Share on Facebook

Main News Page

ਸ਼ਸਤ੍ਰ ਨਾਮ ਮਾਲਾ ਪੁਰਾਣ
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 6

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਹੈ॥
ਸ੍ਰੀ ਭਗਉਤੀ ਜੀ ਸਹਾਇ॥
ਅਬ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ॥ਪਾਤਸ਼ਾਹੀ 10॥

ਨਿਰਣਾ

ਅਠ੍ਹਾਰਾਂ ਪੁਰਾਣਾਂ ਵਿੱਚ ਉਪਰੋਕਤ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਕੋਈ ਨਹੀਂ ਤੇ ਨਾ ਹੀ ਇਸ ਰਚਣਾ ਨੂੰ ਪੁਰਾਣ ਕਿਹਾ ਜਾ ਸਕਦਾ ਹੈ, ਕਿਉਂਕਿ ਰਿਖੀ ਵਿਆਸ ਜੀ ਦੇ ਰਚੇ ਪ੍ਰਾਚੀਨ ਪ੍ਰਸੰਗਾਂ ਨੂੰ ਪੁਰਾਣ ਕਹਿੰਦੇ ਹਨ। ਦੂਜੀਆਂ ਭਾਸ਼ਾਵਾਂ ਵਿੱਚ ਪੁਰਾਣ ਨੂੰ ‘ਇਤਿਹਾਸ’ ਅਥਵਾ ‘ਤਵਾਰੀਖ’ ਜਾਂ ‘ਹਿਸਟਰੀ’ ਕਿਹਾ ਜਾਂਦਾ ਹੈ। ਜਿਵੇਂ ਕਿ ਵਿਸ਼ਨੂੰ, ਬ੍ਰਹਮਾਂਡ ਅਤੇ ਭਵਿਸ਼ ਪੁਰਾਣ ਦੇ ਪੰਜ ਲੱਖਣ ਦਰਸਾਏ ਗਏ ਹਨ ਯਥਾ;-

ਸ਼ਰਗਸ ਚ, ਪ੍ਰਤਿਸਰਗਸ਼ਚ ਵਸ਼ੋ, ਮਨਵਂਤ੍ਰਾਣਿਤ। ਵਂਸ਼ਾਨੁਚਰਿਤਂ ਚੈਵ, ਪੁਰਾਣਂ ਪਚ ਲਕਸ਼ਣਂ

ਭਾਵ, ਸ੍ਰਿਸ਼ਟੀ ਦੀ ਸਾਜਨਾ, ਪ੍ਰਲੈ (ਦੇਵਤਿਆਂ ਅਤੇ ਪਿਤਰਾਂ ਦੀ ) ਬੰਸਾਵਲੀ ਮਨਵੰਤਰਾਂ (ਮੰਨੂ ਦੇ ਰਾਜ ਦੇ ਸਮੇਂ ਦੀ ਗਿਆਤ) ਅਤੇ ਵੰਸ਼ਾਂ ਦੇ ਚਰਿਤਰਾਂ (ਕਾਰਨਾਮਿਆਂ) ਦਾ ਜਿਸ ਗਰੰਥ ਵਿੱਚ ਵਰਨਣ ਹੋਵੇ ਉਸ ਨੂੰ ਪੁਰਾਣ ਕਿਹਾ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦੇ ਪੁਰਾਤਣ ਕੋਸ਼ ‘ਅਮਰਕੋਸ਼’ ਵਿੱਚ ਵੀ ਪੁਰਾਣ ਦੇ ਇਹੀ ਪੰਜ ਲੱਛਣ ਦੱਸੇ ਗਏ ਹਨ ਅਤੇ ਇਸਦੀ ਪੁਸ਼ਟੀ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਤ ‘ਹਿੰਦੂ ਮਿਥਿਹਾਸ ਕੋਸ਼’ ਦੇ ਪੰਨਾ 353 ਉੱਤੇ ਪੁਰਾਣਾ ਸਬੰਧੀ ਦਿੱਤੇ ਵੇਰਵੇ ਤੋਂ ਹੁੰਦੀ ਹੈ।


ਤਾਂ ਤੇ ਦਸਮ ਗਰੰਥ ਵਿਚਲੀ ਸ਼ਸਤ੍ਰ ਨਾਮ ਮਾਲਾ ਪੁਰਾਣ ਨਾਮੀ ਰਚਨਾ ਪੁਰਾਣਾਂ ਦੇ ਉਪਰੋਕਤ ਲੱਛਣਾਂ ਤੇ ੳਪੂਰੀ ਨਹੀਂ ਉਤਰਦੀ ਅਤੇ ਨਾ ਹੀ ਇਸ ਰਚਨਾ ਵਿੱਚ ਇਤਿਹਾਸ ਨਾਲ ਮਿਲਦੇ ਕਿਸੇ ਪ੍ਰਸੰਗ ਦਾ ਵਰਨਣ ਹੈ, ਬਲਕਿ ਪਹਿਲੇ ਅਧਿਆਏ ਵਿੱਚ ਸ਼ਸਤਰਾਂ ਦੇ ਨਾਮ ਲੈ ਕੇ ਭਗਉਤੀ ਦੀ ਉਸਤਤਿ ਕਰਨ ਉਪਰੰਤ ਪਹੇਲੀਆਂ (ਬੁਝਾਰਤਾਂ) ਦੇ ਰੂਪ ਵਿੱਚ ਸ਼ਸ਼ਤ੍ਰਾਂ ਦੇ ਨਾਮ ਲਿਖੇ ਹਨ, ਜਿਨ੍ਹਾਂ ਨੂੰ ਸਮਝਣ ਲਈ ਸਾਧਾਰਣ ਮਨੁੱਖ ਤਾਂ ਕਿਤੇ ਰਹੇ ਚੰਗੀ ਭਲੀ ਸੂਝ-ਬੂਝ ਵਾਲੇ ਵਿਦਵਾਨਾਂ ਲਈ ਵੀ ਕਠਿਨ ਹੈ।

ਭਗਉਤੀ ਉਸਤਤਿ ਸਮੇਤ ਇਸ ਰਚਨਾ ਵਿੱਚ ਕੁੱਲ ਪੰਜ ਅਧਿਆਇ ਹਨ। ਖੜਗ (ਕ੍ਰਿਪਾਨ), ਚਕ੍ਰ, ਬਾਣ (ਤੀਰ), ਪਾਸ (ਫਾਹੀ) ਅਤੇ ਬੰਦੂਕ ਇਹ ਪੰਜ ਸ਼ਸਤ੍ਰ ਮੁੱਖ ਗਿਣੇ ਹਨ, ਪ੍ਰੰਤੂ ਸ਼ਸਤ੍ਰਾਂ ਦੇ ਚਲਾਉਣ ਆਦਿਕ ਕਿਸੇ ਜੰਗੀ ਕਰਤਬ ਦੀ ਸਿਖਿਆ ਇਸ ਵਿੱਚ ਉੱਕੀ ਹੀ ਨਹੀਂ ਦਿੱਤੀ ਗਈ।

ਇਸ ਗਰੰਥ ਦੇ ਪਹਿਲੇ ਅਧਿਆਇ ਦੇ ਸ਼ੁਰੂ ਵਿੱਚ ਹੀ ਸ਼ਸਤ੍ਰਾਂ ਨੂੰ ਪੀਰ ਮੰਨਿਆਂ ਗਿਆ ਹੈ, ਜੋ ਗੁਰਮਤਿ ਦੇ ਵਿਰੁੱਧ ਹੈ ਕਿਉਂਕਿ ਸਿੱਖ ਪੰਥ ਲਈ ਸ਼ਸਤ੍ਰਧਾਰੀ ਹੋਣਾ ਅਤੇ ਸ਼ਸਤ੍ਰਾਂ ਦੀ ਸਫਾਈ ਆਦਕਿ ਤਥਾ ਸੁਰਤ ਸੰਭਾਲ ਰੱਖਣੀ ਤਾਂ ਜਰੂਰੀ ਹੈ ਪਰ ਸ਼ਸਤ੍ਰਾਂ ਦੇ ਕੇਵਲ ਨਾਮ ਰਟਣੇ ਜਾਂ ਉਨ੍ਹਾਂ ਦੀ ਪੂਜਾ ਕਰਨੀ, ਸ਼ਸਤ੍ਰਾਂ ਅੱਗੇ ਮੱਥੇ ਟੇਕਣਾ, ਚੜਾਵੇ ਚਾੜ੍ਹਨੇ ਆਦਿਕ ਉਸੇ ਤਰ੍ਹਾਂ ਨਿਰੋਲ ਮਨਮਤਿ ਹੈ, ਜਿਵੇਂ ਕਿ ਇੱਕ ਅਕਾਲ ਤੋਂ ਬਿਨ੍ਹਾਂ ਕਿਸੇ ਦੇਵੀ- ਦੇਵਤੇ ਦੀ ਪੂਜਾ ਕਰਨੀ ਅਤੇ ਗੁਰੂ ਗਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਗੁਰੂ ਮੰਨਣਾ ਗੁਰਮਤਿ ਵਿਰੁੱਧ ਹੈ।

ਤਾਂ ਤੇ ਉਪਰੋਕਤ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਕਿਸੇ ਸਾਕਤ ਮਤੀਏ ਕਵੀ ਨੇ ਆਪਣੀ ਮਨੌਤ ਅਨੁਸਾਰ ਲਿਖਿਆ ਹੈ, ਕਿਉਂਕਿ ਮਹਾਂਕਾਲ ਅਤੇ ਕਾਲਿਕਾ (ਮਹਾਂਕਾਲੀ) ਦੇ ਉਪਾਸ਼ਕਾਂ ਵਾਸਤੇ ਸ਼ਸਤ੍ਰਾਂ ਦੇ ਨਾਮ ਰੱਟਣੇ ਅਤੇ ਉਨ੍ਹਾਂ ਦੀ ਪੂਜਾ ਕਰਨੀ ਜਰੂਰੀ ਹੈ। ਜਿਵੇਂ ਈਸਾਈ ਮੱਤ ਵਿੱਚ ਬਪਤਿਸਮਾ, ਹਿੰਦੂ ਕਰਮ-ਕਾਂਡੀ ਵਾਸਤੇ ਯਗਯੋਪਵੀਤ (ਜਨੇਊ), ਮੁਸਲਮਾਨ ਲਈ ਸੁੰਨਤ ਦੀ ਰਸਮ, ਸਿੱਖਾਂ ਹਿੱਤ ਅੰਮ੍ਰਿਤ ਸੰਸਕਾਰ ਦੀ ਅਤਿਅੰਤ ਅਵੱਸ਼ਕਤਾ ਹੈ, ਤਿਵੇਂ ਹੀ ਸਾਕਤਾਂ ਵਾਸਤੇ ਉਨ੍ਹਾਂ ਦੇ ਇਸ਼ਟ ਸ਼ਕਤੀ ਦੇ ਹੇਤੂ ਸ਼ਸਤ੍ਰਾਂ ਦੀ ਪੂਜਾ ਨਿਹਾਇਤ ਜਰੂਰੀ ਹੈ। ਤਦੇ ਹੀ ਇਸ ਸ਼ਸਤ੍ਰ ਨਾਮ ਮਾਲਾ ਦੀ ਅਰੰਭਤਾ ਤੋਂ ਪਹਿਲਾਂ ਕਵੀ ਨੇ ਆਪਣੇ ਇਸ਼ਟ ਦਾ ਸ਼ੰਕੇਤ ਦਿੰਦਿਆਂ ‘ਸ੍ਰੀ ਭਗਉਤੀ ਜੀ ਸਹਾਇ’ ਲਿਖਿਆ ਹੈ ਅਤੇ ਸ਼ਸਤ੍ਰਾਂ ਦੇ ਨਾਮ ਲੈ ਲੈ ਕੇ ਉਸ ਨੂੰ ਸੰਬੋਧਨ ਕੀਤਾ ਹੈ।

ਤਾਂ ਤੇ ਮੰਨਣਾ ਪਵੇਗਾ ਕਿ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਗੁਰਮਤਿ ਦਾ ਗਰੰਥ ਨਹੀਂ, ਅਸਲ ਵਿੱਚ ਇਹ ਸਾਕਤ ਮੱਤ ਦਾ ਗਰੰਥ ਹੈ ਜਿਸ ਨੂੰ ਇਸ ਸਾਕਤ ਮਤੀਏ ਕਵੀ ਨੇ ਆਪਣੇ ਵਲੋਂ ਰਚ ਕੇ ਗੁਰੂ ਕਲਗੀਧਰ ਜੀ ਵਲੋਂ ਦਰਸਾਉਣ ਹਿੱਤ ਇਸ ਦੇ ਸਿਰਲੇਖ ਨਾਲ ‘ਪਾਤਸਾਹੀ 10’ ਲਿਖ ਦਿੱਤਾ ਹੈ, ਤਾਂ ਕਿ ਸਿੱਖ ਇਸ ਰਚਣਾ ਨੂੰ ਦਸ਼ਮੇਸ਼ ਕ੍ਰਿਤ ਸਮਝ ਕੇ ਪ੍ਰਮਾਣੀਕ ਮੰਨ ਲਵੇ ਅਤੇ ਇਸ ਤਰ੍ਹਾਂ ਇੱਕ ਅਕਾਲ ਪੁਰਖ ਦੀ ਪੂਜਾ ਦੇ ਮੁਕਾਬਲੇ ਉੱਤੇ ਭਾਂਤ-ਭਾਂਤ ਦੇ ਸ਼ਸਤ੍ਰਾਂ ਅਤੇ ਮਹਾਂਕਾਲ-ਕਾਲਿਕਾ ਦਾ ਉਪਾਸ਼ਕ ਜਾਂ ਪੁਜਾਰੀ ਬਣ ਜਾਵੇ। ਇਸ ਪ੍ਰਯੋਜਨ ਹਿੱਤ ਹੀ ਕਵੀ ਨੇ 1318 ਅੰਕੜਿਆਂ ਲਈ 91 ਸਫੇ ਕਾਲੇ ਕੀਤੇ ਹਨ।

ਉਪਰੋਕਤ ਵਿਚਾਰ ਤੋਂ ਸਿੱਧ ਹੋਇਆ ਕਿ ਇਹ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਨਾਮੀ ਰਚਣਾ ਸਿੱਖ ਧਰਮ ਨੂੰ ਢਾਹ ਲਾਉਣ ਦੀਆਂ ਪੰਥ ਵਿਰੋਧੀ ਅਨਮੱਤੀਆਂ ਵਲੋਂ ਅਨੇਕਾਂ ਚਾਲਾਂ ਵਿੱਚੋਂ ਇੱਕ ਪ੍ਰਬਲ ਚਾਲ ਹੈ, ਜਿਸ ਤੋਂ ਸੁਚੇਤ ਅਤੇ ਸਾਵਧਾਨ ਰਹਿਣਾ ਅਤੀ ਜਰੂਰੀ ਹੈ।

(1) - ਅਠ੍ਹਾਰਾਂ ਪੁਰਾਣਾਂ ਦੇ ਨਾਮ ਇਹ ਹਨ - ਵਿਸ਼ਨੂੰ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਬ੍ਰਹਮਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤੱਸਯ, ਗਰੁੜ, ਬ੍ਰਹਮਾਂਡ ਅਤੇ ਭਵਿਸਯ ਪੁਰਾਣ।
ਇਨ੍ਹਾਂ ਪ੍ਰਧਾਨ ਪੁਰਾਣਾ ਤੋਂ ਛੁੱਟ ਅਠਾਰਾਂ ਉਪ-ਪੁਰਾਣ ਵੀ ਹਨ, ਯਥਾ- ਸਨਤਕੁਮਾਰ, ਨਰਸਿੰਘ, ਨਾਰਦੀਯ, ਦੇਵੀਭਾਗਵਤ, ਦੁਰਵਾਸਾ, ਕਪਿਲ, ਔਸ਼ਨਸ, ਮਾਨਵ, ਕਾਲਿਕਾ, ਸਾਂਘ, ਨੰਦ, ਸੌਰ, ਪਾਰਾਸ਼ਰ, ਆਦਿਤਯ, ਮਾਹੇਸ਼ਵਰ, ਭਾਰਗਵ ਅਤੇ ਵਸ਼ਿਸ਼ਟ ਪੁਰਾਣ।)

(2) - ਜਿਵੇਂ ਕਿ ਪਹਿਲੇ ਅਧਿਆਇ ਦੇ ਅੰਤ ਵਿੱਚ ਲਿਖਿਆ ਹੈ-

ਇਤਿ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤਿ ਪ੍ਰਿਥਮ ਧਿਆਇ ਸਮਾਤਤਮਸਤੁ ਸੁਭਮਤੁ॥

(3) - ਅਸ ਕ੍ਰਿਪਾਨ ਖੰਡੇ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਬੀ ਯਹੈ ਹਮਾਰੇ ਪੀਰ॥3॥

(4) - ਵੇਖੋ; ਪਰਸ਼ਚਰਯਾਰਣਵਤੰਤ੍ਰ, ਗਿਆਰਵਾਂ ਤਰੰਗ, ਕੁਲਚੂੜਾਮਣਿ ਤੰਤ੍ਰ ਅਤੇ ਮਹਾਨਿਰਵਾਣਤੰਤ੍ਰ, ਛੇਵਾਂ ਉਲਾਸ।

(5) - ਭਗਉਤੀ ਸਬੰਧੀ ਵਧੇਰੇ ਜਾਣਕਾਰੀ ਲਈ ਵੇਖੋ ਇਸੇ ਪੁਸਤਕ ਦਾ “ਪ੍ਰਿਥਮ ਭਗਉਤੀ ਸਿਮਰਿ ਕੈ” ਸਿਰਲੇਖ ਵਾਲਾ ਲੇਖ ਅਤੇ ਮਹਾਂਕਾਲ ਦੇ ਚਰਿਤ੍ਰ ਲਈ “ਹੇਮਕੁੰਟ ਸਬੰਧੀ” ਲੇਖ ਵੇਖੋ।

(6) - ਯਥਾ-ਤੀਰ ਤੁਹੀ, ਸੈਥੀ ਤੁਹੀ, ਤੁਹੀ ਤਬਰ ਤਲਵਾਰ॥ ਨਾਮ ਤਿਹਾਰੋ ਜੋ ਜਪੈ ਭਏ, ਸਿੰਧ ਭਵ ਪਾਰ॥4॥.... ਸ਼ਸਤ੍ਰ, ਅਸਤ੍ਰ ਤੁਮ ਹੀ ਸਿਪਰ ਤੁਮਹੀ ਕਵਚ ਨਿਖੰਗ॥ ਰਵਚਾਂਤਕ ਤੁਮਹੀ ਬਨੇ ਤੁਮ ਬਯਾਪਕ ਸਰਬੰਗ॥7॥…

(7) - ਗੁਰੂ ਕਲਗੀਧਰ ਜੀ ਧਰਮ ਜੁੱਧ ਦੀ ਭਾਵਣਾ ਰੱਖਣ ਵਾਲੇ ਸ਼ਸਤ੍ਰਧਾਰੀ ਸੂਰਮਾ ਸਨ, ਜਿਸ ਕਾਰਣ ਕਈ ਅਣਜਾਣ ਗੁਰਸਿੱਖਾਂ ਨੇ ਭੁਲੇਖੇ ਵਿੱਚ ਉਪਰੋਕਤ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਨੂੰ ਦਸ਼ਮੇਸ਼ ਜੀ ਕਿਰਤ ਸਮਝ ਕੇ ਪ੍ਰਮਾਣੀਕ ਮੰਨ ਲਿਆ ਹੈ।

ਇਹ ਇਸ ਰਚਣਾ ਦੇ ਕਰਤਾ ਸਾਕਤ ਮਤੀਏ ਕਵੀ ਦੀ ਚਾਲ ਦਾ ਹੀ ਜਾਦੂ ਹੈ, ਹੋਰ ਕੁਝ ਨਹੀਂ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top