Share on Facebook

Main News Page

ਦਸਮ ਗਰੰਥ ਵਿਚਲੀ ਆਰਤੀ
ਸੰਖਨ ਕੀ ਧੁਨਿ ਘੰਟਨ ਕੀ, ਕਰਿ ਫੂਲਨ ਕੀ ਬਰਖਾ ਬਰਖਾਵੇਂ - 1
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 9

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਇਸ ਵੇਲੇ ਅਨੇਕਾਂ ਹੀ ਗੁਰਦੁਆਰਿਆਂ, ਸਗੋਂ ਮੰਨੇ-ਪ੍ਰਮੰਨੇ ਇਤਿਹਾਸਿਕ ਅਸਥਾਨਾ ਉੱਤੇ ਵੀ ਗੁਰਬਾਣੀ ਵਿੱਚੋਂ ਆਰਤੀ ਦੇ ਸ਼ਬਦ ਪੜ੍ਹਨ ਉਪਰੰਤ

ਲੋਪੁ ਚੰਡਕਾ ਹੋਇ ਗਈ.
ਯਾਤੇ ਪ੍ਰਸੰਨ ਭਏ ਹੈ ਮਹਾਮੁਨਿ.
ਜੱਛ ਅਪੱਛਰ ਨਿਰਤ ਦਿਖਾਵੇ
ਸੰਖਨ ਕੀ ਧੁਨਿ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ
ਹੋਤ ਕੁਲਾਹਲ ਦੇਵਪੁਰੀ ਮਿਲਿ ਦੇਵਨ ਕੇ ਕੁਲਿ ਮੰਗਲ ਗਾਵੈਂ.
ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿਓ ਪ੍ਰਤਾਪ
ਆਦਿਕ ਕੱਚੀਆਂ ਬਾਣੀਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਂਦੀਆਂ ਹਨ।

ਹਾਲਾਂਕਿ ਗੁਰੂ ਅਮਰਦਾਸ ਜੀ ਨੇ ਥੂਨੀ ਖੰਨਨ ਨਯਾਇ (ਕਿਸੇ ਗੱਲ ਨੂੰ ਬਾਰ-ਬਾਰ ਦੁਹਰਾ ਕੇ ਤਾਕੀਦ ਕਰਨੀ) ਦੁਆਰਾ ਕੱਚੀਆਂ ਬਾਣੀਆਂ ਪੜ੍ਹਨ ਤੋਂ ਵਰਜਿਆ ਹੈ ਜਿਵੇਂ ਕਿ:-

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥

(ਰਾਮਕਲੀ ਮ:3, ਅਨੰਦ, 920)

ਉੱਤੇ ਲਿਖੇ ਅਨੁਸਾਰ ਲੋੜ ਤਾਂ ਇਹ ਸੀ ਕਿ ਇਸ ਵੇਲੇ ਅਨੇਕਾਂ ਸੰਤਾਂ-ਮਹਾਤਮਾ ਅਖਵਾਉਣ ਵਾਲੇ ਅਤੇ ਗ੍ਰੰਥੀ,ਚਪ੍ਰਚਾਰਕ,ਚਰਾਗੀ ਆਦਿਕ ਸਾਰੇ ਧਾਰਮਿਕ ਆਗੂ ਆਪਣੀ ਜ਼ਿਮੇਵਾਰੀ ਨੂੰ ਅਨੁਭਵ ਕਰਦੇ ਹੋਏ ਅਨਜਾਣ ਸ਼ਰਧਾਲੂਆਂ ਨੂੰ ਉਪਰੋਕਤ ਕੱਚੀਆਂ-ਪਿੱਲੀਆਂ ਬਾਣੀਆਂ ਪੜ੍ਹਣ ਤੋਂ ਵਰਜਦੇ, ਪ੍ਰੰਤੂ ਉਹ ਮਹਾਂਪੁਰਖ ਸਗੋਂ ਉਲਟੀ ਵਾੜ ਖੇਤ ਕੋ ਖਾਈ ਵਾਲਾ ਦ੍ਰਿਸ਼ ਪ੍ਰਤੱਖ ਦਰਸਾ ਰਹੇ ਹਨ, ਭਾਵ ਅਨਜਾਣਾਂ ਨੂੰ ਵਰਜਣ ਦੀ ਥਾਵੇਂ ਆਪ ਹੀ ਕੱਚੀਆਂ ਬਾਣੀਆਂ ਪੜ੍ਹਦੇ ਅਤੇ ਹੋਰਨਾ ਨੂੰ ਵੀ ਪੜ੍ਹਨ ਦੀ ਵਧੇਰੇ ਪ੍ਰੇਰਨਾ ਦਿੰਦੇ ਹਨ।

ਕੇਵਲ ਪ੍ਰੇਰਨਾ ਹੀ ਨਹੀਂ ਦਿੰਦੇ, ਸਗੋਂ ਕੱਚੀਆਂ ਆਰਤੀਆਂ ਪੜ੍ਹਨ ਦਾ ਕਚਿਪ ਪ੍ਰਪੱਕ ਕਰਾਉਣ ਲਈ, ਹੇਠ ਲਿਖੇ ਦ੍ਰਿਸ਼ਾਂ ਰਾਹੀਂ ਵਧੇਰੇ ਦ੍ਰਿੜ ਕਰਾਉਂਦੇ ਹਨ, ਜਿਵੇਂ ਕਿ ਸੰਖਨ ਕੀ ਧੁਨਿ ਘੰਟਨਿ ਕੀ ਆਖਣ ਵਾਲੇ ਸੰਖ ਪੂਰਦੇ (ਵਜਾਉਂਦੇ) ਅਤੇ ਘੜਿਆਲ ਖੜਕਾਉਂਦੇ ਹਨ, ਤੇ ਫੂਲਨ ਕੀ ਬਰਖਾ ਬਰਖਾਵੈਂ ਉਚਾਰਨ ਸਮੇਂ ਫੁੱਲਾਂ ਦੀ ਵਰਖਾ ਕਰਦੇ ਹਨ, ਭਾਵ ਗੁਰੂ ਗ੍ਰੰਥ ਸਾਹਿਬ ਉੱਤੇ ਫੁੱਲ ਸੁੱਟਦੇ ਹਨ।

ਕੀ ਜਾਣੀਏ ਸਮਾਂ ਪਾ ਕੇ ਆਰਤੀ ਸਮੇਂ ਦੋ-ਚਾਰ ਮੁੰਡੇ-ਕੁੜੀਆਂ ਨਚਾ ਕੇ ਜੱਛ ਅਪੱਛਰ ਨਿਰਤ ਦਿਖਾਵੇ ਵਾਲੀ ਕਸਰ ਵੀ ਪੂਰੀ ਕਰ ਦੇਣ।

ਵਧੇਰੇ ਖੇਦ ਇਹ ਹੈ ਕਿ ਉਪਰੋਕਤ ਕਚਿੱਪ (ਨਿਰੋਲ ਮਨਮਤਿ) ਤੋਂ ਵਰਜੇ ਤਾਂ ਬਜਾਏ ਲਜਿੱਤ (ਸ਼ਰਮਸਾਰ) ਹੋਣ ਦੇ ਉਲਟਾ ਰੋਸ ਪ੍ਰਗਟ ਕਰਦੇ ਹਨ ਹੋਏ ਤਾੜਨਾ ਦੇ ਰੂਪ ਵਿੱਚ ਕਹਿੰਦੇ ਹਨ ਕਿ ਇਹ ਆਰਤੀ ਦਸਮ ਗ੍ਰੰਥ ਵਿੱਚ ਲਿਖੀ ਹੋਈ ਹੈ, ਅਸੀਂ ਜਰੂਰ ਪੜ੍ਹਾਂਗੇ, ਇਤਿਆਦਿਕ।

ਉਤਲੀ ਲਿਖਤ ਤੋਂ ਸਿੱਧ ਹੋਇਆ ਕਿ ਦਸਮ ਗ੍ਰੰਥ ਵਿਚਲੀ ਆਰਤੀ ਪੜ੍ਹਨ ਵਾਲੇ ਸੱਜਨ ਦਸਮ ਗ੍ਰੰਥ ਵਿਚਲੀ ਰਚਨਾ ਰੂਪੀ ਵਸਤੂ ਨੂੰ (ਅਰਥ ਬੋਧ ਨਾ ਹੋਣ ਕਾਰਣ ) ਨਾ ਜਾਣਦੇ ਹੋਏ ਕੇਵਲ ਇਸਦਾ ਦਸਮ ਗ੍ਰੰਥ ਸਿਰਲੇਖ ਵੇਖ ਕੇ ਹੀ ਇਸਨੂੰ ਦਸ਼ਮੇਸ਼ ਰਚਨਾ ਸਮਝਦੇ ਹਨ ਜੋ ਕਿ ਇੱਕ ਵੱਡੀ ਭੁੱਲ ਬਲਕਿ ਭੁਲੇਖਿਆਂ ਦੀ ਜੜ੍ਹ ਹੈ।

ਨੋਟ:- ਕਿਹਾ ਚੰਗਾ ਹੁੰਦਾ ਜੋ ਦਸਮ ਗਰੰਥ ਵਿਚਲੀਆਂ ਬਚਿਤ੍ਰ ਨਾਟਕ, ਚੰਡੀ ਚਰਿਤ੍ਰ, ਤ੍ਰਿਯਾ ਚਰਿਤ੍ਰ ਆਦਕਿ ਕਵੀਆਂ ਦੀਆਂ ਰਚਨਾਵਾਂ ਅੱਡੋ-ਅੱਡ ਆਪੋ ਆਪਣੇ ਸਿਰਲੇਖਾਂ ਹੇਠ ਪਹਿਲਾਂ ਵਾਂਗ ਸੈਂਚੀਆਂ ਦੇ ਰੂਪ ਵਿੱਚ ਰਹਿੰਦੀਆਂ ਤਾਂ ਕਿ ਇਤਨੇ ਭੁਲੇਖੇ ਨਾ ਪੈਂਦੇ।

ਉਪਰੋਕਤ ਘਾਟ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਦਸਮ ਗਰੰਥ ਵਿਚਲੀ ਆਰਤੀ ਦਾ ਸੰਖੇਪਕ ਵੇਰਵਾ ਹੇਠ ਦਿੱਤਾ ਜਾਦਾ ਹੈ, ਜੋ ਚੰਡੀ ਚਰਿਤ੍ਰ ਉਕਤ ਬਿਲਾਸ ਅੰਦਰ ਤੀਜੇ ਧਿਆਏ ਦੇ ਅਰੰਭ ਵਿੱਚ ਅੰਕਿਤ ਹੈ ਜਿਸ ਦਾ ਸੰਕੋਚਵਾਂ ਸਾਰੰਸ਼ ਹੇਠ ਲਿਖੇ ਅਨੁਸਾਰ ਹੈ, ਯਥਾ:-

ਇੱਕ ਮਹਿਖਾਸੁਰ (ਝੋਟੇ ਦੀ ਸ਼ਕਲ ਵਾਲਾ ਅਸੁਰ) ਨੇ ਇੰਦਰਾਦਿਕ ਦੇਵਤਿਆਂ ਨੂੰ ਭਾਂਜ ਦੇ ਕੇ ਇੰਦਰਪੁਰੀ ਉੱਤੇ ਕਬਜ਼ਾ ਕਰ ਲਿਆ ਦੇਵਤਿਆਂ ਨੇ ਚੰਡੀ (ਦੁਰਗਾ) ਦੀ ਸ਼ਰਣ ਲਈ ਚੰਡੀ ਨੇ ਦੈਤਾਂ ਨੂੰ ਜੁੱਧ ਲਈ ਵੰਗਾਰਿਆ ਮਾਹਿਖਾਸੁਰ ਨੇ 45 ਪਦਮ ਸੈਨਾ ਲੈ ਕੇ ਚੰਡਿਕਾ ਨਾਲ ਜੁੱਧ ਕੀਤਾ ਅੰਤ ਮਹਿਖਾਸੁਰ ਚੰਡੀ ਹੱਥੋਂ ਮਾਰਿਆ ਗਿਆ, ਤਦ ਇੰਦਰ ਨੂੰ ਰਾਜ ਦੇ ਕੇ ਚੰਡਿਕਾ ਲੋਪ ਹੋ ਗਈ, ਯਥਾ ਲੋਪ ਚੰਡਿਕਾ ਹੋਇ ਗਈ ਸੁਰਪਤਿ ਕੌ ਦੇ ਰਾਜ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top