Share on Facebook

Main News Page

ਮੁਕਤਸਰ ਦੀ ਜੰਗ ਕਦੋਂ ਹੋਈ?

ਮੁਕਤਸਰ ਦੀ ਜੰਗ ਕਦੋਂ ਹੋਈ ਇਸ ਬਾਰੇ ਕਈ ਲਿਖਾਰੀਆਂ ਨੇ ਇਸ ਜੰਗ ਦਾ ਸਮਾਂ ਵੈਸਾਖ ਦਾ ਲਿਖਿਆ ਹੈ। ਇਸ ਬਾਰੇ ਪ੍ਰਮੁੱਖ ਦਲੀਲ ਇਹੋ ਹੀ ਦਿੱਤੀ ਜਾਂਦੀ ਰਹੀ ਹੈ ਕਿ ਖਿਦਰਾਣੇ ਦੀ ਉਹ ਢਾਬ ਜੋ ਪਾਣੀ ਨਾਲ ਭਰੀ ਸੀ ਉੱਪਰ ਗੁਰੂ ਜੀ ਕਾਬਜ਼ ਸਨ ਅਤੇ ਸਰਹੰਦ ਦੀ ਫੌਜ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਾਰਨ ਸਰਹੰਦ ਦੀ ਫੌਜ ਨੂੰ ਉਥੋਂ ਪਿੱਛੇ ਜਾਣਾ ਪਿਆ।ਮੁਕਤਸਰ ਦੀ ਜੰਗ ਦੇ ਸਮੇਂ ਬਾਰੇ ਡਾ.ਗੰਡਾ ਸਿੰਘ ਜੀ ਗੁਰ ਸੋਭਾ ਦੀ ਭੂਮਿਕਾ ਵਿਚ ਪੰਨਾ 57 ਤੇ ਸਾਰੇ ਪੁਰਾਤਨ ਸ੍ਰੋਤਾਂ ਦੇ ਆਧਾਰ ਤੇ ਲਿਖਦੇ ਹਨ : ਇਹ ਜੰਗ 30 ਪੋਹ ਸੰਮਤ 1762 (29 ਦਸੰਬਰ 1705 ਈ:) ਮਾਘ ਵਦੀ 10 ਲੋਹੜੀ ਦੇ ਦਿਨ ਹੋਈ। ਅਗਲੇ ਦਿਨ ਮਾਘੀ ਮਾਘ ਦੀ ਸੰਗਰਾਂਦ ਸੀ ਜਿਸ ਦਿਨ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ। ਦੇਸਾ ਸਿੰਘ ਭੱਟ ਵਹੀ ਤਲੌਂਢਾ, ਕੋਇਰ ਸਿੰਘ ਦੇ ਗੁਰਬਿਲਾਸ ਪਾ:10, ਸੁੱਖਾ ਸਿੰਘ ਦੇ ਗੁਰਬਿਲਾਸ ਪਾ:10 , ਸਰੂਪ ਸਿੰਘ ਗੁਰੂ ਕੀਆਂ ਸਾਖੀਆਂ, ਬੀਰ ਸਿੰਘ ਬਲ ਦੇ ਸਿੰਘ ਸਾਗਰ, ਸੰਤੋਖ ਸਿੰਘ ਦੇ ਸ੍ਰੀ ਗੁਰ ਪਰਤਾਪ ਸੂਰਜ ਗ੍ਰੰਥ ਸੂਰਜ ਪ੍ਰਕਾਸ਼ ਵਿਚ ਮਾਘ ਦੀ ਸੰਗਰਾਂਦ ਦਿੱਤਾ ਹੋਇਆ ਹੈ ਜੋ ਕਿ ਸਸਕਾਰ ਦਾ ਦਿਨ ਹੈ। ਫਿਰ ਆਪ 58 ਪੰਨੇ ਤੇ ਲਿਖਦੇ ਹਨ:- ਦੌਰੇ ਦੀ ਸਾਖੀ (ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਪੰਨਾ 116 ਦੀ ਸਾਖੀ 105), ਸੁਖਾ ਸਿੰਘ ਕ੍ਰਿਤ ਗੁਰਬਿਲਾਸ, ਭਾਈ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬ੍ਹੋ ਦਮਦਮਾ ਸਾਹਿਬ 9 ਮਹੀਨੇ 9 ਦਿਨ ਰਹੇ ਸਨ ਅਤੇ ਇਥੋਂ ਕਤਕ ਸੁਦੀ 5 (29 ਕਤਕ ਸੰਮਤ 1763 ਬਿ:) 30 ਅਕਤੂਬਰ 1706 ਈ: ਦੱਖਣ ਕੂਚ ਕੀਤਾ। ਪਿਛੇ ਨੂੰ ਗਿਣਤੀ ਕੀਤਿਆਂ ਇਸ ਲੇਖੇ ਮੁਕਤਸਰ ਦਾ ਜੁੱਧ ਲੋਹੜੀ-ਮਾਘੀ ਸਮਮਤ 1762 ਨੂੰ ਬਿਲਕੁਲ ਠੀਕ ਬੈਠਦਾ ਹੈ ਜਦੋਂ ਕਿ 29-30 ਦਸੰਬਰ ਸੰਨ 1705 ਸੀ। ਗੁਰੂ ਸਾਹਿਬ ਦਮਦਮਾ ਸਾਹਿਬ 20-21 ਜਨਵਰੀ 1705 ਈ; ਨੂੰ ਪੁੱਜੇ ਹੋਣਗੇ। 31 ਦਸੰਬਰ ਤੋਂ 21 ਜਨਵਰੀ ਤਕ 21-22 ਦਿਨ ਮੁਕਤਸਰੋਂ ਦਮਦਮੇ ਸਾਹਿਬ ਤਕ ਸਫਰ ਵਿਚ ਲੱਗ ਗਏ ਹੋਣੇ ਹਨ। ਕਾਂ ਦੀ ਉਡਾਰੀ ਸਿਧਾ ਪੰਧ 48 ਕੁ ਮੀਲ ਹੈ, ਛੋਟੇ ਛੋਟੇ ਪੜਾਉ ਕਰਦੇ ਅਤੇ ਰਾਹ ਵਿਚ ਲੋੜ ਅਨੁਸਾਰ ਠਹਿਰਦੇ ਜਾਣ ਨਾਲ ਇੰਨੇ ਕੁ ਦਿਨ ਤਾਂ ਲੱਗ ਹੀ ਜਾਣੇ ਸਨ।

ਵੈਸਾਖ ਵਿਚ ਇਹ ਜੰਗ ਹੋਈ ਇਹ ਗੱਲ ਕਿਵੇਂ ਪ੍ਰਚਲਤ ਹੋ ਗਈ? ਇਸ ਬਾਰੇ ਵੀ ਡਾ.ਗੰਡਾ ਸਿੰਘ ਜੀ ਪੰਨਾ 57-58 ਤੇ ਲਿਖਦੇ ਹਨ:

ਗਿ: ਗਿਆਨ ਸਿੰਘ ਨੇ ਪਹਿਲਾਂ ਆਪਣੀ ਕ੍ਰਿਤ ਤਵਾਰੀਖ ਗੁਰੂ ਖਾਲਸਾ ਅਤੇ ਪੰਥ ਪਰਕਾਸ਼ ਵਿਚ ਮੁਕਤਸਰ ਦੇ ਜੁੱਧ ਦੀ ਤਾਰੀਖ ਬਸਾਖ ਦਿੱਤੀ ਸੀ ਪਰ ਸੰਮਤ ਕਿਧਰੇ 1761 (ਦੂਜੀ ਵਾਰ ਪੰਨਾ 226) ਅਤੇ ਕਿਧਰੇ 1762 (ਛੇਵੀਂ ਬਾਰ ਪੰਨਾ 279) ਦਿੱਤਾ ਹੋਇਆ ਸੀ। ਪਰ ਤਵਾਰੀਖ ਗੁਰੂ ਖਾਲਸਾ ਦੇ ਸੋਧੇ ਹੋਏ ਉਰਦੂ ਐਡੀਸ਼ਨ ਵਿਚ ਜੋ ਸਨ 1923 ਈ: ਵਿਚ ਪ੍ਰਕਾਸ਼ਤ ਹੋਇਆ ਸੀ, ਇਸ ਵਿਚ ਤਾਰੀਖ ਨੂੰ ਠੀਕ ਕਰ ਦਿੱਤਾ ਅਤੇ ਲਿਖਿਆ ਕਿ ਇਹ ਜੁੱਧ ਏਕਮ ਮਾਘ 1762 ਨੂੰ ਹੋਇਆ ਸੀ ( ਚੌਥੀ ਵਾਰ ਪੰਨਾ 187)।

ਇਸ ਦੇ ਨਾਲ ਹੀ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਤੋਂ ਬਾਅਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਮਾਛੀਵਾੜੇ ਠਹਿਰੇ ਸਨ ਜਿਥੋਂ ਉਨ੍ਹਾਂ ਦੇ ਮੁਸਲਮਾਨ ਸ਼ਰਧਾਲੂਆਂ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿਚ ਅੱਗੇ ਪਹੁੰਚਾਇਆ ਸੀ।ਕਾਰਨ ਸ਼ਪੱਸ਼ਟ ਹੈ ਕਿ ਸਰਹੰਦੀ ਫੌਜਾਂ ਗੁਰੂ ਜੀ ਦੀ ਪੂਰੀ ਸੂਹ ਲਾਉਣ ਅਤੇ ਉਨ੍ਹਾਂ ਨੂੰ ਜੀਵਤ ਪਕੜਨ ਜਾਂ ਉਨ੍ਹਾਂ ਦੀ ਹੋਂਦ ਨੂੰ ਮਿਟਾਉਣ ਦਾ ਪੂਰਾ ਯਤਨ ਕਰ ਰਹੀਆਂ ਸਨ।ਇਹੀ ਫੌਜਾਂ ਸੂਹ ਪਤਾ ਲਾਉਂਦੀਆਂ ਖਿਦਰਾਣੇ ਦੀ ਢਾਬ ਤੇ ਜਾ ਪਹੁੰਚੀਆਂ ਸਨ ਜਿਥੇ ਭਾਰੀ ਜੰਗ ਹੋਇਆ।ਮੌਜੂਦਾ ਬਠਿੰਡੇ ਦਾ ਇਲਾਕਾ ਤਲਵੰਡੀ ਸਾਬ੍ਹੋ ਦਾ ਕੇਂਦਰ ਮੁਲਤਾਨ ਦੇ ਪਰਗਣੇ ਅਧੀਨ ਸੀ ਜਿਸ ਕਾਰਨ ਸਰਹੰਦ ਦਾ ਨਵਾਬ ਇਸ ਇਲਾਕੇ ਵਿਚ ਸਿੱਧਾ ਦਖਲ ਨਹੀਂ ਸੀ ਦੇ ਸਕਦਾ। ਚੌਧਰੀ ਡੱਲਾ ਜੋ ਗੁਰੂ ਜੀ ਦਾ ਅਨਿੰਨ ਸ਼ਰਧਾਲੂ ਸੀ ਨੂੰ ਵਜ਼ੀਰ ਖਾਂ ਨੇ ਇਹ ਸੁਨੇਹਾ ਵੀ ਭੇਜਿਆ ਸੀ ਕਿ ਉਹ ਗੁਰੂ ਜੀ ਨੂੰ ਆਪਣੇ ਕੋਲ ਨਾ ਰੱਖੇ ਅਤੇ ਮੇਰੇ ਹਵਾਲੇ ਕਰ ਦੇਵੇ। ਭਾਈ ਡੱਲੇ ਨੇ ਵਜ਼ੀਰ ਖਾਂ ਦੀ ਇਸ ਬਦਨੀਤੀ ਭਰੀ ਸਲਾਹ ਦਾ ਬੁਰਾ ਹੀ ਨਹੀਂ ਸੀ ਮਨਾਇਆ ਸਗੋਂ ਮੋੜਵਾਂ ਤੇ ਠੋਕਵਾਂ ਉੱਤਰ ਵੀ ਦਿੱਤਾ ਸੀ।ਸੋ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ ਕਿ 6-7 ਮਹੀਨੇ ਦਾ ਸਮਾਂ ਗੁਰੂ ਜੀ ਇਸ ਇਲਾਕੇ ਵਿਚ ਠਹਿਰੇ ਹੋਣ। ਮੋਟੇ ਤੌਰ ਤੇ ਅਸੀਂ ਨਿੱਕੇ ਪੜਾਵਾਂ ਨੂੰ ਛੱਡਦਿਆਂ ਅਨੰਦਪੁਰ ਛੱਡਣ ਤੋਂ ਮੁਕਤਸਰ ਪਹੁੰਚਣ ਤਕ ਦੇ ਸਮੇਂ ਨੂੰ ਇਵੇਂ ਸਮਝ ਸਕਦੇ ਹਾਂ

ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਮੁਕਤਸਰ ਤਕ
6 ਪੋਹ 1762 ਅਨੰਦਪੁਰ ਸਾਹਿਬ, 7 ਪੋਹ ਸਿਰਸਾ ਰੋਪੜ, 8 ਪੋਹ ਚਮਕੌਰ ਸਾਹਿਬ, 9-12 ਪੋਹ ਮਾਛੀਵਾੜਾ, 14 ਪੋਹ ਅਜਨੇਰ, ਰਾਮਪੁਰ, 15 ਪੋਹ ਰਾਮਪੁਰ ਤੋਂ ਰਵਾਨਗੀ-ਕਨੇਚ, ਆਲਮਗੀਰ, 16 ਪੋਹ ਚਨਾਲੋਂ, ਮੋਹੀ, 17 ਪੋਹ ਹੇਹਰ ਤੋਂ ਚਲਕੇ ਰਾਏਕੋਟ ਪਹੁੰਚੇ, 18 ਪੋਹ ਰਾਏਕੋਟ ਠਹਿਰੇ, 19 ਪੋਹ ਲੰਮੇ ਜੱਟ ਪੁਰੇ, 20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ, 21 ਪੋਹ ਦੀਨੇ, 22 ਪੋਹ ਦਇਆ ਸਿੰਘ ਤੇ ਧਰਮ ਸਿੰਘ ਜ਼ਫਰਨਾਮਾ ਲੇ ਕੇ ਔਰੰਗਜ਼ੇਬ ਨੂੰ ਮਿਲਣ ਗਏ, 26 ਪੋਹ ਭਗਤਾ ਠਹਿਰੇ, 27 ਪੋਹ ਬਰਗਾਣੀ, ਬਹਿਬਲ, ਸਰਾਣਾ, 28 ਪੋਹ ਕੋਟਕਪੂਰਾ, ਢਿਲਵਾਂ ਠਹਿਰੇ ਰਾਤ, 29 ਪੋਹ ਜੈਤ ਨਗਰ, ਰਾਮੇਆਣਾ ਠਹਿਰੇ, 30 ਪੋਹ ਰੂਪਿਆਣਾ ਤੇ ਖਿਦਰਾਣੇ ਦੀ ਢਾਬ ਤੇ ਜੰਗ, 1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ।

ਹਰਜਿੰਦਰ ਸਿੰਘ ਸਭਰਾਅ
98555-98833


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top