Share on Facebook

Main News Page

ਦੇਹ ਸ਼ਿਵਾ ਬਰ ਮੋਹਿ ਇਹੈ - 1
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 10

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਜਿਵੇਂ ਜੋਰੀ ਜੀਵੈ ਜੁਗ ਚਾਰਿ ਤਿਹਾਰੀ ਅਤੇ ਮਿੱਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਆਦਿਕ ਕੱਚੀਆਂ ਰਚਨਾਵਾਂ ਕਈ ਰਾਗੀ ਸੱਜਣਾਂ ਨੇ (ਬਿਨਾਂ ਵਿਚਾਰੇ) ਗੁਰੂ ਕਲਗੀਧਰ ਜੀ ਵਲੋਂ ਰਚੀਆਂ ਸਮਝ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੜ੍ਹਣੀਆਂ ਪ੍ਰਚੱਲਤ ਕਰ ਦਿੱਤੀਆਂ ਹੋਈਆ ਹਨ, ਤਿਵੇਂ ਦੇਹ ਸ਼ਿਵਾ ਬਰ ਮੋਹਿ ਇਹੈ ਵਾਲਾ ਸਵੱਯਾ ਵੀ ਵੇਖੋ ਵੇਖੀ ਵੱਡੇ ਵੱਡੇ ਜੈਕਾਰੇ ਅਤੇ ਹੁਲਾਰਿਆਂ ਨਾਲ ਪੜ੍ਹਣਾ ਆਪਣਾ ਨੇਮ ਬਣਾ ਲਿਆ ਹੈ।

ਜੇ ਪੁੱਛੋ ਕਿ ਸ਼ਿਵਾ ਦਾ ਅਰਥ ਕੀ ਹੈ ਅਤੇ ਇਸ ਤੋਂ ਵਰ ਮੰਗਣ ਵਾਲਾ ਕੌਣ ਹੈ, ਤਾਂ ਮਲੂਕੜਾ ਜਿਹਾ ਹਾਸਾ ਹੱਸ ਕੇ ਕਹਿੰਦੇ ਹਨ ਕਿ ਅਰਥ ਤੁਸੀਂ ਗਿਆਨੀ ਲੋਕ ਜਾਣੋ ਸਾਨੂੰ ਅਰਥਾਂ-ਉਰਥਾਂ ਦੀ ਲੋੜ ਨਹੀਂ..ਅਸਾਂ ਤਾਂ ਅਨੰਦ ਲੈਣਾ ਹੈ।

ਸਦਕੇ ਜਾਈਏ ਇਸ ਅਰਥ-ਬੋਧ ਨਾ ਹੋਣ ਵਾਲੇ ਅਨੰਦ ਤੋਂ ਜਿਸ ਅਨੰਦ ਦਾ ਅਨੰਦ ਕੇਵਲ ਗੁਰਬਾਣੀ ਬੋਧ ਤੋਂ ਕੋਰੇ ਹੀ ਲੈ ਸਕਦੇ ਹਨ।

ਕੁਝ ਵੀਰ ਇਹ ਉੱਤਰ ਦਿੰਦੇ ਹਨ ਕਿ ਸ਼ਿਵਾ ਦਾ ਅਰਥ ਅਕਾਲ ਪੁਰਖ ਅਤੇ ਵਰ ਮੰਗਣ ਵਾਲਾ ਗੁਰੂ ਕਲਗੀਧਰ ਹੈ।

ਕਈ ਰਾਗੀ ਅਤੇ ਪ੍ਰਚਾਰਕ ਸੱਜਣ ਆਪਣੇ ਕੀਰਤਨ, ਕਥਾ, ਵਿਆਖਿਆ ਨੂੰ ਮਨੋਰੰਜਕ ਰੂਪ ਦੇਣ ਹਿੱਤ ਉਪਰੋਕਤ ਸਵੈਯਾ ਦਸਮ ਗਰੰਥ ਵਿੱਚ ਲਿਖਿਆ ਦਰਸਾ ਕੇ, ਅੱਡੀ-ਚੋਟੀ ਦੇ ਤ੍ਰਾਣ ਹੋਰ ਵੀ ਮਿਰਚ-ਮਸਾਲਿਆਂ ਰਾਹੀਂ ਦਸ਼ਮੇਸ਼ ਜੀ ਨੂੰ ਸ਼ਿਵਾ ਦਾ ਜਾਚਕ ਮੰਗਤਾ ਸਿੱਧ ਕਰਨ ਲਈ, ਇੱਥੋਂ ਤੱਕ ਬਿਰਥਾ ਜਤਨ ਕਰਦੇ ਹਨ ਕਿ ਆਪਣੇ ਵਲੋਂ ਕੋਈ ਕਸਰ ਨਹੀਂ ਛੱਡਦੇ।

ਨਿਰਣਾ

ਇਹ ਮੰਨਿਆ ਕਿ ਦੇਹ ਸ਼ਿਵਾ ਵਾਲਾ ਸਵੱਯਾ ਦਸਮ ਗਰੰਥ ਵਿੱਚ ਲਿਖਿਆ ਹੈ, ਪ੍ਰੰਤੂ ਇਹ ਇੱਕ ਸਾਕਤ ਮਤੀਏ ਕਵੀ ਦੀ ਰਚਨਾ ਹੈ (ਜਿਨ੍ਹਾਂ ਬਾਬਤ ਇਸ ਪੁਸਤਕ ਵਿੱਚ ਨਸ਼ੇ ਪ੍ਰੇਰਕ ਵਾਲੇ ਪ੍ਰਕਰਣ ਵਿੱਚ ਕੁਝ ਵਿਸਥਾਰ ਦਿੱਤਾ ਹੈ), ਗੁਰੂ ਕਲਗੀਧਰ ਜੀ ਦੀ ਬਾਣੀ ਨਹੀਂ ਅਤੇ ਸ਼ਿਵਾ ਦਾ ਅਰਥ ਵੀ ਅਕਾਲ ਪੁਰਖ ਨਹੀਂ, ਤੇ ਨਾ ਹੀ ਗੁਰੂ ਜੀ ਨੇ ਸ਼ਿਵਾ ਤੋਂ ਕੋਈ ਵਰ ਮੰਗਿਆ ਹੈ। ਇਸ ਹਿੱਤ ਇਹ ਭੁਲੇਖਾ ਦਰਸਾਉਣ ਤੋਂ ਪਹਿਲਾਂ ਇਹ ਦੱਸਣਾ ਜਰੂਰੀ ਹੈ ਕਿ ਦਸਮ ਗਰੰਥ ਨਾਮ ਤੋਂ ਭੁਲੇਖਾ ਖਾ ਕੇ ਇਸ ਨੂੰ ਦਸਵੇਂ ਗੁਰੂ ਜੀ ਦਾ ਗ੍ਰੰਥ ਸਮਝਣਾ ਅਤੇ ਇਸ ਵਿਚਲੀ ਸਾਰੀ ਰਚਨਾ ਦਸ਼ਮੇਸ਼ ਕ੍ਰਿਤ ਮੰਨਣੀ ਇੱਕ ਵੱਡੀ ਸਾਰੀ ਭੁੱਲ ਹੈ।

ਕਾਰਣ ਇਹ ਕਿ ਇਸ ਸਾਰੇ ਦੇ ਸਾਰੇ ਗਰੰਥ ਵਿੱਚ ਦਸ਼ਮੇਸ਼ ਜੀ ਦੀਆਂ ਬਾਣੀਆਂ ਜਾਪ ਸਾਹਿਬ, ਅਕਾਲ ਉਸਤਤਿ ਆਦਿਕ ਕੁਝ ਉਂਗਲੀਆਂ ਤੇ ਗਿਣਵੀਆਂ ਕੇਵਲ ਨਾਮ ਮਾਤ੍ਰ ਹੀ ਹਨ, ਬਾਕੀ ਸਾਰੀ ਦੀ ਸਾਰੀ ਰਚਨਾ ਅਨਮਤੀ ਵਿਦਵਾਨ ਕਵੀਆਂ ਅਤੇ ਸਾਕਤ ਮੱਤ ਅਵਲੰਬੀ (ਵਾਮ ਮਾਰਗੀਆਂ ਤਥਾ ਅਘੋੜ ਪੰਥੀ ਜੋਗੀਆਂ ਨਾਲ ਮਿਲਦੇ-ਜੁਲਦੇ) ਉਨ੍ਹਾਂ ਕਵੀਆਂ ਦੀ ਹੈ ਜਿਨ੍ਹਾਂ ਵਿੱਚ ਕਈਆਂ ਦੇ ਨਾਮ ਸਿਆਮ ਅਤੇ ਰਾਮ ਆਦਿਕ ਪ੍ਰਤੱਖ ਤੌਰ ਤੇ ਇਸੇ ਦਸਮ ਗਰੰਥ ਵਿੱਚੋਂ ਹੀ ਵੇਖੇ ਜਾ ਸਕਦੇ ਹਨ।

ਸਿਵਾ ਦਾ ਅਰਥ ਅਕਾਲ ਪੁਰਖ ਨਹੀਂ
ਬਲਕਿ
ਸ਼ਿਵ ਪਤਨੀ ਪਾਰਬਤੀ ਹੈ

ਨੋਟ:- ਵੇਖੋ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ਮਹਾਨ ਕੋਸ਼ (ਭਾਸ਼ਾ ਵਿਭਾਗ, ਪੰਜਾਬ ਵਲੋਂ ਪ੍ਰਕਾਸ਼ਿਤ) ਪੰਨਾ 201, ਯਥਾ- ਸ਼ਿਵਾ- ਸ਼ਿਵ ਦੀ ਇਸਤ੍ਰੀ ਦੁਰਗਾ (ਪਾਰਬਤੀ)

ਜਿਵੇਂ ਰਾਮ, ਕ੍ਰਿਸ਼ਨ, ਪਰਸਰਾਮ ਆਦਿਕ 24 ਅਵਤਾਰਾਂ ਦਾ ਹੇਤ ਵਿਸ਼ਨੂੰ ਭਗਵਾਨ ਹੈ, ਭਾਵ 24 ਅਵਤਾਰ ਕਲਾਂ (ਅੰਸੂ) ਸੰਜੁਗਤ ਵਿਸ਼ਨੂੰ ਹੀ ਧਾਰਦਾ ਹੈ ਤਿਵੇਂ ਖੋੜਸਾ ਮਾਤ੍ਰੀ (16 ਦੇਵੀਆਂ ) ਦੀ ਹੇਤੂ ਸ਼ਿਵ ਪਤਨੀ ਪਾਰਬਤੀ ਹੈ। ਅਰਥਾਤ ਅੱਡੋ ਅੱਡ 16 ਦੇਵੀਆਂ ਦਾ ਰੂਪ ਇਹ ਮਹਾਂਮਾਈ ਪਾਰਬਤੀ ਹੀ ਹੈ ਅਤੇ ਪਾਰਬਤੀ ਦੇ ਹਿੰਗੁਲਾ, ਪਿੰਗੁਲਾ, ਚੰਡਕਾ, ਦੁਰਗਾ, ਸੀਤਲਾ ਆਦਿਕ ਅਨੇਕਾਂ ਨਾਮਾਂ ਵਿੱਚੋਂ ਸ਼ਿਵਾ ਵੀ ਇੱਕ ਨਾਮ ਹੈ।

ਉਪਰੋਕਤ ਪਾਰਬਤੀ ਭਾਵ ਸ਼ਿਵਾ ਤੋਂ ਵਰ ਮੰਗਣ ਵਾਲਾ ਮਹਾਂਕਾਲੀ (ਕਾਲਿਕਾ) ਅਰਥਾਤ ਸ਼ਿਵਾ ਦਾ ਅਰਾਧਕ ਕਵੀ ਸ਼ਿਆਮ ਹੈ, ਜਿਸਨੇ ਚੰਡੀ ਚਰਤ੍ਰਿ ਉਕਤ ਬਿਲਾਸ ਦੀ ਸਮਾਪਤੀ ਉਪਰੰਤ 231 ਵੇਂ ਅੰਕ ਵਿੱਚ ਦੇਹ ਸ਼ਿਵਾ ਬਰ ਮੋਹਿ ਵਾਲੇ ਸਵੱਯਾ ਦੁਆਰਾ ਸ਼ਿਵ ਤੋਂ ਵਰ ਮੰਗਿਆ ਹੈ, ਜਿਸ ਨੂੰ ਅਗਲਾ 232 ਅੰਕ ਵਾਲਾ ਸਵੱਯਾ ਹੋਰ ਵੀ ਸਪਸ਼ਟ ਕਰਦਾ ਹੈ। ਯਥਾ:-

ਚੰਡ ਚਰਿਤ੍ਰ ਕਵਿੱਤਨ ਮੈ, ਬਰਨਿਓ ਸਭ ਹੀ ਰਸ ਰੁਦ੍ਰ ਮਈ ਹੈ।
ਏਕ ਤੇ ਏਕ ਰਸਾਲ ਭਇਉ, ਨੱਖ ਤੱ ਸਿੱਖ ਲਉ ਉਪਮਾ ਸੁ ਨਈ ਹੈ।
ਕਉਤਕ ਹੇਤ ਕਰੀ ਕਵਿ ਨੇ, ਸਤਸਯ ਕੀ ਕਥਾ ਇਹ ਪੂਰੀ ਭਈ ਹੈ।
ਜਾਹਿ ਨਮਿਤ ਪੜੈ ਸੁਨਿ ਹੈ ਨਰ, ਸੇ ਨਿਸਚੈ ਕਰਿ ਤਾਹਿ ਦਈ ਹੈ।

ਇਸ ਤੋਂ ਅਗਲੇ ਸਮਾਪਤੀ ਵਾਲੇ ਦੋਹਰੇ ਦਾ ਅੰਕ 233 ਹੈ,ਜਿਸ ਨੂੰ ਪੜ੍ਹ ਕੇ ਪਾਠਕ ਉੱਕਾ ਹੀ ਨਿਰਸੰਸੇ ਹੋ ਜਾਣਗੇ। ਯਥਾ:-

ਗਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵੁਰ ਨਾ ਕੋਇ।
ਜਿਹ ਨਮਿਤ ਕਵਿ ਨੇ ਕਹਿਉ ਸੁ ਦੇਹ ਚੰਡਕਾ ਸੋਇ।

ਤਾਂ ਤੇ ਸਿੱਧ ਹੋਇਆ ਕਿ ਦੇਹ ਸ਼ਿਵਾ ਵਾਲਾ ਸਵੱਯਾ ਸ੍ਰੀ ਮੁਖਵਾਕ ਬਾਣੀ ਨਹੀਂ ਕਿਉਂਕਿ ਇਸ ਸਵੱਈਏ ਤਥਾ ਦੋਹਰੇ ਜਿਨ੍ਹਾਂ ਵਿੱਚ ਸਾਫ ਲਿਖਿਆ ਹੋਇਆ ਹੈ ਕਿ ਕੌਤਕ ਹੇਤ ਕਰੀ ਕਵਿ ਨੇ ਅਤੇ ਜਿਹ ਨਮਿਤ ਕਾਵਿ ਨੇ ਕਹਿਉ ਤੋਂ ਸਪਸ਼ਟ ਹੈ, ਇਸ ਲਈ ਉਪ੍ਰੋਕਤ ਪ੍ਰਬਲ ਪ੍ਰਮਾਣਾਂ ਦੀ ਹੋਂਦ ਵਿੱਚ ਦੇਹ ਸ਼ਿਵਾ ਬਰ ਮੋਹਿ ਵਾਲਾ ਸਵੱਈਆ ਗੁਰੂ ਜੀ ਦੀ ਰਚਨਾ ਸੁਪਨੇ ਵਿੱਚ ਵੀ ਸਿੱਧ ਨਹੀਂ ਹੋ ਸਕਦੀ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top