Share on Facebook

Main News Page

ਖਿਦਰਾਣਾ ਕਰਿ ਮੁਕਤਸਰ...

ਸਿੱਖ ਇਤਿਹਾਸ ਦੀ ਲਾਮਿਸਾਲ ਘਟਨਾ ਚਮਕੌਰ ਦੀ ਜੰਗ ਤੋਂ ਬਾਅਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਛੀਵਾੜੇ ਦੇ ਜੰਗਲ ਅਤੇ ਕਈ ਨਗਰਾਂ ਦਾ ਪੈਂਡਾ ਤੈਅ ਕਰਦਿਆਂ ਮੌਜੂਦਾ ਜ਼ਿਲ੍ਹੇ ਮੁਕਤਸਰ ਦੇ ਪਿੰਡ ਰਾਮੇਆਣਾ ਤੋਂ ਅੱਗੇ ਰੂਪੇਆਣਾ ਦੀ ਰੋਹੀ ਪਾਸ 29 ਦਸੰਬਰ 1705 ਈ: ਨੂੰ ਪੁੱਜੇ ਸਨ ਜਿਥੇ ਅੱਜ ਕਲ੍ਹ ਪਿੰਡ ਮੱਲਣ੍ਹ ਵਸਿਆ ਹੋਇਆ ਹੈ। ਇਥੇ ਗੁਰੂ ਸਾਹਿਬ ਜੀ ਨਾਲ ਮੁਖੀ ਸਿੱਖ ਭਾਈ ਦਇਆ ਸਿੰਘ ਪਰੋਹਿਤ, ਭਾਈ ਮਾਨ ਸਿੰਘ ਨਿਸ਼ਾਨਚੀ, ਭਾਈ ਰਾਮ ਸਿੰਘ ਜੋ ਕਿ ਭਾਈ ਬਚਿੱਤਰ ਸਿੰਘ ਦਾ ਪੁੱਤਰ ਤੇ ਭਾਈ ਮਨੀ ਸਿੰਘ ਦਾ ਪੋਤਾ ਸੀ ਆਦਿ ਹੋਰ ਵੀ ਸਿੱਖ ਨਾਲ ਸਨ। ਰੂਪੇਆਣਾ ਪਿੰਡ ਦੀ ਰੋਹੀ ਕੋਲ ਹੀ ਮਾਝੇ ਤੋਂ ਆ ਰਿਹਾ ਸਿੰਘਾਂ ਦਾ ਜਥਾ ਨਜ਼ਰੀਂ ਪੈਣ ਤੇ ਗੁਰੂ ਜੀ ਨੇ ਭਾਈ ਮਾਨ ਸਿੰਘ ਆਦਿਕ ਸਿੱਖਾਂ ਨੂੰ ਡੇਰਾ ਕਰਨ ਦਾ ਹੁਕਮ ਕੀਤਾ। ਮਾਝੇ ਤੋਂ ਆ ਰਿਹਾ ਇਹ ਜਥਾ ਅਸਲ ਵਿਚ ਮਾਝੇ ਦੇ ਮਸ਼ਹੂਰ ਨਗਰ ਪੱਟੀ ਵਿਚ ਇਕੱਠਾ ਹੋਇਆ ਸੀ। ਗੁਰੂ ਘਰ ਦੇ ਸ਼ਰਧਾਲੂ ਭਾਈ ਦੇਸ ਰਾਜ ਦੇ ਚਲਾਣੇ ਦੀਆਂ ਰਸਮਾਂ ਤੇ ਇਨ੍ਹਾਂ ਸਿੰਘਾਂ ਦਾ ਇਕੱਠ ਹੋਇਆ ਸੀ। ਚੌਧਰੀ ਦੇਸ ਰਾਜ ਭਾਈ ਨਿਧਾਨ ਸਿੰਘ ਵੜੈਚ ਦਾ ਪਿਤਾ ਅਤੇ ਮਾਈ ਭਾਗ ਕੌਰ ਦਾ ਸਹੁਰਾ ਸੀ।

ਇਸ ਲਈ ਝਬਾਲ ਤੋਂ ਵੀ ਮਾਈ ਭਾਗ ਕੌਰ ਦੇ ਭਰਾ ਭਾਗ ਸਿੰਘ ਅਤੇ ਦਿਲਬਾਗ ਸਿੰਘ ਤੇ ਹੋਰ ਸਿੰਘ ਵੀ ਪਹੁੰਚੇ ਹੋਏ ਸਨ। ਇਥੇ ਹੀ ਗੁਰੂ ਸਾਹਿਬ ਜੀ ਦੇ ਅਨੰਦਪੁਰ ਛੱਡਣ ਅਤੇ ਚਮਕੌਰ ਦੀ ਜੰਗ ਵਰਗੀਆਂ ਮਹੱਤਵਪੂਰਨ ਘਟਨਾਵਾਂ ਦੀ ਸਿੱਖਾਂ ਵਿਚ ਚਰਚਾ ਚੱਲੀ ਅਤੇ ਸਾਰਿਆਂ ਨੇ ਮਿਲ ਕੇ ਮੌਜੂਦਾ ਹਾਲਾਤਾਂ ਉੱਤੇ ਚਰਚਾ ਕੀਤੀ।ਓੜਕ ਮਤਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕੀਤੇ ਜਾਣ ਅਤੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਹੋਇਆ ਜਾਵੇ। ਇਸ ਕਰਕੇ ਵਾਪਸ ਘਰ ਜਾਣ ਦੀ ਕਿਸੇ ਨਾ ਸੋਚੀ ਅਤੇ ਇਹ ਜਥਾ ਜੋ ਮਾਈ ਭਾਗ ਕੌਰ ਸਮੇਤ 41 ਦੀ ਗਿਣਤੀ ਵਿਚ ਸੀ ਪੱਟੀ ਤੋਂ ਚੱਲ ਕੇ ਹਰੀਕੇ ਪੱਤਣ ਰਾਹੀਂ ਜ਼ੀਰੇ ਪੁੱਜਾ।ਇਸ ਇਲਾਕੇ ਵਿਚ ਵੀ ਸਿੱਖ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਵਕਤ ਤੋਂ ਹੀ ਕਾਇਮ ਸੀ।ਇਥੋਂ ਦੇ ਸਿਖਾਂ ਨੇ ਲੋੜ ਮੁਤਾਬਿਕ ਜਥੇ ਦੀ ਸੇਵਾ ਕੀਤੀ ਅਤੇ ਇਹ ਜਥਾ ਮੋਗੇ ਵਲ ਨੂੰ ਵਧਿਆ ਇਥੇ ਮੋਗੇ ਕੋਲ ਹੀ ਇਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਲੱਖੀ ਜੰਗਲ ਦੀ ਤਰਫ ਜਾਣ ਦਾ ਪਤਾ ਲੱਗਾ। ਮਾਲਵੇ ਦੇ ਇਲਾਕੇ ਵਿਚ ਗੁਰ ਸ਼ਖਸੀਅਤਾਂ ਨੇ ਜੋ ਸਿੱਖੀ ਦੀ ਲਾਗ ਲਾਈ ਉਸ ਤੋਂ ਸਿਖਾਂ ਦੀ ਹੋਂਦ ਹਰ ਕਸਬੇ ਅਤੇ ਪਿੰਡ ਵਿਚ ਵੱਡੀ ਪੱਧਰ ਤੇ ਮੌਜੂਦ ਸੀ।

ਸੋ ਸਿੱਖ ਸੰਗਤਾਂ ਤੋਂ ਪਤਾ ਚੱਲਦਾ ਗਿਆ ਅਤੇ ਇਹ ਸਾਰਾ ਜਥਾ ਗੁਰੂ ਜੀ ਨੂੰ ਰੂਪੇਆਣਾ ਪਿੰਡ ਦੀ ਰੋਹੀ ਕੋਲ ਜਾ ਮਿਲਿਆ। ਗੁਰੂ ਸਾਹਿਬ ਜੀ ਨਾਲ ਫਤਿਹ ਸਾਂਝੀ ਹੋਈ ਅਤੇ ਨਮਸ਼ਕਾਰਾਂ ਕੀਤੀਆਂ। ਆਪਣੇ ਪਿਆਰੇ ਸਤਿਗੁਰਾਂ ਦੇ ਦਰਸ਼ਨ ਕੀਤੇ ਅਤੇ ਨਾਲ ਹੀ ਵਾਪਰੇ ਹਾਲਾਤਾਂ ਬਾਰੇ ਵੀਚਾਰ ਵੀ ਹੋਈ। ਵਾਪਰੀਆਂ ਘਟਨਾਵਾਂ ਤੇ ਕੌਣ ਨਾ ਭਾਵੁਕ ਹੁੰਦਾ ਪਰ ਗੁਰੂ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ ਅਤੇ ਸੱਚ ਤੇ ਦ੍ਰਿੜ ਰਹਿਣ ਦੀ ਪ੍ਰੇਰਣਾ ਕੀਤੀ। ਚੱਲਦੀਆਂ ਵੀਚਾਰਾਂ ਵਿਚ ਅਜਿਹਾ ਵੀ ਜ਼ਿਕਰ ਇਸ ਜਥੇ ਦੇ ਸਿੰਘਾਂ ਵਿਚੋਂ ਚੱਲਿਆ ਕਿ ਇਨ੍ਹਾਂ ਭਾਰੀ ਨੁਕਸਾਨ ਹੋਣ ਤੇ ਸਾਨੂੰ ਥੋੜ੍ਹਾ ਬਚਾਉ ਦਾ ਉਪਰਾਲਾ ਅਰੰਭਣਾ ਚਾਹੀਦਾ ਹੈ।ਤਿਨ੍ਹਾਂ ਸਿਖਾਂ ਦੀ ਆਪਸੀ ਇਸ ਵੀਚਾਰ ਪਰ ਗੁਰੂ ਸਾਹਿਬ ਜੀ ਨੇ ਫੁਰਮਾਇਆ ਕਿ “ਸਾਡਾ ਕਿਸੇ ਨਾਲ ਜ਼ਾਤੀ ਜਾਂ ਕਿਸੇ ਸੁਆਰਥ ਕਰਕੇ ਕੋਈ ਟਕਰਾਵ ਨਹੀਂ ਹੈ ਬਲਕਿ ਅਸੀਂ ਤਾਂ ਹੱਕ, ਸੱਚ ਅਤੇ ਇਨਸਾਫ ਦਾ ਸੰਘਰਸ਼ ਲੜ ਰਹੇ ਹਾਂ ਅਤੇ ਇਹ ਮਾਰਗ ਹੀ ਕੁਰਬਾਨੀਆਂ ਦਾ ਮਾਰਗ ਹੈ ਇਸ ਵਿਚ ਨਿਊਣਾਂ ਅਤੇ ਸਮਝੌਤੇ ਦੀਆਂ ਗੱਲਾਂ ਕਰਨਾ ਗੁਲਾਮੀ ਅਤੇ ਜ਼ੁਲਮ ਅੱਗੇ ਝੁਕ ਜਾਣ ਵਾਲੀ ਗੱਲ ਹੈ।ਸੋ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ ਕਿ ਅਸੀਂ ਮਹਾਨ ਪੁਰਖਿਆਂ ਦੀਆਂ ਅਦੁੱਤੀ ਕੁਰਬਾਨੀਆਂ ਨੂੰ ਛੁਟਿਆਉਣ ਦਾ ਯਤਨ ਕਰੀਏ।ਪਰ ਜਿਨ੍ਹਾਂ ਨੂੰ ਕੋਈ ਖਤਰਾ ਅਨੁਭਵ ਹੁੰਦਾ ਹੈ ਉਹ ਆਪਣਾ ਬਚਾਅ ਕਰ ਸਕਦੇ ਹਨ ਅਤੇ ਜਿਨ੍ਹਾਂ ਨੂੰ ਇਸ ਸੰਘਰਸ਼ ਨਾਲੋਂ ਸਰਕਾਰ ਦਾ ਜ਼ਿਆਦਾ ਹੇਜ਼ ਲਗਾਵ ਹੈ ਉਹ ਸਾਥੋਂ ਦੂਰ ਰਹਿ ਕੇ ਸਰਕਾਰੀ ਧਿਰ ਦੀ ਖੁਸ਼ੀ ਲੈ ਸਕਦਾ ਹੈ। ਪਰ ਯਾਦ ਰੱਖੋ ਗੁਰਮਤਿ ਨੂੰ ਪ੍ਰਣਾਏ ਜੀਵਨ ਇਸ ਮਾਰਗ ਨੂੰ ਤਿਆਗਦੇ ਨਹੀਂ ਸਗੋਂ ਅਗਾਹਾਂ ਕੂ ਤ੍ਰਾਂਘਿਦੇ ਹਨ”।

ਹੋਛਾਪਨ ਕਈ ਵਾਰ ਸੋਚ ਤੇ ਪਰਦਾ ਪਾ ਲੈਂਦਾ ਹੈ ਅਤੇ ਸੋਚ ਤੋਂ ਬਿਨ੍ਹਾਂ ਕਾਹਲ ਵਿਚ ਕੀਤਾ ਫੈਸਲਾ ਬਾਅਦ ਵਿਚ ਚੁਭਦਾ ਹੈ ਜਿਸ ਨੂੰ ਮਨੁੱਖ ਬਾਅਦ ਵਿਚ ਮਹਿਸੂਸ ਕਰਦਾ ਹੈ ਕਿ ਇਹ ਫੈਸਲਾ ਠੀਕ ਨਹੀਂ ਸੀ। ਐਸਾ ਹੀ ਕੁਝ ਇਸ ਜਥੇ ਦੇ ਮੋਹਤਬਰ ਸਿਖਾਂ ਨਾਲ ਹੋਇਆ ਜਿਹੜੇ ਕੁਝ ਸਰਕਾਰੀ ਅਸਰ ਰਸੂਖ ਵੀ ਰੱਖਦੇ ਸਨ।ਹੋਛੇਪਨ ਅਤੇ ਕਾਹਲ ਵਿਚ ਗੁਰੂ ਜੀ ਨੂੰ ਲਿਖ ਦਿੱਤਾ ਕਿ ਇਸ ਸੰਘਰਸ਼ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ ਅਤੇ ਅਸੀਂ ਆਮ ਸਿਖਾਂ ਵਾਂਗ ਜੀਵਨ ਬਸਰ ਕਰਨਾ ਲੋਚਦੇ ਹਾਂ। (ਦਰਅਸਲ ਲਿਖਤ ਦਾ ਭਾਵ ਇਹ ਵੀ ਹੁੰਦਾ ਹੈ ਕਿ ਇਹ ਗੱਲ ਪੱਕੀ ਕਰ ਲਵੋ ਕਿ ਇਵੇਂ ਨਹੀਂ ਹੋਵੇਗਾ ਜਾਂ ਇਵੇਂ ਹੋ ਜਾਵੇਗਾ। ਸਾਡੇ ਲਿਖਾਰੀਆਂ ਦੀ ਵਖਰੇਵੇਂ ਭਰੀਆਂ ਲਿਖਤਾਂ ਅਤੇ ਤਰ੍ਹਾਂ ਤਰ੍ਹਾਂ ਦੀ ਵਿਆਖਿਆ ਨੇ ਬਾਤ ਦਾ ਬਤੰਗੜ ਬਣਾਉਣ ਵਾਲੀ ਕਹਾਵਤ ਸੱਚ ਕਰ ਵਿਖਾਈ ਹੈ ਅਤੇ ਗੁਰੂ ਜੀ ਨੂੰ ਸਿੱਖਾਂ ਦਾ ਇਹ ਲਿਖਣਾ ਕਿ ਅਸੀਂ ਤੇਰੇ ਸਿਖ ਨਹੀਂ ਤੂੰ ਸਾਡਾ ਗੁਰੂ ਨਹੀਂ ਵਾਲੀ ਗੱਲ ਨੂੰ ਬਾਰ ਬਾਰ ਪ੍ਰਚਾਰ ਕੇ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂ ਕਿ ਇਹ ਕੇਵਲ ਪ੍ਰਤੀਕ ਵਾਚਕ ਸ਼ਬਦ ਹਨ ਜਿਸ ਨੂੰ ਬੇਦਾਵਾ ਕਹਿ ਕੇ ਸੁਣਾਉਣ ਨੂੰ ਪਹਿਲ ਦਿੱਤੀ ਜਾਂਦੀ ਆ ਰਹੀ ਹੈ।ਸਹੀਦਾਂ ਦੀ ਕੁਰਬਾਨੀ ਆਪਣੇ ਆਪ ਵਿਚ ਹੀ ਮਿਸਾਲ ਅਤੇ ਜਿਊਂਦਾ ਜਾਗਦਾ ਪ੍ਰਮਾਣ ਹੈ ਕਿ ਜੇ ਉਨ੍ਹਾਂ ਨੇ ਸਿੱਖੀ ਨਾਲੋਂ ਨਾਤਾ ਤੋੜ ਹੀ ਲਿਆ ਸੀ ਤਾਂ ਫਿਰ ਭਾਵੇਂ ਕੋਈ ਲੱਖ ਸਮਝਾਉਂਦਾ ਉਨ੍ਹਾਂ ਨੂੰ ਵਾਪਸ ਪਰਤ ਕੇ ਗੁਰੂ ਜੀ ਦੀ ਸੇਵਾ ਵਿਚ ਸ਼ਹੀਦੀ ਪ੍ਰਾਪਤ ਕਰਨ ਦੀ ਕੀ ਲੋੜ ਸੀ? ਸੋ ਕੇਵਲ ਕੁਝ ਪ੍ਰਤੀਕ ਵਾਚਕ ਸ਼ਬਦਾਂ ਨੂੰ ਗੁਰੂ ਜੀ ਨਾਲੋਂ ਸਿੱਖਾਂ ਦਾ ਤੋੜ ਵਿਛੋੜਾ ਸਮਝਣਾ ਸ਼ਾਇਦ ਸਾਡੀ ਵਿਆਖਿਆ ਦੀ ਗ਼ਲਤੀ ਕਾਰਨ ਹੀ ਵਾਪਰਿਆ ਹੈ।

ਦੂਜਾ, ਸਿਖ ਬਣਨ ਲਈ ਕਿਸੇ ਕਾਗਜ਼ੀ ਕਾਰਵਾਈ ਨੂੰ ਪੂਰਾ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਕੋਈ ਅਸ਼ਟਾਮ ਭਰਿਆ ਜਾਂਦਾ ਹੈ ਕਿ ਫਲਾਣਾ ਅੱਜ ਤੋਂ ਸਿਖ ਬਣ ਗਿਆ ਹੈ ਜਾਂ ਫਲਾਣੇ ਨੂੰ ਸਿਖ ਬਣਾਇਆ ਜਾ ਰਿਹਾ ਹੈ। ਇਸ ਲਈ ਤਾਂ ਗੁਰੂ ਸਿਧਾਤਾਂ ਨੂੰ ਸਮਰਪਤ ਹੋਣਾ ਪੈਂਦਾ ਹੈ ਅਤੇ ਗੁਰਮਤਿ ਨੂੰ ਜਿਊਣਾ ਹੁੰਦਾ ਹੈ ਬਸ ਸਿੱਖ ਦਾ ਅਜਿਹਾ ਪ੍ਰਣ ਹੀ ਅਸਲ ਲਿਖਤ ਹੈ ਨਾ ਕਿ ਕੋਈ ਬਾਹਰੀ ਕਾਗਜ਼ੀ ਕਾਰਵਾਈ ਨਾਲ ਸਿਖ ਬਣਿਆ ਜਾਂਦਾ ਹੈ। ਜਦੋਂ ਬਾਹਰੀ ਕਾਗਜ਼ੀ ਕਾਰਵਾਈ ਨਾਲ ਸਿਖ ਨਹੀਂ ਬਣਦਾ ਤਾਂ ਫਿਰ ਕਾਗਜ਼ੀ ਲਿਖਤ ਨਾਲ ਸਿਖੀ ਤਿਆਗੀ, ਛੱਡੀ ਜਾਂ ਛੁਡਾਈ ਵੀ ਨਹੀਂ ਜਾ ਸਕਦੀ। ਤੀਜਾ, ਭਾਗ ਸਿੰਘ ਝਬਾਲੀਆ ਜੋ ਕਿ ਭਾਈ ਲੰਗਾਹ ਜੀ ਦੇ ਖਾਨਦਾਨ ਨਾਲ ਸੰਬੰਧਤ ਹੈ ਅਤੇ ਇਸ ਪਰਵਾਰ ਕੋਲ ਚੌਧਰਪੁਣਾ ਪੁਰਾਣੇ ਸਮੇਂ ਤੋਂ ਹੀ ਚੱਲਿਆ ਆ ਰਿਹਾ ਸੀ ਇਹ ਵੀ ਕਾਰਨ ਹੋ ਸਕਦਾ ਹੈ ਕਿ ਇਨ੍ਹਾਂ ਨੇ ਗੁਰੂ ਜੀ ਨੂੰ ਅਜਿਹੀ ਕੋਈ ਬੇਨਤੀ ਰੂਪ ਲਿਖਤ ਸੌਂਪੀ ਹੋਵੇ ਕਿ ਸਾਨੂੰ ਇਸ ਸਮੇਂ ਸਰਕਾਰੀ ਜਬਰ ਤੋਂ ਬਚਣ ਲਈ ਇਨ੍ਹਾਂ ਇਨ੍ਹਾਂ ਚੀਜ਼ਾਂ ਵਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅਜਿਹੇ ਲੋਕ ਆਪਣਾ ਅਸਰ ਰਸੂਖ ਸਰਕਾਰੇ ਦਰਬਾਰੇ ਬਣਾਉਣ ਦੀ ਇਛਾ ਵੀ ਰੱਖਦੇ ਹੋ ਸਕਦੇ ਹਨ ਪਰ ਬਾਅਦ ਵਿਚ ਇਨ੍ਹਾਂ ਨੇ ਆਪਸੀ ਵੀਚਾਰ ਨਾਲ ਸਹਿਮਤੀ ਕਰਕੇ ਗੁਰੂ ਜੀ ਦੀ ਸੇਵਾ ਨੂੰ ਪਹਿਲ ਦਿੱਤੀ।)

ਇਸ ਸੁਝਾਅ ਰੂਪ ਲਿਖਤ ਤੋਂ ਬਾਅਦ ਇਹ ਜਥਾ ਵਾਪਸ ਆਪਣੇ ਨਗਰਾਂ ਨੂੰ ਤੁਰ ਪਿਆ।ਉਧਰ ਗੁਰੂ ਜੀ ਨੇ ਵੀ ਆਪਣਾ ਸਫਰ ਤਲਵੰਡੀ ਸਾਬ੍ਹੋ ਨੂੰ ਤੈਅ ਕਰਨਾ ਸ਼ੁਰੁ ਕਰ ਦਿੱਤਾ।ਯਾਦ ਰਹੇ ਬਠਿੰਡੇ ਦਾ ਇਲਾਕਾ ਉਨ੍ਹਾਂ ਸਮਿਆਂ ਵਿਚ ਮੁਲਤਾਨ ਦੇ ਖੇਤਰ ਵਿਚ ਆਉਂਦਾ ਸੀ ਜਿਥੇ ਸਰਹੰਦ ਦੇ ਗਵਰਨਰ ਵਜ਼ੀਰ ਖਾਂ ਦੀ ਪਹੁੰਚ ਨਹੀਂ ਸੀ।ਤਲਵੰਡੀ ਸਾਬ੍ਹੋ ਜਿਥੇ ਨੌਵੇਂ ਗੁਰੂ ਜੀ ਨੇ ਵੀ ਆਪਣਾ ਪੜਾਅ ਰੱਖਿਆ ਅਤੇ ਇਸ ਇਲਾਕੇ ਵਿਚ ਪ੍ਰਚਾਰ ਹਿਤ ਇਸ ਜਗ੍ਹਾ ਨੂੰ ਕੇਂਦਰ ਬਣਾਇਆ ਸੀ ਦਸਵੇਂ ਗੁਰੂ ਜੀ ਇਥੇ ਪਹਿਲਾਂ ਵੀ. 1750 ਬਿ: ਨੂੰ ਆਏ ਸਨ ਅਤੇ ਡੱਲੇ ਚੌਧਰੀ ਨੇ ਅਥਾਹ ਪਿਆਰ ਨਾਲ ਗੁਰੂ ਜੀ ਦਾ ਸਵਾਗਤ ਕੀਤਾ ਸੀ।

ਉਧਰ ਸੂਬਾ ਸਰਹੰਦ ਨੇ ਗੁਰੂ ਜੀ ਦਾ ਪਿੱਛਾ ਕਰਨਾ ਛੱਡਿਆ ਨਹੀਂ ਸੀ। ਪਾਠਕ ਯਾਦ ਰੱਖਣ ਕਿ ਕਿਵੇਂ ਚਮਕੌਰ ਦੀ ਹਵੇਲੀ ਛੱਡਣ ਤੋਂ ਬਾਅਦ ਗੁਰੂ ਜੀ ਨੂੰ ਜੰਗਲਾਂ ਵਿਚ ਦੀ ਆਪਣਾ ਸਫਰ ਕਰਕੇ ਮਾਛੀਵਾੜੇ ਪਹੁੰਚਣ ਤੇ ਇਥੋਂ ਹੀ ਗਨੀ ਖਾਂ ਅਤੇ ਨਬੀ ਖਾਂ ਵਰਗੇ ਗੁਰੂ ਜੀ ਦੇ ਸ਼ਰਧਾਲੂਆ ਨੇ ਉੱਚ ਦੇ ਪੀਰ ਦੇ ਲਿਬਾਸ ਵਿਚ ਗੁਰੂ ਜੀ ਦੀ ਸਵਾਰੀ ਨੂੰ ਅੱਗੇ ਪਹੁੰਚਾਇਆ ਸੀ। ਸਰਹੰਦੀ ਫੌਜ ਨੇ ਗੁਰੂ ਜੀ ਨੂੰ ਜੀਵਤ ਫੜਨ ਦੀ ਲਾਲਸਾ ਨਾਲ ਜਾਂ ਉਹਨਾਂ ਨੂੰ ਖਤਮ ਕਰਨ ਦੀ ਮੰਦਭਾਵਨਾ ਨਾਲ ਉਨ੍ਹਾਂ ਲਈ ਸਰਹੰਦ ਅਧੀਨ ਆਉਂਦੇ ਖੇਤਰ ਵਿਚ ਹਰ ਪਾਸੇ ਤੰਗੀਆਂ ਕਰ ਦਿੱਤੀਆਂ ਸਨ ਅਤੇ ਸੂਹ ਖਬਰ ਲੈਂਦਿਆ ਇਹ ਫੌਜ ਵਜ਼ੀਰ ਖਾਂਨ ਦੀ ਅਗਵਾਈ ਵਿਚ ਗੁਰੂ ਸਾਹਿਬ ਜੀ ਦੇ ਪਿੱਛੇ ਪਿਛੇ ਚੱਲ ਪਈ ਸੀ।ਮਝੈਲ ਸਿੱਖਾਂ ਦਾ ਜਥਾ ਜੋ ਗੁਰੂ ਜੀ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਨੂੰ ਥੋੜ੍ਹੀ ਦੂਰੀ ਤੇ ਫੌਜ ਵਲੋਂ ਗੁਰੂ ਜੀ ਦਾ ਪਿੱਛਾ ਕਰਨ ਦਾ ਪਤਾ ਲੱਗਾ ਤਾਂ ਮਾਈ ਭਾਗ ਕੌਰ ਨੇ ਬਾਕੀ ਸਿੰਘਾਂ ਨੂੰ ਪ੍ਰੇਰਣਾ ਕੀਤੀ ਕਿ ਇਸ ਸਮੇਂ ਸਾਡਾ ਆਪਣੇ ਨਗਰਾਂ ਨੂੰ ਜਾਣਾ ਫੱਬਦਾ ਨਹੀਂ ਕਿਉਂਕਿ ਇਸ ਬਿਖੜੇ ਸਮੇਂ ਵਿਚ ਸਾਨੂੰ ਗੁਰੂ ਜੀ ਦੀ ਸੇਵਾ ਵਿਚ ਹੀ ਰਹਿਣਾ ਚਾਹੀਦਾ ਹੈ।ਆਖਰ ਹਾਂ ਤਾਂ ਅਸੀਂ ਸਿਖ ਹੀ! ਅਸੀਂ ਕਿਵੇਂ ਵੀ ਗੁਰੂ ਦੀ ਸੇਵਾ ਤੋਂ ਮੁੱਖ ਨਹੀਂ ਮੋੜ ਸਕਦੇ!ਯਾਦ ਰੱਖੋ ਆਉ! ਅਸੀਂ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਨੂੰ ਮਾਣੀਏ ਅਤੇ ਇਸ ਨਾਪਾਕ ਇਰਾਦਿਆਂ ਵਾਲੀ ਫੌਜ ਅੱਗੇ ਲੋਹੇ ਦੀ ਦੀਵਾਰ ਬਣ ਖਲੋ ਜਾਈਏ ਤਾਂ ਕਿ ਇਹ ਜ਼ਾਲਮ ਗੁਰੂ ਜੀ ਦੀ ਸ਼ਾਨ ਵਿਚ ਕੋਈ ਗੁਸਤਾਖੀ ਨਾ ਕਰ ਸਕਣ। ਸਾਨੂੰ ਆਪਣਾ ਵਿਰਸਾ ਅਤੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਦਾ ਸਤਿਕਾਰ ਕਰਦਿਆਂ ਮਰਨੋਂ ਵੀ ਗੁਰੇਜ਼ ਨਹੀ ਕਰਨਾ ਚਾਹੀਦਾ। ਮਾਈ ਭਾਗ ਕੌਰ ਦੇ ਬੋਲਾਂ ਨੇ ਸਾਰੇ ਜਥੇ ਨੂੰ ਹੀ ਸੁਚੇਤ ਹੀ ਨਾ ਕੀਤਾ ਸਗੋਂ ਐਸੀ ਗ਼ੈਰਤ ਦੀ ਪਾਣ ਚਾੜ੍ਹ ਦਿੱਤੀ ਕਿ ਅੱਖ ਦੇ ਫੋਰ ਵਿਚ ਹੀ ਜਥੇ ਨੇ ਆਪਣਾ ਰੁਖ ਗੁਰੂ ਜੀ ਵੱਲ ਕਰ ਲਿਆ।

ਉਧਰ ਗੁਰੂ ਜੀ ਆਪਣੇ ਜਥੇ ਸਮੇਤ ਖਿਦਰਾਣੇ ਦੀ ਢਾਬ (ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਵਰਖਾ ਦਾ ਚਾਰੇ ਪਾਸਿਓਂ ਪਾਣੀ ਆਕੇ ਇੱਥੇ ਇਤਨਾ ਜਮਾਂ ਹੁੰਦਾ ਸੀ ਕਿ ਸਾਲ ਭਰ ਦੂਰ ਦੂਰ ਦੇ ਪਿੰਡਾਂ ਦੇ ਆਦਮੀ ਅਤੇ ਪਸ਼ੂ ਜਲ ਪੀਣ ਲਈ ਇਸ ਥਾਂ ਆਉਂਦੇ ਸਨ) ਤੋਂ ਥੋੜ੍ਹੀ ਦੂਰੀ ਤੇ ਇਕ ਟਿੱਬੇ ਤੇ ਜਾ ਬਿਰਾਜੇ ਜਿਥੇ ਅੱਜ ਕਲ ਗੁਰਦੁਆਰਾ ਟਿੱਬੀ ਸਾਹਿਬ ਹੈ। ਵਾਪਸ ਮੁੜਿਆ ਸਿੰਘਾਂ ਦਾ ਜਥਾਂ ਖਿਦਰਾਣੇ ਦੀ ਢਾਬ ਤੇ ਆ ਪਹੁੰਚਿਆ ਜਿਥੇ ਉਨ੍ਹਾਂ ਦਾ ਸਾਹਮਣਾ ਸਰਹੰਦੀ ਦੀ ਫੌਜ ਜੋ ਵਜ਼ੀਰ ਖਾਂਨ ਦੀ ਅਗਵਾਈ ਵਿਚ ਆ ਰਹੀ ਸੀ ਨਾਲ ਹੋਇਆ।(ਸਿਖਾਂ ਦਾ ਇਹ ਜਥਾ ਖਾਸ ਲੜਾਈ ਵਾਸਤੇ ਹੀ ਮਾਝੇ ਤੋਂ ਨਹੀਂ ਸੀ ਆਇਆ ਇਨ੍ਹਾਂ ਦਾ ਮਕਸਦ ਗੁਰੂ ਜੀ ਦੀ ਸਂੰਗਤ ਕਰਨਾ ਸੀ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਮੁਲਾਕਾਤ ਕਰਨਾ ਸੀ ਭਾਵੇਂ ਹਾਲਾਤਾਂ ਨੂੰ ਭਾਪਦਿਆਂ ਇਹ ਪੂਰੀ ਤਿਆਰੀ ਵਿਚ ਹੀ ਸਨ।

ਸੋ ਅਚਾਨਕ ਹੀ ਸਰਹੰਦ ਵਲੋਂ ਆ ਰਹੀ ਫੋਜ ਦਾ ਵੀ ਸਾਹਮਣਾ ਇਨ੍ਹਾਂ ਨਾਲ ਹੋਇਆ) ਇਕ ਪਾਸੇ ਤਨਖਾਹਦਾਰ ਮੁਲਾਜ਼ਮ ਸਿਪਾਹੀ ਤੇ ਦੂਜੇ ਪਾਸੇ ਕਲਗੀਧਰ ਪਾਤਸ਼ਾਹ ਤੋਂ ਕੁਰਬਾਨ ਹੋਣ ਵਾਲੇ ਗੁਰਮਤਿ ਮਾਰਗ ਦੇ ਪਾਂਧੀ ਸਿਖ ਸਨ। ਐਸੇ ਜਜ਼ਬੇ ਅਤੇ ਚੜ੍ਹਦੀ ਕਲਾ ਨਾਲ ਇਸ ਜਥੇ ਨੇ ਸ਼ਾਹੀ ਫੌਜ ਦਾ ਟਾਕਰਾ ਕੀਤਾ ਕਿ ਇਹ ਜੰਗ ਇਤਿਹਾਸ ਦੀ ਇਕ ਲਾ ਮਿਸਾਲ ਜੰਗ ਹੋ ਨਿਬੜੀ। ਤੀਰਾਂ, ਗੋਲੀਆਂ, ਤਲਵਾਰਾਂ, ਨੇਜਿਆਂ ਨੇ ਪਲਾਂ ਵਿਚ ਹੀ ਜੰਗ ਨੂੰ ਮਘਦੀ ਭੱਠੀ ਬਣਾ ਦਿੱਤਾ ਸੀ। ਘੋੜਿਆਂ ਦੀਆਂ ਟਾਪਾਂ ਨਾਲ ਜ਼ਮੀਨ ਅਸਮਾਨ ਨਾਲ ਮਿਲਣ ਲੱਗ ਪਈ ਸੀ ਤੇ ਜੈਕਾਰਿਆ ਦੀ ਗੂੰਜ ਨੇ ਰਣ ਨੂੰ ਤੱਤਾ ਕਰ ਦਿੱਤਾ ਸੀ। ਸਿੱਖ ਅੱਗੇ ਵਧ ਵਧ ਕੇ ਜਾਨਾਂ ਹੂਲ ਕੇ ਲੜਦੇ ਅਤੇ ਕਈਆਂ ਕਈਆਂ ਤੇ ਭਾਰੂ ਪੈਂਦੇ। ਅਖੀਰ ਸ਼ਾਹੀ ਫੌਜ ਦੇ ਪੈਰ ਮੈਦਾਨੋਂ ਐਸੇ ਉੱਖੜੇ ਕਿ ਉਹ ਬਹੁਤਾ ਸਮਾਂ ਮੈਦਾਨ ਵਿਚ ਸਿਖਾਂ ਸਾਹਮਣੇ ਟਿਕ ਨਾ ਸਕੇ, ਦੂਜਾ ਖਿਆਲ ਸ਼ਾਹੀ ਫੌਜ ਵਿਚ ਇਹ ਵੀ ਸੀ ਕਿ ਸ਼ਾਇਦ ਹੁਣ ਸਿੱਖਾਂ ਦੀ ਫੌਜ ਵਿਚ ਬਾਕੀ ਲੜਨ ਵਾਲਾ ਕੋਈ ਰਿਹਾ ਨਹੀਂ ਇਸ ਲਈ ਉਨ੍ਹਾਂ ਦਾ ਵਾਪਸ ਜਾਣਾ ਸੁਭਾਵਿਕ ਸੀ। ਸ਼ਾਮ ਦੇ ਸਮੇਂ ਇਹ ਜੰਗ ਸਮਾਪਤ ਹੋਈ। ਇਸ ਜੰਗ ਵਿਚ ਗੁਰੂ ਜੀ ਵੀ ਤੀਰਾਂ ਦੀ ਵਰਖਾ ਨਾਲ ਜੁਝਾਰੂ ਸਿੱਖਾਂ ਦੀ ਮਦਦ ਕਰਕੇ ਸ਼ਾਹੀ ਫੌਜ ਨੂੰ ਨਿਹਾਲ ਕਰਦੇ ਰਹੇ ਅਤੇ ਜੰਗ ਦਾ ਹਰ ਪਾਸਾ ਬੜੇ ਧਿਆਨ ਨਾਲ ਨਿਹਾਰਦੇ ਰਹੇ। ਸਿਖਾਂ ਦੀ ਰਣਭੂਮੀ ਵਿਚ ਗੁਰੂ ਗੋਬਿੰਦ ਸਿੰਘ ਦੀ ਨਜ਼ਰ ਬਖਸ਼ਿਸ਼ ਸਿਖਾਂ ਨੂੰ ਹੋਰ ਚੜਦੀ ਕਲਾ ਬਖਸ਼ਦੀ ਰਹੀ ਸੀ। ਗੁਰੂ ਜੀ ਟਿੱਬੀ ਤੋਂ ਕੁਰਬਾਨੀ ਦੇ ਪੁਤਲੇ ਜੇਤੂ ਸਿਖਾਂ ਦੇ ਮੈਦਾਨ ਜੰਗ ਵਿਚ ਆਏ ਅਤੇ ਹਰ ਇਕ ਸਿਖ ਦੇ ਸਰੀਰ ਨੂੰ ਹਜ਼ੂਰੀ ਸਿਖਾਂ ਨਾਲ ਸੰਭਾਲਣਾ ਸ਼ੁਰੂ ਕੀਤਾ ਇਸ ਜੰਗ ਵਿਚ 37 ਸਿਖ ਸ਼ਹੀਦੀ ਜਾਮ ਪੀ ਚੁੱਕੇ ਸਨ ਅਤੇ 3 ਸਿੱਖ ਭਾਈ ਰਾਇ ਸਿੰਘ, ਮਹਾਂ ਸਿੰਘ, ਤੇ ਸੁੰਦਰ ਸਿੰਘ ਹੀ ਸਹਿਕ ਰਹੇ ਸਨ ਅਤੇ ਮਾਈ ਭਾਗ ਕੌਰ ਵੀ ਖੱਬੇ ਪੱਟ ਵਿਚ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਸੀ। ਗੁਰੂ ਜੀ ਨੇ ਇਨ੍ਹਾਂ ਚੌਹਾਂ ਦੀ ਸੰਭਾਲ ਅਰੰਭ ਕਰਵਾਈ ਗੁਰੂ ਜੀ ਨੇ ਇਨ੍ਹਾਂ ਨੂੰ ਪਰਹਮ ਪੱਟੀ ਕਰਵਾਈ ਪਰ ਤਿੰਨ੍ਹਾਂ ਸਿੰਘਾਂ ਦੀ ਹਾਲਤ ਬੜੀ ਨਾਜ਼ੁਕ ਸੀ। ਬਾਕੀ ਸ਼ਹੀਦ ਸਿੰਘਾਂ ਦੇ ਸਰੀਰਾਂ ਨੂੰ ਹਜ਼ੂਰੀ ਸਿੰਘ ਇਕ ਥਾਵੇਂ ਇਕੱਤਰ ਕਰਦੇ ਰਹੇ ਅਤੇ ਗੁਰੂ ਜੀ ਇਨ੍ਹਾਂ ਜ਼ਖਮੀ ਸਿੰਘਾਂ ਪਾਸ ਬਿਰਾਜੇ ਉਨ੍ਹਾਂ ਨੂੰ ਖੁਸ਼ੀਆਂ ਬਖਸ਼ਦੇ ਰਹੇ।

ਅੱਧੀ ਕੁ ਰਾਤ ਨੂੰ ਭਾਈ ਸੁੰਦਰ ਸਿੰਘ ਜੀ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹਾਦਤ ਪਾ ਗਏ।ਭਾਈ ਸੁੰਦਰ ਸਿੰਘ ਜੀ ਤੋਂ ਪਿਛੋਂ ਭਾਈ ਰਾਇ ਸਿੰਘ ਜੀ ਨੇ ਸਵਾਸ ਤਿਆਗੇ ਅਤੇ ਸਭ ਤੋਂ ਅਖੀਰ ਤੇ ਭਾਈ ਮਹਾਂ ਸਿੰਘ ਜੀ ਨੇ ਗੁਰੂ ਜੀ ਦੀ ਗੋਦ ਵਿਚ ਹੀ ਪ੍ਰਾਣ ਤਿਆਗੇ।ਇਵੇਂ ਇਸ ਜੰਗ ਦੇ ਸਭ ਤੋਂ ਅਖੀਰ ਵਿਚ ਸਹੀਦ ਹੋਣ ਵਾਲੇ ਭਾਈ ਮਹਾਂ ਸਿੰਘ ਜੀ ਹੀ ਸਨ। ਭੱਟ ਵਹੀਆਂ ਮੁਤਾਬਿਕ ਭਾਈ ਰਾਇ ਸਿੰਘ ਜੀ ਨੇ ਉਸ ਲਿਖਤ ਨੂੰ ਪਾੜਨ ਵਾਸਤੇ ਗੁਰੂ ਜੀ ਨੂੰ ਬੇਨਤੀ ਕੀਤੀ ਜੋ ਰੂਪੇਆਣਾ ਦੀ ਰੋਹੀ ਤੇ ਮਾਝੇ ਦੇ ਸਿੰਘਾਂ ਦੇ ਜਥੇ ਵਲੋਂ ਗੁਰੂ ਜੀ ਨਾਲ ਕੀਤੀ ਗਈ ਸੀ। ਗੁਰੂ ਜੀ ਨੇ ਉਹ ਲਿਖਤ ਪਾੜ ਕੇ ਸੁੱਟ ਦਿੱਤੀ ਅਤੇ ਸਾਰੇ ਸਿੰਘਾਂ ਨੂੰ ਮੁਕਤੇ ਖਿਤਾਬ ਨਾਲ ਸਤਿਕਾਰਿਆ ਅਤੇ ਸਾਡੇ ਇਤਿਹਾਸਕ ਸੋਮਿਆਂ ਮੁਤਾਬਕ ਗੁਰੂ ਜੀ ਨੇ ਸਿੰਘਾਂ ਨੂੰ ਪੰਜ ਹਜ਼ਾਰੀ, ਦਸ ਹਜ਼ਾਰੀ ਆਦਿ ਦੇ ਮਨਸਬਾਂ ਨਾਲ ਨਿਵਾਜਿਆ। ਇਵੇਂ 30 ਦਸੰਬਰ ਦਾ ਦਿਨ ਚੜ੍ਹ ਆਇਆ। ਸਵੇਰ ਵੇਲੇ ਆਸਾ ਕੀ ਵਾਰ ਦਾ ਪਾਠ ਹੋਇਆ ਅਤੇ ਗੁਰੂ ਜੀ ਨੇ ਹਜ਼ੂਰੀ ਸਿੰਘਾਂ ਨੂੰ ਹੁਕਮ ਕੀਤਾ ਕਿ ਸ਼ਹੀਦ ਸਿੰਘਾਂ ਦੇ ਸਰੀਰਾਂ ਦਾ ਸਸਕਾਰ ਕਰਨ ਲਈ ਉਪਰਾਲਾ ਅਰੰਭਿਆ ਜਾਵੇ। ਭਾਈ ਦਾਨ ਸਿੰਘ ਜੀ ਬਰਾੜ ਖਿਦਰਾਣਾ ਪਿੰਡ ਤੋਂ ਕੜਾਹ ਪ੍ਰਸ਼ਾਦ ਦੀਆਂ ਰਸਦਾਂ ਲਿਆਏ। ਭਾਈ ਮਾਨ ਸਿੰਘ ਤੇ ਹੋਰ ਸਿੰਘਾਂ ਨੇ ਰਲ ਮਿਲ ਕੇ ਸ਼ਹੀਦ ਸਿੰਘਾਂ ਦੇ ਸਰੀਰਾਂ ਦਾ ਇਸ਼ਨਾਨ ਕਰਵਾ ਕੇ ਉਨ੍ਹਾਂ ਦੇ ਸਰੀਰਾਂ ਨੂੰ ਲਕੜਾਂ ਚਿਣ ਕੇ ਇਕੋ ਅੰਗੀਠੇ ਤੇ ਟਿਕਾਇਆ ਅਤੇ ਅਰਦਾਸਾ ਸੋਧਣ ਤੋਂ ਬਾਅਦ ਗੁਰੂ ਜੀ ਨੇ ਸਰੀਰਾਂ ਨੂੰ ਆਪ ਅਗਨ ਭੇਟ ਕੀਤਾ। ਚਿਖਾ ਤੇ ਠੰਢੇ ਹੋਣ ਤਕ ਗੁਰੂ ਜੀ ਸਾਥੀ ਸਿੱਖਾਂ ਸਮੇਤ ਉਥੇ ਹੀ ਬਿਰਾਜੇ ਅਤੇ ਅੰਗੀਠਾ ਠੰਢਾ ਹੋਣ ਤੇ ਉੱਪਰ ਮਿੱਟੀ ਪਵਾ ਦਿੱਤੀ ਗਈ। ਇਸ ਸਾਰੇ ਕਾਰਜ ਵਿਚ ਖਿਦਰਾਣੇ ਦੀਆ ਸਿਖ ਸੰਗਤਾਂ ਨੇ ਵੀ ਭਰਪੂਰ ਸਹਿਯੋਗ ਕੀਤਾ ਅਤੇ ਹੋਰ ਆਲੇ ਦੁਆਲੇ ਦੀਆਂ ਸੰਗਤਾਂ ਨੇ ਵੀ ਗੁਰੂ ਜੀ ਦੀ ਸੰਗਤ ਰੂਪ ਦਰਸ਼ਨਾਂ ਨੂੰ ਮਾਣਿਆ। 31 ਦਸੰਬਰ ਦੀ ਰਾਤ ਨੂੰ ਖਿਦਰਾਣਾ ਪਿੰਡ ਦੀਆਂ ਸੰਗਤਾਂ ਦੀ ਬੇਨਤੀ ਤੇ ਗੁਰੂ ਜੀ ਖਿਦਰਾਣੇ ਜਾ ਰਹੇ ਅਤੇ 1 ਜਨਵਰੀ ਨੂੰ ਗੁਰੂ ਜੀ ਨੇ ਤਲਵੰਡੀ ਸਾਬ੍ਹੋ ਵਾਲੇ ਪਾਸੇ ਨੂੰ ਜਥੇ ਸਮੇਤ ਰੁਖ ਕੀਤਾ।

ਲਿਖਤ ਕਿੱਥੇ ਹੋਈ ? ਤੇ ਲਫਜ਼ ਬੇਦਾਵੇ ਬਾਰੇ ਵੀਚਾਰ: ਇਹ ਲਿਖਤ ਕਿਥੇ ਹੋਈ ਇਸ ਬਾਰੇ ਪ੍ਰਚਲਤ ਤੌਰ ਤੇ ਕੁਝ ਲਿਖਾਰੀਆਂ ਦੇ ਲਿਖੇ ਅਨੁਸਾਰ ਅਨੰਦਪੁਰ ਵਿਖੇ ਹੀ ਇਹ ਸਿੰਘ ਬੇਦਾਵਾ ਦੇ ਕੇ ਆਏ ਸਨ ਅਤੇ ਆਪਣੇ ਨਗਰਾਂ ਤੇ ਘਰਾਂ ਤੋਂ ਜ਼ਿੱਲਤ ਸਹਿਣ ਕਰਨ ਮਗਰੋਂ ਇਨ੍ਹਾਂ ਨੇ ਗੁਰੂ ਜੀ ਦੀ ਸੇਵਾ ਵਿਚ ਜਾਣ ਦਾ ਮਨ ਬਣਾਇਆ ਸੀ। ਪਰ ਇਤਿਹਾਸ ਨੂੰ ਘੋਖਣ ਤੇ ਪਤਾ ਚਲਦਾ ਹੈ ਕਿ ਅਜਿਹੀ ਕਿਸੇ ਵੀ ਘਟਨਾ ਦਾ ਕੋਈ ਵੀ ਸੰਬੰਧ ਅਨੰਦਪੁਰ ਨਾਲ ਨਹੀਂ ਬਣਦਾ। ਅਨੰਦਪੁਰ ਦੇ ਘੇਰੇ ਦੀ ਸੰਭਾਵਨਾ ਵੇਲੇ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਆਪਣੇ ਕੋਲ ਰਹਿਣ ਦੀ ਆਗਿਆ ਨਹੀਂ ਕੀਤੀ ਸੀ ਅਤੇ ਘਰਬਾਰੀ ਸਿੱਖਾਂ ਨੂੰ ਅਨੰਦਪੁਰ ਦੇ ਘੇਰੇ ਤੋਂ ਪਹਿਲੋਂ ਹੀ ਭੇਜ ਦਿੱਤਾ ਗਿਆ ਸੀ ਕੇਵਲ ਗੁਰੂ ਜੀ ਦਾ ਆਪਣਾ ਪਰਵਾਰ ਅਤੇ ਇਕ ਦੋ ਸਿਖਾਂ ਦੇ ਪਰਵਾਰ ਹੀ ਉਥੇ ਰਹੇ ਸਨ।

ਇਸ ਲਈ ਸੁਭਾਵਿਕ ਹੈ ਕਿ ਇਹ ਸਿੱਖ ਅਨੰਦਪੁਰ ਦੇ ਘੇਰੇ ਵੇਲੇ ਬੇਦਾਵਾ ਦੇ ਕੇ ਕਿਵੇਂ ਨਿਕਲ ਸਕਦੇ ਸਨ? ਘੇਰਾ ਘੱਤੀ ਬੈਠੀਆਂ ਫੌਜਾਂ ਇਨ੍ਹਾਂ ਨੂੰ ਕਿਵੇਂ ਨਿਕਲ ਜਾਣ ਦੇ ਸਕਦੀਆਂ ਸਨ ਅਤੇ ਕਿਹੜੀ ਵਿਧੀ ਨਾਲ ਇਨ੍ਹਾਂ ਨੇ ਅਨੰਦਪੁਰ ਛੱਡਿਆ ਸੀ? ਗੁਰੂ ਸਾਹਿਬ ਜੀ ਨੇ ਘੇਰੇ ਤੋਂ ਪਹਿਲਾਂ ਹੀ ਅਨੰਦਪੁਰ ਰਹਿਣ ਵਾਲੇ ਸਿੱਖਾਂ ਨੂੰ ਪੂਰੇ ਚੌਕਸ ਤੇ ਚੁਕੰਨੇ ਕਰ ਦਿੱਤਾ ਸੀ ਅਤੇ ਕਿਸੇ ਵੀ ਮੁਸ਼ਕਲ ਤੋਂ ਉਹਲਾ ਨਹੀਂ ਰੱਖਿਆ ਗਿਆ ਸੀ ਇਸ ਕਾਰਨ ਸੁਭਾਵਿਕ ਹੈ ਕਿ ਇਹ ਸਿੰਘ ਨਾ ਤਾਂ ਅਨੰਦਪੇਰ ਦੇ ਘੇਰੇ ਵਿਚ ਸਨ ਅਤੇ ਨਾ ਹੀ ਇਨ੍ਹਾਂ ਨੇ ਬੇਦਾਵਾ ਅਨੰਦਪੁਰ ਦਿੱਤਾ।ਕਈ ਸੱਜਣ ਦੁਨੀ ਚੰਦ ਦਾ ਅਨੰਦਪੁਰ ਦੇ ਘੇਰੇ ਵਿਚੋਂ ਨਿਕਲ ਜਾਣ ਦਾ ਹਵਾਲਾ ਵੀ ਦਿੰਦੇ ਹਨ ਪਰ ਯਾਦ ਰੱਖਣਾ ਚਾਹੀਦਾ ਹੈ ਕਿ ਦੁਨੀ ਚੰਦ ਦਾ ਅਨੰਦਪੁਰ ਛੱਡਣ ਦਾ ਸਮਾਂ ਅਨੰਦਪੁਰ ਦੀ ਵੱਡੀ ਜੰਗ ਤੋਂ ਪਹਿਲੋਂ ਦਾ ਹੈ ਜਦੋਂ ਲੋਹਗੜ੍ਹ ਦੀ ਜੰਗ ਹੋਈ ਸੀ। ਬੇਦਾਵਾ ਲਫਜ਼ ਵੀ ਬੜਾ ਵੀਚਾਰਨਯੋਗ ਹੈ ਇਸਦਾ ਮਤਲਬ ਹੈ ਕਿਸੇ ਚੀਜ਼ ਤੋਂ ਦਾਅਵਾ ਛੱਡਣਾ। ਪਰ ਕੀ ਮੁਕਤਸਰ ਸ਼ਹੀਦ ਹੋਣ ਵਾਲੇ ਸਿੰਘਾਂ ਨੇ ਸਿੱਖੀ ਤੋਂ ਦਾਅਵਾ ਛੱਡ ਦਿੱਤਾ ਸੀ ਜਾਂ ਸਿਖੀ ਨਾਲੋਂ ਨਾਤਾ ਤੋੜ ਲਿਆ ਸੀ? ਪਾਠਕ ਜਨੋ! ਉਨ੍ਹਾਂ ਸੂਰਬੀਰਾਂ ਦੀ ਕੁਰਬਾਨੀ ਨੂੰ ਧਿਆਨ ਨਾਲ ਵੀਚਾਰੋ।

ਕੀ ਸਿਖੀ ਨਾਲੋਂ ਨਾਤਾ ਤੋੜਨ ਵਾਲੇ ਅਜਿਹਾ ਇਤਿਹਾਸ ਸਿਰਜ ਸਕਦੇ ਹਨ? ਜਾਂ ਗੁਰੂ ਪ੍ਰਤੀ ਪਿਆਰ ਦਾ ਸਬੂਤ ਦੇ ਸਕਦੇ ਹਨ?ਉੱਤਰ ਮਿਲੇਗਾ। ਨਹੀਂ! ਫਿਰ ਪ੍ਰਚਲਤ ਵਿਆਖਿਆ ਅਨੁਸਾਰ ਤਾਂ ਬੇਦਾਵਾ? ਪਾੜਨ ਤੋਂ ਬਾਅਦ ਹੀ ਉਹ ਮਰਜੀਵੜੇ ਸਿਖੀ ਵਿਚ ਆਉਂਦੇ ਹਨ ਤਾਂ ਫਿਰ ਇਸ ਸਵਾਲ ਦਾ ਕੀ ਹੱਲ ਹੈ ਕਿ ਜੋ ਜ਼ੁਲਮ ਨਾਲ ਲੋਹਾ ਲੈ ਕੇ ਜਾਨਾਂ ਦਾਅ ਤੇ ਲਾ ਰਹੇ ਹਨ ਅਤੇ ਉਨ੍ਹਾਂ ਦਾ ਮਨ ਗੁਰੂ ਪਿਆਰ ਨਾਲ ਭਰਿਆ ਹੋੲਆ ਹੈ ਕੀ ਇਹ ਸਭ ਕੁਝ ਸਿਖ ਹੋਣ ਦਾ ਅਤੇ ਸਿੱਖੀ ਨਾਲ ਜੁੜੇ ਹੋਣ ਦਾ ਪ੍ਰਮਾਣ ਨਹੀਂ ਹੈ। ਜਦੋਂ ਕਿ ਪ੍ਰਚਲਤ ਵਿਆਖਿਆ ਮੁਤਾਬਕ ਤਾਂ ਉਹ ਸਿਖੀ ਨਾਲ ਜੁੜਦੇ ਹੀ ਬੇਦਾਵਾ? ਪਾਟਣ ਤੋਂ ਬਾਅਦ ਹਨ।ਸੋ ਨਾ ਤਾਂ ਉਨ੍ਹਾਂ ਦਾ ਸਿੱਖੀ ਨਾਲੋਂ ਨਾਤਾ ਟੁੱਟਿਆ ਸੀ ਅਤੇ ਨਾ ਹੀ ਉਹ ਗੁਰੂ ਤੋਂ ਬੇਮੁਖ ਸਨ।

ਜ਼ਰੂਰੀ ਨੋਟ:- ਅੱਜ ਗੁਰਮਤਿ ਦਾ ਰਸਤਾ ਤਿਆਗ ਕੇ ਮਨਮਤਿ ਨੂੰ ਮੰਨਣ ਅਤੇ ਪ੍ਰਚਾਰਨ ਵਾਲੇ ਲੋਕਾਂ ਨੇ ਅਤੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਗੁਰਮਤਿ ਦਾ ਵਿਰੋਧ ਕਰਨ ਵਾਲਿਆਂ ਨੇ ਵੀ ਕੋਈ ਲਿਖਤੀ ਕਾਰਵਾਈ ਨਾਲ ਗੁਰੂ ਨਾਲੋਂ ਨਾਤਾ ਨਹੀਂ ਤੋੜਿਆ ਬਲਕਿ ਆਪਣੇ ਗੁਰਮਤਿ ਵਿਰੋਧੀ ਕਰਮਾਂ ਅਤੇ ਵਿਵਹਾਰ ਨਾਲ ਹੀ ਉਹ ਗੁਰੂ ਤੋਂ ਉਲਟ ਹੋਏ ਪਏ ਹਨ ਸਾਨੂੰ ਅਜਿਹੀ ਬੇਮੁਖਤਾਈ ਤੋਂ ਬਚਣ ਦਾ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ। ਗੁਰਮਤਿ ਦਾ ਮਾਰਗ ਹੀ ਇਹ ਹੈ ਕਿ:

ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ (ਮ:4 ਪੰਨਾ 667)

ਅਜਿਹੇ ਗੁਰਉਪਦੇਸ਼ ਅਨੁਸਾਰ ਤਾਂ ਗੁਰੂ ਵੀਚਾਰਧਾਰਾ ਨੂੰ ਸਤਿ ਸਤਿ ਕਰਿ ਕੇ ਮੰਨਣਾ ਅਤੇ ਕਮਾਉਣਾ ਹੈ। ਜੋ ਵੀ ਮਨੁੱਖ ਗੁਰਮਤਿ ਉਪਦੇਸ਼ ਦਾ ਕਦਰਦਾਨ ਨਹੀਂ ਹੈ ਭਾਵ ਉਸ ਨਾਲ ਜੀਵਨ ਦਾ ਨਾਤਾ ਨਹੀਂ ਜੋੜਦਾ ਉਹ ਕਿਵੇਂ ਵੀ ਗੁਰੂ ਦਾ ਸਿਖ ਨਹੀਂ ਹੋ ਸਕਦਾ। ਗੁਰਮਤਿ ਵਿਚ ਵਿਖਾਵਾ ਅਤੇ ਕਰਮਕਾਂਡਾਂ ਵਾਲੀ ਰਹਿਣੀ ਨੂੰ ਸਿਖੀ ਨਹੀਂ ਮੰਨਿਆ ਗਿਆ ਅਤੇ ਨਾ ਹੀ ਅਗਿਆਨਤਾ ਨਾਲ ਕੀਤੇ ਜਾਂਦੇ ਕੰਮਾਂ ਨੂੰ ਸਿਖ ਦੇ ਜੀਵਨ ਦੀ ਨਿਸ਼ਾਨੀ ਆਖਿਆ ਜਾ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਆਪਣੀ ਵਿਆਖਿਆ ਦੇ ਜ਼ੋਰ ਨਾਲ ਆਪਣੇ ਸਿਖ ਬਜ਼ੁਰਗਾਂ ਨੂੰ ਤਾਂ ਅੱਜ ਵੀ ਬੇਦਾਵਾ ਲਿਖਣ ਵਾਲੇ’ ਬੇਮੁਖ’ ਤੇ ਹੋਰ ਪਤਾ ਨਹੀ ਕੀ ਕੀ ਬੋਲਿਆ ਤੇ ਲਿਖਿਆ ਜਾ ਰਿਹਾ ਹੈ ਪਰ ਸਾਡੇ ਆਪਣੇ ਕਿਰਦਾਰ ਤੇ ਜੀਵਨ ਕਿੰਨੇ ਕੁ ਗੁਰਮਤਿ ਅਨੁਸਾਰੀ ਹਨ? ਅਤੇ ਸਾਡੇ ਧਾਰਮਿਕ ਆਗੂਆਂ ਦੇ ਆਪਣੇ ਕਿਰਦਾਰ ਕਿਵੇਂ ਰਾਜਨੀਤੀ ਦੀ ਦਲਦਲ ਵਿਚ ਧਸੇ ਪਏ ਹਨ, ਕਿਵੇਂ ਮਨਮਤ ਨੂੰ ਗੁਰਮਤਿ ਆਖ ਕੇ ਪ੍ਰਚਾਰਦੇ ਅਤੇ ਕਿਵੇਂ ਮਨੁੱਖੀ ਗ਼ੁਲਾਮੀ ਨਾਲ ਭਰੇ ਪਏ ਹਨ ਅਤੇ ਉਨ੍ਹਾਂ ਦਾ ਹਰ ਕਦਮ ਕਿਵੇਂ ਮਨਮਤਿ ਦੇ ਹੱਕ ਅਤੇ ਗੁਰਮਤਿ ਦੇ ਵਿਰੋਧ ਵਿਚ ਜਾ ਰਿਹਾ ਹੈ ਇਹ ਵੀ ਵੀਚਾਰਨ ਦੀ ਲੋੜ ਹੈ ਕਿ ਕੀ ਇਹ ਬੇਮੁਖਤਾਈ ਨਹੀਂ ਹੈ? ਆਪਣੀਆਂ ਮਰਯਾਦਾ, ਸਰੀਰਾਂ, ਮੜੀਆਂ ਅਤੇ ਕਬਰਾਂ ਦੀ ਪੂਜਾ, ਗਰੂੁ ਡੰਮ੍ਹ, ਅਖੌਤੀ ਸਾਧ ਵਾਦ, ਹਰ ਅਜਿਹੀ ਚੀਜ਼ ਜਿਸਦਾ ਗੁਰਮਤਿ ਵਿਚ ਕੋਈ ਸਥਾਨ ਨਹੀਂ ਹੈ ਅਜਿਹਾ ਸਾਰਾ ਕੁਝ ਜਿਸ ਵਲੋਂ ਵੀ ਮੰਨਿਆਂ ਤੇ ਇਸਦੀ ਹਮਾਇਤ ਕੀਤੀ ਜਾ ਰਹੀ ਹੈ ਸਭ ਬੇਮੁਖਤਾਈ ਹੀ ਤਾਂ ਹੈ।ਗੁਰਬਾਣੀ ਦੇ ਇਹ ਪਵਿੱਤਰ ਬਚਨ ਸਾਨੂੰ ਯਾਦ ਰੱਖਣੇ ਚਾਹੀਦੇ ਹਨ ਜਿਸ ਵਿਚ ਗੁਰੂ ਜੀ ਨੇ ਬੇਮੁਖ ਜੀਵਨ ਦਾ ਜ਼ਿਕਰ ਕੀਤਾ ਹੈ :-

ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥ (463-2, ਵਾਰ-ਆਸਾ, ਮਃ 1)

ਅਰਥ:- ਹੇ ਨਾਨਕ! (ਜੋ ਮਨੁੱਖ) ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿਚ ਚਤਰ (ਬਣੇ ਹੋਏ) ਹਨ, ਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ। ਹੇ ਨਾਨਕ! (ਬੇਸ਼ਕ) ਆਖ ਕਿ ਪੈਲੀ ਵਿਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ, ਉਹ ਵਿਚਾਰੇ ਫੁੱਲਦੇ ਭੀ ਹਨ (ਭਾਵ, ਉਹਨਾਂ ਨੂੰ ਫੁੱਲ ਭੀ ਲੱਗਦੇ ਹਨ), ਫਲਦੇ ਭੀ ਹਨ, ਫੇਰ ਭੀ ਉਹਨਾਂ ਦੇ ਤਨ ਵਿਚ (ਭਾਵ, ਉਹਨਾਂ ਦੀ ਫਲੀ ਵਿਚ ਤਿਲਾਂ ਦੀ ਥਾਂ) ਸੁਆਹ ਹੀ ਹੁੰਦੀ ਹੈ।

ਗੁਰਬਾਣੀ ਮੁਤਾਬਕ ਤਾਂ ਸਨਮੁਖ ਸਿਖ ਦੀਆਂ ਇਹ ਨਿਸ਼ਾਨੀਆਂ ਹਨ:-

ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥ ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥ ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥ ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥ (ਮ:3 ਪੰਨਾ 919)

ਅਰਥ:- ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਚਾਹੁੰਦਾ ਹੈ, ਜੋ ਸਿੱਖ ਇਹ ਚਾਹੁੰਦਾ ਹੈ ਕਿ ਕਿਸੇ ਲੁਕਵੇਂ ਖੋਟ ਦੇ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਅੱਖਾਂ ਨੀਵੀਆਂ ਨ ਕਰਨੀਆਂ ਪੈਣ (ਤਾਂ ਰਸਤਾ ਇਕੋ ਹੀ ਹੈ ਕਿ) ਉਹ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕੇ। ਸਿੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਵੇ, ਆਪਣੇ ਆਤਮਾ ਦੇ ਅੰਦਰ ਸੰਭਾਲ ਰੱਖੇ, ਆਪਾ ਭਾਵ ਛੱਡ ਕੇ ਸਦਾ ਗੁਰੂ ਦੇ ਆਸਰੇ, ਗੁਰੂ ਤੋਂ ਬਿਨਾ ਕਿਸੇ ਹੋਰ ਨੂੰ (ਆਪਣੇ ਆਤਮਕ ਜੀਵਨ ਦਾ, ਆਤਮਕ ਆਨੰਦ ਦਾ ਵਸੀਲਾ) ਨਾ ਸਮਝੇ। ਨਾਨਕ ਆਖਦਾ ਹੈ, ਹੇ ਸੰਤ ਜਨੋ! ਸੁਣੋ ਉਹ ਸਿੱਖ (ਹੀ) ਖਿੜੇ ਮੱਥੇ ਰਹਿ ਸਕਦਾ ਹੈ (ਉਸ ਦੇ ਹੀ ਅੰਦਰ ਆਤਮਕ ਖੇੜਾ ਹੋ ਸਕਦਾ ਹੈ, ਉਹੀ ਆਤਮਕ ਆਨੰਦ ਮਾਣ ਸਕਦਾ ਹੈ) ॥ ਭਾਵ:- ਉਹ ਮਨੁਖ ਖਿੜੇ ਮੱਥੇ ਰਹਿ ਸਕਦਾ ਹੈ, ਉਹ ਮਨੁੱਖ ਸਦਾ ਆਤਮਕ ਆਨੰਦ ਮਾਣ ਸਕਦਾ ਹੈ, ਜਿਹੜਾ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਜਿਹੜਾ ਆਪਾ ਭਾਵ ਛੱਡ ਕੇ ਗੁਰੂ ਨੂੰ ਹੀ ਆਪਣਾ ਆਸਰਾ ਬਣਾਈ ਰੱਖਦਾ ਹੈ।

ਮੁਕਤੇ ਲਫਜ਼ ਬਾਰੇ ਵੀਚਾਰ:- ਮੁਕਤਾ ਕੌਣ ਹੈ? ਇਸ ਬਾਰੇ ਗੁਰਬਾਣੀ ਵਿਚ ਪੁਰਮਾਇਆ ਗਿਆ ਹੈ ਕਿ:-

ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ ॥ ਹਰਿ ਪਦੁ ਚੀਨਿ ਭਏ ਸੇ ਮੁਕਤੇ ਗੁਰ ਕਾ ਸਬਦੁ ਵੀਚਾਰਾ ॥ (1153-12, ਭੈਰਉ, ਮਃ 1)
ਮੁਕਤੇ ਸੇਵੇ ਮੁਕਤਾ ਹੋਵੈ ॥ ਹਉਮੈ ਮਮਤਾ ਸਬਦੇ ਖੋਵੈ ॥ ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ ॥ (116-11, ਮਾਝ, ਮਃ 3)

ਹਉਮੈ, ਵਿਕਾਰ, ਅਗਿਆਨਤਾ ਅਤੇ ਅਧਰਮ ਤੋਂ ਖਲਾਸੀ ਪਾ ਜਾਣ ਵਾਲਾ ਗੁਰਬਾਣੀ ਅਨੁਸਾਰ ਮੁਕਤਾ ਹੈ।ਮਾੜੀ ਅਵਸਥਾ ਤੋਂ ਰਹਿਤ ਹੋਣਾ ਹੀ ਮੁਕਤੇ ਦੀ ਅਵਸਥਾ ਹੈ। ਗੁਰਬਾਣੀ ਅਨੁਸਾਰ ਮਰਨ ਮੁਕਤੀ ਨਹੀਂ ਬਲਕਿ ਜੀਵਨ ਮੁਕਤੀ ਦਾ ਰਸਤਾ ਦੱਸਿਆ ਅਤੇ ਮੰਨਿਆਂ ਗਿਆ ਹੈ। ਇਤਿਹਾਸਕਾਰਾਂ ਦਾ ਵੀਚਾਰ ਹੈ ਕਿ ਖਿਦਰਾਣੇ ਦੀ ਢਾਬ ਤੇ ਸ਼ਹੀਦ ਹੋਣ ਵਾਲਿਆਂ ਨੂੰ ਸਤਿਗੁਰਾਂ ਨੇ ਮੁਕਤੇ ਲਫਜ਼ ਬਖਸ਼ਿਸ਼ ਕੀਤਾ।ਦਰਅਸਲ ਅਜਿਹਾ ਲਫਜ਼ ਸਤਿਗੁਰੂ ਜੀ ਵਲੋਂ ਵਰਤਿਆ ਜਾਣਾ ਇਕ ਖਿਤਾਬ ਅਤੇ ਸਨਮਾਨ ਦਾ ਪਰਤੀਕ ਹੈ ਇਸਦਾ ਸੰਬੰਧ ਮਰਨ ਮੁਕਤੀ ਨਾਲ ਨਹੀਂ ਹੈ।ਖੰਡੇ ਕੀ ਪਾਹੁਲ ਪ੍ਰਾਪਤ ਕਰਨ ਵਾਲਿਆਂ ਨੂੰ ਗੁਰੂ ਜੀ ਨੇ ਪੰਜ ਪਿਆਰੇ ਦਾ ਖਿਤਾਬ ਬਖਸ਼ਿਸ਼ ਕੀਤਾ ਸੀ। ਜਿਵੇਂ ਕੋਈ ਸਰਕਾਰ ਜਾਂ ਵੱਡੀ ਸੰਸਥਾ ਕਿਸੇ ਘਾਲਣਾ ਬਦਲੇ ਕੋਈ ਸਨਮਾਨ ਜਾਂ ਖਿਤਾਬ ਦਿਆ ਕਰਦੀ ਹੈ।ਗੁਰੂ ਜੀ ਦਾ ਆਪਣੇ ਮੁਖ ਤੋਂ ਖੁਸ਼ ਹੋ ਕੇ ਕਿਸੇ ਸਿਖ ਵਾਸਤੇ ਉਸਦੀ ਘਾਲਣਾ ਨੂੰ ਸਾਹਮਣੇ ਰੱਖ ਕੇ ਵਰਤਿਆ ਲਫਜ਼ ਸਿਖ ਨੂੰ ਖਿਤਾਬ ਰੂਪ ਵਿਚ ਵਰਤਿਆ ਜਾਂਦਾ ਸੀ।ਸੋ ਮੁਕਤਾ ਲਫਜ਼ ਗੁਰੂ ਜੀ ਵਲੋਂ ਸਨਮਾਨ ਅਤੇ ਖਿਤਾਬ ਦਾ ਪਰਤੀਕ ਹੈ।ਇਤਿਹਾਸ ਵਿਚ ਹੋਰ ਵੀ ਅਜਿਹਾ ਜ਼ਿਕਰ ਮਿਲਦਾ ਹੈ ਜਿਵੇਂ ਭਾਈ ਬਹਿਲੋ ਸਭ ਤੋਂ ਪਹਿਲੋਂ’, ਭਾਈ ਪਾਰੋ ਨੂੰ ਪਰਮਹੰਸ, ਮਸੰਦ, ਮੰਜੀਦਾਰ ਆਦਿ।

ਸ਼ਹੀਦਾਂ ਦਾ ਅਸਥਾਨ :ਇਸ ਜੰਗ ਤੋਂ ਕੁਝ ਚਿਰ ਪਿਛੋਂ ਪਿੰਡ ਹਰੀਕੇ ਕਲਾਂ ਦੇ ਗੁਰਸਿਖ ਭਾਈ ਲੰਗਰ ਸਿੰਘ ਨੇ ਇਥੇ ਇਕ ਥੜ੍ਹਾ ਸ਼ਹੀਦਾਂ ਦੀ ਯਾਦ ਵਿਚ ਬਣਵਾਇਆ ਜਿਥੇ ਉਸੇ ਦਿਨ ਤੋਂ 29 ਦਸੰਬਰ 1725 ਤੋਂ ਸਹੀਦਾਂ ਦੇ ਪ੍ਰਵਾਰ ਅਤੇ ਹੋਰ ਸੰਗਤਾਂ ਅਰਦਾਸ ਵਿਚ ਪੁੱਜਣ ਲੱਗ ਪਈਆਂ ਤੇ ਇਵੇਂ ਇਥੇ ਚਾਲ੍ਹੀ ਮੁਕਤਿਆਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਹੋਣਾ ਅਰੰਭ ਹੋ ਗਿਆ।
ਸ਼ਹੀਦ ਸਿੰਘਾਂ ਦੇ ਨਾਂ ਭਾਵੇਂ ਕਿ ਇਸ ਜੰਗ ਵਿਚ ਹੋਰ ਵੀ ਗੁਰੂ ਕੇ ਪਿਆਰੇ ਸਿੱਖ ਜੂਝੇ ਅਤੇ ਸ਼ਹੀਦ ਹੋਏ ਸਨ ਪਰ ਲੇਖਣੀ ਵਿਚ ਕੇਵਲ ਮਾਝੇ ਤੋਂ ਆਉਣ ਵਾਲੇ ਸਿਖਾਂ ਦੇ ਜਥੇ ਦਾ ਹੀ ਖਾਸ ਜ਼ਿਕਰ ਮਿਲਦਾ ਹੈ।ਫਿਰ ਵੀ ਬਾਕੀ ਸਿੱਖ ਅਤੇ ਗੁਰੂ ਜੀ ਵੀ ਇਸ ਜਥੇ ਦੀ ਮੈਦਾਨਿ ਜੰਗ ਵਿਚ ਪੂਰੀ ਮਦਦ ਕਰਦੇ ਰਹੇ ਸਨ।ਮੁਕਤਸਰ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੇ ਨਾਂ ਇਸ ਪ੍ਰਕਾਰ ਹਨ:-

1. ਰਾਇ ਸਿੰਘ ਮੁਲਤਾਨੀ
(ਪਿੰਡ ਮਰਲ ਮਾੜੀ ਦਾ ਰਹਿਣ ਵਾਲਾ ਸੀ) ਲਿਖਤ ਇਸ ਨੇ ਪੜਵਾਈ ਸੀ।ਸਿੰਘ ਸਾਗਰ ਪੁਸਤਕ ਦਾ ਕਰਤਾ ਬੀਰ ਸਿੰਘ ਬਲ ਵੀ ਇਸੇ ਦਾ ਹੀ ਜ਼ਿਕਰ ਕਰਦਾ ਹੈ।ਇਸਦੇ 12 ਪੁਤਰ ਸਨ। ਜਿਨ੍ਹਾਂ ਵਿਚੋਂ ਮਹਾਂ ਸਿੰਘ ਤੇ ਸੀਤਲ ਸਿੰਘ ਦੋ ਤਾਂ ਮੁਕਤਸਰ ਦੀ ਜੰਗ ਵਿਚ ਸ਼ਹੀਦ ਹੋਏ ਸਨ। ਆਪ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਛੋਟੇ ਭਰਾ ਸਨ।

2. ਮਹਾਂ ਸਿੰਘ   3. ਸੀਤਲ ਸਿੰਘ (ਮਹਾਂ ਸਿੰਘ ਤੇ ਸੀਤਲ ਸਿੰਘ ਦੋਵੇਂ ਰਾਇ ਸਿੰਘ ਦੇ ਪੁੱਤਰ ਸਨ ਅਤੇ ਭਾਈ ਮਨੀ ਸਿੰਘ ਦੇ ਸਕੇ ਭਤੀਜੇ ਸਨ।ਸਾਡੀਆਂ ਬਹੁਤੀਆਂ ਲਿਖਤਾਂ ਵਿਚ ਭਾਈ ਮਹਾਂ ਸਿੰਘ ਵਲੋਂ ਹੀ ਲਿਖਤ
ਪੜਵਾਉਣ ਦਾ ਜ਼ਿਕਰ ਹੈ ਪਰ ਪੁਰਾਣੀਆਂ ਲਿਖਤਾਂ ਵਿਚ ਰਾਇ ਸਿੰਘ ਇਨ੍ਹਾਂ ਦੇ ਪਿਤਾ ਦਾ ਜ਼ਿਕਰ ਮਿਲਦਾ ਹੈ।)

4. ਸੁੰਦਰ ਸਿੰਘ   5. ਬੂੜ ਸਿੰਘ (ਸੁੰਦਰ ਸਿੰਘ ਤੇ ਇਸਦਾ ਪਿਤਾ ਬੂੜ ਸਿੰਘ (ਝੱਲੀਆਂ ਤਹਿ: ਕਸੂਰ ਜਿਲ੍ਹਾ ਲਾਹੌਰ)(ਬੂੜ ਸਿੰਘ ਦੇ ਤਿੰਨ ਪੁੱਤ ਸਨ- ਸੁੰਦਰ ਸਿੰਘ, ਵਸਾਵਾ ਸਿੰਘ ਤੇ ਕੁਇਰ ਸਿੰਘ। ਇਨ੍ਹਾਂ ਚੋਂ ਵਸਾਵਾ ਸਿੰਘ ਤੇ ਕੁਇਰ ਸਿੰਘ ਭਾਈ ਤਾਰਾ ਸਿੰਘ ਵਾਂ ਨਾਲ 1778 ਬਿ: ਮਾਘ ਵਦੀ ਚੌਥ ਨੂੰ ਪਿੰਡ ਵਾਂ ਵਿਖੇ ਮੋਮਨ ਖਾਂ ਨਾਲ ਹੋਈ ਜੰਗ ਵਿਚ ਸ਼ਹੀਦ ਹੋਏ।

6. ਭਾਗ ਸਿੰਘ    7. ਦਿਲਬਾਗ ਸਿੰਘ (ਭਾਗ ਸਿੰਘ ਤੇ ਦਿਲਬਾਗ ਸਿੰਘ ਦੋਵੇਂ ਭਰਾ (ਝਬਾਲ) ਭਾਈ ਲੰਗਾਹ ਦੇ ਭਰਾ ਪੇਰੋ ਸ਼ਾਹ ਦੀ ਬੰਸ ਵਿਚੋਂ ਸਨ।ਭਾਈ ਲੰਗਾਹ ਜੀ ਝਬਾਲ ਦੇ ਚੌਧਰੀ ਸਨ ਅਤੇ ਗੁਰੂ ਘਰ ਦੇ ਬੜੇ ਅਨਿੰਨ ਸ਼ਰਧਾਲੂ ਸਨ। ਬੜੇ ਬਿਖਮ ਸਮਿਆਂ ਵਿਚ ਵੀ ਇਹ ਪਰਵਾਰ ਗੁਰੂ ਘਰ ਦੀ ਸਿਦਕ ਸਬਰ ਨਾਲ ਸੇਵਾ ਕਰਦਾ ਰਿਹਾ ਸੀ।ਭਾਈ ਭਾਗ ਸਿੰਘ ਤੇ ਦਿਲਬਾਗ ਸਿੰਘ ਮਾਈ ਭਾਗ ਕੌਰ ਦੇ ਸਕੇ ਭਰਾ ਸਨ।

8. ਨਿਧਾਨ ਸਿੰਘ   9. ਸੁਲਤਾਨ ਸਿੰਘ (ਸੁਲਤਾਨ ਸਿੰਘ ਤੇ ਨਿਧਾਨ ਸਿੰਘ ਵੜੈਚ ਦੋਵੇਂ ਭਾਈ ਦੇਸ ਰਾਜ ਦੇ ਪੁੱਤਰ ਅਤੇ ਆਪਸ ਵਿਚ ਸਕੇ ਭਾਈ ਸਨ ਇਨ੍ਹਾਂ ਵਿਚੋਂ ਭਾਈ ਨਿਧਾਨ ਸਿੰਘ ਜੀ ਮਾਈ ਭਾਗ ਕੌਰ ਦਾ ਪਤੀ ਸੀ।

10. ਘਰਬਾਰਾ ਸਿੰਘ   11. ਦਰਬਾਰਾ ਸਿੰਘ 12. ਗੰਡਾ ਸਿੰਘ---(ਇਹ ਤਿੰਨੋ ਸਿੰਘ ਹੀ ਮਾਈ ਭਾਗ ਕੌਰ ਦੇ ਚਾਚੇ ਤਾਏ ਦੇ ਪੁੱਤਰ ਸਨ ਅਤੇ ਝਬਾਲ ਦੇ ਰਹਿਣ ਵਾਲੇ ਸਨ)

13. ਕੇਸੋ ਸਿੰਘ 14. ਜਾਦੋ ਸਿੰਘ 15. ਕੀਰਤ ਸਿੰਘ 16. ਕ੍ਰਿਪਾਲ ਸਿੰਘ 17. ਨਿਹਾਲ ਸਿੰਘ 18. ਕੁਸ਼ਾਲ ਸਿੰਘ 19. ਸੁਹੇਲ ਸਿੰਘ 20. ਸੰਤ ਸਿੰਘ 21. ਮੱਜਾ ਸਿੰਘ 22. ਸੁਮੇਰ ਸਿੰਘ 23. ਸਾਧੂ ਸਿੰਘ 24. ਗੁਲਾਬ ਸਿੰਘ 25. ਹਰਸਾ ਸਿੰਘ 26. ਸੰਗਤ ਸਿੰਘ 27. ਹਰੀ ਸਿੰਘ 28. ਧੰਨਾ ਸਿੰਘ 29. ਲਛਮਣ ਸਿੰਘ 30. ਕਾਲਾ ਸਿੰਘ 31. ਭੰਗਾ ਸਿੰਘ 32. ਦਯਾਲ ਸਿੰਘ 33. ਸਰਜਾ ਸਿੰਘ 34. ਗਰਜਾ ਸਿੰਘ 35. ਜੋਗਾ ਸਿੰਘ 36. ਸੋਭਾ ਸਿੰਘ 37. ਕਰਨ ਸਿੰਘ 38. ਧਰਮ ਸਿੰਘ 39. ਚੰਬਾ ਸਿੰਘ 40. ਭੋਲਾ ਸਿੰਘ (ਇਹ ਸਾਰੇ ਨਾਂ ਪਿਆਰਾ ਸਿੰਘ ਪਦਮ ਜੀ ਦੀ ਪੁਸਤਕ ਗੋਬਿੰਦ ਸਾਗਰ ਅਨੁਸਾਰ ਹਨ)

ਮੁਕਤਸਰ ਦੀ ਜੰਗ ਦਾ ਸਮਾਂ ਮੁਕਤਸਰ ਦੀ ਜੰਗ ਦੇ ਸਮੇਂ ਬਾਰੇ ਡਾ.ਗੰਡਾ ਸਿੰਘ ਜੀ ਗੁਰ ਸੋਭਾ ਦੀ ਭੁਮਿਕਾ ਵਿਚ ਲਿਖਦੇ ਹਨ : ਮੁਕਤਸਰ ਦੀ ਜੰਗ ਕਦੋਂ ਹੋਈ ਇਸ ਬਾਰੇ ਕਈ ਲਿਖਾਰੀਆਂ ਨੇ ਇਸ ਜੰਗ ਦਾ ਸਮਾਂ ਵੈਸਾਖ ਦਾ ਲਿਖਿਆ ਹੈ।ਇਸ ਬਾਰੇ ਪ੍ਰਮੁੱਖ ਦਲੀਲ ਇਹੋ ਹੀ ਦਿੱਤੀ ਜਾਂਦੀ ਰਹੀ ਹੈ ਕਿ ਖਿਦਰਾਣੇ ਦੀ ਉਹ ਢਾਬ ਜੋ ਪਾਣੀ ਨਾਲ ਭਰੀ ਸੀ ਉੱਪਰ ਗੁਰੂ ਜੀ ਕਾਬਜ਼ ਸਨ ਅਤੇ ਸਰਹੰਦ ਦੀ ਫੌਜ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਾਰਨ ਸਰਹੰਦ ਦੀ ਫੌਜ ਨੂੰ ਉਥੋਂ ਪਿੱਛੇ ਜਾਣਾ ਪਿਆ। ਪਰ ਪੁਰਾਤਨ ਸੋਮਿਆਂ ਜਿਵੇਂ ਦੇਸਾ ਸਿੰਘ ਭੱਟ ਵਹੀ ਤਲੌਂਢਾ, ਕੋਇਰ ਸਿੰਘ, ਸੁੱਖਾ ਸਿੰਘ, ਗੁਰੂ ਕੀਆਂ ਸਾਖੀਆਂ, ਬੀਰ ਸਿੰਘ ਬਲ ਸਿੰਘ ਸਾਗਰ, ਸੂਰਜ ਪ੍ਰਕਾਸ਼ ਵਿਚ 1 ਮਾਘ ਦੇ ਸਸਕਾਰ ਦਾ ਜ਼ਿਕਰ ਹੈ।

ਜਿਸ ਅਨੁਸਾਰ ਜੰਗ ਦਾ ਸਮਾਂ ਸਰਦੀ ਰੁੱਤ ਦਾ ਅਤੇ ਤਰੀਕ ਮੁਕਤਸਰ ਦੀ ਜੰਗ 30 ਪੋਹ ਸੰਮਤ 1762, 29 ਦਸੰਬਰ 1705 ਈ:,ਮਾਘ ਵਦੀ 10 ਲੋਹੜੀ ਦੇ ਦਿਨ 29 ਦਸੰਬਰ ਹੀ ਬਣਦੀ ਹੈ। ਦੌਰੇ ਦੀ ਸਾਖੀ (ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ), ਸੁਖਾ ਸਿੰਘ, ਭਾਈ ਰਤਨ ਸਿੰਘ ਭੰਗੂ ਨੇ 10 ਵੇਂ ਗੁਰੂ ਦਾ ਦਮਦਮਾ ਸਾਹਿਬ 9 ਮਹੀਨੇ 9 ਦਿਨ ਰਹਿਣਾ ਲਿਖਿਆ ਹੈ ਅਤੇ ਕਤਕ ਸੁਦੀ 5 (29 ਕਤਕ ਸੰਮਤ 1763 ਬਿ:) 30 ਅਕਤੂਬਰ 1706 ਈ: ਦੱਖਣ ਕੂਚ ਕੀਤਾ। ਲੇਖਾ ਪਿਛੇ ਨੂੰ ਕੀਤਿਆਂ ਮੁਕਤਸਰ ਦੀ ਜੰਗ ਦੀ ਤਾਰੀਖ ਇਹੋ ਠੀਕ ਬੈਠਦੀ ਹੈ 30 ਦਸੰਬਰ 1705 ।ਸੋ ਇਸ ਮੁਤਾਬਕ ਗੁਰੂ ਜੀ ਅੰਦਾਜਨ 20-21 ਜਨਵਰੀ 1705 ਦਮਦਮੇ ਪੁੱਜੇ ਹੋਣਗੇ। 31 ਦਸੰਬਰ ਤੋਂ 21 ਜਨਵਰੀ ਤਕ 21-22 ਦਿਨ ਮੁਕਤਸਰੋਂ ਦਮਦਮੇ ਲੱਗੇ ਹੋਣਗੇ। ਕਾਂ ਦੀ ਉਡਾਰੀ ਸਿਧਾ ਪੰਧ 48 ਮੀਲ ਹੈ, ਰਸਤੇ ਵਿਚ ਪੜਾਅ ਤੇ ਟਿਕਾਣੇ ਵੀ ਕੀਤੇ। ਇਸ ਦੇ ਨਾਲ ਹੀ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਤੋਂ ਬਾਅਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਮਾਛੀਵਾੜੇ ਠਹਿਰੇ ਸਨ ਜਿਥੋਂ ਉਨ੍ਹਾਂ ਦੇ ਮੁਸਲਮਾਨ ਸ਼ਰਧਾਲੂਆਂ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿਚ ਅੱਗੇ ਪਹੁੰਚਾਇਆ ਸੀ।

ਕਾਰਨ ਸ਼ਪੱਸ਼ਟ ਹੈ ਕਿ ਸਰਹੰਦੀ ਫੌਜਾਂ ਗੁਰੂ ਜੀ ਦੀ ਪੂਰੀ ਸੂਹ ਲਾਉਣ ਅਤੇ ਉਨ੍ਹਾਂ ਨੂੰ ਜੀਵਤ ਪਕੜਨ ਜਾਂ ਉਨ੍ਹਾਂ ਦੀ ਹੋਂਦ ਨੂੰ ਮਿਟਾਉਣ ਦਾ ਪੂਰਾ ਯਤਨ ਕਰ ਰਹੀਆਂ ਸਨ।ਇਹੀ ਫੌਜਾਂ ਸੂਹ ਪਤਾ ਲਾਉਂਦੀਆਂ ਖਿਦਰਾਣੇ ਦੀ ਢਾਬ ਤੇ ਜਾ ਪਹੁੰਚੀਆਂ ਸਨ ਜਿਥੇ ਭਾਰੀ ਜੰਗ ਹੋਇਆ।ਮੌਜੂਦਾ ਬਠਿੰਡੇ ਦਾ ਇਲਾਕਾ ਤਲਵੰਡੀ ਸਾਬ੍ਹੋ ਦਾ ਕੇਂਦਰ ਮੁਲਤਾਨ ਦੇ ਪਰਗਣੇ ਅਧੀਨ ਸੀ ਜਿਸ ਕਾਰਨ ਸਰਹੰਦ ਦਾ ਨਵਾਬ ਇਸ ਇਲਾਕੇ ਵਿਚ ਸਿੱਧਾ ਦਖਲ ਨਹੀਂ ਸੀ ਦੇ ਸਕਦਾ। ਚੌਧਰੀ ਡੱਲਾ ਜੋ ਗੁਰੂ ਜੀ ਦਾ ਅਨਿੰਨ ਸ਼ਰਧਾਲੂ ਸੀ ਨੂੰ ਵਜ਼ੀਰ ਖਾਂ ਨੇ ਇਹ ਸੁਨੇਹਾ ਵੀ ਭੇਜਿਆ ਸੀ ਕਿ ਉਹ ਗੁਰੂ ਜੀ ਨੂੰ ਆਪਣੇ ਕੋਲ ਨਾ ਰੱਖੇ ਅਤੇ ਮੇਰੇ ਹਵਾਲੇ ਕਰ ਦੇਵੇ। ਭਾਈ ਡੱਲੇ ਨੇ ਵਜ਼ੀਰ ਖਾਂ ਦੀ ਇਸ ਬਦਨੀਤੀ ਭਰੀ ਸਲਾਹ ਦਾ ਬੁਰਾ ਹੀ ਨਹੀਂ ਸੀ ਮਨਾਇਆ ਸਗੋਂ ਮੋੜਵਾਂ ਤੇ ਠੋਕਵਾਂ ਉੱਤਰ ਵੀ ਦਿੱਤਾ ਸੀ। ਸੋ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ ਕਿ 6-7 ਮਹੀਨੇ ਦਾ ਸਮਾਂ ਗੁਰੂ ਜੀ ਇਸ ਇਲਾਕੇ ਵਿਚ ਠਹਿਰੇ ਹੋਣ। ਮੋਟੇ ਤੌਰ ਤੇ ਅਸੀਂ ਨਿੱਕੇ ਪੜਾਵਾਂ ਨੂੰ ਛੱਡਦਿਆਂ ਅਨੰਦਪੁਰ ਛੱਡਣ ਤੋਂ ਮੁਕਤਸਰ ਪਹੁੰਚਣ ਤਕ ਦੇ ਸਮੇਂ ਨੂੰ ਇਵੇਂ ਸਮਝ ਸਕਦੇ ਹਾਂ

ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਮੁਕਤਸਰ ਤਕ

6 ਪੋਹ 1762 ਅਨੰਦਪੁਰ ਸਾਹਿਬ, 7 ਪੋਹ ਸਿਰਸਾ ਰੋਪੜ, 8 ਪੋਹ ਚਮਕੌਰ ਸਾਹਿਬ, 9-12 ਪੋਹ ਮਾਛੀਵਾੜਾ, 14 ਪੋਹ ਅਜਨੇਰ, ਰਾਮਪੁਰ, 15 ਪੋਹ ਰਾਮਪੁਰ ਤੋਂ ਰਵਾਨਗੀ-ਕਨੇਚ, ਆਲਮਗੀਰ, 16 ਪੋਹ ਚਨਾਲੋਂ, ਮੋਹੀ, 17 ਪੋਹ ਹੇਹਰ ਤੋਂ ਚਲਕੇ ਰਾਏਕੋਟ ਪਹੁੰਚੇ, 18 ਪੋਹ ਰਾਏਕੋਟ ਠਹਿਰੇ, 19 ਪੋਹ ਲੰਮੇ ਜੱਟ ਪੁਰੇ, 20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ, 21 ਪੋਹ ਦੀਨੇ, 22 ਪੋਹ ਦਇਆ ਸਿੰਘ ਤੇ ਧਰਮ ਸਿੰਘ ਜ਼ਫਰਨਾਮਾ ਲੇ ਕੇ ਔਰੰਗਜ਼ੇਬ ਨੂੰ ਮਿਲਣ ਗਏ, 26 ਪੋਹ ਭਗਤਾ ਠਹਿਰੇ, 27 ਪੋਹ ਬਰਗਾਣੀ, ਬਹਿਬਲ, ਸਰਾਣਾ, 28 ਪੋਹ ਕੋਟਕਪੂਰਾ, ਢਿਲਵਾਂ ਠਹਿਰੇ ਰਾਤ, 29 ਪੋਹ ਜੈਤ ਨਗਰ, ਰਾਮੇਆਣਾ ਠਹਿਰੇ, 30 ਪੋਹ ਰੂਪਿਆਣਾ ਤੇ ਖਿਦਰਾਣੇ ਦੀ ਢਾਬ ਤੇ ਜੰਗ, 1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ।

ਹਵਾਲੇ:- ਗੁਰੂ ਦੇ ਸ਼ੇਰ, ਗੋਬਿੰਦ ਸਾਗਰ, ਸਿਖ ਇਤਿਹਾਸ, ਤਵਾਰੀਖ ਗੁਰੂ ਖਾਲਸਾ, ਗੁਰ ਸੋਭਾ, ਸਿਖ ਇਤਿਹਾਸ ਦੇ ਸੋਮੇ ਪੰਜ ਭਾਗ, ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ, ਮਹਾਨ ਕੋਸ਼।

ਭਾਈ ਹਰਜਿੰਦਰ ਸਿੰਘ ‘ਸਭਰਾਅ’

ਫੋਨ: 98555 98833


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top