Share on Facebook

Main News Page

ਹਮਰੀ ਕਰੋ ਹਾਥ ਦੈ ਰੱਛਾ - 6
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 15

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਕਟਰ ਰਤਨ ਸਿੰਘ ਜੱਗੀ ਸਾਹਿਬ ਨਾਲ ਹੋਏ ਉਪਰੋਕਤ ਚਿੱਠੀ-ਪੱਤਰਾਂ ਦੇ ਅਧਾਰ ਤੇ ਵੀ ਇਹੋ ਸਪਸ਼ਟ ਹੋਇਆ ਹੈ ਕਿ ਹਮਰੀ ਕਰੋ ਹਾਥ ਦੈ ਰੱਛਾ ਵਾਲੀ ਚੌਪਈ ਦਸ਼ਮੇਸ਼ ਕ੍ਰਿਤ ਨਹੀਂ, ਬਲਕਿ ਉਸ ਦੇਵੀ ਉਪਾਸ਼ਕ ਕਵੀ ਦੀ ਰਚਨਾ ਹੈ ਜਿਸਨੇ 405 ਵੇਂ ਭਾਵ ਅੰਤਲੇ ਚਰਿਤ੍ਰ ਮਹਾਂਕਾਲ ਵਾਲੇ ਵਿਚਲਿਆਂ 376 ਬੰਦਾਂ ਵਿੱਚ ਨਾਟਕੀ ਢੰਗ ਨਾਲ ਆਪਣੇ ਇਸ਼ਟ ਮਹਾਂਕਾਲ ਦਾ ਤੇਜ-ਪ੍ਰਤਾਪ (ਸਬੁੱਧ ਨਾਮੇ ਮੰਤਰੀ ਦੇ ਮੂੰਹੋਂ) ਦਰਸਾਉਣ ਉਪਰੰਤ 25 ਬੰਦਾਂ ਵਾਲੀ ਚੌਪਈ ਉਸੇ ਮਹਾਂਕਾਲ ਅੱਗੇ ਬੇਨਤੀ ਕਰਨ ਪਿੱਛੋਂ 2 ਬੰਦਾਂ ਵਿੱਚ ਜੱਗਮਾਤਾ (ਦੁਰਗਾ) ਅਤੇ ਅਸਿਧੁੱਜ (ਮਹਾਂਕਾਲ) ਦਾ ਧੰਨਵਾਦ ਕਰਨ ਅਤੇ ਚੌਪਈ ਦਾ ਮਹਾਤਮ ਦਰਸਾ ਕੇ ਅੰਤਲੀ ਪੁਸ਼ਪਿਕਾ ਅੰਦਰ ਸੰਮਿਤ ਆਦਿਕ ਦੱਸਣ ਪਿੱਛੋਂ 405 ਵੇਂ ਅੰਕ ਟੋਟਲੀ 7555 ਅੰਕਾਂ ਉੱਤੇ ਸਮਾਪਤ ਕੀਤੀ ਹੈ।

ਕੁਝ ਸੱਜਣ ਚਰਿਤ੍ਰ ਤਾਂ ਕਵੀ ਕ੍ਰਿਤ ਮੰਨਦੇ ਹਨ, ਪਰ ਅੰਤਲੀ ਕਬਿਉਵਾਚ ਚੌਪਈ ਦਸ਼ਮੇਸ਼ ਜੀ ਵਲੋਂ ਉਚਰੀ ਦੱਸਣ ਦੀ ਮਹਾਨ ਭੁੱਲ ਕਰਦੇ ਹਨ। ਉਨ੍ਹਾਂ ਵੀਰਾਂ ਨੂੰ ਇਸੇ ਚਰਿਤ੍ਰ ਦੇ ਅਰੰਭ (ਜਿਸਦਾ ਸਿਰਲੇਖ ਸਬੁੱਧ ਵਾਚ ਹੈ) ਤੋਂ ਲੈ ਕੇ 405 ਵੇਂ ਭਾਵ ਅੰਤ ਤੱਕ ਦਿੱਤੇ ਕਰਮਵਾਰ (ਲੜੀ ਪਰੋਤਵੇਂ) ਅੰਕਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਜਿਨ੍ਹਾਂ ਵਿੱਚ ਉਕਤ ਚੌਪਈ ਦੇ 405 ਵੇਂ ਚਰਿਤ੍ਰ ਨਾਲੋਂ ਅੱਡਰੇ ਹੋਣ ਦਾ ਰੰਚਕ ਮਾਤ੍ਰ ਵੀ ਸੰਕੇਤ ਨਹੀਂ ਮਿਲਦਾ।

ਇਹ ਵੱਖਰੀ ਗੱਲ ਹੈ, ਕਿ ਇਸ ਚੌਪਈ ਵਿਚਲੀਆਂ ਕੁਝ-ਕੁਝ ਤੁੱਕਾਂ ਗੁਰੂ ਕਲਗੀਧਰ ਦੀ ਵਿਚਾਰਧਾਰਾ ਨਾਲ ਮਿਲਦੀਆਂ-ਜੁਲਦੀਆਂ ਹਨ,ਪਰ ਇਨ੍ਹਾਂ ਦਾ ਇਹ ਭਾਵ ਨਹੀਂ, ਕਿ ਉਕਤ ਚੌਪਈ (ਜੋ ਪ੍ਰਤੱਖ ਹੀ ਕਵੀ ਕ੍ਰਿਤ ਹੈ) ਵੀ ਦਸ਼ਮੇਸ਼ ਰਚਨਾ ਹੈ ਕਿਉਂਕਿ ਇਹੋ ਜਿਹੀਆਂ ਰਚਨਾਵਾਂ ਤਾਂ ਕਈ ਅਨਮਤੀਆਂ ਦੀਆਂ ਵੀ ਆਪੋ ਵਿੱਚ ਹੋਰ ਕਈ ਥਾਈਂ ਮੇਲ ਖਾ ਜਾਂਦੀਆਂ ਹਨ।

ਹੁਣ ਕਬਿਯੋਬਾਚ ਚੌਪਈ ਦੇ ਸ਼ਰਧਾਲੂ ਵੀ ਆਪ ਹੀ ਦੱਸਣ ਕਿ ਪ੍ਰਣਵੋ ਆਦਿ ਏਕੰਕਾਰਾ ਵਾਲੀ ਚੌਪਈ (ਜੋ ਪ੍ਰਤੱਖ ਰੂਪ ਵਿੱਚ ਪਾਤਸ਼ਾਹੀ 10 ਹੈ) ਦੀ ਥਾਵੇਂ ਉੱਤੇ ਦੱਸੇ ਅਨੁਸਾਰ ਇੱਕ ਦੁਰਗਾ ਉਪਾਸ਼ਕ ਕਵੀ ਵਲੋਂ ਆਪਣੇ ਇਸ਼ਟ (ਮਹਾਂਕਾਲ) ਅੱਗੇ ਬੇਨਤੀ ਰੂਪ ਵਿੱਚ ਰਚੀ ਗਈ ਕੱਚੀ ਬਾਣੀ ਦਾ ਪਾਠ ਕਰਨਾ ਬੁੱਧਮਤਾ ਹੈ ਜਾਂ ਨਿਰੋਲ.

ਚੌਪਈ ਤਾਂ ਕਿਤੇ ਰਹੀ, ਕੁੱਝ ਸ਼ਰਧਾਲੂ ਜੋ ਇਸ 405 ਵੇਂ ਮਹਾਂਕਾਲ ਵਾਲੇ (ਚੌਪਈ ਸਮੇਤ) ਸਾਰੇ ਚਰਿਤ੍ਰ ਨੂੰ ਦਸ਼ਮੇਸ਼ ਰਚਨਾ ਮੰਨਣ ਦਾ ਹੱਠ ਕਰਦੇ ਹਨ, ਉਨ੍ਹਾਂ ਦੀ ਸੇਵਾ ਵਿੱਚ ਬੇਨਤੀ ਹੈ, ਕਿ ਇਸ ਮਨੌਤ ਨਾਲ ਤਾਂ ਇਸ ਚਰਿਤ੍ਰ ਵਿੱਚ ਲਿਖਿਆ ਕੋਰੇ ਦਾ ਕੋਰਾ ਸਾਰਾ ਝੂਠ ਹੀ ਸੱਚ ਸਰੂਪ ਗੁਰੂ ਕਲਗੀਧਰ ਪਾਤਸਾਹ ਵਲੋਂ ਮੰਨਣਾ ਪਵੇਗਾ, ਜਿਸ ਦਾ ਅਤਿ ਸੰਕੋਚਵਾਂ ਵੇਰਵਾ ਹੇਠ ਲਿਖੇ ਅਨੁਸਾਰ ਹੈ, ਯਥਾ-

ਪਹਿਲੇ ਇਹ ਮੰਨਣਾ ਪਵੇਗਾ ਕਿ ਰਾਜੇ ਸਤ ਸੰਧ ਅਤੇ ਦੀਰਘਦਾੜ ਦੈਂਤ ਦੇ ਯੁੱਧ ਸਮੇਂ ਲੜਣ ਵਾਲੀ ਦੋਹਾਂ ਪਾਸਿਆਂ ਦੀ ਫੌਜ਼ ਤੀਹ ਹਜ਼ਾਰ ਅਛੂਹਨੀ ਹੈਸੀ ਹਾਲਾਂਕਿ ਮਹਾਂ-ਭਾਰਤ ਪੁਰਾਣ ਵਿੱਚ ਲਿਖੇ ਅਨੁਸਾਰ ਦੁਆਪਰ ਯੁੱਗ ਦੇ ਮਹਾਂ ਭਿਆਂਕਰ ਯੁੱਧ ਵਿੱਚ ਕੌਰਵਾਂ ਅਤੇ ਪਾਂਡਵਾਂ ਦੋਹਾਂ ਧਿਰਾਂ ਦੀ ਅਠਾਰਾਂ ਅਛੂਹਨ ਸੈਨਾ ਸੀ।

ਯਾਦ ਰਹੇ ਕਿ ਇੱਕ ਅਛੂਹਨੀ ਵਿੱਚ ਦਸ ਹਜ਼ਾਰ ਰਥ, ਵੀਹ ਹਜ਼ਾਰ ਹਾਥੀ, ਚਾਲੀ ਹਜ਼ਾਰ ਘੋੜੇ ਅਤੇ 80 ਹਜ਼ਾਰ ਪੈਦਲ ਹੁੰਦੇ ਹਨ, ਜਿਸ ਨੂੰ ਚਤੁਰੰਗਨੀ ਸੈਨਾ ਕਹਿੰਦੇ ਹਨ ਪਰ ਕਿਸੇ-ਕਿਸੇ ਪੁਸਤਕ ਵਿੱਚ ਇਸ ਤੋਂ ਵੀ ਵਧੇਰੇ ਹੈ।

ਦੂਜਾ ਸਫੈਦ ਝੁਠ ਇਹ ਮੰਨਣਾ ਪਵੇਗਾ ਕਿ ਤੀਹ ਹਜ਼ਾਰ ਅਛੂਨਹੀ ਸੈਨਾ ਨਸ਼ਟ ਹੋਣ ਉਪਰੰਤ ਉਸ ਰਣ-ਭੂਮੀਨ ਵਿੱਚੋਂ ਇੱਕ ਦੂਲਹਾ ਦੇਵੀ ਨੇ ਜਨਮ ਲੈ ਕੇ ਮਹਾਂਕਾਲ ਨਾਲ ਵਿਆਹ ਕਰਾਉਣ ਹਿੱਤ ਮਹਾਂਮਾਈ (ਪਾਰਬਤੀ ) ਤੋਂ ਜੰਤਰਾਂ-ਮੰਤਰਾਂ ਰਾਹੀਂ ਅਸੀਸਾਂ ਲਈਆਂ।

ਤੀਜਾ, ਹਿਮਾਲੇ ਜਿੱਡਾ ਇਹ ਝੂਠ ਵੀ ਮੰਨਣਾ ਪਵੇਗਾ ਕਿ ਸਵਾਸ ਬੀਰਜ ਦੈਂਤ ਅਤੇ ਮਹਾਂਕਾਲ ਦੀ ਲੜਾਈ ਸਮੇਂ ਘੋੜਿਆਂ ਦੇ ਸੁੱਮਾਂ ਨਾਲ ਧਰਤੀ ਦੇ 6 ਪੁੜ ਪੁੱਟੇ ਗਏ ਜੋ ਅਕਾਸ਼ ਨਾਲ ਮਿਲ ਕੇ 7 ਅਕਾਸ਼ਾਂ ਦੇ 13 ਅਕਾਸ਼ ਹੋ ਗਏ ਅਤੇ 7 ਪਤਾਲਾਂ ਵਿੱਚੋਂ ਕੇਵਲ 1 ਪਤਾਲ ਹੀ ਰਹਿ ਗਿਆ।

ਚੌਥਾ, ਇਹ ਗੱਪ ਵੀ ਸੱਤ-ਸੱਤ ਕਰਕੇ ਮੰਨਣੀ ਪਵੇਗੀ ਕਿ ਦੈਂਤਾਂ ਦੀਆਂ ਫੌਜ਼ਾਂ ਹਾਥੀ,ਘੋੜਿਆਂ ਆਦਿਕ ਤੋਂ ਛੁੱਟ ਮੱਝਾਂ, ਗਾਵਾਂ, ਕੁੱਤਿਆਂ, ਬਿੱਲਿਆਂ, ਗਿਰਝਾਂ ਸਰਪਾਂ ਅਤੇ ਬਿੱਛੂ ਆਦਿਕਾਂ ਉੱਤੇ ਚੜ੍ਹ ਕੇ ਆਈਆਂ।

ਪੰਜਵਾਂ, ਇਹ ਗਾਪੌੜ ਵੀ ਅਭੁੱਲ ਗੁਰੂ ਦਸ਼ਮੇਸ਼ ਜੀ ਵਲੋਂ ਨਿਸ਼ਚੇ ਕਰਨਾ ਪਵੇਗਾ ਕਿ ਸੱਤਯੁੱਗ ਵਿੱਚ ਹੋ ਰਹੀ ਲੜਾਈ ਸਮੇਂ ਸਵਾਸ ਬੀਰਜ ਦੈਂਤ ਦੀ ਮੂੰਹੋਂ ਨਿਕਲੀ ਹਵਾੜ ਨਾਲ (ਕਲਯੁੱਗ ਵਿਚਲੇ ) ਮੁਗਲ ਅਤੇ ਪਠਾਣ ਆਦਿਕ ਜੰਮ ਪਏ।

ਸਾਰ ਅੰਸ਼ ਇਹ ਕਿ ਉਪਰੋਕਤ ਅਤਿ ਕਥਨੀ ਅਤੇ ਅਸੰਭਵ ਤਥਾ ਕਾਲ-ਭੰਗ ਆਦਿਕ ਹਾਸੋ-ਹੀਣੇ ਦੋਸ਼ਾਂ ਨਾਲ ਭਰੇ ਚਰਿਤ੍ਰਾਂ ਨੂੰ ਦਸ਼ਮੇਸ਼ ਰਚਨਾ ਦਰਸਾਉਣਾ ਦਸਮ ਪਿਤਾ ਜੀ ਦੀ ਨਿਰਾਦਰੀ ਬਲਕਿ ਸਮੁੱਚੇ ਸਿੱਖ ਪੰਥ ਦੇ ਸਿਦਕ, ਭਰੋਸੇ ਅਤੇ ਸੋਚ-ਸਮਝ ਨੂੰ ਸਿੱਧੀ ਵੰਗਾਰ ਹੈ, ਜਿਸਦਾ ਤਾਤਪਰਜ ਇਹ ਕਿ ਇਸ ਹਾਸੋ-ਹੀਣੇ ਚਰਿਤ੍ਰ ਦਸ਼ਮੇਸ਼ ਰਚਨਾ ਉਹ ਅੰਜਾਣ ਸ਼ਰਧਾਲੂ ਹੀ ਮੰਨਣਗੇ ਜੋ ਸੋਚ-ਵਿਚਾਰ ਤੋਂ ਹੱਥ ਧੋ ਬੈਠੇ ਹੋਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top