Share on Facebook

Main News Page

ਤ੍ਰੀਆ ਚਰਿਤ੍ - 2
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 16

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਵਿਚਾਰ

ਪਹਿਲਾਂ ਤਾਂ ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਅਤੇ ਉਹ ਵੀ ਨਵੀਂ-ਨਵੀਂ ਅਬਾਦ ਹੋਈ ਵਿੱਚ ਵੇਸਵਾ ਦਾ ਰਹਿਣਾ ਕਵੀਆਂ ਦਾ ਉਹੋ ਜਿਹਾ ਮਿਥਿਆਵਾਦ ਹੈ, ਜਿਵੇਂ ਉਨ੍ਹਾਂ ਨੰਦ ਮਤੀ ਅਤੇ ਗੁਲਾਬੋ ਤਥਾ ਅਨੂਪ ਕੌਰ ਆਦਿਕ ਦੁਰਾਚਾਰਨੀਆਂ ਦਾ ਅਨੰਦਪੁਰ ਵਿੱਚ ਰਹਿਣਾ ਲਿਖਿਆ ਹੈ।

‘ਕੋਈ ਜਾਣੇ’ ਉੱਤੇ ਲਿਖੀਆਂ ਵਿਭਚਾਰਨਾ ਨੇ ਗੁਰੂ ਕੀ ਨਗਰੀ ਨੂੰ ਆਪਣਾ ਅੱਡਾ ਬਣਾਇਆ ਹੋਇਆ ਸੀ ?

ਦੂਜਾ- “ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਞਞਿ ਦੂਰੇ॥” (ਸੂਹੀ ਮਹਲਾ 5, 761)

ਗੁਰੂ-ਵਾਕ ਅਨੁਸਾਰ ਦਸ਼ਮੇਸ਼ ਜੀ ਦਾ ਦਰਸ਼ਨ ਕਰਕੇ ਇਸਦੇ ਉਲਟ ਛਜਿਆ ਨੂੰ ਕਾਮ-ਵਾਸ਼ਨਾ ਫੁਰਨੀ ਕਿੱਥੋਂ ਤੱਕ ਮੰਨੀ ਜਾ ਸਕਦੀ ਹੈ।

ਤੀਜਾ- “ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ” ਅਨੁਸਾਰ ਅੰਤਰਜ਼ਾਮੀ ਗੁਰੂ ਜੀ ਦਾ ਜੋਗੀ ਬਣੀ ਛਜਿਆ ਨੂੰ ਪਛਾਣ ਨਾ ਸਕਨਾ, ਗੁਰੂ ਜੀ ਦੀ ਸਰਵੱਗਤਾ ਦੇ ਉਲਟ ਹੈ।

ਚੌਥਾ- ਜੰਤ੍ਰਾਂ-ਮੰਤ੍ਰਾਂ ਦਾ ਖੰਡਨ ਕਰਨ ਵਾਲੇ ਗੁਰਦੇਵ ਜੀ ਦਾ ਮੰਤ੍ਰ ਸਿੱਖਣ ਜਾਣਾ ਕਿੱਥੋਂ ਤੱਕ ਮੰਨਿਆਂ ਜਾ ਸਕਦਾ ਹੈ ?

ਪੰਜਵਾਂ- ਇਕ ਕਮੀਨੀ ਔਰਤ ਗੁਰੂ ਪਾਤਸ਼ਾਹ ਨੂੰ ਧਮਕੀਆਂ ਦੇਣ ਦੀ ਕੀ ਜੁਅਰਤ ਕਰ ਸਕਦੀ ਹੈ।

ਛੇਵਾਂ - ਉਸ ਨੂੰ ਬੇਹੋਸ਼ ਕਰ ਕੇ ਆਉਂਦੇ ਵੇਰੀਂ ਉਸ ਦੀ ਸਿਰਾਂਦੀ 60 ਮੋਹਰਾਂ ਗੁਰੂ ਜੀ ਨੇ ਕਿਸ ਨੇਕ ਕਮਾਈ ਬਦਲੇ ਰਖੀ, ਆਦਿਕ।

ਮੁੱਕਦੀ ਗੱਲ-ਉੱਤੇ ਦਰਸਾਈ ਸਾਰੀ ਕਪੋਲ ਕਲਪਨਾ ਕਵੀਆਂ ਦੀ ਕੁਟਲ ਨੀਤੀ ਅਤੇ ਗੁਰੂ ਅਦਰਸ਼ ਵਿਰੁੱਧ ਬਲਕਿ ਗੁਰੂ ਨਿੰਦਾ ਪ੍ਰਯੋਜਨੀ, ਮਲੀਨ ਆਤਮਾ ਦੀ ਨੰਗੀ ਤਸਵੀਰ ਹੈ।

ਹੁਣ ਸਤਿਕਾਰ ਯੋਗ ਵਿਦਵਾਨਾਂ ਤੋਂ ਕਦੇ ਇਹ ਪੁੱਛਿਆ ਜਾਵੇ ਕਿ ਤੁਹਾਡੇ ਕਥਨ ਅਨੁਸਾਰ ‘ਤ੍ਰਿਯਾ ਚਰਿਤ੍ਰ’ ਦਸ਼ਮੇਸ਼ ਰਚਨਾ ਮੰਨਣ ਵਿੱਚ ਤਾਂ ਉੱਤੇ ਦੱਸੇ ਸਾਰੇ ਦੋਸ਼ਾਂ ਦੀ ਜ਼ਿੰਮੇਵਾਰੀ ਕਵੀਆਂ ਦੀ ਥਾਵੇਂ ਸਗੋਂ ਗੁਰੂ ਪਾਤਸ਼ਾਹ ਉੱਤੇ ਆਉਂਦੀ ਹੈ, ਤਾਂ ਕੀ ੳੱਤਰ ਦੇਣਗੇ।

2- ਇੱਕ ਅਨੂਪ ਕੁਆਰਿ ਨਾਮੀ ਧਨਾਢ ਇਸਤਰੀ ਦਸ਼ਮੇਸ਼ ਜੀ ਦੇ ਰੂਪ ਉੱਤੇ ਡੋਲ ਕੇ ‘ਮਗਨ ਦਾਸ’ ਨਾਮੀ ਮਨੁੱਖ ਨੂੰ ਇਹ ਸਮਝਾ ਕੇ, ਗੁਰੂ ਜੀ ਵੱਲ ਭੇਜਦੀ ਹੈ, ਕਿ ਤੁਸੀਂ ਭਗਉਤੀ ਮੰਤਰ ਸਿੱਖਣਾ ਚਾਹੁੰਦੇ ਹੋ ਤਾਂ ਰਾਤ ਨੂੰ ਮੇਰੇ ਘਰ ਆਓ……… ਗੁਰੂ ਜੀ ਮੰਤ੍ਰ ਸਿੱਖਣ ਵਾਸਤੇ ਭੇਸ ਬਦਲ ਕੇ ਭਗੌਤੀ ਦੇਵੀ ਨੂੰ ਸਿਮਰਦੇ ਹੋਏ ਉਸਦੇ ਘਰ ਪੁੱਜਦੇ ਹਨ, ਯਥਾ-

ਚਲਿਯੋ ਧਾਰਿ ਆਤੀਤ ਕੋ ਭੇਸ ਰਾਈ।
ਮਨਾਪਨ ਬਿਖੈ ਸ੍ਰੀ ਭਗਉਤੀ ਮਨਾਈ।
ਚਲਿਯੋ ਸੋਤ ਤਾ ਕੈ ਫਿਰਿਯੋ ਨਾਹਿ ਫੇਰੇ।
ਧਸਿਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ।
(ਚਰਿਤ੍ਰ 21 ਅੰਕ 10)

ਅਨੂਪ ਕੌਰ ਆਪਣੀ ਮਲੀਨ ਲਾਲਸਾ ਵੱਸ ਕਈ ਹਾਵ-ਭਾਵ ਅਤੇ ਵਲ-ਛੱਲ ਕਰਦੀ ਹੋਈ ਧਮਕੀਆਂ ਦੇਣ ਤੇ ਵੀ ਆ ਜਾਂਦੀ ਹੈ….ਗੁਰੂ ਜੀ ਅਡੋਲ ਰਹਿ ਕੇ ਉਸ ਨੂੰ ਮੰਦ-ਵਾਸ਼ਨਾ ਤੋਂ ਰੋਕਦੇ ਹਨ ਤਾਂ ਨਿਰਾਸ਼ ਹੋ ਕੇ ਖਿਝਦੀ ਹੋਈ ਚੋਰ-ਚੋਰ ਆਖ ਕੇ ਰੌਲਾ ਪਾ ਦਿੰਦੀ ਹੈ…ਲੋਕ ਆ ਕੇ ਗੁਰੂ ਜੀ ਨੂੰ ਘੇਰ ਲੈਂਦੇ ਹਨ……ਗੁਰਦੇਵ ਆਪਣਾ ਬਚਾਓ ਹਿੱਤ ਉਸ ਦੇ ਭਰਾ ਦੀ ਪੱਗ ਲਾਹ ਕੇ ਧੱਕਾ-ਮੁੱਕੀ ਕਰਨ ਉਪਰੰਤ ਉਸੇ ਨੂੰ ਚੋਰ ਕਹਿੰਦੇ ਹੋਏ, ਚੋਰ ਚੋਰ ਕਹਿੰਦੇ ਹੋਏ ਲੋਕਾਂ ਦੇ ਹਵਾਲੇ ਕਰ ਦਿੰਦੇ ਕਰਕੇ ਆਪ ਉਸ ਭੀੜ ਵਿੱਚੋਂ ਨਿਕਲ ਆਉਂਦੇ ਹਨ ,ਪਰ ਇੱਕ ਪੈਰ ਦੀ ਜੁੱਤੀ ਅਤੇ ਕੰਬਲੀ ਉਥੇ ਹੀ ਰਹਿ ਜਾਂਦੀ ਹੈ…ਦਿਨ ਚੜ੍ਹੇ ਜੁੱਤੀ ਅਤੇ ਕੰਬਲੀ ਸਮੇਤ ਅਨੂਪ ਕੌਰ ਨੂੰ ਗੁਰ ਦਰਬਾਰ ਮੰਗਵਾ ਕੇ ਤਾੜਦੇ ਹਨ…ਉਹ ਮੁਆਫੀ ਮੰਗਦੀ ਹੈ…ਫਿਰ ਉਸ ਨੂੰ ਵੱਖਰੇ ਲਿਜਾ ਕੇ ਕਹਿੰਦੇ ਹਨ ਕਿ ਤੂੰ ਗੁੱਸਾ ਕਰਕੇ ਸਾਨੂੰ ਚੋਰ ਬਨਾਉਣ ਵਾਲਾ ਚਰਿਤ੍ਰ ਕਰ ਵਿਖਾਇਆ….ਅੰਤ ਗੁਰੂ ਜੀ ਨੇ ਵੀਹ ਹਜ਼ਾਰ ਰੁਪੈ ਉਸ ਦੀ ਛਿਮਾਹੀ ਬੰਨ੍ਹ ਦਿੱਤੀ, ਯਥਾ-

ਛਿਮਾ ਕਰੋ ਅਬ ਤ੍ਰਿਯਾ ਤੁਮੈ ਬਹੁਰ ਨ ਕਰੀਯਹੁ ਰਾਂਧ।
ਬੀਸ ਸਹੰਸ ਟੱਕਾ ਤਿਸੈ ਦਈ ਛਿਮਾਹੀ ਬਾਂਧ।
(ਚਰਿਤ੍ਰ 23 ਅੰਕ 12)

ਉਪਰੋਕਤ ਚਰਿਤ੍ਰ ਦਾ ਸਾਰੰਸ਼ ਇਹ ਕਿ ਇੱਕ ਅਕਾਲ ਪੁਰਖ ਦਾ ਪੁਜਾਰੀ ਗੁਰੂ ਕਲਗੀਧਰ ਦੇਵੀ ਦਾ ਇਤਨਾ ਸ਼ਰਧਾਲੂ ਸੀ, ਕਿ ਜਿੱਥੇ ਵੀ ਸੋ ਪੈਂਦੀ ਸੀ, ਉਥੇ ਹੀ ਭਗਉਤੀ ਮੰਤ੍ਰ ਸਿੱਖਣ ਲਈ ਵੇਲੇ-ਕੁਵੇਲੇ ਵੀ ਪੁੱਜ ਜਾਂਦਾ ਸੀ।

ਦੂਜਾ - ਤੇਜ ਪੁੰਜ, ਮਰਦ ਅਗੰਮੜੇ, ਸੰਤ-ਸਿਪਾਹੀ ਦਾ ਇਤਨਾ ਭੈ ਜਾਂ ਰੋਹਬ ਵੀ ਨਹੀਂ ਸੀ, ਜੋ ਅਨੂਪ ਕੌਰ ਵਰਗੀਆਂ ਕਮੀਨੀਆਂ ਰੰਨਾਂ ਵੀ ਧਮਕੀਆਂ ਦਿੰਦੀਆਂ ਅਤੇ ਚੋਰ –ਚੋਰ ਆਖਣੋਂ ਵੀ ਨਹੀਂ ਸੰਗਦੀਆਂ ਸਨ।

ਤੀਜਾ - ਮਕਾਰ ਰੰਨਾਂ ਵਾਂਗੂ ਦਸ਼ਮੇਸ਼ ਪਿਤਾ ਵੀ ਮੱਕਰ-ਫਰੇਬਾਂ ਦੇ ਮਹਿਰ ਸਨ।

ਚੌਥਾ - ਗੁਰਸਿੱਖਾਂ ਵਲੋਂ ਆਏ ਦਸਵੰਧ ਅਤੇ ਸੰਗਤਾਂ ਦੀ ਕ੍ਰਿਤ-ਕਮਾਈ ਵਾਲੀ ਗੋਲਕ ਵਿੱਚੋਂ ਵੀਹ-ਵੀਹ ਹਜ਼ਾਰ ਰੂਪੈ ਛਿਮਾਹੀ ਅਨੂਪ ਕੌਰ ਜਿਹੀਆਂ ਦੇ ਅਨੋਖੇ ਚਰਿਤ੍ਰਾਂ ਬਦਲੇ ਵਰਤਨੋ ਵੀ ਘੱਟ ਨਹੀਂ ਸਨ ਕਰਦੇ।

ਸਿੱਟਾ ਇਹ ਕਿ ਤ੍ਰਿਯਾ ਚਰਿਤ੍ਰ ਦਸ਼ਮੇਸ਼ ਗਿਰਾ ਮੰਨਣ ਵਿਚ ਉੱਤੇ ਦਿੱਤੇ ਸਾਰੇ ਦੇ ਸਾਰੇ ਦੂਸ਼ਨ ਅਭੁੱਲ ਗੁਰਦੇਵ ਉੱਤੇ ਅਰੋਪੇ ਜਾ ਸਕਦੇ ਹਨ, ਜੋ ਉੱਕਾ ਹੀ ਨਿਰਮੂਲ ਅਤੇ ਤਰੈਵੇ ਕਾਲ ਅਸੰਭਵ ਹਨ।

ਚੱਲਦਾ …


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top