ਸੱਜਣਾਂ
ਨੇ ਫੁੱਲ ਮਾਰਿਆ, ਮੇਰੀ ਰੂਹ ਅੰਬਰਾਂ ਤੱਕ ਰੋਈ।
ਭਾਈ ਇੰਦਰ ਸਿੰਘ ਘੱਗਾ ਦੇ ਉਲਾਮੇ ਨੂੰ ਬਿਆਨਦੀ ਇਹ ਕਵਿਤਾ ਦਾ
ਲਿਖਾਰੀ ਤਾਂ ਪਤਾ ਨਹੀਂ ਕੌਣ ਹੈ, ਪਰ ਜਿਹੜਾ ਭੀ ਹੈ ਉਸਦੀ ਸੌੜੀ ਮਾਨਸਿਕਤਾ ਸੱਜਣਾਂ ਦੀ
ਸੱਜਣਤਾਈ ਤੋਂ ਬੇਵਾਕਿਫ ਜ਼ਰੂਰ ਨਜ਼ਰ ਆਉਂਦੀ ਹੈ ਕਿ ਜਿਸਨੂੰ ਤਨਕੀਦ ਦੇ ਰੂਪ ਵਿੱਚ ਸੱਜਣ
ਦਾ ਮਾਰਿਆ ਹੋਇਆ ਫੁੱਲ ਵੀ ਦੁਸ਼ਮਣ ਦੇ ਪੱਥਰ ਨਾਲੋਂ ਜ਼ਿਆਦਾ ਦਰਦ ਦੇ ਰਿਹਾ ਹੈ ਭਾਵ ਕਿ
ਫੁੱਲ ਦੀ ਮਾਰ ਪਿੱਛੇ ਸੱਜਣ ਦੀ ਛੁਪੀ ਕੋਮਲਤਾ ਦਾ ਆਭਾਸ ਨਹੀਂ ਹੋ ਰਿਹਾ।
ਨਹੀਂ ਸਮਝ ਪਾ ਰਿਹਾ ਕਿ ਅਜੇ ਭੀ ਸੱਜਣ ਹੀ ਹੈ ਜੋ ਫੁੱਲ ਦੀ
ਮਾਰ ਰਾਹੀਂ ਮੈਨੂੰ ਕੁਰਾਹੇ ਪੈਣ ਤੋਂ ਵਰਜ਼ ਰਿਹਾ ਹੈ ਨਹੀਂ ਤਾਂ ਜਿੰਨਾ ਰਾਹਾਂ ਤੇ ਪੈ ਕੇ
ਕੇਵਲ ਪੱਥਰ ਹੀ ਵਫਾ ਕਰਦੇ ਹੋਣ ਉੱਥੇ ਫੁੱਲ ਦਾ ਕੀ ਕੰਮ ਸੀ?
ਐਸੀ ਅਧਾਰਹੀਨ ਤੁਕਬੰਦੀ ਕਰਨ ਵਾਲੇ ਕਵੀਆਂ ਦੀ ਕਮੀ ਨਹੀਂ ਪਰ ਜਦੋਂ
ਘੱਗਾ ਜੀ ਵਰਗੇ ਗੁਰੂ ਗ੍ਰੰਥ ਦੀ ਬਾਣੀ ਨੂੰ ਛੱਡ ਐਸੀਆਂ ਤੁਕਬੰਦੀਆਂ ਰਾਹੀਂ ਆਪਣੀ ਮਨੋਦਸ਼ਾ
ਬਿਆਨਦੇ ਹਨ, ਤਾਂ ਬੋਧਿਕਤਾ ਦਾ ਦਿਵਾਲੀਆਪਣ ਜਿਹਾ ਨਿਕਲਿਆ ਮਹਿਸੂਸ ਹੁੰਦਾ ਹੈ। ਅਜੌਕੇ
ਦੌਰ ਅੰਦਰ ਸੱਜਣ ਦਾ ਰਵਈਆ ਮੈਨੂੰ ਹਮੇਸ਼ਾ ਸਲਾਹੁਣ ਵਾਲਾ ਹੋਵੇ, ਮੇਰੀ ਤਾਰੀਫ ਵਿੱਚ ਰਾਜ
ਦਰਬਾਰਾਂ ਵਿੱਚ ਬੈਠੇ ਭੱਟਾਂ ਵਾਂਙ ਸਿਫਤਾਂ ਦੇ ਪੁੱਲ ਬੰਨ ਦੇਵੇ ਕੁਝ ਇੱਦਾ ਦੇ ਹੀ ਸੱਜਣਾਂ
ਦੀ ਖੋਜ ਵਿੱਚ ਉਪਰੋਕਤ ਕਵੀ ਅਤੇ ਘੱਗਾ ਜੀ ਵਰਗੇ ਵਿਦਵਾਨ ਪਏ ਨਜ਼ਰ ਆਉਂਦੇ ਹਨ ਨਹੀਂ ਤਾਂ
ਗੁਰੂ ਗ੍ਰੰਥ ਦਾ ਸਿੱਖ ਤਾਂ ਆਪਣੇ ''ਗੁਰੂ ਸੱਜਣ'' ਦੀ ਝਿੜਕ ਨੂੰ ਵੀ ਮਿੱਠਾ ਕਰਕੇ ਮੰਨਦੇ
ਹਨ। (ਜੇ ਗੁਰੁ ਝਿੜਕੇ ਤ ਮੀਠਾ ਲਾਗੈ, ਜੇ ਬਖਸੇ ਤ ਗੁਰ ਵਡਿਆਈ।।)
1) ਕੁਝ ਬੁਨਿਆਦੀ ਨੁਕਤਿਆਂ 'ਤੇ ਅਸਹਿਮਤੀ ਹੋਣ ਦੇ ਬਾਵਜੂਦ ਭੀ
ਕੁਝ ਨੁਕਤਿਆਂ ਤੇ ਘੱਗਾ ਜੀ ਨਾਲ ਸਾਡੀ ਭੀ ਸੱਜਣਤਾਈ ਸੀ।
ਕੁਝ ਬਦਮਾਸ਼ ਬਿਰਤੀ ਵਾਲੇ ਲੋਕਾਂ ਵੱਲੋਂ
ਜਦੋ ਇਹਨਾਂ ਦੇ ਘਰ ਆ ਕੇ ਹੱਲਾ ਬੋਲਿਆ ਗਿਆ ਤਾਂ ਪ੍ਰੋ ਦਰਸ਼ਨ ਸਿੰਘ ਪਹਿਲੇ ਸੱਜਣ ਸਨ ਜੋ
ਘੱਗਾ ਜੀ ਦੇ ਘਰ ਜਾ ਕੇ ਦੁੱਖ ਵੰਡਾ ਕੇ ਆਏ ਅਤੇ ਮੇਰੇ ਵੱਲੋਂ ਭੀ ਘੱਗਾ ਜੀ ਦੇ ਹੱਕ
ਵਿੱਚ ਉਸੇ ਰੇਡੀਉ ਤੇ ਵਿਸ਼ੇਸ਼ ਪ੍ਰੋਗਰਾਮ ਉਲੀਕ ਕੇ ਹਾਅ ਦਾ ਨਾਅਰਾ ਮਾਰਿਆ ਗਿਆ।
ਪਰ ਸਾਡੀ ਸੱਜਣਤਾਈ ਦਾ ਮੁੱਲ ਘੱਗਾ ਜੀ ਨੇ ਬੰਦ ਗੋਭੀ ਦਾ ਫੁੱਲ
ਮਾਰ ਕੇ ਮੋੜਿਆ ਕਿ ਪ੍ਰਭਦੀਪ ਸਿੰਘ ਮੀਸਨਾ ਹੈ ਅਤੇ ਪ੍ਰੋ ਦਰਸ਼ਨ ਸਿੰਘ ਸੰਬੰਧੀ ਝੂਠੀ
ਇਲਜ਼ਾਮ ਤਰਾਸ਼ੀ ਕੀਤੀ ਜੋ ਗਿਆਨੀ ਕੇਵਲ ਸਿੰਘ ਦੀ ਇੰਟਰਵਿਊ ਨਾਲ ਘੱਗਾ ਜੀ ਤੇ ਇੱਕ ਵਾਰ
ਫਿਰ ਵੱਡਾ ਸਵਾਲੀਆ ਚਿੰਨ ਲਾ ਗਈ। ਨੋਟ- ਬੰਦ ਗੋਭੀ ਦੇ ਫੁੱਲ ਦਾ ਜ਼ਿਕਰ ਇਸ ਲਈ ਕਰ ਰਿਹਾਂ
ਹਾਂ ਕਿ ਜਿਵੇਂ ਬੰਦ ਗੋਭੀ ਖੁੱਲਣ ਤੋਂ ਬਾਅਦ ਭੀ ਕੋਈ ਵਿੱਚੋਂ ਫੁੱਲ ਨਹੀਂ ਲੱਭਦਾ ਇਸੇ
ਤਰਾਂ ਘੱਗਾ ਜੀ ਦੀਆਂ ਕੀਤੀਆਂ ਟਿੱਪਣੀਆਂ ਅਤੇ ਇਲਜ਼ਾਮ ਤਰਾਸ਼ੀਆਂ ਭੀ ਅਧਾਰਹੀਣ ਸਾਬਿਤ
ਹੁੰਦੀਆਂ ਬੰਦ ਗੋਭੀ ਦਾ ਫੁੱਲ ਹੋ ਨਿਭੜੀਆਂ।
2) ਸੱਜਣਾਂ ਦੀ ਇਸ ਲਾਈਨ ਵਿੱਚ ਮਿਸ਼ਨਰੀ ਕਾਲਿਜ ਭੀ ਖੜਾ ਹੈ।
ਭਾਵੇਂ ਕਿ ਅਖੌਤੀ ਪੰਥ ਵੱਲੋਂ ਘੱਗਾ ਜੀ ਨੂੰ ਕੂੜਨਾਮਾ ਜਾਰੀ ਕਰਕੇ ਛੇਕ ਦਿੱਤਾ ਪਰ ਫਿਰ
ਭੀ ਮਿਸ਼ਰਨੀ ਕਾਲਿਜ ਦੇ ਸਿਰਕੱਢ ਪ੍ਰਚਾਰਕ ਅਤੇ ਅਧਿਆਪਕ ਪ੍ਰਿੰਸੀਪਲ ਗੁਰਬਚਨ ਸਿੰਘ, ਭਾਈ
ਧੂੰਦਾ, ਭਾਈ ਸਭਰਾ, ਭਾਈ ਦਦੇਹਰ ਅਤੇ ਭਾਈ ਰੂਪੋਵਾਲੀ ਮਿਸ਼ਰਨੀ ਕਾਲਿਜ ਵਿੱਚ ਹੀ ਸ਼ੂਟ ਹੋਈ
ਇੱਕ ਇੰਟਰਵਿਊ ਵਿੱਚ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੇਠੇ ਨਜ਼ਰ ਆਏ ਰਹੇ ਹਨ ਅਤੇ ਘੱਗਾ ਜੀ
ਦੀਆਂ ਕਿਤਾਬਾਂ ਦੇ ਸੋਹਲੇ ਗਾ ਰਹੇ ਹਨ। ਪਰ ਘੱਗਾ ਜੀ, ਇਹਨਾਂ ਵਿੱਚੋਂ ਤਾਂ ਕਿਸੇ ਨੇ ਅਜੇ
ਫੁੱਲ ਭੀ ਨਹੀਂ ਸੀ ਮਾਰਿਆ ਪਰ ਤੁਹਾਨੂੰ ਤਾਂ ਇਹਨਾਂ ਤੇ ਵੱਜਦੇ ਗਾਲਾਂ ਦੇ ਗੋਲੇ ਜੋ
ਤੁਹਾਡੇ ਅਖੌਤੀ ਇਨਕਲਾਬੀ ਸਾਧ ਦੇ ਨਿਊਜ਼ੀਲੈਂਡ ਵਾਲੇ ਸਰਗਨੇ ਨੇ ਮਾਰੇ ਉਹ ਭੀ ਨਜ਼ਰੀ ਨਹੀਂ
ਪਏ? ਤੁਸੀਂ ਤਾਂ ਸਗੋਂ ਇੱਥੋਂ ਤੱਕ ਕਹਿ ਦਿੱਤਾ ਕਿ ਨਿਊਜ਼ੀਲੈਂਡ ਵਾਲਾ ਸਰਗਨਾ ਵਧੀਆ
ਪ੍ਰਚਾਰ ਕਰ ਰਿਹਾ ਹੈ। ਕੀ ਤੁਹਾਡਾ ਇਹ ਵਰਤਾਰਾ ਤੁਹਾਡੇ ਆਪਣੇ ਹੀ ਮਿਸ਼ਨਰੀ ਲਹਿਰ ਦੇ
ਸਾਥੀਆਂ ਦੀ ਪਿੱਠ ਤੇ ਪੱਥਰ ਮਾਰਨ ਦੀ ਨਿਆਈਂ ਨਹੀਂ ਸੀ?
3) ਹੁਣ ਅਖੀਰ ਤੇ ਗੱਲ ਕਰਦੇ ਹਾਂ ਉਸ ਅਸਲ ਸੱਜਣ ਦੀ ਜਿਸ ਦੇ ਫੁੱਲ ਵੱਜਣ ਦੀ ਪੀੜ ਤੁਹਾਨੂੰ
ਪੱਥਰ ਨਾਲੋਂ ਜਿਆਦਾ ਹੋਈ ਉਹ ਹੈ ਭਾਈ
ਗੁਰਚਰਨ ਸਿੰਘ ਜਿਉਣਵਾਲਾ ਜਿਸ ਨੇ ਤੁਹਾਡੀਆਂ ਕਿਤਾਬਾਂ ਦੀ ਵੰਡਾਈ ਕੀਤੀ, ਕਥਾਂ ਦੀਆਂ
ਲੱਖਾਂ CDs ਵੰਡੀਆਂ ਅਤੇ ਮਾਇਕ ਤੌਰ 'ਤੇ ਭੀ ਤੁਹਾਡੀ ਸਹਾਇਤਾ ਆਪਣਾ ਪੰਥਿਕ ਫਰਜ਼ ਸਮਝਦੇ
ਹੋਏ ਨਿਭਾਈ। ਇੱਥੇ ਹੀ ਬੱਸ ਨਹੀਂ ਤੁਹਾਨੂੰ ਕੈਨੇਡਾ ਬੁਲਾ ਕੇ ਤੁਹਾਡੇ ਪਿੱਛੇ ਮਾਰ
ਕੁਟਾਈ ਭੀ ਕੀਤੀ ਤੇ ਕਰਵਾਈ ਜੋ ਕਿ ਅੱਜ ਯੂਟਿਊਬ 'ਤੇ ਦੇਖੀ ਜਾ ਸਕਦੀ ਹੈ।
ਤੁਹਾਡੇ ਭਟਕਦੇ ਰਾਹ ਨੂੰ ਵੇਖ ਕੇ ਤੁਹਾਡੇ ਪਿੱਛੇ ਡਾਂਗਾਂ ਖਾਣ ਵਾਲਾ ਤੁਹਾਨੂੰ ਸਲਾਹ
ਰੂਪੀ ਫੁੱਲ ਭੀ ਮਾਰੇ ਤਾਂ ਤੁਹਾਡੀ ਰੂਹ ਰੋ ਪਵੇ? ਕੀ ਇਸ ਰੂਹ 'ਤੇ ਸਵਾਲ ਕਰਨਾ ਨਹੀਂ
ਬਣਦਾ? ਤੁਹਾਡੇ 'ਤੇ ਜਾਨ ਛਿੜਕਣ ਵਾਲੇ ਤਾਂ ਤੁਹਾਡੇ ਭਲੇ ਲਈ
ਜੇ ਤੁਹਾਡੇ ਪੱਥਰ ਭੀ ਮਾਰ ਦਿੰਦੇ ਤਾਂ ਤੁਹਾਨੂੰ ਦਰਦ ਨਹੀਂ ਹੋਣਾ ਚਾਹੀਦਾ ਸੀ ਸਗੋਂ
ਸੋਚਦੇ ਕਿ ਕਿਤੇ ਮੇਰੀ ਰੂਹ ਤਾਂ ਦਾਗੀ ਨਹੀਂ ਹੋ ਗਈ?
ਉਹ ਸੱਜਣ ਕਾਹਦਾ ਸੱਜਣ ਹੈ, ਜੋ ਭਟਕੇ ਨੂੰ ਮੈਨੂੰ ਟੋਕੇ ਨਾ,
ਜਦ ਮੈਂ ਕੁਰਾਹੇ ਪੈ ਜਾਵਾਂ, ਮੈਨੂੰ ਹੋਕੇ ਮਾਰ ਕੇ ਰੋਕੇ ਨਾ।
ਮੈਂ ਮੀਆਂ ਮਿੱਠੂ ਲੋੜਾਂ ਨਾ, ਬੱਸ ਐਸਾ ਸੱਜਣ ਲੱਭਦਾਂ ਏ, ਉਹ ਰਾਹ ਦਾ ਰੋੜਾ ਬਣ ਜਾਵੇ,
ਜੋ ਰਾਹ ਮੇਰੇ ਲਈ ਜੱਬ ਦਾ ਏ।
ਸਿਰਦਾਰ ਪ੍ਰਭਦੀਪ ਸਿੰਘ