸਿੰਘ ਕਿਸੇ ਦੇ ਘਰੇ ਪਾਠ ਤੇ ਗਿਆ। ਉਸ ਦੇ ਨਾਲ ਹੀ ਇੱਕ ਨਵਾ ਬਣਿਆਂ ਲੋਕਲ ‘ਸੰਤ’ ਵੀ ਬੈਠਾ ਸੀ। ਪਾਠ ਚਲ ਰਿਹਾ ਸੀ ਤੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਚਲ ਰਿਹਾ ਸੀ। ਆਮ ਲੋਕਾਂ ਨੂੰ ਜਾਪਦਾ ਸੀ ਕਿ ਬੜੀ ਬਿਰਤੀ ਵਾਲੇ ‘ਮਹਾਂਪੁਰਖ’ ਹਨ ਕਿੰਨਾ ਪ੍ਰੇਮ ਹੈ ਗੁਰੂ ਚਰਨਾ ਨਾਲ ਕਿੰਨੇ ਪ੍ਰੇਮ ਨਾਲ ਗੁਰਬਾਣੀ ਸੁਣਦੇ ਹਨ। ਮਨ ਕਿਵੇਂ ਦ੍ਰਵਿਆ ਪਿਆ ਗੁਰਬਾਣੀ ਨਾਲ, ਕਿਵੇਂ ਜਲ ਦੇ ਝਰਨੇ ਪਏ ਚਲਦੇ ਨੇ।

ਬਾਬੇ ਫੌਜਾ ਸਿੰਘ ਨੇ ਵੀ ਜਦ ਅੱਖ ਭਰ ਕੇ ਦੇਖਿਆ ਤਾਂ ਸੱਚਮੁੱਚ ਹੀ ‘ਮਹਾਂਪੁਰਖਾਂ’ ਦੀਆਂ ਅੱਖਾਂ ਵਿੱਚੋਂ ਘਰਲ ਘਰਲ ਪਾਣੀ ਚਲ ਰਿਹਾ ਸੀ। ਉਸ ‘ਮਹਾਂਪੁਰਖ’ ਵਲ ਦੇਖ ਬਾਬੇ ਨੂੰ ਕੁੱਤਾ ਯਾਦ ਆ ਗਿਆ ਤੇ ਅੰਦਰੇ ਅੰਦਰ ਉਸਦਾ ਹਾਸਾ ਨਿਕਲ ਗਿਆ ਤੇ ਉਸ ਨੂੰ ਅਪਣੇ ਪਿੰਡ ਵਾਲੇ ਬਾਬੇ ਕੰਤੇ ਦੀ ਕਹਾਣੀ ਯਾਦ ਆ ਗਈ।

ਚੜ੍ਹਦੀ ਉਮਰ ਸੀ ਤੇ ਪਿੰਡ ਵਾਲੇ ਕੰਤੇ ਨੂੰ ਵੀ ਸੰਤ ਬਣਨ ਦਾ ਝੱਲ ਕੁੱਦ ਪਿਆ। ਬਾਬੇ ਉਸ ਨੂੰ ਬਥੇਰਾ ਸਮਝਾਇਆ ਪਰ ਉਸ ਦੀ ਦਲੀਲ ਸੀ ਕਿ ਬਾਬਾ ਯਾਰ ਭੁੱਖੇ ਮਰ ਰਹੇ ਆਂ ਹੋਰ ਕੁਝ ਆਉਂਦਾ ਨਹੀ। ਸੋਚਿਆ ਸੀ ਚਾਰ ਸੁਰਾਂ ਸਿੱਖ ਕੇ ਕਿਸੇ ਜਥੇ ਨਾਲ ਬਾਹਰ ਦਾ ਗੇੜਾ ਲਾ ਆਵਾਂ ਪਰ ਜਥਾ ਨਵਾਂ ਕਰਕੇ ਕਿਸੇ ਸਪਾਂਸਰ ਹੀ ਨਹੀ ਭੇਜੀ।

ਆਹ ਅਪਣੇ ਗੁਆਂਢ ਪਿੰਡ ਦਾ ਦੁੱਕੀ ਜਿਹਾ ਬਾਬਾ ਜੀਤਾ ਕਈ ਗੇੜੇ ਬਾਹਰ ਦੇ ਕੱਢ ਆਇਆ, ਹਰੇਕ ਸਾਲ ਨੋਟਾਂ ਨਾਲ ਖੀਸਾ ਭਰ ਲਿਆਂਉਦਾ, ਕਿਸੇ ਗੁਰਦੁਆਰੇ ਵੀ ਨਹੀ ਜਾਂਦਾ ਘਰਾਂ ਵਿੱਚੋਂ ਹੀ ਲੁੱਟ ਮਾਰ ਕਰ ਲਿਆਉਂਦਾ। ਹਾਲੇ ਕੱਲ ਦੀਆਂ ਗੱਲਾਂ ਮੱਝਾਂ ਖੋਲ੍ਹਦਾਂ ਪਿੰਡ ਨੇ ਭਰੀ ਪੰਚਾਇਤ ਵਿੱਚ ਕੁੱਟਿਆ ਸੀ, ਹੁਣ ਉਹੀ ਭਲੇਮਾਣਸ ਅਪਣੇ ਮੁੰਡੇ ਉਸ ਮਗਰ ਲਈ ਫਿਰਦੇ ਕਿ ਸ਼ਾਇਦ ਸਾਡੇ ਮੁੰਡੇ ਨੂੰ ਚੇਲਾ ਬਣਾ ਕੇ ਹੀ ਲੈ ਜਾਏ।

ਪਰ ਤੈਨੂੰ ਆਉਂਦਾ ਕੀ ਏ? ਬਾਬੇ ਪੁੱਛਿਆ।

ਤੇ ਜੀਤੇ ਨੂੰ ਵੜੇਵੇਂ ਆਉਂਦੇ ਸੀ? ਮੈਂ ਤਾਂ ਫਿਰ ਵੀ ਸਾਲ ਭਰ ਸੁਰਾਂ ਨਾਲ ਸਾ, ਪਾ, ਮਾ ਕੀਤੀ ਹੋਈ। ਕਥਾ ਮੈਂ ਗੁਰਦੁਆਰੇ ਦੇ ਭਾਈ ਤੋਂ ਮਾੜੀ-ਮੋਟੀ ਸਿੱਖ ਲੈਂਣੀ।

ਤੇ ਮਹੀਨੇ ਕੁ ਬਾਅਦ ਬਾਬੇ ਫੌਜਾ ਸਿੰਘ ਨੇ ਪਿੰਡ ਦੇ ਸਪੀਕਰ ਤੇ ਸੁਣਿਆ ਕੰਤਾ ਸਿੱਧੀਆਂ ਠੁੱਲੀਆਂ ਜਿਹੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਵਿੱਚ ਕਿ, ਸੰਗਤੇ! ਨਾਮ ਜਪਿਆ ਕਰੋ ਭਾਈ, ਅੰਮ੍ਰਿਤ ਵੇਲੇ ਉਠਿਆ ਕਰੋ, ਅੰਮ੍ਰਿਤ ਵੇਲੇ ਨੂੰ ਗੁਰੂ ਜੀ ਕਹਿੰਦੇ ਦੇਵਤੇ ਵੀ ਤਰਸਦੇ ਤੇ ਉਸ ਵੇਲੇ ਸਾਰੇ ਦੇਵਤੇ ਧਰਤੀ ਤੇ ਆ ਕੇ ਨਾਮ ਜਪ ਰਹੇ ਹੁੰਦੇ। ਨਾਮ ਤੋਂ ਹੀਣਿਆਂ ਨੂੰ ਬਹੁਤ ਮਾਰ ਪੈਂਦੀ ਹੈ, ਜਮ ਧੂਹ ਕੇ ਕੇਸਾਂ ਤੋਂ ਖੜਦੇ ਹਨ, ਬੰਦਾ ਰੋਂਦਾ, ਦੁਹਾਈਆਂ ਪਾਉਂਦਾ, ਭੁੱਖਾ ਪਿਆਸਾ ਹਾਲ ਪਾਹਰਿਆ ਕਰਦਾ ਭਾਈ ਨਾਪ ਜਪੋ ਹਾਂ!

ਕੁਝ ਦਿਨਾਂ ਬਾਅਦ ਬਾਬਾ ਫੌਜਾ ਸਿੰਘ ਕੰਤੇ ਦੀ ‘ਕਥਾ’ ਸੁਣਨ ਖੁਦ ਗੁਰੂ ਘਰ ਚਲਾ ਗਿਆ ਉਥੇ 8-10 ਪਿੰਡ ਦੀਆਂ ਮਾਈਆਂ ਜੁੜਨੀਆਂ ਸ਼ੁਰੂ ਹੋ ਗਈਆਂ ਸਨ ਤੇ ਕੰਤੇ ਦਾ ਝੱਕ ਜਿਹਾ ਖੁਲ੍ਹਦਾ ਜਾ ਰਿਹਾ ਸੀ। ਬਾਬੇ ਨੇ ਦੇਖਿਆ ਕਥਾ ਕਰਦੇ ਕੰਤੇ ਦੀਆਂ ਅੱਖਾਂ ਵਿੱਚੋਂ ਪਾਣੀ ਘਰਲ ਘਰਲ ਵਗ ਰਿਹਾ ਸੀ ਜਿਵੇਂ ਉਹ ਕਥਾ ਦੇ ਨਾਲ ਹੀ ਇੱਕ-ਮਿੱਕ ਹੋ ਗਿਆ ਹੋਵੇ।

ਬਾਬਾ ਫੌਜਾ ਸਿੰਘ ਬੜਾ ਹੈਰਾਨ ਕਿ ਸਿਰੇ ਦਾ ਠੱਗ, ਸਾਰੇ ਪਿੰਡ ਦੀ ਛੱਟ ਇਹਨੂੰ ਹੋ ਕੀ ਗਿਆ? ਇੰਨਾ ਬੈਰਾਗ ਇਸ ਵਿੱਚ ਕਿਥੋਂ ਫੁੱਟ ਪਿਆ। ਕੁਝ ਪਲਾਂ ਲਈ ਤਾਂ ਬਾਬੇ ਨੂੰ ਘੁੰਮੇਰਨੀ ਆ ਗਈ ਕਿ ਬੰਦਾ ਇੰਨੀ ਛੇਤੀ ਬਦਲ ਸਕਦਾ?

ਉਹ ਭੋਗ ਪਾ ਕੇ ਬਾਹਰ ਆਇਆ ਤਾਂ ਉਸ ਦਾ ਕੁੜਤਾ-ਪੰਜਾਮਾ ਚੋਲੇ ਵਿੱਚ ਬਦਲ ਚੁੱਕਾ ਹੋਇਆ ਸੀ। ਚੋਲੇ ਵਿੱਚ ਉਹ ਪਹਿਲਾਂ ਨਾਲੋਂ ਵੀ ਚੌੜਾ ਅਤੇ ਜਵਾਨ ਜਾਪ ਰਿਹਾ ਸੀ। ਬਾਬਾ ਉਸ ਨੂੰ ਪਾਸੇ ਲੈ ਗਿਆ ਤੇ ਪੁੱਛਣ ਲਗਾ ਕਿ ਬਾਕੀ ਤਾਂ ਸਭ ਛੱਡ, ਪਰ ਤੂੰ ਪਾਣੀ ਕਿਉਂ ਅੱਖਾਂ ਚੋਂ ਵਹਾ ਰਿਹਾ ਸੀ ਤੈਨੂੰ ਬੈਰਾਗੀ ਨੂੰ ਤਾਂ ਮੈਂ ਜਾਣਦਾ ਪਰ ਇਹ ਹੋਇਆ ਕਿਵੇਂ?

ਉਹ ਹੱਸ ਪਿਆ। ਕਹਿੰਦਾ ਬਾਬਾ ਦੁਨੀਆਂ ਲੁੱਟਣ ਤੋਂ ਪਈ ਹੈ ਮੈਂ ਤਾਂ ਹੁਣ ਦੋਵੀਂ ਹੱਥੀ ਲੁੱਟਾਂਗਾ। ਆਹ ਦੇਖ ਲੈ ਹਾਲੇ ਮੇਰੀ ‘ਕਥਾ’ ਤੇ ਚੋਲੇ ਨੂੰ ਚੌਥਾ-ਪੰਜਵਾਂ ਦਿਨ ਨਹੀ ਹੋਇਆ ਤੇ 8-10 ਮਾਈਆਂ ਨੂੰ ਮੇਰੀਆਂ ਕਰਤੂਤਾਂ ਭੁੱਲ ਵੀ ਗਈਆਂ ਤੇ ਗੋਡੀਂ ਹੱਥ ਲਾਉਂਣ ਵੀ ਲੱਗ ਪਈਆਂ ਇਦੋਂ ਸੌਖਾ ਹੋਰ ਕੰਮ ਕਿਹੜਾ ਦੱਸ? ਉਹ ਪੂਰਾ ਉਤਸ਼ਾਹ ਵਿੱਚ ਸੀ।

ਮੈਨੂੰ ਤੂੰ ਅੱਖਾਂ ਚੋਂ ਪਾਣੀ ਦੇ ਝਰਨਿਆਂ ਵਾਲੀ ਗੱਲ ਦੱਸ ਤੂੰ ਜੋ ਮਰਜੀ ਕਰਦਾ ਫਿਰ।

ਓ ਬਾਬਾ ਇੱਕ ਦਿਨ ਮੈਂ ਇੱਕ ਬਾਬੇ ਦੀ ਕਥਾ ਸੁਣ ਰਿਹਾ ਸੀ, ਉਹ ਕਿਸੇ ਗਰੰਥ ਦਾ ਹਵਾਲਾ ਦੇ ਕੇ ਦੱਸ ਰਿਹਾ ਸੀ, ਕਿ ਬੈਰਾਗੀ ਬਣਨ ਦਾ ਸੌਖਾ ਤਰੀਕਾ ਕਿ ਇੱਕ ਇੱਕ ਸਲਾਈ ਸਰ੍ਹੋਂ ਦੇ ਤੇਲ ਦੀ ਅੱਖਾਂ ‘ਚ ਪਾ ਕੇ ਬੈਠ ਜਾਓ ਪਾਣੀ ਨਹੀ ਰੁੱਕਦਾ, ਮੈਂ ਪਹਿਲੇ ਦਿਨ ਤੁਜਰਬਾ ਕੀਤਾ ਤਾਂ ਮੈਂ ਹੈਰਾਨ ਰਹਿ ਗਿਆ ‘ਬੈਰਾਗ’ ਠੱਲ ਨਾ ਹੋਵੇ ਅੱਖਾਂ ਚੋਂ। ਇਸੇ ਬੈਰਾਗ ਨੂੰ ਦੇਖ ਚਰਚਾ ਜਿਹੀ ਹੋਈ ਤੇ ਆ ਮਾਈਆਂ ਗੋਡੀਂ ਹੱਥ ਲਾਉਂਣ ਲੱਗ ਪਈਆਂ, ਤੂੰ ਕੁਝ ਚਿਰ ਹੋਰ ਦੇਖੀਂ ਇਸ ‘ਬੈਰਾਗ’ ਦੇ ਰੰਗ। ਤੇ ਇਹ ਤੇਲ ਵਾਲਾ ‘ਬੈਰਾਗ’ ਦੱਸ ਕਿੰਨਾ ਕੁ ਮਹਿੰਗਾ? ਇਸ ਮੁਫਤ ਦੇ ਚਲਦੇ ‘ਬੈਰਾਗ’ ਨੂੰ ਦੇਖ ਲੁਕਾਈ ਧੰਨ ਧੰਨ ਨਾ ਕਰ ਉਠੀ ਤਾਂ ਆਖੀਂ ਜਿਵੇਂ ਤੇਰਾ ਦਿੱਲ ਵੀ ਕਰਨ ਫਿਰਦਾ ਸੀ!! ਨਹੀ?

ਉਹ ਬਾਬੇ ਨੂੰ ਟਿੱਚ ਜਿਹਾ ਕਰਕੇ ਔਹ ਗਿਆ! ਤੇ ਬਾਬਾ ਉਸ ਨੂੰ ਪਿੱਛੋਂ ਤੁਰੇ ਜਾਂਦੇ ਨੂੰ ਦੇਖਦਾ ਭਵਿੱਖ ਵਿੱਚ ਉਸ ਦੀਆਂ ਲੰਮੀਆਂ ਕਾਰਾਂ, ਚੇਲੇ ਬਾਲਕੇ ਤੇ ਆਲ੍ਹੀਸ਼ਾਨ ਡੇਰੇ ਅਤੇ ਉਸ ਦੇ ਨਾਮ ਨਾਲ ਲੱਗੇ 108, 1008, ਸ੍ਰੀ ਮਾਨ, ਸੰਤ, ਬਾਬਾ ਜੀ, ਬ੍ਰਹਮਗਿਆਨੀ ਆਦਿ ਵਰਗੇ ਕਈ ਤਖੱਲਸ ਜੁੜੇ ਹੋਏ ਸੋਚ ਕੇ ਹੈਰਾਨ ਹੋਣ ਲੱਗਾ!!

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top