Share on Facebook

Main News Page

‘ਤੱਤ ਗੁਰਮਤਿ ਪਰਿਵਾਰ ਦੀ ਸਿੱਖ ਰਹਿਤ ਮਰਿਆਦਾ ਦੀ ਸੰਪਾਦਕੀ ਬਾਰੇ ਸਪਸ਼ਟੀਕਰਣ’: ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਜੀਉ,
ਸਤਿ ਸ਼੍ਰੀ ਅਕਾਲ !
ਆਪ ਜੀ ਦੀ ਸੰਪਾਦਕੀ, ਮਿਤਿ 02.01.2011 ਲਈ ਆਪ ਜੀ ਦਾ ਧਨਵਾਦ ਜਿਸ ਵਿੱਚ ਗੁਰਮਤਿ ਸਿਧਾਂਤਾਂ ਪ੍ਰਤੀ ਆਪ ਜੀ ਦੀ ਸੁਹਿਰਦਤਾ ਅਤੇ ਦਰਦ ਨਜ਼ਰ ਆਉਂਦਾ ਹੈ ਜੋ ਕਿ ਬੁਨੀਯਾਦੀ ਗੱਲ ਹੈ। ਇਸ ਤੋਂ ਪਹਿਲਾਂ ਆਪ ਜੀ ਵਲੋਂ ਮੇਰੇ ਲੇਖ ‘ਰਹਿਤ ਮਰਿਯਾਦਾ ਅਤੇ ਉਸ ਦੀ ਧਾਰਨਾ’ ਬਾਰੇ ਕੀਤੀ ‘ਸੰਪਾਦਕੀ ਟਿੱਪਣੀ’ ਤੇ ਆਪਣਾ ਸਪਸ਼ਟੀਕਰਣ ਦੇ ਚੁੱਕਾ ਸੀ ਜੋ ਕਿ ਆਪ ਜੀ ਦੀ ਵੈਬਸਾਈਟ ਤੇ, ਆਪ ਜੀ ਦੀ ਜਾਣਕਾਰੀ ਵਿੱਚ ਰਿਹੇ ਕਿਸੇ ਕਾਰਣ, ਪਾਠਕਾਂ ਲਈ ਨਹੀਂ ਛੱਪਿਆ।ਮੈਂ ਰਹਿਤ ਮਰਿਯਾਦਾ ਬਾਰੇ ਆਪਣੇ ਲੇਖ ਦੇ ਆਰੰਭ ਵਿੱਚ ਹੀ ਸਪਸ਼ਟ ਕੀਤਾ ਸੀ ਕਿ ਮੈਂ ਰਹਿਤ ਮਰਿਯਾਦਾ ਦੀ ਕਿਸੇ ਮੱਦ ਦੇ ਗੁਣ-ਦੋਸ਼ ਬਾਰੇ ਨਹੀਂ ਲਿੱਖ ਰਿਹਾ।ਚੁਂਕਿ ਆਪ ਜੀ ਦੀ ਪੁਰੀ ਸੰਪਾਦਕੀ ਉਸ ‘ਸਪਸ਼ਟੀਕਰਣ’ ਤੋਂ ਬਾਦ ਆਈ ਹੈ ਇਸ ਲਈ ਪਾਠਕਾਂ ਦੀ ਜਾਣਕਾਰੀ ਲਈ ਉਸ ਨੂੰ ਵੀ ਹੋਠ ਦੁਹਰਾ ਰਿਹਾ ਹਾਂ ਤਾਂ ਕਿ ਉਨ੍ਹਾਂ ਲਈ ਵੀ ਇਹ ਚਰਚਾ ਸਾਰਥਕ ਅਤੇ ਸਪਸ਼ਟ ਹੋ ਸਕੇ।ਪਾਠਕਾਂ ਪਾਸ ਵੀ ਬੇਨਤੀ ਹੈ ਕਿ ਉਹ ਇਸ ਨੂੰ ਕੇਵਲ ਇੱਕ ਆਪਸੀ ਸੰਵਾਦ ਦੇ ਰੂਪ ਵਿੱਚ ਪੜਨ।ਆਸ ਹੈ ਕਿ ਆਪ ਜੀ ਇਸ ਵਾਰ ਇਸ ਨੂੰ ਛਾਪੋਗੇ।
ਮੇਰੇ ਲੇਖ ਹੇਠ ਪਾਠਕਾਂ ਲਈ ਆਪ ਜੀ ਦੀ ਟਿੱਪਣੀ ਇੰਝ ਸੀ:-

ਸੰਪਾਦਕੀ ਟਿੱਪਣੀ:- “ਸਤਿਕਾਰਯੋਗ ਹਰਦੇਵ ਸਿੰਘ ਜੀ ਜੰਮੂ ਦੀ ਪਹੁੰਚ ਸਥਾਪਿਤ ਹੋ ਚੁੱਕੀਆਂ ਗਲਤ ਮਾਨਤਾਵਾਂ ਨੂੰ ਕਿਸੇ ਨਾ ਕਿਸੇ ਤਰੀਕੇ ਠੀਕ ਸਿੱਧ ਕਰਨ ਦੀ ਜਾਪਦੀ ਹੈ, ਜਿਨ੍ਹਾਂ ਨਾਲ ਪਰਿਵਾਰ ਸਹਿਮਤ ਨਹੀਂ। ਉਨ੍ਹਾਂ ਦਾ ਇਹ ਜਤਨ ਮੁੱਢਲੇ ਗੁਰਮਤਿ ਸਿਧਾਂਤਾਂ ਨੂੰ ਅੱਖੋਂ-ਪਰੋਖੇ ਕਰਦਾ ਜਾਪਦਾ ਹੈ। ਇਹ ਲੇਖ ਵੀ ਉਸੇ ਪਹੁੰਚ ਅਧੀਨ ਲਿਖਿਆ ਗਿਆ ਹੈ।………”

ਸਤਿਕਾਰ ਯੋਗ ਸੰਪਾਦਕ ਜੀ,
ਸਤਿ ਸ਼੍ਰੀ ਅਕਾਲ !
ਆਪ ਜੀ ਦੀ ਉਪਰੋਕਤ ਟਿੱਪਣੀ ਰਾਹੀਂ ਇੰਝ ਪ੍ਰਤੀਤ ਹੋਆ ਹੈ ਕਿ ਆਪ ਜੀ ਨੇ ਮੇਰਾ ਲੇਖ ਕਿਸੇ ਪੁਰਵਾਭਾਸ ਦੇ ਅਸਰ ਹੋਠ ਪੜਿਆ ਹੈ।ਜਾਂ ਫ਼ਿਰ ਹੋ ਸਕਦਾ ਹੈ ਕਿ ਮੈਂ ਹੀ ਆਪਣੀ ਗੱਲ ਠੀਕ ਢੰਗ ਨਾਲ ਆਪ ਜੀ ਨੂੰ ਨਹੀਂ ਸਮਝਾ ਸਕਿਆ ਹੋਵਾਂ। ਆਪ ਜੀ ਅਨੁਸਾਰ, ਮੈਂ ਉਨ੍ਹਾਂ ਗਲਤ ਮਾਨਤਾਵਾਂ ਨੂੰ ਠੀਕ ਸਿੱਧ ਕਰਨਾ ਚਾਹੰਦਾ ਹਾਂ ਜਿਨ੍ਹਾਂ ਨਾਲ ਪਰਿਵਾਰ ਸਹਿਮਤ ਨਹੀਂ। ਇਸ ਦੇ ਜਵਾਬ ਵਿਚ ਮੈਂ ਕੇਵਲ ਆਪਣੇ ਲੇਖ ਦੀਆਂ ਹੀ ਕੁੱਝ ਪੰਕਤਿਆਂ ਦੁਹਰਾ ਰਿਹਾ ਹਾਂ ਤਾਂ ਕਿ ਆਪ ਜੀ ਨੂੰ ਗੱਲ ਸਪਸ਼ਟ ਹੋ ਸਕੇ ਕਿ ਲੇਖ ਕਿਸ ਪਹੁੰਚ ਅਧੀਨ ਲਿਖਿਆ ਗਿਆ ਹੈ:
“ਸਪਸ਼ਟ ਕਰ ਦੇਵਾਂ ਕਿ ਇਸ ਲੇਖ ਦਾ ਵਿਸ਼ਾ ਰਹਿਤ ਮਰਿਯਾਦਾ ਦੀ ਕਿਸੇ ਮੱਦ ਦੇ ਗੁਣ-ਦੋਸ਼ ਦੀ ਚਰਚਾ ਕਰਨਾ ਨਹੀਂ।ਮੌਜੂਦਾ ਦੋਰ ਵਿਚ ਇਸ ਸੁਭਾਵਿਕ ਅਸਹਿਮਤੀ ਦੇ ਦੋ ਮੁੱਖ ਧਿਰ ਹਨ:
(1) ਗ਼ੈਰ ਸਿਧਾਂਤਕ ਧਿਰ
(2) ਸਿਧਾਂਤਕ ਧਿਰ
ਗ਼ੈਰ ਸਿਧਾਂਤਕ ਧਿਰ: ਇਸ ਧਿਰ ਵਿਚ ਉਹ ਪੱਖ ਹਨ ਜਿਨ੍ਹਾਂ ਪੰਥ ਪਰਵਾਣਿਤ ਰਹਿਤ ਮਰਿਯਾਦਾ ਦੇ ਉਲਟ ਗ਼ੈਰ- ਸਿਧਾਂਤਕ ਮਰਿਯਾਦਾ ਘੜ ਕੇ ਉਸਦਾ ਪਾਲਨ ਕੀਤਾ।
ਸਿਧਾਂਤਕ ਧਿਰ: ਇਸ ਵਿਚ ਉਹ ਪੱਖ ਹਨ ਜਿਹੜੇ ਗੁਰਮਤਿ ਪ੍ਰਤੀ ਸੁਹਿਰਦਤਾ ਰੱਖਦੇ ਸਿੱਖ ਰਹਿਤ ਮਰਿਯਾਦਾ ਵਿਚ ਮੌਜੂਦ ਸੁਧਾਰ ਯੌਗ ਨੁੱਕਤਿਆਂ ਨਾਲੋਂ ਅਸਹਿਮਤੀ ਰੱਖਦੇ ਹਨ। ਸੁਧਾਰਵਾਦੀ ਭਾਵਨਾਵਾਂ ਵੀ ਵੱਡਮੁਲੀਆਂ ਹੁੰਦੀਆਂ ਹਨ ਜੇਕਰ ਸੁਚਾਰੂ ਢੰਗ ਨਾਲ ਉਨ੍ਹਾਂ ਦੀ ਕੀਮਤ ਦੀ ਭਾਲ ਕੀਤੀ ਜਾਵੈ ਤਾਂ ਕਿ ਉਹ ਹਮੇਸ਼ਾ ਜਿੰਦਾ ਰਹਿ ਸਕਣ।ਇਹ ਮੱਤਵਪੁਰਣ ਗੱਲ ਹੈ”……

(2) “ਜੇਕਰ ਰਹਿਤ ਮਰਿਯਾਦਾ ਦੀਆਂ ਮੱਦਾਂ ਵਿੱਚ ਕਿਸੇ ਵਾਜਬ ਸੁਧਾਰ ਦੀ ਗੱਲ ਦਾ ਤਰੀਕਾ ਰਹਿਤ ਮਰਿਯਾਦਾ ਦੀ ਧਾਰਨਾ ਦੇ ਦਾਈਰੇ ਨੂੰ ਹੀ ਸੱਟ ਮਾਰਦਾ ਹੈ ਤਾਂ ਇਹ ਠੀਕ ਨਹੀਂ।ਇਸ ਵਿਚ ਫ਼ੌਰਨ ਸਵੈ ਸੁਧਾਰ ਦੀ ਲੋੜ ਹੈ ਤਾਂ ਕਿ ਬਵਿੱਖ ਵਿਚ ਕਿਸੇ ਸੁਧਾਈ ਹੋਈ ਰਹਿਤ ਮਰਿਯਾਦਾ ਦਾ ਸਤਿਕਾਰ ਤਾਂ ਬੱਚਿਆ ਰਹੇ”………
(3) “ਰਹਿਤ ਮਰਿਯਾਦਾ ਦੀ ਧਾਰਨਾ ਦਾ ਇਹ ਦਾਈਰਾ (ਛੋਨਚੲਪਟ) ਹੀ 1900 ਦੇ ਆਰੰਬਕ ਦਹਾਕਿਆਂ ਦੇ ਸਿੱਖ ਸੰਘਰਸ਼ ਦੀ ਅਤਿਯੰਤ ਮਹੱਤਵਪੁਰਣ ਉਪਲੱਬਦੀ ਸੀ ਜਿਸਨੂੰ ਬਚਾ ਕੇ ਰੱਖਣਾ ਬੇਹਦ ਜ਼ਰੂਰੀ ਹੈ।ਇਸ ਦਾਈਰੇ ਦੇ ਅੰਦਰ ਕਿਸੇ ਸੰਭਾਵਤ ਤਰਮੀਮ ਦੀ ਗੱਲ ਹੋ ਸਕਦੀ ਹੈ”………
(4) “ਰਹਿਤ ਮਰਿਯਾਦਾ ਦੀ ਧਾਰਨਾ ਦੇ ਦਾਈਰੇ ਵਿਚ ਰਹਿ ਕੇ ਲੋੜੀਂਦੇ ਬਦਲਾਵ ਦਾ ਵਿਚਾਰ ਕਰਨਾ ਠੀਕ ਹੋ ਸਕਦਾ ਹੈ ਪਰ ਇਸ ਦਾਈਰੇ ਨੂੰ ਹੀ ਤੋੜ ਕੇ ਗੱਲ ਕਰਨਾ ਦੂਰਦਰਸ਼ੀਤਾ ਨਹੀਂ”………
(5) “ਸਿੱਖ ਰਹਿਤ ਮਰਿਯਾਦਾ ਵਿਚ ਸੁਧਾਰ ਕਰਨ ਦਾ ਅਧੀਕਾਰ ਕੇਵਲ ਉਸ ਜੁਗਤ (ਸੁਚੇਤ, ਸਮਝਦਾਰ ਅਤੇ ਦੂਰਅੰਦੇਸ਼ ਪੰਥਕ ਵਿਦਵਾਨਾ ਦੇ ਸਰਬਪੱਥੀ, ਸਿਧਾਂਤਕ ਅਤੇ ਡੂੰਗੇ ਵਿਚਾਰ ਵਟਾਂਦਰੇ ਉਪਰੰਤ) ਨਾਲ ਹੀ ਹੋ ਸਕਦਾ ਹੈ ਜਿਸ ਰਾਹੀਂ ਇਸ ਨੂੰ ਸਿਰਜਿਆ ਗਿਆ ਸੀ”………

ਸੰਪਾਦਕ ਜੀ, ਸੁਧਾਰ ਦੀਆਂ ਸੰਭਾਵਨਾਵਾਂ ਨੂੰ ਸਵੀਕਾਰਦੇ ਦਾਸ ਦੇ ਉਪਰੋਕਤ ਸਪਸ਼ਟ ਵਿਚਾਰਾਂ ਵੱਲ ਆਪ ਜੀ ਨੇ ਲੋੜੀਂਦਾ ਧਿਆਨ ਨਹੀਂ ਦਿੱਤਾ ਜੋ ਕਿ ਦੇਣਾ ਬਣਦਾ ਹੈ।ਮੈ ਤਾਂ ਗੁਰਮਤਿ ਪ੍ਰਤੀ ਸੁਹਿਰਦਤਾ ਰਖਣ ਵਾਲੇ ਧਿਰਾਂ ਦਿਆਂ ਸੁਧਾਰਵਾਦੀ ਭਾਵਨਾਵਾਂ ਨੂੰ ਵੱਡਮੁੱਲਾ ਦੱਸਦੇ ਉਨ੍ਹਾਂ ਦੀ ਸੁਚਾਰੂ ਭਾਲ ਦੀ ਗੱਲ ਵੀ ਕੀਤੀ ਹੈ ਤਾਂ ਕਿ ਐਸੀਆਂ ਭਾਵਨਾਵਾਂ ਹਮੇਸ਼ਾ ਜਿੰਦਾ ਰਹਿ ਸਕਣ।ਕੀ ਆਪ ਜੀ ਨੇ ਇਨ੍ਹਾਂ ਸ਼ਬਦਾ ਨੂੰ ਠੀਕ ਤਰ੍ਹਾਂ ਨਹੀਂ ਪੜਿਆ? ਸੁਧਾਰ ਤਾਂ ਹੋਣਾ ਹੀ ਚਾਹੀਦਾ ਹੈ। ਗੱਲ ਇੰਨੀ ਕੁ ਹੈ ਕਿ ਸੁਧਾਰ ਦੀ ਗੱਲ ਬੇਲੋੜੀ ਅਤੇ ਬੇਢੰਗੀ ਨਹੀਂ ਹੋਣੀ ਚਾਹੀਦੀ।ਵੈਸੇ ਮੈਂ ਲੇਖ ਦੇ ਆਰੰਭ ਵਿਚ ਹੀ ਸਪਸ਼ਟ ਕੀਤਾ ਸੀ ਕਿ ਲੇਖ ਦਾ ਵਿਸ਼ਾ ਰਹਿਤ ਮਰਿਯਾਦਾ ਦੀ ਕਿਸੇ ਮੱਦ ਦੇ ਗੁਣ-ਦੇਸ਼ ਦੀ ਚਰਚਾ ਕਰਨਾ ਨਹੀਂ।

ਵੀਰ ਜੀ ਆਪ ਜੀ ਨੇ ਮੇਰੇ ਵੱਲੋਂ ਗੁਰਮਤਿ ਸਿਧਾਂਤਾਂ ਨੂੰ ‘ਅਖੋਂ-ਪਰੋਖੇ’ ਕਰਨ ਦੀ ਗੱਲ ਵੀ ਕਹੀ ਹੈ। ਇਸ ਬਾਬਤ ਮੈਂ ਸਪਸ਼ਟ ਕਰ ਦੇਵਾਂ ਕਿ ਕੇਵਲ ਸ਼ਰੀਰਕ ਰੂਪ ਵਿਚ ਮੱਥਾ ਟੇਕਣਾ ਗੁਰਮਤਿ ਦਾ ਸਿਧਾਂਤ ਨਹੀਂ ਬਲਕਿ ਸ਼ਿਸ਼ਟਾਚਾਰ ਦੀ ਰਹਿਤ ਹੈ।ਗੁਰਮਤਿ ਦੇ ਸਿਧਾਂਤ ਅਨੁਸਾਰ ਸਿੱਖ ਦਾ ਗੁਰੂ ਅੱਗੇ ਆਪਣੀ ਮਤਿ ਨੂੰ ਸੋਂਪਣਾ ਸਿਧਾਂਤਕ ਮੱਥਾ ਟੇਕਣਾ ਹੈ ਜੋ ਕਿ ਗੁਰੂਦਵਾਰੇ ਮੱਥਾ ਟੇਕਣ ਦੀ ਸ਼ਰੀਰਕ ਕ੍ਰਿਆ ਨਾਲੋਂ ਵੱਖਰਾ ਹੈ। ਹੁਣ ਕੀ ਅਸੀਂ ਸ਼ਰੀਰਕ ਰੂਪ ਵਿਚ ਝੁੱਕ ਕੇ ਮੱਥਾ ਟੇਕਣ ਦੀ ਕ੍ਰਿਆ ਨੂੰ ਅਸੀਂ ਸਿਧਾਂਤ ਦੀ ਉਲੰਘਣਾ ਕਹਾਂਗੇ? ਨਿਰਸੰਦੇਹ ਨਹੀਂ! ਕਿੳਂਕਿ ਰਹਿਤ ਮਰਿਯਾਦਾ ਦਿਆਂ ਕੁੱਝ ਗੱਲਾ ਕਦੇ ਵੀ ਸਿਧਾਂਤਕ ਨਹੀਂ ਹੋ ਸਕਦੀਆਂ। ਉਹ ਕੇਵਲ ਰਹਿਤ ਮਰਿਯਾਦਾ ਵਿੱਚ, ਲਾਜ਼ਮੀ ਤੋਰ ਤੇ, ਕੇਵਲ ਰਹਿਤ ਦਾ ਹਿੱਸਾ ਹੋ ਕੇ ਰਹਿੰਦੀਆਂ ਹਨ ਨਾ ਕਿ ਅਸਲ ਸਿਧਾਂਤ ਦੇ ਤੋਰ ਤੇ।ਰਹਿਤ ਦਾ ਸਿਧਾਂਤ ਨਾਲ ਸਬੰਧ ਵੀ ਹੁੰਦਾ ਹੈ ਅਤੇ ਅੰਤਰ ਵੀ। ਇਸ ਲਈ ਨਾ ਤਾਂ ਇਹ ਲੋੜੀਂਦਾ ਸਬੰਧ ਤੋੜੀਆ ਜਾ ਸਕਦਾ ਹੈ ਅਤੇ ਨਾ ਹੀ ਸੁਭਾਵਿਕ ਅੰਤਰ ਖ਼ਤਮ ਕੀਤਾ ਜਾ ਸਕਦਾ ਹੈ। ਆਪ ਜੀ ਇਸ ਨੁੱਕਤੇ ਵੱਲ ਗ਼ੋਰ ਕਰੋ।

ਅਸੀਂ ਸਾਰੇ ਜਾਣਦੇ ਹਾਂ ਕਿ ਸਿਧਾਂਤਕ ਰੂਪ ਵਿੱਚ ਗਿਆਨ ਪ੍ਰਾਪਤ ਕਰਨ ਦਾ ਕੋਈ ਵੀ ਸਮਾਂ ਹੋ ਸਕਦਾ ਹੈ।ਪਰ ਕਿਸੇ ਸਕੂਲ ਦੇ ਪ੍ਰਬੰਧ ਵਿਚ, ਸਕੂਲ ਲਗਣ ਅਤੇ ਬੰਧ ਹੋਣ ਦਾ ਇੱਕ ਨਿਸ਼ਚਤ ਸਮਾਂ ਹੁੰਦਾ ਹੈ।ਹੁਣ ‘ਗਿਆਨ ਪ੍ਰਾਪਤ ਕਰਨ ਦੇ ਸਮੇਂ ਦੇ ਸਿਧਾਂਤ’ ਅਤੇ ‘ਸਕੂਲ ਦੇ ਸਮੇਂ ਦੀ ਰਹਿਤ’ ਵਿਚਕਾਰ ਵਿਵਾਦ ਖੜਾ ਕਰਨਾ ਵਾਜਬ ਨਹੀਂ ਪ੍ਰਤੀਤ ਹੁੰਦਾ।

ਇੱਕ ਹੋਰ ਮਿਸਾਲ ਨੂੰ ਵਿਚਾਰੀਏ:

ਗੁਰਬਾਣੀ ਦੇ ਕਈ ਸ਼ਬਦ ਕਾਵਯ ਅਤੇ ਰਾਗਾਂ ਦੀ ਬੰਦਿਸ਼ ਵਿੱਚ ਲਿਖੇ ਹਨ।ਯਾਨੀ ਕਿ ਸਿਧਾਂਤਕ ਗੱਲਾ ਰਾਗਾ ਦੀ ਬੰਦਿਸ਼ ਵਿਚ ਲਿਖਿਆਂ ਗਈਆਂ ਹਨ।ਰਾਗਾਂ ਦੀ ਬੰਦਿਸ਼ ਗੁਰਮਤਿ ਦਾ ਸਿਧਾਂਤ ਨਹੀਂ ਬਲਕਿ ਰਾਗਾਂ ਦਾ ਸਿਧਾਂਤ ਹੈ ਜਿਸਨੂੰ ਲੇਖਨ ਅਤੇ ਗਾਯਨ ਦੀ ਰਹਿਤ ਦੇ ਤੋਰ ਤੇ ਗੁਰੂਆਂ ਨੇ ਆਪਣੀ ਬਾਣੀ ਵਿੱਚ ਵਰਤਿਆ ਹੈ।ਇਸ ਕਰਕੇ ਕੁੱਝ ਥਾਈਂ ਸਾਨੂੰ ਰਹਿਤ ਅਤੇ ਸਿਧਾਂਤ ਵਿਚਲੇ ਸਬੰਧ ਅਤੇ ਅੰਤਰ ਨੂੰ ਸਮਝ ਕੇ ਹੀ ਤੁਰਨਾ ਚਾਹੀਦਾ ਹੈ।ਇਹ ਗੱਲ ਹਰ ਉਸ ਧਿਰ ਅਤੇ ਲੇਖਕ ਲਈ ਸਮਝਣੀ ਅਤਿ ਜ਼ਰੂਰੀ ਹੈ ਜੋ ਕਿ ਗੁਰਮਤਿ ਸਿਧਾਂਤ ਅਤੇ ਰਹਿਤ ਮਰਿਯਾਦਾ ਵਿੱਚ ਤਾਲਮੇਲ ਦੇ ਜਤਨ ਬਾਰੇ ਵਿਚਾਰ ਕਰ ਰਿਹਾ ਹੋਵੇ।
ਆਪ ਜੀ ਦੀ ਗੁਰਮਤਿ ਬਾਰੇ ਪ੍ਰਤੀਬੱਧਤਾ ਅਤੇ ਸੁਹਿਰਦਤਾ ਸਪਸ਼ਟ ਹੈ ਜੋ ਕਿ ਕਾਬਿਲੇ ਕਦਰ ਹੈ।ਆਪ ਜੀ ਪਾਸਿਯੋਂ ਚੁੱਕੇ ਨੁੱਕਤੇ (ਆਪ ਜੀ ਦੇ ਲੇਖ ‘ਪੰਥ ਪ੍ਰਵਾਣਿਕਤਾ’ ਦੇ ਨਾਂ ਤੇ ਗੁਰੁਮਤਿ ਸਿਧਾਂਤਾਂ ਦੀ ਕੁਰਬਾਨੀ ਨਾ ਦਿਉ ਵਿੱਚ) ਕਈ ਹਨ ਜਿਨ੍ਹਾਂ ਵਿਚੋਂ ਜ਼ਰੂਰੀ ਨਹੀਂ ਕਿ ਸਾਰੇ ਹੀ ਠੀਕ ਹੋਂਣ ਜਾਂ ਸਾਰੇ ਹੀ ਗਲਤ। ਆਪ ਜੀ ਦੇ ਸੁਧਾਰਵਾਦੀ ਨੁੱਕਤੇ ਬੇਸ਼ੱਕ ਸਵਾਗਤ ਯੋਗ ਹਨ ਅਤੇ ਕੁੱਝ ਬੇਲੋੜੋ ਨੁੱਕਤਿਆਂ ਵਿੱਚ ਸੁਧਾਰ ਦੀ ਲੋੜ ਹੈ ਜਿਸ ਤੇ ਆਪ ਜੀ ਨੂੰ ਵੀ ਵਿਚਾਰ ਕਰਨਾ ਚਾਹੀਦਾ ਹੈ।ਬਿਲਕੁਲ ਹੋ ਸਕਦਾ ਹੈ ਕਿ ਆਪ ਜੀ ਵਲੋਂ ਸੁਝਾਏ ਗਏ ਨੁੱਕਤਿਆਂ ਵਿਚੋਂ ਸਾਰੇ ਦੇ ਸਾਰੇ ਲੋੜਵੰਦ ਅਤੇ ਠੀਕ ਨਾ ਹੋਂਣ।ਇਹੀ ਗੱਲ ਸਾਡੇ ਸਾਰਿਆਂ ਤੇ ਲਾਗੁ ਹੁੰਦੀ ਹੈ।ਗੁਰੂ ਦਾ ਸਿਧਾਂਤ ਸਭ ਤੋਂ ਉੱਪਰ ਰਹਿਣਾ ਚਾਹੀਦਾ ਹੈ ਪਰ ਸਵਾਲ ਇਹ ਹੈ ਕਿ, ਕੀ ਕਿਸੇ ‘ਵਿਸ਼ੇਸ਼ ਸੰਧਰਭ ਵਿੱਚ’, ਗੁਰੂ ਦੇ ਸਿਧਾਂਤ ਦੀ ਪਛਾਂਣ ਕੇਵਲ ਇੱਕ ਧਿਰ ਜਾਂ ਇੱਕ ਲੇਖਕ ਆਪਣੀ ਮਰਜ਼ੀ ਨਾਲ ਹੀ ਕਰੇਗਾ? ਜੇਕਰ ਜਵਾਬ ਨਹੀਂ ਵਿੱਚ ਹੈ ਤਾਂ ਸਾਰੇ ਜਾਗਰੂਕ ਵਿਚਾਰਕਾਂ ਨੂੰ ਕੁੱਝ ਨੁੱਕਤਿਆਂ ਤੇ ਵਿਸ਼ੇਸ਼ ਪਰਹੇਜ਼ ਅਤੇ ਕਾਯਦੇ (ਧਸਿਚਪਿਲਨਿੲ) ਦੀ ਲੋੜ ਹੈ।
ਇੰਨੀਆਂ ਹੀ ਵਿਚਾਰਾਂ ਨਾਲ ਕਿਸੇ ਭੁੱਲ-ਚੂਕ ਲਈ ਛਿੱਮਾਂ ਦਾ ਜਾਚਕ ਹਾਂ !

ਹਰਦੇਵ ਸਿੰਘ, ਜੰਮੂ

ਹੁਣ ਸੰਪਾਦਕੀ ਬਾਰੇ ਸਪਸ਼ਟੀਕਰਣ: ਇਸ ਟਿੱਪਣੀ ਉਪਰੰਤ ਹੁਣ ਆਪ ਜੀ ਦੀ ਤਾਜ਼ਾ ਸੰਪਾਦਕੀ ਬਾਰੇ ਸੰਖੇਪ ਜਿਹੀ ਗੱਲ ਕਰਣ ਦਾ ਜਤਨ ਕਰਾਂ ਗਾ।ਆਪ ਜੀ ਦੇ ਲੇਖ ਵਿੱਚ ਮੇਰੇ ਵਲੋਂ ਦਿੱਤੇ ਪਹਿਲੇ ਸਪਸ਼ਟੀਕਰਣ ਦਾ ਕੋਈ ਵੀ ਨੋਟਿਸ ਨਹੀਂ ਲਿਆ ਗਿਆ। ਮੇਰੇ ਲਈ ਇਹ ਬੜੀ ਹੈਰਾਨਗੀ ਦੀ ਗੱਲ ਸੀ। ਇਸ ਦਾ ਮੁੱਡਲਾ ਕਾਰਣ ਜੋ ਹੁਣ ਮੈਂਨੂੰ ਨਜ਼ਰ ਆਇਆ ਹੈ ਉਹ ਇਹ ਹੈ ਕਿ ਆਪ ਜੀ ਦੀ ਸੰਪਾਦਕੀ ਆਪਣੇ ਆਰੰਭ ਤੋਂ ਹੀ ਇੱਕ ‘ਵੱਡੇ ਭੁਲੇਖੇ’ ਦੇ ਅਸਰ ਹੇਠ ਲਿਖੀ ਗਈ ਜਾਪਦੀ ਹੈ। ਇਸ ਨੂੰ ਸਪਸ਼ਟ ਕਰਨਾ ਜ਼ਰੂਰੀ ਹੈ।

ਨੁੱਕਤਾ ਸਪਸ਼ਟ ਕਰਨ ਲਈ ਮੈਂ ਆਪਣੇ ਲੇਖ ਵਿੱਚ ਲਿਖਿਆ ਸੀ:-

“ਸਪਸ਼ਟ ਕਰ ਦੇਵਾਂ ਕਿ ਇਸ ਲੇਖ ਦਾ ਵਿਸ਼ਾ ਰਹਿਤ ਮਰਿਯਾਦਾ ਦੀ ਕਿਸੇ ਮੱਦ ਦੇ ਗੁਣ-ਦੋਸ਼ ਦੀ ਚਰਚਾ ਕਰਨਾ ਨਹੀਂ।ਮੌਜੂਦਾ ਦੋਰ ਵਿਚ ਇਸ ਸੁਭਾਵਿਕ ਅਸਹਿਮਤੀ ਦੇ ਦੋ ਮੁੱਖ ਧਿਰ ਹਨ:
(1) ਗ਼ੈਰ ਸਿਧਾਂਤਕ ਧਿਰ
(2) ਸਿਧਾਂਤਕ ਧਿਰ
ਗ਼ੈਰ ਸਿਧਾਂਤਕ ਧਿਰ: ਇਸ ਧਿਰ ਵਿਚ ਉਹ ਪੱਖ ਹਨ ਜਿਨ੍ਹਾਂ ਪੰਥ ਪਰਵਾਣਿਤ ਰਹਿਤ ਮਰਿਯਾਦਾ ਦੇ ਉਲਟ ਗ਼ੈਰ- ਸਿਧਾਂਤਕ ਮਰਿਯਾਦਾ ਘੜ ਕੇ ਉਸਦਾ ਪਾਲਨ ਕੀਤਾ।

ਸਿਧਾਂਤਕ ਧਿਰ: ਇਸ ਵਿਚ ਉਹ ਪੱਖ ਹਨ ਜਿਹੜੇ ਗੁਰਮਤਿ ਪ੍ਰਤੀ ਸੁਹਿਰਦਤਾ ਰੱਖਦੇ ਸਿੱਖ ਰਹਿਤ ਮਰਿਯਾਦਾ ਵਿਚ ਮੌਜੂਦ ਸੁਧਾਰ ਯੌਗ ਨੁੱਕਤਿਆਂ ਨਾਲੋਂ ਅਸਹਿਮਤੀ ਰੱਖਦੇ ਹਨ। ਸੁਧਾਰਵਾਦੀ ਭਾਵਨਾਵਾਂ ਵੀ ਵੱਡਮੁਲੀਆਂ ਹੁੰਦੀਆਂ ਹਨ ਜੇਕਰ ਸੁਚਾਰੂ ਢੰਗ ਨਾਲ ਉਨ੍ਹਾਂ ਦੀ ਕੀਮਤ ਦੀ ਭਾਲ ਕੀਤੀ ਜਾਵੈ ਤਾਂ ਕਿ ਉਹ ਹਮੇਸ਼ਾ ਜਿੰਦਾ ਰਹਿ ਸਕਣ।ਇਹ ਮੱਤਵਪੁਰਣ ਗੱਲ ਹੈ।

ਸੰਪਾਦਕ ਜੀਉ,ਗ਼ੈਰ ਸਿਧਾਂਤਕ ਧਿਰ ਤੋਂ ਮੇਰੀ ਸਪਸ਼ਟ ਮੁਰਾਦ ਉਹ ਡੇਰੇਦਾਰ ਧਿਰਾਂ ਸਨ ਜਿਨ੍ਹਾਂ ਤਿਆਰ ਕੀਤੀ ਗਈ ਰਹਿਤ ਮਰਿਯਾਦਾ ਦੇ ਉਲਟ ਗ਼ੈਰ ਸਿਧਾਂਤਕ ਢੰਗ ਨਾਲ ਆਪਣੀਆਂ ਵੱਖਰੀਆਂ ਗ਼ੈਰ ਸਿਧਾਂਤਕ ਰਹਿਤ ਮਰਿਯਾਦਾਵਾਂ ਬਣਾ ਕੇ ਉਨ੍ਹਾਂ ਦਾ ਪਾਲਨ ਕਰਨਾ ਆਰੰਭ ਕੀਤਾ ਸੀ।

ਅਤੇ ਸਿਧਾਂਤਕ ਧਿਰ ਤੋਂ ਮੇਰੀ ਸਪਸ਼ਟ ਮੁਰਾਦ ਉਹ ਧਿਰ ਸਨ ਜੋ ਕਿ ਤਿਆਰ ਕੀਤੀ ਗਈ ਰਹਿਤ ਮਰਿਆਦਾ ਨਾਲੋਂ ਕੁੱਝ ਸਿਧਾਂਤਕ ਪੱਖਾਂ ਕਰਕੇ ਅਸਹਿਮਤ ਹਨ ਅਤੇ ਉਸ ਵਿੱਚ ਸੁਹਿਰਦਤਾ ਨਾਲ ਸੁਧਾਰ ਦੀ ਭਾਵਨਾ ਰੱਖਦੇ ਹਨ। ਮੇਰੀ ਸੋਚ ਮੁਤਾਬਕ ਐਸੀਆਂ ਧਿਰਾਂ ਵਿੱਚ ਆਪ ਜੀ ਵੀ ਆਉਂਦੇ ਹੋ।ਐਸੇ ਪਖਾਂ ਦੀ ਸੁਹਿਰਦ ਭਾਵਨਾਵਾਂ ਨੂੰ ਮੁੱਖ ਰੱਖਦੇ ਉਨ੍ਹਾਂ ਨਾਲ ਸਿੱਖ ਰਹਿਤ ਮਰਿਯਾਦਾ ਦੀ ਧਾਰਨਾ ਬਾਰੇ ਵਿਚਾਰ ਕਰਨਾ ਕੀ ਕੋਈ ਮਾੜੀ ਗੱਲ ਹੈ? ਮੈਂ ਵਾਜਬ ਸੁਹਿਰਦ ਸੁਧਾਰਵਾਦੀ ਭਾਵਨਾਵਾਂ ਦੀ ਕਦਰ ਕਰਦਾ ਹਾਂ ਅਤੇ ਆਸ ਕਰਦਾ ਹਾਂ ਕੀ ਉਂਨ੍ਹਾਂ ਦੀ ਠੀਕ ਤਰਾਂ ਭਾਲ (ਛੳਰੲ) ਹੋਵੈ ਤਾਂ ਕਿ ਸੁਧਾਰ ਦੀ ਆਵਜ਼ ਗੁੱਮ ਨਾ ਹੋ ਜਾਵੈ।ਮੇਰੀ ਸੋਚ ਮੁਤਾਬਕ ਸੁਧਾਰ ਦੇ ਉਪਰਾਲੇ ਵੀ ਸੁਚੱਜੇ ਢੰਗ ਨਾਲ ਹੋਣੇ ਚਾਹੀਦੇ ਹਨ ਬੇ-ਤਰਤੀਬੇ ਨਹੀਂ।ਹੁਣ ਆਪ ਜੀ ਮੇਰੇ ਇਸ ਮੂਲ ਭਾਵ ਬਾਰੇ ਆਪਣੀ ਸੰਪਾਦਕੀ ਦੇ ਸ਼ਬਦਾਂ ਨੂੰ ਆਪ ਤੋਲ ਸਕਦੇ ਹੋ।ਆਪ ਜੀ ਨੂੰ ਭੁੱਲੇਖਾ ਲੱਗਾ ਹੈ।

ਮੇਰੇ ਵਲੋਂ ਸਪਸ਼ਟ ਰੂਪ ਵਿੱਚ ਦੋ ਅਸਹਿਮਤ ਵਰਗਾਂ ਦੀ ਗੱਲ ਸੀ।ਪਰ ਆਪ ਜੀ ਨੇ ਪਤਾ ਨਹੀਂ ਕਿੰਝ ਇਸਦਾ ਉਲਟ ਭਾਵ ਸਮਝਦੇ, ਮੇਰੇ ਵਲੋਂ, ਆਪਣੇ ਆਪ ਨੂੰ ਗ਼ੈਰ ਸਿਧਾਂਤਕ ਸ਼੍ਰੇਣੀ ਵਿੱਚ ਪਾਈਆ ਸਮਝ ਕੇ ਆਪਣੀ ਸੰਪਾਦਕੀ ਦਾ ਖ਼ਾਕਾ ਤਿਆਰ ਕਰ ਲਿਆ।ਇਸ ਭੁਲੇਖੇ ਵਿੱਚ ਆਪ ਜੀ ਨੇ ‘ਸਿਧਾਂਤਕ ਧਿਰਾਂ’ ਤੋਂ ਮੇਰੇ ਸਪਸ਼ਟ ਭਾਵ ਨੂੰ ਵੀ ਨਹੀਂ ਸਮਝਿਆ।ਜਿਸ ਦੇ ਸਿੱਟੇ ਵਜੋਂ ਇਸ ਵੱਡੇ ਭੁਲੇਖੇ ਦਾ ਅਸਰ ਆਪ ਜੀ ਦੀ ਪੁਰੀ ਸੰਪਾਦਕੀ ਵਿੱਚ ਝੱਲਕ ਆਇਆ ਹੈ ਅਤੇ ਨਤੀਜਤਨ ਆਪ ਜੀ ਨੇ ਮੇਰੇ ਲੇਖ ਦੇ ਕਈ ਹੋਰ ਨੁੱਕਤਿਆਂ ਨਾਲ ਆਪਣੀਆਂ ਟਿੱਪਣੀਆਂ ਰਾਹੀਂ ਇਨਸਾਫ਼ ਨਹੀਂ ਕੀਤਾ।

ਮਿਸਾਲ ਦੇ ਤੋਰ ਤੇ ਰਹਿਤ ਮਰਿਯਾਦਾ ਅਤੇ ਕਿਸੇ ਵਿਸ਼ੇਸ਼ ਸਿੱਖੀ ਦੇ ਸਿਧਾਂਤਕ ਪੱਖ ਵਿੱਚਲੇ ਅੰਤਰ ਦੇ ਨੁੱਕਤੇ ਬਾਰੇ।ਆਪ ਜੀ ਵੀ ਕਈ ਵਾਰ ਕਹਿੰਦੇ-ਲਿਖਦੇ ਰਹਿੰਦੇ ਹੋ, ‘ਜਾਗਰੂਕ ਧਿਰਾਂ’! ਕੀ ਐਸੀ ਸੂਰਤ ਵਿੱਚ, ਜਿਸ ਵੇਲੇ ਕੋਈ ਹੋਰ ਜਾਗਰੂਕ ਧਿਰ, ਗਰੂਪਦ ਬਾਰੇ ਆਪ ਜੀ ਦੇ ਨਿਰਨੇ ਨਾਲ ਸਹਮਤਿ ਨਾ ਹੋਵੈ, ਤਾਂ ਕੀ ਆਪ ਜੀ, ਸਿਰਫ਼ ਆਪਣੀ ਧਿਰ ਨੂੰ ਸਿਧਾਂਤਕ ਧਿਰ ਅਤੇ ਗੁਰੂਪਦ ਬਾਰੇ ਆਪ ਜੀ ਨਾਲ ਅਸਹਿਮਤਿ ਬਾਕੀ ਜਾਗਰੂਕ ਧਿਰਾਂ ਨੂੰ ਸਮੁੱਚੇ ਤੋਰ ਤੇ ‘ਬ੍ਰਾਹਮਣ ਧਿਰਾਂ’ ਕਹੋਗੇ? ਨਹੀਂ! ਨਿਰਸੰਦੇਹ ਤੁਸੀ ਉਨ੍ਹਾਂ ਨੂੰ ਜਾਗਰੂਕ ਧਿਰਾਂ ਹੀ ਕਹਿੰਦੇ ਹੋ। ਹਾਂ ਤੁਸੀ ਆਪਣੀ ਸਮਝ ਅਨੁਸਾਰ ਕੇਵਲ ਗੁਰੂਪਦ ਨੁੱਕਤੇ ਬਾਰੇ ਉਨ੍ਹਾਂ ਦੀ ਸੋਚ ਨੂੰ ‘ਗੁਰਮਤਿ ਅਨੁਸਾਰੀ ਨਹੀਂ’ ਕਹੋਗੇ।ਠੀਕ ਇਸੇ ਤਰ੍ਹਾਂ ਦਿੱਲੀ ਵਿੱਚ ਮਰਣ ਵਾਲੇ ਪੰਜ ਹਜ਼ਾਰ ਆਮ ਸਿੱਖਾਂ ਨੂੰ ਅਸੀ ਸਿੱਖ ਹੀ ਕਹਾਂ ਗੇ ਬੇਸ਼ੱਕ ਉਹ ਹਰ ਪੱਖੋਂ ਗੁਰਮਤਿ ਅਨੁਸਾਰੀ ਨਾ ਵੀ ਹੋਏ ਹੋਣ ਗੇ।ਇੱਥੇ ਆਪ ਜੀ ਨੂੰ ਸਿੱਖੀ ਦੇ ਦਰਸ਼ਨ ਅਤੇ ਰਹਿਤ ਮਰਿਯਾਦਾ ਵਿੱਚਲੇ ਸਬੰਧ ਅਤੇ ਅੰਤਰ ਨੂੰ ਸਮਝਣਾ ਪਵੇਗਾ।ਹਾਂ ਅਸੀਂ ਕੇਵਲ ਕਿਸੇ ਵਿਸ਼ੇਸ਼ ਮਸਲੇ ਦੇ ਮੱਧੇਨਜ਼ਰ, ਸਿੱਖੀ ਦੇ ਦਰਸ਼ਨ ਦੇ ਕਿਸੇ ‘ਵਿਸ਼ੇਸ਼ ਵਿਰੋਧੀ’ ਦੀ ਨੱਖੇਦੀ ਜਾਂ ਉਸ ਨਾਲੋਂ ਕਿਸੇ ਤਰਾਂ ਦੀ ਕਿਨਾਰਾਕਸ਼ੀ ਕਰਦੇ ਹਾਂ ਅਤੇ ਇਹ ਠੀਕ ਵੀ ਹੈ ਕਿਉਂਕਿ ਅਤਿ ਵਿਸ਼ੇਸ਼ ਮੋਕਿਆਂ ਤੇ ਗੁਰੂਆਂ ਨੇ ਵੀ ਐਸਾ ਕੀਤਾ ਸੀ।

ਅਗਰ ਹਰ ਉਹ ਸਿੱਖ, ਜੋ ਕਿ ਸਿੱਖੀ ਦੇ ਦਰਸ਼ਨ ਨੂੰ ਪੁਰੀ ਤਰਾਂ ਨਹੀਂ ਜਾਣਦਾ-ਵਰਤਦਾ ਵਾਸਤਵ ਵਿੱਚ ਸਿੱਖ ਨਹੀਂ ਬਲਕਿ ‘ਸਮੁੱਚੇ ਤੋਰ ਤੇ’ ਬ੍ਰਾਹਮਣ ਹੈ ਤਾਂ ਫ਼ਿਰ ਆਪ ਜੀ ਦਾ ਉਨ੍ਹਾਂ ‘ਬ੍ਰਾਹਮਣਾਂ’ ਨਾਲ ਕੀ ਵਾਸਤਾ? ਬੇਸ਼ੱਕ ਤੁਸੀ ਕਹਿ ਸਕਦੇ ਹੋ ਕਿ ਵਾਸਤਾ ਮਨੁੱਖਤਾ ਦਾ ਹੈ! ਜੇਕਰ ਵਾਸਤਾ ਕੇਵਲ ਮਨੁੱਖਤਾ ਦਾ ਹੈ ਤਾਂ ਕੀ ਗੁਰੂਦੁਆਰਿਆਂ ਦੇ ਲੋੜੀਂਦੇ ਪ੍ਰਬੰਧਕੀ ਢਾਂਚੇ ਦੀ ਚੋਂਣ ਵਿੱਚ ਵੋਟ ਪਾਉਂਣ ਵਾਲੇ ਵੋਟਰਾਂ ਵਿੱਚ ਆਪ ਜੀ ਹਿੰਦੂ, ਬ੍ਰਾਹਮਣ, ਮੁਸਲਿਮ ਆਦਿ ਨੂੰ ਮਨੁੱਖਤਾ ਦੇ ਅਧਾਰ ਤੇ ਵੋਟ ਪਾਉਂਣ ਦੇ ਜਾਂ ਪ੍ਰਬੰਧ ਚਲਾਉਂਣ ਦੇ “ਹੱਕ” ਦੀ ਹਿਮਾਯਤ ਕਰੋਗੇ?ਹੁਣ ਜੇਕਰ ‘ਸਿੱਖ ਦੇ ਭੇਖ ਵਿੱਚ ਬ੍ਰਾਹਮਨ’ ਵੋਟ ਪਾ ਸਕਦੇ ਹਨ ਤਾਂ ਹੋਰ ਬ੍ਰਾਹਮਣ ਕਿੳਂ ਨਹੀਂ?ਦੋਹਾਂ ਵਿੱਚ ਕੀ ਫ਼ਰਕ ਹੈ? ਇਸ ਬਾਰੇ ਸਿਧਾਂਤਕ ਪੱਖੋਂ ਆਪ ਜੀ ਦੀ ਕੀ ਰਾਏ ਹੈ? ਇਹ ਆਪ ਜੀ ਦਾ ਜਵਾਬ ਭਾਲਦੇ ਮੇਰੇ ਅਹਿਮ ਸਵਾਲ ਹਨ।ਇਸੇ ਨੁੱਕਤੇ ਤੇ ਆਪ ਜੀ ਦੇ ਜਵਾਬਾਂ ਉਪਰੰਤ ‘ਸਿਧਾਂਤ’ ਅਤੇ ‘ਰਹਿਤ ਮਰਿਯਾਦਾ’ ਵਿੱਚਲੇ ਸੰਬੰਧ ਅਤੇ ਅੰਤਰ ਦਾ ਵਿਚਾਰ ਹੋਵੇਗਾ।

ਸੰਪਾਦਕ ਜੀਉ, ਜ਼ਰਾ ਬਾਰੀਕੀ ਨਾਲ ਵਿਚਾਰ ਕਰਨਾ ਕਿ ਅਸੀਂ ਸਿਧਾਂਤਕ ਪੱਖ ਨਿਯਤ ਕਰਨ ਦਾ ਜਤਨ ਤਾਂ ਕਰ ਸਕਦੇ ਹਾਂ ਅਤੇ ਕਿਸੇ ਧਿਰ ਜਾਂ ਬੰਦੇ ਨੂੰ ‘ਜਾਗਰੂਕ’ ਜਾਂ ‘ਸਿੱਖ’ ਕਹਿ ਸਕਦੇ ਹਾਂ ਪਰ ਸਿਧਾਂਤ ਅਨੁਸਾਰ ਬੰਦੇ ਦਾ ਪੁਰੇ ਦਾ ਪੁਰਾ ਵਿਵਹਾਰ ਨਹੀਂ ਨਾਪ ਸਕਦੇ ਜੋ ਕਿ ਸਿੱਖੀ ਦਾ ਅਸਲ ਪੈਮਾਨਾ ਹੈ ਅਤੇ ਕਈ ਪੱਖੋਂ ਇੱਕ ਨਿਜੀ ਮਾਮਲਾ ਹੁੰਦਾ ਹੈ ਜੋ ਕਿ ਜ਼ਿਆਦਾਤਰ ਜਗਜਾਹਿਰ ਨਹੀਂ ਹੁੰਦਾ।ਇਸ ਲਈ ਸਿਧਾਂਤਕ ਤੋਰ ਤੇ ਗੱਲਾਂ ਤੈਅ ਕਰਨ ਵਿੱਚ ਅਤੇ ਉਨਾਂ ਦੇ ਵਿਵਹਾਰ ਅਨੁਸਾਰ ਕਿਸੇ ਨੂੰ ਸਿੱਖ ਹੋਣ ਦਾ ਸਰਟੀਫ਼ਿਕੇਟ ਦੇਣ ਵਿਚ ਵੱਡਾ ਫ਼ਾਸਲਾ ਹੁੰਦਾ ਹੈ। ਰਹਿਤ ਮਰਿਯਾਦਾ ਬਾਰੇ ਕੁੱਝ ਪੱਖੋਂ ਕੋਮੀ ਪੱਧਰ ਤੇ ਨਿਰਨਾ ਕੋਮ ਹੀ ਕਰਦੀ ਹੈ। ਸਮੁੱਚੇ ਤੋਰ ਤੇ,ਮਨ ਦਿਆਂ ਨੂੰ ਤਾਂ ਕੇਵਲ ਗੁਰੂ ਜਾਣ ਸਕਦਾ ਹੈ।ਇਸੇ ਲਈ ਰਹਿਤ ਮਰਿਯਾਦਾ ਸ਼ਬਦ ਗੁਰੂ (ਜਿਹੜੀ ਕਿ ਦੱਸਾਂ ਹੀ ਗੁਰੂਆਂ ਦੀ ਲਿਖੀ, ਪਰਵਾਣਤ ਅਤੇ ਵਰਤੀ ਬਾਣੀ ਹੈ) ਤੇ ਯਕੀਨ ਕਰ ਕੇ ਤੁਰਨ ਵਾਲੇ ਨੂੰ ਸਿੱਖ ਕਰਾਰਦੀ ਹੈ ਬਿਨਾ ਇਸ ਗੱਲ ਦੀ ਢੂੰਗੀ ਤਫ਼ਸੀਲ ਵਿੱਚ ਜਾਏ ਕਿ ਅੰਦਰੋਂ-ਬਾਹਰੋਂ ਕੋਂਣ ਕਿਨ੍ਹਾਂ ਕੁ ਸਿੱਖ ਅਤੇ ਵਰਤ ਪਾਇਆ ਹੈ।ਇਸੀ ਨੁੱਕਤੇ ਤੇ ਖੜੇ ਅਸੀਂ ਅਤੇ ਸੰਸਾਰਕ ਭਾਈਚਾਰਾ ਦਿੱਲੀ ਵਿੱਚ ਪੰਜ ਹਜ਼ਾਰ ਸਿੱਖਾਂ ਦੇ ਮਰਣ ਦੀ ਗੱਲ ਸਵੀਕਾਰਦੇ ਹਾਂ ਨਾ ਕਿ ਪੰਜ ਹਜ਼ਾਰ ਬ੍ਰਾਹਮਣਾਂ ਦੇ ਮਰਨ ਦੀ।ਮਨੁੱਖ ਤਾਂ ਸੀ ਹੀ ਪਰ ਆਪ ਜੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਮਰਣ ਵਾਲੇ ਪੰਜ ਹਜ਼ਾਰ ਕੋਣ ਸਨ ਸਿੱਖ ਜਾਂ ਕੇਵਲ ਬ੍ਰਾਹਮਣ? ਉਨ੍ਹਾਂ ਦੀ ਪਛਾਂਣ ਕੀ ਸੀ? ਸਿੱਖ, ਬ੍ਰਾਹਮਣ ਜਾਂ ਇਨ੍ਹਾਂ ਦੋਹਾਂ ਬਗ਼ੈਰ ਕੇਵਲ ਭਾਰਤ ਦੇ ਨਾਗਰਿਕ? ਜਿਸ ਵੇਲੇ ਆਪ ਜੀ ਇਹ ਸਪਸ਼ਟ ਕਰੋਗੇ ਉਸ ਵੇਲੇ ਆਪ ਜੀ ਨੂੰ ਸਿਧਾਂਤ ਅਤੇ ਕੋਮੀ ਰਹਿਤ ਵਿੱਚਲਾ ‘ਸਬੰਧ’ ਅਤੇ ‘ਅੰਤਰ’ ਨਜ਼ਰ ਆਏਗਾ।

ਸੰਪਾਦਕ ਜੀਉ, ਸਿੱਖੀ ਦੇ ਦਰਸ਼ਨ ਤੇ ਤੁਰਨ ਵਾਲੇ ਰੈਡੀਮੇਡ ਬੰਦੇ ਨਹੀਂ ਜੰਮਦੇ।ਸਿੱਖ ਗੁਰੂ ਨਾਨਕ ਵਾਂਗ ਤਾਂ ਹੋ ਨਹੀਂ ਸਕਦੇ, ਜਨਮਜਾਤ ਸਿੱਖੀ ਦਾ ਦਰਸ਼ਨ ਪ੍ਰਾਪਤ ਕਰਣ ਵਾਲੇ।ਨਾ ਹੀ ਸਿੱਖੇ-ਸਿਖਾਏ ਬੰਦੇ ਮਿਲਦੇ ਹਨ ਸਿੱਖੀ ਵਿੱਚ ਉਤਾਰਣ ਲਈ। ਸਿੱਖੀ ਸਿੱਖਣ ਦੀ ਜੁਗਤ ਹੈ ਜਿਸ ਨੂੰ ਸਿੱਖਣ ਵਿੱਚ ਗੁਰੂ ਦੀ ਮਤਿ ਅਤੇ ਰੱਬੀ ਨਦਰ ਦੋਹਾਂ ਦੀ ਲੋੜ ਹੁੰਦੀ ਹੈ।ਸਿਧਾਂਤਕ ਤੋਰ ਤੇ ਕੋਈ ਘੱਟ ਸਿੱਖ ਪਾਉਂਦਾ ਹੈ ਕੋਈ ਜ਼ਿਆਦਾ।ਲੇਕਿਨ ਕੋਮੀ ਰਹਿਤ ਦੇ ਤੋਰ ਤੇ ਉਹ ਸਿੱਖ ਹੀ ਅਖਵਾਂਉਂਦੇ ਹਨ।ਇਹ ਨਿਰਨਾ ਸਿਧਾਂਤਕ ਸਮਝੋਤਾ ਨਹੀਂ ਇਹ ਕੋਮੀ ਰਹਿਤ ਹੈ।ਗੁਰੂ ਕਿਸੇ ਮੰਦਬੁੱਧੀ ਸਿੱਖਿਆ ਅਭਲਾਸ਼ੀ ਨੂੰ ਬ੍ਰਾਹਮਣ ਕਹਿ ਕੇ ਆਪਣੇ ਦਵਾਰ ਤੋਂ ਬਾਹਰ ਨਹੀਂ ਕੱਡਦਾ।ਉਹ ਉਸ ਅਭਲਾਸ਼ੀ ਨੂੰ ਆਪਣਾ ਸਿੱਖ ਬਣਾ ਕੇ ਹੋਰ ਕਰਮਕਾਂਡੀ ਗੱਲਾਂ ਤਿਆਗਣ ਦੀ ਪ੍ਰਰੇਰਣਾ ਦਾ ਪ੍ਰਸਾਦਿ ਦੇਂਣ ਨੂੰ ਤਿਆਰ ਰਹਿੰਦਾ ਹੈ। ਇਹ ਸਿਖਿਆ ਦੇਣ ਦੀ ‘ਰਹਿਤ’ ਹੈ ਤਾਂ ਕਿ ਸਿੱਖ ‘ਸਿਧਾਂਤ’ ਤਕ ਪਹੁੰਚ ਸਕੇ।ਇਹ ਸਿੱਖ ਹੋਣ ਤੋਂ (ਰਹਿਤ) ਤੋਂ ਸੱਚੀਆਰਾ (ਸਿਧਾਂਤ) ਹੋਣ ਤਕ ਦਾ ਸਫ਼ਰ ਹੈ।

ਕਿਸੇ ਸਕੂਲ ਵਿੱਚ ਪੜਨ ਵਾਲੇ 100 ਵਿਧਿਆਰਥੀਆਂ ਵਿੱਚੋਂ 70 ਪਾਸ ਹੋ ਜਾਣ ਤਾਂ ਬਾਕਿ 30 ਵਿਧਿਆਰਥੀਆਂ ਨੂੰ ਫ਼ੇਲ ਕਿਹਾ ਜਾਂਦਾ ਹੈ।ਪਰ ਇਹ ਨਹੀਂ ਹੁੰਦਾ ਕਿ ਸਕੂਲ ੳਨ੍ਹਾਂ ਨੂੰ ਆਪਣਾ ਵਿਧਿਆਰਥੀ ਹੀ ਮੰਨਣ ਤੋਂ ਇਨਕਾਰੀ ਹੋ ਜਾਏ। ਜ਼ਾਹਿਰ ਹੈ ਕਿ ਉਹ ਫ਼ੇਲ ਹੋਏ ਵਿਧਿਆਰਥੀ ਸਕੂਲ ਨਾਲ ਜੁੜੇ ਸੀ, ਪੜਦੇ ਸੀ ਕੁੱਛ ਸਿੱਖਦੇ ਸੀ ਪਰ ਪੁਰਾ ਨਹੀਂ ਸਿੱਖ ਪਾਏ।ਫ਼ੇਲ ਕਰਾਰ ਦਿੱਤੇ ਗਏ।ਪਰ ਸਨ ਉਹ ਵਿਧਿਆਰਥੀ ਹੀ।ਫ਼ਿਰ ਫ਼ੇਲ ਹੋ ਜਾਣ ਤੇ ਵੀ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਤਾਂ ਕੋਈ ਖੋਹ ਨਹੀ ਸਕਦਾ।ਸਕੂਲ ਦੇ ਪ੍ਰਬੰਧਕ ਦੂਬਾਰਾ ਦਾਖ਼ਲਾ ਦੇਣ ਤੋਂ ਨਿਕਾਰੀ ਹੋ ਸਕਦੇ ਹਨ ਪਰ ਉਨ੍ਹਾਂ ਦਾ ਸਿਖਿਆ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਖੋਹ ਸਕਦੇ।ਸਕੂਲੀ ਸੰਸਥਾ ਨਹੀਂ ਪੜਾਏਗੀ ਤਾਂ ਨਿਜੀ ਤੋਰ ਤੇ ਪੜ ਲੇਣ ਗੇ।ਗੁਰੂਘਰ ਦਾ ਸਕੂਲ ਤਾਂ ਨਿਰਾਲਾ ਹੈ।ਇੱਥੇ ਦਾਖ਼ਲ ਵਿਧਿਆਰਥੀ ਨੂੰ ਗੁਰੂ ਲਿਤਾੜਦਾ ਵੀ ਹੈ ਤਾਂ ਕੇਵਲ ਸਿਖਾਉਂਣ ਲਈ ਨਾ ਕਿ ਬ੍ਰਾਹਮਣ ਕਹਿ ਕੇ ਸਿੱਖੀ ਵਿੱਚੋਂ ਬਾਹਿਰ ਕੱਢਣ ਲਈ।ਇਤਹਾਸ ਦੱਸਦਾ ਹੈ ਕਿ ਐਸਾ ਕੇਵਲ ਚੰਦ ‘ਅਤਿ ਵਿਸ਼ੇਸ਼ ਮੋਕਿਆਂ ਤੇ’ ਗੁਰੂਆਂ ਨੇ ਕੀਤਾ ਸੀ ਉਹ ਵੀ ਕੇਵਲ ਕੋਮੀ ਪੱਧਰ ਤੇ। ਇਹ ਗੱਲ ਕਿਸੇ ਪੱਖੋਂ ਘੱਟ ਸੁਚੇਤ ਆਮ ਸਿੱਖਾਂ ਲਈ ਨਹੀਂ ਸੀ ਵਰਤੀ ਜਾਂਦੀ ਕਿੳਂਕਿ ਉਹ ਵਿਧਿਆਰਥੀ ਹੀ ਸਨ। ਕੀ ਫ਼ਤਵੇ ਜਾਰੀ ਕਰਨ ਦਾ ਵਿਰੋਧ ਕਰਨ ਵਾਲੀ ਕੋਈ ਵੀ ਧਿਰ, ਆਮ ਤੋਰ ਤੇ, ਜਾਂ ਦਿੱਲੀ ਵਿੱਚ ਮਰਣ ਵਾਲੇ ਪੰਜ ਹਜ਼ਾਰ ਸਿੱਖਾਂ ਨੂੰ ਬ੍ਰਾਹਮਣ ਕਹਿ ਕੇ ਸਿੱਖੀ ਦੇ ਸਕੂਲ ਵਿਚੋਂ ਬਾਹਰ ਕਰਾਰਦਾ ਫ਼ਤਵਾ ਦੇ ਸਕਦੀ ਹੈ? ਹਾਂ ਅਸੀਂ ਇਨ੍ਹਾਂ ਜਰੂਰ ਕਹਿ ਸਕਦੇ ਹਾਂ ਕਿ ਅਸੀਂ ਕਿਸੇ ਪੱਖੋਂ ਚੰਗੇ ਵਿਧਿਆਰਥੀ ਨਹੀਂ ਹਾਂ ਅਤੇ ਸਿੱਖ ਹੋ ਕੇ ਵੀ ਕਈ ਪੱਖੋਂ ਮਨਮਤਿਏ ਹਾਂ।

ਦੇਸ਼ ਵਿੱਚ ਪੈਦਾ ਹੋਣ ਵਾਲਾ ਦੇਸ਼ ਦਾ ਨਾਗਰਿਕ (ਛਟਿਜ਼ਿੲਨ) ਹੁੰਦਾ ਹੈ। ਕਾਨੂਨ ਦੇ ਸਿਧਾਂਤ ਭੰਗ ਕਰਦਾ ਹੈ ਤਾਂ ਸਜ਼ਾ ਹੁੰਦੀ ਹੈ।ਪਰ ਇਸ ਕਾਰਣ ਉਸ ਦੀ ਨਾਗਰਿਕਤਾ ਨਹੀਂ ਖੋਹ ਲਈ ਜਾਂਦੀ ਕਿ ਉਹ ਸੰਪੁਰਣ ਤੋਰ ਤੇ ਸਭ ਕੁੱਝ ਠੀਕ ਨਹੀਂ ਕਰ ਪਾਇਆ।ਹਾਂ ਕਦੇ ਉਹ ਆਪ ਨਾਗਰਿਕਤਾ ਦਾ ਤਿਆਗ ਕਰ ਜਾਏ ਤਾਂ ਵੱਖਰੀ ਗੱਲ ਹੈ।

ਗੁਰੂ ਕਈ ਥਾਂ ਝਿੜੱਕਦਾ ਵੀ ਹੈ ਅਤੇ ਪਿਆਰ ਵੀ ਕਰਦਾ ਹੈ ਕਿੳਕਿ ਉਹ ਪਿਆਰ ਕਾਰਣ ਹੀ ਝਿੜੱਕਦਾ ਹੈ।ਉਹ ਆਪਣੀ ਸ਼ਰਣ ਪਏ ਬੰਦੇ ਦੀ ਬਾਂਹ ਪਕੜ ਕੇ ਉਸਦੀ ਬੁੱਧ ਨੂੰ ਘਣਨ ਦਾ ਜਤਨ ਕਰਦਾ ਹੈ।ਜੋ ਆਮ ਬੰਦਾ ਸਿੱਖ ਰਹਿਤ (ਸਵਰੂਪ ਅਤੇ ਗੁਰੂ ਤੇ ਯਕੀਨ ਦੀ ਰਹਿਤ) ਵਿੱਚ ਕਦਮ ਰੱਖ ਕੇ ਗੁਰੂ ਦੀ ਸ਼ਰਣ ਵਿੱਚ ਆਉਂਦਾ ਹੈ ਉਹ ਸਿੱਖ ਹੀ ਹੈ।ਉਹ ਸਿੱਖਿਆ ਹੋਈਆ ਨਹੀਂ ਬਲਕਿ ਸਿੱਖਣ ਯੋਗ ਹੈ। ੳਹ ਕੁੱਝ ਗੱਲਾਂ ਸਿੱਖ ਲੇਂਦਾ ਹੈ ਅਤੇ ਕਈਆਂ ਪ੍ਰਤੀ ਅਵੇਸਲਾ ਰਹਿੰਦਾ ਹੈ ਨਾਲ ਹੀ ਕਈ ਪੱਖੋਂ ਉਹ ਅਗਿਆਨੀ ਅਤੇ ਕਈ ਵਾਰੀ ਕੁਦਰਤ ਦੀ ਦਿੱਤੀ ਬੁੱਧ-ਸ਼ਕਤੀ ਹੱਥੋਂ ਮਜਬੂਰ ਵੀ ਹੈ।ਸੰਪੁਰਣਤਾ ਲਈ ਤਾਂ ਰੱਬੀ ਨਦਰ ਵੀ ਜ਼ਰੂਰੀ ਹੈ।ਸਿਧਾਂਤ ਉਸ ਸਿੱਖਣ ਵਾਲੇ ਦਿਆਂ ਕਮੀਆਂ ਦੀ ਕਸਵਟੀ ਬਣਿਆ ਰਹਿੰਦਾ ਹੈ। ਕੁਦਰਤ ਅੱਜ ਵੀ ਉਹੀ ਹੈ ਜੋ ਗੁਰੂਆਂ ਦੇ ਵੇਲੇ ਸੀ।ਬੰਦੇ ਉਦੋਂ ਵੀ ਵੱਖੋ-ਵੱਖ ਮਾਨਸਿਕਤਾ ਅਤੇ ਬੁੱਧੀ ਰੱਖਣ ਵਾਲੇ ਸੀ।ਕਈ ਐਸੇ ਸਿੱਖ ਵੀ ਹੋਣਗੇ ਜੋ ਸਿਧਾਂਤ ਤਾਂ ਪੁਰਾ ਨਹੀਂ ਸੀ ਸਮਝਦੇ ਪਰ ਗੁਰੂਆਂ ਦੇ ਕਿਹੇ ਤੇ ਆਪਣੀ ਜਾਨਾਂ ਵਾਰ ਦਿੰਦੇ ਸੀ। ਇਹ ਸਮਰਪਣ ਦਾ ਇੱਕ ਅਨੋਖਾ ਪੱਖ ਸੀ।ਆਪ ਜੀ ਐਸੇ ਬੰਦਿਆਂ ਨੂੰ ‘ਸਿੱਖਣ ਵਾਲੇ’ ਕਹੋਗੇ ਜਾਂ ‘ਸਿੱਖਣ ਵਾਲੇ ਬ੍ਰਾਹਮਣ’? ਅਗਰ ਉਹ ਸਿੱਖਣ ਵਾਲੇ ਬ੍ਰਾਹਮਣ ਹਨ ਤਾਂ ‘ਸਿੱਖਣ ਵਾਲੇ ਬ੍ਰਾਹਮਣ’ ਅਤੇ ‘ਬ੍ਰਾਹਮਣ’ ਵਿੱਚਲੇ ਅੰਤਰ ਨੂੰ ਆਪ ਕਿੰਝ ਸਪਸ਼ਟ ਕਰਦੇ ਹੋ?

ਸੰਪਾਦਕ ਜੀਉ, ਮੇਰਾ ਲੇਖ ਸਿੱਖ ਰਹਿਤ ਮਰਿਯਾਦਾ ਦੀ ਧਾਰਨਾ ਅਤੇ ਉਸ ਵਿੱਚ ਲੋੜਿੰਦੇ ਸੁਧਾਰਾਂ ਦੇ ਤਰੀਕੇ ਬਾਰੇ ਸੀ ਜਿਸ ਤੇ ਆਪ ਜੀ ਨੇ ਜ਼ਿਆਦਾਤਰ ਨੁੱਕਤੇ ਤੋਂ ਹੱਟ ਕੇ ਸੰਪਾਦਕੀ ਲਿਖੀ ਹੈ। ਹੋ ਸਕਦਾ ਹੈ ਮੇਰੇ ਪਹਿਲੇ ਲੇਖ ਵਿੱਚ ਕਿੱਧਰੇ ਕੋਈ ਗਲਤੀ ਹੋਈ ਹੋਵੈ ਜਾਂ ਮੈਂ ਕਿੱਧਰੇ ਕੋਈ ਗੱਲ ਸਪਸ਼ਟ ਨਾ ਕਰ ਪਾਇਆ ਹੋਵਾਂ ਇਸ ਲਈ ਛਿੱਮਾ ਕਰਨਾ।ਨਾਲ ਹੀ ਗ਼ੌਰ ਕਰਨਾ ਕਿ ਆਪ ਜੀ ਨੇ ਵੀ ਉਹ ਲੇਖ ਇੱਕ ਭੁੱਲੇਖੇ ਦੇ ਅਸਰ ਹੇਠ ਪੜਿਆ ਹੈ।ਇਸ ਸਪਸ਼ਟੀਕਰਣ ਵਿੱਚ ਮੈਂ ਕੋਸ਼ੀਸ਼ ਕੀਤੀ ਹੈ ਕਿ ਇਹ ਸੰਵਾਦ ਪਾਠਕਾਂ ਲਈ ਵੀ ਸਪਸ਼ਟ ਹੋ ਸਕੇ।ਲੇਖ ਦਾ ਲੇਖਕ ਹੋਣ ਕਾਰਣ ਕਿਸੇ ਪਏ ਭੁੱਲੇਖੇ ਜਾਂ ਨੁੱਕਤੇ ਨੂੰ ਸਪਸ਼ਟ ਕਰਨਾ ਮੇਰੀ ਜਿੰਮੇਵਾਰੀ ਵੀ ਬਣਦੀ ਹੈ।ਸੰਵਾਦ ਲੰਭਾ ਨਾ ਹੋਵੇ ਇਸ ਲਈ ਸੰਖੇਪ ਹੋਣ ਦਾ ਜਤਨ ਕੀਤਾ ਹੈ। ਸੰਪਾਦਕੀ ਵਿੱਚ ਕਈ ਥਾਂ ਆਪ ਜੀ ਦੇ ਤਲਖ਼ ਰੱਦੇ-ਅਮਲ ਤੇ ਮੈਂ ਭੁਲੇਖੇ ਦੀ ਪਰਛਾਈ ਵੇਖ ਰਿਹਾ ਹਾਂ ਇਸ ਲਈ ਉਨ੍ਹਾਂ ਬਾਰੇ ਮੇਰੀ ਟਿੱਪਣੀ ਵਾਜਬ ਨਹੀਂ ਬਣਦੀ।ਮੇਰੀ ਨਿਗਾਹ ਵਿੱਚ ਆਪ ਜੀ ਦੀ ਸੁਹਿਰਦਤਾ ਸਪਸ਼ਟ ਹੈ।ਆਪ ਜੀ ਦੇ ਜਵਾਬ ਬਾਦ, ਦਾਸ ਆਪ ਜੀ ਦੀ ਸੰਪਾਦਕੀ ਵਿੱਚ ਟਿੱਪਣੀ ਯੋਗ ਹੋਰ ਨੁੱਕਤਿਆਂ ਤੇ ਵੀ, ਜੇ ਲੋੜ ਹੋਵੇ ਤਾਂ, ਸਿਲਸਿਲੇਵਾਰ ਸਪਸ਼ਟੀਕਰਣ ਦੇਂਣ ਦਾ ਜਤਨ ਕਰਨ ਨੂੰ ਹਾਜ਼ਰ ਹੈ।

ਸਤਿਕਾਰ ਸਹਿਤ,
ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top