Share on Facebook

Main News Page

ਤ੍ਰੀਆ ਚਰਿਤ੍ - 1
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 16

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ੴ ਵਾਹਿਗੁਰੂ ਜੀ ਕੀ ਫਤੇ ਹੈ
ਸ੍ਰੀ ਭਗੌਤੀ ਜੀ ਸਹਾਇ
ਅਬ ਬਖਯਾਨ ਚਰਿਤ੍ਰ ਲਖਯਤੇ
ਪਾਤਸ਼ਾਹੀ 10 -ਭੁਜੰਗ ਛੰਦ। ਤੂਪ੍ਰਸਾਦਿ।
ਉਪਰੋਕਤ ਸਿਰਲੇਖ ਵਾਲੀ ਚਰਨਾ ਦਸਮ ਗਰੰਥ ਪ੍ਰਕਾਸ਼ਿਤ ਬੀੜ 1428 ਸਫਿਆਂ ਵਾਲੀ ਦੇ ਸਫਾ 809 ਤੋਂ ਅਰੰਭ ਹੋ ਕੇ 1388 ਉੱਤੇ ਸਮਾਪਤ ਹੁੰਦੀ ਹੈ, ਜਿਸ ਵਿੱਚ ਇਸਤ੍ਰੀਆਂ ਦੇ ਚਰਿਤ੍ਰਾਂ ਦਾ ਵਰਨਣ ਹੈ ਭਾਵ ਵਿਭਚਾਰੀ ਔਰਤਾਂ ਦੇ ਮੱਕਰ-ਫਰੇਬ ਦਰਸਾਉਣ ਹਿੱਤ ਅੱਡੋ-ਅੱਡ ਕਵੀਆਂ ਵਲੋਂ 579 ਪੰਨੇ ਕਾਲੇ ਕੀਤੇ ਹੋਏ ਹਨ

ਉਪਰੋਕਤ ਰਚਨਾ ਦੀ ਪਹਿਲੀ ਅੰਤਿਕਾ ਚੰਡੀ ਚਰਿਤ੍ਰ ਵਾਲੀ ਛੱਡ ਕੇ ਬਾਕੀ ਹਰ ਅੰਤਕਾ ਵਿੱਚ ਆਏ ਮੰਤ੍ਰੀ ਰੂਪ ਸੰਬਾਦੇ ਸ਼ਬਦ ਦੀ ਵਰਤੋਂ ਅਵੱਸ਼ ਹੀ ਪ੍ਰਤੀਤ ਕਰਾਉਂਦੀ ਹੈ, ਕਿ ਇਹ ਰਚਨਾ ਕਿਸੇ ਚੱਲਦੇ ਪ੍ਰਕਰਣ ਨਾਲ ਸਬੰਧਤ ਭਾਵ ਪ੍ਰਸੰਗਕ ਰੂਪ ਵਿੱਚ ਕਿਸੇ ਇਤਿਹਾਸ ਸੂਚਕ ਹੈ, ਇਸ ਲਈ ਇਸ ਦਾ ਇਤਿਹਾਸਿਕ ਪਿਛੋਕੜ ਪਾਠਕਾਂ ਦੀ ਗਿਆਤ ਹਿੱਤ ਹੇਠ ਲਿਖੇ ਅਨੁਸਾਰ ਹੈ, ਯਥਾ-

ਚਿਤਵ੍ਰਤੀ ਨਗਰੀ ਦੇ ਰਾਜੇ ਚਿਤ੍ਰ ਸਿੰਘ ਦੀ ਸੁੰਦਰਤਾ ਉੱਤੇ ਰੀਝ ਕੇ ਇੱਕ ਅਪਸੱਰਾ ਉਸ ਦੀ ਰਾਣੀ ਬਣ ਗਈ, ਜਿਸਦੇ ਉਦਰੋਂ ਇੱਕ ਅਤਿ ਸੁੰਦਰ ਬਾਲਕ ਜਨਮਿਆਂ ਅਤੇ ਉਸ ਦਾ ਨਾਮ ਹਨਵੰਤ ਸਿੰਘ ਰੱਖਿਆ.

ਰਾਜੇ ਦੀ ਉਮਰ ਵਡੇਰੀ ਹੋ ਜਾਣ ਤੇ ਅਪਸੱਰਾ ਉਸ ਨੂੰ ਛੱਡ ਕੇ ਦੇਵ ਲੋਕ ਚਲੀ ਗਈ ਰਾਜੇ ਨੂੰ ਉਸਦੇ ਵਿਜੋਗ ਵਿੱਚ ਵਿਆਕੁਲ ਵੇਖ ਕੇ ਮੰਤਰੀਆਂ ਨੇ ਖੋਜ-ਭਾਲ ਕਰਕੇ ਉਡਸ਼ਾ (ਉੜੀਸਾ ਦੇ ਰਾਜੇ ਦੀ ਕੰਨਿਆਂ ਜੋ ਉਸੇ ਅਪੱਸਚਰਾ ਵਰਗੀ ਸੁੰਦਰ ਸੀ) ਰਾਜੇ ਚਿਤ੍ਰ ਸਿੰਘ ਨੂੰ ਲਿਆ ਦਿੱਤੀ।

ਉਪਰੋਕਤ ਸੁੰਦਰੀ ਆਪਣੇ ਮਤੇਏ ਪੁੱਤਰ ਉੱਤੇ ਮੋਹਿਤ ਹੋ ਗਈ, ਪਰ ਹਨਵੰਤ ਸਿੰਘ ਆਪਣੇ ਧਰਮ ਤੇ ਪ੍ਰਪੱਕ ਰਿਹਾ, ਤਾਂ ਉਸਨੇ ਖਿੱਝ ਕੇ ਉਲਟਾ ਦੋਸ਼ ਹਨਵੰਤ ਸਿੰਘ ਤੇ ਲਾ ਕੇ ਰਾਜੇ ਨੂੰ ਭੜਕਾਇਆ ਰਾਜੇ ਨੇ ਆਪਣੇ ਪੁੱਤਰ ਨੂੰ ਪ੍ਰਾਣ-ਦੰਡ ਦੇਣ ਲਈ ਬੰਦੀਖਾਨੇ ਵਿੱਚ ਡੱਕ ਦਿੱਤਾ ਸਿਆਣੇ ਮੰਤਰੀਆਂ ਨੇ ਹਨਵੰਤ ਸਿੰਘ ਨੂੰ ਨਿਰਦੋਸ਼ ਜਾਣ ਕੇ ਉਸਦੇ ਬਚਾਓ ਹਿੱਤ ਰਾਜੇ ਨੂੰ ਵਾਰੋ-ਵਾਰੀ ਔਰਤਾਂ ਦੇ ਵਲ-ਛਲ ਸੁਨਾਏ, ਜੋ ਗਿਣਤੀ ਵਿੱਚ 405 ਚਰਿਤ੍ਰ ਹਨ, ਜਿਨ੍ਹਾਂ ਵਿੱਚ 20-25 ਚਰਿਤ੍ਰ ਪੁਰਸ਼ਾਂ ਦੇ ਵੀ ਦਰਸਾਏ ਹਨ ਅੰਤਲਾ 405 ਵਾਂ ਚਰਿਤ੍ਰ ਮਹਾਂਕਾਲ ਵਾਲਾ ਸਬੁੱਧ ਨਾਮੇ ਮੰਤਰੀ ਨੇ ਸੁਣਾਇਆ, ਜਿਸ ਨੂੰ ਕਈ ਖੋਜੀ ਸਬੁੱਧ ਨਾਮਾ ਵੀ ਕਹਿੰਦੇ ਹਨ।

ਉਪਰੋਕਤ ਚਰਿਤ੍ਰ ਇਤਨੇ ਅਸ਼ਲੀਲ (ਲੱਜਿਆਹੀਨ) ਬਲਕਿ ਇਹੋ ਜਿਹੇ ਵਿਭਚਾਰਕ ਟੋਟਕੇ ਹਨ ਜਿਨ੍ਹਾਂ ਸਬੰਧੀ ਅਵਿਸਥਾਰ ਜਾਣਕਾਰੀ ਦੇਣੀ ਤਾਂ ਕਿਤੇ ਰਹੀ, ਸੰਕੋਚਵੀਆ ਟੂਕਾਂ ਦੇਣ ਤੋਂ ਵੀ ਸ਼ਰਮ ਆਉਂਦੀ ਹੈ। ਫਿਰ ਵੀ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕਰਨ ਦਾ ਹੱਠ ਇਸ ਲਈ ਕੀਤਾ ਹੈ, ਕਿ ਸਾਡੇ ਕੁਝ ਵਿਦਵਾਨ ਸੱਜਣ ਇਸ ਵਿਭਚਾਰ ਭੰਡਾਰ ਨੂੰ ਵੀ ਦਸ਼ਮੇਸ਼ ਕ੍ਰਿਤ ਦਰਸਾਉਣ ਹਿੱਤ ਅੱਡੀ-ਚੋਟੀ ਦੇ ਤ੍ਰਾਣ ਤੁੱਲੇ ਹੋਏ ਹਨ।

ਕੁਝ ਵਿਦਵਾਨ ਤਾਂ ਇਨ੍ਹਾਂ ਨੰਗੇ-ਮੁਨੰਗੇ ਗੰਦ ਨਾਲ ਭਰੇ ਚਰਿਤ੍ਰਾਂ ਦੀ ਵਕਾਲਤ ਕਰਦੇ ਹੋਏ, ਗੁਰਬਾਣੀ ਸੰਦਰਸ਼ ਸਿੱਧ ਕਰਨ ਲਈ ਹੇਠ ਲਿਖੇ ਪ੍ਰਮਾਣ ਵਰਤਨੋਂ ਸੰਕੋਚ ਨਹੀਂ ਕਰਦੇ, ਜਿਵੇਂ ਕਿ :

ੳ- ਸੀਆਲੇ ਸੋਹੰਦੀਆਂ ਪਿਰ ਗਲ ਬਾਹੜੀਆਂ॥ ਆਸਾ ਸ਼ੇਖ ਫਰੀਦ ਜੀ
ਅ- ਜੋ ਸਹ ਕੰਠਿ ਨ ਲਗੀਆਂ ਜਲਨ ਸਿ ਬਾਹੜੀਆਂ॥ ਵਡਹੰਸ ਮਹਲਾ-1
ੲ- ਪ੍ਰਿਆ ਅੰਕੁ ਅੰਕਿ ਮਿਲਾਈਜੈਤਸਰੀ ਛੰਤ ਮਹਲਾ 1
ਸ- ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ਮਾਰੂ ਡਖਨੇ ਮਹਲਾ 5
ਹ- ਅਜੁ ਨ ਸੁਤੀ ਕੰਤ ਸਿਉ ਅੰਗ ਮੁੜੇ ਮੁੜਿ ਜਾਇ ਸਲੋਕ ਸ਼ੇਖ ਫਰੀਦ ਜੀ, ਇਤਿਆਦਿਕ।

ਹੋ ਸਕਦਾ ਹੈ, ਉਪਰੋਕਤ ਵਿਦਵਾਨਾਂ ਨੇ ਨਿਕਟਵਰਤੀ ਅੰਜਾਣ ਸ਼ਰਧਾਲੂਆਂ ਵਾਸਤੇ ਇਹ ਨਵੀਂ ਕਾਢ ਅਕਾਸ਼-ਬਾਣੀ ਤੋਂ ਵੀ ਵੱਧ ਹੋਵੇ, ਪਰ ਗੁਰਮਤਿ ਅਵਲੰਬੀ ਸੂਝਵਾਨਾਂ ਦੀ ਦ੍ਰਿਸ਼ਟੀ ਵਿੱਚ ਸੂਝ ਅਤੇ ਸ਼ਰਧਾ ਦਾ ਦੀਵਾਲਾ ਨਿਕਲ ਜਾਣ ਤੋਂ ਵੀ ਵਧੇਰੇ ਹੈ। ਕਾਰਣ ਇਹ ਕਿ ਗੁਰਬਾਣੀ ਵਿਚਲੇ ਉਪਰੋਕਤ ਪ੍ਰਮਾਣ ਤਾਂ ਦੁਰਾਚਾਰੀ ਜੀਉੜੇ ਨੂੰ ਵੀ ਭਗਤ ਭਾਵ ਦੁਆਰਾ ਪ੍ਰਭੂ ਮਿਲਾਪ ਹਿੱਤ ਪ੍ਰ੍ਰੇਰਦੇ ਹਨ, ਜਿਨ੍ਹਾਂ ਰਾਹੀਂ ਵਿਕਾਰੀ ਮਨ ਦੀ ਵਿਭਚਾਰਕ ਰੁਚੀਆਂ ਵਲੋਂ ਹੱਟ ਕੇ ਉਮਕ-ਤਰਸ-ਚਾਲੇ ਗੁਰੂ ਵਾਕ ਅਨੁਸਾਰ ਪ੍ਰਭੂ ਪ੍ਰੀਤਮ ਦੇ ਮਿਲਾਪ ਲਈ ਉਮਾਹ ਅਤੇ ਤਰਸੇਵੇਂ ਨਾਲ ਨਿਰੰਕਾਰੀ (ਮਾਰਗ) ਰਸਤੇ ਚੱਲ ਪੈਂਦਾ ਹੈ।

ਪਰ ਇਸਦੇ ਉਲਟ ਤ੍ਰਿਯਾ ਚਰਿਤ੍ਰ ਧਾਰਮਿਕ ਰੁਚੀ ਵਾਲੇ ਹਿਰਦੇ ਨੂੰ ਵੀ ਮਲੀਨ ਕਰ ਦਿੰਦੇ ਹਨ, ਜਿਸ ਦੀ ਪੁਸ਼ਟੀ ਲਈ ਤ੍ਰਿਯਾ ਚਰਿਤ੍ਰਾਂ ਹਿੱਤ ਕਵੀਆਂ ਵਲੋਂ ਕਾਲੇ ਕੀਤੇ 579 ਪੰਨਿਆਂ ਵਿਚਲੇ 7555 ਅੰਕੜਿਆਂ ਵਿੱਚੋਂ ਕੇਵਲ ਵੰਨਗੀ ਮਾਤ੍ਰ ਸੰਕੋਚਵੀਆਂ ਟੂਕਾਂ ਹੀ ਕਾਫੀ ਹਨ।

1-ਇੱਕ, ਛਜਿਆ ਨਾਮ ਵੇਸਵਾ ਕਾਮ-ਵੱਸ ਹੋ ਕੇ ਮਰਦਾਵੇ ਭੇਸ ਅੰਦਰ ਜੋਗੀ ਬਣ ਕੇ ਦਸ਼ਮੇਸ਼ ਦਰਬਾਰ ਆਉਂਦੀ ਹੈ ਗੁਰੂ ਜੀ ਸੱਚ-ਮੁੱਚ ਹੀ ਜੋਗੀ ਸਮਝ ਕੇ ਉਸ ਕੋਲੋਂ ਮੰਤਰ ਸਿੱਖਣ ਹਿੱਤ ਅੱਧੀ ਰਾਤੀਂ ਉਸ ਦੇ ਘਰ ਜਾਂਦੇ ਹਨ ਛਜਿਆ ਆਪਣੇ ਅਸਲੀ ਰੂਪ ਵਿੱਚ ਆ ਕੇ ਕਾਮ-ਵਿਸ਼ੇ ਹਿੱਤ ਤਰਲੇ ਲੈਂਦੀ ਹੈ ਧਮਕੀਆਂ ਵੀ ਦਿੰਦੀ ਹੈਚੋਰ-ਚੋਰ ਕਹਿ ਉੱਠਦੀ ਹੈ.. ਸ਼ੋਰ ਸ਼ਰਾਬਾ ਸੁਣ ਕੇ ਲੋਕਾਂ ਦੇ ਆਉਣ ਉੱਤੇ ਇਹ ਕਹਿ ਦਿੰਦੀ ਹੈ ਕਿ ਚੋਰ ਕੋਈ ਨਹੀਂ, ਮੈਂ ਸੁਪਨੇ ਵਿੱਚ ਬਰੜਾਈ ਹਾਂ ਲੋਕਾਂ ਦੇ ਚਲੇ ਜਾਣ ਪਿੱਛੋਂ ਗੁਰੂ ਜੀ ਨੂੰ ਧਮਕੀ ਦਿੰਦੀ ਹੈ ਅੰਤ ਗੁਰੂ ਜੀ ਉਸ ਨੂੰ ਸ਼ਰਾਬ ਆਦਿਕ ਪਿਵਾ ਕੇ ਬੇਹੋਸ਼ ਕਰਨ ਉਪਰੰਤ 60 ਮੋਹਰਾਂ ਸਿਰਾਂਦੀ ਰੱਖ ਕੇ, ਬਚ ਕੇ ਆ ਜਾਂਦੇ ਹਨ। (ਵੇਖੋ ਚਰਿਤ੍ਰ 16 ਵਾਂ)

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top