Share on Facebook

Main News Page

ਨਾਨਕਸ਼ਾਹੀ ਕੈਲੰਡਰ (ਜੰਤਰੀ) ਵੈਸਾਖ ਤੋਂ, ਕੱਤਕ ਤੋਂ ਜਾਂ ਚੇਤ ਤੋਂ?

ਕੈਲੰਡਰ ਦੇ ਮਾਮਲੇ ਵਿੱਚ ਹਾਲਾਤ ਇਨੇ ਵਿਗੜ ਚੁੱਕੇ ਹਨ ਕਿ, ਜਿਸ ਪੰਥਕ ਏਕਤਾ ਦੀ ਦੁਹਾਈ ਦੇ ਕੇ, 2003 ਵਾਲਾ ਕੈਲੰਡਰ ਰੱਦ ਕੀਤਾ ਗਿਆ ਹੈ, ਉਸ ਪੰਥਕ ਏਕਤਾ ਦੀਆਂ ਸਾਰੀਆਂ ਸੰਭਾਵਨਾਵਾਂ ਹੀ ਖਤਮ ਹੋ ਗਈਆਂ ਹਨ। ਘੱਟੋ-ਘੱਟ ਸੰਤ ਸਮਾਜ (ਜਿਸ ਦੇ ਇਸ਼ਾਰੇ ਤੇ ਇਹ ਰੱਦ ਕੀਤਾ ਗਿਆ ਸੀ) ਦੀ ਪੰਥਿਕ ਧਿਰ ਵਜੋਂ ਮਾਨਤਾ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ।

ਸੋਚਦਾ ਹਾਂ ਕਿ ਜਿਸ ਕੈਲੰਡਰ ਵਿੱਚ ਕੁੱਝ ਗਲਤੀਆਂ ਹੋਣ 'ਤੇ ਵੀ ਸਿਰਫ ਇਸ ਕਰ ਕੇ ਪਰਵਾਨ ਕਰ ਲਿਆ ਸੀ, ਕਿ ਚਲੋ ਸਾਡੀ ਵੱਖਰੀ ਹੋਂਦ ਦਾ ਪ੍ਰਤੀਕ ਕੈਲੰਡਰ, ਹੋਂਦ ਵਿਚ ਤਾਂ ਆਇਆ ਹੈ ਅਗਾਂਹ ਚਲ ਕੇ ਇਸ ਵਿਚ ਸੋਧ ਕਰ ਲਈ ਜਾਵੇਗੀ। ਅੱਜ ਉਸ ਨੂੰ ਦੁਬਾਰਾ ਫਿਰ ਮਾਨਤਾ ਦੇਣ ਵੇਲੇ, ਉਨ੍ਹਾਂ ਗਲਤੀਆਂ 'ਤੇ ਵਿਚਾਰ ਕਰ ਕੇ, ਉਨ੍ਹਾਂ ਨੂੰ ਠੀਕ ਕਰ ਲੈਣਾ ਚਾਹੀਦਾ ਹੈ। ਤਾਂ ਜੋ ਇਸ ਨੂੰ ਮੁੜ-ਮੁੜ ਕੇ ਫਰੋਲਣ ਦੀ ਲੋੜ ਨਾ ਪਵੇ। ਜਿੱਦਾਂ ਕਿ ਬਹੁਤੇ ਵੀਰ ਜਾਣਦੇ ਹੀ ਹਨ ਕਿ ਇਸ ਕੈਲੰਡਰ ਦੇ ਹੋਂਦ ਵਿਚ ਆਉਣ ਵੇਲੇ ਵੀ ਆਮ ਸਿੱਖਾਂ ਵਿਚੋਂ ਕਿਸੇ ਕੋਲੋਂ ਕੋਈ ਰਾਏ ਨਹੀਂ ਲਈ ਗਈ ਸੀ, ਜਦ ਕਿ ਇਸ ਬਾਰੇ ਪੂਰੀ ਖੋਜ ਹੋਣੀ ਚਾਹੀਦੀ ਸੀ। ਸ. ਪਾਲ ਸਿੰਘ ਜੀ ਪੁਰੇਵਾਲ ਵਲੋਂ ਤਿਆਰ ਕੀਤੇ ਕੈਲੰਡਰ ਨੂੰ ਲਾਗੂ ਕਰਨ ਵੇਲੇ ਵੀ ਸ. ਅਨੁਰਾਗ ਸਿੰਘ ਦੇ ਘਰ ਹੋਈ ਮੀਟਿੰਗ ਵਿੱਚ ਵੀ ਪੁਰੇਵਾਲ ਜੀ ਦੀਆਂ ਮਿਥੀਆਂ ਤਾਰੀਖਾਂ ਵੀ ਲਾਗੂ ਨਹੀਂ ਕੀਤੀਆਂ ਗਈਆਂ ਸਨ, ਬਲਕਿ ਮੀਟਿੰਗ ਵਿਚ ਬੈਠੇ 4-5 ਬੰਦਿਆਂ ਵਲੋਂ ਹੀ ਉਹ ਤਾਰੀਖਾਂ ਬਦਲ ਦਿੱਤੀਆਂ ਗਈਆਂ ਸਨ, ਉਹ ਤਾਰੀਖਾਂ ਬਦਲਣ ਦਾ ਆਧਾਰ ਕੀ ਸੀ? ਇਹ ਵੀ ਉਹੀ ਜਾਣਦੇ ਹਨ।

ਆਉ ਇਸ ਬਾਰੇ ਸੰਖੇਪ ਜਿਹਾ ਵਿਚਾਰ ਕਰਦੇ ਹਾਂ ਕਿ ਇਸ ਵਿਚ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ?

1. ਨਾਨਕਸ਼ਾਹੀ ਕੈਲੰਡਰ ਕਿੱਥੋਂ ਸ਼ੁਰੂ ਹੋਣਾ ਚਾਹੀਦਾ ਹੈ?

ਯਕੀਨਨ ਇਸ ਬਾਰੇ, ਨਾਨਕ ਵਿਚਾਰ-ਧਾਰਾ ਅਨੁਸਾਰ ਚੱਲਣ ਵਾਲੇ ਹਰ ਬੰਦੇ ਦਾ ਇਕੋ ਹੀ ਜਵਾਬ ਹੋਵੇਗਾ, ਨਾਨਕ ਜੀ ਦੇ ਆਗਮਨ ਪੁਰਬ ਤੋਂ। ਹੁਣ ਸਵਾਲ ਉਠਦਾ ਹੈ ਕਿ ਨਾਨਕ ਜੀ ਦਾ ਆਗਮਨ ਪੁਰਬ ਕਿਸ ਦਿਨ ਦਾ ਹੈ? ਯਕੀਨਨ ਸਾਨੂੰ ਗੁਰਦਵਾਰਿਆਂ ਵਿਚੋਂ ਸਤਿਯੁਗ, ਤ੍ਰੇਤਾ, ਦੁਆਪਰ ਦੀਆਂ ਕਥਾਵਾਂ ਦੇ ਆਧਾਰ ਤੇ ਇਹ ਤਾਂ ਪਤਾ ਹੈ ਕਿ ਸਤਿਯੁਗ ਵਿਚ ਕੀ ਵਾਪਰਿਆ ਸੀ? ਉਨ੍ਹਾਂ ਵਾਪਰੀਆਂ ਘਟਨਾਵਾਂ ਦੇ ਸਾਲ, ਮਹੀਨੇ, ਦਿਨਾਂ ਦੀ ਗਿਣਤੀ ਬਾਰੇ ਵੀ ਪਤਾ ਹੈ (ਜਿਸ ਦੀ ਜਾਣਕਾਰੀ ਦਾ ਸਾਡੇ ਕੋਲ ਕੋਈ ਆਧਾਰ ਹੀ ਨਹੀਂ ਹੈ) ਪਰ ਸਾਡੇ ਪੱਲੇ, ਗੁਰ ਸਖਸ਼ੀਅਤਾਂ ਸਬੰਧੀ ਇਤਿਹਾਸਕ ਦਿਹਾੜਿਆਂ ਬਾਰੇ, ਦੁਬਿਧਾ ਜਾਂ ਭੰਬਲ-ਭੂਸੇ ਤੋਂ ਵੱਧ ਕੁੱਝ ਵੀ ਨਹੀਂ ਹੈ। ਨਾਨਕ ਪਾਤਸ਼ਾਹ ਜੀ ਦੇ ਆਗਮਨ ਬਾਰੇ ਵੀ ਸਾਡਾ ਇਹੀ ਹਾਲ ਹੈ। ਅਸੀਂ ਇਕ ਮੱਤ ਹੋ ਕੇ ਇਸ ਬਾਰੇ ਵੀ ਕੁੱਝ ਨਹੀਂ ਕਹਿ ਸਕਦੇ। ਹਾਲਾਂਕਿ ਇਸ ਨੂੰ ਬੀਤਿਆਂ ਅਜੇ ਸਿਰਫ 542 ਸਾਲ ਹੋਏ ਹਨ। ਫਿਰ ਵੀ ਸਾਨੂੰ ਇਸ ਬਾਰੇ ਕੋਈ ਤਾਂ ਨਿਰਣਾ ਕਰਨਾ ਹੀ ਪਵੇਗਾ।

ਜ਼ਿਆਦਾ ਸਕਾਲਰਾਂ ਨੇ ਇਸ ਬਾਰੇ 15 ਅਪ੍ਰੈਲ 1469 ਮੁਤਾਬਕ 20 ਵੈਸਾਖ 1526 ਨੂੰ ਹੀ ਮਾਨਤਾ ਦਿੱਤੀ ਹੈ। ਸੋ, ਨਵੇਂ ਸਾਲ ਦੀ ਸ਼ੁਰੂਆਤ ਦਾ ਦਿਹਾੜਾ, ਇਨ੍ਹਾਂ ਦੋਵਾਂ ਤਾਰੀਖਾਂ ਵਿਚੋਂ, ਇੱਕ ਨੂੰ ਹੀ ਮੰਨ ਕੇ ਚਲਣਾ ਪਵੇਗਾ, ਅਤੇ ਸਾਰੇ ਇਤਿਹਾਸਿਕ ਦਿਹਾੜੇ ਉਸ ਅਨੁਸਾਰ ਹੀ ਮਿਥਣੇ ਪੈਣਗੇ। ਦੋਵਾਂ ਨੂੰ ਰੱਲ-ਗਡ ਕਰਨ ਤੋਂ ਬਚਣਾ ਪਵੇਗਾ। ਇਸ ਵਿਚ ਵੀ ਕਿਉਂਕਿ ਬਿਕਰਮੀ ਵਿੱਚ ਬਹੁਤ ਭੰਬਲ-ਭੂਸਾ ਹੈ, ਇਸ ਕਰ ਕੇ ਜੂਲੀਅਨ ਨੂੰ ਹੀ ਤਰਜੀਹ ਦੇਣੀ ਪਵੇਗੀ। ਜੇ ਅਸੀਂ ਸਾਲ ਦੀ ਸ਼ੁਰੂਆਤ ਵੈਸਾਖ ਤੋਂ ਹੀ ਕਰਨੀ ਹੈ ਤਾਂ, ਬਾਬਾ ਨਾਨਕ ਜੀ ਦੇ ਆਗਮਨ ਦਿਹਾੜੇ ਨੂੰ ਵੈਸਾਖ ਦੀ ਪਹਿਲੀ ਤਾਰੀਖ ਹੀ ਰੱਖਣੀ ਪਵਗੀ। ਜੇ ਅਸੀਂ ਮਹੀਨਿਆਂ ਦੇ ਨਾਮ ਬਦਲਣੇ ਵੀ ਹਨ ਤਾਂ ਵੀ ਇਸ ਵਿਚ ਕੋਈ ਅੜਚਣ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿਚਲੇ ਦੋਵੇਂ ਬਾਰਹ ਮਾਹ, ਨਾ ਤਾਂ ਮਹੀਨਿਆਂ ਦੇ ਨਾਵਾਂ ਦੀ ਪ੍ਰੌੜ੍ਹਤਾ ਵਜੋਂ ਹਨ, ਨਾ ਹੀ ਮਹੀਨਿਆਂ ਦੀ ਤਰਤੀਬ ਦੀ ਪ੍ਰੋੜ੍ਹਤਾ ਵਜੋਂ। ਉਹ ਪ੍ਰਚਲਤ ਕਾਵਿ ਰੂਪ ਦਾ ਇਕ ਨਮੂਨਾ ਹਨ, ਜਿਸ ਨੂੰ ਆਧਾਰ ਬਣਾ ਕੇ, ਗੁਰੂ ਸਾਹਿਬ ਨੇ ਜੀਵ ਨੂੰ ਕੁਦਰਤ ਨਾਲ ਇਕ-ਸਾਰ ਹੋ ਕੇ ਪਰਮਾਤਮਾ ਨਾਲ ਮਿਲਾਪ ਦਾ ਢੰਗ ਦੱਸਿਆ ਹੈ।

ਜੇ ਮਹੀਨਿਆਂ ਦੇ ਇਹੀ ਨਾਮ ਰੱਖਣੇ ਹਨ ਤਾਂ ਵਿਸਾਖ ਤੋਂ ਸ਼ੁਰੂ ਹੋ ਕੇ ਚੇਤ ਤੱਕ ਦੇ ਰੱਖਣੇ ਪੈਣਗੇ, ਕਿਉਂਕਿ ਚੇਤ ਵਿਚ ਬਾਬਾ ਨਾਨਕ ਜੀ ਦਾ ਆਗਮਨ ਦਿਹਾੜਾ ਕਿਸੇ ਹਿਸਾਬ ਵੀ ਨਹੀਂ ਬਣਦਾ। ਜੇ ਹੋਰ ਕੁਝ ਨਾਮ ਸਿੱਖੀ ਨੂੰ ਮੁੱਖ ਰਖ ਕੇ ਰਖਣੇ ਹੋਣ ਤਾਂ ਉਸ ਵਿਚ ਵੀ ਕੋਈ ਦਿੱਕਤ ਨਹੀਂ ਹੈ। ਬਲਕਿ ਚੰਗਾ ਇਹੀ ਹੈ ਕਿ ਮਹੀਨਿਆਂ ਦੇ ਨਾਮ ਵੀ ਆਪਣੇ ਹੀ ਰੱਖੇ ਜਾਣ। ਕਿਉਂਕਿ ਦੁਨੀਆਂ ਵਿਚਲੇ ਹਰ ਕੈਲੰਡਰ ਦੇ ਆਪਣੇ ਮਹੀਨੇ ਹਨ, ਸਾਲ ਦੀ ਸ਼ੁਰੂਆਤ ਵੀ ਸਭ ਦੀ ਵੱਖੋ-ਵਖਰੀ ਹੈ। ਮਹੀਨਿਆਂ ਵਿਚਲੇ ਦਿਨਾਂ ਦੀ ਗਿਣਤੀ ਆਪਣੀ ਸੁਵਿਧਾ ਨੂੰ ਮੁੱਖ ਰੱਕ ਕੇ ਕੀਤੀ ਜਾ ਸਕਦੀ ਹੈ, ਪਰ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਸਾਲ ਦੇ ਦਿਨ 365.25 ਹੀ ਹੋਣ। ਕਿਉਂਕਿ ਇਹੀ ਅੱਜ ਤਕ ਦੀ ਖੋਜ ਮੁਤਾਬਕ, ਕੁਦਰਤੀ ਸਾਲ ਦੇ ਸਭ ਤੋਂ ਵੱਧ ਨੇੜੇ ਦੇ ਦਿਨ ਹਨ।

ਕੁਝ ਹੋਰ ਚੀਜ਼ਾਂ ਜਿਨ੍ਹਾਂ ਦਾ ਖਿਆਲ ਰੱਖਣਾ ਬਣਦਾ ਹੈ, ਉਹ ਇਵੇਂ ਹਨ,

  1. ਗੁਰੂ ਨਾਨਕ ਸਾਹਿਬ ਦੇ ਆਗਮਨ ਦਿਹਾੜੇ 'ਤੇ ਹੀ, ਭਗਤਾਂ ਅਤੇ ਗੁਰਬਾਣੀ ਰਚੈਤਿਆਂ ਦਾ ਆਗਮਨ ਪੁਰਬ ਵੀ ਮਨਾ ਲੈਣਾ ਚਾਹੀਦਾ ਹੈ। ਇਸ ਨਾਲ ਇਕ ਤਾਂ ਭਗਤਾਂ ਨਾਲ ਸਬੰਧਿਤ ਬੰਦਿਆਂ ਦਾ ਇਹ ਇਤਰਾਜ਼ ਕਿ, ਗੁਰਦਵਾਰਿਆਂ ਵਿੱਚ ਭਗਤਾਂ ਦੇ ਦਿਹਾੜੇ ਨਹੀਂ ਮਨਾਏ ਜਾਂਦੇ ਹਨ, ਦੂਰ ਹੋਵੇਗਾ, ਨਾਲ ਹੀ ਗੁਰ-ਵਿਅਕਤੀਆਂ ਦੇ ਵਖਰੇਵੇਂ ਤੇ ਵੀ ਰੋਕ ਲੱਗੇਗੀ। ਇਹ ਇਤਰਾਜ਼ ਵੀ ਖਤਮ ਹੋਵੇਗਾ ਕਿ, ਜਿਸ ਦਿਨ, ਜਿਸ ਗੁਰ ਵਿਅਤੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਉਸ ਦਿਨ ਉੇਹ ਗੁਰ ਵਿਅਕਤੀ ਗੁਰੂ ਹੈ ਹੀ ਨਹੀਂ ਸੀ, ਫਿਰ ਉਹ ਗੁਰਪੁਰਬ ਕਿਵੇਂ ਹੋਇਆ?

  2. ਗੁਰਮਤਿ ਅਨੁਸਾਰ ਸੰਗਰਾਂਦ, ਮੱਸਿਆ, ਪੁਨਿਆ ਆਦਿ ਦਿਹਾੜਿਆਂ ਦੀ ਕੋਈ ਖਾਸ ਵਿਸ਼ੇਸ਼ਤਾ ਨਹੀਂ ਹੈ ਇਸ ਲਈ ਕੈਲੰਡਰ ਵਿਚ ਇਨ੍ਹਾਂ ਦਾ ਵਰਣਨ ਅਯੋਗ ਕਿਰਿਆ ਹੈ।

  3. ਇਵੇਂ ਹੀ ਸਾਰਿਆਂ ਗੁਰ ਵਿਅਕਤੀਆਂ ਦਾ ਗੁਰ-ਗੱਦੀ ਦਿਵਸ ਵੀ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ ਗੱਦੀ ਦਿਵਸ ਵਾਲੇ ਦਿਨ ਹੀ ਮਨਾਇਆ ਜਾਵੇ, ਤਾਂ ਜੋ ਭਗਤਾਂ ਨਾਲ ਸਬੰਧਿਤ ਜਾਤਾਂ ਦਿਆਂ ਵਿਅਕਤੀਆਂ ਦਾ ਇਹ ਤੌਖਲਾ ਕਿ, ਭਗਤਾਂ ਨੂੰ ਨੀਵਾਂ ਕਰ ਕੇ ਪੇਸ਼ ਕੀਤਾ ਜਾਂਦਾ ਹੈ, ਖਤਮ ਹੋ ਜਾਵੇਗਾ। ਕਿਉਂਕਿ ਉਸ ਵਿਚ ਭਗਤਾਂ ਨੂੰ ਵੀ ਸਮਾਨ ਰੂਪ ਵਿਚ ਮਾਨਤਾ ਮਿਲ ਜਾਵੇਗੀ।

  4. ਇਵੇਂ ਹੀ ਸ਼ਹੀਦੀ ਪੁਰਬ ਵੀ, ਸਾਰਿਆਂ ਦਾ ਸਾਂਝਾ, ਇਕ ਦਿਨ ਹੀ ਮਨਾਉਣਾ ਚਾਹੀਦਾ ਹੈ, ਤਾਂ ਜੋ ਅਲੱਗ-ਅਲੱਗ ਜਾਤਾਂ ਵਾਲਿਆਂ ਨੂੰ, ਜਾਂ ਇਲਾਕੇ ਵਾਲਿਆਂ ਨੂੰ ਆਪਣੀ ਜਾਤ ਜਾਂ ਆਪਣੇ ਇਲਾਕੇ ਦੇ ਸ਼ਹੀਦ ਨੂੰ ਸਭ ਤੋਂ ਉਚਾ ਸਥਾਪਤ ਕਰਨ ਦੀ ਬਿਰਤੀ ਨੂੰ ਠੱਲ੍ਹ ਪੈ ਕੇ ਸਿੱਖਾਂ ਵਿਚ ਵਧਦੇ ਵਖਰੇਵੇਂ ਤੇ ਰੋਕ ਲੱਗੇ।

  5. ਇਹ ਦਿਹਾੜਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ, ਜਾਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਮਨਾ ਲਿਆ ਜਾਵੇ, ਵੈਸੇ ਇਸ ਤੋਂ ਵੀ ਚੰਗਾ ਹੈ ਕਿ ਇਹ ਦਿਹਾੜਾ ਛੋਟੇ ਸਾਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਮਨਾਇਆ ਜਾਵੇ। ਇਸ ਤਰ੍ਹਾਂ ਤਿੰਨਾਂ ਦਿਨਾਂ ਵਿਚ ਇਹ ਗੁਰ ਪੁਰਬ ਮਨਾ ਕੇ, ਗੁਰਦਵਾਰਿਆਂ ਵਿਚ ਹਰ ਰੋਜ਼ ਕੋਈ ਨਾ ਕੋਈ ਪ੍ਰੋਗਰਾਮ ਹੋਣ ਤੇ ਰੋਕ ਲਗਾ ਕੇ, ਬਾਕੀ ਸਾਰਾ ਸਮਾ ਆਪਣੇ ਸਮਾਜ ਦੀ ਭਲਾਈ ਤੇ ਲਗਾ ਕੇ, ਆਪਣੇ ਪਛੜੇ-ਪਨ ਨੂੰ ਦੂਰ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ।

  6. ਇਤਹਾਸਿਕ ਦਹਾੜੇ ਵੀ ਇਸ ਅਨੁਸਾਰ ਹੀ ਮਿੱਥ ਲੈਣੇ ਚਾਹੀਦੇ ਹਨ।

ਇਹ ਤਾਂ ਮੈਂ ਇੱਕ ਸੁਝਾਅ ਭਰ ਦਿੱਤਾ ਹੈ। ਸਾਰੀਆਂ ਚੀਜ਼ਾਂ ਪੰਥਕ ਵਿਦਵਾਨਾਂ ਨੂੰ (ਪੁਜਾਰੀਆਂ ਨੂੰ ਨਹੀਂ) ਆਪਸ ਵਿੱਚ ਮਿਲ ਬੈਠ ਕੇ, ਹਰ ਪੱਖ ਤੇ ਵਿਚਾਰ ਕਰ ਕੇ ਨਬੇੜ ਲੈਣੀਆਂ ਚਾਹੀਦੀਆਂ ਹਨ, ਤਾਂ ਜੋ ਆਉਣ ਵਾਲੇ ਪੰਜ-ਸਤ ਸੌ ਸਾਲ ਵਿਚ ਕਿਸੇ ਤਰ੍ਹਾਂ ਦੀ ਸੋਧ ਦੀ ਲੋੜ ਨਾ ਪਵੇ।

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top