Share on Facebook

Main News Page

ਮਨੁੱਖੀ ਹਿਰਦਿਆਂ ਦੇ ਨਾਲ ਨਾਲ ਧਰਮ ਅਸਥਾਨਾਂ ਵਿੱਚੋਂ ਵੀ ਸੱਚ ਹੋ ਰਿਹਾ ਅਲੋਪ

ਅੱਜ ਦੁਨੀਆਂ ਦੇ ਗਿਣਤੀ ਪੱਖ ਤੋਂ ਵੱਡੇ ਮੰਨੇ ਜਾਣ ਵਾਲੇ ਧਰਮਾਂ ਤੋਂ ਲੈਕੇ ਘੱਟ ਗਿਣਤੀ ਵਿੱਚ ਧਰਮਾਂ ਨੂੰ ਮੰਨਣ ਵਾਲਿਆਂ ਵਿੱਚ ਬਿਖੇੜਾ ਪਿਆ ਹੋਇਆ ਹੈ।ਹਰ ਧਰਮ ਦਾ ਮੁੱਖ ਉਪਦੇਸ਼ ਅਕਾਲ ਪੁਰਖ ਦੇ ਬਣਾਈ ਮਨੁੱਖਤਾ ਨਾਲ ਪਿਆਰ, ਦਇਆ, ਸਬਰ, ਸੰਤੋਖ, ਤੇ ਸੱਚ ਵਾਲਾ ਹੈ। ਪਰ ਅੱਜ ਬਹੁਗਿਣਤੀ ਵਿੱਚ, ਧਰਮ ਨੂੰ ਮੰਨਣ ਵਾਲੇ ਆਪਣੇ ਧਰਮ ਦੇ ਸੁਨਿਹਰੀ ਅਸੂਲਾਂ ਨੂੰ ਤਿਲਾਜ਼ਲੀ ਦੇਕੇ ਮਨੁੱਖਤਾ ਨਾਲ ਪਿਆਰ ਕਰਨ ਦੀ ਬਜਾਏ। ਉਹ ਆਪਣੇ ਹੀ ਧਰਮ ਵਿੱਚ ਬਿਖੇੜੇ ਆਪਣਿਆ ਨਾਲ ਹੀ ਨਫਰਤ ਕਰ ਰਹੇ ਹਨ।

ਇਸੇ ਤਰ੍ਹਾਂ ਈਸਾਈ ਧਰਮ ਗਿਣਤੀ ਪੱਖ ਤੋਂ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਹੈ। ਪਰ ਇਸ ਵਿੱਚ ਵੀ ਕਾਲੇ ਗੋਰੇ ਦੀ ਨਫਰਤ ਤੇ ਇੱਥੋਂ ਤੱਕ ਕਿ ਕਾਲੇ ਤੇ ਗੋਰਿਆਂ ਦੇ ਧਰਮ ਸਥਾਨ ਵੀ ਵੱਖ ਹਨ, ਤੇ, ਗੋਰਿਆਂ ਦੇ ਚਰਚ ਵਿੱਚ ਕਾਲੇ ਨਹੀਂ ਜਾ ਸਕਦੇ। ਇੱਕ ਵਾਰੀ ਗੋਰਿਆਂ ਦੇ ਚਰਚ ਵਿੱਚ ਇੱਕ ਕਾਲਾ ਜਾਣ ਲੱਗਾ, ਤਾਂ ਪਾਦਰੀ ਨੇ ਇਸ ਨੂੰ ਦੂਰੋਂ ਦੇਖਕੇ ਉਸ ਕੋਲ ਆ ਗਿਆ ਤੇ ਉਸ ਕਾਲੇ ਵਿਅਕਤੀ ਕੋਲ ਆਕੇ ਉਸ ਨੂੰ ਪੁੱਛਿਆ ਕਿ ਤੂੰ ਕਿਧਰ ਆ ਰਿਹਾ ਹੈਂ? ਤਾਂ ਉਸ ਵਿਅਕਤੀ ਨੇ ਕਿਹਾ ਕਿ ਮੈ ਪਰਮਾਤਮਾ ਅੱਗੇ ਪ੍ਰੇਰ ਕਰਨ ਚਰਚ ਵਿੱਚ ਆ ਰਿਹਾ ਹਾਂ। ਉਸ ਧਰਮ ਦੇ ਆਗੂ ਪਾਦਰੀ ਨੇ ਆਪਣੇ ਧਰਮ ਵਿੱਚ ਲਪੇਟੇ ਨਫਰਤ ਦੇ ਸ਼ਬਦਾਂ ਨਾਲ ਕਿਹਾ, ਕਿ ਜੇ ਤੂੰ ਚਰਚ ਵਿੱਚ ਜਾਣਾ ਹੈ, ਤਾਂ ਪਹਿਲਾਂ ਤੂੰ ਆਪਣਾ ਮਨ ਸਾਫ ਕਰਕੇ ਆ ਉਹ ਭਲਾ ਵਿਅਕਤੀ ਉਥੋਂ ਹੀ ਵਾਪਸ ਆ ਗਿਆ। ਕੁਝ ਅਰਸੇ ਬਾਅਦ, ਉਹ ਹੀ ਵਿਅਕਤੀ ਉਸ ਨੂੰ ਬਾਹਰ ਆਪਣੇ ਰੰਗ ਵਿੱਚ ਹੀ ਮਿਲਿਆ, ਤੇ ਉਸ ਪਾਦਰੀ ਨੇ ਉਸ ਨੂੰ ਪਹਿਚਾਣ ਲਿਆ। ਉਸ ਦੀ ਉੱਚੀ ਅਵਸਥਾ ਦੇਖ ਕਿ ਝੂਠੇ ਜਿਹੇ ਪੁਛਿਆ, ਕਿ ਭਾਈ ਤੂੰ ਮੁੜ ਕੇ ਚਰਚ ਨਹੀਂ ਅਇਆ, ਤਾਂ ਉਸ ਵਿਆਕਤੀ ਨੇ ਬਹੁਤ ਹੀ ਪਿਆਰ ਨਾਲ ਉਸ ਪਾਦਰੀ ਨੂੰ ਜਵਾਬ ਦਿੱਤਾ, ਕਿ ਪਾਦਰੀ ਜੀ, ਮੈਂ ਤੁਹਾਡਾ ਉਪਦੇਸ਼ ਸੁਣਕੇ ਜੰਗਲ ਵਿੱਚ ਚਲਾ ਗਿਆ। ਉਥੇ ਜਾ ਕਿ ਉਸ ਪ੍ਰਮਾਤਮਾ ਦੀ ਕਠਨ ਤਪੱਸਿਆ ਕੀਤੀ, ਇੱਕ ਦਿਨ ਪ੍ਰਮਾਤਮਾ ਨੇ ਆ ਕਿ ਕਿਹਾ, ਕਿ ਭਗਤਾਂ ਤੂੰ ਇੰਨੀ ਕਠਨ ਤਪੱਸਿਆ ਕਿਉਂ ਕਰਦਾ ਹੈਂ। ਮੈਂ ਕਿਹਾ, ਕਿ ਮੈਂ ਆਪਣਾ ਮਨ ਸਾਫ ਕਰਨਾ ਹੈ, ਤੇ ਫਿਰ ਚਰਚ ਵਿੱਚ ਪ੍ਰੇਰ ਕਰਨ ਜਾਣਾ ਹੈ। ਫਿਰ ਪ੍ਰਮਾਤਮਾ ਨੇ ਕਿਹਾ, ਕਿ ਭਲੇਮਾਣਸਾ, ਉਸ ਚਰਚ ਦੇ ਪਾਦਰੀ ਤੇ ਉਥੇ ਆਉਣ ਵਾਲੇ ਲੋਕਾਂ ਨੇ, ਤਾਂ, ਮੈਨੂੰ ਨਹੀਂ ਉਸ ਚਰਚ ਵਿੱਚ ਵੜਨ ਦਿੱਤਾ, ਤੂੰ ਕੀ ਕਰਨਾ ਉੱਥੇ ਜਾਕੇ, ਫਿਰ ਮੈਨੂੰ ਸਮਝ ਆ ਗਈ, ਕਿ ਜਿਸ ਪ੍ਰਾਮਤਮਾ ਦੀ ਪ੍ਰੇਰ ਕਰਨ ਮੈਂ ਚਰਚ ਵਿੱਚ ਜਾਣਾ ਸੀ, ਉਹ ਤਾਂ ਖੁਦ ਚਰਚ ਵਿੱਚੋਂ ਬਾਹਰ ਹੈ।

ਇਹ ਗਲ ਕਿਸੇ ਇੱਕ ਧਰਮ ਦੀ ਨਹੀਂ ਅੱਜ ਇਹ ਸਾਰੇ ਧਰਮਾਂ ਦੇ ਧਰਮ ਸਥਾਨਾਂ ਦੇ ਪ੍ਰਬੰਧਕਾਂ, ਪਾਦਰੀਆਂ, ਪੁਜਾਰੀਆਂ, ਮੁਲਾਂ, ਗ੍ਰੰਥੀਆਂ ਤੇ ਲੋਕਾਂ ਦੀ ਵਾਰਤਾ ਹੈ। ਅੱਜ ਇਹ ਬਾਕੀ ਧਰਮਾਂ ਦੇ ਨਾਲ ਨਾਲ ਜੇਕਰ ਮਨੁੱਖਤਾ ਦੇ ਰਹਿਬਰ ਜਗਤ ਗੁਰੂ ਨਾਨਕ ਜੀ ਦੇ ਚਲਾਏ ਨਿਰਾਲੇ ਸਿੱਖ ਪੰਥ ਤੇ ਇਸਦੇ ਵੀ ਬਹੁਤ ਸਾਰੇ ਪ੍ਰਚਾਰ ਕੇਦਰ ਗੁਰਦੁਆਰਿਆਂ ਦਾ ਵੀ ਇਹ ਹੀ ਹਾਲ ਹੈ। ਅੱਜ ਬਾਬੇ ਨਾਨਕ ਦੇ ਉਪਦੇਸ਼ਾਂ ਸੱਚ, ਦਇਆ, ਸਬਰ ਸੰਤੋਖ, ਤਿਆਗ, ਸਰਬਤ ਦੇ ਭਲੇ, ਕਿਰਤ ਕਰਨੀ, ਨਾਮ ਜਪਣਾ, ਵੰਡ ਛੱਕਣ ਨੂੰ ਵਿਸਾਰ ਦਿੱਤਾ ਹੈ। ਇਸ ਨੂੰ ਆਪਣੇ ਹਿਰਦਿਆਂ ਦੇ ਨਾਲ ਨਾਲ ਧਰਮ ਦੇ ਪ੍ਰਚਾਰ ਕੇਂਦਰ ਗੁਰਦੁਆਰਿਆਂ ਵਿੱਚੋਂ ਵੀ ਅਲੋਪ ਹੋ ਰਹੇ ਹਨ। ਸਿੱਖ ਧਰਮ ਦੇ ਪ੍ਰਚਾਰ ਦੇ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਤੋਂ ਲੈਕੇ ਸੰਸਾਰ ਦੇ ਕੋਨੇ ਕੋਨੇ ਵਿੱਚ ਬਣੇ ਗੁਰਦੁਆਰਿਆਂ ਦੀ ਇਹੋ ਅਜਿਹੀ ਸਥਿਤੀ ਹੈ। ਪਰ ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਤੇ ਨਾ ਹੀ ਇਹ ਪੂਰੀ ਤਰ੍ਹਾਂ ਖਤਮ ਹੁੰਦੀ ਹੈ। ਬਾਬੇ ਨਾਨਕ ਦੇ ਫਲਸਫੇ ਨੂੰ ਅਮਲੀ ਰੂਪੀ, ਸਹੀ ਤਰ੍ਹਾਂ ਪ੍ਰਚਾਰ ਕਰਨ ਵਾਲੇ ਤੇ ਸਿੱਖੀ ਨੂੰ ਕਮਾਉਣ ਵਾਲੇ ਗੁਰੂ ਦੇ ਸਿੱਖ ਤੇ ਸਿੱਖੀ ਦੇ ਪ੍ਰਚਾਰ ਕੇਦਰ ਗੁਰਦੁਆਰੇ ਆਪਣੀ ਸੇਵਾ ਨਿਭਾ ਰਹੇ ਹਨ। ਬੇਸ਼ੱਕ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ। ਅੱਜ ਜਿਆਦਾ ਤੌਰ ਉਤੇ ਬਾਬੇ ਨਾਨਕ ਦੇ ਪ੍ਰਚਾਰ ਕੇਂਦਰ ਗੁਰਦੁਆਰਿਆਂ ਤੇ ਇਸਦਾ ਪ੍ਰਚਾਰ ਕਰਨ ਵਾਲੇ ਧਾਰਮਿਕ ਆਗੂਆਂ, ਗ੍ਰੰਥੀਆਂ ਤੇ ਬਾਬੇ ਨਾਨਕ ਨੂੰ ਮੰਨਣ ਵਾਲਿਆਂ ਦੀ ਬਹੁਗਿਣਤੀ ਤੇ ਗੰਦੀ ਸਿਆਸਤ ਭਾਰੂ ਹੋ ਚੁੱਕੀ ਹੈ। ਜਿੱਥੇ ਧਰਮ ਤੇ ਸਿਆਸਤ ਭਾਰੂ ਹੋ ਜਾਵੇ ਫਿਰ ਉਸ ਧਰਮ ਦਾ ਵਿਕਾਸ ਰੁਕ ਜਾਦਾ ਹੈ। ਉਸ ਧਰਮ ਨੂੰ ਮੰਨਣ ਵਾਲਿਆ ਵਿੱਚ ਇੰਨੀਆਂ ਕੁ ਵੰਡੀਆਂ ਪੈ ਜਾਦੀਆਂ ਹਨ ਕਿ ਫਿਰ ਉਸ ਦੇ ਅਸਲ ਪਹਿਚਾਣ ਦੀ ਮੁਸ਼ਕਲ ਆਉਣ ਲੱਗ ਪੈਂਦੀ ਹੈ।

ਜਿਵੇਂ ਕਿ ਅਜੋਕੇ ਸਮੇਂ ਸਿੱਖ ਕੌਮ ਦੀ ਹਾਲਤ ਹੈ। ਸਿੱਖ ਕੌਮ ਦੀ ਸਿਰਮੌਰ ਸੰਸਥਾਵਾਂ ਰਾਜਸੀ ਲੋਕਾਂ ਦੇ ਪ੍ਰਭਾਵ ਹੇਠ ਹਨ। ਜਦ ਧਰਮ ਦੇ ਆਗੂ ਸਿਆਸੀ ਲੋਕਾਂ ਦੇ ਜੀ ਹਜ਼ੂਰੀਏ ਬਣ ਜਾਣ ਫਿਰ ਉਹ ਧਰਮ ਨੂੰ ਸਹੀ ਦਿਸ਼ਾਂ ਵਿੱਚ ਪ੍ਰਚਾਰ ਨਹੀਂ ਸਕਦੇ। ਸਗੋ ਜੋ ਸਿਆਸੀ ਲੋਕ ਉਹਨਾਂ ਧਾਰਮਿਕ ਆਗੂਆਂ ਨੂੰ ਪੁਤਲੀਆਂ ਵਾਂਗ ਨਚਾਉਦੇ ਹਨ। ਇਹਨਾਂ ਵੱਲ ਦੇਖੇ ਫਿਰ ਹੇਠਲੇ ਪੱਧਰ ਦੇ ਧਾਰਮਿਕ ਪ੍ਰਚਾਰਕ, ਪ੍ਰਬੰਧਕ ਵੀ ਉਹ ਅਜਿਹੇ ਹੀ ਬਣ ਜਾਦੇ ਹਨ। ਇਸ ਕਰਕੇ ਅੱਜ ਵੱਡੇ, ਛੋਟੇ ਵਿਰਲਿਆਂ ਨੂੰ ਛੱਡਕੇ ਬਹੁਤ ਸਾਰੇ ਗੁਰਦੁਆਰੇ ਸਿਆਸੀ ਅਖਾੜੇ ਬਣਕੇ ਰਹਿ ਗਏ ਹਨ। ਬਹੁਤ ਹੀ ਘੱਟ ਇਹੋ ਅਜਿਹੇ ਗੁਰਦੁਆਰੇ, ਤੇ ਇਹਨਾਂ ਦੇ ਪ੍ਰਬੰਧਕ ਹੋਣਗੇ ਜੋ ਗੰਦੀ ਸਿਆਸਤ ਤੋ ਬਚੇ ਹੋਣਗੇ ਤੇ ਬਹੁਤ ਹੀ ਘੱਟ ਪ੍ਰਚਾਰਕ ਮਿਲਣਗੇ ਜੋ ਉਹ ਬਾਬੇ ਨਾਨਕ ਦੇ ਫਲਸਫੇ ਨੂੰ ਪ੍ਰਚਾਰਨ ਦੇ ਨਾਲ ਨਾਲ ਉਹਨਾਂ ਨੇ ਆਪਣਾ ਜੀਵਨ ਵੀ ਉਸੇ ਤਰ੍ਹਾਂ ਦਾ ਬਣਾਇਆ ਹੋਵੇਗਾ। ਜੋ ਗੁਰੂ ਨਾਨਕ ਦੇ ਫਿਆਰੇ ਗੁਰੂ ਨਾਨਕ ਦੇ ਫਲਸਫੇ ਤੇ ਪਹਿਰਾਂ ਦੇਣ ਵਾਲਿਆ ਦੇ ਰਾਹ ਵਿੱਚ ਇਹ ਸਿਆਸੀ ਲੀਡਰਾਂ ਦੇ ਤਬਿਆਦਾਰ ਧਾਰਮਿਕ ਆਗੂ ਜਥੇਦਾਰ ਰੁਕਵਾਟਾਂ ਹੀ ਖੜ੍ਹੀਆਂ ਕਰਨਗੇ, ਇਥੋਂ ਤੱਕ ਆਪਣੇ ਪੰਥ ਵਿੱਚੋਂ ਛੇਕ ਦੇਣਗੇ ਜਾਂ ਛੇਕਣ ਦੀਆਂ ਧਮਕੀਆਂ ਦੇਣੇਗੇ ਕਿਉਕਿ ਇਹਨਾਂ ਤੇ ਸਿਆਸੀ ਆਗੂਆਂ ਦਾ ਕੁੰਡਾ ਲਟਕ ਰਿਹਾ ਹੁੰਦਾ ਹੈ, ਜਿਵੇਂ ਕਿ ਅੱਜ ਦੇ ਅਖੌਤੀ ਜਥੇਦਾਰਾਂ ਦੀ ਸੇਮ ਇਸ ਤੋਂ ਵੀ ਬਦਤਰ ਹੈ। ਅੱਜ ਕਲ੍ਹ ਜਿਆਦਾ ਤੌਰ ਉਤੇ ਧਰਮ ਇੱਕ ਵਿਖਾਵਾ ਬਣਕੇ ਰਹਿ ਗਿਆ।

ਅੱਜ ਇਹ ਹਾਲਤ ਬਣੀ ਹੋਈ ਹੈ, ਜਿਵੇਂ ਕਿ ਇੱਕ ਪਾਦਰੀ ਦਾ ਪੁਤਰ ਜਦ ਜਵਾਨ ਹੋਇਆ ਤਾਂ ਉਸ ਨੇ ਉਸਦੀ ਪਰਖ ਵਾਸਤੇ ਇੱਕ ਕਮਰੇ ਵਿੱਚ ਸ਼ਰਾਬ ਕਬਾਬ ਰੱਖ ਦਿੱਤਾ। ਦੂਸਰੇ ਕਮਰੇ ਵਿੱਚ ਔਰਤ ਤੀਸਰੇ ਕਮਰੇ ਵਿੱਚ ਮਾਇਆ ਤੇ ਚੌਥੇ ਕਮਰੇ ਵਿੱਚ ਧਾਰਮਿਕ ਪੁਸਤਕ ਰੱਖ ਦਿੱਤੀ। ਫਿਰ ਉਸ ਨੇ ਆਪਣੇ ਜਵਾਨ ਪੁਤਰ ਨੂੰ ਇਹਨਾਂ ਕਮਰਿਆਂ ਵਿੱਚ ਜਾਣ ਲਈ ਕਿਹਾ, ਉਸ ਦੇ ਜਵਾਨ ਪੁਤਰ ਨੇ ਪਹਿਲਾਂ ਸ਼ਰਾਬ ਤੇ ਕਬਾਬ ਦਾ ਲੁਤਫ ਲਿਆ। ਫਿਰ ਅਰੌਤ ਨਾਲ ਵੀ ਕੁਕਰਮ ਕੀਤਾ, ਮਾਇਆ ਨਾਲ ਜੇਬਾਂ ਭਰੀਆਂ ਤੇ ਚੌਥੇ ਕਮਰੇ ਵਿੱਚੋਂ ਧਾਰਮਿਕ ਪੁਸਤਕ ਹੱਥ ਲਈ, ਗੌਡ ਗੌਡ ਕਰਦਾ ਬਾਹਰ ਆ ਗਿਆ। ਲੋਕਾਂ ਨੇ ਪਾਦਰੀ ਨੂੰ ਪੁੱਛਿਆ, ਇਹ ਕੀ ਕੌਤਕ ਸੀ। ਉਸ ਪਾਦਰੀ ਨੇ ਕਿਹਾ, ਕਿ ਮੈਂ ਆਪਣੇ ਪੁਤਰ ਦਾ ਇਮਤਿਹਾਨ ਲੈ ਰਿਹਾ ਸੀ ਕਿ ਇਹ ਕੀ ਬਣੇਗਾ। ਉਸ ਨੇ ਕਿਹਾ ਕਿ ਇਹ ਇੱਕ ਗੰਦਾ ਸਿਆਸੀ ਲੀਡਰ ਬਣੇਗਾ। ਜੋ ਸਾਰੇ ਮਾੜੇ ਕੰਮ ਕਰਕੇ ਫਿਰ ਵੀ ਆਪਣੇ ਆਪ ਨੂੰ ਲੋਕਾਂ ਵਿੱਚ ਧਰਮੀ ਹੀ ਪੇਸ਼ ਕਰੇਗਾ।

ਅੱਜ ਦੇ ਸਮੇਂ ਵਿੱਚ ਆਪਣੇ ਆਲੇ ਦੁਆਲੇ ਜਿੱਧਰ ਮਰਜ਼ੀ ਨਿਗ੍ਹਾਂ ਮਾਰਕੇ ਦੇਖ ਲਵੋ, ਤੁਹਾਨੂੰ ਗੁਰੂ ਨਾਲ ਪਿਆਰ ਕਰਨ ਵਾਲੇ ਤੇ ਗੁਰੂ ਤੋਂ ਆਪਾਂ ਵਾਰਨ ਵਾਲੇ ਬਹੁਤ ਘੱਟ ਗਿਣਤੀ ਵਿੱਚ ਮਿਲਣਗੇ, ਬਹੁਗਿਣਤੀ ਵਿੱਚ ਪਾਦਰੀ ਦੇ ਨੌਜਵਾਨ ਪੁਤਰ ਵਰਗੇ ਧਰਮੀ ਬਹੁਤ ਮਿਲ ਜਾਣਗੇ। ਜੋ ਸੰਗਤਾਂ ਦੀ ਦਸਾਂ ਨੰਹੁ ਦੀ ਕਿਰਤ ਕਮਾਈ ਵਿੱਚੋ ਚੜ੍ਹਾਈ ਮਾਇਆਂ ਨੂੰ ਸੰਨ ਲਾਕੇ, ਪ੍ਰਾਪਰਟੀਆਂ ਵੇਚ ਕੇ, ਗੁਰਦੁਆਰਿਆਂ ਦੇ ਪ੍ਰਬੰਧ ਲਈ ਲੜਾਈਆਂ ਕਰਾਕੇ , ਲੋਕਾਂ ਦੇ ਪੁਤ ਮਰਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ ਤੇ ਹੋਰ ਤਾਂ ਕੀ ਆਚਰਣਹੀਣ ਲੋਕ ਸਟੇਜਾਂ ਤੋਂ ਗੁਰਮੁੱਖਤਾਈ, ਗੁਰੂ ਸਿਧਾਂਤ ਦੀਆਂ ਗੱਲਾਂ ਕਰਨ ਤੇ ਆਪੇ ਮੱਸਲੇ ਪੈਦਾ ਕਰਕੇ ਫਿਰ ਉਸ ਨੂੰ ਸੁਲਝਾਉਣ ਲਈ ਚੌਧਰੀ ਬਣ ਬਣੇ ਦੇਖੇ ਜਾ ਸਕਦੇ ਹਨ। ਇੱਥੋਂ ਤੱਕ ਕਈ ਧਾਰਮਿਕ ਸੰਸਥਾਵਾਂ ਦੇ ਚੌਧਰੀ ਜਿਨ੍ਹਾਂ ਨੂੰ ਧਰਮ ਦਾ ਮੁਢਲਾ ਸਿਧਾਂਤ ਮੂਲ ਮੰਤਰ, ਜੁਪਜੀ ਸਾਹਿਬ ਤਾਂ ਕੀ, ਗੁਰੂ ਸਾਹਿਬਾਂ ਦੇ ਨਾਮ ਤੱਕ ਯਾਦ ਨਹੀਂ ਹੁੰਦੇ। ਅੱਜ ਸਿੱਖ ਧਰਮ ਤੇ ਸਿਆਸਤ ਅਮਰਵੇਲ ਵਾਗੂ ਫੈਲ ਚੁੱਕੀ ਹੈ। ਸਿਆਸਤ ਧਰਮ ਉਪੱਰ ਭਾਰੂ ਹੋਣ ਕਰਕੇ ਇਸ ਦੇ ਆਗੂਆਂ ਵਿੱਚ ਕੋਈ ਨਵਾਬ ਕਪੂਰ ਸਿੰਘ ਵਰਗਾ ਤਿਆਗੀ ਤੇ ਸੇਵਾਦਾਰ ਬਣਨ ਤਿਆਰ ਨਹੀਂ ਤੇ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਵਰਗੇ ਮਿਲਦੇ ਹਨ। ਜਿਨ੍ਹਾਂ ਤੇ ਵਿਦੇਸ਼ਾਂ ਤੋਂ ਵਾਪਸੀ ਬਾਅਦ ਮਾਇਆ ਇਕੱਠੀ ਕਰਨ ਦੇ ਲੱਗੇ ਦੋਸ਼ ਤਹਿਤ ਉਹਨਾਂ ਨੇ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ। ਜੋ ਕਿ ਗਲਤ ਸਾਬਤ ਹੋਣ ਤੇ ਹੀ ਉਹਨਾਂ ਨੇ ਜਥੇਦਾਰੀ ਕਬੂਲੀ ਸੀ।

ਪਰ ਅੱਜ ਦੇ ਜਥੇਦਾਰਾਂ ਤੇ ਇੰਨੇ ਕੁ ਦੋਸ਼ ਲੱਗ ਰਹੇ ਹਨ, ਉਹ ਉਹਨਾਂ ਦੀ ਪ੍ਰਵਾਹ ਨਾ ਕਰਕੇ ਸਗੋ ਸਿੱਖ ਕੌਮ ਨੂੰ ਸਿਰ ਜੋੜ ਬੈਠਣ ਦੀ ਅਪੀਲ ਕਰਨ ਦੀ ਬਜਾਏ ਇਹੋ ਅਜਿਹੇ ਗਲਤ ਫੈਸਲੇ ਕਰਕੇ ਕੌਮ ਵਿੱਚ ਹੋਰ ਬਿਖੇੜੇ ਖੜ੍ਹੇ ਕਰ ਰਹੇ ਹਨ। ਅੱਜ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਆਪਣੇ ਮੂਲ ਧੁਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਗੁਰਬਾਣੀ ਦੀ ਵੀਚਾਰ ਨਾਲੋਂ ਟੁੱਟ ਗਿਆ ਜਾਂ ਇਸ ਨੂੰ ਤੋੜਿਆ ਜਾ ਰਿਹਾ ਹੈ। ਗੁਰਬਾਣੀ ਨੂੰ ਰਸਨਾ ਨਾਲ ਗਾਕੇ ਫਿਰ ਇਸਦੀ ਵੀਚਾਰ ਕਰਕੇ ਉਸੇ ਅਨੁਸਾਰ ਜੀਵਨ ਢਾਲਣਾ ਸੀ। ਪਰ ਅਸੀਂ ਇਸ ਪਾਸੇ ਤੋਂ ਪੂਰੀ ਤਰ੍ਹਾਂ ਦੂਰ ਜਾ ਚੁੱਕੇ ਹਾਂ। ਕਿੳਂੁਕਿ ਅੱਜ ਬਹੁਤ ਸਾਰੇ ਸਾਧ ਸੰਤ ਸਿਰਫ ਗੁਰਬਾਣੀ ਪੜ੍ਹਨ ਤੇ ਜੋਰ ਦੇ ਰਹੇ ਹਨ। ਇਸ ਦੀ ਵੀਚਾਰ ਕਰਨ ਦੀ ਲੋੜ ਨਹੀਂ ਸਮਝਦੇ। ਕੁੱਝ ਵਿਦਵਾਨ ਇਸ ਨੂੰ ਪੜ੍ਹਨ ਤੇ ਵੀਚਾਰਨ ਦੀ ਗੱਲ ਕਰਦੇ ਹਨ। ਪਰ ਉਹਨਾਂ ਨੇ ਇਸ ਨੂੰ ਆਪਣੇ ਜੀਵਨ ਵਿੱਚ ਨਹੀਂ ਢਾਲਿਆ। ਇਸ ਕਰਕੇ ਬਹੁਤ ਵਿਰਲੇ ਗੁਰੂ ਪਿਆਰੇ ਹਨ ਜੋ ਇਲਾਹੀ ਬਾਣੀ ਨੂੰ ਪਿਆਰ ਨਾਲ ਗਾਇਨ ਤੇ ਇਸ ਦੀ ਵੀਚਾਰ ਕਰਕੇ ਇਸ ਅਨੁਸਾਰ ਹੀ ਆਪਣਾ ਜੀਵਨ ਜੀ ਰਹੇ ਹਨ ਤੇ ਇਸ ਦਾ ਪ੍ਰਚਾਰ ਕਰ ਰਹੇ ਹਨ। ਬਾਬੇ ਨਾਨਕ ਦਾ ਚਲਾਇਆ ਹੋਇਆ ਨਿਰਾਲਾ ਸਿੱਖ ਪੰਥ ਤੇ ਇਸ ਕੋਲ ਦੁਨੀਆਂ ਦਾ ਅਮੁੱਲ ਖਜਾਨਾ ਅਕਾਲ ਪੁਰਖ ਨਾਲ ਇੱਕਮਿਕ ਹੋਈਆਂ ਆਤਮਾਵਾਂ ਦੇ ਮੁੱਖ ਵਿੱਚੋਂ ਉਚਾਰਨ ਕੀਤੀ ਹੋਈ ਇਲਾਹੀ ਗੁਰਬਾਣੀ ਦਾ ਭੰਡਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।

ਦਸਵੇਂ ਨਾਨਕ ਦੀ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਖਾਲਸਾ ਪੰਥ ਨੂੰ ਹੁਕਮ ਕਰ ਗਏ ਸਨ ਕਿ ਹਰ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝਕਾਉਣਾ ਤੇ ਇਸੇ ਨੂੰ ਗੁਰੂ ਮੰਨਣਾ ਹੋਰ ਕਿਸੇ ਅੱਗੇ ਸਿਰ ਝੁਕਾਉਣ ਵਾਲਾ ਮੇਰਾ ਸਿੱਖ ਨਹੀਂ ਹੋ ਸਕਦਾ। ਬਿਪਰਨ ਦੀਆਂ ਰੀਤਾਂ ਵਾਲੇ ਸਿੱਖਾਂ ਦੀ, ਮੈਂ ਪ੍ਰਤੀਤ ਨਹੀਂ ਕਰਾਂਗਾ। ਅੱਜ ਜੋ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਗੁਰੂ ਦੇ ਹੁਕਮਾਂ ਤੋਂ ਲਾਂਾਭੇ ਜਾ ਕਿ ਅਖੌਤੀ ਸਾਧਾਂ, ਸੰਤਾਂ, ਉਹਨਾਂ ਦੇ ਜੋੜਿਆਂ, ਮੜੀਆਂ ਮਸਾਣਾਂ, ਤੇ ਹੋਰ ਗ੍ਰੰਥਾਂ ਨੂੰ ਮੱਥੇ ਟੇਕਣ, ਬਿਪਰ ਦੀਆਂ ਰੀਤਾਂ ਕਰਨ ਕਰਕੇ ਹੀ ਗੁਰੂ ਸਾਹਿਬ ਨੇ ਸਾਡੀ ਪ੍ਰਤੀਤ ਕਰਨੀ ਛੱਡ ਦਿੱਤੀ ਹੈ। ਇਸ ਕਰਕੇ ਅਸੀਂ ਆਪਣੇ ਧਰਮ ਅਸਥਾਨਾਂ ਵਿੱਚੋ ਸੱਚ ਨੂੰ ਅਲੋਪ ਕਰ ਰਹੇ ਹਾਂ। ਅੰਤ ਵਿੱਚ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਅਸੀਂ ਭੁਲਣਹਾਰ ਹਾਂ ਤੂੰ ਸਾਰੀ ਸ੍ਰਿਸ਼ਟੀ ਦੇ ਮਾਲਕ ਹੈ, ਤੂੰ ਸਾਡੇ ਗੁਨਾਹ ਮਾਫ ਕਰਦੇ। ਸਾਡੇ ਤੇ ਕ੍ਰਿਪਾ ਕਰ, ਜੋ ਤੂੰ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਗੁਰਬਾਣੀ ਵਿੱਚ ਜੀਵਨ ਜਾਂਚ ਦੇ ਉਪਦੇਸ਼ ਬਖੱਸ਼ਿਸ਼ ਕੀਤੇ ਹਨ, ਉਨ੍ਹਾਂ ਨੂੰ ਗਾਇਨ, ਵੀਚਾਰ ਕਰਨ ਅਤੇ ਉਸੇ ਅਨੁਸਾਰ ਜੀਵਨ ਢਾਲਣ ਦੀ ਸੋਝੀ ਬਖੱਸ਼ਿਸ਼ ਕਰ। ਇਹ ਵੀਚਾਰ ਅੱਜ ਜੋ ਸਾਡੇ ਹਿਰਦਿਆਂ ਤੇ ਗੁਰਦੁਆਰਿਆਂ ਵਿੱਚ ਜਿੱਥੇ ਸੰਗਤ ਰੂਪੀ, ਗੁਰਬਾਣੀ ਵੀਚਾਰ ਦਾ ਲਾਹਾ ਲੈਣ ਤੇ ਮਨ ਨੂੰ ਸ਼ਾਂਤ ਕਰਨ ਲਈ ਜਾਣਾ ਹੁੰਦਾ ਹੈ । ਪਰ ਅੱਜ ਇਸ ਤੋਂ ਉਲਟ ਅਸ਼ਾਂਤ ਹੋ ਕੇ ਆਉਣ ਕਰਨ ਲਿਖੇ ਹਨ ਇਹਨਾਂ ਵਿੱਚ ਬੇਅੰਤ ਗਲਤੀਆਂ ਹੋਣ ਗਈ ਸਿਆਣੇ ਗੁਰਮੁੱਖ, ਦਾਸ ਨੂੰ ਅਣਜਾਣ ਜਾਣਕੇ ਮੁਆਫ ਕਰਨਾ ਜੀ।

ਭੁਲਾਂ ਚੁਕਾਂ ਲਈ ਖਿਮਾਂ ਦਾ ਜਾਚਕ :-

ਗੁਰਚਰਨ ਸਿੰਘ ਗੁਰਾਇਆ
ਜਨਰਲ ਸਕੱਤਰ ਸਿੱਖ ਫੈਡਰੇਸ਼ਨ ਜਰਮਨੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top