![]() |
Share on Facebook | |
ਮਾਝੇ ਦਿਆਂ 40 ਸਿੰਘਾਂ ਨੇ ਬਿਦਾਵਾ ਕਿੱਥੇ ਲਿਖਿਆ? ਮਹਾਨ ਕੋਸ਼ ਅਨੁਸਾਰ 40 ਮੁਕਤੇ ਕੌਣ ਹਨ? “ਮਾਰੇ ਭੁੱਖ ਦੇ ਮਾਂਵਾਂ ਸ਼ੇਰ ਓਹੋ ਵਾਂਗਰ ਗਿਦੜਾਂ ਘਰਾਂ ਨੂੰ ਨੱਸ ਆਏ” - 60 ਵਿਆਂ ਦੇ ਲਾਗੇ ਚਾਗੇ ਜ਼ਦੋਂ ਇੱਹ ਰਿਕਾਰਡ ਗੁਰਦੁਆਰੇ ਤੋਂ ਲਾਊਡਸਪੀਕਰ ਤੇ ਵਜਦਾ ਸੁਣੀਦਾ ਸੀ ਤਾਂ ਬੜਾ ਚੰਗਾ ਲਗਦਾ ਸੀ। ਕਿਉਂਕਿ ਅਸੀਂ ਤਾਂ ਬੇਸਮਝ ਹੀ ਸਾਂ ਤੇ ਜਿਹਨਾਂ ਨੂੰ ਉਮਰ ਦੇ ਤਕਾਜੇ ਨਾਲ ਸਮਝ ਆਉਣੀ ਚਾਹੀਦੀ ਸੀ, ਉਹਨਾਂ ਨੂੰ ਹਾਲੇ ਸਮਝ ਆਈ ਹੀ ਨਹੀਂ ਸੀ। ਬਾਕੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਹਾਲੇ ਵੀ ਘੂਕ ਸੁਤੀ ਪਈ ਹੈ ਤੇ ਜੇ ਕਿਧਰੇ ਇਹਨਾਂ ਕਮੇਟੀਆਂ ਨੂੰ, ਜਾਂ ਇਹਨਾਂ ਦੇ ਜੱਥੇਦਾਰਾਂ ਨੂੰ ਜਾਗ ਖੁਲਦੀ ਵੀ ਹੈ ਤਾਂ ਸਾਨੂੰ ਅੰਧਵਿਸ਼ਵਾਸ਼ ਦੀ ਨੀਂਦੇ ਸੁਲਾਉਣ ਲਈ ਹੀ ਖੁਲਦੀ ਹੈ। ਸਾਨੂੰ ਸੱਚ ਤੋਂ ਦੂਰ ਲੈ ਕੇ ਜਾਣ ਲਈ ਹੀ ਇੱਹ ਸੰਸਥਾ ਕੰਮ ਕਰ ਰਹੀ ਹੈ। ਨਹੀਂ ਤਾਂ ਬਾਬਾ ਵਿਰਸਾ ਸਿੰਘ ਦੇ ਖਰੀਦੇ ਹੋਏ ਬੁਧੀ-ਜੀਵੀ ਡਾ: ਰਤਨ ਸਿੰਘ ਜੱਗੀ ਹੋਰਾਂ ਦੀ ਕੀ ਮਜਾਲ ਸੀ ਕਿ ਉੱਹ ਥੁੱਕ ਕੇ ਚੱਟਣ ਦੀ ਕੋਸ਼ਿਸ਼ ਕਰਦੇ ਤੇ ਸਿੱਖ ਜਗਤ ਨੂੰ “ਦਸਮ ਗ੍ਰੰਥ” ਗੁਰੁ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ ਜਾਂ ਨਹੀਂ ਦੇ ਭੰਬਲ ਭੂਸੇ ਵਿੱਚ ਨਾ ਪਾਉਂਦੇ। ਜੇ ਧਰਮ ਪ੍ਰਚਾਰ ਕਮੇਟੀ ਕਿਧਰੇ ਵੇਲੇ ਸਿਰ ਜਾਗ ਪੈਂਦੀ ਤਾਂ ਸੱਭ ਤੋਂ ਉਪਰਲੀ ਸਤਰ ਵਾਲਾ ਰਿਕਾਰਡ 60 ਵਿਆਂ ਵਿੱਚ ਹੀ ਬੰਦ ਹੋ ਜਾਂਦਾ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਇੱਹ ਰਿਕਾਰਡ ਬੰਦ ਕਿਉਂ ਹੋ ਜਾਂਦਾ? ਜਵਾਬ ਬੜਾ ਹੀ ਸੌਖਾ ਹੈ। ਜਿਹੜਾ ਸਿੱਖ ਗੁਰੂ ਵਾਸਤੇ ਆਪਣੀ ਜਾਨ ਤਲੀ ਤੇ ਰੱਖ ਕੇ ਅਨੰਦਪੁਰ ਸਾਹਿਬ ਜ਼ਾਂਦਾ ਹੈ ਉਸਨੂੰ ਭੁੱਖ ਕਿਵੇਂ ਤੰਗ ਕਰ ਸਕਦੀ ਹੈ? ਉੱਹ ਤਾਂ ਗਿਆ ਹੀ ਮਰਨ ਵਾਸਤੇ ਹੈ। ਕੀ ਉੱਹ ਦੁਨੀਆਂ ਦੀ ਸ਼ਹੁਰਤ ਕਮਾਉਣ ਵਾਸਤੇ ਅਨੰਦਪੁਰ ਸਾਹਿਬ ਗਏ ਸਨ? ਕੀ ਉੱਹ ਸਿੱਖ ਦੁਨੀਆਂ ਦੇ ਸੁਖ ਅਰਾਮ ਤੇ ਪੈਸਾ ਕਮਾਉਣ ਵਾਸਤੇ ਅਨੰਦਪੁਰ ਸਾਹਿਬ ਗਏ ਸਨ? ਉੱਤਰ ਹੈ ਨਹੀਂ। ਜੇ ਸਿੱਖ ਚਰਖੜੀ ਤੇ ਚੜ੍ਹ ਸਕਦਾ ਹੈ, ਜੇ ਸਿੱਖ ਉਬਲਦੀ ਦੇਗ ਵਿਚ ਬੈਠ ਸਕਦਾ ਹੈ, ਜੇ ਸਿੱਖ ਆਰੇ ਨਾਲ ਚੀਰਿਆ ਜਾ ਸਕਦਾ ਹੈ, ਜੇ ਸਿੱਖ ਤੱਤੀ ਤਵੀ ਤੇ ਬੈਠ ਸਕਦਾ ਹੈ, ਜੇ ਸਿੱਖ ਰੂੰ ਵਿਚ ਲਿਪਟ ਕੇ ਸੜ ਸਕਦਾ ਹੈ, ਜੇ ਸਿੱਖ ਦੀ ਔਰਤ ਆਪਣੇ ਬੱਚੇ ਦੇ ਟੋਟੇ ਟੋਟੇ ਕਰਵਾ ਕੇ ਗਲ ਵਿਚ ਪੁਆ ਸਕਦੀ ਹੈ ਪਰ ਧਰਮ ਨਹੀਂ ਹਾਰਦੀ, ਤਾਂ ਇਹ ਵੀ ਜ਼ਰੂਰੀ ਹੈ ਕਿ ਗੁਰੂ ਦਾ ਸਿੱਖ ਕਦੀ ਬੇਦਾਵਾ ਲਿਖ ਹੀ ਨਹੀਂ ਸਕਦਾ। ਓਹ ਜ਼ਰੂਰ ਕੋਈ ਹੋਰ ਸਨ ਜਿਨ੍ਹਾਂ ਨੇ ਬੇਦਾਵਾ ਲਿਖਿਆ ਸੀ? ਜਾਂ ਫਿਰ ਇਹ ਸੋਚੀ ਸਮਝੀ ਹੋਈ ਚਾਲ ਮੁਤਾਬਕ ਗੁਰੁ ਗੋਬਿੰਦ ਸਿੰਘ ਜੀ ਦੇ ਅਕਸ ਨੂੰ ਧੁੰਦਲਾ ਕਰਨ ਵਾਸਤੇ ਇਹ ਗੱਲ ਫੈਲਾਈ ਗਈ ਹੈ ਕਿ ਗੁਰੁ ਜੀ ਦੇ ਸਿੱਖ ਤਾਂ ਹੁਣ ਗੁਰੁ ਨੂੰ ਬੇਦਾਵਾ ਲਿਖ ਲਿਖ ਕੇ ਛੱਡ ਕੇ ਭੱਜ ਰਜੇ ਹਨ। ਪਰ ਕੁਦਰਤ ਦੀ ਮਰਜੀ ਕੁੱਝ ਹੋਰ ਸੀ। ਜਿਨ੍ਹਾਂ ਨੇ ਬੇਦਾਵਾ ਲਿਖਿਆ ਉਹ ਮੁੜ ਕੇ ਵਾਪਸ ਹੀ ਨਹੀਂ ਆਏ ਤੇ ਗੁਰੁ ਜੀ ਦੇ ਅਕਸ ਨੂੰ ਧੁੰਦਲਾ ਨਹੀਂ ਕਰ ਸਕੇ। ਇਹ ਵੀ ਲੱਗਦਾ ਹੈ ਕਿ ਸੁਖਮਨੀ ਸਾਹਿਬ ਦੀ ਇਸ ਪੰਗਤੀ, “ਟੁਟੀ ਗਾਢਨਹਾਰ ਗੁਪਾਲ” ਮੁਤਾਬਕ ਵੀ ਇਹ ਕਹਾਣੀ ਪ੍ਰਚੱਲਤ ਕਰ ਦਿੱਤੀ ਗਈ ਹੋਵੇ। ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ਸਲੋਕ ਵਾਰਾਂ ਤੇ ਵਧੀਕ॥ ਮਹਲਾ1॥ਪੰਨਾ1412 ਗੁਰੂ ਨਾਨਕ ਸਾਹਿਬ ਦੀਆਂ ਇਹਨਾਂ ਪੰਗਤੀਆਂ ਤੇ ਪਹਿਰਾ ਦਿੰਦੇ ਹੋਏ ਜੋ ਲੋਕ ਤਨੋ ਮਨੋ ਸਿੱਖ ਸਜੇ ਹੋਏ ਸਨ ਉਹਨਾਂ ਨੂੰ ਭੁੱਖ ਦਾ ਦੁੱਖ ਪੋਹ ਹੀ ਨਹੀਂ ਸਕਦਾ। ਪਿਛਲੇ ਕੋਈ 10-15 ਸਾਲਾਂ ਤੋਂ, ਜਦੋਂ ਤੋਂ ਸਿੱਖ ਧਰਮ ਬਾਰੇ ਪੜ੍ਹਨ ਦਾ ਸ਼ੌਕ ਮਨ ਵਿੱਚ ਜਾਗਿਆ ਹੈ, ਤਦ ਤੋਂ ਹੀ ਮਨ ਵਿੱਚ ਖਿਆਲ ਆਊਂਦਾ ਕਿ ਜੇ ਕਰ ਵਾਕਿਆ ਹੀ ਭੁੱਖ ਦੇ ਦੁੱਖ ਤੋਂ ਤੰਗ ਆਕੇ ਗੁਰੁ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਬੇਦਾਵਾ ਲਿਖਿਆ ਸੀ ਤਾਂ ਮਾਝੇ ਦੇ ਉੱਹ 40 ਸਿੰਘ ਕਿਲ੍ਹੇ ਵਿੱਚੋਂ ਬਾਹਰ ਕਿਹੜੇ ਰਸਤੇ ਨਿਕਲ ਕੇ ਆਪਣੇ ਆਪਣੇ ਘਰਾਂ ਨੂੰ ਗਏ ਕਿਉਂਕਿ ਕਿਲ੍ਹੇ ਦੇ ਬਾਹਰ ਚਾਰੇ ਪਾਸੇ ਤਾਂ ਹਜ਼ਾਰਾਂ ਦੀ ਤੈਦਾਦ ਵਿੱਚ ਫੌਜ ਬੈਠੀ ਸੀ। ਉੱਸ ਵਕਤ ਐਸਾ ਯੂ. ਐਨ. ਓ. ਦਾ ਕੋਈ ਨਿਯਮ ਤਾਂ ਹੁੰਦਾ ਹੀ ਨਹੀਂ ਸੀ, ਕਿ ਜੋ ਚਿੱਟਾ ਝੰਡਾ ਲਹਰਾ ਦੇਵੇ ਉੱਸ ਨੂੰ ਕੁੱਝ ਨਹੀਂ ਕਿਹਾ ਜਾਵੇਗਾ, ਪਰ ਫਿਰ ਵੀ ਉਨ੍ਹਾਂ ਨੂੰ ਕੈਦ ਤਾਂ ਕੀਤਾ ਹੀ ਜਾਣਾ ਸੀ, ਜੇ ਮਾਰਿਆ ਨਾ ਵੀ ਜਾਂਦਾ ਤਾਂ। ਬਾਹਰ ਜਾਨੀ ਦੁਸ਼ਮਨ ਪਿਛਲੇ ਕੋਈ ਛੇ ਮਹੀਨਿਆਂ ਤੋਂ ਤਾਕ ਵਿੱਚ ਬੈਠਾ ਹੋਵੇ ਤੇ ਸਿਰਫ 40 ਸਿੰਘ ਬਾਹਰ ਆਉਣ ਤੇ ਉਹ 200 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਸਹੀ ਸਲਾਮਤ ਘਰ ਪਹੁੰਚ ਜਾਣ, ਦੀ ਗੱਲ ਨੂੰ ਮਨ ਮੰਨਦਾ ਨਹੀਂ। ਦੂਸਰਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੁ ਸਾਹਿਬ ਤੋਂ ਐਸਾ ਵਰ/ ਅਸੀਸ “ਮੁਕਤਿਆਂ ਦਾ ਵਰ” ਪ੍ਰਾਪਤ ਕਰਨ ਲਈ ਕੀ ਪਹਿਲਾਂ ਗੁਰੂ ਤੋਂ ਬੇਮੁੱਖ ਹੋਣਾ ਪਵੇਗਾ? ਮਤਲਬ ਬੇਦਾਵਾ ਲਿਖ ਕੇ ਦੇਣਾ ਪਵੇਗਾ? ਫਿਰ ਗੁਰੂ ਸਾਹਿਬਾਨ ਵਾਸਤੇ ਜਾਂ ਸਿੱਖੀ ਵਾਸਤੇ ਜਾਨ ਦੇਣੀ ਪਵੇਗੀ, ਫਿਰ ਗੁਰੁ ਸਾਹਿਬ ਮੁਕਤੀ ਬਖਸ਼ਣਗੇ? ਐਸੀਆਂ ਸ਼ਹੀਦੀਆਂ, ਜਿਨ੍ਹਾਂ ਵਰਗੀ ਮਿਸਾਲ ਦੁਨੀਆਂ ਦੇ ਤਖਤੇ ਤੇ ਕਿਧਰੇ ਨਹੀ ਮਿਲਦੀ ਤੇ ਗੁਰੂ ਸਾਹਿਬਾਨ ਦੇ ਅੱਖਾਂ ਦੇ ਸਾਹਮਣੇ ਹੋਰ ਕਿਨ੍ਹੇ ਹਜ਼ਾਰਾਂ ਸਿੰਘਾਂ ਸ਼ਹੀਦ ਹੋਏ ਹਨ, ਉਹਨਾਂ ਨੂੰ ਗੁਰੂ ਸਾਹਿਬਾਨ ਨੇ ਕੋਈ ਅਸੀਸ ਕਿਉਂ ਨਹੀ ਦਿੱਤੀ? ਜਿਸ ਸਿੰਘ ਨੂੰ ਚਮਕੌਰ ਦੀ ਗੜੀ ਵਿਚੋਂ ਨਿਕਲਣ ਸਮੇਂ ਗੁਰੂ ਸਾਹਿਬ ਆਪਣੇ ਹੱਥੀਂ ਆਪਣੇ ਬਸਤਰ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਬਾਹਰ ਨਿਕਲੇ, ਉੱਸ ਦਾ ਨਾਮ ਸੰਤ ਸਿੰਘ ਸੀ ਤੇ ਇੱਸ ਦੀ ਨੁਹਾਰ ਵੀ ਗੁਰੁ ਗੋਬਿੰਦ ਸਿੰਘ ਜੀ ਨਾਲ ਮਿਲਦੀ ਜੁਲਦੀ ਹੀ ਸੀ। ਉੱਸ ਨੂੰ ਗੁਰੂ ਸਾਹਿਬਾਨ ਐਸਾ ਕੋਈ ਵਰ/ ਅਸੀਸ ਕਿਉਂ ਨਹੀਂ ਦਿੱਤਾ? ਸੰਤ ਸਿੰਘ ਦਾ ਦੂਸਰਾ ਸਾਥੀ, ਸੰਗਤ ਸਿੰਘ ਸੀ। ਇਹ ਦੋਵੇਂ ਸਿੰਘ ਅਗਲੇ ਦਿੱਨ ਚਮਕੌਰ ਦੀ ਗੜੀ ਵਿੱਚ ਲੜਦੇ ਲੜਦੇ ਸ਼ਹੀਦ ਹੋ ਗਏ। ਕੀ ਗੁਰੂ ਸਾਹਿਬਾਨ ਦਾ ਪਿਆਰ ਇਹਨਾਂ ਸਿੰਘਾਂ ਨਾਲ ਕਿਸੇ ਹੋਰ ਨਾਲੋਂ ਘੱਟ ਹੋਵੇਗਾ? ਫਿਰ ਮਨ ਵਿੱਚ ਇੱਕ ਹੋਰ ਖਿਆਲ ਆਉਂਦਾ ਹੈ ਕਿ ਜੇ ਇਹ ਬੇਦਾਵਾ ਅਨੰਦਪੁਰ ਵਿਚ ਹੀ ਲਿਖਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਹ ਬੇਦਾਵਾ ਅਗਲੇ ਦੋ ਮਹੀਨੇ ਸਾਂਭ ਕੇ ਕਿਵੇਂ ਰੱਖਿਆ? ਜਦੋਂ ਕੇ ਉਹਨਾਂ ਦੀਆਂ ਆਪਣੀਆਂ ਰਚਨਾਵਾਂ ਜਾਂ ਹਿੰਦੂ-ਮਿਥਹਾਸ ਦੇ ਉਤਾਰੇ ਸਰਸਾ ਨਦੀ ਦੀ ਭੇਂਟ ਚੜ੍ਹ ਗਏ। ਉਹਨਾਂ ਦੀ ਮਾਤਾ ਗੁਜਰੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਉਹਨਾਂ ਤੋਂ ਵਿਛੜ ਕੇ ਮੁਗਲੀਆ ਸਰਕਾਰ ਦੀ ਤਲਵਾਰ ਦੀ ਭੇਂਟ ਚੜ੍ਹ ਗਏ। ਜੋ ਧਨ ਦੌਲਤ ਸੀ, ਉਹ ਵੀ ਸਰਸਾ ਨਦੀ ਵਿੱਚ ਰੁੜ ਗਿਆ। ਆਪਣੀ ਜਾਨ ਤੋਂ ਵੱਧ ਪਿਆਰੇ ਸਿੰਘ ਸਰਸਾ ਨਦੀ ਵਿੱਚ ਕਾਲ ਨੂੰ ਪਿਆਰੇ ਹੋ ਗਏ। ਅਨੰਦਪੁਰ ਸਾਹਿਬ ਤੋਂ ਮੁਕਤਸਰ ਤਕ ਕੀ ਗੁਰੂ ਸਾਹਿਬਾਨ ਕੋਲ ਸਾਂਭਣ ਲਈ ਬੇਦਾਵਾ ਹੀ ਬਚਿਆ ਸੀ? ਕਦੀ ਕਦੀ ਸਟੇਜ਼ ਤੋਂ ਟਕਸਾਲੀ ਸਿੰਘਾਂ ਦੇ ਮੂੰਹ ਤੋਂ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਗੁਰੂ ਸਾਹਿਬਾਂ ਨੇ ਕਮਰ-ਕਸਾ ਹੀ ਇੱਥੇ ਆ ਕੇ ਖੋਲਿਆ ਸੀ। ਉੱਹ ਜਾਣੀ ਜਾਣ ਸਨ। ਉਹਨਾਂ ਨੂੰ ਪਤਾ ਸੀ ਕਿ ਬੇਦਾਵੇ ਦੀ ਮੁਕਤਸਰ ਲੋੜ ਪੈਣੀ ਹੈ। ਇੱਸ ਗੱਲ ਤੋਂ ਇੱਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਸਾਹਿਬ ਹਰ ਰੋਜ਼ ਨਹਾਉਂਦੇ ਨਹੀਂ ਸਨ, ਜਦੋਂ ਕਿ ਹਰ ਸਿੱਖ ਨੂੰ ਸਵੇਰੇ ਉੱਠ ਕੇ ਇਸ਼ਨਾਨ ਕਰਨ ਦੀ ਹਦਾਇਤ ਹੈ। ਇੱਤਹਾਸ ਤੋਂ ਨਾਵਾਕਫ ਫਿਰਕਿਆਂ ਨੇ ਆਪਣੀਆਂ ਆਪਣੀਆਂ ਕਹਾਣੀਆਂ ਘੜ ਲਈਆਂ, ਤੇ ਅਸੀਂ ਅੰਧਵਿਸ਼ਵਾਸ਼ ਦੀ ਪੱਟੀ ਬੰਨ ਕੇ ਇਹਨਾਂ ਗੋਲ ਪੱਗਾਂ ਵਾਲਿਆਂ ਦੀਆਂ ਝੂਠੀਆਂ ਕਹਣੀਆਂ ਨੂੰ ਸੱਚੀਆਂ ਮੰਨਣ ਲੱਗ ਪਏ ਜਿਹਨਾਂ ਤੋਂ ਅੱਜ ਪਿਛਾ ਛੁਡਵਾਉਣਾ ਮੁਸ਼ਕਲ ਹੀ ਨਹੀਂ ਲੱਗ ਰਿਹਾ ਬਲਕਿ ਨਾ ਮੁਮਕਿਨ ਜਾਪਦਾ ਹੈ। ਇਹਨਾਂ ਗੋਲ ਪੱਗਾਂ ਵਾਲਿਆਂ ਦੀ ਜੇ ਇੱਸ ਗੱਲ ਤੇ ਇੱਤਬਾਰ ਕਰ ਵੀ ਲਇਆ ਜਾਵੇ, ਕਿ ਗੁਰੂ ਸਾਹਿਬ ਜਾਣੀ-ਜਾਣ ਸਨ, ਤਾਂ ਫਿਰ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹਾਲੇ ਮਿਸ਼ਨ ਪੂਰਾ ਨਹੀਂ ਸੀ ਹੋਇਆ ਤੇ ਉਮਰ ਵੀ ਉਹਨਾਂ ਦੀ ਕੋਈ 43-44 ਸਾਲ ਦੀ ਹੀ ਸੀ ਤਾਂ ਗੁਰੂ ਸਾਹਿਬਾਨ ਨੂੰ ਨਾਂਦੇੜ ਦੇ ਅਸਥਾਨ ਤੇ ਜਮਸ਼ੈਦ ਖਾਨ ਦੇ ਵਾਰ ਤੋਂ ਬਚਣਾ ਚਾਹੀਦਾ ਸੀ ਆਪਣਾ ਮਿਸ਼ਨ ਪੂਰਾ ਕਰਨ ਲਈ। ਭਾਵ ਗੁਰੂ ਜੀ ਜਾਣੀ ਜਾਣ ਸਨ ਤਾਂ ਉਨ੍ਹਾਂ ਨੂੰ ਇਹ ਨਹੀਂ ਪਤਾ ਚੱਲਿਆ ਕਿ ਅੱਜ ਜਮਸ਼ੈਦ ਖਾਨ ਨੇ ਉਨ੍ਹਾਂ ਤੇ ਜਾਨੀ ਹਮਲਾ ਕਰਨਾ ਹੈ? ਦੂਸਰੇ ਪਾਸੇ ਜਦੋਂ ਕਿ ਚਮਕੌਰ ਸਾਹਿਬ ਦੀ ਗੜੀ ਨੂੰ ਘੇਰਾ ਪਾਉਣ ਵਾਲੀਆਂ ਫੌਜ਼ਾਂ ਵੀ ਮਲੇਰ ਕੋਟਲੇ ਦੀਆਂ ਹੀ ਸਨ ਤੇ ਗੁਰੂ ਸਾਹਿਬਾਨ ਨੂੰ ਚਮਕੌਰ ਦੀ ਗੜੀ ਵਿੱਚੋਂ ਬਾਹਰ ਕੱਢਣ ਵਾਲੇ, ਸੱਭ ਤੋਂ ਵੱਧ ਮੁਸ਼ਕਲ ਦੇ ਸਮੇਂ ਵਿੱਚ ਕੰਮ ਆਉਣ ਵਾਲੇ ਵੀ ਮਲੇਰ ਕੋਟਲਾ ਦੀਆਂ ਫੌਜ਼ਾਂ ਦੇ ਸਿਪਾ-ਸਿਲਾਰ (ਕਮਾਂਡਰ), ਗੁਰੂ ਸਾਹਿਬਾਂ ਦੇ ਸ਼ਰਧਾਲੂ, ਗਨੀ ਖਾਨ ਤੇ ਨਬੀ ਖਾਨ ਹੀ ਸਨ। (ਉਹੀ ਪੰਨਾ 197) ਉਹਨਾਂ ਨੇ ਗੁਰੂ ਸਾਹਿਬ ਨੂੰ ਫੌਜੀ ਵਰਦੀ ਪਹਿਨਾ ਕੇ ਰਾਤੋ ਰਾਤ ਮਾਛੀਵਾੜੇ ਕੋਟਲਾ ਨਿਹੰਗ ਖਾਨ ਕੋਲ ਸੁਰੱਖਿਅੱਤ ਪਹੁੰਚਾਇਆ ਤੇ ਦਿੱਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਫਿਰ ਆਪਣੀਆਂ ਫੋਜ਼ਾਂ ਵਿੱਚ ਜਾ ਸ਼ਾਮਲ ਹੋਏ। ਤਨ ਦੇ ਕਪੜੇ ਲੀਰਾਂ ਲੀਰਾਂ, ਪੈਰਾਂ ਵਿੱਚ ਛਾਲੇ ਤੇ ਇੱਟ ਦਾ ਸਿਰਹਾਣਾ ਲਾ ਕੇ ਸੌਣ ਵਾਲੀ ਗੱਲ ਇਹਨਾਂ ਢਾਡੀਆਂ ਨੇ ਸਿੱਖ ਸੰਗਤਾਂ ਦੇ ਖੂਨ ਵਿੱਚ ਗਰਮੀ ਲਿਆਉਣ ਤੇ ਫਿਰ ਨੋਟਾਂ ਦੀ ਵਰਖਾ ਲਈ ਹੀ ਚਲਾਈ ਹੋਈ ਹੈ। “ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ” ਗੀਤ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਮੂੰਹ ਵਿਚ ਐਵੇਂ ਹੀ ਪਾਈ ਜਾ ਰਹੇ ਹਾਂ, ਜਦੋਂ ਕਿ ਇਸ ਗੀਤ ਵਿਚਲੀ ਸਾਰੀ ਸ਼ੈਲ਼ੀ ਨੂੰ ਸਮਝਣ ਤੋਂ ਪਤਾ ਚੱਲਦਾ ਹੈ ਕਿ ਇਹ ਗੀਤ ਕਿਸੇ ਸ਼ਰਾਬੀ ਕਬਾਬੀ ਦਾ ਲਿਖਿਆ ਹੋਇਆ ਹੈ। ਇਸ ਬਾਰੇ ਚਰਚਾ ਆਪਾਂ ਕਿਸੇ ਹੋਰ ਲੇਖ ਵਿਚ ਕਰਾਂਗੇ। ਇਥੇ ਪਾਠਕਾਂ ਨੂੰ ਇਹ ਦੱਸਣਾ ਹੀ ਜ਼ਰੂਰੀ ਹੈ ਕਿ ਜੋ ਦਸਮ ਗ੍ਰੰਥ ਦੀ ਬੀੜ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਵਾਲੀ 1770 ਵਿਚ ਲਿਖੀ ਦੱਸੀ ਜਾਂਦੀ ਹੈ ਅਤੇ ਇਸ ਵੇਲੇ ਗੁਰਪੁਰਵਾਸੀ ਰਾਜਾ ਗੁਲਾਬ ਸਿੰਘ ਸੇਠੀ ਜੀ ਦੇ ਘਰ ਦਿੱਲੀ ਵਿਚ ਹੈ, ਉਸ ਵਿਚ ਉਪ੍ਰੋਕਤ “ਮਿਤ੍ਰ ਪਿਆਰੇ” ਵਾਲਾ ਗੀਤ ਅਤੇ ਸ਼ਬਦ ਹਜ਼ਾਰੇ ਵਾਲੇ ਦਸ ਸ਼ਬਦਾਂ ਸਮੇਤ ਹੈ ਹੀ ਨਹੀਂ। “ਹਵਾਲਾ ਦਸਮ ਗ੍ਰੰਥ ਦਰਪਣ ਗਿਆਨੀ ਭਾਗ ਸਿੰਘ ਅੰਬਾਲਾ”। ਦੂਸਰੀ ਗੱਲ ਇਹ ਕਿ ਸਾਰੇ ਦਸਮ ਗ੍ਰੰਥ ਵਿਚ ਇਕ ਇਹ ਹੀ ਐਸਾ ਸਲੋਕ ਹੈ ਜਿਹੜਾ ਠੇਠ ਪੰਜਾਬੀ ਵਿਚ ਲਿਖਿਆ ਹੈ ਹੋਰ ਸਾਰੇ ਗ੍ਰੰਥ ਦੀ ਬੋਲੀ ਪਹਾੜੀ ਤੇ ਬ੍ਰਿਜ ਭਾਸ਼ਾ ਹੈ। ਇਕ ਹੋਰ ਸਵਾਲ ਕਿ ਜਦੋਂ ਗੁਰੂ ਜੀ ਕਿਲਾ ਰਾਏਪੁਰ ਤੋਂ ਛੋਟੇ ਸਾਹਿਬ ਜ਼ਾਦਿਆਂ ਤੇ ਮਾਤਾ ਗੁਜਰੀ ਜੀ ਬਾਰੇ ਪਤਾ ਕਰਨ ਲਈ ਨੂਰੇ ਮਾਹੀ ਨੂੰ ਸਰਹਿੰਦ ਭੇਜਦੇ ਹਨ ਤਾਂ ਗੁਰੂ ਜੀ ਉਸ ਵਕਤ ਵੀ ਜਾਣੀ ਜਾਣ ਹਨ। ਤਿੰਨ ਦਿਨ ਪਹਿਲਾਂ ਵਾਪਰੀ ਘਟਨਾ ਦਾ ਗੁਰੂ ਜੀ ਨੂੰ ਨਹੀਂ ਪਤਾ, ਪਰ ਦਸਮ ਗ੍ਰੰਥ ਵਾਲੀ ਗਾਥਾ ਅਨੁਸਾਰ ਗੁਰੂ ਜੀ ਨੂੰ ਆਪਣੀ ਹਜ਼ਾਰਾਂ ਸਾਲਾਂ ਦੀ ਪਹਿਲੀ ਜ਼ਿੰਦਗੀ ਦਾ ਜ਼ਰੂਰ ਪਤਾ ਹੈ? ਦਰਅਸਲ ਇੱਹ ਠੀਕ ਜਾਪਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀਨੇ–ਕਾਂਗੜ ਤੋਂ ਮੁਕਤਸਰ ਵਲ ਆਏ ਤਾਂ ਇੱਹ ਚਾਲੀ ਸਿੰਘ, ਜਿਹਨਾਂ ਦਾ ਮੁਖੀ ਭਾਗ ਸਿੰਘ ਝਬਾਲੀਆ ਸੀ ਅਤੇ ਸਰਕਾਰੇ ਦਰਬਾਰੇ ਅਸਰ ਰਸੂਖ ਰੱਖਣ ਵਾਲਾ ਬੰਦਾ ਸੀ, ਗੁਰੂ ਦਾ ਸਿੱਖ ਵੀ ਸੀ ਪਰ ਨਾਲ ਨਾਲ ਤੁਅੱਲਕਾਤ ਦੂਸਰੇ ਪਾਸੇ ਵੀ ਰੱਖਦਾ ਸੀ, ਇੱਕੋ ਇੱਕ ਔਰਤ ਜੋ ਇਹਨਾਂ ਦੇ ਨਾਲ ਸੀ ਉੱਹ ਸੀ ਮਾਤਾ ਭਾਗੋ, ਜਿਹੜੀ ਸਿੱਖੀ ਵਿੱਚ ਨਕੋ ਨੱਕ ਭਿਜੀ ਹੋਈ ਸੀ, ਗੁਰੂ ਜੀ ਦੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਸੁਣ ਕੇ ਅਫਸੋਸ ਕਰਨ ਲਈ ਮਾਤਮ ਪੁਰਸੀ ਭੇਟਾ ਕਰਨ ਲਈ ਆਏ ਸਨ। ਭਾਗ ਸਿੰਘ ਝਬਾਲ ਵਾਲੇ ਸਰਕਾਰੇ ਦਰਬਾਰੇ ਅਸਰ ਰਸੂਖ ਰੱਖਣ ਵਾਲੇ ਆਦਮੀ ਸਨ। ਅਫਸੋਸ ਕਰਨ ਤੋਂ ਬਾਅਦ ਇੱਹ ਲੱਗੇ ਮੁਗਲ ਅਧਿਕਾਰੀਆਂ ਅਤੇ ਗੁਰੂ ਜੀ ਵਿੱਚਕਾਰ ਸਮਝੌਤਾ ਕਰਾਉਣ ਦੀ ਗੱਲ। (ਉਹੀ ਪੰਨਾ 161) ਤਾਂ ਗੁਰੂ ਜੀ ਨੇ ਉਹਨਾਂ ਨੂੰ ਜ਼ਮਾਨੇ ਦੀ ਸਰਕਾਰ/ਮੁਗਲਾਂ ਦੀ ਸਰਕਾਰ ਦੇ ਲੜੀਵਾਰ ਜ਼ੁਲਮਾਂ ਦਾ ਚੇਤਾ ਕਰਵਾਇਆ। ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਕਈ ਸਾਲਾਂ ਦੀ ਕੈਦ ਦਾ ਚੇਤਾ ਕਰਵਾਇਆ। ਗੁਰੂ ਤੇਗਬਹਾਦਰ ਸਾਹਿਬ ਦੀ ਸ਼ਹਾਦਤ ਦਾ ਚੇਤਾ ਕਰਵਾਇਆ। ਉੱਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਘੇਰੇ ਦਾ ਚੇਤਾ ਕਰਵਾਇਆ ਤੇ ਪੁਛਿਆ ਕਿ ਤੁਸੀਂ ਇਹਨਾਂ ਜ਼ੁਲਮਾਂ ਵੇਲੇ ਕਿੱਥੇ ਸੀ? ਗੁਰੂ ਜੀ ਨੇ ਪੁਛਿਆ, ਕੀ ਤੁਹਾਨੂੰ ਹੁਣ ਸਮਝੌਤੇ ਆਦਿ ਦੀਆਂ ਗੱਲਾਂ ਕਰਦਿਆਂ ਸ਼ਰਮ ਨਹੀਂ ਆਉਂਦੀ? ਭਾਗ ਸਿੰਘ ਜੀ ਝਬਾਲੀਏ ਨੇ ਚੁੱਪ ਤੋੜਦਿਆਂ ਗੁਰੂ ਜੀ ਨੂੰ ਕਿਹਾ ਕਿ ਉਹਨਾਂ ਦੇ ਵੱਸ ਵਿੱਚ ਨਹੀਂ ਹੈ ਕਿ ਗੁਰੂ ਜੀ ਤੇ ਹੋਰ ਸ਼ਰਧਾ ਰੱਖਣ। ਗੁਰੂ ਜੀ ਜਵਾਬ ਵਿੱਚ ਆਖਦੇ ਹਨ ਕਿ ਉਹਨਾਂ ਨੂੰ ਸੱਦਿਆਂ ਤਾਂ ਨਹੀਂ ਸੀ ਗਿਆ? ਤੇ ਨਾਲ ਹੀ ਆਖ ਦਿੱਤਾ ਕਿ ਹੁਣ ਬੇਦਾਵਾ ਲਿਖ ਦੇਣ। ਜਿਸ ਤੇ ਭਾਗ ਸਿੰਘ ਝਬਾਲ ਤੇ ਹੋਰ ਚੌਹਾਂ ਪੰਜ਼ਾਂ ਸਿੰਘਾਂ ਨੇ ਦਸਤਖਤ ਕਰ ਦਿੱਤੇ ਬਾਕੀ ਪੈਂਤੀਆਂ ਨੇ ਦਸਤਖਤ ਨਹੀਂ ਕੀਤੇ (ਉਹੀ)। ਰੱਬ ਦੀ ਮਰਜੀ ਐਨ ਉਸੀ ਵਕਤ ਗੁਰੂ ਜੀ ਨੂੰ ਖਬਰ ਮਿਲੀ ਕਿ ਸ਼ਾਹੀ ਫੋਜ਼ਾਂ ਤੇਜੀ ਨਾਲ ਪਿਛਾ ਕਰਦੀਆਂ ਇੱਧਰ ਆ ਰਹੀਆਂ ਹਨ। ਤਦ ਗੁਰੂ ਜੀ ਨੇ ਮਾਲਵੇ ਵਿੱਚੋਂ ਇਕੱਠੀਆਂ ਕੀਤੀਆਂ ਹੋਈਆਂ ਫੋਜ਼ਾਂ ਨੂੰ ਆਪਣੇ ਟਿੱਲੇ ਦੇ ਇੱਕ ਪਾਸੇ ਮੋਰਚੇ ਲਾਉਣ ਲਈ ਕਿਹਾ। ਇਹੀ ਵੇਲਾ ਸੀ ਜਦ ਮਾਤਾ ਭਾਗੋ ਜੀ ਨੇ ਇਹਨਾਂ 40 ਸਿੰਘਾਂ ਨੂੰ ਸ਼ਰਮਿੰਦਿਆਂ ਕੀਤਾ ਤੇ ਕਿਹਾ ਕਿ ਇੱਸ ਤਰਾਂ ਗੁਰੂ ਜੀ ਨੂੰ ਸੰਕਟ ਦੀ ਘੜੀ ਵਿੱਚ ਛੱਡ ਕੇ ਜਾਣ ਨਾਲ ਮਾਝੇ ਦੀ ਨਮੋਸ਼ੀ ਹੋਵੇਗੀ। ਸਾਡਾ ਭਾਈਚਾਰਾ ਸਾਨੂੰ ਸਾਡੇ ਟੱਬਰਾਂ ਸਮੇਤ ਤਿਆਗ ਦੇਵੇਗਾ। ਇੱਸ ਦੇ ਫਲ ਸਰੂਪ ਇਹਨਾਂ ਸਿੰਘਾਂ ਨੇ ਵੀ ਕਮਰ-ਕੱਸੇ ਕੱਸ ਲਏ ਤੇ ਆ ਰਹੀਆਂ ਸਰਕਾਰੀ ਫੌਜ਼ਾਂ ਦਾ ਇਹਨਾਂ ਸਾਰਿਆਂ ਨੇ ਡੱਟ ਕੇ ਮੁਕਾਬਲਾ ਕੀਤਾ। ਤੀਰਾਂ ਗੋਲੀਆਂ ਦੀ ਲੜਾਈ ਤੋਂ ਬਾਅਦ ਤਲਵਾਰ ਦੀ ਜੰਗ ਸ਼ੁਰੂ ਹੋਈ। ਸੂਰਜ ਡੁਬਣ ਤਕ ਇਹ 40 ਦੇ 40 ਸਿੰਘ ਗੰਭੀਰ ਤਰਾਂ ਜ਼ਖਮੀ ਹੋ ਚੁਕੇ ਸਨ ਜਾਂ ਮਾਰੇ ਜਾ ਚੁਕੇ ਸਨ। ਇਹਨਾਂ 40 ਸਿੰਘਾਂ ਵਿੱਚੋਂ ਕੇਵਲ ਤਿੰਨ (ਰਾਇ ਸਿੰਘ, ਸੁੰਦਰ ਸਿੰਘ ਅਤੇ ਮਹਾਂ ਸਿੰਘ) ਅਖੀਰਲੇ ਸਵਾਸਾਂ ਤੇ ਸਨ ਜਦੋਂ ਸਰਕਾਰੀ ਫੌਜਾਂ ਜੰਗ ਦਾ ਮੈਦਾਨ ਛੱਡ ਕੇ ਜਾ ਚੁਕੀਆਂ ਸਨ ਤਾਂ ਗੁਰੂ ਜੀ ਇਹਨਾਂ ਕੋਲ ਪਹੁੰਚੇ। ਮਾਤਾ ਭਾਗੋ ਜੀ ਵੀ ਜ਼ਖਮੀ ਪਈ ਹੋਈ ਸੀ। ਗੁਰੂ ਜੀ ਸ਼ਹੀਦ ਹੋ ਚੁੱਕੇ ਅਤੇ ਜ਼ਖਮੀ ਸਿੰਘਾਂ ਨੂੰ ਉਦਾਰਚਿਤ ਨਾਲ ਅਸੀਸਾਂ ਦੀ ਬਖਸ਼ਿਸ਼ ਕਰਦੇ ਕਰਦੇ ਇਹਨਾਂ ਸਿੰਘਾਂ ਕੋਲ ਆਏ ਤਾਂ ਉਪਰ ਲਿਖੇ ਤਿਨਾਂ ਸਿੰਘਾਂ ਨੇ, ਇਹਨਾਂ ਵਿੱਚੋਂ ਕਿਸੇ ਦੇ ਵੀ ਬੇਦਾਵੇ ਉਪਰ ਦਸਤਖਤ ਜਾਂ ਸਨ, ਗੁਰੂ ਜੀ ਅੱਗੇ ਕੇਵਲ ਇਹੀ ਬੇਨਤੀ ਕੀਤੀ ਕਿ ਬੇਦਾਵਾ ਪਾੜ ਦਿਓ ਅਤੇ ਭੁੱਲ ਖਿਮਾ ਕਰ ਦਿਓ। ਗੁਰੂ ਜੀ ਨੇ ਇਵੇਂ ਹੀ ਕੀਤਾ ਤੇ ਇਹਨਾਂ ਨੂੰ ਮੁਕਤਾ ਦਾ ਵਰਦਾਨ ਪ੍ਰਦਾਨ ਕੀਤਾ। ਗੁਰੂ ਜੀ ਨੇ ਉੱਸ ਅਸਥਾਨ ਤੇ ਈਸ਼ਰ ਸਰ ਦਾ ਨਾਮ ਬਦਲਕੇ ਇਹਨਾਂ ਸ਼ਹੀਦ ਸਿਖਾਂ ਦੇ ਮਾਣ ਵਜ਼ੋਂ ਮੁਕਤਸਰ ਰੱਖ ਦਿੱਤਾ। ਇਹਨਾਂ 40 ਸਿੰਘਾਂ ਨੇ ਬੇਦਾਵਾ ਅਨੰਦਪੁਰ ਦਿੱਤਾ ਸੀ ਖੁਨਾਮੀਆਂ ਰਹਿਤ ਨਹੀਂ। “ਹਵਾਲਾ ਇਤਹਾਸ ‘ਚ ਸਿੱਖ ਡਾ: ਸੰਗਤ ਸਿੰਘ ਦੀ ਇੱਹ ਕਿਤਾਬ ਸਿੱਖ ਸੰਗਤਾਂ ਨੂੰ ਪੜ੍ਹਨ ਦੀ ਅਪੀਲ” ਇੱਕ ਹੋਰ ਵੀਚਾਰ ਇਹ ਕਿ ਜੇ ਪਾਣੀ ਨਾ ਮਿਲਣ ਦੀ ਵਜ੍ਹਾ ਕਰ ਕੇ ਜ਼ਮਾਨੇ ਦੀ ਸਰਕਾਰ ਦੀਆਂ ਫੌਜ਼ਾਂ ਜਲਦੀ ਹੀ ਲੜਾਈ ਤੋਂ ਬਾਅਦ ਪਿਛਾਂਹ ਨੂੰ ਭੱਜ ਗਈਆਂ ਸਨ ਤਾਂ ਜ਼ਰੂਰ ਸਾਲ ਦਾ ਗਰਮੀ ਦਾ ਪੱਖ ਹੋਵੇਗਾ। ਮਤਲਬ ਜੇਠ ਹਾੜ ਦਾ ਮਹੀਨਾ ਹੋਵੇਗਾ। ਜਿਸ ਤਰ੍ਹਾਂ ਅੱਜ ਅਸੀਂ ਮਾਘੀ ਜਨਵਰੀ ਵਿਚ ਮਨਾਉਂਦੇ ਹਾਂ ਇਹ ਗਲਤ ਹੈ। ਸਿੱਖ ਸੰਗਤਾਂ ਨੇ ਇਸ ਦਿਨ ਨੂੰ ਸਰਬ-ਸੰਮਤੀ ਨਾਲ ਜਨਵਰੀ ਵਿਚ ਮਨਾਉਣ ਦਾ ਕਦੋਂ ਫੈਸਲਾ ਕੀਤਾ ਕਦੇ ਪੜ੍ਹਨ ਵਿਚ ਨਹੀਂ ਆਇਆ? ਬਾਕੀ ਸਿੱਖ ਧਰਮ ਦੇ ਸੱਭ ਤੋਂ ਵੱਡੇ ਫਲਾਸਫਰ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ ਨੰਬਰ 981 ਤੇ ਮੁਕਤੇ ਸਿਰਲੇਖ ਹੇਠ ਉਨ੍ਹਾਂ 40 ਸਿੱਖਾਂ ਦੇ ਨਾਮ ਲਿਖੇ ਹਨ ਜਿਹੜੇ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਏ ਸਨ। ਖਿਦਰਾਣੇ ਦੀ ਢਾਬ ਤੇ ਮਾਲਵੇ ਦੀਆਂ ਫੌਜਾਂ ਤੋਂ ਇਲਾਵਾ, ਮਹਾਂ ਸਿੰਘ ਤੇ ਉਨ੍ਹਾਂ ਦੇ ਨਾਲ ਦੇ 40 ਸਿੱਖਾਂ ਨੂੰ, ਜਿਨ੍ਹਾਂ ਨੂੰ ਅੱਜ ਤਕ ਸਿੱਖ ਕੌਮ 40 ਮੁਕਤੇ ਮੰਨਦੀ ਆ ਰਹੀ ਹੈ, ਭਾਈ ਕਾਹਨ ਸਿੰਘ ਨਾਭਾ, ਸਿਰਫ ਸ਼ਹੀਦ ਹੀ ਲਿਖਦੇ ਹਨ। ਪਰ ਇਸੇ ਹੀ ਮਹਾਨ ਕੋਸ਼ ਦੇ ਪੰਨਾ 980 ਤੇ ਮੁਕਤਸਰ ਦੇ ਸਿਰਲੇਖ ਹੇਠ ਫਿਰ ਮਾਝੇ ਦੇ 40 ਸਿੰਘਾਂ ਦਾ ਜ਼ਿਕਰ ਕਰਕੇ ਟੁੱਟੀ ਸਿੱਖੀ ਗੰਢੀ ਹੈ ਤੇ ਕਲਗੀਧਰ ਦਾ ਇਨ੍ਹਾਂ ਹੀ ਸ਼ਹੀਦ ਸਿੰਘਾਂ ਨੂੰ ਮੁਕਤ ਪਦਵੀ ਬਖਸ਼ਣ ਦਾ ਜ਼ਿਕਰ ਕਰਦੇ ਹਨ। ਜ਼ਿਆਦਾ ਠੀਕ ਇਹ ਲੱਗਦਾ ਹੈ, ਕਿ ਬੇਦਾਵੇ ਵਾਲੀ ਕਹਾਣੀ ਤੇ ਮਾਲਵੇ ਦੇ ਸਿੰਘਾਂ
ਨੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀ ਲਗਾਮ ਪਕੜ ਲੈਣੀ ਕਿ ਸਾਡੀ ਤਨਖਾਹ ਦੇ ਕੇ ਜਾਓ। ਇਹ ਦੋਵੇਂ
ਕਹਾਣੀਆਂ ਇਕ ਦੂਜੇ ਨੂੰ ਬਦਨਾਮ ਕਰਨ ਲਈ ਘੜੀਆਂ ਗਈਆਂ ਹਨ। ਅਸੀਂ ਇਹ ਨਹੀਂ ਸੋਚਦੇ ਕਿ ਇਸ ਕਹਾਣੀ
ਦੇ ਘੜਨ ਨਾਲ ਗੁਰੂ ਜੀ ਦੀ ਸ਼ਖਸ਼ੀਅਤ ਵੀ ਕਲੰਕਤ ਹੁੰਦੀ ਹੈ। ਜਦੋਂ ਗੁਰੂ ਜੀ ਚਮਕੌਰ ਦੀ ਗੜੀ ਵਿਚੋਂ
ਨਿਕਲ ਕੇ ਮਾਲਵੇ ਦੇਸ ਵਿਚ ਆਉਂਦੇ ਹਨ ਤਾਂ ਮਲਵੱਈਆਂ ਨੂੰ ਪਤਾ ਹੈ ਕਿ ਗੁਰੂ ਜੀ ਕੋਲ ਸਿਵਾਏ ਤਨ ਦੇ
ਕਪੜਿਆਂ ਤੋਂ ਕੁੱਝ ਵੀ ਨਹੀਂ ਹੈ। ਜੇ ਕਰ ਮਲਵੱਈ ਗੁਰੂ ਦੇ ਸਿੱਖ ਹੋਣ ਕਰਕੇ “ਮਾਰਿਆ ਸਿੱਕਾ ਜਗਤਿ
ਵਿਚਿ ਨਾਨਕ ਨਿਰਮਲ ਪੰਥ ਚਲਾਇਆ” ਇਸ ਕਾਰਜ ਵਿਚ ਹਿਸਾ ਲੈ ਰਹੇ ਹਨ ਤਾਂ ਉਹ ਗੁਰੂ ਦੇ ਪਿਆਰੇ ਜੋ
ਗੁਰੂ ਜੀ ਲਈ ਜਾਨਾਂ ਕੁਰਬਾਨ ਕਰਨ ਲਈ ਚੱਲੇ ਹਨ ਉਹ ਤਨਖਾਹ ਕਿਵੇਂ ਮੰਗ ਸਕਦੇ ਹਨ? ਦੂਸਰੇ ਪਾਸੇ
ਮਝੈਲ, ਜੋ ਵੀ ਗੁਰੂ ਨਾਨਕ ਸਾਹਿਬ ਦੇ ਚਲਾਏ “ਨਿਰਮਲ ਪੰਥ” ਲਈ ਜਾਨ ਕੁਰਬਾਨ ਕਰਨ ਲਈ ਹਾਜਰ ਹੋਏ ਹਨ
ਉਹ ਬੇਦਾਵਾ ਲਿਖ ਹੀ ਨਹੀਂ ਸਕਦੇ। |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
![]() |