Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ

ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ ਸਿੰਘ ਜੀ ਨਾਭਾ ਅਨੁਸਾਰ ਕਿਸੇ ਚੀਜ਼ ਨੂੰ ਪੈਦਾ ਕਰਨ ਵਾਲਾ, ਕੰਮ ਚਲਾਉਣ ਵਾਲਾ, ਕਾਰਕੁਨ, ਤਿਆਰ ਕਰਨ ਵਾਲਾ, ਪੁਸਤਕ ਅਥਵਾ ਅਖਬਾਰ ਦੇ ਮਜ਼ਬੂਨਾ ਨੂੰ ਕ੍ਰਮ ਅਨੁਸਾਰ ਜੋੜਨ ਵਾਲਾ ਸੰਪਾਦਕ ਅਖਵਾਉੰਦਾ ਹੈ। ਇੱਕ ਤੋਂ ਜਿਆਦਾ ਲਿਖਾਰੀਆਂ ਦੀਆਂ ਸਾਂਝੀਆਂ ਰਚਨਾਵਾਂ ਨੂੰ ਇਕੱਠਿਆਂ ਕਰਕੇ ਇੱਕ ਹੀ ਜਿਲਦ ਵਿੱਚ ਬੰਨਣਾ ਸੰਪਾਦਿਤ ਕਰਨਾ ਹੁੰਦਾ ਹੈ। ਸੋ ਕਿਸੇ ਵੀ ਹਾਲਤ ਵਿੱਚ ਕਿਸੇ ਦੇ ਸੰਪਾਦਿਤ ਕੀਤੇ ਹੋਏ ਕੰਮ ਵਿੱਚ ਵਿਆਕਰਣਿਕ ਦਰੁਸਤੀਆਂ ਕਰਨ ਨੂੰ ਮੁੜ-ਸੰਪਾਦਨਾ ਕਰਨਾ ਨਹੀਂ ਕਿਹਾ ਜਾ ਸਕਦਾ।

ਅਸੀਂ ਸਭ ਜਾਣਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ, ਜਿਸ ਵਿੱਚ ਸਿੱਖ ਗੁਰੂਆਂ ਤੋਂ ਇਲਾਵਾ ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀਆਂ ਇੱਕ ਹੀ ਪੱਧਰ ਦੀਆਂ ਰਚਨਾਵਾਂ ਸਾਮਿਲ ਹਨ। ਉਸ ਵੇਲੇ ਲਿਖਣ ਦੇ ਅਜੋਕੇ ਸਾਧਨ ਮਜੂਦ ਨਹੀਂ ਸਨ। ਕਲਮ ਅਤੇ ਸ਼ਿਆਹੀ ਹੀ ਵਰਤੀ ਜਾਂਦੀ ਸੀ। ਕਾਗਜ਼ ਵੀ ਜਿਆਦਾ ਵਧੀਆ ਨਹੀਂ ਹੁੰਦਾ ਸੀ। ਸਰਕਾਰਾਂ ਸਿੱਖਾਂ ਨੂੰ ਟਿਕਣ ਵੀ ਨਹੀ ਦੇਂਦੀਆਂ ਸਨ। ਸੋ ਇਸ ਵਡ-ਅਕਾਰੀ ਗ੍ਰੰਥ-ਸਾਹਿਬ ਜੀ ਨੂੰ ਸਾਂਭਣਾ ਵੀ ਸਮੱਸਿਆ ਸੀ। ਮਹੌਲ ਨੂੰ ਮਦੇ-ਨਜ਼ਰ ਰੱਖਦੇ ਹੋਏ ਇਸ ਗ੍ਰੰਥ-ਸਾਹਿਬ ਜੀ ਦੀ ਭਵਿਖਤ ਸੁਰੱਖਿਆ ਨੂੰ ਧਿਆਨ ਵਿੱਚ ਰਖਦਿਆਂ ਇਸ ਦੇ ਅਨੇਕਾਂ ਵਾਰ ਉਤਾਰੇ, ਅਤੇ ਉਤਾਰਿਆਂ ਦੇ ਉਤਾਰੇ ਵੀ ਕੀਤੇ ਗਏ।

ਅਸੀਂ ਜਾਣਦੇ ਹਾਂ ਕਿ ਜਦੋਂ ਵੀ ਕੋਈ ਕਿਤਾਬ ਛਪਦੀ ਹੈ ਤਾਂ ਛਾਪਕ ਪਰੂਫ ਰੀਡਿੰਗ ਲਈ ਕਿਤਾਬ ਲੇਖਕ ਕੋਲ ਵਾਪਿਸ ਭੇਜਦਾ ਹੈ, ਤਾਂ ਕਿ ਜਾਣੇ-ਅਣਜਾਣੇ ਹੋਈਆਂ ਭੁੱਲਾਂ ਨੂੰ ਦਰੁਸਤ ਕਰ, ਕਿਤਾਬ ਲੇਖਕ ਦੀ ਇੱਛਾ ਅਨੁਕੂਲ ਸ਼ੁਧ ਰੂਪ ਵਿੱਚ ਪਾਠਕਾਂ ਤੱਕ ਪੁੱਜ ਸਕੇ ਤਾਂ ਕਿ ਪਾਠਕ ਉਸ ਤੋਂ ਲਿਖਣ ਵਾਲੇ ਦੀ ਤਮੰਨਾ ਅਨੁਸਾਰ ਫਾਇਦਾ ਲੈ ਸਕਣ। ਜਦੋਂ ਇੱਕ ਦੁਨਿਆਵੀ ਗਿਆਨ ਦੀ ਪੁਸਤਕ ਦਾ ਲਿਖਾਰੀ ਏਨਾ ਫਿਕਰਮੰਦ ਹੋ ਸਕਦਾ ਹੈ, ਤਾਂ ਸਮੁੱਚੀ ਦੁਨੀਆਂ ਨੂੰ ਆਨੰਤਕਾਲ ਤੱਕ ਹਰ ਖੇਤਰ ਵਿੱਚ ਅਗਵਾਈ ਦੇ ਸਕਣ ਦੀ ਸਮਰੱਥਾ ਰੱਖਣ ਵਾਲੇ, ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੋਰਾਨ ਅਸੀਂ ਬੇਫਿਕਰ ਕਿਓਂ ਹੋ ਜਾਂਦੇ ਹਾਂ। ਕੀ ਅਸੀਂ ਨਹੀਂ ਜਾਣਦੇ ਕਿ ਛਾਪਿਆਂ ਦੋਰਾਨ ਰਹੀਆਂ ਤਰੁਟੀਆਂ ਕਾਰਣ ਹੌਲੀ-ਹੌਲੀ ਗੁਰ ਗਿਆਨ ਦਾ ਸ਼ੁੱਧ ਅਤੇ ਸੰਪੂਰਨ ਹਾਲਤ ਵਿੱਚ ਸੰਗਤ ਤੱਕ ਪੁਜਣਾ ਮੁਸ਼ਕਲ ਹੋ ਸਕਦਾ ਹੈ।

ਕਿਸੇ ਵੇਲੇ ਲਿਖਣ ਦਾ ਤਰੀਕਾ ਹੀ ਅਜਿਹਾ ਸੀ ਕਿ ਪੂਰੇ ਪੰਨੇ ਤੇ ਖਬਿਓਂ ਸੱਜੇ ਲਕੀਰ ਖਿੱਚ ਕੇ ਹੇਠਾਂ ਅੱਖਰ ਲਿਖੇ ਜਾਂਦੇ ਸਨ । ਜਿਸ ਨੂੰ ਕਿ ਲੜੀਵਾਰ ਲਿਖਣਾ ਆਖਿਆ ਜਾਂਦਾ ਸੀ । ਸ਼ਬਦਾਂ ਨੂੰ ਆਵਾਜ ਅਤੇ ਭਾਵ ਅਨੁਸਾਰ ਨਿਖੇੜ ਕੇ ਅੱਜ ਦੇ ਸਮੇ ਵਾਂਗ ਵੱਖ-ਵੱਖ ਨਹੀਂ ਕੀਤਾ ਜਾਂਦਾ ਸੀ । ਵੱਖਰੇ-ਵੱਖਰੇ ਸ਼ਬਦਾਂ ਵਿੱਚ ਫਾਸਲਾ ਵੀ ਨਹੀਂ ਸੀ ਰੱਖਿਆ ਜਾਂਦਾ । ਸ਼ਬਦ ਨਿਖੇੜ ਕੇ ਪੜ੍ਹਨ ਦਾ ਕੋਈ ਪੱਕਾ ਨਿਯਮ ਵੀ ਨਹੀਂ ਸੀ । ਨਿਯਮਾ ਦੀ ਅਣਹੋਂਦ ਕਾਰਣ ਸ਼ਬਦਾਂ ਨੂੰ ਨਿਖੇੜ ਸ਼ੁੱਧ ਪਾਠ ਪੜਨ ਲਈ ਸੰਥਿਆ ਦੀ ਜਰੂਰਤ ਸੀ । ਜੋ ਕਿ ਸੀਨਾ-ਬਸੀਨਾ ਹੀ ਚਲ ਸਕਦੀ ਸੀ ਜਿਸ ਵਿੱਚ ਵੀ ਬਿਨਾ ਕਿਸੇ ਸਥਾਪਤ ਨਿਯਮਾ ਤੋਂ ਪੀੜ੍ਹੀ ਦਰ ਪੀੜ੍ਹੀ ਅਸ਼ੁਧਤਾ ਆਉਣ ਦਾ ਖਤਰਾ ਕਾਇਮ ਸੀ ।

ਪਦ-ਛੇਦਕ ਅਤੇ ਛਾਪਿਆਂ ਵਾਲੀ ਬੀੜ ਬਣਨ ਨਾਲ ਜਿੱਥੇ ਇਹ ਸਮੱਸਿਆ ਹੱਲ ਹੋ ਗਈ ਉੱਥੇ ਕੁਝ ਅਗਿਆਨਤਾ ਵਸ ਜਾਂ ਜਾਣੇ-ਅਣਜਾਣੇ ਅਜਿਹੀਆਂ ਅਣਗਹਿਲੀਆਂ ਹੋਈਆਂ ਜਿਸ ਦਾ ਖਮਿਆਜਾ ਪਤਾ ਨਹੀਂ ਕਿੰਨਾ ਚਿਰ ਭੁਗਤਣਾ ਪਵੇਗਾ । ਲਗਭਗ ਸਾਰੇ ਵਿਦਵਾਨ ਇਸ ਧਾਰਨਾ ਨਾਲ ਤਾਂ ਸਹਿਮਤ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਲਾਜਵਾਬ ਸੰਪਾਦਨਾ,ਜਿਸ ਅਨੁਸਾਰ ਸ਼ਬਦਾਂ ਦੀ ਗਿਣਤੀ ਹਰ ਸ਼ਬਦਾਂ ਦੇ ਇੱਕ ਹੀ ਤਰਾਂ ਦੇ ਪ੍ਰਕਰਣ ਦੇ ਸੰਗ੍ਰਹਿ ਦੇ ਪਿੱਛੇ ਦਰਜ ਕਰ , ਕਿਸੇ ਵੀ ਤਰਾਂ ਦੀ ਮਿਲਾਵਟ ਜਾਂ ਕੱਟ-ਵੱਧ ਦੀ ਗੁੰਜਾਇਸ਼ ਨੂੰ ਹਮੇਸ਼ਾਂ ਲਈ ਖਤਮ ਹੀ ਕਰ ਦਿੱਤਾ, ਦੂਰਦ੍ਰਿਸ਼ਟਤਾ ਭਰਪੂਰ ਸੀ । ਉਸੇ ਹੀ ਸੰਦਰਭ ਵਿੱਚ ਮੰਗਲਾਂ ਦਾ ਪੇਜ ਤੇ ਏਧਰ-ਉਧਰ ਹੋਣਾ ਜਾਂ ਸਿਹਾਰੀਆਂ ਬਿਹਾਰੀਆਂ ਦਾ ਘੱਟ-ਵਧ ਜਾਣਾ ਤਾਂ ਸਮਝ ਆਉੰਦਾ ਹੈ, ਪਰ ਵੱਖ-ਵੱਖ ਬੀੜਾਂ ਦਾ ਅਧਿਅਨ ਕਰਨ ਵਾਲੇ ਵਿਦਵਾਨਾ ਅਨੁਸਾਰ ਮੁੰਦਾਵਣੀ ਤੋਂ ਬਾਅਦ ਵਚਿੱਤਰ ਰਾਗਮਾਲਾ ਦਾ ਦਰਜ ਹੋਣਾ ਅਤੇ ਕੁਝ ਸ਼ਬਦਾਂ ਦਾ ਅਜੋਕੀ ਬੀੜ ਵਿੱਚ ਅਧੂਰਾ ਹੋਣਾ ਅਤੇ ਕਿਸੇ ਹੋਰ ਬੀੜ ਵਿੱਚ ਉਹਨਾ ਸ਼ਬਦਾਂ ਦਾ ਪੂਰਾ ਹੋਣਾ ,ਦੂਰ ਦੀ ਸੋਚਣ ਵਾਲਿਆਂ ਲਈ ਜਰੂਰ ਹੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ।

ਅਜਿਹੇ ਹਾਲਾਤਾਂ ਵਿੱਚ ਕੁਝ ਵਿਦਵਾਨ ਕਿਸੇ ਭਲੇ ਵੇਲੇ ਦੀ ਉਮੀਦ ਵਿੱਚ ਇਹ ਵਿਸ਼ਾ ਹਾਲ ਦੀ ਘੜੀ ਬੰਦ ਕਰਨ ਦਾ ਪੱਖ ਪੂਰਦੇ ਨਜ਼ਰ ਆਉਂਦੇ ਹਨ ਤਾਂ ਕਿ ਸੰਗਤ ਦਾ ਕੁਝ ਹੋਰ ਜਰੂਰੀ ਮਸਲਿਆਂ ਵੱਲ ਫੌਰੀ ਧਿਆਨ ਦਿਵਾਇਆ ਜਾ ਸਕੇ । ਜਦ ਕਿ ਕੁਝ ਵਿਦਵਾਨ ਪਹਿਲਾਂ ਹੀ ਬਹੁਤ ਦੇਰ ਹੋਈ ਜਾਣ, ਭਵਿੱਖ ਲਈ ਹਰ ਤਰਾਂ ਦੀ ਸਮੱਸਿਆ ਦੀ ਨਿਸ਼ਾਨਦੇਹੀ ਕਰ ਜਾਣਾ ਚਾਹੁੰਦੇ ਹਨ ਤਾਂ ਕਿ ਜਦੋਂ ਵੀ ਕਿਤੇ ਮੌਕਾ ਬਣੇ ਤਾਂ ਵਿਦਵਾਨ ਇਹਨਾ ਵਿਸ਼ਿਆਂ ਤੇ ਸਿਰ ਜੋੜ ਸਿੱਖੀ ਦਾ ਭਵਿੱਖ ਸੁਰੱਖਿਅਤ ਕਰ ਸਕਣ ।ਜਦ ਕਿ ਉਹ ਤਾਂ ਉਹ ਵਿਚਾਰ ਤੋਂ ਭੱਜਣ ਵਾਲਿਆਂ ਨੂੰ ਬਿੱਲੀ ਦੇਖਕੇ ਕਬੂਤਰ ਦੀਆਂ ਅੱਖਾਂ ਮੀਚਣੀਆਂ ਸਮਝ ਰਹੇ ਹਨ ।
ਕੁਝ ਵਿਦਵਾਨਾ ਦਾ ਖਿਆਲ ਹੈ ਕਿ ਭਾਵੇਂ ਉਤਾਰਿਆਂ ਦੌਰਾਨ ਹੋਈਆਂ ਗਲਤੀਆਂ ਤੋਂ ਮੁਨੱਕਰ ਨਹੀਂ ਹੋਇਆ ਜਾ ਸਕਦਾ ਫਿਰ ਵੀ ਜੇਕਰ ਤਰੁਟੀਆਂ ਦੂਰ ਕਰਨ ਲਈ ਕੋਈ ਉੱਦਮ ਕਰਦਾ ਹੈ ਤਾਂ ਗੁਰੂ ਦੀ ਸੰਪੂਰਣਤਾ ਤੇ ਸ਼ੰਕਾ ਸਮਝ ਇਹ ਕੰਮ ਗੁਰੂ ਤੇ ਉੰਗਲ ਉਠਾਉਣ ਤੁਲ ਸਮਝਿਆ ਜਾ ਸਕਦਾ ਹੈ । ਕੁਝ ਇਸ ਤਰਾਂ ਵੀ ਸੋਚਦੇ ਹਨ ਕਿ ਅਗਰ ਕਿਸੇ ਇੱਕ ਵੀ ਤਰੁਟੀ ਨੂੰ ਦੂਰ ਕਰਨ ਲਈ ਰਸਤਾ ਖੁਲ ਗਿਆ ਤਾਂ ਪਤਾ ਨਹੀਂ ਇਹ ਦਰੁਸਤੀਆਂ ਦਾ ਕੰਮ ਕਿੱਥੇ ਤਕ ਜਾਵੇਗਾ, ਹੋ ਸਕਦਾ ਹੈ ਕਿ ਕੁਝ ਲੋਕ ਭਗਤਾਂ ਭੱਟਾਂ ਦੀ ਬਾਣੀ ਤਕ ਜਾ ਪੁਜਣ।

ਜਦ ਕਿ ਕੁਝ ਵਿਦਵਾਨ ਇਸ ਡਰ ਨੂੰ ਬੇ-ਬੁਨਿਆਦ ਸਮਝਦੇ ਹੋਏ ਆਂਖਦੇ ਹਨ ਕਿ ਰਾਗ ਮਾਲਾ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਸੰਪੂਰਨ ਹਨ । ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਖੁਦ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਦਰਜ ਕੀਤਾ ਹੈ । ਜਿੱਥੇ ਕਿਤੇ ਉਹਨਾ ਨੂੰ ਜਾਪਿਆ ਕਿ ਪੜ੍ਹਨ ਵਾਲੇ ਸਿਧਾਂਤ ਦਾ ਟਪਲਾ ਨਾ ਖਾ ਜਾਣ ਉੱਥੇ ਉਹਨਾ ਭਗਤਾਂ ਦੇ ਬਾਅਦ ੳਹੀ ਸਿਧਾਂਤ ਸਪਸ਼ਟ ਕਰਦਾ ਆਪਦਾ ਸ਼ਬਦ ਖੁਦ ਦਰਜ਼ ਕੀਤਾ ਹੈ।ਇਸ ਲਈ ਬਾਣੀ ਵਿੱਚ ਛੇੜ-ਛਾੜ ਦੀ ਗੁੰਜਾਇਸ਼ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਉਹਨਾ ਮੁਤਾਬਕ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੇਵਲ ਇੱਕ ਫਿਰਕੇ ਲਈ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਲਈ ਸਰਬ-ਖੇਤਰੀ ਚਾਨਣ-ਮੁਨਾਰਾ ਸਮਝਦੇ ਹਾਂ ਤਾਂ ਸਾਨੂੰ ਗੁਰਮਿਤ ਦੇ ਦਾਇਰੇ ਵਿੱਚ ਰਹਿ, ਹਰ ਉਹ ਦਰੁਸਤੀ ਕਰ ਲੈਣੀ ਚਾਹੀਦੀ ਹੈ ਕਿ ਜਿਸ ਤੋਂ ਬਾਅਦ ਅੱਜ ਤਾਂ ਕੀ,ਸਗੋਂ ਭਵਿੱਖ ਵਿੱਚ ਵੀ ਕਿਸੇ ਵੀ ਦੇਸ਼ ਦਾ ਕੋਈ ਜਗਿਆਸੂ ਗੁਰਮਿਤ ਤੇ ਉੰਗਲ ਨਾ ਉਠਾ ਸਕੇ । ਕਿਸੇ ਵੇਲੇ ਦਸਮ ਗ੍ਰੰਥ ਦੇ ਮੁੱਦੇ ਤੇ ਵੀ ਵਿਚਾਰ ਕਰਨ ਤੋਂ ਇਸੇ ਭਾਵਨਾ ਅਧੀਨ ਰੋਕ ਦਿੱਤਾ ਜਾਂਦਾ ਸੀ ਕਿ ਜੇ ਦਸਮ ਗ੍ਰੰਥ ਰੱਦ ਹੋ ਗਿਆ ਤਾਂ ਵਿਦਵਾਨਾ ਨੇ ਗੁਰੂ ਗ੍ਰੰਥ ਸਾਹਿਬ ਵੱਲ ਉਂਗਲ ਚੁੱਕ ਲੈਣੀ ਹੈ । ਭਾਰੀ ਵਿਰੋਧ ਹੋਣ ਦੇ ਬਾਵਜੂਦ ਵੀ ਵਿਚਾਰਵਾਨਾ ਨੇ ਅੱਜ ਦਸਮ ਗ੍ਰੰਥ ਦੀ ਵਿਚਾਰ ਕਰਕੇ ਅਸਲੀਅਤ ਸਭ ਦੇ ਸਾਹਮਣੇ ਲੈ ਹੀ ਆਂਦੀ ਹੈ, ਵਰਨਾ ਗੁਰੂ ਸਾਹਿਬਾਂ ਦੇ ਨਾਵਾਂ ਨਾਲ ਅਸੀਂ ਮਾਰਕੰਡੇਯ-ਪਰਾਣ,ਸ਼੍ਰੀ ਮਦ ਭਗਵਤ-ਪਰਾਣ, ਸ਼ਿਵ- ਪਰਾਣ ਅਤੇ ਹਿੰਦੂ ਮਿਥਿਆਲੋਜੀ ਨੂੰ ਸਦਾ ਲਈ ਜੋੜ ਰੱਖਣ ਦੀ ਇਤਿਹਾਸਕ ਗਲਤੀ ਕਰ ਹੀ ਚੁੱਕੇ ਸੀ । ਕੁਝ ਵਿਦਵਾਨ ਰਾਗਮਾਲਾ ਅਤੇ ਵਿਆਕਰਣਿਕ ਤਰੁਟੀਆਂ ਨੂੰ ਵੀ ਏਸੇ ਸੰਧਰਭ ਵਿੱਚ ਵਿਚਾਰ ਰਹੇ ਹਨ । ਉਹਨਾ ਮੁਤਾਬਕ ਕਿਸੇ ਵੇਲੇ ਹੋਈਆਂ ਗਲਤੀਆਂ ਨੂੰ, ਭਾਵਨਾ ਵਸ ਸਦਾ ਲਈ ਸਾਂਭ ਕੇ ਰੱਖਣਾ ਬਹੁਤ ਵੱਡਾ ਧ੍ਰੋਹ ਹੈ ਕਿਓਂਕਿ ਦੇਰ-ਸਵੇਰ ਜਦੋਂ ਹੀ ਇਹ ਗੁਰੂ ਨਾਨਕ ਦੀ ਵੀਚਾਰਧਾਰਾ ਪੂਰੀ ਦੁਨੀਆਂ ਦੇ ਸਮਝਣ ਦਾ ਵਿਸ਼ਾ ਬਣੀ ,ਤਾਂ ਅੱਜ ਦੇ ਛੱਡੇ ਇਹਨਾ ਸਵਾਲਾਂ ਨੇ ਮੁੜ ਖਤਰਨਾਕ ਰੂਪ ਵਿੱਚ ਸਾਹਮਣੇ ਆ ਹੀ ਜਾਣਾ ਹੈ ਫਿਰ ਨਵੀਂ ਪੀੜ੍ਹੀ ਨੂੰ ਇਸਦੇ ਜਵਾਬ ਦੇਣੇ ਹੀ ਪੈਣੈ ਹਨ । ਕਿਓਂਕਿ ਇਹ ਗੁਰਬਾਣੀ ਦਾ ਸੂਰਜ ਤਾਂ ਸਮੁੱਚੀ ਕਾਇਨਾਤ ਨੂੰ ਰੁਸ਼ਨਾਉਣ ਲਈ ਹੈ ਨਾਂਕਿ ਕੇਵਲ ਸਿੱਖਾਂ ਦੀ ਬਾਕੀ ਮਜ਼ਹਬਾਂ ਵਾਂਗ ਅਖਾਉਤੀ ਪੂਜਾ ਅਰਚਨਾ ਲਈ ।

ਤਕਰੀਬਨ ਸਾਰਾ ਸਿੱਖ ਜਗਤ ਇਸ ਗਲ ਨਾਲ ਸਹਿਮਤ ਹੈ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਰੁਮਾਲਿਆਂ ਵਿੱਚ ਢੱਕਕੇ ਮੱਥਾ ਟੇਕਣ ਵਾਲੀ ਚੀਜ ਹੀ ਨਹੀਂ ਹੈ ਕਿ ਉਸ ਦੇ ਅੰਦਰ ਜੋ ਲਿਖਿਆ ਹੈ ਉਸਦੀ ਫਿਕਰ ਕਰਨ ਦੀ ਜਰੂਰਤ ਹੀ ਨਾ ਹੋਵੇ, ਸਗੋਂ ਗੁਰਬਾਣੀ ਤਾਂ ਆਪਣੀ ਵਿਚਾਰ ਨਾਲ ਸੁਝਾਏ ਜੀਵਨ ਮਾਰਗ ਵੱਲ ਪਰੇਰਕੇ ਸੰਸਾਰ ਤੇ ਉਪਜੇ ਸਾਰੇ ਜੀਵਾਂ ਦਾ ਸਦਾ ਲਈ ਭਲਾ ਕਰ ਸਕਣ ਦੇ ਸਮਰੱਥ ਹੈ । ਸੋ ਜਰੂਰਤ ਸਮੁੱਚੇ ਸੰਸਾਰ ਤੱਕ ਗੁਰਬਾਣੀ ਨੂੰ ਸ਼ੁਧ ਰੂਪ ਵਿੱਚ ਪਹੁੰਚਾਣ ਦੀ ਹੈ ।

ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਮੁੱਚਾ ਗੁਰ-ਗਿਆਨ ਸਦੀਵੀ ਹੈ ਜਿਸ ਉੱਤੇ ਕੋਈ ਵੀ ਕਦੇ ਵੀ ਕਿੰਤੂ-ਪ੍ਰੰਤੂ ਕਰ ਹੀ ਨਹੀਂ ਸਕਦਾ। ਪਰ ਇਸ ਗਿਆਨ ਨੂੰ ਪ੍ਰਗਟਾਉਣ ਵਾਲੇ ਸਾਧਨਾ ਨੂੰ ਸਦੀਵੀ ਨਹੀਂ ਆਖਿਆ ਜਾ ਸਕਦਾ।ਉਤਾਰਿਆਂ ਦੋਰਾਨ ਜਾਂ ਮਾਧੀਅਮ ਬਦਲਨ ਦੌਰਾਨ ਹੋਈਆਂ ਗਲਤੀਆਂ ਨੂੰ ਗੁਰ ਗਿਆਨ ਵਿੱਚ ਹੋਈਆਂ ਗਲਤੀਆਂ ਨਹੀਂ ਕਿਹਾ ਜਾ ਸਕਦਾ ਸਗੋਂ ਗਿਆਨ ਪ੍ਰਗਟਾਉਣ ਦਾ ਸਾਧਨ ਬਣ ਰਹੀ ਭਾਸ਼ਾ ਦੀਆਂ ਵਿਅਕਰਿਣਕ ਗਲਤੀਆਂ ਜਾਂ ਟੈਕਨੀਕਲ ਤਰੁਟੀਆਂ ਆਖਿਆ ਜਾ ਸਕਦਾ ਹੈ । ਜਿਸਦਾ ਰੂਪ ਕਾਗਜ-ਕਲਮ ਤੋਂ ਚਲਦਾ ਕੈਸਿਟ,ਸੀ ਡੀ,ਡੀ ਵੀ ਡੀ,ਮਾਈਕਰੋ-ਚਿਪ,ਅਤੇ ਇੰਟਰਨੈੱਟ ਤੱਕ ਆ ਪੁੱਜਾ ਹੈ । ਗੁਰੂ ਨਾਨਕ ਸਾਹਿਬ ਦਾ ਪੂਰੇ ਸੰਸਾਰ ਲਈ ਬਖਸ਼ਿਆ ਇਹ ਅਮੁੱਕ ਖਜਾਨਾ ਭਵਿੱਖ ਵਿੱਚ ਕਿਸੇ ਵੀ ਭਾਸ਼ਾ ਦਾ ਮੁਹਤਾਜ ਨਹੀਂ ਰਹੇਗਾ ।ਗੁਰੂ ਅਰਜਨ ਦੇਵ ਜੀ ਪਿਓ ਦਾਦੇ ਦੇ ਬਖਸ਼ੇ ਇਸ ਗੁਰ-ਗਿਆਨ ਰੂਪੀ ਖਜਾਨੇ ਬਾਬਤ ਆਖਦੇ ਹਨ "ਖਾਵਹਿ ਖਰਚਹਿ ਰਲਿ ਮਿਲਿ ਭਾਈ ।। ਤੋਟ ਨਾ ਆਵਹਿ ਵਧਦੋ ਜਾਈ ।।" ਸੋ ਭਵਿੱਖ ਵਿੱਚ ਗੁਰੂ ਜੀ ਦੇ ਬਚਨਾ ਅਨੁਸਾਰ ਇਸ ਵਧਣ ਵਾਲੇ ਖਜਾਨੇ ਦੀ, ਗੁਰਮਤਿ ਅਨੁਸਾਰ ਸਰਬੱਤ ਦੇ ਭਲੇ ਲਈ ਵਰਤੋਂ ਕਰਦਿਆਂ ਕਿਸੇ ਤਰਾਂ ਦੀ ਤਕਨੀਕੀ ਗਲਤੀ ਨਾਂ ਹੋਣ ਦਾ ਨਾਂ ਹੀ ਦਾਅਵਾ ਕੀਤਾ ਜਾ ਸਕਦਾ ਹੈ ਅਤੇ ਨਾਂ ਹੀ ਭੁੱਲ ਹੋਣ ਤੇ ਦਰੁੱਸਤੀ ਨਾ ਕਰਨ ਦਾ ।

ਪਿੱਛੇ ਜਿਹੇ ਦੁਨੀਆਂ ਦੇ ਅਤਿ ਵਿਕਸਤ ਦੇਸ਼ ਅਮਰੀਕਾ ਵਿੱਚ ਕੈਲੇਫੋਰਨੀਆਂ ਸੂਬੇ ਦੇ ਇੱਕ ਸ਼ਹਿਰ ਫਰੀਮੌਂਟ ਦੇ ਇੱਕ ਗੁਰਸਿੱਖ ਜਸਵੰਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਉਤਾਰਾ ਆਪਣੇ ਹੱਥਾਂ ਨਾਲ ਘਰ ਵਿੱਚ ਬੈਠ ਕੇ ਕੀਤਾ।ਸਾਰੀਆਂ ਅਧੂਨਿਕ ਸਹੂਲਤਾਂ, ਲਿਖਣ-ਪੜ੍ਹਨ ਦੇ ਵਧੀਆ ਸਾਧਨ ਅਤੇ ਖੁਸ਼ਗਵਾਰ ਸਮਾਂ ਹੋਣ ਦੇ ਬਾਵਜੂਦ ਵੀ ਦਿਨ-ਰਾਤ ਕੰਮ ਕਰਕੇ ਉਹਨਾ ਦੇ ਦੋ ਢਾਈ ਸਾਲ ਇਸ ਕਾਰਜ ਵਿਚ ਲੱਗ ਗਏ । ਇਸ ਬੀੜ੍ਹ ਵਿੱਚ ਰਹੀਆਂ ਤਰੁੱਟੀਆਂ ਨੂੰ ਕਈ ਗੁਰਸਿੱਖਾਂ ਨੇ ਰਲ਼ ਕੇ ਦੂਜੀ ਬੀੜ੍ਹ ਤੋਂ ਸੋਧਣ ਦਾ ਉਪਰਾਲਾ ਕਰਦਿਆਂ ਅਜੇ ਹੋਰ ਵੀ ਸੋਧਣ ਦੀ ਜਰੂਰਤ ਦੱਸਿਆ । ਇਸ ਗੱਲ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪੁਰਾਣੇ ਸਮੇਂ ਲੜੀਵਾਰ ਬੀੜ ਤੋਂ ਜਦੋਂ ਕਿ ਪਦ-ਛੇਦ ਬੀੜ ਵੀ ਤਿਆਰ ਨਹੀਂ ਸੀ ਹੋਈ, ਲਿਖਣ ਪੜ੍ਹਨ ਦੇ ਸਾਧਨ ਵੀ ਚੰਗੇ ਨਹੀਂ ਸਨ, ਹਾਲਾਤ ਅਤੇ ਸਮਾਂ ਵੀ ਸਾਜਗਾਰ ਨਹੀਂ ਸੀ, ਓਸ ਵੇਲੇ ਦੇ ਹੋਏ ਉਤਾਰਿਆਂ ਵਿੱਚ ਰਹੀਆਂ ਤਰੁਟੀਆਂ ਦੀ ਗੁੰਜਾਇਸ਼ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ ।

ਜੇਕਰ ਗਲੀਲੀਓ ਫਤਵਿਆਂ ਤੋਂ ਡਰਕੇ ਧਰਤੀ ਦੇ ਘੁੰਮਣ ਨੂੰ ਦੁਨੀਆਂ ਸਾਹਵੇਂ ਨਸ਼ਰ ਨਾ ਕਰਦਾ ਤਾਂ ਕੀ ਧਰਤੀ ਨੇ ਗਲੀਲੀਓ ਦੇ ਕਹੇ ਅਨੁਸਾਰ ਘੁੰਮਕੇ ਦਿਨ ਰਾਤ ਰੁੱਤਾਂ ਆਦਿ ਬਣਾਉਣ ਤੋਂ ਰੁਕ ਜਾਣਾ ਸੀ । ਫਿਰ ਵੀ ਧਰਤੀ ਗੋਲ ਹੀ ਰਹਿਣੀ ਸੀ ਚਪਟੀ ਨਹੀਂ ਹੋ ਜਾਣੀ ਸੀ। ਸੱਚ ਹੋਣਾ ਵੱਖਰੀ ਗੱਲ ਹੈ ਅਤੇ ਬਿਆਨਣਾ ਵੱਖਰੀ । ਸੋ ਗੁਰੂ ਨਾਨਕ ਸਾਹਿਬ ਦੁਆਰਾ ਕੀਤਾ ਸੱਚ ਦਾ ਵਰਣਨ ਕਿਸੇ ਦੇ ਵਰਣਨ ਦਾ ਮੁਹਤਾਜ ਨਹੀਂ ਹੈ । ਸੱਚ ਤਾਂ ਸਦਾ ਸੱਚ ਹੀ ਰਹਿਣਾ ਹੈ। ਜਿਵੇਂ ਗੁਰੂ ਸਾਹਿਬ ਫੁਰਮਾਉਂਦੇ ਹਨ "ਆਦਿ ਸਚੁ ਜੁਗਾਦਿ ਸਚੁ ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।" ਗਲੀਲੀਓ ਵਰਗੇ ਸੱਚ ਦੇ ਖੋਜੀਆਂ ਦੇ ਦਸਣ ਨਾਲ ਕੁਦਰਤ ਦੇ ਅਨੇਕਾਂ ਸੱਚ ਸਾਹਮਣੇ ਆਏ ਜਿਸ ਨਾਲ ਦੁਨੀਆਂ ਪੱਥਰ ਯੁੱਗ ਤੋਂ ਰਾਕਟਾਂ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਪਹੁੰਚ ਚੁੱਕੀ ਹੈ । ਆਓ ਇਸ ਚੇਤਨਾ ਦੇ ਸਫਰ ਵਿੱਚ ਗੁਰੂ ਨਾਨਕ ਸਾਹਿਬ ਦੇ ਫੁਰਮਾਏ ਸੱਚ ਨੂੰ ਸੰਸਾਰ ਸਾਹਵੇਂ ਰੱਖ "ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।।" ਦੀ ਭਾਵਨਾ ਅਨੁਸਾਰ, ਸੰਸਾਰੀਆਂ ਵੱਲੋਂ ਕਰੇ ਜਾ ਰਹੇ ਸਵਾਲਾਂ ਦੇ ਜਵਾਬ ਦੇਣੋ ਭੱਜਣ ਦੀ ਜਗਾ, ਗੁਰੂ ਨਾਨਕ ਸਾਹਿਬ ਦੀ ਇੰਨਕਲਾਬੀ ਸੋਚ ਅਨੁਸਾਰ ਹਰ ਸਵਾਲ ਦਾ ਜਵਾਬ ਦੇਕੇ ਦੁਨੀਆਂ ਨੂੰ ਉਸੇ ਸੱਚ ਦਾ ਰੂਪ ਬਣਨ ਲਈ ਪਰੇਰ, ਪਰਮ ਸੱਚ ਦੇ ਸਮੂਹਿਕ ਸਫਰ ਵਿੱਚ ਸਹਾਈ ਬਣੀਏ ।

ਡਾ. ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆ

gsbarsal@gmail.com (408)209-7072


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top