Share on Facebook

Main News Page

ਦਰਬਾਰ ਸਾਹਿਬ ਵਿਚ ਕੀਰਤਨੀਆਂ ਵਲੋਂ, ਪਰਮਾਤਮਾ ਦੀ ਕੀਰਤੀ ਛੱਡ, ਮਹਾਕਾਲ ਦੀ ਪੂਜਾ

ਆਮ ਕਿਹਾ ਜਾਂਦਾ ਹੈ ਕਿ ਗ੍ਰੰਥੀ ਸਿੰਘ, ਗੁਰੂ ਮਹਾਰਾਜ ਦੇ ਵਜ਼ੀਰ ਹੁੰਦੇ ਹਨ। ਵਜ਼ੀਰ ਦਾ ਕੰਮ ਹੁੰਦਾ ਹੈ, ਰਾਜੇ ਨੂੰ ਸਲਾਹ ਦੇਣੀ। ਅਕਸਰ ਵਜ਼ੀਰ ਉਸ ਨੂੰ ਹੀ ਲਾਇਆ ਜਾਂਦਾ ਹੈ, ਜੋ ਰਾਜੇ ਨਾਲੋਂ ਸਿਆਣਾ ਹੋਵੇ, ਰਾਜੇ ਦੀ ਯੋਗਤਾ ਦਾ ਆਧਾਰ ਬਹਾਦਰੀ ਹੁੰਦਾ ਸੀ, ਜਦ ਕਿ ਵਜ਼ੀਰ ਦੀ ਯੋਗਤਾ ਦਾ ਆਧਾਰ, ਸਿਆਣਪ ਹੁੰਦਾ ਹੈ। ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰਾਂ ਬਾਰੇ ਵੀ, ਅਜਿਹਾ ਹੀ ਸੋਚਿਆ ਜਾਣਾ ਚਾਹੀਦਾ ਹੈ?
ਕੀਰਤਨ, ਕੀਰਤੀ, ਵਡਿਆਈ ਕਰਨ ਵਾਲੇ ਨੂੰ ਕੀਰਤਨੀਆ ਕਿਹਾ ਜਾਂਦਾ ਹੈ। ਸਿੱਖੀ ਵਿਚ ਵਡਿਆਈ ਪਰਮਾਤਮਾ ਦੀ ਹੁੰਦੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਗਿਆਨ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਅਕਾਲ ਤਖਤ ਸਾਹਿਬ ਦੇ ਮਹਾਨ ਸਿੰਘ ਸਾਹਿਬ ਦੇ ਹੁਕਮ ਅਨੁਸਾਰ (ਸਾਰੇ ਪੰਥ ਨੂੰ ਠੇਂਗੇ ਤੇ ਰੱਖ ਕੇ) ਮਨਾਉਂਦਿਆਂ ਪੰਥ ਦੇ ਮਹਾਨ ਕੀਰਤਨੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ, ਕੀਰਤਨ, ਕੀਰਤੀ, ਵਡਿਆਈ ਕੁਝ ਇਵੇਂ ਕੀਤੀ।

ਅਬ ਮੈ ਅਪਨੀ ਕਥਾ ਬਖਾਨੋ । ਤਪ ਸਾਧਤ ਜਿਹ ਬਿਧਿ ਮੁਹਿ ਆਨੋ । ਹੇਮ ਕੁੰਟ ਪਰਬਤ ਹੈ ਜਹਾਂ । ਸਪਤਸ੍ਰਿੰਗ ਸੋਭਿਤ ਹੈ ਤਹਾਂ ।1।
ਸਪਤਸ੍ਰਿੰਗ ਤਿਹ ਨਾਮੁ ਕਹਾਵਾ । ਪੰਡੁਰਾਜ ਜਹ ਜੋਗੁ ਕਮਾਵਾ । ਤਹ ਹਮ ਅਧਿਕ ਤਪੱਸਿਆ ਸਾਧੀ । ਮਹਾਂਕਾਲ ਕਾਲਕਾ ਅਰਾਧੀ ।2।
ਇਹ ਬਿਧਿ ਕਰਤ ਤਪੱਸਿਆ ਭਯੋ । ਦਵੈ ਤੇ ਏਕ ਰੂਪ ਹਵੈ ਗਯੋ । ਤਾਤ ਮਾਤ ਮੁਰ ਅਲਖ ਅਰਾਧਾ । ਬਹੁ ਬਿਧਿ ਜੋਗ ਸਾਧਨਾ ਸਾਧਾ ।3।
ਤਿਨ ਜੋ ਕਰੀ ਅਲਖ ਕੀ ਸੇਵਾ । ਤਾਤੇ ਭਏ ਪ੍ਰਸੰਂਨਿ ਗੁਰਦੇਵਾ । ਤਿਨ ਪ੍ਰਭ ਜਬ ਆਇਸ ਮੁਹਿ ਦੀਯਾ । ਤਬ ਹਮ ਜਨਮ ਕਲੂ ਮਹਿ ਲੀਆ ।4।
ਚਿਤ ਨ ਭਯੋ ਹਮਰੋ ਆਵਨ ਕਹਿ । ਚੁਭੀ ਰਹੀ ਸਰੁਤਿ ਪ੍ਰਭੁ ਚਰਨਨ ਮਹਿ । ਜਿਉ ਜਿਉ ਪ੍ਰਭ ਹਮ ਕੋ ਸਮਝਾਯੋ । ਇਮ ਕਹਿ ਕੈ ਇਹ ਲੋਕ ਪਠਾਯੋ ।5।

ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ।
ਜਬ ਪਹਿਲੇ ਹਮ ਸ੍ਰਿਸਟਿ ਬਨਾਈ । ਦਈਅਤ ਰਚੇ ਦੁਸਟ ਦੁਖਦਾਈ ।
ਤੇ ਭੁਜ ਬਲ ਬਵਰੇ ਹਵੈ ਗਏ । ਪੂਜਤ ਪਰਮ ਪੁਰਖ ਰਹਿ ਗਏ ।6।

(ੳ) ਬਚਿੱਤ੍ਰ ਨਾਟਕ ਦੇ ਲਿਖਾਰੀ ਨੂੰ, ਪਰਮਾਤਮਾ ਨੇ ਆਪਣੇ ਕੋਲ ਸੱਦ ਕੇ, ਇਵੇਂ ਕਿਹਾ “ਜਦ ਮੈਂ ਸ੍ਰਿਸ਼ਟੀ ਬਣਾਈ, ਤਾਂ ਸਭ ਤੋਂ ਪਹਿਲਾਂ ਦੈਂਤ ਬਣਾਏ। ਉਹ ਦੁਸ਼ਟ ਆਪਣੀ ਤਾਕਤ ਦੇ ਨਸ਼ੇ ਵਿੱਚ ਇਨੇ ਪਾਗਲ ਹੋ ਗਏ ਕਿ ਮੈਂ ਜੋ ਪਰਮ-ਪੁਰਖ ਪਰਮਾਤਮਾ ਹਾਂ, ਉਹ ਮੇਰੀ ਪੂਜਾ ਕਰਨ ਤੋਂ ਵੀ ਹਟ ਗਏ।

(ੲ) ਇਸ ਤੋਂ ਦੋ ਗੱਲਾਂ ਉਭਰ ਕੇ ਸਾਮ੍ਹਣੇ ਆਉਂਦੀਆਂ ਹਨ।

  1. ਜੋ ਵੀ ਆਪਣੀ ਇਹ ਕਹਾਣੀ, ਬਚਿਤ੍ਰ ਨਾਟਕ ਦੇ ਲਿਖਾਰੀ ਨੂੰ ਸੁਣਾ ਰਿਹਾ ਹੈ (ਮੈਨੂੰ ਦਸਮ ਗ੍ਰੰਥ ਲਿਖਣ ਤੋਂ ਇਸ ਕਰ ਕੇ ਸੰਕੋਚ ਹੋ ਰਿਹਾ ਹੈ, ਕਿਉਂਕਿ ਮੈਂ ਦਾਵ੍ਹੇ ਨਾਲ ਕਹਿ ਸਕਦਾ ਹਾਂ ਕਿ, ਜੋ ਗੱਲ ਅੱਗੇ ਆ ਰਹੀ ਹੈ, ਉਸ ਨੂੰ ਦਸਵੇਂ ਨਾਨਕ ਜੀ ਕਿਸੇ ਹਾਲਤ ਵਿੱਚ ਵੀ ਨਹੀਂ ਲਿਖ ਸਕਦੇ) ਉਹ ਭੁਲਣਹਾਰ ਹੈ।
  2. ਲਿਖਾਰੀ ਵੀ ਇਹ ਲਿਖ ਕੇ ਇਸ ਗੱਲ ਦੀ ਪ੍ਰੌੜ੍ਹਤਾ ਕਰ ਰਿਹਾ ਹੈ ਕਿ, ਜਿਸ ਨੂੰ ਉਹ ਪਰਮ-ਪੁਰਖ, ਪਰਮੇਸ਼ਰ ਕਹਿ ਰਿਹਾ ਹੈ, ਉਹ ਉਕਾਈ ਰਹਿਤ ਨਹੀਂ ਹੈ।

ਜਦ ਕਿ ਦਸਵੇਂ ਨਾਨਕ ਜੀ ਨੇ ਜਿਸ ਗ੍ਰੰਥ ਦੇ ਲੜ ਪੰਥ ਨੂੰ ਲਾਇਆ ਹੈ, ਉਸ ਵਿੱਚ ਲਿਖਿਆ ਹੈ ਕਿ ਗੁਰੂ ਅਤੇ ਕਰਤਾਰ, ਅਭੁੱਲ ਹਨ।

(ਅ) ਕਹਾਣੀ ਸੁਨਾਉਣ ਵਾਲਾ ਕਹਿੰਦਾ ਹੈ ਕਿ ਫਿਰ ਮੈਂ ਕ੍ਰੋਧ ਵੱਸ, ਇੱਕ ਪਲ ਵਿੱਚ ਦੈਂਤਾਂ ਦਾ ਖਾਤਮਾ ਕਰ ਦਿੱਤਾ, ਅਤੇ ਉਨ੍ਹਾਂ ਦੀ ਥਾਂ ਦੇਵਤਿਆਂ ਨੂੰ ਪੈਦਾ ਕੀਤਾ। ਉਹ ਦੇਵਤੇ ਵੀ ਆਪਣੀ ਪੂਜਾ ਕਰਵਾਉਣ ਲੱਗ ਪਏ, ਆਪਣੇ ਆਪ ਨੂੰ ਰੱਬ ਕਹਾਉਣ ਲਗ ਗਏ। ਸ਼ਿਵ ਨੇ ਆਪਣੇ-ਆਪ ਨੂੰ ਸਭ ਤੋਂ ਵੱਡਾ ਅਖਵਾਇਆ। ਵਿਸ਼ਨੂੰ ਨੇ ਆਪਣੇ-ਆਪ ਨੂੰ ਪਰਮੇਸ਼ਰ ਸਥਾਪਤ ਕਰ ਲਿਆ। ਬ੍ਰਹਮਾ ਆਪਣੇ ਆਪ ਨੂੰ ਪਾਰ-ਬ੍ਰਹਮ ਅਖਵਾਉਣ ਲਗ ਪਿਆ। (7-8)

ਪਰ ਇਸ ਵਾਰੀ ਨਾ ਤਾਂ ਭਗਵਾਨ ਜੀ ਨੂੰ ਗੁੱਸਾ ਹੀ ਆਇਆ ਅਤੇ ਨਾ ਹੀ ਉਸ ਨੇ ਦੇਵਤੇ ਖਤਮ ਕੀਤੇ। ਇੱਕ ਗੱਲ ਮੇਰੀ ਸਮਝ ਵਿੱਚ ਨਹੀਂ ਆ ਰਹੀ, ਕਿ ਜਦ (ਬਚਿਤ੍ਰ ਨਾਟਕ ਵਾਲੇ) ਪਰਮਾਤਮਾ ਨੇ ਦੇਵਤੇ ਬਨਾਉਣ ਤੋਂ ਪਹਿਲਾਂ ਹੀ ਸਾਰੇ ਦੈਂਤ ਖਤਮ ਕਰ ਦਿੱਤੇ ਸਨ, ਤਾਂ ਇਹ ਦੇਵਤਾ ਰੂਪੀ ਮਹਾਂਪੁਰਸ਼, ਚੰਡੀ, ਕਾਲੀ ਆਦਿ ਦੇਵੀਆਂ, (ਜਿਨ੍ਹਾਂ ਦੀ ਲੜਾਈ ਦੀ ਮਹਿਮਾਂ ਨਾਲ ਅੱਧਾ ਬਚਿਤ੍ਰ ਨਾਟਕ ਭਰਿਆ ਪਿਆ ਹੈ, ਜਿਸ ਦੀ ਮਹਿਮਾ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿੰਦੀਆਂ ਹਨ ਕਿ , ਇਸ ਯੁੱਧ ਬਾਰੇ ਪੜ੍ਹਨ ਨਾਲ ਬੰਦੇ ਨੂੰ ਜੋਸ਼ ਆਉਂਦਾ ਹੈ) ਉਹ ਸਾਰੀ ਉਮਰ ਕਿਸ ਨਾਲ ਯੁੱਧ ਕਰਦੇ ਰਹੇ? (ਜੇ ਕੋਈ ਮੈਨੂੰ ਇਹ ਬੁਝਾਰਤ ਸਮਝਾ ਦੇਵੇ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ) ਸ਼ਾਇਦ ਗੁਰੁ ਕੀਆਂ ਲਾਡਲਆਂ ਫੌਜਾਂ, ਏਸੇ ਕਰ ਕੇ ਹੀ ਭੰਗ ਨੂੰ ਸੁੱਖ-ਨਿਧਾਨ ਆਖ ਕੇ ਉਸ ਨੂੰ ਛਕਦੀਆਂ ਹਨ, ਤਾਂ ਜੋ ਉਸ ਦੀ ਲੋਰ ਵਿਚ ਲੜਾਈ ਦਾ ਇਹ ਹਵਾਈ-ਕਿਲ੍ਹਾ ਬਣਿਆ ਰਹੇ, ਕਿਤੇ ਢਹਿ ਨਾ ਜਾਏ।

ਜੇ ਮੈਂ ਭੁਲਦਾ ਨਹੀਂ ਤਾਂ ਇਹ ਆਪਣੇ ਆਪ ਨੂੰ ਪਰਮੇਸ਼ਰ ਸਥਾਪਤ ਕਰ ਲੈਣ ਵਾਲੇ ਵਿਸ਼ਨੂ ਵੀ ਉਹੀ ਮਹਾਂਪੁਰਸ਼ ਹਨ, (ਜਿਨ੍ਹਾਂ ਨੂੰ ਇਨ੍ਹਾਂ ਦਾ ਪਰਮਾਤਮਾ ਹੀ ਆਪਣੇ ਤੋਂ ਬਾਗੀ ਦੱਸ ਰਿਹਾ ਹੈ) ਜਿਸ ਦੇ ਨਾਂ ‘ਤੇ, ਦਰਬਾਰ ਸਾਹਿਬ ਦਾ ਨਾਮ ਬਦਲ ਕੇ ਹਰਿਮੰਦਰ ਰੱਖਿਆ ਗਿਆ ਹੈ। ਮਗਰੋਂ, ਮਹਾਰਾਜਾ ਰਣਜੀਤ ਸਿੰਘ ਨੇ, ਬ੍ਰਾਹਮਣੀ ਪ੍ਰਭਾਵ ਹੇਠ ਦਰਬਾਰ ਸਾਹਿਬ ਤੇ ਸੋਨਾ ਲਗਾ ਦਿੱਤਾ ਅਤੇ ਅੰਗਰੇਜ਼ਾਂ ਨੇ ਉਸ ਦਾ ਨਾਮ ਗੋਲਡਨ ਟੈਂਪਲ ਕਰ ਦਿੱਤਾ।

(ੲ) ਫਿਰ ਦੇਵਤਿਆਂ ਤੋਂ ਪਰੇਸ਼ਾਨ ਹੋ ਕੇ, ਬਚਿਤ੍ਰ ਨਾਟਕ ਦੇ ਰੱਬ ਜੀ ਨੇ ਅੱਠ ਸਾਖੀ (ਪ੍ਰਿਥਵੀ, ਧਰੂਵ, ਚੰਦਰਮਾ, ਸੂਰਜ, ਅੱਗ, ਹਵਾ, ਖਰਤਘੂਸ਼ ਅਤੇ ਧ੍ਰਭਾਵ) ਬਣਾਏ। ਇਨ੍ਹਾਂ ਨੂੰ ਜੀਵਾਂ ਦੀ ਗਵਾਹੀ ਦੇਣ ਲਈ ਥਾਪਿਆ ਗਿਆ ਸੀ। ਪਰ ਉਹ ਵੀ ਪ੍ਰਭੂ ਨੂੰ ਭੁੱਲ ਕੇ ਕਹਿਣ ਲਗ ਪਏ ਕਿ ਸਾਡੀ ਹੀ ਪੂਜਾ ਕਰੋ। ਉਹ ਪਰਮਾਤਮਾ ਦੀ ਸਾਰੀ ਗੱਲ ਹੀ ਭੁੱਲ ਗਏ, ਅਤੇ ਆਪਣੇ ਆਪ ਨੂੰ ਹੀ ਪਰਮੇਸ਼ਰ ਕਹਾਉਣ ਲਗ ਪਏ। (9-10-11-12)

(ਸ) ਜਦ ਇਨ੍ਹਾਂ ਸਾਰਿਆਂ ਨੇ ਵੀ ਪ੍ਰਭੂ ਨੂੰ ਨਾ ਪਛਾਣਿਆ ਤਾਂ, ਇਨ੍ਹਾਂ ਤੋਂ ਵੀ ਪਰੇਸ਼ਾਨ ਹੋ ਕੇ ਕਰਤਾਰ ਨੇ ਬੰਦੇ ਬਣਾਏ। (ਇਥੇ ਤਾਂ ਨਵਾਂ ਬਖੈੜਾ ਖੜਾ ਹੋ ਗਿਆ, ਜਦ ਪਹਿਲਾਂ ਬੰਦੇ ਹੀ ਨਹੀਂ ਸਨ ਤਾਂ, ਇਨ੍ਹਾਂ ਦੇ ਭਗਵਾਨ ਜੀ ਨੇ, ਕਿਸ ਦੀ ਗਵਾਹੀ ਲਈ, ਅੱਠ ਸਾਖੀ ਬਣਾਏ ਸਨ?) ਫਿਰ ਪਰਮੇਸ਼ਰ ਜੀ ਬੰਦਿਆਂ ਤੋਂ ਵੀ ਤੰਗ ਆ ਗਏ, ਕਿਉਂਕਿ ਇਹ ਬੰਦੇ ਵੀ ਪੱਥਰਾਂ ਨੂੰ ਹੀ ਰੱਬ ਮੰਨਣ ਲਗ ਪਏ।(13)

ਫਿਰ ਪਮਾਤਮਾ ਨੇ ਬੜੀਆਂ-ਬੜੀਆਂ ਸਿੱਧੀਆਂ ਕਰਨ ਵਾਲੇ ਸਾਧ ਬਣਾਏ, ਉਨ੍ਹਾਂ ਨੇ ਵੀ ਪਰਮਾਤਮਾ ਨੂੰ ਟਿੱਚ ਕਰ ਕੇ ਵੀ ਨਾ ਸਮਝਿਆ, ਬਲਕਿ ਆਪੋ-ਆਪਣੇ ਧਰਮ ਚਲਾ ਲਏ। (14-15-16)

ਫਿਰ ਉਨ੍ਹਾਂ ਤੋਂ ਵੀ ਪਰੇਸ਼ਾਨ ਹੋ ਕੇ ਪਰਮਾਤਮਾ ਨੇ ਰਿਸ਼ੀ-ਮੁਨੀ ਬਣਾਏ, ਜਿਨ੍ਹਾਂ ਨੇ ਪਰਮਾਤਮਾ ਨਾਲ ਜੁੜਨ ਦੀ ਥਾਂ ਆਪੋ-ਆਪਣੇ ਸ਼ਾਸਤ੍ਰਾਂ ਅਤੇ ਸਿੰਮ੍ਰਿਤੀਆਂ ਦੀ ਰਚਨਾ ਕਰ ਲਈ ਅਤੇ ਲੋਕਾਂ ਨੂੰ ਉਨ੍ਹਾਂ ਅਨੁਸਾਰ ਚਲਾਉਣ ਲਗ ਪਏ। ਪਰ ਪਰਮਾਤਮਾ ਦੀਆਂ ਮੁਸੀਬਤਾਂ ਦਾ ਇਥੇ ਵੀ ਅੰਤ ਨਹੀਂ ਹੋਇਆ। (17-18-19-20-21-22)

ਫਿਰ ਉਸ ਨੈ ਦੱਤਾ-ਤਰੇਯ ਨੂੰ ਉਤਪੰਨ ਕੀਤਾ, ਉਸ ਨੇ ਵੀ ਹੱਥਾਂ ਦੇ ਨਹੁੰ ਵਧਾ ਕੇ, ਜਟਾਂ ਬਣਾ ਕੇ ਆਪਣਾ ਨਵਾਂ ਹੀ ਪੰਥ ਚਲਾ ਲਿਆ। (23)

ਇਧਰੋਂ ਵੀ ਪਰੇਸ਼ਾਨ ਹੋ ਕੇ ਦਸਮ ਗ੍ਰੰਥੀਆਂ ਦੇ ਰੱਬ ਜੀ ਨੇ ਗੋਰਖ ਨੂੰ ਪੈਦਾ ਕੀਤਾ। ਉਸ ਨੇ ਵੀ ਆਪਣਾ ਹੀ ਮੱਤ ਚਲਾ ਕੇ ਵੱਡੇ-ਵੱਡੇ ਰਾਜਿਆਂ ਨੂੰ ਆਪਣੇ ਚੇਲੇ ਬਣਾ ਲਿਆ। ਉਸ ਨੇ ਆਪਣੇ ਚੇਲਿਆਂ ਦੇ ਕੰਨ ਪਾੜ ਕੇ ਉਨ੍ਹਾਂ ਵਿਚ ਮੁੰਦਰਾਂ ਪਾ ਦਿੱਤੀਆਂ, ਵਾਹਿਗੁਰੂ ਨਾਲ ਪਿਆਰ ਦੀ ਰੀਤ ਨੂੰ ਉਸ ਨੇ ਵੀ ਨਾ ਜਾਣਿਆ। (24)

ਇਸ ਵਲੋਂ ਵੀ ਮਾਯੂਸ ਹੋ ਕੇ ਰੱਬ ਜੀ ਨੇ ਰਾਮਾਨੰਦ ਨੂੰ ਪੈਦਾ ਕੀਤਾ। ਉਸ ਨੇ ਵੀ ਬੈਰਾਗੀ ਭੇਸ ਧਾਰਨ ਕਰ ਲਿਆ ਅਤੇ ਗੱਲ ਵਿਚ ਕਾਠ ਦੀ ਮਾਲਾ ਪਾ ਲਈ। ਕਰਤਾਰ ਦੀ ਪ੍ਰੇਮਾ-ਭਗਤੀ ਨੂੰ ਉਸ ਨੇ ਵੀ ਨਾ ਵਿਚਾਰਿਆ। (25)

ਫਿਰ ਪਰਮਾਤਮਾ ਨੇ, ਮਹਾਂ-ਪੁਰਸ਼ਾਂ ਨੂੰ ਪੈਦਾ ਕੀਤਾ, ਉਨ੍ਹਾਂ ਸਾਰਿਆਂ ਨੇ ਵੀ ਆਪੋ-ਆਪਣੇ ਰਾਹ ਚਲਾ ਲਏ। ਫਿਰ ਪ੍ਰਭੂ ਨੇ ਮਹਾਦੀਨ ਨੂੰ ਪੈਦਾ ਕੀਤਾ, ਉਸ ਨੂੰ ਅਰਬ ਦੇਸ਼ ਦਾ ਰਾਜਾ ਬਣਾ ਦਿੱਤਾ ਉਸ ਨੇ ਵੀ ਆਪਣਾ ਇਕ ਨਵਾਂ ਰਾਹ ਚਲਾ ਲਿਆ, ਆਪਣੇ ਚੇਲਿਆਂ ਦੀ ਸੁਨੱਤ ਕਰਾ ਦਿੱਤੀ ਅਤੇ ਸਭ ਕੋਲੋਂ ਆਪਣਾ ਨਾਮ ਜਪਾਇਆ। ਇਵੇਂ ਸਤਿਨਾਮ ਨੂੰ ਕਿਸੇ ਨੇ ਵੀ ਦ੍ਰਿੜ੍ਹ ਨਾ ਕੀਤਾ, ਸਭ ਆਪਣੀ-ਆਪਣੀ ਵਡਿਆਈ ਵਿੱਚ ਹੀ ਉਲਝ ਕੇ ਰਹਿ ਗਏ, ਪ੍ਰਭੂ ਨੂੰ ਕਿਸੇ ਵੀ ਨਾ ਪਛਾਣਿਆ। (26-27)

ਦਸਮ-ਗ੍ਰੰਥੀਆਂ ਦੇ ਰੱਬ-ਜੀ ਦੀ ਹਾਲਤ ਕਿੰਨੀ ਤਰਸ-ਯੋਗ ਸੀ? ਵਿਚਾਰੇ ਦੀ ਕਿਸੇ ਬੰਨੇ ਵੀ ਪੇਸ਼ ਨਹੀਂ ਜਾ ਰਹੀ ਸੀ, ਫਿਰ ਉਸ ਨੇ ਬਚਿਤ੍ਰ-ਨਾਟਕ ਦੇ ਲਿਖਾਰੀ ਨੂੰ ਸੱਦਿਆ ਅਤੇ ਇਹ ਬਚਨ ਕਹਿ ਕੇ ਮਾਤ-ਲੋਕ ਵਿਚ ਭੇਜ ਦਿਤਾ (28)

ਮੈ ਅਪਨਾ ਸੁਤ ਤੋਹਿ ਨਿਵਾਜਾ। ਪੰਥ ਪ੍ਰਚੁਰ ਕਰਬੇ ਕਹੁ ਸਾਜਾ। ਜਾਹਿ ਤਹਾ ਤੈ ਧਰਮੁ ਚਲਾਇ। ਕਬੁਧਿ ਕਰਨ ਤੇ ਲੋਕ ਹਟਾਇ।29।

ਲਿਖਾਰੀ ਲਿਖਦਾ ਹੈ ਕਿ ਮੈਂ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਸਿਰ ਨਿਵਾ ਕੇ ਬੇਨਤੀ ਕੀਤੀ ਕਿ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ, ਤਾਂ ਹੀ ਸੰਸਾਰ ਵਿਚ ਧਰਮ ਚਲੇਗਾ। ਆਪ ਦੀ ਕਿਰਪਾ ਬਿਨਾ ਮੈਂ ਇਹ ਕੰਮ ਨਹੀਂ ਕਰ ਸਕਾਂਗਾ। ਇਵੇਂ ਪ੍ਰਭੂ ਨੇ ਮੈਨੂੰ ਇਸ ਲੋਕ ਵਿੱਚ ਭੇਜ ਦਿੱਤਾ, ਉਸ ਦੀ ਆਗਿਆ ਅਨੁਸਾਰ ਮੈਂ ਇਸ ਸੰਸਾਰ ਵਿਚ ਜਨਮ ਲਿਆ।(30-31)

ਇਕ ਚੀਜ਼, ਜੋ ਵਿਚਾਰ ਮੰਗਦੀ ਹੈ, ਉਹ ਇਹ ਹੈ ਕਿ ਲਿਖਾਰੀ ਨੇ, ਇਸ ਪ੍ਰਸੰਗ ਵਿੱਚ ਆਪਣੇ ਇਸ਼ਟ (ਜੋ ਇਸ ਗ੍ਰੰਥ ਵਿਚ ਬਹੁਤ ਥਾਂ ਤੇ ਸਪੱਸ਼ਟ ਹੁੰਦਾ ਹੈ) ਦੀ ਝਲਕ ਵਿਖਾਉਂਦਿਆਂ ਦੱਸਿਆ ਹੈ ਕਿ ਉਸ ਦਾ ਇਸ਼ਟ, ਮਹਾਕਾਲ ਅਤੇ ਉਸ ਦੀ ਘਰ ਵਾਲੀ ਕਾਲਕਾ ਹੈ (2) (ਜਿਨ੍ਹਾਂ ਬਾਰੇ ਜਾਣਕਾਰੀ ਥੱਲੇ ਨੋਟ ਵਿੱਚ ਦਿੱਤੀ ਹੈ) ਦੀ ਕੀਰਤੀ, ਵਡਿਆਈ, ਕਿਤੇ ਵੀ ਨਹੀਂ ਕੀਤੀ, ਬਲਕਿ ਉਲਟਾ ਹਰ ਥਾਂ ਉਸ ਨੂੰ ਭੁਲਣਹਾਰ ਵਿਖਾਇਆ ਹੈ, ਹਰ ਥਾਂ ਉਸ ਦੀ ਹਾਲਤ ਬੜੀ ਤਰਸ-ਯੋਗ ਵਿਖਾਈ ਹੈ। ਲਿਖਾਰੀ ਨੇ ਕਿਤੇ ਵੀ ਇਹ ਨਹੀਂ ਦਰਸਾਇਆ ਕਿ ਮੇਰਾ ਸਬੰਧ ਬਾਬਾ ਨਾਨਕ ਜੀ ਨਾਲ ਹੈ, ਮੈਂ ਉਨ੍ਹਾਂ ਦਾ ਦਸਵਾਂ ਪੈਰੋਕਾਰ ਹਾਂ। ਨਾ ਹੀ ਗੁਰੂ ਨਾਨਕ ਜੀ ਦੇ ਬਾਕੀ ਪੈਰੋਕਾਰਾਂ ਦਾ ਵੀ ਕਿਤੇ ਜ਼ਿਕਰ ਕੀਤਾ ਹੈ। (ਮਗਰੋਂ ਦਸਮ ਗ੍ਰੰਥੀਆਂ ਨੇ “ਪਾਤਸ਼ਾਹੀ 10” ਲਿਖ ਕੇ, ਦਸਵੇਂ ਨਾਨਕ ਜੀ ਦੀ ਬੇਅਦਬੀ ਕਰਨ ਦਾ ਘੋਰ ਪਾਪ ਕੀਤਾ ਹੈ)

ਜ਼ਾਹਰ ਹੈ ਕਿ ਸਿੱਖੀ ਦਾ ਮਾਰਗ ਗੁਰੂ ਨਾਨਕ ਜੀ ਤੋਂ ਚਲਿਆ ਸੀ, ਉਸ ਨੂੰ ਹੀ ਪੰਥ ਕਿਹਾ ਜਾਂਦਾ ਹੈ। ਬਾਬਾ ਨਾਨਕ ਜੀ ਦਾ ਪਰਮਾਤਮਾ ਸਰਬ-ਸਮਰੱਥ ਹੈ, ਸਾਰੇ ਉਸ ਦੇ ਹੁਕਮ ਵਿੱਚ ਚਲਦੇ ਹਨ। ਉਸ ਨੂੰ ਆਪਣੀ ਵਡਿਆਈ ਕਰਵਾਉਣ ਦਾ ਕੋਈ ਸ਼ੌਕ ਨਹੀਂ ਹੈ। ਜੋ ਬੰਦਾ ਵੀ ਉਸ ਨਾਲ ਜੁੜੇਗਾ, ਉਸ ਨੇ ਆਪਣਾ ਜਨਮ ਸਵਾਰਨਾ ਹੈ, ਉਸ ਵਲੋਂ ਕੀਤੀ ਭਗਤੀ ਦਾ ਵਾਹਿਗੁਰੂ ਜੀ ਤੇ ਕੋਈ ਅਸਰ ਨਹੀਂ ਪੈਂਦਾ। ਉਸ ਦੇ ਹੁਕਮ ਤੋਂ ਬਾਹਰ ਤਾਂ ਪੱਤਾ ਵੀ ਨਹੀਂ ਹਿਲ ਸਕਦਾ। ਸਾਰੀ ਦੁਨੀਆਂ ਦੇ ਜ਼ੱਰੇ-ਜ਼ੱਰੇ ਵਿਚ ਹੁੰਦਿਆਂ ਵੀ ਉਸ ਦੀ ਆਪਣੀ ਕੋਈ ਸ਼ਕਲ ਜਾਂ ਆਕਾਰ ਨਹੀਂ ਹੈ, ਜੋ ਉਹ ਕਿਸੇ ਨੂੰ ਸੱਦ ਕੇ, ਉਸ ਨਾਲ ਗੱਲਾਂ ਕਰੇ, ਉਸ ਅੱਗੇ ਆਪਣਾ ਦੁੱਖੜਾ ਰੋਏ।

(ਇਹ ਤਾਂ ਬ੍ਰਾਹਮਣਾਂ ਵਲੋਂ ਆਪੂੰ ਥਾਪੇ ਭਗਵਾਨਾਂ ਵਰਗਾ ਹੀ ਕੋਈ ਭਗਵਾਨ ਹੈ, ਜਿਸ ਦੀ ਉਸਤਤ ਜਾਂ ਨਖੇਧੀ ਆਪਣੀ ਲੋੜ ਅਨੁਸਾਰ ਬ੍ਰਾਹਮਣ ਕਰਦਾ ਰਹੰਦਾ ਹੈ। ਇਸ ਦੇ ਚੇਲੇ (ਦਸਮ ਗ੍ਰੰਥੀਏ) ਵੀ ਬ੍ਰਾਹਮਣਾਂ ਦੀ ਹੀ ਕਿਸੇ ਨਸਲ ਵਿਚੋਂ ਹੋਣੇ ਹਨ। ਜੋ ਆਪਣੇ ਰੱਬ ਜੀ ਦੀ ਆਪ ਹੀ ਮਿੱਟੀ ਪਲੀਤ ਕਰ ਰਹੇ ਹਨ। ਪਰ ਸਵਾਲ ਤਾਂ ਇਹ ਹੈ ਕਿ, ਰਹਿਤ-ਮਰਯਾਦਾ ਵਿਚ ਸਪੱਸ਼ਟ ਲਿਖਿਆ ਹੈ ਕਿ ਗੁਰਦਵਾਰੇ ਵਿਚ ਕਥਾ ਜਾਂ ਕੀਰਤਨ, ਕੋਈ ਗੁਰਸਿੱਖ ਹੀ ਕਰ ਸਕਦਾ ਹ । ਇਹ ਤਾਂ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਇਸ ਤੇ ਅਨ-ਮਤੀਆਂ ਨੂੰ ਆਪਣੇ ਇਸ਼ਟ ਦੀ ਮਿੱਟੀ ਪਲੀਤ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ? ਕੀ ਮੱਕੜ ਨੇ? ਉਸ ਨੂੰ ਇਹ ਹੱਕ ਕਿਸ ਨੇ ਦਿੱਤਾ? ਇਹ ਸਾਰੀਆਂ ਗੱਲਾਂ ਪੰਥ ਨੂੰ ਵਿਚਾਰ ਕੇ, ਇਨ੍ਹਾਂ ਦੇ ਜਵਾਬ ਲੱਭਣ ਦੀ ਲੋੜ ਹੈ, ਤਾਂ ਜੋ ਭਵਿੱਖ ਵਿੱਚ, ਗੁਰ ਅਸਥਾਨ ‘ਤੇ ਅਜਿਹੀ ਗਲਤ ਕਿਰਿਆ ਦੁਬਾਰਾ ਹੋਣ ਦੀ ਸੰਭਾਵਨਾ ਨਾ ਰਹੇ।)

ਅਜਿਹੀ ਹਾਲਤ ਵਿਚ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਇਹ ਰਾਗੀ, ਪਰਮਾਤਮਾ ਦੇ ਕੀਰਤਨੀਏ, ਕਰਤਾਰ ਦੀ ਵਡਿਆਈ ਕਰਨ ਵਾਲੇ ਨਹੀਂ ਸਨ। ਨਾ ਹੀ ਬਚਿਤ੍ਰ-ਨਾਟਕ, ਜਾਂ ਉਸ ਨੂੰ ਜੋ ਮਰਜ਼ੀ ਕਹਿ ਲਵੋ, ਦਸਮ ਗ੍ਰੰਥ ਦੇ ਲਿਖਾਰੀ ਦਾ, ਨਾਨਕ ਜੋਤ ਨਾਲ ਕੋਈ ਸਬੰਧ ਹੈ। ਨਾ ਹੀ ਦਸਮ ਗ੍ਰੰਥ ਵਿਚਲੇ ਪਰਮਾਤਮਾ ਦਾ ਗੁਰੂ ਗ੍ਰੰਥ ਸਾਹਿਬ ਵਿਚਲੇ ਪਰਮਾਤਮਾ ਨਾਲ ਕੋਈ ਸਬੰਧ ਹੈ। ਇਹ ਸਾਰਾ ਕੁੱਝ ਵਿਚਾਰ ਕੇ ਸਿੱਖਾਂ ਨੂੰ ਅਜਿਹੀਆਂ ਆਪਹੁਦਰੀਆਂ ਗੱਲਾਂ ਤੇ ਰੋਕ ਲਗਾਉਣੀ ਚਾਹੀਦੀ ਹੈ।

(ਨੋਟ: ਬਚਿਤ੍ਰ ਨਾਟਕ ਅਨੁਸਾਰ ਮਹਾਕਾਲ ਅਤੇ ਕਾਲਕਾ ਜੋ, ਬਚਿਤ੍ਰ ਨਾਟਕ ਦੇ ਲਿਖਾਰੀ ਦਾ ਪਿਤਾ ਅਤੇ ਮਾਤਾ ਹੈ, ਸਰਬਕਾਲ (ਮਹਾਕਾਲ) ਹੈ ਪਿਤਾ ਹਮਾਰਾ। ਦੇਬਿ ਕਾਲਕਾ ਮਾਤ ਹਮਾਰਾ। ਪੰਨਾ 73।
ਜਿਨ੍ਹਾਂ ਦੇ ਚਰਨਾਂ ਵਿੱਚ, ਬਚਿਤ੍ਰ ਨਾਟਕ ਦੇ ਲਿਖਾਰੀ ਦੀ ਸੁਰਤ ਜੁੜੀ ਰਹਿੰਦੀ ਹੈ, ਜੋ ਕੀਰਤਨੀਏ, ਦਰਬਾਰ ਸਾਹਿਬ ਵਿੱਚ ਗਾ ਰਹੇ ਸਨ,

ਚਿਤ ਨ ਭਯੋ ਹਮਰੋ ਆਵਨ ਕਹਿ। ਚੁਭੀ ਰਹੀ ਸਰੁਤਿ ਪ੍ਰਭੁ ਚਰਨਨ ਮਹਿ।

ਮਹਾਕਾਲ ਦਾ ਸਿੱਖ ਬਨਾਉਣ ਦੀ ਵਿਧੀ?

ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਲਾਇ। ਪੰਨਾ 1210

ਅਰਥਾਤ ਮਹਾਕਾਲ ਦਾ ਸਿੱਖ ਬਨਾਉਣ ਲਈ, ਖੰਡੇ-ਬਾਟੇ ਦੀ ਪਾਹੁਲ ਦੀ ਨਹੀਂ ਬਲਕਿ ਸ਼ਰਾਬ ਅਤੇ ਭੰਗ ਛਕਾਉਣ ਦੀ ਵਿਧੀ ਹੈ।

ਬੇਨਤੀ ਚੌਪਈ ਵਿੱਚ (ਪੰਨਾ 309) ਜਿੱਥੇ, ਦਸਮ ਗ੍ਰੰਥੀਏ ਪੜ੍ਹਦੇ ਹਨ: ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ। ਕਿਸਨ ਬਿਸਨ ਕਬਹੁ ਨ ਧਿਆਊਂ। ਛੰਦ 434

(ਉਸ ਥਾਂ ਨਾਲ ਹੀ ਇਹ ਵੀ ਪੜ੍ਹਦੇ ਹਨ) ਮਹਾਕਾਲ ਰਖਵਾਰ ਹਮਾਰੋ। ਮਹਾਲੋਹ ਹਮ ਕਿੰਕਰ ਥਾਰੋ। ਛੰਦ 435

ਜਦ ਕਿ ਗੁਰਬਾਣੀ ਕਹਿੰਦੀ ਹੈ : ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ॥1॥ ਰਹਾਉ॥ ( 885 )

ਹੇ ਭਾਈ, ਅਮੋਲਕ ਗੋਪਾਲ ਦਾ, ਗੋਬਿੰਦ ਦਾ ਨਾਮ ਜਪ ਕੇ, ਰਾਮ ਦੇ ਨਾਮ ਦਾ ਸਿਮਰਨ ਕਰ ਕੇ, ਉਸ ਦੇ ਹੁਕਮ ਵਿੱਚ ਚਲਿਆਂ, ਤੈਨੂੰ ਆਤਮਕ ਜੀਵਨ ਮਿਲੇਗਾ, ਫਿਰ ਤੈਨੂੰ ਆਤਮਿਕ ਮੌਤ ਦੇਣ ਵਾਲਾ (ਦੇਵਤਾ) ਮਹਾਕਾਲ, ਖਾ ਨਹੀਂ ਸਕੇਗਾ, ਤੈਨੂੰ ਆਤਮਿਕ ਮੌਤ ਨਹੀਂ ਦੇ ਸਕਗਾ।

ਇਸ ਹਿਸਾਬ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਸਿੱਖਾਂ ਦਾ, ਸਿਰਫ ਇਹੀ ਫਰਕ ਹੈ ਕਿ, ਜਿਸ ਆਤਮਿਕ ਮੌਤ ਦੇਣ ਵਾਲੇ ਦੇਵਤੇ ਮਹਾਕਾਲ ਤੋਂ ਬਚਣ ਲਈ, ਗੁਰੂ ਗਰੰਥ ਸਾਹਿਬ ਜੀ, ਗੋਬਿੰਦ, ਗੋਪਾਲ, ਰਾਮ (ਅਕਾਲ ਪੁਰਖ) ਦਾ ਨਾਮ ਜਪਣ, ਉਸ ਦੇ ਹੁਕਮ ਵਿੱਚ ਚਲਣ ਦੀ ਹਿਦਾਇਤ ਕਰਦੇ ਹਨ।

ਓਥੇ ਬਚਿਤ੍ਰ ਨਾਟਕ, ਕਬਿਯੋ ਬਾਚ ਬੇਨਤੀ ਚੌਪਈ (ਜਿਸ ਦੇ ਅੱਗੇ ਸਿੱਖਾਂ ਨੂੰ ਭੁਲੇਖਾ ਪਾਉਣ ਲਈ, ਪਾ: 10 ਲਿੱਖ ਦਿੱਤਾ ਗਿਆ ਹੈ) ਪੜ੍ਹਨ ਵਾਲਿਆਂ ਦਾ ਇਸ਼ਟ ਹੀ, ਆਤਮਿਕ ਮੌਤ ਦੇਣ ਵਾਲਾ “ਮਹਾਕਾਲ” ਹੈ।
ਇਹ ਸਿੱਖਾਂ ਦੇ ਸੋਚਣ ਦੀ ਗੱਲ ਹੈ ਕਿ ਉਨ੍ਹਾਂ ਨੇ ਆਤਮਿਕ ਮੌਤ, ਜਨਮ-ਮਰਨ ਦੇ ਗੇੜ ਤੋਂ ਬਚਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣਾ ਹੈ? ਜਾਂ ਆਤਮਿਕ ਮੌਤੇ ਮਰਨ ਲਈ, ਜਨਮ ਮਰਨ ਦੇ ਗੇੜ ਵਿੱਚ ਪੈਣ ਲਈ, ਬਚਿਤ੍ਰ ਨਾਟਕ, ਦਸਮ ਗ੍ਰੰਥ ਦੇ ਲੜ ਲਗਣਾ ਹੈ?)

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top