Share on Facebook

Main News Page

ਅੰਧੇ ਅਕਲੀ ਬਾਹਰੇ

ਚਿਰ ਦੀ ਗੱਲ ਹੈ ਪਿੰਡ ਕਿਸੇ ਮੁੰਡਾ ਵਿਹਾਉਂਣ ਗਏ। ਜੰਞ ਬੜੇ ਧੂੜ-ਧੜੱਕੇ ਨਾਲ ਧੂੜਾਂ ਪੁੱਟਦੀ ਜਾ ਰਹੀ ਸੀ। ਆਲੇ ਦੁਆਲੇ ਵੀ ਜੰਞ ਦੀ ਚੜ੍ਹਤ ਦੀਆਂ ਗੱਲਾਂ ਲੋਕ ਕਰ ਰਹੇ ਸਨ। ਬਾਂਕੇ ਗੱਭਰੂ ਖੌਰੂ ਪਾ ਰਹੇ ਸਨ। ਹਰ ਪਾਸੇ ਖੁਸ਼ੀ ਸੀ। ਪਰ ਜਦ ਪਿੰਡ ਪਹੁੰਚੇ ਅਗੋਂ ਕੁੜੀ ਵਾਲਿਆਂ ਮੂੰਹ ਨਾ ਲਾਇਆ। ਪਤਾ ਲੱਗਾ ਕਿ ਲਾੜਾ ਤਾਂ ਪਿੰਡ ਛੱਡ ਆਏ ਸਨ! ਹੁਣ ਅਜਿਹੀ ਮੂਰਖ ਜੰਞ ਦੀ ਦੂਜੇ ਪਾਸਿਓਂ ਚਰਚਾ ਸੀ ਜਿਹੜੇ ਬਿਨਾ ਲਾੜੇ ਧੂੜਾਂ ਪੁੱਟਦੇ ਫਿਰਦੇ ਸਨ। ਵਿਆਹ ਦਾ ਸਾਰਾ ਅਡੰਬਰ ਤਾਂ ਲਾੜੇ ਨਾਲ ਹੁੰਦਾ ਹੈ। ਸਾਰੀ ਜੰਞ ਵਿੱਚੋਂ ਇੱਕ ਬੰਦਾ ਕੱਢ ਦਿਓ ਜਿਸ ਦਾ ਨਾਮ ਲਾੜਾ ਹੈ ਤਾਂ ਜੰਞ ਨੂੰ ਕੌਣ ਪੁੱਛਦਾ।

ਅਕਤੂਬਰ ਦਾ ਹਾਲੇ ਅੱਧ ਸੀ। ਪੰਜਾਬ ਵਿੱਚ ਹਾਲੇ ਬਹੁਤੀ ਨਹੀ ਪਰ ਗਰਮੀ ਸੀ। ਮੈਂ ਅੰਮ੍ਰਤਿਸਰ ਅਪਣੀ ਮਾਸੀ ਦੇ ਪੁੱਤਰ ਦੇ ਘਰ ਠਹਰਿਆ ਹੋਇਆ ਸੀ ਜਿਥੋਂ ਗੁਰਦੁਆਰਾ ਸ਼ਹੀਦਾਂ ਕੋਈ ਡੇੜ ਕਿਲੋ ਮੀਟਰ ਅਤੇ ਸ੍ਰੀ ਦਰਬਾਰ ਸਾਹਿਬ ਢਾਈ ਕਿਲੋ ਮੀਟਰ ਹੋਵੇਗਾ। ਮੇਰਾ ਕੁੱਝ ਦਿਨ ਉਥੇ ਠਹਿਰਨਾ ਸੀ। ਮੈਂ ਮਾਸੀ ਅਪਣੀ ਦੇ ਪੁੱਤਰ ਨੂੰ ਕਿਹਾ ਕਿ ਮੈਨੂੰ ਸਾਈਕਲ ਚਾਹੀਦਾ ਸਵੇਰੇ ਸਵੱਖਤੇ ਮੈਂ ਸਹੀਦਾਂ ਜਾਂ ਦਰਬਾਰ ਸਾਹਬ ਜਾਣਾ ਚਾਹੁੰਦਾ। ਉਸ ਗੁਆਢੀਆਂ ਦਾ ਸਾਈਕਲ ਮੰਗ ਦਿੱਤਾ ਕਿਉਂਕਿ ਕਾਰਾਂ ਸਕੂਟਰਾਂ ਕਰਕੇ ਸਾਈਕਲ ਬਹੁਤਿਆਂ ਕੋਲੇ ਹਨ ਹੀ ਨਹੀ। ਮੌਸਮ ਚੰਗਾ ਸੀ ਮੈਂ ਸਵੇਰੇ ਸਾਈਕਲ ਚੁੱਕਿਆ ਅਤੇ ਸਵੇਰੇ ਚਾਰ ਕੁ ਵਜੇ ਸ਼ਹੀਦਾਂ ਚਲਾ ਗਿਆ।

ਪਹਿਲੇ ਦਿਨ ਹੀ ਜਦ ਮੈਂ ਗਿਆ ਸੰਗਤਾਂ ਤੁਰਕੇ ਹੀ ਕਈ ਪਾਸਿਓਂ ਆ ਰਹੀਆਂ ਸਨ। ਬਹੁਤ ਤੜਕੇ ਹੀ ਦਿਨ ਵਰਗੀ ਰੌਣਕ ਸੀ, ਗੁਰਦੁਆਰਾ ਸਾਹਬ। ਸ਼ਰਧਾਵਾਨ ਲੋਕ ਆਈ ਜਾਂਦੇ ਜਾਈ ਜਾਂਦੇ। ਕੁੱਝ ਗੁਟਕੇ ਲੈ ਕੇ ਸੁਖਮਨੀ ਸਾਹਿਬ ਕਰ ਰਹੇ ਸਨ। ਪਰ ਜਦ ਮੇਨ ਥਾਂ ਤੇ ਮੈਂ ਮੱਥਾ ਟੇਕਣ ਲਗਿਆ ਤਾਂ ਮੈਂ ਹੈਰਾਨ ਰਹਿ ਗਿਆ ਉਥੇ ਸ੍ਰੀ ਗੁਰੂ ਗਰੰਥ ਸਾਹਿਬ ਹਨ ਹੀ ਨਹੀ! ਕੇਵਲ ਪੀਹੜਾ, ਰੁਮਾਲੇ ਤਾਂ ਜਾਂ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ ਹੋਈ ਸੀ ਜਦ ਕਿ ਬਕਾਇਦਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਚਲ ਰਿਹਾ ਸੀ। ਮੈਂ ਮੱਥਾ ਨਾ ਟੇਕਿਆ ਤੇ ਬੈਠ ਗਿਆ। ਲੋਕ ਆਈ ਜਾਂਦੇ ਉਵੇਂ ਹੀ ਮੱਥਾ ਟੇਕੀ ਜਾਂਦੇ, ਕੰਧਾਂ ਨੂੰ ਸਿਰ ਲਾਈ ਜਾਂਦੇ, ਸੀਸ਼ਿਆਂ ਨੂੰ ਹੱਥ ਲਾ ਕੇ ਮੱਥੇ ਤੇ ਮਲੀ ਜਾਂਦੇ ਪਰ੍ਹਾਂ ਜੋਤ ਜਗ ਰਹੀ ਸੀ ਇੱਕ ਲੰਮੀ ਲਾਇਨ ਉਥੇ ਲੱਗੀ ਹੋਈ ਸੀ ਉਥੇ ਵੀ ਲੋਕ ਜੋਤ ਨੂੰ ਹੱਥ ਲਾ ਕੇ ਮੱਥੇ ਨੂੰ ਘਸਾਈ ਜਾਂਦੇ ਪਰ ਸ੍ਰੀ ਗੁਰੂ ਗਰੰਥ ਸਾਹਿਬ ਉਥੇ ਕੋਈ ਨਹੀ। ਵਾਪਸ ਘਰ ਆਉਣ ਤੇ ਮੇਰੀ ਮਾਸੀ ਦੇ ਪੁੱਤਰ ਦੀ ਪਤਨੀ ਪੁੱਛਦੀ ਹੈ, ਵੇਖਿਆ ਵੀਰ ਜੀ! ਸਵੇਰੇ ਸਵੇਰੇ ਕਿੰਨਾ ਅਨੰਦ ਹੈ, ਸਵਰਗ ਜਾਪਦਾ ਹੈ ਸਵਰਗ`!

ਜੰਞ ਤਾਂ ਬਹੁਤ ਫੱਬ ਰਹੀ ਸੀ ਪਰ ਲਾੜਾ ਉਥੇ ਕੋਈ ਨਹੀ ਸੀ? ਮੇਰੇ ਕਹਿਣ ਤੇ ਉਹ ਹੈਰਾਨ ਹੋਈ ਤੇ ਮੱਤਲਬ ਪੁੱਛਣ ਲੱਗੀ। ਮੈਂ ਉਸ ਨੂੰ ਦੱਸਿਆ ਕਿ ਤੇਰੇ ਇਸ ਗੁਰਦੁਆਰੇ ਦੇ ਪੁਜਾਰੀ ਸੱਪ ਬਹੁਤ ਸਿਆਣੇ ਹੋ ਗਏ ਹਨ ਉਹ ਵੇਖਣ ਲੱਗ ਪਏ ਹਨ ਕਿ ਸਿੱਖ ਦਾ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਬਿਨਾ ਸਰ ਸਕਦਾ ਹੈ ਤੇ ਸਿੱਖ ਦਾ ਕੰਧਾਂ ਨੂੰ ਮੱਥੇ ਟੇਕਣਾ ਅਤੇ ਇੰਨਾ ਨੂੰ ਪੁੱਛਣਾ ਤੱਕ ਨਾ ਸਾਬਤ ਕਰਦਾ ਕਿ ਸਿੱਖ ਦਾ ਇਕੱਲੀਆਂ ਕੰਧਾਂ, ਸੀਸ਼ਿਆਂ ਤੇ ਜੋਤਾਂ ਨਾਲ ਗੁਜਾਰਾ ਹੋ ਸਕਦਾ। ਉਹ ਇਕੱਲੇ ਪੀਹੜੇ, ਪਾਵਿਆਂ ਤੇ ਰੁਮਾਲਿਆਂ ਨੂੰ ਮੱਥਾ ਟੇਕ ਕੇ ਹੀ ਸਤੁੰਸ਼ਟ ਹੋ ਸਕਦਾ।

ਜਦ ਮੈਂ ਅਗਲੇ ਦਿਨ ਗਿਆ ਤਾਂ ਪ੍ਰਸਾਦ ਦੀਆਂ ਪਰਚੀਆਂ ਲੈ ਰਹੇ ਭਾਈ ਨੂੰ ਬੇਨਤੀ ਕੀਤੀ ਕਿ ਭਾਈ ਸਾਹਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿੰਨੇ ਵਜੇ ਹੁੰਦਾ ਤਾਂ ਉਹ ਕਹਿਣ ਲਗੇ ਕਿ ਪੰਜ ਵਜੇ (ਜਦ ਕਿ ਦਰਵਾਜਾ ਢਾਈ ਵਜੇ ਖੁੱਲ੍ਹ ਜਾਂਦਾ) ਮੈ ਕਿਹਾ ਦਰਵਾਜਾ ਖੁਲ਼ਣ ਵੇਲੇ ਹੀ ਜੇ ਸ੍ਰੀ ਗੁਰੂ ਜੀ ਦਾ ਪ੍ਰਕਾਸ਼ ਹੋ ਜਾਇਆ ਕਰੇ ਤਾਂ ਲੋਕ ਕੰਧਾਂ ਨੂੰ ਤਾਂ ਮੱਥੇ ਨਾ ਟੇਕਣ?

ਹੀ, ਹੀ, ਹੀ, ਲਓ ਜੀ ਉਹ ਵੀ ਗੁਰੂ ਦਾ ਹੀ ਅਸਥਾਨ ਹੈ ਜੀ ਇਸ ਨਾਲ ਕੀ ਫਰਕ ਪੈਂਦਾ? ਉਸ ਬੜਾ ਹਾਸੋ ਹੀਣਾ ਜਿਹਾ ਜਵਾਬ ਦਿੱਤਾ।

ਗੁਰੂ ਦਾ ਅਸਥਾਨ ਤਾਂ ਗੁਰੂ ਦੀ ਹਾਜਰੀ ਨਾਲ ਬਣਦਾ ਨਾ ਕਿ ਕੇਵਲ ਕੰਧਾ ਖੜੀਆਂ ਕਰਨ ਨਾਲ? ਮੇਰੇ ਕਹਿਣ ਤੇ ਉਹ ਖਿੱਝ ਗਿਆ। ਚਲੋ ਚਲੋ ਜੀ ਭਾਈ ਸਾਹਬ ਅਗੇ ਮਗਰ ਸੰਗਤ ਹੋਰ ਹੈ ਤੇ ਉਸ ਮੈਨੂੰ ਚਲਦਾ ਕਰ ਦਿੱਤਾ।

ਦਰਬਾਰ ਦੇ ਨਾਲ ਹੀ ਖੱਬੇ ਹੱਥ ਕੁੱਝ ਬਜ਼ੁਰਗ ਬੈਠੇ ਫੁੱਲ ਪਤੀਆਂ ਨਾਲੋਂ ਅਲੱਗ ਕਰ ਰਹੇ ਸਨ ਪੰਜ ਵਜੇ ਪਾਲਕੀ ਆਈ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਉਪਰ ਵੱਰਖਾ ਕਰਨ ਲਈ। ਮੈਂ ਸੋਚਿਆ ਸਿਆਣੇ ਨੇ ਇੰਨਾ ਨੂੰ ਪੁੱਛਦਾਂ ਕਿ ਮਾਜਰਾ ਕੀ ਏ। ਉਹਨਾਂ ਨੂੰ ਹੱਥ ਬੰਨ ਬੇਨਤੀ ਕੀਤੀ ਉਨ੍ਹਾਂ ਦੇ ਦੱਸਣ ਮੁਤਾਬਕ ਉਹ ਚਿਰ ਤੋਂ ਇਹ ਸੇਵਾ ਕਰ ਰਹੇ ਸਨ। ਜਦ ਉਨ੍ਹਾਂ ਦਾ ਧਿਆਨ ਸ੍ਰੀ ਗੁਰੂ ਜੀ ਦੇ ਪ੍ਰਕਾਸ਼ ਵਲ ਦਿਵਾਇਆ ਤਾਂ ਉਨ੍ਹਾਂ ਵਿੱਚੋਂ ਇੱਕ ਕਹਿਣ ਲੱਗਾ ਕਿ ਇਹ ਤਾਂ ਮਨ ਦੀਆਂ ਖੇਡਾਂ ਨੇ ਜੀ ਗੁਰੂ ਤਾਂ ਹਰੇਕ ਥਾਂ ਹਾਜਰ ਹੈ।

ਮੈਂ ਬੜਾਂ ਹੈਰਾਨ ਹੋਇਆ ਮੈਂ ਕਿਹਾ ਬਜ਼ੁਰਗੋਂ ਮਨ ਤਾਂ ਬੜੀਆਂ ਖੇਡਾਂ ਖੇਡਦਾਂ। ਮਨ ਦੀਆਂ ਖੇਡਾਂ ਕਾਰਨ ਹੀ ਤਾਂ ਸਾਰਾ ਹਿੰਦੋਸਤਾਨ ਪੱਥਰਾਂ ਮਗਰ ਤੁਰਿਆ ਫਿਰਦਾ ਅਸੀਂ ਮਨ ਦੀਆਂ ਖੇਡਾਂ ਖੇਡੀਏ ਜਾਂ ਗੁਰੂ ਦੀ ਖੇਡ ਦਾ ਖਿਆਨ ਕਰੀਏ ਜਿਸ ਨੇ ਹਜੂਰ ਸਾਹਬ ਇਸ ਦੇ ਪ੍ਰਕਾਸ਼ ਨੂੰ ਮੱਥਾ ਟੇਕਿਆ ਸੀ ਨਾ ਕਿ ਕੰਧਾਂ ਰੁਮਾਲਿਆਂ ਨੂੰ। ਵੈਸੇ ਵੀ ਗੁਰੂ ਹਰੇਕ ਥਾਂ ਹੀ ਹਾਜਰ ਹੈ ਉਹ ਤਾਂ ਸਾਡੇ ਘਰ ਵੀ ਹੈ ਫਿਰ ਅਸੀਂ ਤੁਸੀਂ ਇਥੇ ਆਉਂਣ ਦਾ ਤੱਰਦਦ ਕਿਉਂ ਕਰਦੇ ਹਾਂ।

ਉਸ ਨੂੰ ਕੋਈ ਜਵਾਬ ਨਾ ਅਹੁੜਿਆ ਤਾਂ ਦੂਜਾ ਬੋਲ ਪਿਆ ਕਿ ਜੀ ਕਮੇਟੀ ਵਾਲੇ ਕਿਹੜਾ ਕਿਸੇ ਦੇ ਆਖੇ ਲੱਗਦੇ।

ਤੁਸੀਂ ਕਦੇ ਪੁੱਛਿਆ ਕਮੇਟੀ ਵਾਲਿਆਂ ਨੂੰ?

ਕਿਸੇ ਦੇ ਵੀ ਜਵਾਬ ਨਾ ਦੇਣ ਤੋਂ ਜਾਪਦਾ ਸੀ ਮੈਂ ਉਨ੍ਹਾਂ ਦੇ ਰੁਟੀਨ ਦੀ ਸ਼ਾਂਤੀ` ਭੰਗ ਕਰ ਦਿੱਤੀ ਸੀ ਕਿਉਂਕਿ ਉਨ੍ਹਾਂ ਮੁਤਾਬਕ ਤਾਂ ਸਭ ਠੀਕ ਚਲ ਰਿਹਾ ਸੀ।

ਉਥੋਂ ਲੱਭਦਾ ਮੈ ਸੁਪਰਵਾਈਜਰ ਦੇ ਕਮਰੇ ਵਿੱਚ ਚਲਾ ਗਿਆ। ਉਥੇ ਅਗੋਂ ਦੋ ਭਾਈ ਗੱਪਾਂ ਮਾਰ ਰਹੇ ਸਨ। ਉਨ੍ਹਾਂ ਨੂੰ ਜਦ ਮੈਂ ਪੁੱਛਿਆ ਕਿ ਸ੍ਰੀ ਗੁਰੂ ਜੀ ਪ੍ਰਕਾਸ਼ ਕਦ ਹੁੰਦਾ ਤਾਂ ਇੱਕ ਬੋਲਿਆ ਜੀ ਬੱਅਸ ਸਮਾ ਹੋਣ ਹੀ ਵਾਲਾ ਹੈ ਚਲੋ ਉਥੇ ਖੜੋ ਚਲਕੇ ਬੜਾ ਜਲੌਅ ਨਿਕਲਦਾ ਗੁਰੂ ਜੀ ਦਾ। ਹਾਂਅ!

ਜਦ ਮੈ ਉਹੀ ਪਹਿਲਾ ਸਵਾਲ ਇਥੇ ਵੀ ਦੁਹਰਾਇਆ ਤਾਂ ਸੁਪਰਵਾਈਜਰ ਸਿਆਣਾਂ` ਸੀ ਜਾਂ ਉਸ ਮੇਰੀ ਬੋਲ ਚਾਲ ਤੋਂ ਕਿਤਿਓਂ ਬਾਹਰੋਂ ਹੋਣ ਦਾ ਅੰਦਾਜਾ ਲਾ ਲਿਆ ਤਾਂ ਉਹ ਕਹਿਣ ਲੱਗਾ ਜੀ ਹਾਂ ਜੀ! ਗੱਲ ਤਾਂ ਤੁਹਾਡੀ ਠੀਕ ਏ ਜੇ ਪ੍ਰਕਾਸ਼ ਦਰਵਾਜਾ ਖੁਲਣ ਸਾਰ ਹੀ ਹੋ ਜਾਵੇ ਤਾਂ ਚੰਗਾ ਹੈ ਪਰ ਦਰਅਸਲ ਦਰਬਾਰ ਸਾਹਬ ਵੀ ਇੰਝ ਹੀ ਹੁੰਦਾ ਕਰਕੇ

ਤੇ ਵਾਕਿਆ ਹੀ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਅਗਲੇ ਦਿਨ ਤੜਕੇ ਹੀ ਮੈਂ ਦਰਬਾਰ ਸਾਹਿਬ ਗਿਆ ਤਾਂ ਉਥੇ ਵੀ ਲੰਮੀਆਂ ਲਾਇਨਾ ਦੀ ਭੀੜ ਪੀਹੜੇ-ਪਾਵਿਆਂ ਗੱਦੀਆਂ-ਸਰਾਣਿਆਂ ਤੇ ਰੁਮਾਲਿਆਂ ਨੂੰ ਮੱਥੇ ਟੇਕੀ ਜਾ ਰਹੀ ਜਾ ਸੀ ਤੇ ਇਸ ਭੀੜ ਵਿੱਚ ਕੋਈ ਪੁੱਛਣ ਵਾਲਾ ਨਹੀ ਸੀ ਕਿ ਜਿਸਨੂੰ ਅਸੀਂ ਮੱਥਾ ਟੇਕਣ ਆਏ ਹਾਂ ਉਹ ਕਿਥੇ ਹੈ?

ਤੇ ਮੈਨੂੰ ਜਾਪਿਆ ਜਿਵੇਂ ਬਾਬਾ ਜੀ ਅਪਣੇ ਸਮੇ ਦੇ ਨਹੀ ਬਲਕਿ ਹੁਣ ਵਾਲੇ ਮੱਥਾ ਟੇਕਣ ਵਾਲਿਆਂ ਨੂੰ ਵੀ ਅਤੇ ਢਿੱਢਲ ਪੁਜਾਰੀਆਂ ਨੂੰ ਵੀ ਕਹਿ ਰਹੇ ਹੋਣ ਕਿ, ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ।। ਜਿਹੜੇ ਬਿਨਾ ਲਾੜੇ ਹੀ ਮੂੰਹ ਚੁੱਕੀ ਤੁਰੇ ਫਿਰਦੇ ਹਨ ਤੇ ਜੀਹਨਾ ਨੂੰ ਇੰਨੀ ਵੀ ਅਕਲ ਨਹੀ ਕਿ ਕੁਆੜ ਖੁਲਣ੍ਹ ਸਾਰ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਪ੍ਰਕਾਸ਼ ਕਰਨ ਵਿੱਚ ਉਨ੍ਹਾਂ ਨੂੰ ਤਕਲੀਫ ਕੀ ਏ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top