Share on Facebook

Main News Page

‘ਗੁਰੂ ਨਾਨਕ ਬਾਣੀ ਦੀ ਕਸਵਟੀ’

ਇਹ ਸਵਾਲ ਜੇਕਰ ਖੜਾ ਹੋ ਜਾਏ, ਤਾਂ ਸਿੱਖੀ ਦੇ ਫ਼ਲਸਫ਼ੇ ਵਿੱਚ ਜਿਗਿਆਸਾ ਰੱਖਣ ਵਾਲੇ ਕਿਸੇ ਵੀ ਚਿੰਤਕ ਲਈ ਇਹ ਸਵਾਲ ਬੜਾ ਅਹਿਮ ਅਤੇ ਵਿਚਾਰਣ ਯੋਗ ਹੋ ਸਕਦਾ ਹੈ ਕਿ ਸਿੱਖੀ ਦੇ ਫ਼ਲਸਫ਼ੇ ਵਿੱਚ ‘ਗੁਰੂ ਨਾਨਕ ਬਾਣੀ ਦੀ ਕਸਵਟੀ’ ਦੀ ਵਰਤੋਂ ਦਾ ਕੀ ਸਤਲਬ ਹੈ? ਇਸ ਸਵਾਲ ਦੇ ਉੱਤਰ ਵਿੱਚ ਪਹਿਲੇ ਅਸੀਂ ਸਿੱਖੀ ਦੇ ਫ਼ਲਸਫ਼ੇ ਦੇ ਅੰਦਰ ਗੁਰੂ ਨਾਨਕ ਜੀ ਦੇ ਸਥਾਨ ਨੂੰ ਸਮਝਣ ਦਾ ਜਤਨ ਕਰਾਂਗੇ ਤਾਂ ਕਿ ਇਸ ਦੀ ਰੋਸ਼ਨੀ ਵਿੱਚ ਕੁੱਝ ਮਹੱਤਵਪੁਰਣ ਵਿਸ਼ੇਆਂ ਤੇ ‘ਗੁਰੂ ਨਾਨਕ ਬਾਣੀ ਦੀ ਕਸਵਟੀ’ ਦੀ ਵਰਤੋਂ ਨੂੰ ਸਮਝਣ ਵਿੱਚ ਅਸਾਨੀ ਹੋ ਸਕੇ।ਅਸੀਂ ਸੰਖੇਪ ਰੂਪ ਵਿੱਚ, ਹੋਠ ਲਿਖੇ ਨੁੱਕਤਿਆਂ ਰਾਹੀਂ ਸਿੱਖੀ ਦੇ ਦਰਸ਼ਨ ਵਿੱਚ ਗੁਰੂ ਨਾਨਕ ਜੀ ਦੇ ਸਥਾਨ ਨੂੰ ਸਮਝ ਸਕਦੇ ਹਾਂ:

(1) ਉਹ ਬਰਾਬਰ ਦੇ ਗੁਰੂਆਂ ਵਿੱਚੋਂ ਪਹਿਲੇ (First Amomg Equals) ਗੁਰੂ ਸਨ।

(2) ਗੁਰੂ ਨਾਨਕ ਸਿੱਖੀ ਦੇ ਫ਼ਲਸਫ਼ੇ ਨੂੰ ਪ੍ਰਗਟ ਕਰਨ ਦਾ ਸ਼ੁਰੂਆਤੀ ਨੁੱਕਤਾ ਹਨ। ਯਾਨੀ ਕਿ ਇੱਕ ਕੇਂਦਰ ਵਾਂਗ, ਮੁੱਡਲੇ ਅਧਾਰ ਵਰਗਾ!

(3) ਇਹ ਉਹੀ ਸਨ ਜਿਨ੍ਹਾਂ ਨੇ ਸਿੱਖ ਦਰਸ਼ਨ ਦੀ ਨੀਂਹ ਰੱਖੀ ਅਤੇ ਭਾਈ ਲਹਿਣੇ ਜੀ ਨੂੰ ਆਪਣੇ ਸਥਾਨ ਤੇ ਨਿਯੁਕਤ ਕਰਕੇ ਸਿੱਖ ਭਾਈਚਾਰੇ ਨੂੰ ਇੱਕੋ ਫ਼ਲਸਫ਼ੇ ਅਤੇ ‘ਇੱਕ ਕੋਮੀ ਪ੍ਰਬੰਧ’ ਹੋਠ ਇੱਕਠਾ ਕਰਨ ਦੀ ਜੁਗਤ ਕੀਤੀ ਤਾਂ ਕਿ ਇਹ ਭਾਈਚਾਰਾ ਗੁਰੂ ਦੇ ਦਰਸ਼ਨ ਦੀ ਰੋਸ਼ਨੀ ਵਿੱਚ ਨਿਰੋਲ ਮਾਨਵਤਾਵਾਦੀ ਵਿਚਾਰਧਾਰਾ ਨੂੰ ਲੇ ਕੇ ਤੁਰਦਾ ਸੰਸਾਰ ਵਿੱਚ ਸਰਬਤ ਦੇ ਭਲੇ ਦੀ ਚਾਹ ਰਾਹੀਂ ਆਪਣਾ ਜੀਵਨ ਸਫ਼ਲ ਕਰਨ ਦੀ ਕੋਸ਼ੀਸ਼ ਕਰਦਾ ਰਹੇ।ਨਿਰਸੰਦੇਹ ਗੁਰੂ ਅੰਗਦ ਨੇ ਆਪਣੇ ਬਾਦ ਗੁਰੂ ਅਮਰਦਾਸ ਜੀ ਨੂੰ ਗੁਰੂ ਘੋਸ਼ਤ ਕਰਕੇ ਗੁਰੂ ਨਾਨਕ ਦੀ ਦੱਸੀ ਹੋਈ ਜੁਗਤ ਦਾ ਹੀ ਪਾਲਨ ਕੀਤਾ ਸੀ ਅਤੇ ਇਸੀ ਜੁਗਤ ਦੀ ਰੋਸ਼ਨੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਘਰ ਪਾਸਿਯੋਂ ਪ੍ਰਾਪਤ ਹੋਏ ਆਪਣੇ ਅਧਿਕਾਰ (Prerogative) ਦਾ ਇਸਤੇਮਾਲ ਕਰ ਕੇ, ਸਿੱਖਾਂ ਨੂੰ ਆਖ਼ਿਰਕਾਰ, ਵਿਚਾਰਧਾਰਾ ਦੀ ‘ਹੀ’ ਸਿਰਮੋਰਤਾ ਦੇ ਹਵਾਲੇ ਕਰਦੇ ਹੋਏ ਉਨ੍ਹਾਂ ਨੂੰ ਨਾਨਕ ਫ਼ਲਸਫ਼ੇ ਦੇ ਆਚਰਣ ਦੀ ਜਿੰਮੇਦਾਰੀ ਸੋਂਪੀ। ਯਾਨੀ ‘ਇੱਕੋ ਜੁਗਤ’, ਇੱਕ ਤੋਂ ਦੂਜੇ ਤਕ, ਬਾ-ਤਰਤੀਬ ਤੁਰਦੀ ਰਹੀ।

(4) ਸਮੁੱਚੇ ਸਿੱਖੀ ਦੇ ਦਰਸ਼ਨ ਵਿੱਚ ਗੁਰੂ ਨਾਨਕ ਦੀ ਰੱਬੀ ਵਿਚਾਰਧਾਰਾ ਦੀ ਰੋਸ਼ਨੀ ਦਾ ਹੀ ਪ੍ਰਕਾਸ਼ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਸਿੱਖੀ ਦੇ ਦਰਸ਼ਨ ਨੂੰ ਅਧਾਰ ਦੇਣ ਵਾਲੇ ਸਨ। ਬਾਦ ਦੇ ਗੁਰੂਆਂ ਵਲੋਂ ਗੁਰੂ ਨਾਨਕ ਜੀ ਦੇ ਨਾਮ ਅਤੇ ਮੂਲਮੰਤਰ (Basic Understanding) ਦਾ ਬਾਰ-ਬਾਰ ਬਾਣੀ ਵਿੱਚ ਜ਼ਿਕਰ ਕਰਦੇ ਤੁਰਨਾ ਇਸ ਗੱਲ ਦਾ ਅਕੱਟ ਪ੍ਰਮਾਣ ਹੈ ਕਿ ਉਹ ਸਾਰੇ ਗੁਰੂ ਨਾਨਕ ਦੇ ਫ਼ਲਸਫ਼ੇ ਦੀ ਹੀ ਗੱਲ ਕਰਦੇ ਹਨ। ਮੂਲ ਮੰਤਰ ਅਤੇ ‘ਨਾਨਕ’ ਨਾਮ ਦੀ ਇਸ ਵਰਤੋਂ ਦਾ ਮਤਲਭ ਇੱਕ ‘ਛਾਪ’ ਮਾਤਰ ਨਹੀਂ ਸੀ।ਬਲਕਿ ਇਸ ਦਾ ਮਤਲਭ ਇਹ ਸਪਸ਼ਟ ਕਰਦੇ ਜਾਣਾ ਸੀ ਕਿ ਬਾਣੀ ਰਾਹੀਂ ਗੁਰੂ ਨਾਨਕ ਦਾ ਫ਼ਲਸਫ਼ਾ ਹੀ ਲਿਖਿਆ ਜਾ ਰਿਹਾ ਸੀ ਜਿਸ ਵਿੱਚ ਕੁੱਝ ਹੋਰ ਰਚਨਾਵਾਂ ਨੂੰ, ਨਾਨਕ ਫ਼ਲਸਫ਼ੇ ਦੇ ਹਮ-ਖ਼ਯਾਲੀ ਰੂਪ ਕਾਰਣ, ਬਾ-ਤੋਰ ਬਾਣੀ ਸਤਿਕਾਰਿਆ ਗਿਆ ਸੀ। ਇਹ ਨਿਰਨੇ ਗੁਰੂਆਂ ਦੇ ਸਨ।ਗੁਰੂ ਨਾਨਕ ਨੇ ਗੁਰੂ ਅੰਗਦ ਦੇ ਹਵਾਲੇ ਬਾਣੀ (ਆਪਣੀ ਹੱਥ ਲਿਖਤ ਬਾਣੀ ਦਾ ਸੋਮਾਂ) ਵੀ ਕੀਤੀ ਅਤੇ ਉਸ ਦੀ ਸਮਝ ਵੀ।ਨਾਲ ਹੀ, ਨਿਰਸੰਦੇਹ, ਸਿਧਾਂਤਕ ਨਿਰਨੇ ਲੇਣ ਦਾ ਅਧਿਕਾਰ ਵੀ। ਬਾਣੀ ਤਾਂ ਭਾਈ ਲਹਿਣੇ ਦੇ ਹਿਰਦੇ ਅਤੇ ਸਮਝ ਵਿੱਚ ਪਹਿਲਾਂ ਹੀ ਸੀ ਪਰ ਉਹ ਉਦੋਂ ਤਕ ਗੁਰੂ ਨਹੀਂ ਸਨ ਜਿਦੋਂ ਤਕ ਗੁਰੂ ਨਾਨਕ ਨੇ ਉਨ੍ਹਾਂ ਨੂੰ ਗੁਰੂ ਹੋਂਣ ਦਾ ਆਧਿਕਾਰ ਨਹੀਂ ਦਿੱਤਾ। ਬਾਣੀ ਤਾਂ ਉਦੋਂ ਵੀ ਸਭ ਲਈ ਉਪਲੱਬਧ ਸੀ ਜਿਵੇਂ ਕਿ ਅੱਜ ਵੀ ਸਾਡੇ ਪਾਸ ਹੈ। ਪਰ ਵਿਸ਼ੇਸ਼ ਨਿਰਣੈ ਲੈਣ ਦਾ ਅਧਿਕਾਰ ਗੁਰੂ ਅੰਗਦ ਪਾਸ ਹੀ ਸੀ ਜਿਨ੍ਹਾਂ ਨੇ ਗੁਰੂ ਨਾਨਕ ਦੀ ਦਿੱਤੀ ਹਿਦਾਯਤ ਅਨੁਸਾਰ ਹੀ ਇਸਦਾ ਇਸਤੇਮਾਲ ਬਾਣੀ ਲਿਖਣ ਅਤੇ ਗੁਰੂ ਅਮਰਦਾਸ ਜੀ ਨੂੰ ਅਗਲਾ ਗੁਰੂ ਘੋਸ਼ਤ ਕਰਨ ਲਈ ਕੀਤਾ।

ਇਸ ਪਰਿਪੇਖ ਵਿੱਚ ਹੀ ਇਹ ਸਵਾਲ ਵਿਚਾਰ ਮੰਗਦਾ ਹੈ ਕਿ, ਕੀ ਬਾਣੀ ਦੇ ਅਰਥ-ਭਾਵਅਰਥ ਕਰਦੇ ਅਸੀਂ ਕੇਵਲ ਗੁਰੂ ਨਾਨਕ ਦੀ ਕਹੀ ਗੱਲ ਨੂੰ ਅਧਾਰ ਬਣਾਈਏ? ਜ਼ਾਹਿਰ ਤੋਰ ਤੇ ਇਹ ਤਰਕ ਕਿਸੇ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ ਕਿ ਜੋਕਰ ਗੁਰੂ ਨਾਨਕ ਸਿੱਖ ਫ਼ਲਸਫ਼ੇ ਦੇ ਮੋਢੀ ਸਨ ਤਾਂ ਫ਼ਿਰ ਗੁਰਮਤਿ ਨਿਰਨਾ ਕਰਨ ਵੇਲੇ ਗੁਰੂ ਨਾਨਕ ਦੀ ਕਹੀ ਗੱਲ ਹੀ ਕਸਵਟੀ ਹੋਣੀ ਚਾਹੀਦੀ ਹੈ। ਇਸ ਤਰਕ ਵਿੱਚ ਗੁਰੂ ਨਾਨਕ ਦੀ ਸਿਰਮੋਰਤਾ ਨਜ਼ਰ ਆਉਂਦੀ ਹੈ ਜੋ ਕਿ ਹੈ ਵੀ। ਪਰ ਜੇ ਸੁਚੇਤ ਨਾ ਹੋਈਏ ਤਾਂ ਇਸ ਵਿੱਚ ਵੱਡਾ ਭੁਲੇਖਾ ਵੀ ਪੇ ਸਕਦਾ ਹੈ। ਕਿਉਂਕਿ ਹੋ ਸਕਦਾ ਹੈ ਕਿ ਕੋਈ ਵਿਸ਼ੇਸ਼ ਨਿਰਨਾ, ਜਿਸ ਨੂੰ ਕੇ ਅਸੀਂ (ਆਪਣੇ ਤੋਰ ਤੇ, ਬਿਨਾ ਬਾਕੀ ਬਾਣੀ ਵਿਚਾਰੇ) ਗੁਰੂ ਨਾਨਕ ਦੀ ਬਾਣੀ ਦਾ ਨਿਰਨਾ ਦੱਸ ਰਹੇ ਹੋਈਏ ਦਰਅਸਲ ਉਹ ਗੁਰੂ ਨਾਨਕ ਦਾ ਨਿਰਨਾ ਨਾ ਹੁੰਦੇ ਹੋਏ ਕੇਵਲ ਸਾਡੀ ‘ਨਿਜੀ ਸਮਝ’ ਹੀ ਹੋਵੈ। ਜੇਕਰ ਨਾਨਕ ਬਾਣੀ (ਕੇਵਲ ਗੁਰੂ ਨਾਨਕ ਜੀ ਦੀ ਲਿਖਤ) ਦੀ ਕਸਵਟੀ ਨੂੰ ਅਸੀਂ ਆਪ ਪੁਰਾ ਸਮਝ ਸਕਦੇ ਹਾਂ ਅਤੇ ਸਿਧਾਂਤਕ ਨਿਰਨੇ ਲੇ ਸਕਦੇ ਹਾਂ ਤਾਂ ਬਾਕੀ ਬਾਣੀ ਦੀ ਲੋੜ ਕੀ ਹੈ? ਇਸ ਸਵਾਲ ਤੇ ਸੰਜੀਦਗੀ ਨਾਲ ਵਿਚਾਰ ਦੀ ਲੋੜ ਹੈ।
ਚਰਚਾ ਲੰਭੀ ਨਾ ਹੋਵੇ ਇਸ ਲਈ ਸੰਖੇਪ ਵਿੱਚ ਗੁਰੂ ਨਾਨਕ ਤੋਂ ਗੁਰੂ ਅੰਗਦ ਦੀ ਵਿਚਾਰ ਹੀ ਕਰਾਂ ਗੇ। ਅਗੇ ਤੁਰਨ ਤੋਂ ਪਹਿਲਾਂ ਇੱਥੇ ਇੱਕ ਸਵਾਲ ਖੜਾ ਕਰਨਾ ਵਾਜਬ ਬੰਣਦਾ ਹੈ: ਗੁਰੂ ਨਾਨਕ ਨੇ ਕਿਸ ਅਧਾਰ ਤੇ ਭਾਈ ਲਹਿਣਾ ਨੂੰ ਅਗਲਾ ਰਹਿਬਰ ਸਥਾਪਤ ਕੀਤਾ ਸੀ? ਉੱਤਰ ਸਪਸ਼ਟ ਹੈ: ਕਿਉਂਕਿ ਭਾਈ ਲਹਿਣਾ ਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਇਸ ਦੀ ਦੀ ਸੰਪੁਰਣਤਾ ਵਿੱਚ ਸਮਝਣ ਵਾਲੇ ਅਤੇ ਉਸ ਨੂੰ ਅੱਗੇ ਤੋਰਨ ਲਈ ਸਭ ਤੋਂ ਟੁੱਕਵੀਂ ਸ਼ਖਸੀਅਤ ਸਨ ਇਸ ਲਈ, ਇਸੇ ਅਧਾਰ ਤੇ ਚੋਂਣ ਕਰਕੇ ਗੁਰੂ ਨਾਨਕ ਨੇ, ਆਪਣਾ ਸੰਪੁਰਣ ਦਰਸ਼ਨ ਸਮਝਾਉਂਦੇ ਹੋਏ,ਭਾਈ ਲਹਿਣਾ ਜੀ ਨੂੰ ਅਗਲਾ ਗੁਰੂ ਥਾਪਿਆ ਸੀ!

ਨਿਰਸੰਦੇਹ ਆਪਣੇ ਸਮੇਂ ਗੁਰੂ ਅੰਗਦ, ਗੁਰੂ ਨਾਨਕ ਜੀ ਦੇ ਦਰਸ਼ਨ ਨੂੰ ਸਭ ਤੋਂ ਜ਼ਿਆਦਾ ਅਤੇ ਸਭ ਤੋਂ ਬੇਹਤਰ ਜਾਣਦੇ ਸੀ। ਇਹੀ ਪਰੰਪਰਾ ਗੁਰੂ ਅੰਗਦ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ ਤੁਰੀ ਜਿਸ ਵਿੱਚ ਦਰਸ਼ਨ ਅਤੇ ਕੋਮੀ ਪ੍ਰਬੰਧ ਦੇ ਉਨ੍ਹਾਂ ਅਹਿਮ ਨੁੱਕਤਿਆਂ ਦਾ ਖ਼ਿਆਲ ਵੀ ਰਖਿਆ ਗਿਆ ਜਿਨ੍ਹਾ ਨੂੰ ਮੱਧੇ-ਨਜ਼ਰ ਰੱਖਦੇ ਗੁਰੂ ਨਾਨਕ ਨੇ ਭਾਈ ਲਹਿਣਾ ਦੀ ਚੋਂਣ ਕੀਤੀ ਸੀ। ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਬਾਣੀ ਲਿੱਖਣ ਵਾਲੇ ਬਾਕੀ ਗੁਰੂ ਨਾਨਕ ਪਾਤਿਸ਼ਾਹ ਦੇ ਦਰਸ਼ਨ ਨਾਲੋਂ ਸੰਪੁਰਣ ਤੋਰ ਤੇ ਜਾਂਣੁ ਸਨ। ਫ਼ਲਸਫ਼ੇ ਦੀ ਇਹੀ ਸੰਪੁਰਣ ਸਮਝ ਗੁਰਤਾ ਦੀ ਮੁੱਡਲੀ ਕਸਵਟੀ ਹੁੰਦੀ ਸੀ। ਬਾਣੀ ਲਿਖਣਾ ਜਾਂ ਨਾ ਲਿਖਣਾ ਕੋਈ ਲਾਜ਼ਮੀ ਕਸਵਟੀ ਨਹੀਂ ਸੀ। ਗੱਲ ਕੇਵਲ ਸਿਧਾਂਤਕ ਸਮਝ ‘ਹੇਠ’ ਗੁਰੂਆਂ ਦੇ ਆਪਣੇ ਅਧਿਕਾਰ ਖ਼ੇਤਰ ਦੀ ਸੀ।

ਨਿਰਸੰਦੇਹ ਸਿੱਖੀ ਦੇ ਦਰਸ਼ਨ ਦੀ ਮੁੱਡਲੀ ਕਸਵਟੀ ਗੁਰੂ ਨਾਨਕ ਦੀ ਵਿਚਾਰਧਾਰਾ ਹੀ ਹੈ। ਪਰ ਸਵਾਲ ਇਹ ਹੈ ਕਿ ਗੁਰੂ ਨਾਨਕ ਦੇ ਦਰਸ਼ਨ ਨੂੰ ਇਸ ਦੇ ਡੁੰਗੇ ਸੰਧਰਭਾਂ ਵਿੱਚ ਸਭ ਤੋਂ ਜ਼ਿਆਦਾ ਕਿਸ ਨੇ ਸਮਝਿਆ ਹੈ? ਕਿਸੇ ਸੰਸਥਾ ਨੇ, ਕਿਸੇ ਟੀਕਾਕਾਰ ਨੇ, ਕਿਸੇ ਚਿੰਤਕ ਨੇ ਜਾਂ ਫ਼ਿਰ ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਜੀ ਨੇ ਜਿਨ੍ਹਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ-ਸੰਪਾਦਨ ਕੀਤਾ?

ਕੀ ਕੋਈ ਵੀ ਜਾਗਰੂਕ ਇਹ ਦਾਵਾ ਕਰ ਸਕਦਾ ਹੈ ਕਿ ਉਹ ਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਬਾਕੀ ਗੁਰੂਆਂ ਨਾਲੋਂ ਜ਼ਿਆਦਾ ਜਾਣਦਾ ਹੈ? ਜੇਕਰ ਕੋਈ ਵੀ ਸੱਜਣ ਇਹ ਦਾਵਾ ਕਰ ਸਕੇ ਕਿ ਉਹ ਗੁਰੂ ਨਾਨਕ ਦੇ ਦਰਸ਼ਨ ਨੂੰ ਬਾਦ ਦੇ ਗੁਰੂਆਂ ਨਾਲੋਂ ਜ਼ਿਆਦਾ ਜਾਣਦਾ ਹੈ, ਤਾਂ ਹੀ ਉਹ ‘ਕੇਵਲ ਗੁਰੂ ਨਾਨਕ ਦੀ ਬਾਣੀ’ ਦੀ ਕਸਵਟੀ ਤੇ ‘ਕੇਵਲ ਆਪਣੀ ਗੱਲ’ ਨੂੰ ਸਹੀ ਕਹਿ ਸਕਦਾ ਹੈ।ਸਿੱਖੀ ਦਰਸ਼ਨ ਦੇ ਸੋਮੇਂ, ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਸਮਝਣ ਦਾ ਜਤਨ ਕਰਨਾ ਹਰ ਜਿਗਿਆਸੂ ਹਰ ਚਿੰਤਕ ਦਾ ਹੱਕ ਹੈ।ਇੱਸ ਵਿੱਚ ਅਰਥਾਂ-ਭਾਵਅਰਥਾਂ ਬਾਰੇ ਵੱਖੋ-ਵੱਖ ਸਮਝ ਵੀ ਹੋ ਸਕਦੀ ਹੈ। ਪਰ ਇੱਕ ਗੱਲ ਜੋ ਕਿ ਪੱਕੀ ਹੈ ਉਹ ਇਹ ਹੈ ਕਿ ਬਾਣੀ ਲਿਖਣ ਅਤੇ ਪਰਵਾਣ ਕਰਨ ਵਾਲੇ ਗੁਰੂ ਇੱਸ ਨੂੰ ‘ਇੱਕ ਮਤਿ-ਇੱਕ ਸਾਰ’ ਚੰਗੀ ਤਰ੍ਹਾਂ ਜਾਣਦੇ ਸੀ।ਇਸ ਲਈ ਗੁਰੂ ਨਾਨਕ ਦੀ ਕਸਵਟੀ ਨੂੰ ਆਪ ਵਰਤਨ ਤੋਂ ਪਹਿਲਾਂ ਸਾਨੂੰ ਉਹ ਬਾਣੀ ਵੀ ਪੜਨੀ ਅਤੇ ਸਵੀਕਾਰਨੀ ਚਾਹੀਦੀ ਹੈ ਜੋ ਨਿਰਸੰਦੇਹ ਗੁਰੂ ਨਾਨਕ ਦੀ ਕਸਵਟੀ ਤੇ ਪੁਰੀ ਉਤਾਰ ਕੇ ਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ ਹੈ।

ਗੁਰੂ ਨਾਨਕ ਜੀ ਦੀ ਬਾਣੀ ਦੀਆਂ ਕਈ ਗੱਲਾਂ ਦੀ ਵਿਆਖਿਆ ਅਤੇ ਸਿਧਾਂਤਕ ਨਿਰਨੇ, ਬਾਕੀ ਦੀ ਬਾਣੀ ਪੜੇ ਹੀ ਸਮਝ ਆਉਂਦੇ ਹਨ। ਸਮੁੱਚੀ ਬਾਣੀ ਗੁਰੂ ਨਾਨਕ ਦਾ ਹੀ ਫ਼ਲਸਫ਼ਾ ਹੈ। ਬਾਣੀ ਬਾਰੇ ‘ਕੇਵਲ ਇਹ’-‘ਕੇਵਲ ਉਹ’ ਵਰਗੀ ਗੱਲ ਨਹੀਂ ਹੋ ਸਕਦੀ। ਇਹ ਨਿਰਨਾ ਵੀ ਗੁਰੂਘਰ ਦਾ ਹੀ ਸੀ ਜਿਸ ਦੀ ਅਣਦੇਖੀ ਕਰਨ ਵਾਲੇ ਕੁੱਝ ਸੱਜਣ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੀ ਬਾਣੀ ਤੋਂ ਇਲਾਵਾ ਬਾਕੀ ਬਾਣੀ ਤੇ ਵੀ ਕਿੰਤੂ ਖੜਾ ਕਰਨ ਦੇ ਜਤਨ ਵਿਚ ਮੁੱਲਵਸ ਨਜ਼ਰ ਆਏ ਹਨ। ਚੰਦ ਅਪਵਾਦ ਛੱਡ ਕੇ ਜਾਗਰੂਕ ਧਿਰ ਇਸ ਬਾਰੇ ਚੁੱਪ ਨਜ਼ਰ ਆਏ। ਇਹ ਇੱਕ ਨਿਹਾਯਤ ਹੀ ਬੇ-ਤੁੱਕੀ ਗੱਲ ਹੈ ਕਿ ਅਸੀਂ ਜਾਣੇ-ਅਣਜਾਣੇ, ਕਿਸੇ ਨਿਰਨੇ ਬਾਰੇ, ਗੁਰੂਆਂ ਦੇ ਅਧਿਕਾਰ ਖ਼ੇਤਰ ਤੇ ਹੀ ਸਵਾਲ ਖੜਾ ਕਰਕੇ, ਫ਼ਿਰ ਉਸ ਦਾ ਜਵਾਬ ਵੀ ਆਪ ਹੀ ਦੇਂਦੇ ਹੋਏ, ਆਪਣੇ ਹੀ ਨਿਰਨੇ ਨੂੰ, ਗੁਰੂ ਨਾਨਕ ਦੇ ਨਿਰਨੇ ਦਾ ਜਾਮਾ ਪਹਿਨਾਉਂਣ ਦਾ ਜਤਨ ਕਰੀਏ, ਉਹ ਵੀ ਇਸ ਦਾਵੇ ਦੇ ਨਾਲ ਕਿ ‘ਕੇਵਲ ਸਾਡੀ ਵਿਆਖਿਆ ਹੀ ਸਹੀ ਹੈ’।

ਜੇਕਰ ਕੋਈ ਵਿਦਵਾਨ ਟੀਕਾਕਾਰ ਭਾਵਅਰਥ ਕਰਦੇ ਕਿੱਧਰੇ ਭੁੱਲੇਖਾ ਖਾ ਸਕਦਾ ਹੈ ਤਾਂ ਬੇਸ਼ੱਕ ਇਹ ਭੁਲੇਖਾ ਅੱਜ ਦੇ ਚਿੰਤਕ ਵੀ ਖਾਂਦੇ ਹਨ। ਅੱਜ ਵੀ ਕੀਤੇ ਜਾ ਰਹੇ ਭਾਵਅਰਥ ਨਾ ਤਾਂ ਪੁਰੀ ਤਰਾਂ ਗਲਤ ਹਨ ਅਤੇ ਨਾ ਹੀ ਪੁਰੀ ਤਰਾਂ ਸਹੀ। ਪਰ ਗਲਤ ਅਰਥ ਕੱਡਣ ਦੀ ਆਪਣੀ ਕਮਜ਼ੋਰੀ ਦਾ ਗ਼ੈਰ-ਵਾਜਬ ਬਚਾਵ ਕਰਦੇ ‘ਬਾਣੀ ਵਿੱਚ ਗਲਤੀ’, ‘ਬਾਣੀ ਵਿੱਚ ਫ਼ਾਲਤੂ ਬਾਣੀ’ ਜਾਂ ‘ਬਾਣੀ ਵਿੱਚ ਮਿਲਗੋਬੇ’ ਵਰਗੇ ਕੁਤਰਕਾਂ ਤਕ ਦਾ ਸਹਾਰਾ ਵੀ ਲੇਂਣ ਤੋਂ ਪਰਹੇਜ਼ ਨਹੀਂ ਕੀਤਾ ਜਾਂਦਾ ਕਿਉਂਕਿ ਬਾਕੀ ਦੀ ਬਾਣੀ ਗਲਤ ਅਰਥਾਂ ਦੀ ਰਾਹ ਵਿੱਚ ਵੱਡੇ ਰੋੜੇ ਅਟਕਾਉਂਦੀ ਹੈ।

ਕੀ ਖ਼ੋਜੀ, ਜਾਗਰੂਕ ਜਾਂ ਪੰਥਦਰਦੀਆਂ ਨੂੰ ਨਾਲ ਦੇ ਨਾਲ ਜਿੰਮੇਦਾਰਾਨਾ ਨਹੀਂ ਹੋਂਣਾ ਚਾਹੀਦਾ? ਕੀ ਖ਼ੋਜ ਅਤੇ ਆਪਣੇ ਵਿਚਾਰ ਦੇਣ ਦੇ ਹੱਕ ਦੀ ਵਰਤੋਂ ਕਰਦੇ ਸਾਨੂੰ ਜਿਮੇਂਵਾਰੀ ਦਾ ਵੀ ਪਾਲਣ ਨਹੀਂ ਕਰਨਾ ਚਾਹੀਦਾ? ਨਿਰਸੰਦੇਹ ਹਰ ਜਾਗਰੂਕ ਖ਼ੋਜੀ ਨੂੰ ਨਾਲ ਦੇ ਨਾਲ ਸੰਜੀਦਾ ਅਤੇ ਜ਼ਿੰਮੇਵਾਰ ਵੀ ਹੋਣਾ ਚਾਹੀਦਾ ਹੈ। ਹਰ ਜਾਗਰੂਕ ਨੂੰ ਇਹ ਤਾਂ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖੀ ਦਾ ਦਰਸ਼ਨ ਕੇਵਲ ਵਰਤਮਾਨ ਦਾ ਹੀ ਨਹੀਂ ਬਲਕਿ ਆਉਂਣ ਵਾਲੀਆਂ ਪੀੜੀਆਂ ਦੇ ਜੀਵਨ ਦਾ ਵਿਸ਼ਾ ਵੀ ਹੈ। ਇਸ ਲਈ ਇਸ ਵਿੱਚ ਕਿਸੇ ਪੱਖੋਂ ਆਪਣੀ ਮਨਮਤਿ ਅਨੁਸਾਰੀ ਭੰਨ-ਤਰੋੜ, ਉਸ ਪੱਖੋਂ ਗੁਰਮਤਿ ਨਹੀਂ ਬਲਕਿ ਭੁਲੇਖੇ ਹੀ ਫ਼ੈਲਾਏਗੀ। ਲੇਖਨ ਦੇ ਅਦਬ ਦੇ ਤੋਰ ਤੇ ਬਾਣੀ ਵਿੱਚ ਲਿਖਾਰੀ ਦੀ ਪਹਿਚਾਨ ਦਿੱਤੀ ਗਈ ਹੈ ਅਤੇ ਇਸ ਨੂੰ ਅਸੀਂ ਸਮਝ ਸਕਦੇ ਹਾਂ। ਪਰ ਸਿਧਾਂਤਕ ਤੋਰ ਤੇ ਸਮੁੱਚਾ ਸ਼ਬਦ ਗੁਰੂ ਗ੍ਰੰਥ ਸਾਹਿਬ ਸਾਡੇ ਨਿਰਨਿਆਂ ਪ੍ਰਤੀ ਇੱਕ ‘ਸੰਪੁਰਣ ਕਸਵਟੀ’ ਹੈ।

ਇਸ ਲਈ ਨਾਨਕ-ਬਾਣੀ ਦੀ ਕਸਵਟੀ ਦਾ ਇਸਤੇਮਾਲ ਕਰਦੇ ਵਿਚਾਰਕ ਲਈ ਇਹ ਸਪਸ਼ਟ ਹੋਣਾ ਵੀ ਜ਼ਰੂਰੀ ਹੈ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਸੰਪੁਰਣ ਰੂਪ ਵਿੱਚ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਹੀ ਖ਼ੁਲਾਸਾ ,ਪਰਵਾਣਗੀ ਅਤੇ ਕਸਵਟੀ ਹੈ।ਇਹ ‘ਇੱਕ’ ਬਾਰੇ ‘ਇੱਕੋ’ ਹੀ ਦਰਸ਼ਨ ਹੈ। ਇਹੀ ਗੁਰੂ ਨਾਨਕ ਦੇ ਘਰ ਦਾ ਕਮਾਲ ਹੈ।

ਇਸ ਕਸਵਟੀ ਵਿੱਚ ਅਸੀਂ ਵੱਖੋ-ਵੱਖ ਖ਼ਾਨੇ ਬਣਾਉਂਦੀਆਂ ਲਕੀਰਾਂ ਨਾ ਤਾਂ ਖਿੱਚ ਸਕਦੇ ਹਾਂ ਅਤੇ ਨਾ ਹੀ ਕਬੂਲ ਕਰ ਸਕਦੇ ਹਾਂ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨਾਲ ਜੁੜਿਆ ਸਿਧਾਂਤ ਹੈ।

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top