Share on Facebook

Main News Page

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 8

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਜਿਵੇਂ ‘ਦੇਹ ਸ਼ਿਵਾ ਬਰ ਮੋਹਿ’ ਵਾਲਾ ਗੀਤ ਕਈ ਰਾਗੀ ਸੱਜਣਾਂ ਨੇ (ਅਰਥ-ਬੋਧ ਦੀ ਅਣਹੋਂਦ ਕਾਰਣ) ਵੇਖੋ-ਵੇਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੜ੍ਹੀ ਜਾਣਾ ਨੇਮ ਬਣਾ ਲਿਆ ਹੈ, ਤਿਵੇਂ “ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ” ਵਾਲਾ ਗੀਤ ਵੀ ਪ੍ਰਚਲਤ ਕਰ ਦਿੱਤਾ ਹੋਇਆ ਹੈ।

ਉਪਰੋਕਤ ਗੀਤ ਦੀ ਪ੍ਰੌੜ੍ਹਤਾ ਹਿੱਤ ਕੋਈ ਕਹਿੰਦਾ ਹੈ, ਕਿ ਭਾਈ ਨੰਦ ਲਾਲ ਜੀ ਦੇ ਪ੍ਰਲੋਕ ਗਮਨ ਸਮੇਂ ਗੁਰੂ ਕਲਗੀਧਰ ਜੀ ਨੇ ਭਾਈ ਸਾਹਿਬ ਰਾਹੀਂ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸੰਦੇਸ਼ ਭੇਜਿਆ ਸੀ। ਕੋਈ ਦੱਸਦਾ ਹੈ ਕਿ ਬੱਚੇ ਸ਼ਹੀਦ ਹੋਣ ਉਪਰੰਤ ਚਮਕੌਰ ਦੀ ਗੜ੍ਹੀਓਂ ਨਿਕਲ ਕੇ, ਮਾਛੀਵਾੜੇ ਵਿੱਚ ਭੁੰਜੇ ਸੁੱਤਿਆਂ ਹੋਇਆਂ, ਆਪਣਾ ਖਿਆਲ ਅਕਾਲ ਪੁਰਖ ਪ੍ਰਤੀ ਦਰਸਾਇਆ ਸੀ।

ਨਿਰਣਾ

ਪਹਿਲਾਂ ਤਾਂ ਉਪਰੋਕਤ ਦੋਵੇਂ ਸਬੂਤ ਪ੍ਰਸਪਰ ਵਿਰੋਧੀ ਹੋਣ ਕਰਕੇ ਪ੍ਰਮਾਣੀਕ ਸਿੱਧ ਨਹੀਂ ਹੋ ਸਕਦੇ।

ਦੂਜੇ ਇਨ੍ਹਾਂ ਸਾਬੂਤਾਂ ਦੀ ਕੋਈ ਪ੍ਰਮਾਣੀਕ ਇਤਿਹਾਸ ਪੁਸ਼ਟੀ ਵੀ ਨਹੀਂ ਕਰਦਾ, ਤੇ ਨਾ ਹੀ “ਮਿਤ੍ਰ ਪਿਆਰੇ…” ਵਾਲੇ ਸ਼ਬਦ ਦੀ ਵਿਚਲੀ “ਸੂਲ ਸੁਰਾਹੀ ਖੰਜਰ ਪਿਆਲਾ” ਵਾਲੀ ਰਚਨਾ ਨਾਲ ਮੇਲ ਖਾਂਦੇ ਹਨ, ਜਿਸ ਹਿੱਤ ਇਸ ਸਬੰਧੀ ਯਥਾਰਥ ਵਿਚਾਰ ਦੀ ਅਤਿਅੰਤ ਲੋੜ ਅਨੁਭਵ ਕਰਕੇ ਹੇਠ ਲਿਖੀ ਸੰਖੇਪਕ ਵੀਚਾਰ ਦਿੱਤੀ ਹੈ।

ਵਿਚਾਰ

ਉਪਰੋਕਤ ਸ਼ਬਦ 1428 ਸਫਿਆਂ ਵਾਲੇ ਪ੍ਰਕਾਸ਼ਤ ਦਸਮ ਗਰੰਥ ਦੇ ਸਫਾ 709 ਤੋਂ 712 ਤੱਕ 10 ਸ਼ਬਦਾਂ ਵਾਲੇ ਸੰਗ੍ਰਹਿ ਵਿੱਚ ਛੇਵਾਂ ਸ਼ਬਦ ਹੈ। ਇਨ੍ਹਾਂ ਸ਼ਬਦਾਂ ਦੇ ਸਿਰਲੇਖਾਂ ਨਾਲ ਪਾਤਸ਼ਾਹੀ 10 ਲਿਖਿਆ ਹੋਇਆ ਹੈ ਅਤੇ ਇਹ ਸ਼ਬਦ ਉਪਦੇਸ਼, ਬੇਨਤੀ, ਅਕਾਲ ਉਪਾਸ਼ਨਾ ਤਥਾ ਮੂਰਤੀ ਪੂਜਾ ਖੰਡਨ ਰੂਪ ਵਿੱਚ ਹਨ ਤੇ ਨਾਲ ਹੀ ਰਾਮਕਲੀ, ਸੋਰਠ, ਕਲਿਆਨ ਆਦਿਕ ਰਾਗਾਂ ਵਿੱਚ ਹਨ, ਪ੍ਰੰਤੂ ਇਨ੍ਹਾਂ ਵਿੱਚੋਂ ਛੇਵੇਂ ਸ਼ਬਦ ਦਾ ਸਿਰਲੇਖ ਵਿਲੱਖਣ ‘ਖਿਆਲ ਪਾਤਸ਼ਾਹੀ 10’ ਹੈ ਅਤੇ ਇਸ ਵਿਚਲੀ ਭਾਵਨਾ ਵੀ ਦੂਜੇ ਸ਼ਬਦਾਂ ਤੋਂ ਅਸੰਗਤਿ ਬਲਕਿ ਬੋਲੀ ਵੀ ਦੂਜੇ ਸ਼ਬਦਾਂ ਵਾਲੀ ਬ੍ਰਿਜ ਭਾਸ਼ਾ ਦੇ ਉਲਟ ਨਿਰੋਲ ਪੰਜਾਬੀ ਹੈ, ਜਿਸ ਤੋਂ ਸਿੱਧ ਹੋਇਆ ਕਿ ਇਹ ਸ਼ਬਦ ਦਸਮ ਪਾਤਸ਼ਾਹ ਦੀ ਰਚਣਾ ਸਿੱਧ ਕਰਨ ਹਿੱਤ ਜਾਣ-ਬੁੱਝ ਕੇ ਦੂਜੇ ਸ਼ਬਦਾਂ ਵਿੱਚ ਘੁਸੇੜਿਆ ਗਿਆ ਹੈ, ਜੋ ਸੁਤੇ ਹੀ ਕਿਸੇ ਨਸ਼ਿਆਂ ਦੇ ਪ੍ਰੇਮੀ ਵਲੋਂ ਵਿਛੜੇ ਯਾਰ ਲਈ ਕਵੀ ਨੇ ਖਿਆਲ ਦਿੱਤਾ ਹੈ, ਜਿਸ ਦਾ ਸੰਕੇਤਕ ਵੇਰਵਾ ਹੇਠ ਲਿਖੇ ਅਨੁਸਾਰ ਹੈ:-

ਖਿਆਲ - ਖਿਆਲ ਸ਼ਬਦ ਤੋਂ ਧਿਆਨ, ਵਿਚਾਰ, ਸੰਕਲਪ ਆਦਿਕ ਕਈ ਭਾਵ ਲੈ ਜਾ ਸਕਦੇ ਹਨ .ਜਿਵੇਂ ਕਿ-

ਧਿਆਨ: ਤੇਰਾ ਧਿਆਨ ਕਿੱਧਰ ਹੈ - ਤੇਰਾ ਖਿਆਲ ਕਿੱਧਰ ਹੈ।
ਤੂੰ ਧਿਆਨ ਹੀ ਨਹੀਂ ਕੀਤਾ - ਤੂੰ ਖਿਆਲ ਹੀ ਨਹੀਂ ਕੀਤਾ।
ਤੂੰ ਧਿਆਨ ਰੱਖੀਂ - ਤੂੰ ਖਿਆਲ ਰੱਖੀਂ।
ਤੂੰ ਧਿਆਨ ਨਾਲ ਕੰਮ ਕਰ - ਤੂੰ ਖਿਆਲ ਨਾਲ ਕੰਮ ਕਰ।

ਵਿਚਾਰ: ਤੇਰੀ ਹੁਣ ਕੀ ਵਿਚਾਰ ਹੈ - ਤੇਰਾ ਹੁਣ ਕੀ ਖਿਆਲ ਹੈ।
ਤੂੰ ਵਿਚਾਰ ਕਰਕੇ ਵੇਖ ਲੈ - ਤੂੰ ਖਿਆਲ ਕਰਕੇ ਵੇਖ ਲੈ।

ਸੰਕਲਪ: ਮੇਰੇ ਅੰਦਰ ਸੰਕਲਪ ਫੁਰਿਆ - ਮੇਰੇ ਅੰਦਰ ਖਿਆਲ ਆਇਆ।
ਇਤਿਆਦਿਕ ਹੋਰ ਵੀ ਅਨੇਕਾਂ ਭਾਵ ਲੈ ਜਾ ਸਕਦੇ ਹਨ।

ਨੋਟ - ਮੁਸਲਮਾਨ ਗਵੱਈਏ ਰਾਗ ਗਾਉਣ ਸਮੇਂ ਜਦੋਂ ਵਿੱਚ ਵਿੱਚ ਅਲਾਪਕ ਪ੍ਰਮਾਣ ਦਿੰਦੇ ਹਨ, ਉਨ੍ਹਾਂ ਨੂੰ ਵੀ ‘ਖਿਆਲ’, ‘ਦੋਹੜਾ’ ਜਾਂ ‘ਟੱਪਾ’ ਆਖਦੇ ਹਨ।

ਹੁਣ ਲੋੜ ਇਹ ਹੈ ਕਿ ‘ਯਾਰੜੇ ਦਾ ਸਾਨੂੰ ਸੱਥਰ ਚੰਗਾ’ ਵਾਲਾ ਖਿਆਲ ਜਿਸਨੇ ਪ੍ਰਗਟ ਕੀਤਾ ਹੈ ਉਹ ਵਿਅਕਤੀ ਦਰਸਾਈ ਜਾਵੇ।

ਉਹ ਵਿਅਕਤੀ ਹੀਰ ਹੈ, ਜਿਸਨੇ ਰਾਂਝੇ ਦੇ ਵਿਛੋੜੇ ਵਿੱਚ ਉਪਰੋਕਤ ਖਿਆਲ ਪ੍ਰਗਟ ਕੀਤਾ ਹੈ ਜਿਸ ਸਬੰਧੀ ‘ਵਾਰਸ਼ ਸ਼ਾਹ’ ਅਤੇ ‘ਦਮੋਦਰ’ ਆਦਿਕਾਂ ਵਲੋਂ ਕਿੱਸੇ ਵੀ ਬਣੇ ਹੋਏ ਹਨ ਅਤੇ ਭਾਈ ਗੁਰਦਾਸ ਜੀ ਨੇ ਵੀ ਦ੍ਰਿਸ਼ਟਾਂਤ ਵਜੋਂ ਲਿਖਿਆ ਹੈ ਕਿ –“ਰਾਂਝਾ ਹੀਰ ਵਖਾਣੀਐ ਉਹ ਪਿਰਮ ਪਿਰਾਤੀ”।

ਹਰੇਕ ਜਾਣਦਾ ਹੈ ਕਿ ‘ਰਾਂਝਾ ਜਾਤਿ’ ਦਾ ਇੱਕ ਨੌਜੁਆਨ, ਧੀਦੋ ਨਾਮ ਕਰਕੇ ਤਖਤ ਹਜ਼ਾਰੇ (ਪਾਕਿਸਤਾਨ) ਦਾ ਵਸਨੀਕ ਸੀ ਅਤੇ ਝੰਗ ਸ਼ਹਿਰ (ਪਾਕਿਸਤਾਨ) ਦੀ ਹੀਰ ਨਾਮ ਕਰਕੇ, “ਸਿਆਲ ਜਾਤਿ” ਦੀ ਜੱਟੀ ਚੂਚਕ ਦੀ ਧੀ ਹੈ ਸੀ।

ਰਾਂਝੇ ਤੇ ਹੀਰ ਦਾ ਆਪੋ ਵਿੱਚ ਅਥਾਹ ਪਿਆਰ ਪੈ ਗਿਆ, ਪਰ ਮਾਪਿਆਂ ਜ਼ਬਰਦਸਤੀ ਹੀਰ ਦਾ ਵਿਆਹ ‘ਰੰਗਪੁਰ ਖੇੜਿਆਂ’ ਵਿੱਚ ਕਰ ਦਿੱਤਾ ।

ਨੋਟ:- ਖੇੜੇ ਇੱਕ ਮੰਨੀ ਪ੍ਰਮੰਨੀ ਉੱਘੀ ਜਾਤਿ ਹੈ ਅਤੇ ਜਿਲਾ ਝੰਗ ਵਿੱਚ ਇਨ੍ਹਾਂ ਦੇ ਨਾਮ ਉੱਤੇ ਰੰਗਪੁਰ ਖੇੜਿਆਂ ਦਾ ਪਿੰਡ ਹੈ। ਇਹ ਖੇੜੇ ਭਾਵੇਂ ਸਰਦੇ-ਪੁੱਜਦੇ ਬਹੁਤ ਹੀ ਅਮੀਰ ਸਨ, ਪਰ ਹੀਰ ਦਾ ਖਿਆਲ (ਧਿਆਨ) ਹਰ ਸਮੇਂ ਰਾਂਝੇ ਵੱਲ ਹੀ ਸੀ, ਜਿਸ ਲਈ ਉਹ ਰਾਂਝੇ ਪ੍ਰਤੀ ਆਪਣਾ ਖਿਆਲ ਇੰਝ ਪ੍ਰਗਟ ਕਰਦੀ ਹੈ, ਕਿ ਤੇਰੇ ਵਿਛੋੜੇ ਵਿੱਚ ਇਹ ਰਜਾਈਆਂ ਮੇਰੇ ਵਾਸਤੇ ਰੋਗ ‘ਦੁਖਦਾਈ’ ਹਨ, ਬਲਕਿ ਨਾਗਾਂ ਵਾਗੂੰ ਡੱਸਦੀਆਂ ਹਨ।

ਤੇਰੇ ਵਿਜੋਗ ਵਿੱਚ ਹੁਣ ਮੈਂਨੂੰ ਸੁਰਾਹੀ (ਸ਼ਰਾਬ ਵਾਲੀ ਮਟਕੀ) ਅਤੇ (ਸ਼ਰਾਬ ਪੀਣ ਵਾਲਾ) ਪਿਆਲਾ ਸੂਲੀ ਅਤੇ ਖੰਜਰ ਦਿੱਸਦੇ ਹਨ।

ਤੇਰਾ ਵਿਛੋੜਾ ਕਸਾਈਆਂ ਦੇ ਬਿੰਗ ਸਹਾਰਣ ਵਾਗੂੰ ਹੈ।

ਕਸਾਈ ਲੋਕ ਇੱਕ ਲੋਹੇ ਦਾ ਬਿੰਗ ਜਿਸ ਨੂੰ ‘ਸੂਆ’ ਵੀ ਆਖਦੇ ਹਨ, ਜੋ ਵਿੱਚੋਂ ਪੋਲਾ ਹੁੰਦਾ ਹੈ, ਗਰਮ ਦੁੰਬੇ ਦੀ ਪਿਛਲੀ ਚੱਕੀ ਵਿੱਚ ਖੋਭ ਕੇ ਪੰਘਰੀ ਹੋਈ ਚਰਬੀ ਕੱਢ ਕੇ ਪੀਂਦੇ ਹਨ। ਦੁੰਬਾ ਵਿਚਾਰਾ ਤੜਫਦਾ ਰਹਿੰਦਾ ਹੈ।

“ਯਾਰੜੇ ਦਾ ਸਾਨੂੰ ਸੱਥਰ ਚੰਗਾ” ਭਾਵ ਤੇਰੇ ਕੋਲ ਹੁੰਦਿਆਂ ਸਾਨੂੰ (ਮੈਨੂੰ) ਸੱਥਰ (ਭੁੰਜੇ ਸੌਣਾ) ਵੀ ਸੁਖਦਾਈ ਸੀ, ਪਰ ਖੇੜਿਆਂ ਵਿੱਚ ਰਹਿਣਾ ਮੇਰੇ ਵਾਸਤੇ ਤਪਦਾ-ਬਲਦਾ ਭੱਠ ਹੈ।

ਉਪਰੋਕਤ ਵਿਛੋੜੇ ਅਤੇ ਮਿਲਾਪ ਦੇ ਦੁਖ-ਸੁਖ ਗੁਰਬਾਣੀ ਵਿੱਚ ਵੀ ਦਰਸਾਏ ਹਨ, ਜਿਵੇਂ ਕਿ :-

ਨਾਨਕ ਬਿਜੁਲੀਆ ਚਮਕੰਨਿ ਘੁਰਨਿ ਘਟਾ ਅਤਿ ਕਾਲੀਆ॥
ਭਰਸਨਿ ਮੇਘ ਅਪਾਰ, ਨਾਨਕ ਸੰਗਮਿ ਪਿਰੀ ਸੁਹੰਦੀਆਂ॥

(ਸਲੋਕ ਮਾਰੂ ਵਾਰ ਮ: 5, 1102)

ਭਾਵ - ਉਪਰੋਕਤ ਭਿਆਨਕ ਦ੍ਰਿਸ਼ ਵੀ ਪਿਰੀ (ਪ੍ਰਮਾਤਮਾ) ਦੇ ਮਿਲਾਪ ਨਾਲ ਸੁਖਦਾਈ ਹੈ, ਇਸ ਦੇ ਉਲਟ

ਜਲ ਥਲ ਨੀਰਿ ਭਰੇ, ਸੀਤਲ ਪਵਣ ਝੁਲਾਰਦੇ॥
ਸੇਜੜੀਆਂ ਸੋਇੰਨ, ਹੀਰੇ ਲਾਲ ਜੜੰਦੀਆਂ॥
ਸੁਭਰ ਕਪੜ ਭੋਗ, ਨਾਨਕ ਪਿਰੀ ਵਿਹੂਣੀ ਤਤੀਆਂ॥

(ਮਾਰੂ ਵਾਰ ਮ: 5, 1102)

ਭਾਵ - ਉਪਰੋਕਤ ਸੁਹਵਣਾ ਅਤੇ ਮਨੋਰੰਜਕ ਦ੍ਰਿਸ਼ ਵੀ ਪ੍ਰਭੂ ਵਿਛੋੜੇ ਵਿੱਚ ਦੁਖਦਾਈ ਹੈ।

ਪੁਨਾ: ਧਣੀ ਵਿਹੂਣਾ ਪਾਟ ਪਟੰਬਰ, ਭਾਹੀ ਸੇਤੀ ਜਾਲੇ॥
ਧੂੜੀ ਵਿਚਿ ਲੁਡੰਦੜੀ ਸੋਹਾਂ, ਨਾਨਕ ਤੈ ਸਹ ਨਾਲੇ॥

(ਸਲੋਕ ਵਾਰਾਂ ਤੇ ਵਧੀਕ ਮ: 5, 1425)

ਹੁਣ ਪਾਠਕ ਆਪ ਹੀ ਵਿਚਾਰਨ ਕਿ ਇੱਕ ਗੋਰੀ, ਚਿੱਟੀ ਚਮੜੀ ਨਾਲ ਪਿਆਰ ਕਰਨ ਵਾਲੀ ਜੱਟੀ ਹੀਰ ਦਾ ਵਿਜੋਗੀ ਖਿਆਲ ਕਿੱਥੇ ਤੇ ਨਿਰੰਕਾਰ, ਅਕਾਲ ਪੁਰਖ ਪ੍ਰੀਤਮ ਦੇ ਪ੍ਰੇਮੀਆਂ ਦਾ ਪਿਆਰ ਕਿੱਥੇ।

ਇੱਕ ਹੋਰ ਗੱਲ ਇਹ ਕਿ ਮਿਤ੍ਰ ਪਿਆਰੇ ਵਾਲੇ ਸ਼ਬਦ ਵਿੱਚ “ਸੂਲ ਸੁਰਾਹੀ ਖੰਜਰ ਪਿਆਲਾ”, ਜੋ ਮੁਹਾਵਰਾ ਵਰਤਿਆ ਹੈ, ਉਸਦਾ ਅਰਥ ਪਾਣੀ ਵਾਲੀ ਸੁਰਾਹੀ ਤਾਂ ਹੋ ਹੀ ਨਹੀਂ ਸਕਦਾ। ਤਾਂ ਤੇ ਇਹ ਮੁਹਾਵਰਾ ਕੋਈ ਸ਼ਰਾਬ ਪੀਣ ਵਾਲਾ ਤੇ ਵਿਸ਼ੱਈ ਹੀ ਯਾਰ ਦੇ ਵਿਛੋੜੇ ਵਿੱਚ ਵਰਤ ਸਕਦਾ ਹੈ ਜੋ ਹੀਰ ਜੱਟੀ ਨੇ ਰਾਂਝੇ ਯਾਰ ਦੇ ਵਿਛੋੜੇ ਵਿੱਚ ਵਰਤਿਆ, ਜਿਸ ਨੂੰ ਕਵੀ ਨੇ ਕਵਿਤਾ ਦਾ ਰੂਪ ਦਿੱਤਾ ਹੈ। ਪਰ ਧੰਨ ਹਨ ਅਜੋਕੇ ਉਹ ਗੁਰਸਿੱਖ ਵੀਰ ਜੋ ਬਿਨਾਂ ਵਿਚਾਰੇ ਹੀਰ ਜੱਟੀ ਦੇ ਖਿਆਲ ਆਦਿਕ ਕੱਚੀਆਂ ਬਾਣੀਆਂ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਮ-ਝੂਮ ਕੇ ਪੜ੍ਹਦੇ ਹੋਏ ਫੁਲੇ ਨਹੀਂ ਸਮਾਉਂਦੇ, ਹਾਲਾਂਕਿ ਭੱਠ ਖੇੜਿਆਂ ਦਾ ਰਹਿਣਾ ਅਤੇ ‘ਸੁਰਾਹੀ-ਪਿਆਲਾ’ ਕੇਵਲ ਹੀਰ ਹੀ ਆਖ ਸਕਦੀ ਹੈ।

ਮੁੱਕਦੀ ਗੱਲ, ਸੁਰਾਹੀ ਅਤੇ ਪਿਆਲਾ ਤਥਾ ਖੇੜੇ ਆਦਿਕ ਸ਼ਬਦਾਂ ਦੀ ਵਰਤੋਂ ਗੁਰੂ ਪਤਾਸ਼ਾਹ ਕਦੇ ਵੀ ਨਹੀਂ ਕਰ ਸਕਦੇ। ਇਹ ਕੇਵਲ ਨਸ਼ਿਆਂ ਦੇ ਪ੍ਰੇਮੀ ਸਾਕਤ ਮਤੀਏ ਕਵੀ ਨੇ ਗੁਰਸਿੱਖਾਂ ਨੂੰ ਧੋਖਾ ਦੇਣ ਵਾਸਤੇ ਆਪਣੀ ਰਚਨਾ ਗੁਰੂ ਪਾਤਸ਼ਾਹ ਵਲੋਂ ਦਰਸਾਉਣ ਹਿੱਤ ‘ਮਿਤ੍ਰ ਪਿਆਰੇ’ ਵਾਲੇ ਦਾ ਸਿਰਲੇਖ ਪਾਤਸ਼ਾਹੀ 10 ਲਿਖਿਆ ਹੈ।

ਨੋਟ:- ਪਾਠਕਾਂ ਨੂੰ ਇਹ ਦੱਸਣਾ ਵੀ ਜਰੂਰੀ ਹੈ, ਜੋ ਬੀੜ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਵਾਲੀ 1770 ਵਿੱਚ ਲਿਖੀ ਦੱਸੀ ਜਾਂਦੀ ਹੈ ਅਤੇ ਇਸ ਵੇਲੇ ਗੁਰਪੁਰਨਿਵਾਸੀ ਰਾਜਾ ਗੁਲਾਬ ਸਿੰਘ ਜੀ ਸੇਠੀ ਦੇ ਘਰ ਦਿੱਲੀ ਵਿੱਚ ਹੈ, ਉਸ ਵਿੱਚ ਉਪਰੋਕਤ “ਮਿਤ੍ਰ ਪਿਆਰੇ” ਵਾਲਾ ਗੀਤ ਸ਼ਬਦ ਹਜ਼ਾਰੇ ਵਾਲੇ 10 ਸ਼ਬਦਾਂ ਸਮੇਤ ਹੈ ਹੀ ਨਹੀਂ।

ਕਈ ਬੀੜਾਂ ਵਿੱਚ ਉਪਰੋਕਤ “ਮਿਤ੍ਰ ਪਿਆਰੇ” ਵਾਲੇ ਖਿਆਲ ਪਾਤਸ਼ਾਹੀ 10 ਨੂੰ ਛੱਡ ਕੇ ਕੇਵਲ 9 ਸ਼ਬਦ ਹੀ ਹਨ।

ਫਿਰ ਕਈ ਬੀੜਾਂ ਵਿੱਚ “ਮੁਰੀਦਾਂ” ਦੀ ਥਾਵੇਂ “ਹਾਲ ਫਕੀਰਾਂ” ਦਾ ਲਿਖਿਆ ਹੈ।

ਸੱਚ ਪੁਛੋ ਤਾਂ ਉਪਰੋਕਤ ਸੰਗ੍ਰਹਿ ਵਾਲੇ ਸਾਰੇ 10 ਸ਼ਬਦ ਹੀ ਦਸ਼ਮੇਸ਼ ਰਚਨਾ ਮੰਨਣ ਸਬੰਧੀ ਦੀਰਘ ਵਿਚਾਰ ਗੋਚਰੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top