Share on Facebook

Main News Page

ਤ੍ਰੀਆ ਚਰਿਤ੍ - 5
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 16

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਕਵੀ ਤਾਂ ਕਿਤੇ ਰਿਹਾ, ਸਾਡੇ ਮੰਨੇ-ਪ੍ਰਮੰਨੇ ਕੁਝ ਵਿਦਵਾਨ ਤਾਂ ਚਰਿਤ੍ਰਾਂ ਸਮੇਤ ਸਮੁੱਚੇ ਦਸਮ ਗ੍ਰੰਥ ਦਾ ਕਰਤਾ ਵੀ ਦਸ਼ਮੇਸ਼ ਪਿਤਾ ਦਰਸਾਉਣ ਵਾਲਾ ਹੱਠ ਕਰਦੇ ਨਹੀਂ ਛੱਡਦੇ।

ਕਈ ਵਿਦਵਾਨ ਇਹ ਕਹਿੰਦੇ ਹਨ ਕਿ ਤ੍ਰਿਯਾ ਚਰਿਤ੍ਰਾਂ ਦੇ ਸਿਰਲੇਖ ਨਾਲ ਪਾਤਸ਼ਾਹੀ 10 ਵੀਂ ਲਿਖਿਆ ਹੈ, ਜਿਸ ਤੋਂ ਇਹ ਰਚਨਾ ਦਸ਼ਮੇਸ਼ ਕ੍ਰਿਤ ਸਿੱਧ ਹੁੰਦੀ ਹੈ। ਉੱਤਰ ਇਹ ਕਿ ਭਗਉਤੀ ਕੀ ਵਾਰ ਅਤੇ ਸਯਾਮ ਆਦਿਕ ਕਵੀਆਂ ਵਾਲੇ ਵਿੱਚ ਸੁਵਿਸਥਾਰ ਦਰਸਾਇਆ ਗਿਆ ਹੈ, ਕਿ ਦਸਮ ਗਰੰਥ ਦੇ ਅੱਡੋ-ਅੱਡ ਲਿਖਾਰੀਆਂ ਨੇ ਆਪੋ ਆਪਣੀ ਮਨੌਤ ਅਤੇ ਸਮੇਂ ਅਨੁਸਾਰ ਭਿੰਨ-ਭਿੰਨ ਬੀੜਾਂ ਵਿੱਚ ਜਿੱਥੇ ਕਈ ਥਾਈਂ ਰਚਾਨਾਵਾਂ ਅਗੜ-ਪਿੱਛੜ ਹੋਣ ਅਤੇ ਪਾਠ-ਭੇਦਾਂ ਵੱਲ ਗਹੁ ਨਹੀਂ ਕੀਤਾ, ਉਥੇ ਕਈ ਥਾਈਂ ਸਿਰਲੇਖ ਵੀ ਇੱਕ-ਦੂਜੇ ਦੇ ਪ੍ਰਤੀਕੂਲ ਲਿਖ ਦਿੱਤੇ ਹਨ।

ਦੂਜਾ, ਇਨ੍ਹਾਂ ਚਰਿਤ੍ਰਾਂ ਦੇ ਸਿਰਲੇਖਾਂ ਵਿੱਚ ਸ੍ਰੀ ਭਗੌਤੀ ਏ ਨਮਹ ਵੀ ਸਿਰਲੇਖ ਦੇ ਰੂਪ ਵਿੱਚ ਹੈ ਅਤੇ ਰਾਮਾਦਿਕ ਭਗਉਤੀ ਉਪਾਸ਼ਕ ਕਵੀਆਂ ਦੇ ਨਾਮ ਵੀ ਸਪਸ਼ਟ ਹਨ।

ਕੁਝ ਵੀਰ ਤ੍ਰਿਯਾ ਚਰਿਤ੍ਰਾਂ ਨੂੰ ਦਸਮ ਗਿਰਾ (ਬਾਣੀ) ਸਮਝਣ ਵਾਲੀ ਭੁੱਲ ਤਾਂ ਨਹੀਂ ਕਰਦੇ, ਪਰ ਮਿਥਿਹਾਸਕ ਗ੍ਰੰਥਾਂ ਜਾਂ ਪੁਰਾਣਾਂ ਦਾ ਉਲੱਥਾ (ਟੀਕਾ) ਸਮਝਣ ਵਾਲੀ ਉਨ੍ਹਾਂ ਦੀ ਵੀ ਭੁੱਲ ਹੈ। ਕਾਰਣ ਇਹ ਕਿ ਇਨ੍ਹਾਂ ਚਰਿਤ੍ਰਾਂ ਵਿੱਚ ਸਤਿਜੁੱਗ ਦੇ ਰਾਜੇ ਸਤਿਸੰਧ ਤੋਂ ਲੈ ਕੇ ਤ੍ਰੇਤਾ, ਦੁਆਪਰ ਅਤੇ ਕਲਿਜੁਗ ਵਿਚਲੀਆਂ ਗੁਰੂ ਕਲਗੀਧਰ ਜੀ ਬਲਕਿ ਉਨ੍ਹਾਂ ਤੋਂ ਵੀ ਪਿੱਛਲੀਆਂ ਘਟਨਾਵਾਂ ਦਾ ਵਰਨਣ ਹੋਣ ਕਰਕੇ, ਕਿਸੇ ਪੁਰਾਣ ਜਾਂ ਹੋਰ ਕਿਸੇ ਗ੍ਰੰਥ ਦਾ ਉਲੱਥਾ ਵੀ ਸਿੱਧ ਨਹੀਂ ਹੋ ਸਕਦਾ। ਕੁਝ ਸੱਜਣ ਇਨ੍ਹਾਂ ਚਰਿਤ੍ਰਾਂ ਨੂੰ ਦਸਮ ਬਾਣੀ ਦਰਸਾਉਣ ਹਿੱਤ ਇਹ ਕਹਿੰਦੇ ਹਨ, ਕਿ ਗੁਰੂ ਕਲਗੀਧਰ ਜੀ ਨੇ ਇਨ੍ਹਾਂ ਚਰਿਤ੍ਰਾਂ ਦੁਆਰਾ ਵਿਭਚਾਰਨ ਔਰਤਾਂ ਦੇ ਮੱਕਰ-ਫਰੇਬਾਂ ਤੋਂ ਸਾਵਧਾਨ ਰਹਿਣ ਲਈ ਖਾਲਸੇ ਨੂੰ ਚਿਤਾਵਣੀ ਦਿੱਤੀ ਹੈ।

ਉਪਰੋਕਤ ਵਿਦਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਚਰਿਤ੍ਰਾਂ ਵਿੱਚ ਤਾਂ ਤੁਸਾਡੀ ਮਨੌਤ ਦੇ ਉਲਟ ਸਗੋਂ ਕਾਮ-ਪੂਰਤੀ ਹਿੱਤ ਥਾਵੇਂ-ਥਾਵੇਂ ਕੋਕ ਸ਼ਾਸਤਰ ਦੇ ਹਵਾਲੇ ਦੇ ਕੇ ਪੋਸਤ, ਭੰਗ ਅਤੇ ਅਫੀਮ ਆਦਿਕ ਨਸ਼ਿਆਂ ਦੀ ਖੁੱਲ਼-ਮ -ਖੁੱਲੀ ਵਰਤੋਂ ਦੱਸੀ ਹੈ ਤੇ ਨਾਲ ਹੀ ਵਿਭਚਾਰ ਸਮੇਂ ਕੋਈ ਮਨੁੱਖ ਉੱਪਰੋਂ ਆ ਜਾਵੇ ਤਾਂ ਉਸ ਤੋਂ ਮੁਕਰਨ ਦੇ ਅਨੇਕਾਂ ਢੰਗ ਵੀ ਦਰਸਾਏ ਹਨ। ਬਲਕਿ ਰੋਮ ਨਾਸ਼ਕ ਪਾਉਡਰਾਂ ਰਾਹੀਂ ਕੇਸਹੀਨ ਹੋ ਕੇ, ਮਰਦ ਤੋਂ ਤੀਵੀਂ ਬਣ ਕੇ, ਬੱਚ ਜਾਣ ਦੇ ਸੁਝਾਅ ਵੀ ਦਿੱਤੇ ਹੋਏ ਹਨ, ਜਿਸ ਤੋਂ ਇਹ ਰਚਨਾ ਅੰਮ੍ਰਿਤ-ਦਾਤਾ ਗੁਰੂ ਪਾਤਸ਼ਾਹ ਵਲੋਂ ਸਿੱਧ ਕਰਨੀ, ਉਨ੍ਹਾਂ ਦੀ ਉੱਚੀ-ਸੁੱਚੀ ਸ਼ਾਨ ਨੂੰ ਵੱਟਾ ਲਾਉਣ ਅਤੇ ਸਮੁੱਚੇ ਸਿੱਖ ਪੰਥ ਦੀ ਸੂਝ-ਬੂਝ ਅਤੇ ਸਿਦਕ ਨੂੰ ਵੀ ਸਿੱਧੀ ਵੰਗਾਰ ਹੈ।

ਕੁਝ ਵਿਦਵਾਨਾਂ ਨੇ ਤ੍ਰਿਯਾ ਚਰਿਤ੍ਰਾਂ ਦਾ ਕਰਤਾ ਦਸਮ ਪਿਤਾ ਦਰਸਾਉਣ ਹਿੱਤ ਇਥੋਂ ਤੱਕ ਵੀ ਭੱਜ-ਦੌੜ ਕੀਤੀ ਕਿ ਭਾਈ ਮਨੀ ਸਿੰਘ ਜੀ ਵਲੋਂ ਲਿਖੀ ਗਈ ਦੱਸੀ ਜਾਂਦੀ ਇੱਕ (ਬਨਾਉਟੀ) ਚਿੱਠੀ ਵੀ ਵਜੂਦ ਵਿੱਚ ਲੈ ਆਂਦੀ ਸੀ।

ਸ਼ੋਕ, ਕਿ ਡਾਕਟਰ ਰਤਨ ਸਿੰਘ ਜੱਗੀ ਨੇ ਉਸ ਚਿੱਠੀ ਦਾ ਉਹ ਪਾਜ ਉਘੇੜਿਆ ਕਿ ਉਪਰੋਕਤ ਵਿਦਵਾਨ ਸੱਜਣਾਂ ਨੂੰ ਬਿਨਾਂ ਨਿਰਾਸਤਾ ਦੇ ਹੋਰ ਕੁਝ ਵੀ ਪ੍ਰਾਪਤ ਨਾ ਹੋਇਆ ਤੇ ਨਾ ਹੀ ਅੱਜ ਤੱਕ ਉਸ ਦਾ ਯਥਾਰਥ ਉੱਤਰ ਦੇ ਸਕੇ। (ਚਿੱਠੀ ਬਾਬਤ ਪੜ੍ਹੋ, ਡਾਕਟਰ ਰਤਨ ਸਿੰਘ ਜੱਗੀ ਜੀ ਕ੍ਰਿਤ ਦਸਮ ਗ੍ਰੰਥ ਦਾ ਕਿਰਤ੍ਰਿਤਵ)

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਚਰਿਤ੍ਰਾਂ (ਜੋ ਪ੍ਰਤੱਖ ਹੀ ਸਾਕਤ ਕਵੀਆਂ ਦੇ ਮਲੀਨ ਹਿਰਦੇ ਦੀ ਮਨੋਰੰਜਕ ਕਵਿਤਾ ਵਿੱਚ ਲਪੇਟੀ ਹੋਈ ਨੰਗ-ਮੁਨੰਗੀ ਤਸਵੀਰ ਹਨ) ਨੂੰ ਵੀ ਜਿਹੜੇ ਵਿਦਵਾਨ ਫੋਕੀਆਂ ਅਤੇ ਕੱਚੀਆਂ-ਪਿੱਲੀਆਂ ਦਲੀਲਾਂ ਰਾਹੀਂ ਦਸ਼ਮੇਸ਼ ਬਾਣੀ ਸਿੱਧ ਕਰਨੋਂ ਨਹੀਂ ਸੰਗਦੇ। ਉਨ੍ਹਾਂ ਕੋਲੋਂ ਡੂੰਘੇ ਭਾਵਾਂ ਵਾਲੀਆਂ ਰਚਨਾਵਾਂ ਦੇ ਯਥਾਰਥ ਬੋਧ ਦੀ ਕੀ ਆਸ ਹੋ ਸਕਦੀ ਹੈ।

ਮੁੱਕਦੀ ਗੱਲ ਇਹ ਕਿ ਉੱਤੇ ਦਰਸਾਏ ਤ੍ਰਿਯਾ ਚਰਿਤ੍ਰਾਂ ਤੋਂ ਆਪਣੇ ਆਪ ਹੀ ਸਪਸ਼ਟ ਹੋ ਰਿਹਾ ਹੈ ਕਿ ਚਰਿਤ੍ਰ ਵਿਸ਼ੇ ਲੰਪਟ-ਪੁਰਸ਼ਾਂ ਦਾ ਦਿਲ-ਪ੍ਰਚਾਵਾ ਅਤੇ ਕਾਮ-ਚੇਸ਼ਟਾ ਉੱਤੇਜਿਤ ਕਰਨ ਵਾਲੀਆਂ ਸਾਕਤ ਮਤੀਏ ਕਵੀਆਂ ਦੀਆਂ ਮਨ-ਘੜਤ ਰਚਨਾਵਾਂ ਹਨ ਜੋ ਰਾਜੇ ਚਿਤ੍ਰ ਸਿੰਘ ਅਤੇ ਉਸਦੀ ਰਾਣੀ (ਹਣਵੰਤ ਸਿੰਘ ਦੀ ਮਤਰੇਈ ਮਾਂ) ਤਥਾ ਹਨਵੰਤ ਸਿੰਘ ਦਾ ਪੱਜ ਬਣਾ ਕੇ ਦਰਸਾਈਆਂ ਹਨ।

ਹਾਲਾਂਕਿ 405 ਚਰਿਤ੍ਰਾਂ ਵਿੱਚੋਂ ਇਥੇ ਕੇਵਲ ਵੰਨਗੀ ਮਾਤ੍ਰ 5-6 ਚਰਿਤ੍ਰ ਹੀ ਦਰਸਾਏ ਹਨ, ਬਾਕੀ ਚਰਿਤ੍ਰ ਵੀ ਦੁਰਾਚਾਰਕ ਟੋਟਕੇ ਹੀ ਹਨ। ਬਲਕਿ ਕਈ ਚਰਿਤ੍ਰਾਂ ਵਿੱਚ ਤਾਂ ਇਸਤਰੀ ਪੁਰਸ਼ਾਂ ਦੇ ਗੁਪਤ ਅੰਗ ਵੀ ਖੁੱਲ੍ਹੇ-ਡੁੱਲ੍ਹੇ ਸ਼ਬਦਾਂ ਵਿੱਚ ਨਿਰੂਪੇ ਹਨ। -ਵੇਖੋ ਚਰਿਤ੍ਰ 313 ਅੰਕ 11, ਹੋਰ ਵੇਖੋ-ਚਰਿਤ੍ਰ 242 ਅੰਕ 3, 4, 24, ਤੇ 25, ਫਿਰ ਵੇਖੋ ਚਰਿਤ੍ਰ 366 ਅੰਕ 7 ਤੇ 8 ਇਤਿਆਦਿਕ। ਲੱਗ-ਭਗ ਸਾਰੇ ਦੇ ਸਾਰੇ ਚਰਿਤ੍ਰ ਹੀ ਅਸੰਭਵ ਅਤੇ ਅਸ਼ਲੀਲਕ ਦੋਸ਼ਾਂ ਦਾ ਭੰਭਾਰ ਹਨ, ਜਿਨ੍ਹਾਂ ਨੂੰ ਪੜਿਆਂ-ਸੁਣਿਆਂ ਮਨੁੱਖ ਸ਼ਰਮ ਨਾਲ ਪਾਣੀ-ਪਾਣੀ ਹੋ ਜਾਂਦਾ ਹੈ। ਇਸ ਲਈ ਇਹ ਰਚਨਾ ਸੁਪਨੇ ਵਿੱਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧ ਨਹੀਂ ਹੋ ਸਕਦੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top