Share on Facebook

Main News Page

ਵਿਦਵਾਨਾਂ ਨੇ ਸਮੇਂ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ

ਸਮੇਂ ਦੀ ਵੰਡ ਨੂੰ ਵਿਦਵਾਨਾਂ ਨੇ ਇਸ ਪ੍ਰਕਾਰ ਵੰਡਿਆ ਹੈ-ਨਿਮਖ, ਪਲ, ਮਹੂਰਤ, ਘੜੀ, ਦਿਨ, ਰਾਤ, ਹਫਤਾ, ਮਹੀਨਾਂ, ਸਾਲ, ਅਤੇ ਸਦੀ ਆਦਿ ਵਿੱਚ ਵੰਡਿਆ ਹੈ। ਨਿਮਖ-(ਸੰਸਕ੍ਰਿਤ) ਅੱਖ ਝਮੱਕਣ ਜਿਨ੍ਹਾਂ ਸਮਾਂ ਗੁਰ ਫੁਰਮਾਨ ਹੈ-ਨਿਮਖ ਨ ਬਿਸਰਹੁ ਤੁਮ ਕਉ ਹਰਿ ਹਰਿ (496) ਪਲ-ਇਹ ਵੀ ਸੰਸਕ੍ਰਿਤ ਦਾ ਲਫਜ ਹੈ ਦਾ ਮਤਲਬ ਹੈ 24 ਸੈਕੰਡ ਦਾ ਸਮਾਂ-ਪਲ ਭੀਤਰਿ ਤਾਕਾ ਹੋਇ ਬਿਨਾਸ (278) ਮਹੂਰਤ-ਦੋ ਘੜੀਆਂ ਦਾ ਸਮਾਂ-ਗੋਪਾਲ ਦਰਸ ਭੇਟੰ ਨਾਨਕ ਸਫਲ ਸੋ ਮਹੂਰਤਹ॥ (709) ਘੜੀ-24 ਮਿੰਟਾਂ ਦਾ ਸਮਾਂ-ਕਬੀਰ ਏਕ ਘੜੀ ਆਧੀ ਘਰੀ (1377) ਪਹਰ-ਦਿਨ ਰਾਤ ਦਾ ਅਠਵਾਂ ਭਾਗ ਭਾਵ ਤਿੰਨ ਘੰਟੇ ਦਾ ਸਮਾਂ-ਘੜੀਆਂ ਸਭੇ ਗੋਪੀਆਂ ਪਹਰ ਕੰਨ੍ਹ ਗੋਪਾਲ (465) ਦਿਨ-ਸੰ. ਸੂਰਜ ਚੜ੍ਹਨ ਤੋਂ ਡੁੱਬਣ ਤੱਕ ਦਾ ਸਮਾਂ ਤੇ ਰਾਤਿ-ਸੂਰਜ ਡੁੱਬਣ ਤੋਂ ਚੜ੍ਹਨ ਵਿਚਲਾ ਸਮਾਂ-ਦਿਨ ਤੇ ਸਰਪਰ ਪਉਸੀ ਰਾਤਿ (375) ਹਫਤਾ-ਸੱਤਾਂ ਦਿਨਾਂ ਦਾ ਮਹੀਨਾਂ-30 ਦਿਨਾਂ ਦਾ ਸਾਲ-12 ਮਹੀਨੇ ਦਾ ਸਦੀ-100 ਸਾਲ ਦੀ। ਅੱਜ ਆਪਾਂ ਸਾਲ (ਵਰ੍ਹੇ) ਅਤੇ ਨਵੇਂ ਸਾਲ ਬਾਰੇ ਲੜੀਵਾਰ ਵਿਚਾਰ ਕਰਦੇ ਹਾਂ-

ਸਾਲ-ਸਾਲ ਸ਼ਬਦ ਦੇ ਵਖਰੇ-ਵਖਰੇ ਕਈ ਅਰਥ ਹਨ ਪਰ ਜਿੱਥੇ ਸਾਲ ਸਮੇਂ ਨਾਲ ਸਬੰਧਤ ਹੈ ਉੱਥੇ ਇਸ ਦਾ ਅਰਥ ਵਰ੍ਹਾ ਹੈ, ਜੋ ਫਾਰਸੀ ਦਾ ਸ਼ਬਦ ਹੈ। ਸੰਸਕ੍ਰਿਤ ਵਿੱਚ ਇਸ ਨੂੰ ਵਰਸ਼ ਕਹਿੰਦੇ ਹਨ ਅਤੇ ਇਸ ਵਿੱਚ 12 ਮਹੀਨੇ ਹੁੰਦੇ ਹਨ। ਸੰਸਕ੍ਰਿਤ ਦੇ ਵਿਦਵਾਨਾਂ ਨੇ ਵਰਸ਼ ਚਾਰ ਤਰ੍ਹਾਂ ਦਾ ਮੰਨਿਆਂ ਹੈ-(ੳ) ਸੌਰ-ਇਹ 365 ਦਿਨ 5 ਘੰਟੇ 45 ਮਿੰਟ ਅਤੇ 46 ਸੈਕੰਡ ਦਾ ਹੁੰਦਾ ਹੈ। ਇਤਨੇ ਸਮੇਂ ਵਿੱਚ ਧਰਤੀ ਸੂਰਜ ਦੀ ਇੱਕ ਪ੍ਰਕਰਮਾਂ ਕਰਦੀ ਹੈ। (ਅ) ਚਾਂਦ-ਇਹ 354 ਦਿਨ 8 ਘੰਟੇ 46 ਮਿੰਟ ਅਤੇ 36 ਸੈਕੰਡ ਦਾ ਹੁੰਦਾ ਹੈ। ਇਸ ਸਮੇਂ ਵਿੱਚ ਚੰਦ੍ਰਮਾਂ ਧਰਤੀ ਦੀਆਂ 12 ਪ੍ਰਕਰਮਾਂ ਕਰਦਾ ਹੈ। ਇਸ ਚਾਂਦ ਵਰਸ ਦਾ ਸੌਰ ਵਰਸ ਨਾਲ ਹਰ ਸਾਲ 10 ਦਿਨ 21 ਘੰਟੇ ਦਾ ਫਰਕ ਪੈ ਜਾਂਦਾ ਹੈ। ਇਸ ਅੰਤਰ ਨੂੰ ਠੀਕ ਕਰਨ ਲਈ ਹਰ ਤੀਜਾ ਵਰ੍ਹਾ 13 ਮਹੀਨਿਆਂ ਦਾ ਕੀਤਾ ਜਾਂਦਾ ਹੈ। (ੲ) ਸਾਵਣ-ਇਹ ਸਾਲ ਪੂਰੇ 360 ਦਿਨ ਦਾ ਹੁੰਦਾ ਹੈ ਅਤੇ ਇਸ ਦੇ ਮਹੀਨੇ ਪੂਰੇ 30-30 ਦਿਨ ਦੇ ਹੁੰਦੇ ਹਨ। ਵੈਦਿਕ ਸਮੇਂ ਵਿੱਚ ਇਹ ਸਾਲ ਬਹੁਤ ਪ੍ਰਚਲਤ ਸੀ। (ਸ) ਨਾਸ਼ਤ੍ਰ-ਇਹ 324 ਦਿਨ ਦਾ ਹੁੰਦਾ ਹੈ ਅਤੇ ਇਸ ਦਾ ਹਰੇਕ ਮਹੀਨਾ 27 ਦਿਨ ਦਾ ਹੁੰਦਾ ਹੈ। ਬਿਕਰਮੀ ਰਾਜਾ ਬਿਕਰਮਾਜੀਤ ਅਤੇ ਈਸਵੀ ਸ੍ਰੀ ਈਸਾ ਮਸੀਹ ਨਾਲ ਸਬੰਧਤ ਮੰਨੇ ਜਾਂਦੇ ਹਨ। ਈਸਵੀ, ਬਿਕ੍ਰਮੀ 57 ਤੋਂ ਸ਼ੁਰੂ ਹੋਇਆ ਭਾਵ 57 ਸਾਲ ਬਾਅਦ। ਅੰਗ੍ਰੇਜੀ ਪੁਸਤਕਾਂ ਵਿੱਚ ਈਸਵੀ ਸੰਨ ਲਿਖਣ ਸਮੇਂ ਏ.ਡੀ. ਅਤੇ ਈਸਵੀ ਤੋਂ ਪਹਿਲਾਂ ਬੀ.ਸੀ. ਭਾਵ ਬੀਫੋਰ ਕਰਾਈਸ ਅਰਥਾਤ ਈਸਾ ਤੋਂ ਪਹਿਲਾਂ।

ਬਿਕਰਮੀ ਸੰਮਤ-ਉਜੈਨ ਪਤੀ ਰਾਜੇ ਬਿਕਰਮਾਂਜੀਤ ਨੇ ਈਸਵੀ ਸੰਨ ਤੋਂ 57 ਸਾਲ ਪਹਿਲੇ ਅਰੰਭ ਕੀਤਾ। ਇਹ ਰਾਜਾ ਆਪ ਵਿਦਵਾਨ ਤੇ ਵਿਦਵਾਨਾਂ ਦੀ ਕਦਰ ਕਰਨ ਵਾਲਾ ਸੀ। ਅਨੇਕ ਵਿਦਵਾਨਾਂ ਦਾ ਖਿਆਲ ਹੈ ਕਿ ਵਿਕਰਮੀ ਸੰਮਤ ਮਹਾਂਰਾਜਾ ਕਨਿਸ਼ਕ ਨੇ ਚਲਾਇਆ ਹੈ ਜਿਸ ਦੀ ਉਪਾਧੀ ਵਿਕ੍ਰਮਾਦਿੱਤ ਸੀ। ਬਹੁਤ ਲੇਖਕ ਲਿਖਦੇ ਹਨ ਕਿ ਯਸ਼ੋਧਰ ਨਾਮਕ ਵਿਕ੍ਰਮਾਦਿੱਤਯ ਨੇ ਵਿਕ੍ਰਮੀ ਸਾਲ ਚਲਾਇਆ ਹੈ ਅਤੇ ਕਿਤਨੇ ਵਿਦਵਾਨ ਕਲਪਨਾਂ ਕਰਦੇ ਹਨ ਕਿ ਗੌਤਮੀ ਪੁੱਤ੍ਰ ਨੇ ਸ਼ੱਕਾਂ ਨੂੰ ਆਪਣੇ ਵਿਕ੍ਰਮ (ਬਲ) ਨਾਲ ਜਦ ਹਾਰ ਦਿੱਤੀ ਉਸ ਸਮੇਂ ਤੋਂ ਵਿਕ੍ਰਮੀ ਸੰਮਤ ਗਿਣਿਆ ਗਿਆ। ਈਸਵੀ ਸੰਨ-ਇਹ ਸੰਨ ਈਸਾਈ ਧਰਮ ਦੇ ਬਾਨੀ ਸ੍ਰੀ ਈਸਾ ਮਸੀਹ ਦੇ ਜਨਮ ਤੋਂ ਸ਼ੁਰੂ ਹੋਇਆ ਜਦੋਂ ਬਿਕਰਮੀ ਸੰਮਤ 57 ਸੀ। ਇਸ ਕਰਕੇ ਇਸ ਨੂੰ ਈਸਵੀ ਸੰਨ ਕਿਹਾ ਜਾਂਦਾ ਹੈ, ਜੋ ਅੱਜ ਸਾਰੇ ਸੰਸਾਰ ਵਿਚ ਪ੍ਰਚਲਤ ਹੈ। ਈਸਾਈ ਧਰਮ ਦੁਨੀਆਂ ਦਾ ਸਭ ਤੋਂ ਵੱਡਾ ਧਰਮ, ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਸਦਕਾ ਬਣ ਚੁੱਕਾ ਹੈ। ਅੰਗ੍ਰੇਜ਼ੀ ਵਰਲਡ ਭਾਸ਼ਾ ਬਣ ਜਾਣ ਕਰਕੇ ਅੰਗ੍ਰੇਜ਼ੀ ਦਿਨ, ਹਫਤੇ, ਮਹੀਨੇ, ਸਾਲ ਅਤੇ ਸਦੀ ਹੀ ਆਮ ਪ੍ਰਚਲਤ ਹੋ ਚੁੱਕੇ ਹਨ। ਭਾਵੇਂ ਖੇਤਰੀ ਤੇ ਧਾਰਮਿਕ ਤੌਰ ਤੇ ਲੋਕ ਆਪੋ ਆਪਣਾ ਸਾਲ, ਸੰਮਤ, ਸਾਕਾ ਅਤੇ ਹਿਜ਼ਰੀ ਆਦਿਕ ਵਰਤਦੇ ਹਨ, ਪਰ ਆਮ ਤੌਰ ਅੰਗ੍ਰੇਜੀ ਕਲੰਡਰ ਹੀ ਪ੍ਰਚਲਤ ਹੈ। ਹਿਜ਼ਰੀ ਸੰਨ-ਇਹ ਸੰਨ ਮੁਸਲਮਾਨਾਂ ਦੇ ਪੈਗੰਬਰ ਮੁਹੰਮਦ ਸਾਹਿਬ ਦੇ ਮੱਕੇ ਚੋਂ ਹਿਜ਼ਰ ਕਰਨ ਭਾਵ ਮੱਕਾ ਛੱਡਣ ਭਾਵ ਵਿਯੋਗੀ ਹੋਣ ਦੀ ਯਾਦ ਵਿੱਚ 15 ਜੁਲਾਈ ਸੰਨ 622 ਵਿੱਚ ਆਰੰਭ ਹੋਇਆ। ਇਸ ਕਰਕੇ ਇਸ ਨੂੰ ਹਿਜ਼ਰੀ ਸੰਨ ਦੇ ਨਾਮ ਨਾਲ ਮੁਸਲਿਮ ਵੀਰ ਮੰਨਦੇ ਹਨ। ਅਰਬ ਦੇਸ਼ਾਂ ਵਿੱਚ ਇਹ ਹਿਜ਼ਰੀ ਸੰਨ ਵਰਤਿਆ ਜਾਂਦਾ ਹੈ। ਸਾਕਾ-(ਸ਼ਕ ਸੰਮਤ) ਜੋ ਸ਼ਾਲਿਵਾਹਨ ਨੇ ਚਲਾਇਆ ਅਤੇ ਜੋ ਸੰਨ ਈਸਵੀ ਤੋਂ 78 ਵਰ੍ਹੇ ਪਿੱਛੋਂ ਸ਼ੁਰੂ ਹੋਇਆ। ਸਾਕਾ ਇਤਿਹਾਸ ਦਾ ਕੋਈ ਪ੍ਰਸਿੱਧ ਦਿਨ ਜੋ ਕਿਸੇ ਸਤਪੁਰਸ਼, ਕੌਮੀ ਆਗੂ, ਕੌਮੀ ਵਿਦਵਾਨ ਅਤੇ ਕੌਮੀ ਸ਼ਹੀਦ ਦੀ ਯਾਦ ਵਿੱਚ ਹੁੰਦਾ ਹੈ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਦੂਜਿਆਂ ਖਾਤਰ ਕੁਰਬਾਨੀ ਕਰਕੇ ਸਾਕਾ ਵਰਤਾਇਆ ਅਤੇ ਸਾਕਾ ਸਰਹਿੰਦ ਆਦਿ।

ਨਾਨਕਸ਼ਾਹੀ ਸੰਮਤ-ਜੋ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਸਮੇ ਭਾਵ 15 ਅਪ੍ਰੈਲ ਸੰਨ 1469, ਬਿਕਰਮੀ ਸੰਮਤ 1526 ਤੋਂ ਸ਼ੁਰੂ ਹੋਇਆ। ਸਿੱਖਾਂ ਨੇ ਬਾਬਾ ਬੰਦਾ ਸਿੰਘ ਜੀ ਅਤੇ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਨਾਨਕਸ਼ਾਹੀ ਸਿੱਕੇ ਵੀ ਚਲਾਏ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਤੇ ਉਸ ਪਿੱਛੋਂ ਮਹੰਤਾਂ, ਉਦਾਸੀਆਂ, ਨਿਰਮਲਿਆਂ ਸਾਧਾਂ ਜੋ ਕਾਂਸ਼ੀ ਬਨਾਰਸ ਤੋਂ ਪੜ੍ਹੇ ਹੋਣ ਕਰਕੇ ਸਨਾਤਨੀ ਤੇ ਵੇਦਾਂਤੀ ਹੋ ਚੁੱਕੇ ਅਤੇ ਜੋ ਜਗੀਰਾਂ ਦੇ ਲਾਲਚ ਵਿੱਚ ਅੰਗ੍ਰੇਜੀ ਸਰਕਾਰ ਦੇ ਝੋਲੀ ਚੁੱਕ ਬਣ ਚੁੱਕੇ ਸਨ, ਦਾ ਕਬਜ਼ਾ ਸਿੱਖ ਗੁਰਦੁਆਰਿਆਂ ਤੇ ਹੋ ਗਿਆ ਤਾਂ ਇਨ੍ਹਾਂ ਕੇਸਾਧਾਰੀ ਬ੍ਰਾਹਮਣਾਂ ਨੇ “ਨਾਨਕ ਨਿਰਮਲ ਪੰਥ” ਨੂੰ ਬ੍ਰਾਹਮਣਵਾਦ ਵਿੱਚ ਰਲ ਗਡ ਕਰ ਦਿੱਤਾ। ਬਾਕੀ ਰਹਿੰਦੀ ਖੂੰਹਦੀ ਕਸਰ ਅਜੋਕੇ ਅਖੌਤੀ ਸਾਧਾਂ ਸੰਤਾਂ ਅਤੇ ਸੰਪ੍ਰਦਾਈ ਟਕਸਾਲੀਆਂ ਅਤੇ ਪੂਰਨ ਸਿੰਘ ਵਰਗੇ ਗ੍ਰੰਥੀਆਂ-ਅਖੌਤੀ ਸਿੰਘ ਸਹਿਬਾਨਾਂ ਨੇ ਸਿੱਖਾਂ ਨੂੰ ਲਵ ਕੁਸ਼ ਦੀ ਉਲਾਦ ਦੱਸ ਅਤੇ ਲਚਰ ਗੰਦੀ ਕਵਿਤਾ ਤ੍ਰੀਆ ਚਰਿਤ੍ਰ ਦੀ ਰਚਨਾਂ ਅਖੌਤੀ ਦਸਮ ਗ੍ਰੰਥ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਾਫੀ ਦੇਰ ਬਾਅਦ ਬਚਿਤ੍ਰ ਨਾਟਕ ਦੇ ਰੂਪ ਵਿੱਚ ਹੋਂਦ ਵਿੱਚ ਆਇਆ ਤੇ ਅੱਜ ਦਸਮ ਗ੍ਰੰਥ ਦੇ ਨਾਮ ਨਾਲ ਪ੍ਰਚਲਤ ਕੀਤਾ ਗਿਆ, ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਕੱਢ ਦਿੱਤੀ।

ਨਾਨਕਸ਼ਾਹੀ ਕੈਲੰਡਰ ਜੋ ਕਨੇਡਾ ਨਿਵਾਸੀ ਸ੍ਰ. ਪਾਲ ਸਿੰਘ ਪੁਰੇਵਾਲ ਅਤੇ ਹੋਰ ਪੰਥਕ ਵਿਦਵਾਨਾਂ ਦੀ ਅਣਥੱਕ ਮਿਹਨਤ ਨਾਲ ਹੋਂਦ ਵਿੱਚ ਆਇਆ ਅਤੇ ਜਿਸ ਨੂੰ ਸ੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਮਾਨਤਾ ਦੇ ਦਿੱਤੀ, ਜਿਸ ਕਰਕੇ ਸਿੰਘ ਸਹਿਮਾਨਾਂ ਨੂੰ ਵੀ ਕੌੜਾ ਸੱਚ ਕਬੂਲ ਕਰਨਾ ਪਿਆ ਪਰ ਫੇਰ ਵੀ ਸਾਧ ਟੋਲੇ ਦੇ ਦਬਾਅ ਥੱਲੇ ਆ ਕੇ ਇਸ ਕੈਲੰਡਰ ਵਿੱਚ ਵੀ ਪੂਰਨਮਾਸ਼ੀ, ਮਸਿਆ, ਸੰਗ੍ਰਾਂਦ, ਲੋਹੜੀ ਅਤੇ ਦੀਵਾਲੀ ਆਦਿਕ ਬ੍ਰਾਹਮਣੀ ਤਿਉਹਾਰਾਂ ਨੂੰ ਘਸੋੜ ਕੇ, ਸਿਖ ਕੌਮ ਨਾਲ ਬੜਾ ਵੱਡਾ ਧੋਖਾ ਕੀਤਾ ਗਿਆ। ਅੱਜ ਗੁਰਮਤਿ ਗਿਆਨ ਨਾਲ ਜਾਗੇ ਹੋਏ ਸਿੱਖ, ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦਿੰਦੇ ਹਨ। ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੇ ਨਿਆਰੇਪਨ ਦਾ ਪ੍ਰਤੀਕ ਹੈ।

ਨਵਾਂ ਸਾਲ-ਉਹ ਹਰ ਸਮਾਂ ਹੀ ਨਿੱਤ ਨਵਾਂ ਹੈ ਜੋ-ਸਾਹਿਬ ਮੇਰਾ ਨੀਤਿ ਨਵਾਂ ਸਦਾ ਸਦਾ ਦਾਤਾਰੁ (660) ਦੀ ਯਾਦ ਵਿੱਚ ਲੰਘੇ-ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੇ ਪਾਰਬ੍ਰਹਮੁ ਫਿਟੁ ਭੁਲੇਰੀ ਰੁਤਿ (318) ਸੋ ਕੋਈ ਵੀ ਨਿਮਖ, ਪਲ ,ਘੜੀ, ਪਹਰ, ਮਹੂਰਤ, ਦਿਨ, ਰਾਤ ਹਫਤਾ, ਮਹੀਨਾ ਅਤੇ ਸਾਲ ਮਾੜਾ ਨਹੀਂ ਸਗੋਂ ਮਾੜੇ ਚੰਗੇ ਸਾਡੇ ਕਰਮ ਹਨ। ਜਿਵੇਂ ਹਰ ਸਾਲ ਬਨਾਸਪਤੀ ਨੂੰ ਨਵੇਂ ਫੁੱਲ ਖਿੜਦੇ ਅਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ ਇਵੇਂ ਹੀ ਸਾਡੇ ਹਿਰਦੇ ਵਿੱਚ ਵੀ ਸ਼ੁਭ ਗੁਣਾਂ ਦੇ ਫੁੱਲ ਅਤੇ ਅਗਾਂਹ ਵਧੂ ਵਿਚਾਰਾਂ ਦੀਆਂ ਕਰੂੰਬਲਾਂ ਪੈਦਾ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕੱਟ ਕੇ ਪਰੂਣੀ ਕੀਤੀ ਵੇਲ ਨੂੰ ਵਧੀਆ ਫਲ ਲੱਗਦੇ ਹਨ ਇਵੇਂ ਹੀ ਬੁਰੇ ਕਰਮ, ਗੰਦੀ ਸੋਚ, ਪਿਛਾਂਹ ਖਿੱਚੂ ਪੁਰਾਣੇ ਤੇ ਬੋਸੇ ਵਿਚਾਰ ਜੋ ਭਰਮ-ਗਿਆਨੀਆਂ, ਮਿਥਿਹਾਸਕ ਗ੍ਰੰਥਾਂ ਅਤੇ ਮਨਮਤਿ ਰਾਹੀਂ ਸਾਡੇ ਹਿਰਦੇ (ਦਿਲ) ਦਿਮਾਗ ਵਿੱਚ ਪਾ ਅਤੇ ਅਮਰਵੇਲ ਵਾਂਗ ਉੱਪਰ ਚੜ੍ਹਾ ਦਿੰਦੇ ਹਨ। ਉਨ੍ਹਾਂ ਨੂੰ ਗੁਰੂ ਸ਼ਬਦ ਗਿਆਨ ਦੇ ਨਸ਼ਤ੍ਰ ਨਾਲ ਕੱਟ ਛੱਟ ਕੇ ਹਰ ਸਾਲ ਪਰੂਣੀ ਕਰਨ ਦੀ ਲੋੜ ਹੈ ਤਾਂ ਕਿ ਸ਼ੁਭ ਗੁਣਾਂ ਅਤੇ ਸਰਬ ਪ੍ਰਵਾਣਤ ਅਗਾਂਹ ਵਧੂ ਉਸਾਰੂ ਵਿਚਾਰਾਂ ਦੇ ਚੰਗੇ ਫਲ ਲੱਗ ਸੱਕਣ। ਜਿਵਂੇ ਹਰੇਕ ਕਾਰੋਬਾਰ ਭਾਵ ਕਿਰਤ ਕਮਾਈ ਕਰਨ ਵਾਲਾ ਇਨਸਾਨ ਲਾਭ ਵਾਸਤੇ ਕੰਮ ਕਰਦਾ ਹੈ। ਹਰ ਸਾਲ ਦੇ ਅਖੀਰ ਤੇ ਲੇਖਾ ਜੋਖਾ ਕਰਦਾ ਹੈ ਕਿ ਕਿਨ੍ਹਾ ਲਾਭ, ਘਾਟਾ, ਅਤੇ ਖਰਚਾ ਹੋਇਆ? ਮੈਂ ਅੱਗੇ ਕਿਵੇਂ ਕਰਨਾ ਹੈ? ਇਵੇਂ ਹਿਸਾਬ ਕਿਤਾਬ ਰੱਖਣਵਾਲਾ ਇਨਸਾਨ ਹਾਨ-ਲਾਭ ਬਾਰੇ ਸੋਚ ਕੇ ਆਪਣੀ ਦੁਨੀਆਵੀ ਜਿ਼ੰਦਗੀ ਹੋਰ ਬਿਹਤਰ ਬਣਾਉਣ ਦੀ ਕੋਸਿ਼ਸ਼ ਕਰਦਾ ਹੈ ਪਰ ਬੇਹਿਸਾਬਾ ਵਿਅਕਤੀ ਹਮੇਸ਼ਾਂ ਘਾਟੇ ਵਿੱਚ ਰਹਿੰਦਾ ਹੈ ਅਤੇ ਸੰਸਾਰੀ ਵੀ ਉਸ ਦੀ ਇਜ਼ਤ ਨਹੀਂ ਕਰਦੇ।

ਇਵੇਂ ਹੀ ਸਿੱਖ ਨੇ ਵੀ ਇਹ ਲੇਖਾ ਜੋਖਾ ਕਰਨਾ ਹੈ ਕਿ ਮੈ ਹੁਣ ਤੱਕ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ, ਫਿਲੌਸਫੀ ਅਤੇ ਇਤਿਹਾਸ ਤੋਂ ਕੀ ਸਿਖਿਆ ਹੈ? ਸਿੱਖ ਦੇ ਅਰਥ ਹੀ ਸਿਖਿਆਰਥੀ ਹਨ, ਜੋ ਹਮੇਸ਼ਾ ਸਿੱਖਦਾ ਰਹਿੰਦਾ ਹੈ। ਹਰੇਕ ਸਿੱਖ ਨੂੰ ਗੁਰਬਾਣੀ ਦਾ ਆਪ ਪਾਠ ਕਰਨਾ ਅਰਥ ਸਿੱਖਣੇ ਅਤੇ ਕਮਉਣੇ ਚਾਹੀਦੇ ਹਨ। ਸਿੱਖ ਰਹਿਤ ਮਰਯਾਦਾ, ਸਿੱਖ ਫਿਲੌਸਫੀ ਅਤੇ ਇਤਿਹਾਸ ਆਪ ਪੜਦੇ ਜਾਂ ਸੁਣਦੇ ਰਹਿਣਾ ਚਾਹੀਦਾ ਹੈ। ਭੇਖੀ ਸਾਧਾਂ-ਸੰਤਾਂ, ਸੰਪ੍ਰਦਾਈਆਂ ਅਤੇ ਪੁਜਾਰੀਆਂ ਤੇ ਹੀ ਨਿਰੀ ਟੇਕ ਨਹੀਂ ਰੱਖਣੀ ਚਾਹੀਦੀ, ਜੋ ਜੋਕਾਂ ਵਾਂਗ ਸਿੱਖ ਕੌਮ ਦਾ ਖੂਨ ਪੀਂਦੇ ਹੋਏ ਕੌਮ ਵਿੱਚ ਵਹਿਮ-ਭਰਮ, ਫੋਕਟ-ਕਰਮਕਾਂਡ, ਸੁੱਚ-ਭਿੱਟ, ਛੂਆ-ਛਾਤ ਅਤੇ ਜਾਤ-ਪਾਤ ਆਦਿ ਫਲਾ ਰਹੇ ਹਨ। ਜਿਨ੍ਹਾਂ ਨੇ ਅਰਸ਼ੀ ਸਿੱਖੀ ਨੂੰ ਪੱਥਰ ਯੁੱਗ ਦਾ ਧਰਮ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜੋ ਬ੍ਰਾਹਮਣੀ ਗ੍ਰੰਥਾਂ ਦੀਆਂ ਬੇ-ਫਜ਼ੂਲ ਮਿਥਿਹਾਸਕ ਕਥਾ-ਕਹਾਣੀਆਂ, ਗੁਰਦੁਆਰਿਆਂ ਵਿੱਚ ਸੁਣਾ-ਸੁਣਾ ਕੇ ਸਿੱਖੀ ਦਾ ਬ੍ਰਾਹਮਣੀਕਰਨ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਵਰਗੇ ਅਸ਼ਲੀਲ ਗੰਦੀ ਕਵਿਤਾ ਵਾਲੇ ਗ੍ਰੰਥ ਨੂੰ ਹਿੱਕ ਦੇ ਜੋਰ ਨਾਲ ਪ੍ਰਕਾਸ਼ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਘਟਾ ਕੇ ਸਿੱਖ ਸਿਧਾਤਾਂ ਦੀਆਂ ਜੜ੍ਹਾਂ ਵੱਢ ਰਹੇ ਹਨ।

ਨਵੇਂ ਸਾਲ ਵਿੱਚ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ?
 ਆਓ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਅਸੀਂ ਔਗੁਣਾਂ ਦਾ ਤਿਆਗ ਕਰਕੇ ਸ਼ੁਭ ਗੁਣ ਧਾਰਨ ਕਰਾਂਗੇ।
 ਧਰਮ ਦੀ ਕਿਰਤ ਕਰਦੇ ਹੋਏ ਵੰਡ ਛਕਾਂਗੇ ਅਤੇ ਅਕਾਲ ਪੁਰਖ ਦਾ ਨਾਮ ਜਪਾਂਗੇ।
 ਗੁਰਬਾਣੀ ਆਪ ਪੜ੍ਹਦੇ-ਪੜ੍ਹਾਂਦੇ, ਗਾਂਦੇ, ਵਿਚਾਰਦੇ ਅਤੇ ਧਾਰਦੇ ਹੋਏ ਹੋਰਨਾਂ ਨੂੰ ਵੀ ਸਿਖਾਵਾਂਗੇ, ਨਿਰਾ ਸਾਰੀ ਉਮਰ ਪਾਠੀਆਂ ਤੋਂ ਪਾਠ ਹੀ ਨਹੀਂ ਕਰਾਈ ਜਾਵਾਂਗੇ। ਹਰ ਗੁਰਦੁਆਰੇ ਨਾਲ ਲਾਇਬ੍ਰੇਰੀ, ਸਕੂਲ, ਕਾਲਜ ਅਦਿਕ ਖੋਲਾਂਗੇ ਜਿੱਥੇ ਦਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ ਜਾ ਸਕੇ।
 ਗੁਰਦੁਆਰਿਆਂ, ਧਰਮ-ਅਸਥਾਨਾਂ ਵਿੱਚ ਪੜ੍ਹੇ ਲਿਖੇ ਟ੍ਰੇਂਡ ਪ੍ਰਚਾਰਕਾਂ ਅਤੇ ਰਾਗੀ ਗ੍ਰੰਥੀਆਂ ਨੂੰ ਭਰਤੀ ਕਰਾਂਗੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ, ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਧਾਰਨੀ ਪ੍ਰਚਾਰਕ ਹੋਣ ਅਤੇ ਕਥਾ ਕੀਰਤਨ ਵਿੱਚ ਬ੍ਰਾਹਮਣੀ ਕਥਾ ਕਹਾਣੀਆਂ ਸੁਣਾ-ਸੁਣਾ ਕੇ ਸਿੱਖੀ ਦਾ ਭਗਵਾਕਰਨ ਨਾਂ ਕਰਨ।
 ਪੰਥ ਤੋਂ ਬਗੈਰ, ਕਿਸੇ ਭੇਖੀ ਸਾਧ-ਸੰਤ ਸੰਪ੍ਰਦਾਈ ਨੂੰ, ਮਾਨਤਾ ਨਹੀਂ ਦੇਵਾਂਗੇ ਅਤੇ ਨਾਂ ਹੀ ਆਪਣੇ ਜਾਂ ਆਪਣੇ ਤੋਂ ਵੱਡੀ ਕਿਸੇ ਵੀ ਹਸਤੀ ਦੇ ਨਾਂ ਦੇ ਅੱਗੇ ਜਾਂ ਪਿਛੇ ਸੰਤ ਸ਼ਬਦ ਵਰਤਾਂਗੇ ਸਗੋਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਨਾਮ ਭਾਈ, ਬਾਬਾ, ਸਿੰਘ ਅਤੇ ਕੌਰ ਸ਼ਬਦਾਂ ਦੀ ਵਰਤੋਂ ਕਰਾਂਗੇ।
 ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੋਥੀ ਜਾਂ ਅਖੌਤੀ ਦਸਮ ਗ੍ਰੰਥ ਆਦਿ ਦਾ ਪ੍ਰਕਾਸ਼ ਨਹੀਂ ਕਰਾਂਗੇ ਅਤੇ ਨਾਂ ਹੀ ਕਿਸੇ ਦੋਖੀ ਨੂੰ ਕਰਨ ਦੇਵਾਂਗੇ। ਨਂੋਟ-ਡੇਰੇਦਾਰ ਤੇ ਟਕਸਾਲੀ ਅਜਿਹਾ ਅਨਰਥ ਸ਼ਰੇਆਮ ਕਰ ਰਹੇ ਹਨ।
 ਸਿੱਖ ਗੁਰਦੁਆਰਿਆਂ ਤੇ ਫਿਰ ਆਪਣੇ ਘਰਾਂ ਵਿੱਚੋਂ ਕੁੰਭ, ਨਾਰੀਅਲ, ਜੋਤਾਂ, ਮੌਲੀਆਂ, ਹਵਨ ਨੁਮਾਂ ਗੁਗਲ ਦੀਆਂ ਧੂਫਾਂ ਅਤੇ ਹਵਨ ਸਮੱਗਰੀਆਂ ਕੱਢਾਂਗੇ। ਗੁਰੂ ਗ੍ਰੰਥ ਸਹਿਬ ਜੀ ਦੇ ਪਾਠ ਨਾਲ ਇਹ ਸਾਰੀ ਬ੍ਰਾਹਮਣੀ ਪੂਜਾ ਸਮੱਗਰੀ ਨਹੀਂ ਰੱਖਾਂਗੇ ਅਤੇ ਨਾਂ ਹੀ ਕਿਸੇ ਨੂੰ ਰੱਖਣ ਦਿਆਂਗੇ।
 ਮਾਰੂ ਨਸਿਆਂ ਦਾ ਤਿਆਗ ਕਰਦੇ ਹੋਏ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਾਂਗੇ ਕਿਉਂਕਿ ਨਸਿਆਂ ਨਾਲ ਜਿੱਥੇ ਧੰਨ ਬਰਬਾਦ ਹੁੰਦਾ, ਬੇਇਜ਼ਤੀ ਹੁੰਦੀ, ਭਿਆਨਕ ਰੋਗ ਲਗਦੇ ਹਨ ਓਥੇ ਮਤਿ ਵੀ ਮਾਰੀ ਜਾਂਦੀ ਹੈ-ਜਿਤੁ ਪੀਤੈ ਮਤਿ ਦੂਰਿ ਹੋਏ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ...ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥(554)
 ਔਰਤ ਦਾ ਮਰਦ ਦੇ ਬਰਾਬਰ ਸਨਮਾਨ ਕਰਾਂਗੇ, ਧੀਆਂ ਦੀ ਭਰੂਣ ਹਤਿਆ ਨਹੀਂ ਕਰਾਂਗੇ ਕਿੳਂੁਂਕਿ ਇਹ ਮਾਨ ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਨੇ ਬਖਸ਼ਦਿਆਂ ਫੁਰਮਾਇਆ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (473) ਜੇ ਮਰਦ ਗੁਰਬਾਣੀ ਦਾ ਪਾਠ ਕਥਾ ਕੀਰਤਨ ਗੁਰੂ ਘਰ ਦੀ ਹਰੇਕ ਪ੍ਰਕਾਰ ਸੇਵਾ ਕਰ ਸਕਦਾ ਹੈ ਤਾਂ ਔਰਤ ਵੀ ਇਹ ਸਭ ਕੁਝ ਕਰ ਸਕਦੀ ਹੈ ਪਰ ਸੰਪ੍ਰਦਾਈ ਤੇ ਕੇਸਾਧਾਰੀ ਬ੍ਰਾਹਮਣੀ ਟੋਲੇ ਅਜੋਕੇ ਸਿੰਘ ਸਹਿਬਾਨ ਰੂਪੀ ਆਦਿਕ ਅਖੌਤੀ ਆਗੂਆਂ ਨੇ ਬ੍ਰਹਾਮਣਾਂ ਵਾਂਗ ਹੀ ਸਿੱਖ ਔਰਤਾਂ ਤੇ ਵੀ ਅਜਿਹੀ ਮੰਨੂਵਾਦੀ ਪਾਬੰਦੀ ਲਾ ਰੱਖੀ ਹੈ, ਜਿਸ ਨੂੰ ਰਲ ਕੇ ਤੋੜਾਂਗੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਬੀਬੀਆਂ ਨੂੰ 52 ਪੀਹੜੇ ਬਖਸ਼ੇ ਸਨ।
 ਸਿੱਖ ਧਰਮ ਦੇ ਦਰਵਾਜੇ ਸਭ ਮਾਈ ਭਾਈ ਲਈ ਖੁਲ੍ਹੇ ਰੱਖਾਂਗੇ ਕਿਉਂਕਿ-ਸਭੇ ਸਾਂਝੀਵਾਲ ਸਦਾਇਨਿ (97) ਅਤੇ ਉਪਦੇਸੁ਼ ਚਹੁ ਵਰਨਾ ਕਉ ਸਾਂਝਾ (747)
 ਵੱਧ ਤੋਂ ਵੱਧ ਬੋਲੀਆਂ (ਭਾਸ਼ਾਵਾਂ) ਵਿੱਚ ਗੁਰਬਾਣੀ, ਸਿੱਖ ਇਤਿਹਾਸ ਅਤੇ ਫਿਲੌਸਫੀ ਆਦਿਕ ਦਾ ਪ੍ਰਚਾਰ ਬੜੀ ਫਰਾਕ ਦਿਲੀ ਨਾਲ ਕਰਾਂਗੇ। ਇਹ ਸਭ ਗੁਰੂ ਦੀ ਗੋਲਕ ਨਾਲ ਅਤੇ ਸਿੱਖਾਂ ਦੇ ਦਸਵੰਧ ਨਾਲ ਹੋ ਸਕਦਾ ਹੈ। ਅੱਜ ਕੱਲ੍ਹ ਅਖਬਾਰਾਂ, ਰਸਾਲੇ, ਸੀਡੀਆਂ, ਟੀ.ਵੀ.,ਮੂਵੀਆਂ ਅਤੇ ਇੰਟ੍ਰਨੈੱਟ ਆਦਿਕ ਦਾ ਜੁੱਗ ਹੈ। ਇਸ ਸਭ ਪ੍ਰਕਾਰ ਦੇ ਮੀਡੀਏ ਰਾਹੀਂ ਸਿੱਖੀ ਦਾ ਪ੍ਰਚਾਰ ਕਰਾਂਗੇ, ਇਸ ਨੂੰ ਗੁਰਬਾਣੀ ਦਾ ਪ੍ਰਚਾਰ ਸਮਝਾਂਗੇ ਨਾ ਕਿ ਬੇਅਦਬੀ।
 ਕੁਝ ਸਵੇਦਨਸ਼ੀਲ ਮਸਲੇ ਜਿਵੇਂ ਰਾਗ ਮਾਲਾ, ਅਖੌਤੀ ਦਸਮ ਗ੍ਰੰਥ, ਸਿੱਖ ਬੀਬੀਆਂ ਦੀ ਸ੍ਰ਼ੀ ਦਰਬਾਰ ਸਾਹਿਬ ਵਿਖੇ ਕੀਰਤਨ ਅਤੇ ਪੰਜਾਂ ਪਿਆਰਿਆਂ ਵਿੱਚ ਖੰਡੇ ਪਾਹੁਲ ਦੀ ਸੇਵਾ, ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾਂ ਆਦਿਕ ਨੂੰ ਫੌਰਨ ਬੜੀ ਦ੍ਰਿੜਤਾ ਅਤੇ ਸੁਹਿਰਦਤਾ ਨਾਲ, ਨਿਕਟ ਭਵਿੱਖ ਵਿੱਚ ਹੱਲ ਕਰਾਂਗੇ।
 ਆਏ ਦਿਨ ਸਾਧਾਂ ਸੰਪ੍ਰਦਾਈਆਂ ਦੇ ਦਬਾਅ ਥੱਲੇ ਆ ਕੇ, ਅਖੌਤੀ ਜਥੇਦਾਰਾਂ ਵਲੋਂ, ਪੰਥਕ ਵਿਦਵਾਨਾਂ ਨੂੰ ਪੰਥ ਵਿੱਚੋ ਛੇਕਣਾ ਅਤੇ ਛੇਕਣ ਦੀਆਂ ਧਮਕੀਆਂ ਦੇਣ ਦੀ ਬਜਾਏ ਸਗੋਂ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਚਲਾ ਕੇ ਵਿਚਾਰ ਵਿਟਾਂਦਰੇ ਅਤੇ ਪ੍ਰੇਮ ਪਿਆਰ ਰਾਹੀਂ ਮਸਲੇ ਹੱਲ ਕੀਤੇ ਜਾਣ।
 ਪੰਥਕ ਅਖ਼ਬਾਰਾਂ, ਰਸਾਲੇ, ਰੇਡੀਓ, ਲਿਖਾਰੀ ਅਤੇ ਜੋ ਅਦਾਰੇ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਅਤੇ ਸਿੱਖ ਰਹਿਤ ਮਰਯਾਦਾ ਦਾ ਡਟ ਕੇ ਪ੍ਰਚਾਰ ਕਰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇ।
 ਜੋ ਡੇਰੇ ਜਾਂ ਗੁਰਦੁਆਰੇ ਸ਼੍ਰੀ ਅਕਾਲ ਤਖ਼ਤ ਦੀ ਮਰਯਾਦਾ ਨੂੰ ਨਹੀਂ ਮੰਨਦੇ ਓਥੇ ਜਾਣਾ ਅਤੇ ਖੂਨ ਪਸੀਨੇ ਦੀ ਕੀਤੀ ਕਮਾਈ ਚੋਂ ਭੇਟਾ ਚੜਾਉਣੀ ਬੰਦ ਕੀਤੀ ਜਾਵੇ ਜੋ ਕੌਮੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।
 ਛੁੱਟੀਆਂ ਜਾਂ ਜਦੋਂ ਵੀ ਵਿਹਲ ਮਿਲੇ ਇਸਾਈ ਮਿਸ਼ਨਰੀਆਂ ਦੀ ਤਰ੍ਹਾਂ ਡੋਰ-ਟੂ ਡੋਰ ਹਰੇਕ ਮਾਈ ਭਾਈ ਪ੍ਰਚਾਰ ਕਰੇ ਅਤੇ ਗੁਰਮਤਿ ਸਬੰਧੀ ਵਧੀਆ ਲਿਟ੍ਰੇਚਰ ਵੰਡਿਆ ਜਾਵੇ। ਜੇ ਅਜਿਹਾ ਕਰਦੇ ਹਾਂ ਤਾਂ ਨਵਾਂ ਸਾਲ ਮੁਬਾਰਕ ਤੇ ਭਾਗਾਂਵਾਲਾ ਹੋ ਸਕਦਾ ਹੈ ਵਰਨਾਂ ਰਸਮੀ ਪਾਠ, ਕੀਰਤਨ, ਕਥਾ, ਢਾਡੀ ਦਰਬਾਰਾਂ, ਵੰਨ ਸੁਵੰਨੇ ਲੰਗਰ ਅਤੇ ਡੈਕੋਰੇਸ਼ਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਜਿਨ੍ਹਾਂ ਚਿਰ ਗੁਰੂ ਬਾਬਾ ਨਾਨਕ ਜੀ ਦੀ ਸੱਚੀ ਸੁੱਚੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਨਹੀਂ ਅਪਨਉਂਦੇ ਅਤੇ ਉਸ ਦਾ ਪ੍ਰਚਾਰ ਅਮਲੀ ਰੂਪ ਵਿੱਚ ਨਹੀਂ ਕਰਦੇ। ਪੁਜਰੀਵਾਦ, ਸਾਧਵਾਦ, ਭੇਖਵਾਦ, ਸੁੱਚ-ਭਿਟ, ਭਰਮ ਅਤੇ ਪਾਖੰਡਵਾਦ ਤੋਂ ਗੁਰੂ ਗਿਆਨ ਆਸਰੇ ਬਚ ਜਾਈਏ ਤਾਂ ਨਵਾਂ ਸਾਲ ਮੁਬਾਰਕ ਹੈ।

ਅਵਤਾਰ ਸਿੰਘ ਮਿਸ਼ਨਰੀ (5104325827)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top