Share on Facebook

Main News Page

ਜੋਰੀ ਜੀਯੈ ਜੁਗ ਚਾਰਿ ਤਿਹਾਰੀ
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 7

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਕੋਈ ਸ਼ੱਕ ਨਹੀਂ ਕਿ ਗੁਰਮਤਿ ਪ੍ਰਚਾਰ ਸਦਕਾ ਕਈ ਸੂਝਵਾਨ ਰਾਗੀ ਸੱਜਨਾ ਨੇ ਉਪਰੋਕਤ ਗੀਤ ਕੱਚੀ ਬਾਣੀ ਸਮਝ ਕੇ ਪੜ੍ਹਨਾ ਛੱਡ ਦਿੱਤਾ ਹੈ, ਪਰ ਅਜੇ ਵੀ ਕਈ ਵੀਰ ਜੋਰੀ ਜੀਯੈ ਵਾਲੇ ਗੀਤ ਨੂੰ ਅਨੰਦ ਕਾਰਜਾਂ ਸਮੇਂ ਪੜ੍ਹਨਾ ਅਤਿ ਜਰੂਰੀ ਬਲਕਿ ਅਨੰਦ ਕਾਰਜ ਦੀ ਮਰਿਆਦਾ ਦਾ ਇੱਕ ਅੰਗ ਸਮਝਦੇ ਹਨ ਅਤੇ ਇਸ ਦੀ ਪੁਸ਼ਟੀ ਇਸ ਤਰ੍ਹਾਂ ਕਰਦੇ ਹਨ ਕਿ ਦਸਮ ਗਰੰਥ ਵਿੱਚ ਲਿਖੇ ਅਨੁਸਾਰ ਇਸ ਸਵਈਏ ਰਾਹੀਂ ਗੁਰੂ ਕਲਗੀਧਰ ਨੇ ਜੋੜੀ ਨੂੰ ਅਸੀਸ ਦਿੱਤੀ ਹੈ।

ਕੁਝ ਚਿਰ ਦੀ ਗੱਲ ਹੈ ਕਿ ਚੰਡੀਗੜ੍ਹ ਸੈਕਟਰ 19 ਵਿੱਚ ਅਨੰਦ ਕਾਰਜ ਸਮੇਂ ਇੱਕ ਰਾਗੀ ਸਿੰਘ ਕਹਿ ਰਿਹਾ ਸੀ ਕਿ ਭਾਵੇਂ ਸਮਾਂ ਬਹੁਤ ਹੋ ਚੁਕਾ ਹੈ ਅਤੇ ਗਰਮੀ ਵੀ ਜ਼ੋਰਾਂ ਤੇ ਹੈ, ਪਰ ਗੁਰਮਤਿ ਅਨੁਸਾਰ ਦਸ਼ਮੇਸ਼ ਪਿਤਾ ਜੀ ਵਲੋਂ ਜੋੜੀ ਨੂੰ ਦਿੱਤੀ ਅਸੀਸ ਦਾ ਗਾਇਨ ਜਰੂਰ ਹੋਣਾ ਚਾਹੀਦਾ ਹੈ, ਇਹ ਕਹਿ ਕੇ ਉਸਨੇ ਜੋਰੀ ਜੀਯੈ ਵਾਲਾ ਗੀਤ ਅਰੰਭ ਦਿੱਤਾ।

ਨਿਰਣਾ

ਮੰਨਿਆਂ ਕਿ ਜੋਰੀ ਜੀਯੈ ਜੁਗਿ ਚਾਰ ਵਾਲਾ ਸਵਈਆ ਦਸਮ ਗਰੰਥ ਵਿੱਚ ਲਿਖਿਆ ਹੈ, ਪ੍ਰੰਤੂ ਇਸ ਗਰੰਥ ਵਿਚਲੀ ਰਚਨਾ ਰੂਪੀ ਵਸਤੂ ਨੂੰ ਪਛਾਣੇ ਬਿਨਾਂ ਜਿਵੇਂ ਦੇਹ ਸ਼ਿਵਾ ਬਰ ਮੋਹਿ ਇਹੈ ਅਤੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਵਾਲੇ ਗੀਤ ਦਸ਼ਮੇਸ਼ ਕ੍ਰਿਤ ਸਮਝ ਕੇ ਰਾਗੀ ਵੀਰ ਪੜ੍ਹਣਾ ਜਰੂਰੀ ਸਮਝਦੇ ਹਨ, ਤਿਵੇਂ ਉਪਰੋਕਤ ਜੋਰੀ ਜੀਯੈ ਜੁਗ ਚਾਰਿ ਵਾਲਾ ਗੀਤ ਵੀ ਗੁਰੂ ਪਾਤਸ਼ਾਹ ਵਲੋਂ ਅਸੀਸ ਸਮਝ ਕੇ ਪੜ੍ਹਨਾ ਅਤਿ ਜਰੂਰੀ ਸਮਝਦੇ ਹਨ।

ਇਸ ਲਈ ਉਕਤ ਗੀਤ ਪੜ੍ਹਨ ਵਾਲੇ ਸੱਜਣਾਂ ਪ੍ਰਤੀ ਬੇਨਤੀ ਹੈ ਕਿ ਇਹ ਰਚਨਾ ਦਸ਼ਮੇਸ਼ ਕ੍ਰਿਤ ਨਹੀਂ, ਬਲਕਿ ਤ੍ਰਿਯਾ ਚਰਿਤ੍ਰਾਂ (ਤੀਵੀਆਂ ਦੇ ਮਕਰ ਫਰੇਬਾਂ) ਵਿੱਚੋਂ 108 ਵੇਂ ਚਰਿਤ੍ਰ ਦੇ 11 ਵੇਂ ਅੰਕ ਵਿੱਚ ਇੱਕ ਕਵੀ ਦੀ ਰਚਨਾ ਹੈ, ਜਿਸ ਦਾ ਸਾਰੰਸ਼ ਹੇਠ ਲਿਖੇ ਅਨੁਸਾਰ ਹੈ, ਯਥਾ...

ਇੱਕ ਸਮੇਂ ਰੰਭਾ ਅਪੱਸਚਰਾ ਨੂੰ ਵੇਖ ਕੇ ਕਪਲਮੁਨੀ ਜੀ ਦਾ ਵੀਰਜ ਪਾਤ ਹੋ ਕੇ ਧਰਤੀ ਉੱਤੇ ਡਿੱਗਾ ਅਤੇ ਰੰਭਾ ਨੂੰ ਗਰਭ ਹੋ ਗਿਆ ਰੰਭਾ ਨੇ ਉਸ ਗਰਭ ਨੂੰ ਸਮੁੰਦਰ ਵਿੱਚ ਸੁੱਟਿਆ ਤਾਂ ਉਸ ਗਰਭ ਤੋਂ ਇੱਕ ਸੁੰਦਰ ਕੰਨਿਆਂ ਬਣ ਕੇ ਕਿਤਨਾ ਚਿਰ ਹੀ ਸਮੁੰਦਰ ਵਿੱਚ ਤਰਦੀ ਰਹੀਰਾਜਾ ਬ੍ਰਹਮ ਦੱਤ ਨੇ ਉਸ ਨੂੰ ਸਮੁੰਦਰੋਂ ਕੱਢਿਆ ਅਤੇ ਧਰਮ ਕੰਨਿਆਂ ਕਰਕੇ ਪਾਲਿਆ, ਕੰਨਿਆਂ ਦਾ ਮੁੱਖ ਸੱਸ (ਚੰਦਰਮਾ) ਵਰਗਾ ਵੇਖ ਕੇ ਉਸ ਦਾ ਨਾਮ ਸੱਸੀ ਰੱਖਿਆ।

ਨੋਟ:- ਪਾਠਕਾਂ ਨੂੰ ਪਤਾ ਹੋਵੇ ਕਿ ਕਪਲਮੁਨੀ ਜੀ ਵਿਸ਼ਨੂ ਦੇ ਚੌਦਾਂ ਗਵਨ ਅਵਤਾਰਾਂ ਵਿੱਚੋਂ ਇੱਕ ਸਨ ਅਤੇ ਸਾਂਖ ਸ਼ਾਸਤਰ ਦੇ ਕਰਤਾ ਹੋਏ ਹਨ। ਰੰਭਾ ਨੂੰ ਵੇਖਦਿਆਂ ਉਨ੍ਹਾਂ ਦਾ ਵੀਰਜ ਪਾਤ ਹੋ ਜਾਣਾ ਕਿਤਨਾ ਅਸੰਭਵ ਹੈ, ਫਿਰ ਵੀਰਜ ਧਰਤੀ ਤੇ ਡਿੱਗਾ, ਤੇ ਗਰਭ ਅਪਸਚਰਾ ਨੂੰ ਹੋ ਗਿਆ। ਇਥੇ ਹੀ ਬੱਸ ਨਹੀਂ, ਗਰਭ ਸਮੁੰਦਰ ਵਿੱਚ ਸੁੱਟਿਆ ਗਿਆ ਤੇ ਉਸ ਵੇਲੇ ਕੰਨਿਆਂ ਦਾ ਰੂਪ ਧਾਰ ਕੇ ਸਮੁੰਦਰ ਵਿੱਚ ਜਿਉਂਦੀ ਰਹੀ। ਕਿੱਡੀਆਂ ਅਣਹੋਣੀਆਂ ਅਤੇ ਅਸਚਰਜ ਗੱਲਾਂ ਹਨ।

ਸੱਸੀ ਦੇ ਵਰ ਜੋਗ ਹੋਣ ਤੇ ਰਾਜਾ ਪੁੰਨੂੰ ਨਾਲ ਉਸ ਦਾ ਵਿਆਹ ਕਰ ਦਿੱਤਾ ਅਤੇ ਉਸ ਵਿਆਹ ਸਮੇਂ ਮੁਬਾਰਕ ਦੇਣ ਆਈਆਂ ਤੀਵੀਆਂ ਵਲੋਂ ਕਵੀ ਨੇ ਇਸ 108 ਵੇਂ ਚਰਿਤਰ ਦੇ 51 ਅੰਕੜੇ ਵਿੱਚ ਇਹ ਸਵਈਆ ਹੇਠ ਲਿਖੇ ਅਨੁਸਾਰ ਰਚਿਆ ਹੈ, ਯਥਾ:

ਢੋਲ ਮ੍ਰਿਦੰਗ ਬਜੇ ਸਭ ਹੀ ਘਰ, ਯੋ ਪੁਰ ਆਜ ਕੁਲਾਹਲ ਭਾਰੀ।
ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤ ਨਾਗਰਿ ਗਾਰੀ।
ਭੇਰ ਹਜ਼ਾਰ ਬਜੀ ਇਕ ਬਾਰ ਮਹਾ ਛਬਿ ਯਾਰ ਹਸੈਂ ਮਿਲਿ ਨਾਰੀ।
ਦੇਹਿ ਅਸੀਸ ਕਹੈ ਜਗਦੀਸ਼ ਇਹ ਜੋਰੀ ਜੀਯੈ ਜੁਗ ਚਾਰਿ ਤਿਹਾਰੀ।

ਇਸ ਤੋਂ ਅੱਗੇ ਰਾਜਾ ਪੁੰਨੂੰ ਦੀ ਪਹਿਲੀ ਔਰਤ ਸੱਸੀ ਸੌਂਕਣ ਦੇ ਸਾੜੇ ਤੋਂ ਨੌਕਰਾਂ ਨੂੰ ਕੁਝ ਦੇ ਦਿਵਾ ਕੇ ਉਨ੍ਹਾਂ ਕੋਲੋਂ ਸ਼ਿਕਾਰ ਖੇਡਣ ਗਏ ਪੁੰਨੂੰ ਨੂੰ ਮਰਵਾ ਦਿੰਦੀ ਹੈ, ਆਦਿਕ ਇਕੰਜਵੇਂ ਅੰਕ ਉਤੇ ਇਹ ਚਰਿਤ੍ਰ ਕਵੀ ਨੇ ਮੁਕਾਇਆ ਹੈ।

ਹੁਣ ਪਾਠਕ ਵੀਰ ਆਪ ਹੀ ਸੋਚਣ ਕਿ ਇਹ ਨਿਰੋਲ਼ ਮਿਥਿਆਵਾਦ ਦਸਮ ਪਿਤਾ ਵਲੋਂ ਮੰਨਣਾ ਬੁਧਮਤਾ ਹੈ ਜਾਂ ਨਿਰੋਲ ਮੂਰਖਪੁਣਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top