Share on Facebook

Main News Page

ਜ਼ਫਰ ਨਾਮਹ, ਹਿਕਾਇਤਾਂ - 1
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 17

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਜ਼ਫਰ ਨਾਮਹ

ਜ਼ਫਰ ਨਾਮਹ (ਬਿਜੈ ਪਤ੍ਰ) ਫਾਰਸੀ ਜ਼ਬਾਨ ਵਿੱਚ ਨਜ਼ਮ (ਸ਼ਾਇਰੀ) ਦੇ ਰੂਪ ਅੰਦਰ ਲਿਖੀ 111 ਬੰਦਾਂ ਵਾਲੀ ਇੱਕ ਚਿੱਠੀ ਹੈ ਜੋ ਗੁਰੂ ਕਲਗੀਧਰ ਜੀ ਨੇ ਸੰਮਤ 1762 ਚੜ੍ਹਦੇ ਬਿਕ੍ਰਮੀ ਸੰਮਤ ਵਿੱਚ ਲਿਖ ਕੇ ਦੀਨੇ ਕਾਂਗੜ (ਦਿਆਲਪੁਰਾ) ਤੋਂ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਜੀ ਹਥੀਂ ਔਰੰਗਾਬਾਦ ਵਿੱਚ ਔਰੰਗਜ਼ੇਬ ਨੂੰ ਭੇਜੀ ਸੀ।

ਹਿਕਾਇਤਾਂ

ਦਸਮ ਗਰੰਥ ਅੰਦਰ ਜ਼ਫਰਨਾਮੇ ਤੋਂ ਪਿੱਛੇ ਫਾਰਸੀ ਦੇ ਸ਼ਾਇਰਾਂ ਵਲੋਂ ਰਚੀਆਂ 11 ਹਿਕਾਯਤਾਂ ਲਿਖੀਆਂ ਹਨ, ਜਿਨ੍ਹਾਂ ਨੂੰ ਆਮ ਬੋਲ-ਚਾਲ ਵਿੱਚ ਕਹਾਣੀਆਂ ਜਾਂ ਪ੍ਰਸੰਗ ਕਹਿੰਦੇ ਹਨ। ਫਾਰਸੀ ਵਿੱਚ ਕਹਾਣੀ ਨੂੰ ਹਿਕਾਯਤ ਅਤੇ ਇਸ ਦੇ ਬਹੁਵਚਨ (ਕਹਾਣੀਆਂ ) ਨੂੰ ਹਿਕਾਇਤਾਂ ਕਿਹਾ ਜਾਂਦਾ ਹੈ।

ਕੁਝ ਟੀਕਾਕਾਰਾਂ ਨੇ ਇਨ੍ਹਾਂ 11 ਹਿਕਾਇਤਾਂ ਨੂੰ ਵੀ ਦਸ਼ਮੇਸ਼ ਕ੍ਰਿਤ ਦਰਸਾਉਣ ਲਈ ਇਨ੍ਹਾਂ ਦਾ ਸਬੰਧ ਜ਼ਫਰਨਾਮੇ ਨਾਲ ਜੋੜ ਕੇ 12 ਹਿਕਾਇਤਾਂ ਵਾਲੀ ਚਿੱਠੀ ਸਿੱਧ ਕਰਨ ਦਾ ਬਿਰਥਾ ਜਤਨ ਕੀਤਾ ਹੈ। ਹਾਲਾਂਕਿ ਨਿਰਪੱਖ ਭਾਵਨਾ ਨਾਲ ਵਿਚਾਰਨ ਤੋਂ ਪ੍ਰਤੱਖ ਹੀ ਇਹ ਹਿਕਾਇਤਾਂ ਕਵੀ ਕ੍ਰਿਤ ਪ੍ਰਤੀਤ ਹੁੰਦੀਆਂ ਹਨ, ਜਿਨ੍ਹਾਂ ਦਾ ਸਬੰਧ ਜ਼ਫਰਨਾਮੇ ਨਾਲ ਰੰਚਕ ਮਾਤ੍ਰ ਵੀ ਨਹੀਂ ਦਿੱਸਦਾ।

ਉਪਰੋਕਤ ਵਿਚਾਰ ਸਬੰਧੀ ਵਿਸਥਾਰ ਭੈ ਕਾਰਨ ਕੇਵਲ ਇੱਕ ਮੰਨੀ-ਪ੍ਰਮੰਨੀ ਮਹਾਨ ਵਿਅਕਤੀ ਸ੍ਰੀ ਮਾਨ ਮਹੰਤ ਕ੍ਰਿਪਾਲ ਸਿੰਘ ਜੀ (ਉਨ੍ਹਾਂ ਦੀ ਆਪਣੀ ਲਿਖਤ ਅਨੁਸਾਰ ਸ੍ਰੀ ਮਾਨ 108 ਬ੍ਰਹਮ ਗਿਆਨੀ ਸੰਤ ਕ੍ਰਿਪਾਲ ਸਿੰਘ ਜੀ ਮਹੰਤ), ਸ੍ਰੀ ਅੰਮ੍ਰਿਤਸਰ ਵਲੋਂ ਕੀਤੇ ਜ਼ਫਰਨਾਮੇ ਦੇ ਟੀਕੇ ਵੱਲ ਪਾਠਕਾਂ ਦਾ ਧਿਆਨ ਦਿਵਾਉਂਦਾ ਹਾਂ।

ਇਹ ਟੀਕਾ ਪੰਜਵੀਂ ਵਾਰ ਸੰਨ 1973 ਵਿੱਚ ਛਪਿਆ, ਜਿਸ ਰਾਹੀਂ ਸਤਿਕਾਰਯੋਗ ਮਹੰਤ ਸਾਹਿਬ ਜੀ ਨੇ ਹਰ ਇੱਕ ਹਕਾਇਤ ਦੀ ਸਮਾਪਤੀ ਉਪਰੰਤ ਜੋ ਨਾਲ-ਨਾਲ ਦਸ਼ਮੇਸ਼ ਜੀ ਵਲੋਂ ਔਰੰਗਜ਼ੇਬ ਨੂੰ ਤਾਤਪਰਜਾਂ ਸਾਹਿਤ ਸੰਬੋਧਿਆ ਹੈ, ਉਹ ਤਾਤਪਰਜ ਹਿਕਾਇਤਾਂ ਦੇ ਮੂਲ ਪਾਠਾਂ ਤੋਂ ਵਿਲੱਖਣ ਹਨ, ਨਾ ਹੀ ਕਿਸੇ ਹਕਾਇਤ ਦਾ ਦਰਸਾਇਆ ਤਾਤਪਰਜ ਅੰਰੰਗਜ਼ੇਬ ਉੱਤੇ ਵਾਪਰ ਸਕਦਾ ਹੈ। ਤਾਂ ਤੇ ਇਹ ਤਾਤਪਰਜ ਮਹੰਤ ਸਾਹਿਬ ਜੀ ਨੇ ਹਿਕਾਇਤਾਂ ਨੂੰ ਦਸ਼ਮੇਸ਼ ਕ੍ਰਿਤ ਦਰਸਾਉਣ ਦੀ ਭਾਵਨਾ ਅਧੀਨ ਹੀ (ਅਧਿਯਾਰ ਰੂਪ ਵਿੱਚ) ਆਪਣੇ ਵਲੋਂ ਦਰਸਾਏ ਹਨ, ਤਾਂ ਕਿ ਕਿਵੇਂ ਨਾ ਕਿਵੇਂ ਇਹ ਹਿਕਾਇਤਾਂ ਦਸ਼ਮੇਸ਼ ਰਚਨਾ ਸਿੱਧ ਹੋ ਜਾਣ।

ਹਾਲਾਂਕਿ ਜ਼ਫਰਨਾਮੇ ਅਤੇ ਉਸ ਤੋਂ ਪਿਛਲੀਆਂ ਹਿਕਾਇਤਾਂ ਦੇ ਸਿਰਲੇਖਾਂ ਵਿੱਚ ਵੀ ਦਿਨ ਰਾਤ ਦਾ ਫਰਕ ਹੈ, ਜਿਵੇਂ ਕਿ ਜ਼ਫਰਨਾਮੇ ਦਾ ਸਿਰਲੇਖ ੴ ਹੁਕਮਸਤਿ, ਸ੍ਰੀ ਵਾਹਿਗੁਰੂ ਜੀ ਕੀ ਫਤਹ ਜ਼ਫਰਨਾਮਾ ਸ੍ਰੀ ਮੁਖ ਵਾਕ ਪਾਤਸ਼ਾਹੀ 10 ਹੈ, ਪਰ ਹਿਕਾਇਤਾਂ ਉੱਤੇ ੴ ਵਾਹਿਗੁਰੂ ਜੀ ਕੀ ਫਤਹ ਲਿਖਿਆ ਹੈ, ਭਾਵ ਸ੍ਰੀ ਮੁਖਵਾਕ ਪਾਤਸ਼ਾਹੀ 10 ਨਹੀਂ ਲਿਖਿਆ, ਬਲਕਿ ਸਿਰਫ ਪਾਤਸ਼ਾਹੀ 10 ਵੀ ਨਹੀਂ।

ਫਿਰ ਹਰ ਇੱਕ ਹਿਕਾਇਤ ਦੇ ਵਖੋ-ਵੱਖਰੇ ਮੰਗਲਾਚਰਨ ਹਨ, ਜੋ ਪ੍ਰਤੱਖ ਹੀ ਹਰ ਇੱਕ ਹਿਕਾਇਤ ਨੂੰ ਜ਼ਫਰਨਾਮੇ ਨਾਲੋਂ ਅੱਡਰੀ ਦਰਸਾਉਂਦੇ ਹਨ, ਬਲਕਿ 11 ਹਿਕਾਇਤਾਂ ਦਾ ਆਪੋ ਵਿੱਚ ਵੀ ਕੋਈ ਸਬੰਧ ਨਹੀਂ ਕਿਉਂਕਿ ਇਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਮਜਮੂਨ ਵੀ ਅੱਡੋ-ਅੱਡਰੇ ਹਨ।

ਇੱਕ ਹੋਰ ਗੱਲ ਜਰੂਰੀ ਨੋਟ ਕਰਾਉਣ ਵਾਲੀ ਇਹ ਵੀ ਹੈ, ਕਿ ਹਿਕਾਇਤਾਂ ਦਾ ਸਬੰਧ ਜ਼ਫਰਨਾਮੇ ਨਾਲ ਹੁੰਦਾ, ਤਾਂ ਜ਼ਫਰਨਾਮੇ ਦੀ ਅੰਤਕਾ ਵਿੱਚ ਅਫਜ਼ੂੰ ਸ਼ਬਦ ( ਜੋ ਇਸ ਗੱਲ ਦਾ ਲਖਾਇਕ ਹੈ ਕਿ ਅਜੇ ਕੁਝ ਹੋਰ ਲਿਖਣਾ ਹੈ, ਭਾਵ ਮਜ਼ਬੂਨ ਅਜੇ ਚੱਲ ਰਿਹਾ ਹੈ ਦੀ ਚਰਤੋਂ ਜਰੂਰ ਹੁੰਦੀ ਕਿ ਚੰਡੀ ਚਰਿਤਰ ਦੂਜੇ ਦੇ ਹਰੇਕ ਅਧਿਆਇ ਦੀ ਸਮਾਪਤੀ ਉਪਰੰਤ ਅਫਜ਼ੂੰ ਲਿਖਿਆ ਹੋਇਆ ਹੈ, ਜੋ ਇਹ ਲੱਖਤਾ ਕਰਾਉਂਦਾ ਹੈ ਕਿ ਇਸ ਦੇ ਨਾਲ ਹੋਰ ਚਰਿਤ੍ਰ ਵੀ ਹਨ।

ਫਿਰ ਤ੍ਰਿਯਾ ਚਰਿਤ੍ਰ ਦੀ ਹਰ ਇੱਕ ਅੰਤਕਾ ਵਿੱਚ ਵੀ ਅਫਜ਼ੂੰ ਸ਼ਬਦ ਸਪਸ਼ਟ ਹੈ, ਜੋ ਪ੍ਰਤੱਖ ਹੀ ਲੱਖਤਾ ਕਰਾਉਂਦਾ ਹੈ ਕਿ ਇਸ ਦੇ ਨਾਲ ਅਜੇ ਹੋਰ ਚਰਿਤ੍ਰ ਵੀ ਲਿਖਣੇ ਹਨ।

ਅਟੱਲ ਵਿਸ਼ਵਾਸ਼ ਹੈ ਕਿ ਸਤਿਕਾਰਯੋਗ ਮਹੰਤ ਸਾਹਿਬ ਜੀ ਕਦੇ ਉੱਤੇ ਦੱਸੇ ਸਿਰਲੇਖਾਂ ਅਤੇ ਮੰਗਲਾਂ ਤਥਾ ਅਫਜ਼ੂੰ ਸ਼ਬਦ ਵੱਲ ਧਿਆਨ ਦਿੰਦੇ, ਤਾਂ ਇਨ੍ਹਾਂ ਹਿਕਾਇਤਾਂ ਨੂੰ ਸੁਪਨੇ ਵਿੱਚ ਵੀ ਦਸ਼ਮੇਸ਼ ਰਚਨਾ ਦਰਸਾਉਣ ਦਾ ਜਤਨ ਨਾ ਕਰਦੇ।

ਇਹ ਹਿਕਾਇਤਾਂ ਫਾਰਸੀ ਜ਼ਬਾਨ ਵਿੱਚ ਲਿਖੀਆਂ ਵੇਖ ਕੇ ਲਿਖਾਰੀ ਨੇ ਜ਼ਫਰਨਾਮੇ ਨੂੰ ਫਾਰਸੀ ਵਿੱਚ ਲਿਖਿਆ ਵੇਖ ਕੇ ਨਾਲ ਹੀ ਲਿਖ ਦਿੱਤੀਆਂ।

ਜਿਵੇਂ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਸੂਰਜ ਪ੍ਰਕਾਸ਼ ਰੁੱਤ 6 ਅੰਸੂ 57 ਦੇ ਫੁੱਟ-ਨੋਟ ਵਿੱਚ ਦਰਸਾਇਆ ਹੈ, ਕਿ ਦਾਸਤਾਨ ਯਾ ਹਿਕਾਇਤਾਂ ਦਾ ਜ਼ਫਰਨਾਮੇ ਨਾਲ ਪ੍ਰਸੰਗਕ ਸਬੰਧ ਨਹੀਂ, ਇਹ ਜ਼ਫਰਨਾਮੇ ਨਾਲ ਬਾਦਸ਼ਾਹ ਵੀ ਨਹੀਂ ਗਈਆਂ, ਫਾਰਸੀ ਹੋਣ ਕਰਕੇ ਕਿਸੇ ਲਿਖਾਰੀ ਨੇ ਇਕੱਠੀਆਂ ਲਿਖ ਦਿੱਤੀਆਂ ਤੇ ਐਊਂ ਕੱਠੀਆਂ ਤੁਰ ਪਈਆਂ।

ਜੋਗ ਭਾਸਦਾ ਹੈ ਕਿ ਇਨ੍ਹਾਂ 11 ਹਿਕਾਇਤਾਂ ਵਿੱਚੋਂ ਕੁਝ ਹਿਕਾਇਤਾਂ ਦੀ (ਵਿਸਥਾਰ ਭੈ ਕਾਰਨ) ਕੇਵਲ ਸੰਕੋਚਵੇਂ ਅੱਖਰਾਂ ਵਿੱਚ ਜਾਣਕਾਰੀ ਵੀ ਦੇ ਦਿੱਤੀ ਜਾਵੇ ਤਾਂ ਕਿ ਪਾਠਕਾਂ ਨੂੰ ਆਪਣੇ ਆਪ ਹੀ ਨਿਸ਼ਚਾ ਹੋ ਜਾਵੇ ਕਿ ਇਹ ਦਸ਼ਮੇਸ਼ ਰਚਨਾ ਨਹੀਂ ਬਲਕਿ ਤ੍ਰਿਯਾ ਚਰਿਤ੍ਰਾਂ ਵਾਂਗੂ ਇਹ ਵੀ ਫਾਰਸੀ ਜ਼ਬਾਨ ਦੇ ਸ਼ਾਇਰਾਂ ਵਲੋਂ ਨਿਰੇ ਗੱਪ-ਗਪੌੜੇ ਹੀ ਹਨ।

ਜ਼ਫਰਨਾਮੇ ਤੋਂ ਪਿਛਲੀ ਪਹਿਲੀ ਹਿਕਾਇਤ ਦੇ 65 ਬੰਦ ਹਨ ਜਿਨ੍ਹਾਂ ਦਾ ਅਤੀ ਸੰਖਪਵਾਂ ਭਾਵ ਹੇਠ ਲਿਖੇ ਅਨੁਸਾਰ, ਯਥਾ-

ਰਾਜਾ ਮਾਨਧਾਤਾ ਨੇ ਆਪਣੇ ਪੁੱਤਰ ਦਲੀਪ ਨੂੰ ਇੱਕ ਦਾਣਾ ਸਾਬਤ ਮੂੰਗੀ ਅਤੇ ਅੱਧਾ ਚਨਾ (ਛੋਲੇ) ਦਿੱਤਾ, ਜੋ ਦਲੀਪ ਨੇ ਅੱਧਾ ਚਨਾ ਕਿਸੇ ਨਾਲ ਵੱਟਾ-ਸੱਟਾ ਕਰਕੇ ਇੱਕ ਛੋਟਾ ਦਾਣਾ ਸਾਬਤ ਲੈ ਲਿਆ।

ਉਪਰੋਕਤ ਮੂੰਗੀ ਅਤੇ ਛੋਲੇ ਨੂੰ ਧਰਤੀ ਵਿੱਚ ਬੀਜ਼ ਦਿੱਤਾ ,ਜਿਸ ਤੋਂ ਸਾਲ ਪਿੱਛੋਂ ਬਹੁਤ ਦਾਣੇ ਬਣ ਗਏ.. ਦੁਬਾਰਾ ਬੀਜਣ ਤੋਂ ਆਉਂਦੇ ਸਾਲ ਹੋਰ ਵਧੇਰੇ ਹੋ ਗਏ ਹਰ ਸਾਲ ਬੀਜਦਿਆਂ 12 ਵਰ੍ਹਿਆਂ ਉਪਰੰਤ, ਉਨ੍ਹਾਂ ਫਸਲਾਂ ਦੀ ਇਤਨੀ ਰਕਮ ਵੱਟੀ ਜੋ ਲੱਖਾਂ ਦੀ ਗਿਣਤੀ ਵਿੱਚ ਸੋਨੇ-ਚਾਂਦੀ ਨਾਲ ਲੱਦੇ ਹਾਥੀ, ਘੋੜੇ, ਊਠ ਅਤੇ 10 ਪਦਮ ਅਤੇ 10 ਨੀਲ ਸੋਨੇ ਦੀਆਂ ਮੋਹਰਾਂ ਤੋਂ ਬਿਨਾ, ਦੋ ਸ਼ਹਿਰ ਵੀ ਨਵੇਂ ਅਬਾਦ ਕੀਤੇ, ਜਿਨ੍ਹਾਂ ਦੇ ਨਾਮ ਮੁੰਗੀ ਦੇ ਦਾਣੇ ਤੋਂ ਮੂੰਗੀ ਪਟਣ ਅਤੇ ਦਲੇ ਹੋਏ ਛੋਲੇ ਭਾਵ ਦਾਲ ਤੋਂ ਦਿੱਲੀ ਰਖਿਆ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top