Share on Facebook

Main News Page

ਦੇਹ ਸ਼ਿਵਾ ਬਰ ਮੋਹਿ ਇਹੈ - 2
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 10

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਜਿਹੜੇ ਵਿਦਵਾਨ ਵੀਰ ਦਸਮ ਗਰੰਥ ਵਿਚਲੀ ਸਾਰੀ ਰਚਨਾ ਦਸ਼ਮੇਸ਼ ਕ੍ਰਿਤ ਸਿੱਧ ਕਰਨ ਲਈ ਗੁਰੂ ਜੀ ਨੂੰ ਹੀ ਕਵੀ ਦਰਸਾਉਂਦੇ ਹਨ,ਉਹ ਬਚਿਤ੍ਰ ਨਾਟਕ ਵਿਚਲੇ ਕਬਿਯੋਬਾਚ ਠਾਢ ਭਯੋ ਮੈ ਜੋਰਿ ਕਰ ਅਤੇ ਨਾਨਕ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ (ਧਨਾਸਰੀ ਮ:-1,ਅਦਿ ਗੁਰੂ ਗ੍ਰੰਥ ਸਾਹਿਬ), ਵਾਲੇ ਪ੍ਰਮਾਣ ਦੀ ਓਟ ਲੈ ਕੇ ਕਹਿੰਦੇ ਹਨ ਕਿ ਉਪਰੋਕਤ ਪ੍ਰਮਾਣਾ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬਾਨ ਆਪਣੇ ਆਪ ਨੂੰ ਸ਼ਾਇਰ ਅਥਵਾ ਕਵੀ ਦਰਸਾਂਦੇ ਹਨ।

ਉੱਤਰ ਇਹ ਕਿ ਬਚਿਤ੍ਰ ਨਾਟਕ ਵਿਚਲੀ ਅਬ ਮੈ ਆਪਣੀ ਕਥਾ ਬਖਾਨੋ ਅਤੇ ਠਾਂਢ ਭਯੋ ਮੈਂ ਜੋਰਿ ਕਰ ਆਦਿਕ ਕਵੀਆਂ ਦੀ ਕਪੋਲ ਕਲਪਨਾ ਸਬੰਧੀ ਇਸੇ ਪੁਸਤਕ ਵਿੱਚ ਵਿਸਥਾਰ ਪੂਰਵਕ ਦੱਸਿਆ ਗਿਆ ਹੈ ਕਿ ਨਾਂ ਕੋਈ ਦੇਵੀ 90 ਵੇਂ ਪਦਮ ਦੈਂਤ ਮਾਰ ਕੇ ਪਹਾੜਾਂ ਵਿੱਚ ਲੁਕੀ ਤੇ ਨਾ ਹੀ ਕਿਸੇ ਹੇਮਕੁੰਟ ਉਤੇ ਤਪੱਸਵੀ ਬ੍ਰਾਹਮਣ ਦੀ ਸ਼ੇਰ ਵਾਲੀ ਖਲੜੀਉਂ ਜਨਮ ਲੈ ਕੇ ਅਸੰਖ ਵਰ੍ਹੇ ਮਹਾਂਕਾਲ ਅਤੇ ਕਾਲਿਕਾ ਨੂੰ ਅਰਾਧਿਆ ਤੇ ਨਾ ਹੀ ਕਿਸੇ ਰੱਬ ਨੇ ਬਿਮਾਨ (ਹਵਾਈ ਜਹਾਜ਼) ਭੇਜ ਕੇ ਕਿਸੇ ਦੁਸ਼ਟ ਦਮਨ ਨੂੰ ਆਪਣੇ ਮਕਾਨ ਉੱਤੇ ਬੁਲਾ ਕੇ ਇਹ ਕੁਫਰ ਤੋਲਿਆ ਕਿ ਜਦੋਂ ਤੋਂ ਸ੍ਰਿਸ਼ਟੀ ਰਚੀ ਗਈ ਉਦੋਂ ਤੋਂ ਲੈ ਕੇ ਅੱਜ ਤੱਕ ਕਿਸੇ ਨੇ ਵੀ ਮੇਰਾ ਨਾਮ ਨਹੀਂ ਜਪਿਆ-ਜਪਾਇਆ ਤਥਾ ਠਾਂਢ ਭਯੋ ਮੈ ਜੋਰਿ ਕਰ ਆਦਿਕ ਵੀ ਕਿਸੇ ਨੇ ਨਹੀਂ ਉਚਾਰਨ ਕੀਤਾ।

ਭਾਵ ਕਿ ਇਹ ਸਭ ਕੁਝ ਮਹਾਂਕਾਲ ਅਤੇ ਕਾਲਿਕਾ ਦੇ ਉਪਾਸ਼ਕ ਵੀ ਦਾ ਇਸ ਲਈ ਮਿਥਿਆਵਾਦ ਹੈ, ਕਿ ਕਿਵੇਂ ਨ ਕਿਵੇਂ ਸਿੱਖ ਪੰਥ ਇਹ ਨਿਸਚਾ ਕਰ ਲਵੇ ਕਿ ਦਸਵੇਂ ਗੁਰਦੇਵ ਨੇ ਪਿਛਲੇ ਜਨਮ ਵਿੱਚ ਮਹਾਂਕਾਲ ਅਤੇ ਕਾਲਿਕਾ ਨੂੰ ਅਰਾਧਿਆ ਸੀ।

ਦੂਜਾ ਗੁਰੂ ਕਲਗੀਧਰ ਜੀ ਦੀ ਕਵਿ ਸੰਕੇਤੀ ਮੋਹਰ-ਛਾਪ ਸ੍ਰੀ ਮੁੱਖਵਾਕ ਪਾਤਸ਼ਾਹੀ 10 ਹੈ।

ਇਹ ਵੱਖਰੀ ਗੱਲ ਹੈ ਕਿ ਦਸਮ ਗਰੰਥ ਦੀਆਂ ਅੱਡੋ-ਅੱਡ ਅਨੇਕਾਂ ਬੀੜਾਂ ਦੇ (ਕਈ ਚਤੁਰ ਵਿਰੋਧੀ ਅਤੇ ਅਣਜਾਣ ਸ਼ਰਧਾਲੂਆਂ ਤਥਾ ਸੁਆਰਥੀ) ਲਿਖਾਰੀਆਂ ਨੇ ਜਿੱਥੇ ਰਚਨਾਵਾਂ ਵਿੱਚ ਅਨੇਕਾਂ ਥਾਈਂ ਅਦਲਾ-ਬਦਲੀਆਂ ਕੀਤੀਆਂ ਹਨ,ਉਥੇ ਜਾਣੇ ਅਥਵਾ ਬਿਨਾਂ ਜਾਣੇ ਸ੍ਰੀ ਮੁਖਵਾਕ ਪਾਤਸ਼ਾਹੀ 10 ਤੇ ਸ੍ਰੀ ਭਗਉਤੀ ਜੀ ਸਹਾਇ ਤਥਾ ੴਵਾਹਿਗੁਰੂ ਜੀ ਕੀ ਫਤੇ ਹੈ ਆਦਿਕ ਸਿਰਲੇਖਾਂ ਵਿੱਚ ਵੀ ਜੋਗ-ਅਜੋਗ ਅਸਥਾਨ ਛੱਡ ਕੇ ਆਪੋ ਆਪਣੀ ਮਨੌਤ ਅਨੁਸਾਰ ਅੰਤਰੇ ਪਾ ਦਿੱਤੇ ਹਨ ਜਿਨ੍ਹਾਂ ਦਾ ਨਿਰਣਾ ਕਰਨਾ ਅਜਾਣ ਤਾਂ ਕਿਤੇ ਰਹੇ ਚੰਗੀ ਭਲੀ ਸੂਝ ਵਾਲਿਆਂ ਵਾਸਤੇ ਵੀ ਕਈ ਵਾਰ ਕਠਿਨ ਹੋ ਜਾਂਦਾ ਹੈ।

ਤੀਜਾ ਨਾਨਕ ਸਾਇਰੁ ਏਵ ਕਹਤੁ ਹੈ ਵਾਲੀ ਤੁਕ ਵਿੱਚ ਜਿੱਥੇ ਸਾਇਰ ਸ਼ਬਦ ਵਰਤਿਆ ਹੈ ਉਥੇ ਨਾਨਕ ਨਾਮ ਵੀ ਨਾਲ ਹੀ ਹੈ।ਭਾਵ ਉਥੇ ਇਹ ਸੰਸਾ ਨਹੀਂ ਪੈਂਦਾ ਕਿ ਕਿਹੜਾ ਸਾਇਰ ਹੈ,ਬਲਕਿ ਆਦਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਰੰਭ ਤੋਂ ਅੰਤ ਤੱਕ ਗੁਰੂ ਵਿਅਕਤੀਆਂ ਦੀ ਬਾਣੀ ਵਿੱਚ ਹਰ ਥਾਵੇਂ ਕਵਿ ਸੰਕੇਤੀ ਕੇਵਲ ਨਾਨਕ ਹੀ ਨਿਯਮ ਬੱਧ ਹੈ ਜਿਸ ਦੇ ਸਿਰਲੇਖਾਂ ਉੱਤੇ ਮਹਲਾ 1,2,3 ਆਦਿਕ ਵੀ ਵਿਆਪਕ ਨਿਯਮ ਅਨੁਸਾਰ ਹੈ।

ਭਾਵ ਦਸਮ ਗਰੰਥ ਵਾਗੂੰ ਝਮੇਲਾ ਕੋਈ ਨਹੀਂ, ਜਿਵੇਂ ਕ੍ਰਿਸ਼ਨਾ ਅਵਤਾਰ ਦੇ 2492 ਛੰਦਾਂ ਵਿੱਚ ਅਨੇਕਾਂ ਵਾਰੀ ਸ਼ਿਆਮ ਅਤੇ ਕਿਤੇ-ਕਿਤੇ ਰਾਮ ਕਵੀ ਨੇ ਆਪਣੇ ਨਾਮ ਵਰਤੇ ਹਨ।ਪਰ ਕਈ ਕਵੀਆਂ ਨੇ ਆਪਣੀਆਂ ਕ੍ਰਿਤਾਂ ਵਿੱਚ ਆਪਣੇ ਨਾਮ ਕਿਤੇ ਵੀ ਨਹੀਂ ਦਿੱਤੇ,ਜਿਵੇਂ ਕਿ ਰਾਮਾਵਤਾਰ ਦੇ 864 ਛੰਦਾਂ ਵਿੱਚ ਕਵੀ ਨੇ ਆਪਣਾ ਨਾਮ ਨਹੀਂ ਦਿੱਤਾ।ਕੇਵਲ 3 ਵਾਰੀ ਕਵਿ ਸ਼ਬਦ ਹੀ ਵਰਤਿਆ ਹੈ।

ਇੱਕ ਹੋਰ ਗੱਲ ਇਹ ਕਿ ਦੁਰਜਨਤੋਸ਼ ਨਿਆਇ ਅਨੁਸਾਰ ਕਦੇ ਥੋੜ੍ਹੇ ਚਿਰ ਵਾਸਤੇ ਦਸਮ ਪਿਤਾ ਦੀ ਕਵਿ ਸੰਕੇਤੀ ਮੋਹਰ ਛਾਪ ਸ੍ਰੀ ਮੁਖਵਾਕ ਪਾਤਸ਼ਾਹੀ 10 ਦੀ ਥਾਵੇਂ ਕਵਿ ਵੀ ਮੰਨ ਲਈ ਜਾਵੇ ਤਾਂ ਵੀ ਦੇਹ ਸ਼ਿਵਾ ਵਾਲਾ ਸਵੱਯਾ ਦਸ਼ਮੇਸ਼ ਕ੍ਰਿਤ ਨਹੀਂ ਹੋ ਸਕਦਾ ਕਿਉਂਕਿ ਗੁਰੂ ਜੀ ਉਸ ਅਕਾਲ ਪੁਰਖ ਦੇ ਪੁਜਾਰੀ ਸਨ ਜਿਸ ਬਾਬਤ ਗੁਰਬਾਣੀ ਇਹ ਸੰਕਤ ਦਿੰਦੀ ਹੈ ਕਿ :-

ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ॥..
ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰ ਤੇ॥

(ਮਲਾਰ ਮਹਲਾ 5, 1267)

ਆਦਿਕ ਅਤੇ ਆਪਣੀ-ਆਪਣੀ ਰਚਨਾ ਅਕਾਲ ਉਸਤਿਤ ਵਿੱਚ ਦਰਸਾਉਂਦੇ ਹਨ ਕਿ
ਅਨਹਦ ਰੂਪ ਅਨਹਦ ਬਾਨੀ॥ ਚਰਨ ਸਰਨ ਜਿਹ ਬਸਤ ਭਵਾਨੀ॥

ਸ਼ਿਵਾ ਦਾ ਅਰਥ ਦੇਵੀ ਹੋਣ ਦੀ ਪੁਸ਼ਟੀ ਹਿੱਤ ਦਸਮ ਗਰੰਥ ਵਿਚਲੇ ਪ੍ਰਬਲ ਪ੍ਰਮਾਣ ਯਥਾ:-

ਦੋਹਰਾ
ਖੇਤ ਜੀਤ ਦੈਂਤਨ ਲੀਓ, ਗਏ ਦੇਵਤੇ ਭਾਜ। ਇਹੈ ਬਿਚਾਰਿਉ ਮਨ ਬਿਖੈ, ਲੇਹੁ ਸ਼ਿਵਾ ਤੇ ਰਾਜ।
(ਚੰਡੀ ਚਰਿਤ੍ਰ ਉਕਤ ਬਿਲਾਸ ਅੰਕ 72)

ਭਾਵ - ਰਣਭੂਮੀ ਵਿੱਚ ਦੈਂਤਾਂ ਨੇ ਜਿੱਤ ਪ੍ਰਾਪਤ ਕਰ ਲਈ ਤਾਂ ਦੇਵਤਿਆਂ ਨੇ ਵਿਚਾਰਿਆ ਕਿ ਹੁਣ ਸ਼ਿਵਾ (ਦੁਰਗਾ) ਦੀ ਸਹਾਇਤਾ ਦੁਆਰਾ ਦੈਂਤਾਂ ਤੋਂ ਰਾਜ ਲੈਣਾ ਚਾਹੀਦਾ ਹੈ।

ਪੁਨਾ

ਧਾਇ ਗਦਾ ਗਹਿ ਫੋਰਿ ਕੈ ਫਾਉਜ ਕੋ, ਘਾਊ ਸ਼ਿਵਾ ਸਿਰ ਦੈਤ ਕੋ ਮਾਰਿਉ॥
(ਚੰਡੀ ਚਰਿਤ੍ਰ, ਉਕਤ ਬਿਲਾਸ, ਅੰਕ 98)

ਭਾਵ - ਸ਼ਿਵਾ (ਦੁਰਗਾ) ਨੇ ਗਦਾ ਪਕੜ ਕੇ ਦੈਂਤ ਦੇ ਸਿਰ ਤੇ ਘਾਉ (ਜਖਮ) ਕੀਤਾ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top