|
|
||
![]() |
|
|
ਉਦਾਸੀ,
ਬੇਦੀ ਬਾਬੇ ਅਤੇ ਨਿਰਮਲੇ ਸਾਧ ੳ)
ਉਦਾਸੀ: ਜਦੋਂ ਗੁਰੂ ਨਾਨਕ ਪਾਤਿਸ਼ਾਹ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੀ ਜ਼ਿਮੇਂਵਾਰੀ ਸੌਂਪ ਕੇ ਗੁਰੂ ਅੰਗਦ ਪਾਤਿਸ਼ਾਹ ਬਣਾ ਦਿੱਤਾ, ਉਸ ਵੇਲੇ ਵੀ ਸਿਰੀ ਚੰਦ ਨੇ ਇਤਰਾਜ਼ ਕੀਤਾ ਅਤੇ ਪਰਿਵਾਰ ਇਕੱਠਾ ਕਰ ਲਿਆ ਕਿ ਗੁਰਗੱਦੀ ਤੇ ਮੇਰਾ ਹੱਕ ਬਣਦਾ ਹੈ, ਪਿਤਾ ਜੀ ਨੇ ਮੇਰੇ ਨਾਲ ਵਧੀਕੀ ਕੀਤੀ ਹੈ, ਪਰ ਸਤਿਗੁਰੂ ਨੇ ਸੱਭ ਦੇ ਸਾਹਮਣੇ ਇਹ ਸਪੱਸ਼ਟ ਕਰ ਦਿੱਤਾ ਕਿ ਸਿਰੀ ਚੰਦ ਕਿਸੇ ਤਰ੍ਹਾਂ ਵੀ ਗੁਰਗੱਦੀ ਦੇ ਕਾਬਲ ਨਹੀਂ ਹੈ ਅਤੇ ਕੇਵਲ ਗੁਰੂ ਅੰਗਦ ਪਾਤਿਸ਼ਾਹ ਹੀ ਇਸ ਦੇ ਯੋਗ ਹਨ। ਆਮ ਤੌਰ ਤੇ ਮੰਨਿਆਂ ਜਾਂਦਾ ਹੈ ਕਿ ਇਸੇ ਦੇ ਰੋਸ ਵੱਜੋਂ ਸਿਰੀ ਚੰਦ ਨੇ ਆਪਣੀ ਅਲੱਗ ਉਦਾਸੀ ਸੰਪਰਦਾ ਚਲਾ ਲਈ, ਹਾਲਾਂਕਿ ਇਤਿਹਾਸਕ ਪ੍ਰਮਾਣ ਇਹ ਦਸਦੇ ਹਨ ਕਿ ਇਹ ਸੰਪਰਦਾ ਸਤਾਰਵੀਂ ਸਦੀ ਦੇ ਸ਼ੁਰੂ ਵਿੱਚ ਹੋਂਦ ਵਿੱਚ ਆਈ। ਉਦਾਸੀ ਲਫਜ਼ ਉਦਾਸ ਤੋਂ ਬਣਿਆ ਹੈ, ਜਿਸ ਦਾ ਭਾਵ ਹੈ
ਘਰ-ਬਾਰ ਤਿਆਗ ਕੇ ਦੁਨਿਆਵੀ ਸੁੱਖਾਂ ਤੋਂ ਵਿਰਕਤ ਰਹਿਣਾ। ਜਦਕਿ ਸਿੱਖ ਧਰਮ
ਗ੍ਰਿਹਸਤ ਦਾ ਧਰਮ ਹੈ, ਇਥੇ ਆਪਣੇ ਗ੍ਰਹਿਸਤ ਦਾ ਫਰਜ਼ ਪਾਲਦੇ ਅਤੇ ਅਕਾਲ-ਪੁਰਖ
ਵਲੋਂ ਬਖਸ਼ੇ ਹੋਏ ਦੁਨਿਆਵੀ ਸੁੱਖ ਮਾਣਦੇ ਹੋਏ, ਜੀਵਨ ਮੁਕਤਿ ਹੋਣ ਦਾ ਵਿਧਾਨ
ਹੈ। ਸਤਿਗੁਰੂ ਦੇ ਪਾਵਨ ਬਚਨ ਹਨ: ਸਿੱਖ ਸਿਧਾਂਤਾਂ ਦੇ ਉਲਟ, ਇਹ ਲੋਕ ਬਹੁਤੇ ਤੌਰ ਤੇ ਵਾਲਾਂ ਦੀਆਂ ਜਟਾਂ ਬਣਾ ਕੇ ਜਾਂ ਸਿਰ ਮੁਨਾ ਕੇ ਰਖਦੇ ਹਨ। ਇਹ ਪੂਰੀ ਤਰ੍ਹਾਂ ਬ੍ਰਾਹਮਣੀ ਰੰਗ ਵਿੱਚ ਰੰਗੇ ਹੋਏ ਹਨ। ਬਹੁਤੇ ਕੇਵਲ ਲੱਕ ਦੁਆਲੇ ਇਕ ਕੱਪੜਾ ਲਪੇਟ ਕੇ, ਪਿੰਡੇ ’ਤੇ ਸੁਆਹ ਮਲਦੇ ਹਨ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਨ, ਪਰ ਉਸ ਦੀ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵਾਂਗ ਪੂਜਾ ਕਰਦੇ ਹਨ। ਬ੍ਰਾਹਮਣੀ ਮਤਿ ਅਨੁਸਾਰ ਹੀ, ਬਾਬਾ ਸਿਰੀ ਚੰਦ ਨੂੰ ਪ੍ਰਮਾਤਮਾ ਦਾ ਅਵਤਾਰ ਦਸਦੇ ਹਨ। ਇਕ ਪਾਸੇ ਗੁਰੂ ਨਾਨਕ ਪਾਤਿਸ਼ਾਹ ਅਤੇ ਬਾਬਾ ਸਿਰੀ ਚੰਦ ਦੀਆਂ ਮੂਰਤੀਆਂ ਬਣਾ ਕੇ ਪੂਜਦੇ ਹਨ, ਨਾਲ ਹੀ ਬ੍ਰਾਹਮਣੀ ਦੇਵੀ ਦੇਵਤਿਆਂ ਸ਼ਿਵ, ਵਿਸ਼ਨੂ, ਸੂਰਜ, ਦੁਰਗਾ ਅਤੇ ਗਣੇਸ਼ ਦੀ ਪੂਜਾ ਕਰਦੇ ਹਨ। ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰਕੇ ਇਸ ਨੂੰ ਵੀ ਬ੍ਰਾਹਮਣੀ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ। ਅਠਾਰ੍ਹਵੀਂ ਸਦੀ ਦੇ ਅੰਤ ਅਤੇ ਉਨੀਵੀਂ ਸਦੀ ਦੇ ਸ਼ੁਰੂ ਦੇ, ਇਨ੍ਹਾਂ ਦੇ ਇਕ ਵਿਦਵਾਨ ਅਨੰਦ ਘਾਨ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਜੋ ਪੂਰੀ ਤਰ੍ਹਾਂ ਹਿੰਦੂ ਵੈਦਿਕ ਗ੍ਰੰਥਾਂ ਤੇ ਅਧਾਰਤ ਹੈ। ਇਸ ਗੱਲ ਦੇ ਇਤਿਹਾਸਕ ਪ੍ਰਮਾਣ ਹਨ ਕਿ ਬਾਬਾ ਸਿਰੀ ਚੰਦ, ਗੁਰੂ ਰਾਮਦਾਸ ਪਾਤਿਸ਼ਾਹ ਅੱਗੇ ਮੱਥਾ ਟੇਕ ਗਏ ਸਨ ਅਤੇ ਮੰਨ ਗਏ ਸਨ ਕਿ ਗੁਰਗੱਦੀ ਦੇ ਸਹੀ ਵਾਰਿਸ ਤੁਸੀਂ ਹੀ ਹੋ। ਕੇਸਰ ਸਿੰਘ ਛਿੱਬਰ ਅਨੁਸਾਰ, ਉਨ੍ਹਾਂ ਨੇ ਗੁਰੂ ਰਾਮਦਾਸ ਪਾਤਿਸ਼ਾਹ ਦੇ ਅਕਾਲ ਪਾਇਆਣਾ ਕਰਨ ਤੇ ਦੋ ਪੱਗਾਂ ਭੇਜੀਆਂ, ਇਕ ਵੱਡੇ ਪੁੱਤਰ ਦੇ ਤੌਰ ਤੇ ਪ੍ਰਿਥੀ ਚੰਦ ਜੀ ਵਾਸਤੇ ਅਤੇ ਦੂਸਰੀ ਗੁਰੂ ਨਾਨਕ ਪਾਤਿਸ਼ਾਹ ਦੀ ਗੁਰਗੱਦੀ ਦੇ ਵਾਰਿਸ ਵਜੋਂ ਮਾਨਤਾ ਦੇਣ ਲਈ ਗੁਰੂ ਅਰਜਨ ਦੇਵ ਪਾਤਿਸ਼ਾਹ ਵਾਸਤੇ, ਪਰ ਉਨ੍ਹਾਂ ਦੇ ਪੈਰੋਕਾਰਾਂ ਨੇ ਆਪਣੇ ਸੁਆਰਥਾਂ ਲਈ ਉਦਾਸੀ ਸੰਪਰਦਾ ਕਾਇਮ ਰੱਖੀ। ਇਹ ਆਪਣੇ ਡੇਰਿਆਂ ਨੂੰ ਅਖਾੜਾ ਜਾਂ ਧੂਣਾ ਕਹਿੰਦੇ ਹਨ, ਅੰਮ੍ਰਿਤਸਰ ਵਿੱਚ ਬ੍ਰਹਮਬੂਟਾ ਅਖਾੜਾ ਇਨ੍ਹਾਂ ਦੇ ਪ੍ਰਮੁੱਖ ਅਖਾੜਿਆਂ ਵਿੱਚੋਂ ਇਕ ਹੈ। ਅਠਾਰਵੀਂ ਸਦੀ ਵਿੱਚ ਹੀ ਇਨ੍ਹਾਂ ਦੇ ਬਾਰ੍ਹਾਂ ਫਿਰਕੇ ਬਣ ਚੁੱਕੇ ਸਨ। ਇਸ ਵੇਲੇ ਇਨ੍ਹਾਂ ਦੇ ਦੇਸ਼ ਭਰ ਵਿੱਚ ਸੈਂਕੜੇ ਡੇਰੇ ਹਨ। ਜਿਥੇ ਸਿੱਖ ਅਬਾਦੀ ਘੱਟ ਹੈ, ਉਥੇ ਕਈ ਇਤਿਹਾਸਕ ਸਿੱਖ ਗੁਰਦੁਆਰਿਆਂ ਤੇ ਇਹ ਅੱਜ ਵੀ ਕਾਬਜ਼ ਹਨ। ਇਨ੍ਹਾਂ ਉਤਰ ਭਾਰਤ ਤੋਂ ਬਾਹਰਲੇ ਬਹੁਤੇ ਗੁਰਦੁਆਰੇ, ਜਿੱਥੇ ਗੁਰੂ ਨਾਨਕ ਪਾਤਿਸ਼ਾਹ ਆਪਣੇ ਪ੍ਰਚਾਰ ਦੌਰਿਆਂ ਸਮੇਂ ਗਏ ਸਨ, ਵਿੱਚ ਬਾਬਾ ਸਿਰੀ ਚੰਦ ਦੀਆਂ ਮੂਰਤੀਆਂ ਸਥਾਪਤ ਕਰ ਦਿਤੀਆਂ ਹਨ ਅਤੇ ਕੂੜ ਪ੍ਰਚਾਰ ਕਰਦੇ ਹਨ ਕਿ ਜਦੋਂ ਗੁਰੂ ਨਾਨਕ ਪਾਤਿਸ਼ਾਹ ਉਥੇ ਆਏ ਤਾਂ ਉਨ੍ਹਾਂ ਨਾਲ ਬਾਬਾ ਸਿਰੀ ਚੰਦ ਵੀ ਸਨ। ਇਹ ਪਹਿਲਾਂ ਚਿੱਟੇ ਕਪੜੇ ਪਹਿਨਦੇ ਸਨ ਪਰ ਬਾਅਦ ਵਿੱਚ ਬ੍ਰਾਹਮਣੀ ਪ੍ਰਭਾਵ ਅਧੀਨ ਭਗਵੇ ਕਪੜੇ ਪਾਉਣ ਲੱਗ ਪਏ। ਪਹਿਲਾਂ ਇਹ ਵਿਆਹ ਨਹੀਂ ਸਨ ਕਰਾਉਂਦੇ, ਹੁਣ ਬਹੁਤੇ ਵਿਆਹ ਕਰਾਉਣ ਲੱਗ ਪਏ ਹਨ। ਜਿਨ੍ਹਾਂ ਵਿਆਹ ਕਰਾ ਲਿਆ, ਉਨ੍ਹਾਂ ਆਪਣੇ ਅਖਾੜਿਆਂ ਨੂੰ ਹੀ ਆਪਣੇ ਘਰ ਬਣਾ ਲਿਆ। ਉਨ੍ਹਾਂ ਦੇ ਬੱਚੇ ਹੁਣ ਆਮ ਤੌਰ ਤੇ ਅਗੋਂ ਗੱਦੀਦਾਰ ਬਣਦੇ ਹਨ। ਜੇ ਤੱਤਸਾਰ ਵਿੱਚ ਕਿਹਾ ਜਾਵੇ ਤਾਂ ਇਨ੍ਹਾਂ ਦਾ ਕੋਈ ਇਕ ਸਿਧਾਂਤ ਨਹੀਂ, ਹਰ ਡੇਰੇ, ਹਰ ਅਖਾੜੇ ਦੇ ਆਪਣੇ ਸਿਧਾਂਤ ਅਤੇ ਆਪਣੀ ਮਰਿਯਾਦਾ ਹੈ। ਇਨ੍ਹਾਂ ਨੂੰ ਸਿੱਖ ਕੌਮ ਵਿੱਚ ਘੁਸਪੈਠ ਕਰਨ ਦਾ ਵਧੀਆ ਮੌਕਾ ਮਿਲ ਗਿਆ, ਜਦੋਂ ਅਠਾਰਵੀਂ ਸਦੀ ਵਿੱਚ ਸਿੱਖ ਜੰਗਾਂ ਜੁੱਧਾਂ ਕਾਰਨ ਜੰਗਲਾਂ ਵਿੱਚ ਰਹਿੰਦੇ ਸਨ ਅਤੇ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਵਾਲਾ ਕੋਈ ਨਹੀਂ ਸੀ, ਇਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਨਾਂ ਤੇ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ। ਇਨ੍ਹਾਂ ਨੇ ਗੁਰਦੁਆਰਿਆਂ ਵਿੱਚ ਕਰਮਕਾਂਡੀ ਰੀਤਾਂ ਚਲਾਈਆਂ ਅਤੇ ਸਿੱਖੀ ਸਿਧਾਂਤਾਂ ਦਾ ਰੱਜ ਕੇ ਘਾਣ ਕੀਤਾ। ਗੁਰਦੁਆਰਿਆਂ ’ਤੇ ਕਾਬਜ਼ ਹੋਣ ਅਤੇ ਉਥੋਂ ਦੀ ਚੜ੍ਹਤ ਦੇ ਮਾਇਆ ਦੇ ਖੁੱਲੇ ਗੱਫੇ ਆਉਣ ਨਾਲ ਇਨ੍ਹਾਂ ਦੇ ਜੀਵਨ ਪੱਧਰ ਵਿੱਚ ਇਤਨਾ ਨਿਘਾਰ ਆਇਆ ਕਿ ਇਨ੍ਹਾਂ ਗੁਰਦੁਆਰਿਆਂ ਵਿੱਚ ਨਾਬਿਆਨੇ ਜਾ ਸਕਣ ਵਾਲੇ ਪਾਪ ਕਰਮ ਕੀਤੇ, ਜਿਸ ਨਾਲ ਸਿੱਖ ਕੌਮ ਅੰਦਰ ਭਾਰੀ ਰੋਹ ਜਾਗ ਪਿਆ, ਅਤੇ ਗੁਰਦੁਆਰਾ ਸੁਧਾਰ ਲਹਿਰ ਚੱਲੀ। ਇਨ੍ਹਾਂ ਕੋਲੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਾਉਣ ਲਈ ਸਿੱਖ ਕੌਮ ਨੂੰ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ। ਇਨ੍ਹਾਂ ਦੀ ਸੰਪਰਦਾ ਦੇ ਹੀ ਇਕ ਮਹੰਤ ਨਰੈਣ ਦਾਸ, ਜਿਸਨੂੰ ਆਮ ਤੌਰ ਤੇ ਸਿੱਖ ਕੌਮ ਵਿੱਚ ਮਹੰਤ ਨਰੈਣੂ ਕਹਿ ਕੇ ਯਾਦ ਕੀਤਾ ਜਾਂਦਾ ਹੈ, ਨੇ ਅੰਗ੍ਰੇਜ਼ ਸਰਕਾਰ ਦੀ ਸ਼ਹਿ ਤੇ ਨਨਕਾਣਾ ਸਾਹਿਬ ਵਿਖੇ, ਆਪਣੇ ਹਥਿਆਰ ਬੰਦ ਗੁੰਡਿਆਂ ਕੋਲੋਂ ਸੈਂਕੜੇ ਸਿੱਖਾਂ ਦਾ ਕਤਲ ਕਰਾਇਆ, ਬਾਕੀ ਗੁਰਦੁਆਰਿਆਂ ਵਿੱਚ ਵੀ ਸਿੱਖਾਂ ਨੂੰ ਲਾਸਾਨੀ ਕੁਰਬਾਨੀਆਂ ਕਰਨੀਆਂ ਪਈਆਂ। ਅੱਜ ਵੀ ਇਹ ਸਿੱਖ ਕੌਮ ਵਿੱਚ ਘੁਸਪੈਠ ਦਾ ਕੋਈ ਨਾ ਕੋਈ ਰਾਹ ਲੱਭਦੇ ਰਹਿੰਦੇ ਹਨ। ਬਦਲੇ ਹਾਲਾਤ ਵੇਖ ਕੇ ਬਹੁਤ ਸਾਰਿਆਂ ਨੇ ਕੇਸ ਰਖਣੇ ਸ਼ੁਰੂ ਕਰ ਦਿੱਤੇ, ਤਾਂਕਿ ਸਿੱਖ ਕੌਮ ਵਿੱਚ ਮਾਨਤਾ ਪ੍ਰਾਪਤ ਕਰਨ ਵਿੱਚ ਬਹੁਤੀ ਔਕੜ ਨਾ ਆਵੇ। ਅੱਜ ਸਿੱਖ ਕੌਮ ਵਿੱਚ ਸਥਾਪਤ ਬਹੁਤ ਸਾਰੇ ਡੇਰੇ ਇਨ੍ਹਾਂ ਦੇ ਪਿਛੋਕੜ ਵਾਲੇ ਹਨ। ਇਨ੍ਹਾਂ ਨੂੰ ਵੱਡੀ ਸਫਲਤਾ ਉਸ ਵੇਲੇ ਮਿਲਦੀ ਹੈ, ਜਦੋਂ ਸਿਆਸੀ ਆਗੂ ਆਪਣੇ ਸਿਆਸੀ ਹਿਤਾਂ ਵਾਸਤੇ ਇਨ੍ਹਾਂ ਨੂੰ ਮਾਨਤਾ ਦੇਂਦੇ, ਵਿਸ਼ੇਸ਼ ਸਤਿਕਾਰ ਦੇਂਦੇ ਅਤੇ ਇਨ੍ਹਾਂ ਦੇ ਡੇਰਿਆਂ ਤੇ ਜਾਂਦੇ ਹਨ। ਪਿਛਲੇ ਦਿਨੀਂ ਇਨ੍ਹਾਂ ਵਲੋਂ ਕਈ ਥਾਈਂ ਬਾਬਾ ਸਿਰੀ ਚੰਦ ਦਾ ਜਨਮ ਦਿਨ ਮਨਾਇਆ ਗਿਆ। ਜਿਸ ਮੌਕੇ ’ਤੇ ਉ¤ਘੇ ਅਕਾਲੀ ਆਗੂਆਂ ਨੇ ਜਾ ਕੇ ਭਾਸ਼ਨ ਦਿੱਤੇ ਕਿ ਸਾਨੂੰ ਬਾਬਾ ਸਿਰੀ ਚੰਦ ਦੇ ਦੱਸੇ ਸਿਧਾਂਤਾਂ ਅਤੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ, ਜਦਕਿ ਇਹ ਗੁਰੂ ਨਾਨਕ ਪਾਤਿਸ਼ਾਹ ਦੁਆਰਾ ਦ੍ਰਿੜ ਕਰਾਏ ਗੁਰਮਤਿ ਸਿਧਾਂਤਾਂ ਤੋਂ ਬਿਲਕੁਲ ਉਲਟ ਹਨ। ਬਾਬਾ ਸਿਰੀ ਚੰਦ ਦੇ ਸਿਧਾਂਤਾਂ ਨੂੰ ਅਪਨਾਉਣ ਦਾ ਅਰਥ ਹੈ, ਗੁਰੂ ਨਾਨਕ ਪਾਤਿਸ਼ਾਹ ਦੇ ਅਨਮੋਲ ਸਿਧਾਂਤਾਂ ਨੂੰ ਪਿੱਠ ਦੇਣਾ। ਸਿੱਖ ਸੰਗਤ ਨੂੰ ਵਿਸ਼ੇਸ਼ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਦੇ ਡੇਰਿਆਂ ਤੇ ਜਾਣਾ, ਇਨ੍ਹਾਂ ਨੂੰ ਮਾਨਤਾ ਦੇਣੀ, ਖਾਲਸਾ ਪੰਥ ਨੂੰ ਢਾਹ ਲਾਉਣਾ ਹੈ। ਅ) ਗੁਰੂ ਨਾਨਕ ਪਾਤਿਸ਼ਾਹ ਦੀ ਅਖੌਤੀ ਅੰਸ-ਬੰਸ, ਬੇਦੀ ਬਾਬੇ: ਗੁਰਬਾਣੀ ਦੀ ਪੰਕਤੀ, "ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ ਮੁਰਟੀਐ ।।" ਇਸ ਗੱਲ ਦੀ ਪ੍ਰੋੜਤਾ ਕਰਦੀ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਦਾ ਦੂਸਰਾ ਪੁਤਰ ਬਾਬਾ ਲਖਮੀ ਦਾਸ ਵੀ ਨਾ ਤਾਂ ਪਿਤਾ ਦਾ ਆਗਿਆਕਾਰੀ ਸੀ ਅਤੇ ਨਾ ਹੀ ਉਸ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਜੀਵਨ ਫਲਸਫੇ (ਸਿੱਖੀ) ਨੂੰ ਅਪਨਾਇਆ। ਇਸ ਦੇ ਬਾਰੇ ਇਕ ਕਹਾਣੀ ਬਣੀ ਹੋਈ ਹੈ, ਕਿ ਇਹ ਸ਼ਿਕਾਰ ਖੇਡਦਾ ਸੀ, ਅਤੇ ਇਸ ਦੇ ਵੱਡੇ ਭਰਾ ਬਾਬਾ ਸਿਰੀ ਚੰਦ ਡੇਰਾ ਬਾਬਾ ਨਾਨਕ ਦੇ ਜੰਗਲਾ ਵਿੱਚ ਤੱਪ ਕਰਦੇ ਸਨ। ਉਨ੍ਹਾਂ ਜੰਗਲਾਂ ਵਿੱਚ ਕਈ ਖਤਰਨਾਕ ਜਾਨਵਰ ਸਨ, ਜਿਨ੍ਹਾਂ ਕਾਰਨ ਬਾਬਾ ਸਿਰੀ ਚੰਦ ਦੀ ਭਗਤੀ ਵਿੱਚ ਵਿਘਨ ਪੈਂਦਾ ਸੀ ਨਾਲੇ ਕਈ ਵਾਰੀ ਇਹ ਜਾਨਵਰ ਲੋਕਾਂ ਦੀਆਂ ਫਸਲਾਂ ਆਦਿ ਉਜਾੜ ਜਾਂਦੇ ਸਨ। ਇਕ ਵਾਰੀ ਬਾਬਾ ਸਿਰੀ ਚੰਦ ਨੇ ਲਖਮੀਂ ਦਾਸ ਨੂੰ ਆਖਿਆ ਕਿ
ਤੂੰ ਲੋਕਾਂ ਦੀ ਭਲਾਈ ਵਾਸਤੇ ਇਨ੍ਹਾਂ ਜਾਨਵਰਾਂ ਨੂੰ ਮਾਰ ਦੇ। ਹਿੰਦੂ ਧਰਮ
ਸ਼ਾਸਤਰ ਵੀ ਲੋਕਾਂ ਦੀ ਭਲਾਈ ਲਈ ਐਸਾ ਕਰਨ ਦੀ ਇਜਾਜ਼ਤ ਦੇਂਦੇ ਹਨ। ਇਸ ਨੇ ਜਦ
ਉਨ੍ਹਾਂ ਜਾਨਵਰਾਂ ਨੂੰ ਮਾਰਿਆ, ਨਾਲ ਕਈ ਛੋਟੀ ਉਮਰ ਦੇ ਜਾਨਵਰਾਂ ਨੂੰ ਵੀ ਮਾਰ
ਦਿੱਤਾ। ਇਸ ਦੇ ਭਰਾ ਬਾਬਾ ਸਿਰੀ ਚੰਦ ਨੇ ਇਸ ਨੂੰ ਆਖਿਆ ਕਿ ਤੈਨੂੰ ਅਕਾਲ-ਪੁਰਖ
ਦੇ ਦਰਗਾਹ ਵਿੱਚ ਆਪਣੇ ਇਨ੍ਹਾਂ ਕਰਮਾਂ ਦਾ ਲੇਖਾ ਦੇਣਾ ਪਵੇਗਾ। ਇਸ ਤੇ ਇਹ
ਗੁੱਸੇ ਵਿੱਚ ਆ ਗਿਆ ਅਤੇ ਆਪਣੀ ਪਤਨੀ ਧਨਵੰਤੀ ਅਤੇ ਛੋਟੇ ਜਿਹੇ ਪੁੱਤਰ ਧਰਮ
ਚੰਦ ਨੂੰ ਨਾਲ ਲੈ ਕੇ, ਘੋੜੇ ਤੇ ਚੜ੍ਹਕੇ ਪਰਿਵਾਰ ਸਮੇਤ ਲੇਖਾ ਦੇਣ ਲਈ ਸੱਚਖੰਡ
ਨੂੰ ਤੁਰ ਪਿਆ। ਜਦੋਂ ਇਹ ਅਕਾਸ਼ ਵਿੱਚ ਉਡਿਆ ਜਾ ਰਿਹਾ ਸੀ ਤਾਂ ਬਾਬਾ ਸਿਰੀ ਚੰਦ
ਨੇ ਆਖਿਆ, ਕਿ ਪੁੱਤਰ ਦਾ ਤਾਂ ਕੋਈ ਕਸੂਰ ਨਹੀਂ, ਉਸ ਨੂੰ ਕਿਉਂ ਨਾਲ ਲਿਜਾ ਰਿਹਾ
ਹੈ। ਨਾਲੇ ਜੇ ਪੁੱਤਰ ਨੂੰ ਵੀ ਨਾਲ ਲੈ ਗਿਆ ਤਾਂ ਅੱਗੋਂ ਪਿਤਾ ਗੁਰੂ ਨਾਨਕ
ਸਾਹਿਬ ਦੀ ਬੰਸ ਕਿਵੇਂ ਚਲੇਗੀ? ਉਸ ਨੇ ਜਾਦੂਈ ਤਰੀਕੇ ਨਾਲ ਬਾਂਹ ਲੰਬੀ ਕਰਕੇ
ਅਕਾਸ਼ ਵਿੱਚ ਉੱਡੇ ਜਾਂਦੇ ਲਖਮੀ ਦਾਸ ਦੀ ਪਤਨੀ ਤੋਂ ਪੁੱਤਰ ਧਰਮ ਚੰਦ ਖੋਹ ਲਿਆ।
ਬਾਲਕ ਕਿਉਂ ਕਿ ਛੋਟਾ ਜਿਹਾ ਸੀ, ਉਸ ਨੂੰ ਮਾਂ ਦੇ ਦੁੱਧ ਦੀ ਲੋੜ ਸੀ, ਬਾਬਾ
ਸਿਰੀ ਚੰਦ ਨੇ ਆਪਣੇ ਪੈਰ ਦੇ ਅੰਗੂਠੇ ਵਿਚੋਂ ਦੁੱਧ ਚੁੰਘਾ ਕੇ ਉਸ ਨੂੰ ਪਾਲਿਆ।
ਇਹ ਕਹਾਣੀ ਬਾਬਾ ਸਿਰੀ ਚੰਦ ਦੀਆਂ ਕਰਾਮਾਤਾਂ ਵਿਖਾ ਕੇ, ਉਸ ਦੀ ਵਡਿਆਈ ਬਨਾਉਣ
ਵਾਸਤੇ ਘੜੀ ਜਾਪਦੀ ਹੈ। ਅੱਜ ਉਸ ਪੁਤਰ ਧਰਮ ਚੰਦ ਦੀਆ ਅਗਲੀਆਂ ਪੁਸ਼ਤਾਂ ਦੱਸ ਕੇ
ਆਪਣੇ ਆਪ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਅੰਸ ਬੰਸ ਕਹਿਕੇ, ਇਨ੍ਹਾਂ ਬੇਦੀਆਂ ਦੇ
ਨਾਂ ਤੇ ਕਈ ਸੰਤ ਬਾਬੇ ਬਣੀ ਬੈਠੇ ਹਨ ਅਤੇ ਭੋਲੇ ਭਾਲੇ ਸਿੱਖਾਂ ਨੂੰ ਭੁਲੇਖੇ
ਪਾਉਣ ਦੀ ਕੋਸ਼ਿਸ਼ ਕਰਦੇ ਹਨ। ਗੁਰੂ ਨਾਨਕ ਪਾਤਿਸ਼ਾਹ ਨੇ ਜਾਂ ਹੋਰ ਕਿਸੇ ਗੁਰੂ
ਸਹਿਬਾਨ ਨੇ ਆਪ ਆਪਣੇ ਜੀਵਨ ਕਾਲ ਵਿੱਚ ਕੋਈ ਕਰਾਮਾਤ ਨਹੀਂ ਵਿਖਾਈ, ਇਹ ਕਹਾਣੀ
ਸਤਿਗੁਰੂ ਦੇ ਆਪਣੇ ਸਥਾਪਤ ਕੀਤੇ ਗੁਰਮਤਿ ਸਿਧਾਂਤਾਂ ਦੇ ਉਲਟ ਹੈ। ਗੁਰਬਾਣੀ ਦਾ
ਫੁਰਮਾਣ ਹੈ: ਨਾਮ ਤੋਂ ਬਿਨਾ ਖਾਣਾ ਤੇ ਪਹਿਨਣਾ ਸਭ ਵਿਅਰਥ ਹੈ, (ਜੇ ਨਾਮ ਨਹੀਂ ਤਾਂ) ਉਹ ਸਿੱਧੀ ਤੇ ਕਰਾਮਾਤਿ ਫਿਟਕਾਰ-ਜੋਗ ਹੈ; ਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ; ਹੇ ਨਾਨਕ ! ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿਚ ਵੱਸਦਾ ਹੈ। ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ।2। ਇਨ੍ਹਾਂ ਦੇ ਸੁਆਰਥ ਸਾਂਝੇ ਹੋਣ ਕਾਰਨ, ਉਦਾਸੀ ਅਤੇ ਬੇਦੀ ਬਾਬੇ ਨਾਲ ਨਾਲ ਚਲਦੇ ਰਹੇ। ਬੇਦੀਆਂ ਦੇ ਪ੍ਰਮੁਖ ਡੇਰੇ ਊਨਾਂ ਵਿੱਖੇ ਅਜ ਵੀ ਬਾਬਾ ਸਿਰੀ ਚੰਦ ਦੀ ਫੋਟੋ(ਪੇਂਟਿੰਗ) ਲੱਗੀ ਹੋਈ ਹੈ। ਇਨ੍ਹਾਂ ਵਲੋਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਨੇ ਕੇਵਲ ਗੁਰੂ ਅੰਗਦ ਪਾਤਿਸ਼ਾਹ ਨੂੰ ਹੀ ਗੁਰਗੱਦੀ ਨਹੀਂ ਸੀ ਦਿੱਤੀ, ਬਲਕਿ ਤਿੰਨ ਗੱਦੀਆਂ ਦਿੱਤੀਆਂ ਸਨ, ਬਾਬਾ ਸਿਰੀ ਚੰਦ ਨੂੰ ਸਾਧੂ ਰੂਪ ਉਦਾਸੀ ਦੀ, ਬਾਬਾ ਲਖਮੀ ਦਾਸ ਨੂੰ ਸੇਲੀ ਟੋਪੀ ਦੇ ਕੇ ਗ੍ਰਿਹਸਤੀ ਦੀ ਅਤੇ ਗੁਰੂ ਅੰਗਦ ਪਾਤਿਸ਼ਾਹ ਨੂੰ ਸਿੱਖ ਸੰਗਤ ਦੀ। ਇਹ ਕਹਾਣੀਆਂ ਸਿੱਖ ਕੌਮ ਵਿੱਚ ਵੱਡੇ ਭੁਲੇਖੇ ਪਾਕੇ, ਕੇਵਲ ਆਪਣੀਆਂ ਗੱਦੀਆਂ ਨੂੰ ਮਾਨਤਾ ਦਿਵਾਉਣ ਲਈ ਘੜੀਆਂ ਗਈਆਂ ਹਨ। ਇਨ੍ਹਾਂ ਬੇਦੀਆਂ ਦੇ ਇਕ ਵਡੇਰੇ ਜੀਤ ਸਿੰਘ ਨੇ ਅਠ੍ਹਾਰਵੀਂ ਸਦੀ ਦੇ ਮੱਧ ਤੋਂ ਬਾਅਦ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਆਪਣੇ ਨਾਂ ਨਾਲ ਸਿੰਘ ਸ਼ਬਦ ਜੋੜਿਆ। ਇਸੇ ਦਾ ਪੁੱਤਰ ਸਾਹਿਬ ਸਿੰਘ ਬੇਦੀ ਸੀ। ਇਸ ਤਰ੍ਹਾਂ ਸਿੱਖ ਕੌਮ ਵਿੱਚ ਸੰਪਰਦਾਈ ਡੇਰਾਵਾਦ ਦੀ ਸ਼ੁਰੂਆਤ ਇਨ੍ਹਾਂ ਉਦਾਸੀਆਂ ਅਤੇ ਬੇਦੀ ਬਾਬਿਆਂ ਨੇ ਕੀਤੀ। ਉਦਾਸੀਆਂ ਨੂੰ ਬਾਬਾ ਸਿਰੀ ਚੰਦ ਦੇ ਨਾਂ ਤੇ ਅਤੇ ਬੇਦੀਆਂ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਅੰਸ-ਬੰਸ ਦੇ ਨਾਂ ਤੇ ਸਿੱਖਾਂ ਵਲੋਂ ਬਹੁਤ ਮਾਨਤਾ ਅਤੇ ਸਤਿਕਾਰ ਮਿਲਦਾ ਰਿਹਾ ਹੈ, ਪਰ ਸੁਆਲ ਤਾਂ ਇਹ ਹੈ ਕਿ ਜਦ ਇਨ੍ਹਾਂ ਪੁੱਤਰਾਂ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਗੁਰਮਤਿ ਫਲਸਫੇ ਨੂੰ ਹੀ ਨਹੀਂ ਅਪਣਾਇਆਂ ਅਤੇ ਸਤਿਗੁਰੂ ਨੇ ਇਨ੍ਹਾਂ ਨੂੰ ਸਿੱਖੀ ਤੋਂ ਹੀ ਬੇਦਖਲ ਕਰ ਦਿੱਤਾ ਤਾਂ ਅੰਸ ਬੰਸ ਦੀ ਗੱਲ ਹੀ ਕਿੱਥੇ ਰਹਿ ਗਈ? ਗੁਰੂ ਨਾਨਕ ਪਾਤਿਸ਼ਾਹ ਨੇ ਗੁਰੂ ਅੰਗਦ ਪਾਤਿਸ਼ਾਹ ਨੂੰ ਗੁਰਗੱਦੀ ਦੇ ਕੇ ਇਹ ਸਪਸ਼ਟ ਕਰ ਦਿੱਤਾ ਕਿ ਸਤਿਗੁਰੂ ਦੇ ਅੰਸ-ਬੰਸ ਤਾਂ ਉਹ ਹਨ, ਜੋ ਉਨ੍ਹਾਂ ਦੇ ਸਿਧਾਂਤਾਂ ਨੂੰ ਅਪਣਾਉਂਦੇ ਹਨ। ਅੱਜ ਵੀ ਜੇ ਕੋਈ ਨਿਰੋਲ ਗੁਰਮਤਿ ਸਿਧਾਂਤਾਂ ਨੂੰ ਅਪਣਾ ਕੇ, ਆਪਣੀਆਂ ਅਲੱਗ ਮਰਿਯਾਦਾ ਤਿਆਗ ਕੇ, ਇਕ ਗੁਰਸਿੱਖ ਦੇ ਤੌਰ ਤੇ ਖਾਲਸਾ ਪੰਥ ਦਾ ਅੰਗ ਬਣ ਕੇ ਚਲਨਾ ਚਾਹੇ ਤਾਂ ਉਸਨੂੰ ਇਕ ਗੁਰਸਿੱਖ ਦੇ ਤੌਰ ਤੇ ਪ੍ਰਵਾਨ ਕਰ ਲੈਣਾ ਚੰਗੀ ਗੱਲ ਹੈ, ਪਰ ਕਿਸੇ ਵਿਅਕਤੀ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਅੰਸ-ਬੰਸ ਸਮਝ ਕੇ ਗੁਰੂ ਜਾਂ ਸੰਤ-ਮਹੰਤ ਆਦਿ ਦਾ ਵਿਸ਼ੇਸ਼ ਸਤਿਕਾਰ ਦੇ ਕੇ ਦੇਹਧਾਰੀ ਗੁਰੂਡੰਮ ਨੂੰ ਪ੍ਰਫੁਲਤ ਕਰਨਾ, ਮੂਲੋਂ ਗੈਰ ਸਿਧਾਂਤਕ ਹੈ ਅਤੇ ਪੰਥ ਲਈ ਘਾਤਕ ਹੈ। ਇਕ ਕਮਾਲ ਇਨ੍ਹਾਂ ਦੋਹਾਂ ਨੇ ਕੀਤੀ ਹੈ, ਕਿ ਆਪੂ ਬਣਾਏ ਝੂਠੇ ਇਤਿਹਾਸ ਅਤੇ ਕਰਾਮਾਤਾਂ ਦੀਆਂ ਝੂਠੀਆਂ ਫੋਟੋਆਂ ਬਣਾ ਕੇ, ਉਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਛਪਾ ਕੇ ਘਰ-ਘਰ ਪਹੁੰਚਾ ਦਿੱਤਾ ਹੈ, ਜਿਸ ਨਾਲ ਪੂਰਾ ਝੂਠ ਵੀ ਸੱਚ ਜਾਪਣ ਲੱਗ ਗਿਆ ਹੈ। ਬਿਲਕੁਲ ੳਂੁਝ, ਜਿਵੇਂ ਹਿੰਦੂਆਂ ਨੇ ਆਪਣੇ ਫਰਜ਼ੀ ਦੇਵੀ ਦੇਵਤਿਆਂ ਨੂੰ ਫੋਟੋਆਂ, ਮੂਰਤੀਆਂ ਅਤੇ ਫਿਲਮਾਂ ਰਾਹੀਂ ਦੁਨੀਆਂ ਵਿੱਚ ਪ੍ਰਵਾਨ ਕਰਾ ਲਿਆ ਹੈ। ਅਨਜਾਣ ਸਿੱਖ ਫੋਟੋਆ ਤੋਂ ਹੀ ਭੁਲੇਖੇ ਖਾਈ ਜਾ ਰਹੇ ਹਨ। ਇਨ੍ਹਾਂ ਲੋਕਾਂ ਨੂੰ ਬਹੁਤੀ ਮਾਨਤਾ ਜਾਂ ਤਾਂ ਭੋਲੇ ਭਾਲੇ, ਗੁਰਮਤਿ ਸਿਧਾਤਾਂ ਤੋਂ ਅੰਜਾਨ ਸਿੱਖ ਦੇਂਦੇ ਆਏ ਹਨ ਅਤੇ ਜਾਂ ਆਪਣੇ ਰਾਜਨੀਤਿਕ ਸੁਆਰਥਾਂ ਲਈ ਸਿਆਸੀ ਆਗੂ ਦੇਂਦੇ ਆਏ ਹਨ ਅਤੇ ਅੱਜ ਵੀ ਦੇਂਦੇ ਹਨ। ਜੇ ਸਿੱਖੀ ਦੇ ਨਿਰਮਲ ਸਰੂਪ ਨੂੰ ਬਚਾ ਕੇ ਰਖਣਾ ਹੈ ਤਾਂ ਐਸੇ ਲੋਕਾਂ ਦੀਆਂ ਗੱਦੀ ਦਾਰੀਆਂ ਨੂੰ ਪੂਰਨ ਰੂਪ ਵਿੱਚ ਰੱਦ ਕਰਨਾ ਜ਼ਰੂਰੀ ਹੈ। ੲ) ਨਿਰਮਲੇ ਇਨ੍ਹਾਂ ਦੀ ਸ਼ੁਰੂਆਤ ਬਾਰੇ ਕਿਹਾ ਜਾਂਦਾ ਹੈ, ਕਿ ਪਾਉਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪਨੇ ਦਰਬਾਰੀ ਪੰਡਿਤ ਰਘੂਨਾਥ ਨੂੰ ਆਖਿਆ ਕਿ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਓ, ਪਰ ਪੰਡਿਤ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਸੰਸਕ੍ਰਿਤ ਦੇਵਤਿਆਂ ਦੀ ਭਾਸ਼ਾ ਹੈ, ਸਿੱਖਾਂ ਵਿੱਚ ਕਿਉਂਕਿ ਛੋਟੀ ਜਾਤ ਦੇ ਸਿੱਖ ਵੀ ਹਨ, ਇਸ ਵਾਸਤੇ ਇਹ ਸਿੱਖਾਂ ਨੂੰ ਨਹੀਂ ਪੜ੍ਹਾਈ ਜਾ ਸਕਦੀ। ਇਸ ’ਤੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪਣੇ ਪੰਜ ਸਿੱਖਾਂ ਨੂੰ ਸਾਧੂਆਂ ਦੇ ਭੇਖ ਵਿੱਚ ਬਨਾਰਸ ਸੰਸਕ੍ਰਿਤ ਪੜ੍ਹਨ ਵਾਸਤੇ ਭੇਜਿਆ। ਵਾਪਸੀ ਤੇ ਉਨ੍ਹਾਂ ਦੀ ਡਿਊਟੀ ਅਨਪੜ੍ਹ ਲੋਕਾਂ ਨੂੰ ਸੰਸਕ੍ਰਿਤ ਪੜ੍ਹਾਉਣ ਦੀ ਲਾਈ, ਤਾਕਿ ਉਨ੍ਹਾਂ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਸਕੇ। ਇਹ ਕਹਾਣੀ ਕਿਸੇ ਤਰ੍ਹਾਂ ਵੀ ਹਜਮ ਨਹੀਂ ਹੁੰਦੀ। ਪਹਿਲਾਂ ਤਾਂ ਸੰਨ 1688 ਵਿੱਚ ਜਿਨ੍ਹਾਂ ਪੰਜ ਸਿੱਖਾਂ ਨੂੰ ਪਾਉਂਟਾ ਸਾਹਿਬ ਤੋਂ ਭੇਜਿਆ, ਉਨ੍ਹਾਂ ਦੇ ਨਾਂ ਗੰਡਾ ਸਿੰਘ, ਕਰਮ ਸਿੰਘ, ਸੇਨਾ ਸਿੰਘ, ਵੀਰ ਸਿੰਘ ਅਤੇ ਰਾਮ ਸਿੰਘ ਦੱਸੇ ਜਾਂਦੇ ਹਨ, ਜਦਕਿ ਨਾਂ ਨਾਲ ਸਿੰਘ ਲਿਖਣ ਦੀ ਮਰਿਯਾਦਾ 1699 ਵਿੱਚ ਅਨੰਦਪੁਰ ਸਾਹਿਬ ਵਿੱਚ ਖੰਡੇ-ਬਾਟੇ ਦੀ ਪਾਹੁਲ ਛਕਾਉਣ ਤੋਂ ਬਾਅਦ ਸ਼ੁਰੂ ਹੋਈ। ਚਲੋ ਜੇ ਮੰਨ ਲਿਆ ਜਾਵੇ ਕਿ ਉਨ੍ਹਾਂ ਦੇ ਨਾਵਾਂ ਨਾਲ ਸਿੰਘ ਸ਼ਬਦ ਬਾਅਦ ਵਿੱਚ ਜੁੜ ਗਿਆ, ਤਾਂ ਗੁਰੂ ਪਾਤਿਸ਼ਾਹ ਦੇ ਦਰਬਾਰ ਵਿੱਚ ਦਰਬਾਰੀ ਪੰਡਿਤ ਦਾ ਹੋਣਾ ਵੀ ਬੇਤੁਕਾ ਹੈ, ਵਿਸ਼ੇਸ਼ ਕਰਕੇ ਜਦ ਉਹ ਜਾਤ-ਪਾਤ, ਊਸ-ਨੀਚ ਵਿੱਚ ਵਿਸ਼ਵਾਸ ਰਖਦਾ ਹੋਵੇ। ਫੇਰ ਜੇ ਇਸ ਨੂੰ ਵੀ ਮੰਨ ਲਿਆ ਜਾਵੇ ਤਾਂ ਗੁਰੂ ਪਾਤਿਸ਼ਾਹ ਦਾ ਦਰਬਾਰੀ ਪੰਡਿਤ, ਜੋ ਹਰ ਸਮੇਂ ਸਿੱਖਾਂ ਵਿੱਚ ਹੀ ਵਿਚਰਦਾ ਹੋਵੇਗਾ, ਗੁਰੂ ਸਾਹਿਬ ਨੂੰ ਇਨਕਾਰ ਕਰਨ ਦੀ ਜੁਰਅਤ ਕਿਵੇਂ ਕਰ ਸਕਦਾ ਹੈ? ਅਗਲਾ ਸੁਆਲ ਇਹ ਉਠਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਰਗੀ ਸ਼ਕਸੀਅਤ ਆਪਣੇ ਸਿੱਖਾਂ ਨੂੰ ਇੰਝ ਝੂਠਾ ਭੇਖ ਬਣਾ ਕੇ ਕਿਧਰੇ ਭੇਜਣਗੇ? ਇਨ੍ਹਾਂ ਸਾਰੀਆਂ ਗੱਲਾਂ ਵਿੱਚ ਸਭ ਤੋਂ ਵਧੇਰੇ ਮਹੱਤਵਪੂਰਨ ਗੱਲ ਹੈ ਕਿ ਸਾਰੇ ਗੁਰੂ ਸਾਹਿਬਾਨ ਨੇ ਗੁਰਬਾਣੀ ਉਸ ਸਮੇਂ ਦੀ ਸਭ ਤੋਂ ਪ੍ਰਚਲਤ ਭਾਸ਼ਾ ਪੰਜਾਬੀ ਵਿੱਚ ਉਚਾਰਨ ਅਤੇ ਅੰਕਿਤ ਕੀਤੀ ਤਾਂ ਕਿ ਇਲਾਹੀ ਗੁਰਮਤਿ ਗਿਆਨ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਨ ਲੱਗਿਆਂ, ਭਗਤ ਸਾਹਿਬਾਨ ਦੀ ਬਾਣੀ, ਜੋ ਉਨ੍ਹਾਂ ਦੇ ਇਲਾਕੇ ਦੀ ਭਾਸ਼ਾ ਵਿੱਚ ਸੀ, ਉਸ ਨੂੰ ਵੀ ਗੁਰਮੁਖੀ ਲਿੱਪੀ ਵਿੱਚ ਹੀ ਦਰਜ ਕੀਤਾ, ਤਾਂ ਫਿਰ ਗੁਰਮਤਿ ਦਾ ਪ੍ਰਚਾਰ ਕਰਨ ਲਈ ਸੰਸਕ੍ਰਿਤ ਪੜ੍ਹਨ ਦੀ ਲੋੜ ਕਿਥੋਂ ਪੈ ਗਈ? ਨਾਲੇ ਸੰਸਕ੍ਰਿਤ ਸਿੱਖਾਂ ਵਾਸਤੇ ਏਡੀ ਓਪਰੀ ਵੀ ਨਹੀਂ ਸੀ ਕਿਉਂਕਿ ਗੁਰੂ ਨਾਨਕ ਪਾਤਿਸ਼ਾਹ ਅਤੇ ਗੁਰੂ ਅਰਜਨ ਸਾਹਿਬ ਨੇ ਕਾਫੀ ਬਾਣੀ ਸਹਸਕ੍ਰਿਤੀ ਵਿੱਚ ਉਚਾਰਨ ਕੀਤੀ ਹੈ, ਜੋ ਸੰਸਕ੍ਰਿਤ ਤਾਂ ਨਹੀਂ ਪਰ ਇਸਦੇ ਕਾਫੀ ਨੇੜੇ ਹੈ। ਇਕ ਹੋਰ ਗੱਲ ਬਹੁਤ ਹੈਰਾਨ ਕਰਨ ਵਾਲੀ ਹੈ ਕਿ ਕਹਿਣ ਨੂੰ ਤਾਂ ਇਨ੍ਹਾਂ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨਾਲ ਜੋੜੀ ਜਾਂਦੀ ਹੈ ਪਰ 19ਵੀਂ ਸਦੀ ਤੋਂ ਪਹਿਲਾਂ ਕਿਸੇ ਸਿੱਖ ਸਾਹਿਤ ਵਿੱਚ ਇਨ੍ਹਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ਜੇ ਭਾਰਤ ਦੇ ਧਾਰਮਿਕ ਇਤਿਹਾਸ ਵਿੱਚ ਝਾਤੀ ਮਾਰੀ ਜਾਵੇ ਤਾਂ ਸਾਰੀ ਗੱਲ ਸਮਝ ਆ ਜਾਂਦੀ ਹੈ। ਜੈਨ ਮੱਤ ਅਤੇ ਬੁੱਧ ਮੱਤ ਭਾਰਤ ਵਿੱਚ ਅਜ਼ਾਦ ਧਰਮਾਂ ਦੇ ਤੌਰ ਤੇ ਵਿਕਸਤ ਹੋਏ। ਇਨ੍ਹਾਂ ਦੀ ਵਿਚਾਰਧਾਰਾ, ਫਲਸਫਾ, ਸਿਧਾਂਤ, ਸਭ ਹਿੰਦੂ ਮੱਤ ਨਾਲੋਂ ਅੱਡਰੇ ਸਨ, ਬਲਕਿ ਜੇ ਇਹ ਕਿਹਾ ਜਾਵੇ ਕਿ ਹਿੰਦੂ ਧਰਮ ਦੇ ਅੰਧਵਿਸ਼ਵਾਸ ਅਤੇ ਹੱਠਧਰਮੀਂ ਖਿਲਾਫ ਇਨਕਲਾਬ ਸਨ ਤਾਂ ਇਹ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਜੈਨੀਆਂ ਦੇ ਚੌਵੀ ਤੀਰਥੰਕਰ ਹੋਏ, ਉਹ ਸਾਰੇ ਖੱਤਰੀ ਸਨ। ਜਿਵੇਂ ਸਿੱਖ ਧਰਮ ਵਿੱਚ ਗੁਰੂ ਨਾਨਕ ਪਾਤਿਸ਼ਾਹ ਦੇ ਦਸਾਂ ਜਾਮਿਆਂ ਤੋਂ ਬਾਅਦ ਦੇਹ ਧਾਰੀ ਗੁਰੂ ਦਾ ਸਿਲਸਿਲਾ ਖਤਮ ਕਰ ਦਿੱਤਾ ਗਿਆ, ਚੌਵੀਵੇਂ ਤੀਰਥੰਕਰ ਮਹਾਵੀਰ ਤੋਂ ਬਾਅਦ ਤੀਰਥੰਕਰ ਦਾ ਸਿਲਸਿਲਾ ਬੰਦ ਹੋ ਗਿਆ। ਉਨ੍ਹਾਂ ਦੇ ਜੋ ਯਾਰਾਂ ਗੰਧਰਵ ਚੇਲੇ ਸਨ, ਉਹ ਸਾਰੇ ਬ੍ਰਾਹਮਣ ਸਨ। ਉਨ੍ਹਾਂ ਬ੍ਰਾਹਮਣਾਂ ਨੇ ਐਸਾ ਸਾਹਿਤ ਰੱਚਿਆ ਕਿ ਸਾਰੇ ਜੈਨ ਮੱਤ ਨੂੰ ਬ੍ਰਾਹਮਣੀ ਰੰਗ ਵਿੱਚ ਰੰਗ ਦਿੱਤਾ, ਨਤੀਜਾ ਇਹ ਨਿਕਲਿਆ ਕਿ ਅੱਜ ਜੈਨ ਮੱਤ ਹਿੰਦੂ ਧਰਮ ਦਾ ਇਕ ਛੋਟਾ ਜਿਹਾ ਅੰਗ ਬਣ ਕੇ ਰਹਿ ਗਿਆ ਹੈ । ਮਹਾਤਮਾ ਬੁੱਧ ਨੇ ਵਾਕਿਆ ਹੀ ਭਾਰਤ ਵਿੱਚ, ਧਰਮ ਦੀ ਦੁਨੀਆਂ ਵਿੱਚ, ਇਕ ਨਵਾਂ ਇਨਕਲਾਬ ਖੜਾ ਕਰ ਦਿੱਤਾ ਸੀ, ਲੇਕਿਨ ਉਸ ਦੀ ਮੌਤ ਤੋਂ ਬਾਅਦ, ਉਸ ਦੇ ਬਾਰ੍ਹਾਂ ਬ੍ਰਾਹਮਣ ਚੇਲਿਆਂ ਨੇ ਐਸੇ ਧਾਰਮਿਕ ਗ੍ਰੰਥ ਲਿਖੇ ਕਿ ਸਾਰਾ ਕੁਝ ਬੋਧੀ ਅਤੇ ਬ੍ਰਾਹਮਣੀ ਵਿਚਾਰਧਾਰਾ ਦਾ ਮਿਲਗੋਭਾ ਬਣ ਗਿਆ। ਬੁਧ ਮੱਤ ਭਾਵੇਂ ਦੁਨੀਆਂ ਦੇ ਹੋਰ ਕਈ ਦੇਸ਼ਾਂ ਵਿੱਚ ਫੈਲ ਗਿਆ, ਪਰ ਭਾਰਤ ਵਿੱਚ ਇਸ ਦਾ ਤਕਰੀਬਨ ਭੋਗ ਹੀ ਪੈ ਗਿਆ ਹੈ। ਜੋ ਕੁਝ ਬਚੇ ਹਨ, ਤਕਰੀਬਨ ਬ੍ਰਾਹਮਣੀ ਵਿਚਾਰਧਾਰਾ ਅਤੇ ਕਰਮਕਾਂਡਾਂ ਵਿੱਚ ਹੀ ਗਲਤਾਨ, ਕੇਵਲ ਨਾਂ ਦੇ ਹੀ ਬੋਧੀ ਹਨ। ਇਹ ਬ੍ਰਾਹਮਣੀ ਪ੍ਰਭਾਵ ਇਤਨਾ ਜ਼ਬਰਦਸਤ ਅਤੇ ਖਤਰਨਾਕ ਹੈ, ਕਿ ਇਸ ਨੇ ਦੁਸਰੇ ਮੁਲਕਾਂ ਵਿੱਚ ਵੀ ਬੁੱਧ ਧਰਮ ਨੂੰ ਬ੍ਰਾਹਮਣੀ ਰੰਗਤ ਚਾੜ ਦਿੱਤੀ ਹੈ, ਕਿਉਂਕਿ ਬਾਹਰਲੇ ਮੁਲਕਾਂ ਵਿੱਚ ਵੀ ਜੋ ਬੋਧੀ ਸਾਹਿਤ ਪਹੁੰਚਿਆ ਹੈ, ਉਹ ਭਾਰਤ ਵਿੱਚ ਤਿਆਰ ਹੋਏ ਸਾਹਿਤ ਤੇ ਅਧਾਰਿਤ ਸੀ। ਇਥੇ ਇਕ ਹੋਰ ਗੱਲ ਦੱਸਣੀ ਯੋਗ ਜਾਪਦੀ ਹੈ ਕਿ ਮਹਾਤਮਾ ਬੁੱਧ ਨੇ ਵੀ ਆਪਣੇ ਧਰਮ ਦਾ ਪ੍ਰਚਾਰ, ਉਸ ਸਮੇਂ ਉਸ ਇਲਾਕੇ ਦੀ ਪ੍ਰਚਲਤ ‘ਪਾਲੀ’ ਭਾਸ਼ਾ ਵਿੱਚ ਕੀਤਾ ਸੀ ਨਾਂਕਿ ਸੰਸਕ੍ਰਿਤ ਵਿੱਚ। ਇਹ ਨਿਰਮਲੇ ਵੀ ਬੜੀ ਵਿਉਂਤਬੰਦੀ ਨਾਲ, ਸਿੱਖੀ ਰੂਪ ਵਿੱਚ ਭੇਜੇ ਹੋਏ ਬ੍ਰਾਹਮਣ ਹਨ, ਜਿਨ੍ਹਾਂ ਬੜੇ ਤਰੀਕੇ ਨਾਲ ਸਿੱਖੀ ਨੂੰ ਬ੍ਰਾਹਮਣੀ ਰੰਗਤ ਦਿੱਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਵਿੱਚ ਉਘੇ ਵਿਦਵਾਨ ਹੋਏ ਹਨ ਅਤੇ ਅੱਜ ਵੀ ਹਨ, ਪਰ ਇਨ੍ਹਾਂ ਦੀ ਇਹ ਸਾਰੀ ਵਿਦਵਤਾ ਵੈਦਿਕ ਧਰਮ ਵੇਦਾਂਤ ਦੀ ਹੈ। ਇਸੇ ਅਨੁਸਾਰ ਇਹ ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰਕੇ ਸਿੱਖ ਕੌਮ ਨੂੰ ਬ੍ਰਾਹਮਣੀ ਰੰਗ ਵਿੱਚ ਰੰਗਣ ਵਿੱਚ ਵੱਡਾ ਰੋਲ ਨਿਭਾਉਂਦੇ ਆਏ ਹਨ। ਇਹ ਗੱਲ ਵੀ ਸੁਭਾਵਕ ਹੈ ਕਿ ਜਦ ਇਨ੍ਹਾਂ ਨੂੰ ਸਥਾਪਤ ਹੀ ਸਿੱਖ ਸਿਧਾਂਤਾਂ ਵਿੱਚ ਰੋਲਾ ਘਚੋਲਾ ਪਾਉਣ ਲਈ ਕੀਤਾ ਗਿਆ ਹੈ ਤਾਂ ਇਸ ਕੱਮ ਲਈ ਉਘੇ ਵਿਦਵਾਨ ਹੀ ਘੁਸੇੜੇ ਜਾਣਗੇ। ਆਪਣੀ ਇਸ ਬ੍ਰਾਹਮਣੀ ਸੋਚ ਤੇ ਪਹਿਰਾ ਦੇਂਦੇ ਹੋਏ, ਇਹ ਗੁਰੂ ਗ੍ਰੰਥ ਸਾਹਿਬ ਨੂੰ ਪੰਜਵੇਂ ਵੇਦ ਦੇ ਤੌਰ ਤੇ ਪ੍ਰਚਾਰਨ ਦਾ ਘੋਰ ਪਾਪ ਕਰਦੇ ਹਨ। ਇਨ੍ਹਾਂ ਦੇ ਪ੍ਰਮੁਖ ਡੇਰੇ ਕਣਖਲ ਹਰਿਦੁਆਰ ਨੇੜੇ, ਪੱਕੀ ਸੰਗਤ ਅਲਾਹਾਬਾਦ ਨੇੜੇ ਅਤੇ ਚੇਤਨ ਮੱਠ ਤੇ ਛੋਟੀ ਸੰਗਤ ਗਇਆ ਆਦਿ, ਹਿੰਦੂ ਧਾਰਮਿਕ ਤੀਰਥਾਂ ਆਦਿ ਵਿੱਚ ਹਨ। ਆਖਿਆ ਜਾਂਦਾ ਹੈ ਕਿ ਜਦੋਂ 1705 ਵਿੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੂੰ ਪਰਿਵਾਰ ਅਤੇ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਛੱਡਨਾ ਪਿਆ, ਤਾਂ ਉਸ ਸਮੇਂ ਇਹ ਇਨ੍ਹਾਂ ਸਥਾਨਾ ਤੇ ਜਾ ਵਸੇ, ਬਲਿਹਾਰ ਜਾਈਏ ਐਸੇ ਵਿਦਵਾਨ ਸਿੱਖਾਂ ਦੇ, ਜੋ ਔਖੇ ਸਮੇਂ ਵਿੱਚ ਗੁਰੂ ਪਾਤਿਸ਼ਾਹ ਦਾ ਸਾਥ ਛੱਡ ਕੇ ਤੀਰਥਾਂ ਤੇ ਜਾ ਲੁਕੇ। ਇਨ੍ਹਾਂ ਦੇ ਇਨ੍ਹਾਂ ਡੇਰਿਆਂ ਤੋਂ ਹੀ ਇਨ੍ਹਾਂ ਦੇ ਬ੍ਰਾਹਮਣੀ ਪਿਛੋਕੜ ਦਾ ਸਪੱਸ਼ਟ ਪਤਾ ਲਗਦਾ ਹੈ, ਉਂਝ ਵੀ ਇਹ ਤੀਰਥਾਂ ਤੇ ਹੋਣ ਵਾਲੇ ਸਾਰੇ ਬ੍ਰਾਹਮਣੀ ਧਾਰਮਿਕ ਇਕੱਠਾਂ ਵਿੱਚ ਵੱਧ ਚੱੜ ਕੇ ਹਿੱਸਾ ਲੈਂਦੇ ਹਨ। ਵਿਦਵਾਨ ਹੋਣ ਕਾਰਨ ਸਿੱਖ ਸਿਧਾਂਤਾਂ ਵਿੱਚ ਸਭ ਤੋਂ ਵੱਧ ਰੋਲ ਘਚੋਲਾ ਪਾਉਣ ਦੀ ਕੋਸ਼ਿਸ਼ ਇਨ੍ਹਾਂ ਕੀਤੀ ਹੈ। ਉਦਾਸੀਆਂ ਦੀ ਤਰ੍ਹਾਂ ਹੀ ਇਨ੍ਹਾਂ ਵਿੱਚ ਵੀ ਕੇਸ਼ਾਧਾਰੀ ਅਤੇ ਘੋਨੇ ਦੋਨੋ ਤਰ੍ਹਾਂ ਦੇ ਹੁੰਦੇ ਹਨ। ਆਮ ਤੌਰ ਤੇ ਇਹ ਖੰਡੇ ਬਾਟੇ ਦੀ ਪਾਹੁਲ ਨਹੀਂ ਛੱਕਦੇ, ਸੋ ਆਪਣੇ ਆਪ ਨੂੰ ਸਿੱਖੀ ਸਿਧਾਂਤਾਂ ਦੇ ਪ੍ਰਚਾਰਕ ਦਸਣ ਵਾਲੇ, ਸਿੱਖ ਸਿਧਾਂਤਾਂ ਅਨੁਸਾਰ ਤਾਂ ਇਹ ਆਪ ਹੀ ਸਿੱਖ ਅਖਵਾਉਣ ਦੇ ਅਧੀਕਾਰੀ ਨਹੀਂ। ਇਨ੍ਹਾਂ ਵਿੱਚੋਂ ਕਈ ਨਾਂਗੇ ਰਹਿੰਦੇ ਹਨ। ਇਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਾਨਤਾ ਸਿੱਖ ਰਿਆਸਤਾਂ ਸਮੇਂ, ਸਿੱਖ ਰਾਜੇ ਮਹਾਰਾਜਿਆਂ ਵਲੋਂ ਮਿਲੀ। ਇਸ ਨਾਲ ਹੀ ਇਨ੍ਹਾਂ ਨੇ 1862 ਵਿੱਚ ਪਟਿਆਲੇ ਵਿੱਚ ਧਰਮ ਧੁਜਾ ਨਾਂ ਦਾ ਆਪਣਾ ਅਖਾੜਾ ਸਥਾਪਤ ਕੀਤਾ। ਗੁਰਮਤਿ ਸਿਧਾਤਾਂ ਤੋ ਅਨਜਾਨ ਭੋਲੇ-ਭਾਲੇ ਸਿੱਖ ਤਾਂ ਇਨ੍ਹਾਂ ਦਾ ਸ਼ਿਕਾਰ ਬਣਦੇ ਹੀ ਹਨ, ਵੋਟ ਰਾਜਨੀਤੀ ਦੇ ਭੁਖੇ ਸਿੱਖ ਆਗੂ ਅੱਜ ਵੀ ਇਨ੍ਹਾਂ ਨੂੰ ਮਾਨਤਾ ਦੇਂਦੇ ਹਨ, ਜਿਸ ਨਾਲ ਕੌਮ ਵਿੱਚ ਵੱਡੇ ਭੁਲੇਖੇ ਖੜੇ ਹੁੰਦੇ ਹਨ। ਅੱਜ ਇਨ੍ਹਾਂ ਦੀ ਸੰਪਰਦਾ ਦੇ ਕਈ ਬਾਬੇ ਸਿੱਖ ਕੌਮ ਵਿੱਚ ਬਹੁਤ ਸਰਗਰਮ ਹਨ, ਜਿਨ੍ਹਾਂ ਵਿੱਚ ਇਕ ਬਾਬਾ ਸੀਚੇਵਾਲ, ਅਤੇ ਦਿੱਲੀ ਦੇ ਵਿਰਸਾ ਸਿੰਘ ਦਾ ਡੇਰਾ ਦੇ ਨਾਂ ਪ੍ਰਮੁਖ ਹਨ। ਚੋਰ ਤੇ ਗੰਢ ਕਪ ਭਰਾ ਭਰਾ ਦੇ ਸਿਧਾਂਤ ਅਨੁਸਾਰ, ਉਦਾਸੀਆਂ, ਬੇਦੀ ਬਾਬਿਆਂ ਅਤੇ ਨਿਰਮਲਿਆਂ ਦੀ ਆਪਸ ਵਿੱਚ ਚੰਗੀ ਰਾਸ ਮਿਲਦੀ ਹੈ। ਜੇ ਸਿੱਖੀ ਨੂੰ ਬ੍ਰਾਹਮਣਵਾਦੀ ਹਮਲੇ ਤੋਂ ਬਚਾਉਣਾ ਹੈ, ਤਾ ਇਸ ਤਿਕੜੀ ਤੋਂ ਵਿਸ਼ੇਸ਼ ਚੇਤੰਨ ਰਹਿਣ ਦੀ ਲੋੜ ਹੈ। - ਰਜਿੰਦਰ ਸਿੰਘ ਖ਼ਾਲਸਾ |
|
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|