Share on Facebook

Main News Page

ਹੁਣ ਤਾਂ ਇਕੱਲੀ ਭਗਉਤੀ ਨਾਲ ਵੀ ਨਹੀਂ ਸਰਦਾ

ਸਿੱਖ ਦਾ ਅਕਾਲਪੁਰਖ ਤੇ ਪੂਰਾ ਵਿਸ਼ਵਾਸ ਹੁੰਦਾ ਹੈ, ਕਿਉਂਕਿ ਸ਼ਬਦ ਗੁਰੂ ਕੋਲੋਂ ਉਸ ਨੇ ਪਰਮਾਤਮਾ ਨੂੰ ਵੇਖਣ ਦਾ ਢੰਗ ਜਾਣ ਲਿਆ ਹੁੰਦਾ ਹੈ, ਉਸ ਨਾਲ ਗੱਲਾਂ ਕਰਨ ਦਾ ਤਰੀਕਾ ਸਿਖ ਲਿਆ ਹੁੰਦਾ ਹੈ, ਇਸ ਲਈ ਉਸ ਨੂੰ ਹੋਰ ਕਿਸੇ ਨੂੰ ਪੂਜਣ ਦੀ ਲੋੜ ਨਹੀਂ ਪੈਂਦੀ। ਈਸਾਈਆਂ ਨੂੰ ਗਾਡ ਤੇ ਭਰੋਸਾ ਤਾਂ ਹੁੰਦਾ ਹੈ, ਪਰ ਕਿਉਂਕਿ ਉਨ੍ਹਾਂ ਨੂੰ ਗਾਡ ਨੂੰ ਵੇਖਣ ਉਸ ਨਾਲ ਗੱਲਾਂ ਕਰਨ ਦੀ ਜਾਚ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਈਸਾ ਜੀ ਤੇ ਹੀ ਨਿਰਭਰ ਹੋਣ ਦੀ ਲੋੜ ਰਹਿੰਦੀ ਹੈ। ਮੁਸਲਮਾਨਾਂ ਨੂੰ ਵੀ ਅਲਾਹ ਤੇ ਭਰੋਸਾ ਤਾਂ ਹੁੰਦਾ ਹੈ, ਪਰ ਉਹੀ ਈਸਾਈਆਂ ਵਾਲੀ ਦੁਬਿਧਾ ਦਾ ਸ਼ਿਕਾਰ ਹੋਣ ਕਾਰਨ, ਉਨ੍ਹਾਂ ਨੂੰ ਵੀ ਮੁਹੰਮਦ ਸਾਹਿਬ ਤੇ ਹੀ ਨਿਰਭਰ ਹੋਣਾ ਪੈਂਦਾ ਹੈ, ਪਰ ਇਨ੍ਹਾਂ ਵਿੱਚ ਪੁਜਾਰੀ ਸ਼੍ਰੇਣੀ ਦਾ ਬੋਲ-ਬਾਲਾ, ਥੋੜ੍ਹਾ ਵਧੇਰੇ ਹੋਣ ਕਾਰਨ, ਪੁਜਾਰੀ ਨੇ ਮੁਸਲਮਾਨਾਂ ਲਈ ਬਹੁਤ ਸਾਰੇ ਪੂਜਣ ਯੋਗ ਵਿਅਕਤੀ ਮਿਥ ਦਿਤੇ ਹਨ। ਪਰ ਉਨ੍ਹਾਂ ਵਿੱਚ ਵਿਅਕਤੀ ਪੂਜਾ ਲਈ ਕੋਈ ਥਾਂ ਨਾ ਹੋਣ ਕਾਰਨ, ਪੁਜਾਰੀ ਨੇ ਉਨ੍ਹਾਂ ਨੂੰ ਉਨ੍ਹਾਂ ਵਿਅਕਤੀਆਂ ਦੀਆਂ ਕਬਰਾਂ ਦੇ ਪੁਜਾਰੀ ਬਣਾ ਦਿੱਤਾ ਹੈ। ਅਸਲ ਵਿੱਚ ਨਾ ਤਾਂ ਇਹ ਉਨ੍ਹਾਂ ਵਿਅਕਤੀਆਂ ਦੀ ਪੂਜਾ ਦੀ ਗੱਲ ਹੈ ਅਤੇ ਨਾ ਹੀ ਕਬਰਾਂ ਦੀ ਪੂਜਾ ਦੀ ਗੱਲ ਹੈ, ਇਹ ਪੁਜਾਰੀ ਦੇ ਪਸਾਰੇ ਦੀ, ਪੁਜਾਰੀਆਂ ਦੀ ਪੂਜਾ ਦੀ ਗੱਲ ਹੈ, ਜਿਸ ਆਸਰੇ ਪੁਜਾਰੀ ਮੁਸਲਮਾਨਾਂ ਨੂੰ ਅੰਧ ਵਿਸ਼ਵਾਸ ਰਾਹੀਂ ਕਈਆਂ ਤੇ ਵਿਸ਼ਵਾਸ ਕਰਨ ਦੀ ਪੜ੍ਹਾਈ ਕਰਾ ਦਿੰਦਾ ਹੈ, ਤਾਂ ਜੋ, ਜੋ ਬੰਦਾ ਜਿਸ ਵਿਅਕਤੀ ਤੇ ਵਿਸ਼ਵਾਸ ਅਤੇ ਸ਼ਰਧਾ ਵਿੱਚ ਫਸਦਾ ਹੈ, ਉਸ ਦੇ ਨਾਮ ਥੱਲੇ ਹੀ ਪੁਜਾਰੀਆਂ ਨੂੰ ਪੂਜਾ ਦਾ ਧਾਨ ਦਿੰਦਾ ਰਹੇ।

ਹਿੰਦੂਆਂ ਵਿੱਚ ਪੁਜਾਰੀ ਹੀ ਸਭ ਤੋਂ ਵੱਡੀ ਹਸਤੀ ਹੈ, ਉਹ ਆਪਣੇ ਹਿਸਾਬ ਨਾਲ ਹੀ ਦੇਵੀ-ਦੇਵਤਿਆਂ ਨੂੰ ਵਡਿਆਉਂਦਾ ਅਤੇ ਭੰਡਦਾ ਰਹਿੰਦਾ ਹੈ। ਇਸ ਤਰ੍ਹਾਂ ਕਿਸੇ ਇਲਾਕੇ ਵਿਚ, ਕਿਸੇ ਇੱਕ ਦੇਵਤਾ ਦੀ ਪੂਜਾ ਹੂੰਦੀ ਹੈ, ਤਾਂ ਦੂਸਰੇ ਇਲਾਕੇ ਵਿੱਚ ਕਿਸੇ ਦੂਸਰੇ ਦੇਵਤਾ ਦੀ ਪੂਜਾ ਹੂੰਦੀ ਹੈ। ਕਹਿਣ ਨੂੰ ਇਨ੍ਹਾਂ ਦੇ ਤੇਤੀ ਕਰੋੜ ਦੇਵੀ ਦੇਵਤੇ ਹਨ। ਪਰ ਸਭ ਤੋਂ ਜ਼ਿਆਦਾ ਮਾਨਤਾ ਪਰਾਪਤ ਸਿਧਾਂਤਿਕ ਕਿਤਾਬ ਮਨੂ-ਸਿਰਤੀ ਅਨੁਸਾਰ ਬ੍ਰਾਹਮਣ ਹੀ ਸਭ ਤੋਂ ਵੱਡਾ, ਪੂਜਣ ਯੋਗ ਦੇਵਤਾ ਹੈ, ਕਿਸੇ ਵੀ ਹਿੰਦੂ ਦਾ, ਜਨਮ ਤੋਂ ਮਰਨ ਤਕ ਦਾ ਕੋਈ ਵੀ ਕੰਮ, ਬ੍ਰਾਹਮਣ ਤੋਂ ਬਗੈਰ ਪੂਰਨ ਨਹੀਂ ਹੋ ਸਕਦਾ, ਬਲਕਿ ਬਰਾਹਮਣ ਤਾਂ ਮਰੇ ਹੋਇਆਂ ਨੂੰ ਵੀ ਨਹੀਂ ਬਖਸ਼ਦਾ, ਉਨ੍ਹਾਂ ਦੇ ਵੰਸ਼ਜਾਂ ਕੋਲੋਂ, ਉਨ੍ਹਾਂ ਦੇ ਨਾਮ ਤੇ ਸਾਲ ਵਿੱਚ ਕਈ ਵਾਰੀ ਉਗਰਾਹੀ ਕਰਦਾ ਹੈ। ਇਸ ਹਿਸਾਬ ਕੋਈ ਹਿੰਦੂ ਕਿਸੇ ਵੀ ਦੇਵਤੇ ਦਾ ਪੁਜਾਰੀ ਹੋਵੇ, ਉਸ ਨੇ ਉਸ ਦੇਵਤਾ ਦੇ ਨਾਂ ਤੇ ਬ੍ਰਾਹਮਣ ਨੂੰ ਹੀ ਦਾਨ ਦੇਣਾ ਹੈ। ਇਵੇਂ ਹਿੰਦੂ ਧਰਮ ਤੇ ਬ੍ਰਾਹਮਣਾ ਦੀ ਬਹੁਤ ਸਖਤ ਪਕੜ ਹੈ।

ਕਿਉਂਕਿ ਸਿੱਖਾਂ ਵਿਚ, ਪੁਜਾਰੀਆਂ ਲਈ ਕੋਈ ਥਾਂ ਨਾ ਹੋਣ ਤੇ ਵੀ, ਸਿੱਖਾਂ ਦੀਆਂ ਔਕੜਾਂ ਦਾ ਲਾਭ ਉਠਾਉਂਦਿਆਂ, ਬ੍ਰਾਮਣਾਂ ਵਿਚੋਂ ਬ੍ਰਾਹਮਣੀ ਤਰਜ਼ ਤੇ ਹੀ, ਪੁਜਾਰੀ ਸ਼੍ਰੇਣੀ ਪੈਦਾ ਹੋ ਗਈ ਹੈ, ਜਿਨ੍ਹਾਂ ਦੀ ਦੇਖਾ-ਦੇਖੀ ਸਿੱਖੀ ਵਿਚਲੇ ਵੇਹਲੜ ਵੀ, ਉਨ੍ਹਾਂ ਵਿੱਚ ਸ਼ਾਮਲ ਹੋ ਗਏ ਹਨ, ਇਵੇਂ ਇਹ ਇੱਕ ਸ਼ਕਤੀ ਸ਼ਾਲੀ ਜਮਾਤ ਹੋਂਦ ਵਿੱਚ ਆ ਗਈ ਹੈ। ਇਨ੍ਹਾਂ ਦਾ ਇੱਕ ਤਕੜਾ ਸੰਗਠਨ, ਸੰਤ ਸਮਾਜ ਬਣ ਗਿਆ ਹੈ, ਜਿਨ੍ਹਾਂ ਦਾ ਅੱਜ ਦੇ ਸਮੇ, ਸਿੱਖਾਂ ਦੇ ਗੁਰਦਵਾਰਿਆਂ ਤੇ ਪੂਰਨ ਕਬਜ਼ਾ ਹੈ। ਏਸੇ ਆਧਾਰ ਤੇ ਹੀ ਗੁਰਦਵਾਰਿਆਂ ਵਿੱਚ ਬਹੁਤ ਸਾਰੇ ਗੁਰਮਤਿ ਵਿਰੋਧੀ ਕਰਮ ਹੋ ਰਹੇ ਹਨ। ਪੁਜਾਰੀ ਜਮਾਤ ਨੇ ਸਿੱਖਾਂ ਵਿੱਚ ਵੀ ਬਹੁਤ ਸਾਰੀਆਂ ਪੂਜਣ ਯੋਗ ਹਸਤੀਆਂ ਪੈਦਾ ਕਰ ਦਿੱਤੀਆਂ ਹਨ, ਹਰ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਇਨ੍ਹਾਂ ਮਰ ਚੁੱਕੇ ਜਾਂ ਜਿਊਂਦੇ ਡੇਰੇਦਾਰਾਂ ਦੀ ਹੀ ਪੂਜਾ ਹੁੰਦੀ ਹੈ।

ਹਰ ਗੁਰਦਵਾਰੇ ਵਿਚ, ਦਿਨ ਵਿੱਚ ਚਾਰ ਪੰਜ ਵਾਰ ਅਰਦਾਸ ਜ਼ਰੂਰ ਹੁੰਦੀ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਹਿੰਦੂਆਂ ਦੀ ਦੇਵੀ ਭਗਉਤੀ ਨੂੰ ਸਿਮਰਿਆ ਜਾਂਦਾ ਹੈ। ਸਿੱਖਾਂ ਦੇ ਕੇਂਦਰੀ ਅਸਥਾਨ, ਦਰਬਾਰ ਸਾਹਿਬ, ਜਿਸ ਨੂੰ ਇਨ੍ਹਾਂ ਪੁਜਾਰੀਆਂ ਨੇ ਹਰਿਮੰਦਰ ਬਣਾ ਕੇ, ਵਿਸ਼ਨੂ ਭਗਵਾਨ ਦਾ ਨਿਵਾਸ ਅਸਥਾਨ ਬਣਾ ਦਿੱਤਾ ਹੈ, ਉਸ ਵਿੱਚ ਪਹਿਲਾਂ ਸਨ ੧੮੦੦ ਈਸਵੀ ਵਿੱਚ ਬ੍ਰਾਹਮਣੀ ਕਰਮ ਕਾਂਡ ਹੋਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਨੂੰ ਅਕਾਲੀ ਫੂਲਾ ਸਿੰਘ ਜੀ ਨੇ ਸਨ ੧੮੦੦ ਵਿੱਚ ਬੰਦ ਕਰਵਾਇਆ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਬ੍ਰਾਹਮਣਾਂ ਦੀ ਚੜ੍ਹਤ ਹੋਣ ਕਾਰਨ, ਇਸ ਵਿੱਚ ਫਿਰ ਕਰਮ-ਕਾਂਡ ਸ਼ੁਰੂ ਹੋਏ ਅਤੇ ਉਸ ਤੋਂ ਅਗਾਂਹ ਵਧ ਕੇ ੧੯੨੦ ਤਕ ਇਸ ਵਿੱਚ ਅਲੱਗ-ਅਲੱਗ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਸਥਾਪਤ ਕਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ੧੯੨੦ ਵਿੱਚ ਸਿੰਘ-ਸਭਾ ਲਹਿਰ ਵੇਲੇ ਹਟਾਇਆ ਗਿਆ। ਪਰ ਪੁਜਾਰੀਆਂ ਦੀ ਮਿਹਰਬਾਨੀ ਅਤੇ ਸਿੱਖਾਂ ਦੀ ਅਣਗਹਿਲੀ ਕਾਰਨ, ਹੁਣ ਫਿਰ ਦਰਬਾਰ ਸਾਹਿਬ ਵਿੱਚ ਹਿੰਦੂ ਰੀਤਾਂ-ਰਸਮਾਂ ਦਾ ਬੋਲ-ਬਾਲਾ ਹੈ। ੧੯੮੪ ਵੇਲੇ ਤਕ ਤਾਂ ਇਸ ਵਿੱਚ ਭਗਉਤੀ ਨੂੰ ਹੀ ਸਿਮਰਿਆ ਜਾਂਦਾ ਸੀ, ਪਰ ਉਸ ਮਗਰੋਂ ਭਾਰਤ ਦੀ ਕੇਂਦਰੀ ਸਰਕਾਰ ਦੇ ਗਲਬੇ ਥਲਲੀ ਹਰ ਸਰਕਾਰ ਨੇ ਆਪਣੀ ਖੁਦਗਰਜ਼ੀ ਕਾਰਨ, ਭਾਰਤ ਦੀ ਬਹੁਗਿਣਤੀ ਦੀ ਮਨ ਭਾਉਂਦੀ, ਇਸ ਪੁਜਾਰੀ ਸ਼੍ਰੇਣੀ ਨੂੰ ਆਪਣਾ ਗੁਰੂ ਮੰਨ ਲਿਆ ਹੈ। ਜਿਸ ਦੀ ਇੱਕ ਸਰਲ ਜਿਹੀ ਮਿਸਾਲ ਦੇਣੀ ਵੀ ਕੁਥਾਵੇਂ ਨਹੀਂ ਹੋਵੇਗੀ।

੧੯੯੯ ਦੀ ਵੈਸਾਖੀ ਨੂੰ, ਭਾਰਤ ਸਰਕਾਰ ਨੇ, ਬਾਦਲ ਸਰਕਾਰ ਨੂੰ ੧੦੦ ਕਰੋੜ ਰੁਪਏ, ੧੬੯੯ ਦੀ ਵੈਸਾਖੀ ਦੇ ਤਰੈ-ਸ਼ਤਾਬਦੀ ਨੂੰ ਸਮਰਪਿਤ ਸਮਾਰੋਹਾਂ ਤੇ ਖਰਚਣ ਲਈ ਦਿੱਤੇ, ਅੰਦਰ ਖਾਤੇ ਸਮਝੌਤਾ ਇਹ ਸੀ ਕਿ, ਇਸ ਵਿਚੋਂ ਪਜਾਹ ਕਰੋੜ ਆਰ. ਐਸ. ਐਸ. ਨੂੰ ਦੇਣੇ ਹਨ, ਬਾਕੀ ਨੂੰ ਤੁਸੀਂ ਜੋ ਮਰਜ਼ੀ ਕਰਨਾ। ਸਿੱਖਾਂ ਨਾਲ ਸਬੰਧਿਤ ਸ਼ਤਾਬਦੀਆਂ ਦੀ ਇਹ ਖਾਸੀਅਤ ਹੈ ਕਿ, ਉਨ੍ਹਾਂ ਦੇ ਖਰਚੇ ਲਈ ਸਿੱਖ ਏਨੇ ਪੈਸੇ ਦਿੰਦੇ ਹਨ, ਜਿਸ ਵਿਚੋਂ ਖਰਚਾ ਕਰ ਕੇ ਵੀ ਕਰੋੜਾਂ ਰੁਪਏ ਬਚ ਜਾਂਦੇ ਹਨ।

੨੦੦੮ ਵਿਚਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰੈ-ਸ਼ਤਾਬਦੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ, ਜਿਸ ਵਿੱਚ ਹਜੂਰ ਸਾਹਿਬ ਵਾਲੇ (ਬਚਿਤ੍ਰ ਨਾਟਕ ਦੇ ਪੁਜਾਰੀ) ਸਿੱਖਾਂ ਕੋਲੋਂ ਅਰਬਾਂ ਰੁਪਏ, ਉਗਰਾਹ ਕੇ ਲੈ ਗਏ। ਇਸ ਤਰ੍ਹਾਂ ੧੯੯੯ ਦੀ ਤਰੈ-ਸ਼ਤਾਬਦੀ ਵਿੱਚ ਕਿੰਨੇ ਪੈਸੇ ਬਚੇ? ਅਤੇ ਕਿੱਥੇ ਗਏ? ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਬਾਦਲ ਸਰਕਾਰ, ਇਮਾਨਦਾਰੀ ਨਾਲ, ੫੦ ਕਰੋੜ ਆਰ. ਐਸ. ਐਸ. ਨੂੰ ਦੇ ਕੇ, ਬਾਕੀ ੫੦ ਕਰੋੜ ਡਕਾਰ ਗਈ। ਸਿੱਖੀ ਦੇ ਪਰਚਾਰ ਤੇ ਇੱਕ ਪੈਸਾ ਵੀ ਨਹੀਂ ਲੱਗਾ। ਜਦ ਕਿ ਭਾਰਤ ਸਰਕਾਰ ਨੇ ਬਾਦਲ ਸਾਹਿਬ ਦਾ ਮੂੰਹ ਬੰਦ ਕਰਨ ਮਗਰੋਂ ਆਰ. ਐਸ. ਐਸ. ਨੂੰ ੨੦ ਕਰੋੜ ਹੋਰ ਦਿੱਤੇ, ਆਰ. ਐਸ. ਐਸ. ਨੇ ੫੦ ਕਰੋੜ ਬਾਦਲ ਵਾਲੇ ਅਤੇ ੨੦ ਕਰੋੜ ਇਹ, ਕੁੱਲ ੭੦ ਕਰੋੜ, ਇਮਾਨਦਾਰੀ ਨਾਲ ਸਿੱਖੀ ਦਾ ਬੇੜਾ ਗਰਕ ਕਰਨ ਲਈ ਪੰਜਾਬ ਦੇ ਪਿੰਡਾਂ ਵਿੱਚ ਲਗਾਏ। ਕਿਸੇ ਨੇ ਕੋਈ ਚੂੰ ਨਹੀਂ ਕੀਤੀ।

ਪਤਾ ਨਹੀਂ ਇਨ੍ਹਾਂ ਹਾਲਾਤ ਵਿੱਚ ਸਿੱਖੀ ਦਾ ਕੀ ਹੋਵੇਗਾ? ਸਿੱਖੀ ਨੇ ਤਾਂ ਰਹਿਣਾ ਹੀ ਹੈ, ਉਸ ਨੂੰ ਮੰਨਣ ਵਾਲੇ ਸਿੱਖਾਂ ਨੇ ਵੀ ਰਹਿਣਾ ਹੀ ਹੈ, ਭਾਵੇਂ ਉਨ੍ਹਾਂ ਦੀ ਗਿਣਤੀ ਕੁੱਝ ਵੀ ਹੋਵੇ? ਪਰ ਅੱਜ ਗੱਲ ਉਨ੍ਹਾਂ ਬਹੁ ਗਿਣਤੀ ਸਿੱਖਾਂ ਦੀ ਕਰ ਰਹੇ ਹਾਂ, ਜੋ ਜਾਂ ਤਾਂ ਅਸਲੀਅਤ ਨੂੰ ਪਛਾਨਣ ਵਿੱਚ ਨਾਕਾਮ ਹਨ, ਜਾਂ ਭੇਡ-ਚਾਲ ਵਿਚ, ਪੁਜਾਰੀਆਂ ਦੇ ਕਰਮ ਕਾਂਡਾਂ ਨੂੰ ਹੀ ਸਿੱਖੀ ਸਮਝ ਕੇ ਕਰੀ ਜਾ ਰਹੇ ਹਨ।

ਜਿਵੇਂ-ਜਿਵੇਂ ਸਿੱਖਾਂ ਵਿਚ, ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਪ੍ਰਤੀ ਜਾਗਰਤੀ ਆ ਰਹੀ ਹੈ, ਤਿਵੇਂ ਤਿਵੇਂ ਸਿੱਖੀ ਦੇ ਕਹੇ ਜਾਂਦੇ ਕੇਂਦਰੀ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵਿਰੋਧਤਾ ਦੀ ਸੁਰ ਤੇਜ ਹੁੰਦੀ ਜਾ ਰਹੀ ਹੈ। ਹੁਣ ਉਸ ਵਿਚੋਂ ਅਕਸਰ ਹੀ ਬਚਿੱਤ੍ਰ ਨਾਟਕ ਦੀਆਂ ਕਵਿਤਾਵਾਂ, ਗੁਰਬਾਣੀ ਸ਼ਬਦਾਂ ਦੇ ਰੂਪ ਵਿੱਚ ਗਾਈਆਂ ਜਾਂਦੀਆਂ ਹਨ।

ਅੱਜ ਤਾਂ ਇਉਂ ਜਾਪਿਆ ਕਿ ਸ਼ਾਇਦ ਇਕੱਲੀ ਭਗਉਤੀ ਦੇਵੀ ਨੂੰ ਸਿਮਰਨ ਨਾਲ ਪੁਜਾਰੀ ਸ਼੍ਰੇਣੀ ਦਾ ਮਸਲ੍ਹਾ ਹੱਲ ਨਹੀਂ ਹੋ ਰਿਹਾ? ਇਸ ਕਰ ਕੇ ਵਿਚਾਰਿਆਂ ਨੇ, ਉਸ ਦੇ ਸ਼ਿਵਾ ਰੂਪ ਨੂੰ ਵੀ ਵਾਜ ਮਾਰਦਿਆਂ, ਦਰਬਾਰ ਸਾਹਿਬ ਵਿਚੋਂ ਉਸ ਕੋਲੋਂ ‘ਦੇਹ ਸ਼ਿਵਾ ਵਰ ਮੋਹੇ ਇਹੈ’ ਦੇ ਰੂਪ ਵਿੱਚ ਵਰ ਮੰਗਿਆ। ਅਕਸਰ ਇਹ ਵੀ ਗਾਇਆ ਜਾਂਦਾ ਹੈ:

ਕਾਲ ਤੂੰ ਹੀ, ਕਾਲੀ ਤੂੰ ਹੀ’ ਅਤੇ `ਚਾਹਤ ਹਉਂ ਚਿਤ ਮਹਿ ਸੋਈ ਕੀਜੈ। ਕਿਰਪਾ ਕਰ ਸ਼ਾਮ ਇਹੈ ਵਰ ਦੀਜੈ

ਇਸ ਤਰ੍ਹਾਂ ਉਹ ਸੋਚਦੇ ਹਨ ਕਿ ਕੋਈ ਨਾ ਕੋਈ ਤਾਂ ਬਹੁੜੇਗਾ ਹੀ। ਜੇ ਇਨ੍ਹਾਂ ਵਿਚੋਂ ਕੋਈ ਨਾ ਬਹੁੜਿਆ ਤਾਂ ਕਿਸੇ ਹੋਰ ਕੋਲੋਂ ਵਰ ਮੰਗ ਲਿਆ ਜਾਵੇਗਾ।

ਪਰ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਹੁਣ ਗੁਰੂ ਦੇ ਸਿੱਖਾਂ ਨੂੰ ਗੁਰੂ ਦੀ ਸਿਖਿਆ ਦੀ ਸਮਝ ਆ ਗਈ ਹੈ, ਕਿ ਅਜਿਹੇ ਕਰਮਾਂ, ਅਜਿਹੇ ਵਰਾਂ ਸਰਾਪਾਂ ਨਾਲ ਨਾ ਤਾਂ ਬਾਬਰ ਦੀ ਫੌਜ ਦਾ ਕੋਈ ਸਪਾਹੀ ਅੰਨ੍ਹਾ ਹੋਇਆ ਸੀ ਅਤੇ ਨਾ ਹੀ ਅੱਜ ਜਿਨ੍ਹਾਂ ਸਿੱਖਾਂ ਨੂੰ ਗੁਰਬਾਣੀ ਗਿਆਨ ਦੀ ਸੋਝੀ ਹੋ ਗਈ ਹੈ, ਉਨ੍ਹਾਂ ਵਿਚੋਂ ਹੀ ਕਿਸੇ ਨੇ ਅੰਨ੍ਹਾ ਹੋਣਾ ਹੈ, ਅਗਿਆਨੀ ਬਣਨਾ ਹੈ।

ਪਰ ਉਨ੍ਹਾਂ ਲਈ ਮੁਸੀਬਤ ਬਣੀ ਹੀ ਰਹਿਣੀ ਹੈ, ਜੋ ਦੁਬਿਧਾ ਵਿੱਚ ਫਸੇ ਪਏ ਹਨ, ਨਾ ਉਨ੍ਹਾਂ ਨੇ ਪੁਜਾਰੀਆਂ ਦੇ ਪਿੱਛੇ ਲਗ ਕੇ ਹਿੰਦੂ ਰਹੁ-ਰੀਤਾਂ ਕਰਦਿਆਂ ਵੀ ਹਿੰਦੂ ਬਣਨਾ ਹੈ, ਨਾ ਸਿੱਖ ਹੀ ਰਹਿ ਜਾਣਾ ਹੈ। ਅਜਿਹੇ ਬੇਰੜੇ ਬੰਦਿਆਂ ਤੇ ਤਰਸ ਕਰਨ ਤੋਂ ਵੱਧ, ਕੁੱਝ ਵੀ ਨਹੀਂ ਕੀਤਾ ਜਾ ਸਕਦਾ।

ਰੱਬ ਹੀ ਉਨ੍ਹਾਂ ਤੇ ਮਿਹਰ ਕਰ ਕੇ ਉਨ੍ਹਾਂ ਨੂੰ ਸੱਚੇ ਗੁਰੂ (ਗੁਰੂ ਗ੍ਰੰਥ ਸਾਹਿਬ) ਨਾਲ ਜੋੜੇ। ਉਨ੍ਹਾਂ ਨੂੰ ਗੁਰੂ ਗਿਆਨ ਦੀ ਸੋਝੀ ਬਖਸ਼ੇ।

ਅਮਰਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top