Share on Facebook

Main News Page

ਮੌਜੂਦਾ ਪੰਥਕ ਅਰਦਾਸ ਦੀ ਗੁਰਮਤਿ ਆਧਾਰਿਤ ਪੜਚੋਲ

ਮੌਜੂਦਾ ਪੰਥਕ ਅਰਦਾਸ ਵਿਚ ਗੁਰਮਤਿ ਵਿਰੋਧੀ ਅੰਸ਼ ਹੋਣ ਬਾਰੇ ਸਾਰੀਆਂ ਸੁਚੇਤ ਧਿਰਾਂ ਸਹਿਮਤ ਹਨ। ਇਨ੍ਹਾਂ ਦੇ ਸੁਧਾਰ ਲਈ ਵਿਚਾਰਾਂ ਹੁੰਦੀਆਂ ਵੀ ਰਹਿੰਦੀਆਂ ਹਨ ਪਰ ਕੋਈ ਉਪਰਾਲਾ ਸਿਰੇ ਨਹੀਂ ਚੜ੍ਹ ਰਿਹਾ ਸੀ। ਸੁਧਾਰ ਦੀ ਲੋੜ ਮਹਿਸੂਸ ਕਰਨ ਦੇ ਬਾਵਜੂਦ ਕੋਈ ਵੀ ਪਹਿਲ ਕਰਨ ਨੂੰ ਤਿਆਰ ਨਹੀਂ ਸੀ। ਇਸ ਖੜੋਤ ਨੂੰ ਤੋੜਨ ਦੇ ਮਕਸਦ ਨਾਲ ‘ਤੱਤ ਗੁਰਮਤਿ ਪਰਿਵਾਰ’ ਨੇ ਸੁਧਾਰ ਨੂੰ ਸੰਸਥਾਗਤ ਤੌਰ ’ਤੇ ਲਾਗੂ ਕਰਨ ਦੀ ਸ਼ੁਰੂਆਤ ‘ਨਿਤਨੇਮ ਸੁਧਾਰ’ ਨਾਲ ਕਰਨ ਦਾ ਨਿਸ਼ਚਾ ਕੀਤਾ। 15 ਅਗਸਤ 2010 ਨੂੰ ਇਕ ਸੰਖੇਪ ਜਿਹੇ ਸਮਾਗਮ ਵਿਚ ਪਰਿਵਾਰ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੁੱਢਲੇ 13 ਪੰਨਿਆਂ ’ਤੇ ਆਧਾਰਿਤ ਨਿਤਨੇਮ ਦੀ ਨਵੀਂ ਪੋਥੀ ਜਾਰੀ ਕਰ ਦਿੱਤੀ ਗਈ। ਅਰਦਾਸ ਕਿਉਂਕਿ ਨਿਤਨੇਮ ਦਾ ਹਿੱਸਾ ਹੈ, ਇਸ ਲਈ ਮੌਜੂਦਾ ਪੰਥਕ ਅਰਦਾਸ ਵਿਚਲੀ ਖਾਮੀਆਂ ਨੂੰ ਸਾਹਮਣੇ ਰੱਖਦੇ ਹੋਏ, ਇਕ ਸੋਧੀ ਹੋਈ ਅਰਦਾਸ ਵੀ ਪੋਥੀ ਵਿਚ ਸ਼ਾਮਿਲ ਕੀਤੀ ਗਈ।

ਜਿਥੇ ‘ਪਰਿਵਾਰ’ ਵਲੋਂ ਅਪਣਾਏ ਗਏ ਨਿਤਨੇਮ ਦਾ ਬਹੁਤੀਆਂ ਜਾਗਰੂਕ ਧਿਰਾਂ ਵਲੋਂ ਸਮਰਥਨ ਅਤੇ ਪ੍ਰਸ਼ੰਸਾ ਕੀਤੀ ਗਈ, ਉੱਥੇ ਕਈਂ ਸੁਚੇਤ ਧਿਰਾਂ ਨੇ ‘ਪਰਿਵਾਰ’ ਵਲੋਂ ਅਪਨਾਈ ਅਰਦਾਸ ਸੰਬੰਧੀ ਹੇਠ ਲਿਖੀਆਂ ਦਲੀਲਾਂ ’ਤੇ ਅਧਾਰਿਤ ਕੁਝ ਅਸਹਿਮਤੀ ਅਤੇ ਨਰਾਜ਼ਗੀ ਵੀ ਜ਼ਾਹਿਰ ਕੀਤੀ:

  1. ਮੌਜੂਦਾ ਪੰਥਕ ਅਰਦਾਸ ਦੇ ਪਹਿਲੇ ਬੰਦ ਤੋਂ ਇਲਾਵਾ ਬਾਕੀ ਸਾਰੀ ਅਰਦਾਸ ਠੀਕ ਹੀ ਹੈ।
  2. ਮੌਜੂਦਾ ਪੰਥਕ ਅਰਦਾਸ ਕਰਨ ਬਹਾਨੇ ਦਸਾਂ ਪਾਤਸ਼ਾਹੀਆਂ ਦੇ ਨਾਂ ਅਤੇ ਸਿੱਖ ਇਤਿਹਾਸ ਦਾ ਦੋਹਰਾਅ ਹੋ ਜਾਂਦਾ ਹੈ। ਇਸ ਲਈ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਹੀ ਖਤਮ ਕਰ ਦੇਣਾ ਠੀਕ ਨਹੀਂ ਹੈ।

ਜਾਗਰੂਕ ਧਿਰਾਂ ਦੀਆਂ ਦਲੀਲਾਂ/ਨਰਾਜ਼ਗੀ/ਸੁਝਾਵਾਂ ਬਾਰੇ ਨਿਮਰਤਾ ਅਤੇ ਸਤਿਕਾਰ ਸਹਿਤ ਅਪਣਾ ਸਪਸ਼ਟੀਕਾਰਨ ਦੇਣ ਦੇ ਮਕਸਦ ਨਾਲ ਮੌਜੂਦਾ ਪੰਥਕ ਅਰਦਾਸ ਦੀਆਂ ਖਾਮੀਆਂ ਬਾਰੇ ਖੁੱਲੀ ਪੜਚੋਲ ਕਰ ਰਹੇ ਹਾਂ। ਇਨ੍ਹਾਂ ਵਿਚੋਂ ਕਈਂ ਖਾਮੀਆਂ ਬਾਰੇ ਵਿਚਾਰ ‘ਪਰਿਵਾਰ’ ਦੀ ਲੇਖ ਲੜੀ “ਸਿੱਖ ਰਹਿਤ ਮਰਿਯਾਦਾ ਦੀ ਪੁਨਰ ਪੜਚੋਲ ਜ਼ਰੂਰੀ ਕਿਉਂ?” ਵਿਚ ਵੀ ਕੀਤੀ ਗਈ ਹੈ। ਆਸ ਹੈ ਸਾਰੇ ਪਾਠਕ ਸਾਡੀ ਇਸ ਪੜਚੋਲ ਨੂੰ ਨਿਰਪੱਖਤਾ, ਸੁਹਿਰਦਤਾ ਅਤੇ ਠਰੰਮੇ ਨਾਲ ਵਿਚਾਰਣਗੇ।

ਵਿਚਾਰ: ਪੰਥਕ ਅਰਦਾਸ ਦੀ ਸ਼ੁਰੂਆਤ ‘ੴ ਵਾਹਿਗੁਰੂ ਜੀ ਕੀ ਫਤਹਿ’ ਮੰਗਲ ਨਾਲ ਹੁੰਦੀ ਹੈ। ਪਰ ਇਹ ਮੰਗਲ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚੋਂ ਨਹੀਂ ਬਲਕਿ ਅਖੌਤੀ ਦਸਮ ਗ੍ਰੰਥ ਵਿਚੋਂ ਲਿਆ ਗਿਆ ਹੈ। ਇਸ ਲਈ ਇਸ ਦੀ ਪ੍ਰਮਾਣਿਕਤਾ ਸ਼ੱਕੀ ਹੈ। ਪ੍ਰਮਾਣਿਕ ਸੰਖੇਪ ਮੰਗਲਾਚਰਨ ‘ੴ ਸਤਿਗੁਰੂ ਪ੍ਰਸਾਦਿ’ ਹੈ, ਜੋ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚਲੀ ਸੇਧ ’ਤੇ ਆਧਾਰਿਤ ਹੈ।

  1. ਪੰਥਕ ਅਰਦਾਸ ਦਾ ਪਹਿਲਾ ਬੰਦ ਚੰਡੀ ਚਰਿਤ੍ਰ (ਅਖੌਤੀ ਦਸਮ ਗ੍ਰੰਥ) ਵਿਚੋਂ ਲਿਆ ਗਿਆ ਹੈ, ਜਿਸ ਦੇ ਗੁਰਮਤਿ ਤੋਂ ਉਲਟ ਹੋਣ ਬਾਰੇ ਲਗਭਗ ਸਾਰੀਆਂ ਜਾਗਰੂਕ ਧਿਰਾਂ ਸਹਿਮਤ ਹਨ। ਇਸ ਬੰਦ ਦੇ ਆਖੀਰ ਵਿਚ ਦਸਵੇਂ ਪਾਤਸ਼ਾਹ ਅਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨਾਲ ਸੰਬੰਧਿਤ ਬੰਦ ਬਾਅਦ ਵਿਚ ਜੋੜੇ ਗਏ ਹਨ, ਚੰਡੀ ਚਰਿਤ੍ਰ ਦਾ ਹਿੱਸਾ ਨਹੀਂ ਹਨ।  ਅਨੇਕਾਂ ਜਾਗਰੂਕ ਧਿਰਾਂ ਵਿਚਾਰ ਹੈ ਕਿ ਇਸ ਬੰਦ ਨੂੰ ਬਦਲਣਾ ਜਾਂ ਸੋਧਣਾ ਜ਼ਰੂਰੀ ਹੈ, ਪਰ ਨਵੇਂ ਤਿਆਰ ਬੰਦ ਵਿਚ ਵੀ ਦਸਾਂ ਪਾਤਸ਼ਾਹੀਆਂ ਦੇ ਨਾਂ ਜ਼ਰੂਰ ਹੋਣੇ ਚਾਹੀਦੇ ਹਨ। ਕਿਉਂਕਿ ਇਸ ਤਰੀਕੇ ਅਰਦਾਸ ਦੇ ਬਹਾਨੇ ਸਾਨੂੰ ਦਸਾਂ ਪਾਤਸ਼ਾਹੀਆਂ ਦੇ ਨਾਂ ਯਾਦ ਹੋ ਜਾਂਦੇ ਹਨ। ਦਸਾਂ ਪਾਤਸ਼ਾਹੀਆਂ ਦੇ ਨਾਂ ਨੂੰ ਯਾਦ ਰੱਖਣਾ ਸਾਡਾ ਫਰਜ਼ ਬਣਦਾ ਹੈ, ਇਸ ਲਈ ਕਿਸੇ ਬਹਾਨੇ ਦੀ ਲੋੜ ਨਹੀਂ ਹੋਣੀ ਚਹੀਦੀ। ਦੂਜਾ ਇਸ ਨਾਲ ਬੰਦ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚਲੇ ਹੋਰ ਬਾਣੀਕਾਰਾਂ ਦਾ ਨਾਂ (ਸਮੇਤ ਭਗਤਾਂ ਦੇ) ਸ਼ਾਮਿਲ ਕਰਨ ਦੀ ਉਠਦੀ ਰਹੀ ਮੰਗ ਨੂੰ ਕਿਵੇਂ ਗਲਤ ਠਹਿਰਾਇਆ ਜਾ ਸਕਦਾ ਹੈ? ਕੀ ਇਹ ਵਿਤਕਰਾ ਨਹੀਂ ਹੈ (ਹੋਵੇਗਾ)? ਕੀ ਵਿਤਕਰੇ ਦੀ ਭਾਵਨਾਂ ਨਾਲ ਸ਼ੁਰੂ ਹੋਣ ਵਾਲੀ ਅਰਦਾਸ ‘ਪੰਥਕ’ ਕਹੀ ਜਾ ਸਕਦੀ ਹੈ? ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਕੁਲ 35 ਬਾਣੀਕਾਰਾਂ ਦੀਆਂ ਮਹਾਨ ਰਚਨਾਵਾਂ ਹਨ। ਸੋ ਲੋੜ ਹੈ ‘ਨਾਵਾਂ ਦੇ ਜ਼ਿਕਰ’ ਦੀ ਬਹਿਸ ਵਿਚ ਪੈਣ ਦੀ ਥਾਂ, ਇਹੋ ਜਿਹੀ ਸ਼ਬਦਾਵਲੀ ਵਰਤੀ ਜਾਵੇ, ਜਿਸ ਵਿਚ ਕੋਈ ਵਿਤਕਰਾ ਨਜ਼ਰ ਨਾ ਆਵੇ।

  2. ਮੌਜੂਦਾ ਪੰਥਕ ਅਰਦਾਸ ਦਾ ਦੂਜਾ ਬੰਦ ਪੰਥਕ ਇਤਿਹਾਸ ਦੀਆਂ ਕੁਝ ਖਾਸ ਸ਼ਖਸੀਅਤਾਂ ਨੂੰ ਸਮਰਿਪਤ ਹੈ। ਮਿਸਾਲ ਲਈ 5 ਪਿਆਰੇ, 4 ਸਾਹਿਬਜਾਦੇ, 40 ਮੁਕਤੇ ਆਦਿ। ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਕੌਮ ਵਿਚ ਅਨੇਕਾਂ ਹੋਈਆਂ ਹਨ। ਹਰ ਇਕ ਦਾ ਜ਼ਿਕਰ ਸੰਭਵ ਨਹੀਂ ਲਗਦਾ। ਅਸੀਂ ਹਮੇਸ਼ਾ ਇਹ ਪ੍ਰਚਾਰਦੇ ਹਾਂ ਕਿ ‘ਸਿੱਖਇਜ਼ਮ’ ਸਾਰੀ ਮਨੁੱਖਤਾ ਲਈ ਇਕੋ ਇਕ ਸਾਂਝਾ ‘ਮੱਤ’ (ਧਰਮ) ਹੈ। ਅਸੀਂ ਹਮੇਸ਼ਾ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿਚ ਲੈ ਕੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਪਰ ਸਾਡੀ ਅਰਦਾਸ ਸਿਰਫ ‘ਸਿੱਖਾਂ’ ਨੂੰ ਸਮਰਪਿਤ ਕਿਉਂ ਹੈ? ਕਿਉਂ ਨਹੀਂ ਸਾਡੀ ਅਰਦਾਸ ਸਾਰੇ ਵਿਸ਼ਵ ਦੀਆਂ ਮਹਾਨ ਸ਼ਖਸੀਅਤਾਂ ਨੂੰ ਕਲਾਵੇ ਵਿਚ ਲੈ ਕੇ ਗਲ ਕਰਦੀ? ਕਿਸੇ ਖਾਸ ਸ਼ਖਸੀਅਤ ਦੇ ਜ਼ਿਕਰ ਦੀ ਥਾਂ, ਐਸੀ ਸ਼ਬਦਾਵਲੀ ਵਰਤਨੀ ਚਾਹੀਦੀ ਹੈ, ਜੋ ਸਾਰੀ ਮਨੁੱਖਤਾ ’ਤੇ ਲਾਗੂ ਹੁੰਦੀ ਹੋਵੇ।  ਇੱਥੇ ਵੀ ਮਹਿਜ਼ ‘ਜ਼ਿਕਰ’ ਨੂੰ ਇਹ ਕਹਿ-ਕਹਿ ਕੇ ਠੀਕ ਠਹਿਰਾਉਣਾ, ਕਿ ਇਸ ਬਹਾਨੇ ਪੰਜ ਪਿਆਰਿਆਂ, ਚਾਰ ਸਾਹਿਬਜਾਦਿਆਂ, 40 ਮੁਕਤੇ ਵਾਲਾ ਇਤਿਹਾਸ ਚੇਤੇ ਹੋ ਜਾਂਦਾ ਹੈ, ਬੜੀ ਹਲਕੀ ਗੱਲ ਹੈ। ਸਾਨੂੰ ਕਿਸੇ ਚੰਗੇ ਕੰਮ ਲਈ ਬਹਾਨੇ ਦੀ ਹੀ ਲੋੜ ਕਿਉਂ ਪੈਂਦੀ ਹੈ?  ਹਠੀਆਂ, ਜਪੀਆਂ, ਤਪੀਆਂ ਦਾ ਸੰਕਲਪ ਵੀ ਗੁਰਮਤਿ ਤੋਂ ਉਲਟ ਪ੍ਰਭਾਵ ਦੇਂਦਾ ਜਾਪਦਾ ਹੈ। ‘ਦੇਖ ਕੇ ਅਨਡਿੱਠ ਕਰਨਾ’ ਵੀ ਸਪਸ਼ਟ ਅਤੇ ਗੁਰਮਤਿ ਅਨੁਸਾਰੀ ਨਹੀਂ ਜਾਪਦਾ। ਕਿਸੇ ਵੀ ਗਲਤ ਗੱਲ ਨੂੰ ‘ਦੇਖ ਕੇ ਅਨਡਿੱਠ’ ਕਰਨ ਦੀ ਥਾਂ, ਉਸ ਨੂੰ ਸੁਧਾਰਨ ਦੇ ਜਤਨ ਕਰਨੇ ਚਾਹੀਦੇ ਹਨ। ਹਰ ਵਾਰ ਧਿਆਨ ਧਰ ਕੇ ‘ਵਾਹਿਗੁਰੂ’ ਬੋਲਣ ਦੀ ਥਾਂ, ਜੇ ਉਸ ਤੋਂ ਸੇਧ ਲੈ ਕੇ ਜੀਵਨ ਬਣਾਉਣ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾ ਢੁੱਕਵਾਂ ਹੋਵੇਗਾ।

  3. ਪੰਥਕ ਅਰਦਾਸ ਦਾ ਤੀਜਾ ਬੰਦ ਸਿੱਖ ਇਤਿਹਾਸ ਦੀਆਂ ਸ਼ਹੀਦੀਆਂ ਨਾਲ ਸੰਬੰਧਿਤ ਹੈ। ਇਸ ਵਿਚ ਵੀ ਕਿਸੇ ਬਹਾਨੇ ਇਤਿਹਾਸ ਚੇਤੇ ਰਹਿਣ ਦੀ ਦਲੀਲ ਦਿੱਤੀ ਜਾਂਦੀ ਹੈ (ਜਿਸ ਬਾਰੇ ਪਹਿਲਾਂ ਵਿਚਾਰ ਕਰ ਚੁੱਕੇ ਹਾਂ)। ਜੇ ਇਤਿਹਾਸ ਦਾ ਜ਼ਿਕਰ ਸਹੀ ਮੰਨ ਵੀ ਲਿਆ ਜਾਵੇ ਤਾਂ ਇਸ ਵਿਚ ਸਿਰਫ ਸਿੱਖ ਇਤਿਹਾਸ ਦੀ ਥਾਂ ਸਮੁੱਚੀ ਮਨੁੱਖਤਾ ਦੀਆਂ ਸ਼ਾਨਦਾਰ ਇਤਿਹਾਸਕ ਹਵਾਲੇ ਹੋਣੇ ਚਾਹੀਦੇ ਹਨ। ਜੇ ਇਕ ਸਾਂਝੀ ਸ਼ਬਦਾਵਲੀ ਵਰਤ ਲਈ ਜਾਵੇ ਤਾਂ ਹੀ ਇਹ ਸੰਭਵ ਹੈ।

  4. ਪੰਥਕ ਅਰਦਾਸ ਦਾ ਚੌਥਾ ਬੰਦ ‘ਪੰਜ ਤਖਤਾਂ’ ਨੂੰ ਯਾਦ ਕਰਨ ਨਾਲ ਸੰਬੰਧਿਤ ਹੈ। ਜਾਗਰੂਕ ਸਿੱਖ ਜਾਣਦੇ ਹਨ ਕਿ ਨਾਨਕ ਸਰੂਪਾਂ ਵਲੋਂ ਸਾਜਿਆ ਇਕੋ-ਇਕ ਤਖਤ, ਅਕਾਲ ਬੁੰਗਾ (ਅਕਾਲ ਤਖਤ) ਹੀ ਹੈ। ਕਿਸੇ ਰਾਜ ਜਾਂ ਕੌਮ ਦਾ ਇਕੋ ਤਖਤ ਹੁੰਦਾ ਹੈ ਅਤੇ ਹੋਣਾ ਚਾਹੀਦਾ ਹੈ। ਬਾਕੀ ਤਖਤ ਬਾਅਦ ਵਿਚ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਦੇ ਮਕਸਦ ਨਾਲ ਖੜੇ ਕੀਤੇ ਗਏ ਹਨ। ਪਟਨੇ ਅਤੇ ਨਾਂਦੇੜ ਦੇ ‘ਤਖਤਾਂ’ ’ਤੇ ਹੋ ਰਿਹਾ ਗੁਰਮਤਿ ਦਾ ਘਾਣ, ਇਸਦੀ ਸਪਸ਼ਟ ਮਿਸਾਲ ਹੈ। ਨਾਲ ਹੀ ਤਖਤਾਂ ਅਤੇ ਗੁਰਧਾਮਾਂ ਦਾ ਸਿਰਫ ਧਿਆਨ ਲਿਆਉਣ ਦਾ ਕੀ ਭਾਵ ਹੈ? ਇਹ ਬੰਦ ਕਿਸੇ ਵੀ ਤਰੀਕੇ ਸਹੀ ਨਹੀਂ ਜਾਪਦਾ।

  5. ਪੰਥਕ ਅਰਦਾਸ ਦਾ ਪੰਜਵਾਂ ਬੰਦ ‘ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ’ ਵਾਲਾ ਹੈ। ਇਸ ਬੰਦ ਦੇ ਇਹ ਲਫਜ਼ ‘ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ’ ਸਮੁੱਚੀ ਮਨੁੱਖਤਾ ਦੀ ਥਾਂ ਸਿਰਫ ਖਾਲਸੇ ਦੀ ਗੱਲ ਕਰਦੇ ਹਨ, ਜੋ ਗੁਰਮਤਿ ਦੇ ਮੁੱਢਲੇ ਸਿਧਾਂਤਾਂ ਤੋਂ ਉਲਟ ਹੈ। ‘ਸ੍ਰੀ ਸਾਹਿਬ ਜੀ ਸਹਾਇ’ ਦਾ ਭਾਵ ਵੀ ‘ਸ਼ਸ਼ਤਰ-ਪੂਜਾ’ ਵੱਲ ਪ੍ਰੇਰਿਤ ਕਰਦਾ ਹੈ, ਜੋ ਗੁਰਮਤਿ ਅਨੁਸਾਰੀ ਨਹੀਂ।

  6. ਪੰਥਕ ਅਰਦਾਸ ਦਾ ਛੇਵਾਂ ਬੰਦ ‘ਦਾਨ ਸੂਚੀ’ ਵਾਲਾ ਹੈ। ਇਹ ਬੰਦ ਤਾਂ ਬਹੁਤ ਹੀ ਅਸਪਸ਼ਟਤਾ ਪੈਦਾ ਕਰਦਾ ਹੈ। ਇਸ ਵਿਚ ਐਂਵੇ ਹੀ ਦਾਨਾਂ (ਮੰਗਾਂ) ਦੀ ਸੂਚੀ ਨੂੰ ਬੇਲੋੜਾ ਲੰਮਾ ਕਰਕੇ ਰੋਲ-ਘਚੋਲਾ ਜਿਹਾ ਪੈਦਾ ਹੋ ਗਿਆ ਹੈ। ਮਿਸਾਲ ਵਜੋਂ ‘ਸਿੱਖਾਂ ਨੂੰ ਸਿੱਖੀ ਦਾਨ’ ਦਾ ਕੀ ਕੋਈ ਮਤਲਬ ਬਣਦਾ ਹੈ? ਜਿਹੜਾ ਹੈ ਹੀ ‘ਸਿੱਖ’, ਉਸ ਨੂੰ ‘ਸਿੱਖੀ ਦਾਨ’ ਦਾ ਕੀ ਭਾਵ? ਜੇ ਅਨਮੱਤੀਆਂ ਲਈ ‘ਸਿੱਖੀ ਦਾਨ’ ਦੀ ਮੰਗ ਕੀਤੀ ਜਾਂਦੀ ਤਾਂ ਕੁਝ ਮਤਲਬ ਬਨਣਾ ਵੀ ਸੀ। ਦੂਜੀ ਗੱਲ, ਜਦੋਂ ‘ਸਿੱਖੀ ਦਾਨ’ ਮੰਗ ਹੀ ਲਿਆ ਤਾਂ ਫੇਰ ਕੇਸ ਦਾਨ, ਰਹਿਤ ਦਾਨ, ਬਿਬੇਕ, ਵਿਸਾਹ, ਭਰੋਸਾ, ਨਾਮ ਦਾਨ ਆਦਿ ਦਾ ਕੀ ਭਾਵ? ਕੀ ਇਹ ਪੂਰੀ ਸੂਚੀ ‘ਸਿੱਖੀ ਦਾਨ’ ਵਿਚ ਨਹੀਂ ਆ ਜਾਂਦੀ? ਇਹ ਤਾਂ ਇਕ ਸਿੱਖ ਦੇ ਗੁਣ ਹਨ, ਜੋ ‘ਸਿੱਖੀ ਦਾਨ’ ਦੇ ਅੰਤਰਗਤ ਹੀ ਆ ਜਾਂਦੇ ਹਨ।  ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ’ ਲਫਜ਼ ਵੀ ਜਾਣੇ ਅੰਜਾਣੇ ‘ਤੀਰਥ ਯਾਤਰਾ ਅਤੇ ਇਸ਼ਨਾਨ’ ਰੂਪੀ ਭਾਵਨਾ ਹੀ ਪੈਦਾ ਕਰਦੇ ਹਨ। ਇਸਦੀ ਸਪਸ਼ਟ ਮਿਸਾਲ ਅਜੌਕੇ ਸਿੱਖ ਸਮਾਜ ਵਿਚ ਦੇਖੀ ਜਾ ਸਕਦੀ ਹੈ। ਜ਼ਿਆਦਾਤਰ ਸਿੱਖ, ਇਤਿਹਾਸਿਕ ਗੁਰਧਾਮਾਂ ਦੀ ਯਾਤਰਾ ‘ਤੀਰਥ ਯਾਤਰਾ’ ਵਜੋਂ ਹੀ ਕਰ ਰਹੇ ਹਨ। ਪੰਥਕ ਅਰਦਾਸ ਦੇ ਇਹ ਅੰਸ਼ ‘ਸ੍ਰੀ ਨਨਕਾਨਾ ਸਾਹਿਬ ਅਤੇ ਹੋਰ ਗੁਰਧਾਮਾਂ ਜਿਹਨਾਂ ਨੂੰ ਪੰਥ ਨੂੰ ਵਿਛੋੜਿਆ ਗਿਆ ਹੈ.....’ ਵੀ ਇਹ ਸੰਕੇਤ ਦੇਂਦੇ ਹੈ ਕਿ ਸਿੱਖ ਧਰਮ ਸਿਰਫ ਇਕ ਖਾਸ ਖਿੱਤੇ (ਭਾਰਤ) ਤੱਕ ਹੀ ਸੀਮਿਤ ਹੈ। ਜਦੋਂ ਕਿ ਸਿੱਖੀ ਤਾਂ ਸਾਰੀ ਮਨੁੱਖਤਾ ਲਈ ਸਾਂਝੀ ਹੈ। ਮਿਸਾਲ ਲਈ ਜੇ ਪਾਕਿਸਤਾਨ ਵਿਚ ਰਹਿੰਦਾ ਇਕ ਸਿੱਖ ਅਰਦਾਸ ਦੇ ਇਹ ਲਫਜ਼ ਪੜੇਗਾ ਤਾਂ ਇਹ ਇਕ ਬੇਮਾਅਨਾ ਗੱਲ ਹੋਵੇਗੀ। ਵੈਸੇ ਵੀ ਗੁਰਮਤਿ ਸਾਨੂੰ ਕਿਸੇ ਸਥਾਨ ਵਿਸ਼ੇਸ਼ ਨਾਲ ਜੁੜਣ ਦੀ ਥਾਂ ਗੁਰਮਤਿ ਫਲਸਫੇ ਨਾਲ ਜੁੜਨ ਦੀ ਸੇਧ ਦਿੰਦੀ ਹੈ। ਨਾਨਕ ਵਿਚਾਰਧਾਰ ਨੂੰ ਕਿਸੇ ਖਿੱਤੇ ਦੀ ਵਲਗਣ ਵਿਚ ਵਲਣ ਵਾਲਾ ਇਹ ਬੰਦ ਵੀ ਸਹੀ ਨਹੀਂ ਜਾਪਦਾ।

  7. ਅਰਦਾਸ ਦੇ ਅੰਤ ਵਿਚ ਇਕ ਗੁੰਮਨਾਮ ਬੰਦ ‘ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ’ ਆਉਂਦਾ ਹੈ। ਇਸ ਬੰਦ ਵਿਚ ‘ਨਾਨਕ’ ਪਦ ਇਸ ਤਰ੍ਹਾਂ ਵਰਤਿਆ ਜਾਪਦਾ ਹੈ, ਜਿਵੇਂ ਇਹ ਕਿਸੇ ਨਾਨਕ ਸਰੂਪ ਦੀ ‘ਛਾਪ’ ਵਰਤਿਅ ਗਿਆ ਹੋਵੇ। ਇਹ ਬੰਦ ਨਾ ਹੀ ਨਾਨਕ ਪਾਤਸ਼ਾਹ ਜਾਂ ਮਗਰਲੇ ਕਿਸੇ ਨਾਨਕ ਸਰੂਪ ਦਾ ਉਚਾਰਨ ਕੀਤਾ ਹੋਇਆ ਨਹੀਂ ਹੈ। ਨਕਲੀ ‘ਨਾਨਕ’ ਛਾਪ ਵਾਲਾ ਇਹ ਸ਼ੱਕੀ ਬੰਦ ਅਰਦਾਸ ਵਿਚ ਕਿਵੇਂ ਸ਼ਾਮਿਲ ਹੋ ਗਿਆ? ਇਸ ਦਾ ਬਦਲ ਵੀ ਲੱਭਣਾ ਲਾਜ਼ਮੀ ਸੀ। ਪੰਥਕ ਅਰਦਾਸ ਤੋਂ ਬਾਅਦ ਪੜਿਆ ਜਾਣ ਵਾਲਾ ਦੋਹਰਾ: "ਆਗਿਆ ਭਈ ਅਕਾਲ ਕੀ ਤਬੈ ਚਲਾਇਉ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਦੀ ਦੇਹ। ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸਬਦਿ ਮਹਿ ਲੈ।" ਪ੍ਰਮਾਣਿਕ ਨਹੀਂ ਜਾਪਦਾ। ਨਾਨਕ ਫਲਸਫਾ ਅਤੇ ਉਸ ਨੂੰ ਮੰਨਣ ਵਾਲੇ ਕੁਝ ਜਾਗਰੂਕ ਅਤੇ ਸੁਚੇਤ ਸਿੱਖ ਇਹ ਮੰਨਦੇ ਹਨ ਕਿ ਸ਼ਰੀਰ (ਦੇਹ) ‘ਗੁਰੂ’ ਨਹੀਂ ਹੁੰਦਾ, ਵਿਚਾਰਧਾਰਾ ‘ਗੁਰੂ’ ਹੁੰਦੀ ਹੈ। ਪਰ ਇਸ ਦੋਹੇ ਵਿਚ ‘ਗ੍ਰੰਥ’ ਨੂੰ ਹੀ ‘ਗੁਰੂ’ ਦੀ ਦੇਹ ਮੰਨਣ ਦਾ ਉਪਦੇਸ਼ ਦਿੱਤਾ ਜਾ ਰਿਹਾ ਹੈ। ਇਸ ਉਪਦੇਸ਼ ਦਾ ਹੀ ਪ੍ਰਤਾਪ ਹੈ ਕਿ ਅੱਜ ਸਿੱਖ ਸਮਾਜ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਇਕ ‘ਦੇਹਧਾਰੀ’ (ਮੂਰਤੀ) ਵਾਂਗੂ ਪੂਜ ਰਿਹਾ ਹੈ। ਸਰਦੀਆਂ ਵਿਚ ਗਰਮ ਕੰਬਲ, ਗਰਮੀਆਂ ਵਿਚ ਕੂਲਰ ਆਦਿ ਇਸ ਦੀ ਸਿਰਫ ਇਕ ਮਿਸਾਲ ਹੈ।

ਉਪਰੋਕਤ ਵਿਚਾਰ ਤੋਂ ਅਸੀਂ ਇਹ ਸਪਸ਼ਟ ਕਰਨ ਦਾ ਜਤਨ ਕੀਤਾ ਹੈ ਕਿ ਕੁਝ ਪੰਥਦਰਦੀਆਂ ਦਾ ਇਹ ਵਿਚਾਰ ਠੀਕ ਨਹੀਂ ਹੈ ਕਿ ਮੌਜੂਦਾ ਪੰਥਕ ਅਰਦਾਸ ਦਾ ਸਿਰਫ ਪਹਿਲਾ ਬੰਦ (ਭਗੌਤੀ ਵਾਲਾ) ਹੀ ਗਲਤ ਹੈ, ਬਾਕੀ ਸਾਰੀ ਅਰਦਾਸ ਠੀਕ ਹੈ।

ਅਗਲੀ ਕਿਸ਼ਤ ਵਿਚ ਅਸੀਂ ‘ਪਰਿਵਾਰ’ ਵਲੋਂ ਅਪਣਾਈ ਨਵੀਂ ਅਰਦਾਸ ਬਾਰੇ ਵਿਚਾਰ ਕਰਦੇ ਹੋਏ, ਇਹ ਸਪਸ਼ਟ ਕਰਨ ਦਾ ਜਤਨ ਕਰਾਂਗੇ ਕਿ ਇਹ ਅਰਦਾਸ ਕਿਵੇਂ ਗੁਰਮਤਿ ਦੀ ਤਰਜਮਾਨੀ ਕਰਦੀ ਹੈ।

ਨਿਰੋਲ ਨਾਨਕ ਫਲਸਫੇ ਦੀ ਰਾਹ ’ਤੇ

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top