Share on Facebook

Main News Page

ਹਮਰੀ ਕਰੋ ਹਾਥ ਦੈ ਰੱਛਾ… - 5
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 15

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਕਾਲ ਰਹਿਤ ਅਨਕਾਲ ਸਰੂਪਾਂ। ਅਲਖ ਪੁਰਖ ਅਬਿਗਤ ਅਵਧੂਤਾ।
ਜਾਤ ਪਾਤ ਜਿੰਹ ਚਿਹਨ ਨ ਬਰਨਾ। ਅਬਿਗਤ ਦੇਵ ਅਛੇ ਅਨਭਰਮਾ।9।

(ਉਹ) ਕਾਲ (ਭਾਵ ਸਮੇ ਦੇ ਅਸਰ ਤੋਂ) ਰਹਿਤ ਹੈ (ਉਹ ਬਾਲ, ਜੁਆਨੀ ਅਤੇ ਬੁਢੇਪੇ ਆਦਿਕ ਦੇ ਅਸਰ ਤੋਂ ਪਰੇ ਹੈ ਅਤੇ ਮੌਤ ਤੋਂ ਰਹਿਤ ਹੈ ) ਅਤੇ ਉਸਦਾ ਸਰੂਪ ਵੀ ਕਾਲ (ਮੌਤ ਅਤੇ ਸਮੇਂ ਦੇ ਪ੍ਰਭਾਵ ਤੋਂ ) ਰਹਿਤ ਹੈ। (ਭਾਵ ਉਹ ਅਬਚਲ ਹੈ, ਇਕ ਰਸ ਹੈ ਅਤੇ ਜੋ) ਲਖਤਾਂ ਤੋਂ ਪਰੇ ਅਬਿਗਤ (ਸਰੀਰ ਰਹਿਤ ਪੁਰਖ) ਹੈ ਅਤੇ (ਸਾਰੇ ਵਿਆਪਤ ਹੋਣ ਕਰਕੇ ਸੀਮਤ ਨਹੀਂ ਅਤੇ ਸਭ ਤੋਂ) ਨਿਰਲੇਪ ਰਹਿੰਦਾ ਹੈ, ਜਿਸਦੀ ਕੋਈ ਜਾਤ-ਪਾਤ ਨਹੀਂ।ਭਾਵ, ਜੋ ਕਿਸੇ ਵਿਸ਼ੇਸ਼ ਕੁਲ ਜਾਂ ਖਾਨਦਾਨ ਵਿੱਚ ਪੈਦਾ ਨਹੀਂ ਹੁੰਦਾ ਅਤੇ ਜਿਸਦਾ ਨਾਂ ਹੀ ਕੋਈ ਵਰਨ ਚਿਹਨ ਹੈ ਅਤੇ ਜੋ ਅਬਿਗਤ ਪ੍ਰਕਾਸ਼ ਰੂਪ, ਨਾਸ ਤੋਂ ਰਹਿਤ ਅਤੇ ਭਰਮਾਂ ਤੋਂ ਰਹਿਤ ਹੈ।9।

ਸਭ ਕੋ ਕਾਲ ਸਭਨ ਕੋ ਕਰਤਾ। ਰੋਗ ਸੋਗ ਦੋਖਨ ਕੋ ਹਰਤਾ।
ਏਕ ਚਿਤ ਜਿਹ ਇਕ ਛਿਨ ਧਿਆਇਉ। ਕਾਲ ਫਾਸ ਸਕੇ ਬੀਚ ਨ ਆਇਓ।10।

(ਉਹ ਅਕਾਲ ਪੁਰਖ) ਸਾਰਿਆਂ ਦਾ ਕਾਲ ਹੈ (ਭਾਵ ਉਸ ਸਭ ਨੂੰ ਮਾਰਨ ਵਾਲਾ ਹੈ) ਅਤੇ ਸਭ ਨੂੰ ਪੈਦਾ ਕਰਨ ਵਾਲਾ (ਵੀ ਉਹੀ) ਹੈ।ਉਹ ਰੋਗਾਂ (ਬੀਮਾਰੀਆਂ), ਸੋਗਾਂ, (ਗਮਾਂ) ਅਤੇ ਦੋਸ਼ਾਂ ਨੂੰ ਦੂਰ ਕਰਨ ਵਾਲਾ ਹੈ (ਜਿਹੇ ਵਾਹਿਗੁਰੂ ਨੂੰ) ਜਿਸ ਨੇ ਵੀ ਚਿੱਤ ਹੋ ਕੇ ਇਕ ਛਿਨ ਮਾਤ੍ਰ ਲਈ ਵੀ ਧਿਆਇਆ ਭਾਵ ਧਿਆਨ ਵਿੱਚ ਲਿਆਂਦਾ ਜਾਂ ਯਾਦ ਕੀਤਾ, ਉਹ (ਜੀਵ) ਫਿਰ ਕਾਲ ਦੀ ਫਾਹੀ ਭਾਵ ਆਵਾਗਵਨ ਦੇ ਚੱਕਰ ਵਿੱਚ ਨਹੀਂ ਆਇਆ।10।

ਇਸ ਤਰ੍ਹਾਂ ਉਪਰੋਕਤ ਅਕਾਲ ਉਸਤਤ ਵਾਲੀ ਤਵਿ ਪਰਸਾਦਿ ਚੌਪਈ ਵਿੱਚ ਆਦਿ ਤੋਂ ਅੰਤ ਤੱਕ ਕੇਵਲ ਇਕ ਅਕਾਲ ਪੁਰਖ ਦੀ (ਅੰਨਯਾ ਪੁਰਖ ਰੂਪ ਵਿੱਚ) ਬੇਅੰਤਤਾ ਦਰਸਾਈ ਅਤੇ ਮਾਹਿਮਾ ਗਾਈ ਹੈ।

ਉਪਰੋਕਤ ‘ਪ੍ਰਣਵੋ ਆਦਿ ਏਕੰਕਾਰਾ’ਤੋਂ ਲੈ ਕੇ ‘ਕਾਲ ਫਾਸ ਸਕੇ ਬੀਚ ਨ ਆਇਉ’ ਵਾਲੀ ਚੌਪਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੀ ਕਸਵੱਟੀ ਤੇ ਪੂਰੀ ਉੱਤਰਦੀ ਹੈ, ਇਸ ਲਈ ਇਹ ਚੌਪਈ ਸ੍ਰੀ ਮੁਖਵਾਕ ਬਾਣੀ ਹੈ, ਅਤੇ ਇਸ ਦੇ ਉਲਟ ‘ਹਮਰੀ ਕਰੋ ਹਾਥ ਦੇ ਰੱਛਾ’ ਵਾਲੀ ਚੌਪਈ ਕਬਿਯੋਬਾਚ ਭਾਵ ਕਵੀ ਦੀ ਰਚਨਾ ਹੈ, ਜਿਸ ਵਿੱਚ ਕਵੀ ਨੇ ਉੱਤੇ ਦੱਸੇ ਅਨੁਸਾਰ ਆਪਣੇ ਇਸ਼ਟ ਮਹਾਂਕਾਲ ਅੱਗੇ ਬੇਨਤੀ ਕਰਨ ਉਪਰੰਤ ਜੱਗ-ਮਾਤਾ ਅਤੇ ਮਹਾਂਕਾਲ ਦਾ ਇਕੱਠਾ ਧੰਨਵਾਦ ਕੀਤਾ ਹੈ, ਜਿਵੇਂ ਕਿ ‘ਕ੍ਰਿਪਾ ਕਰੀ ਹਮ ਪਰ ਜਗ ਮਾਤਾ’… ਅਤੇ ‘ਸ੍ਰੀ ਅਸਿਧੁਜ ਜਬ ਭਏ ਦਇਆਲਾ’ ਆਦਿਕ ਤੋਂ ਪ੍ਰਤੱਖ ਹੈ।

ਕਬਿਯੋਬਾਚ ਬੇਨਤੀ ਚੌਪਈ ਬਾਬਤ ਦਿੱਤੀ ਗਈ ਉਪਰੋਕਤ ਵੀਚਾਰ ਦੀ ਪੁਸ਼ਟੀ ਸ. ਸੰਤੋਖ ਸਿੰਘ ਜੀ ਚੰਡੀਗੜ੍ਹ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਡਾਕਟਰ ਡਾ. ਰਤਨ ਸਿੰਘ ਜੱਗੀ ਨਾਲ ਹੋਏ ਚਿੱਠੀ ਪੱਤਰਾਂ ਤੋਂ ਵੀ ਸਪਸ਼ਟ ਹੈ।

ਉਕਤ ਚਿੱਠੀ-ਪੱਤਰਾਂ ਦਾ ਵੇਰਵਾ ਸ. ਮਾਨ ਸਿੰਘ ਜੀ ਭਗਤ ਮਾਰਕਿਟ, ਨਵੀਂ ਦਿੱਲੀ ਨੇ ਆਪਣੀ ਹਫਤਾਵਾਰੀ ਅਖਬਾਰ ‘ਮਾਨਸਰੋਵਰ’ ਜਿਲਦ 19 ਨੰਬਰ 23-24-28 ਜੂਨ ਤੋਂ ਜੁਲਾਈ 1974 ਦੇ ਪਰਚੇ ਵਿੱਚ ਸਫਾ 5 ਦੇ ਚੋਥੇ ਕਾਲਮ ਦੇ ਅੰਤਲੇ ਪੈਰੇ ਤੋਂ ਸ਼ੁਰੂ ਕਰਕੇ ਸਫਾ 6 ਦੇ ਚੌਥੇ ਕਾਲਮ ਤੱਕ ਦਿੱਤਾ ਹੈ,ਜਿਸ ਦੀ ਨਕਲ ਹੇਠਾਂ ਦਿੱਤੀ ਜਾਂਦੀ ਹੈ:

ਕੁਝ ਵਿਚਾਰਾਂ, ਕੁਝ ਹਲੂਣੇ
ਸ.ਸੰਤੋਖ ਸਿੰਘ ਚੰਡੀਗੜ੍ਹ
‘ਦਸਮ ਗ੍ਰੰਥ ਤੇ ਪਾਖਯਾਨ ਚਰਿਤ੍ਰ’

ਪਿਛਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨਾਲ ਦਸਮ ਗ੍ਰੰਥ ਵਿੱਚੋਂ ਪਾਖਯਾਨ ਚਰਿਤ੍ਰਾਂ ਸਬੰਧੀ ਮੇਰਾ ਚਿੱਠੀ-ਪੱਤਰ ਹੋਇਆ ਸੀ। ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚਿੱਠੀ ਨੰਬਰ 36672 ਮਿਤੀ 3-8-73 ਰਾਹੀਂ ਇਹ ਜੁਆਬ ਆਇਆ…..।

ਆਪ ਜੀ ਦੀ ਪਤ੍ਰਿਕਾ ਮਿਤੀ 6-7-73 ਦੇ ਸਬੰਧ ਵਿੱਚ ਸਿੰਘ ਸਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੀ ਰਾਇ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ।

ਚਰਿਤ੍ਰੋ ਪਾਖਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਆਸਿਕ ਸਾਖੀਆਂ ਦਾ ਉਤਾਰਾ ਹੈ।

ਇਸ ਚਿੱਠੀ ਦੇ ਆਉਣ ਮਗਰੋਂ ਕਮੇਟੀ ਪਾਸੋਂ ਬੇਨਤੀ ਚੌਪਈ, ’ਹਮਰੀ ਕਰੋ ਹਾਥ ਦੈ ਰੱਛਾ’, ਜੋ ਦਸਮ ਗ੍ਰੰਥ ਦੇ ਪਾਖਯਾਨ ਚਰਿਤ੍ਰਾਂ ਦਾ ਹੀ ਭਾਗ ਹੈ, ਸਬੰਧੀ ਲਿਖਿਆ ਗਿਆ। ਕਮੇਟੀ ਵਲੋਂ ਚਿੱਠੀ ਨੰਬਰ 37540/6-2 ਮਿਤੀ 13-10-73 ਰਾਹੀਂ ਜਵਾਬ ਇਹ ਸੀ:

ਆਪ ਜੀ ਦੇ ਕ੍ਰਿਪਾ ਪੱਤ੍ਰ 10-9-73 ਦੇ ਸਬੰਧ ਵਿੱਚ ਰੀਸਰਚ ਸਕਾਲਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਰਾਇ ਹੇਠ ਲਿਖੇ ਅਨੁਸਾਰ ਹੈ:

ਕਬਿਯੋਬਾਚ ਬੇਨਤੀ ਚੌਪਈ ‘ਹਮਰੀ ਕਰੋ ਹਾਥ ਦੈ ਰੱਛਾ’ ਦੇ ਸਬੰਧ ਵਿੱਚ ਰਤਨ ਸਿੰਘ ਜੱਗੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਧੇਰੇ ਖੋਜ਼ ਕੀਤੀ ਹੈ। ਇਸ ਲਈ ਆਪ ਨੇ ਜੱਗੀ ਹੋਰਾਂ ਨਾਲ ਤਬਾਦਲਾ ਖਿਆਲ ਕਰ ਲੈਣਾ।

ਉਤਲੀਆਂ ਦੋਵੇਂ ਚਿੱਠੀਆਂ ਡਾ. ਰਤਨ ਸਿੰਘ ਜੱਗੀ ਨੂੰ ਭੇਜ ਕੇ ਉਨ੍ਹਾਂ ਦੇ ਵਿਚਾਰਾਂ ਲਈ ਬੇਨਤੀ ਕੀਤੀ ਗਈ। ਉਨ੍ਹਾਂ ਦਾ ਜਵਾਬ ਇਵੇਂ ਸੀ:

ਬੇਨਤੀ ਹੈ ਕਿ ਆਪ ਜੀ ਦੀ ਚਿੱਠੀ ਅਤੇ ਸ਼੍ਰੋਮਣੀ ਗੁ.ਪ੍ਰ.ਕਮੇਟੀ ਦੀਆਂ ਚਿੱਠੀਆਂ ਪੜ੍ਹ ਲਈਆਂ ਹਨ। ਬੇਨਤੀ ਇਹ ਹੈ ਕਿ ਪੁਰਾਤਨ ਹੱਥ ਲਿਖਤਾਂ ਤੇ ਇਤਿਹਾਸਿਕ ਗ੍ਰੰਥਾਂ ਵਿੱਚ ਇਹ ਚੌਪਈ ਅੰਮ੍ਰਿਤ ਬਾਣੀ ਦੇ ਰੂਪ ਵਿੱਚ ਕਿਤੇ ਨਹੀਂ ਲਿਖੀ ਮਿਲਦੀ। ਅਰਵਾਚੀਨ ਕ੍ਰਿਤੀਆਂ ਵਿੱਚ ਭਾਵੇਂ ਅਜਿਹੇ ਸੰਕੇਤ ਮਿਲ ਜਾਂਦੇ ਹਨ। ਪ੍ਰਕਰਣ ਅਨੁਸਾਰ ਤ੍ਰਿਯਾ ਚਰਿਤ੍ਰ ਦੇ ਅੰਤ ਵਿੱਚ ਦਰਜ ਹੈ ਅਤੇ ਅੰਤਲੀ ਪੁਸ਼ਪਿਕਾ ਤੋਂ ਇਹ ਉਸੇ ਦਾ ਅੰਗ ਸਿੱਧ ਹੁੰਦੀ ਹੈ, ਇਸ ਤੋਂ ਬਾਅਦ ਪ੍ਰਸੰਗ ਵਿੱਚ ਆਏ ਸੰਕੇਤ ਵੀ ਪੂਰੀ ਤਰ੍ਹਾਂ ਚਰਿਤ੍ਰਾਂ ਨਾਲ ਹੀ ਸਬੰਧਤ ਹਨ।

ਇਸ ਲਈ ਉਹ ਉਸੇ ਕਵੀ ਦੀ ਰਚਨਾ ਹੈ ਜਿਸ ਨੇ ਚਰਿਤ੍ਰ ਲਿਖੇ ਹਨ। ਜੇ ਚਰਿਤ੍ਰ ਗੁਰੂ ਜੀ ਦੇ ਲਿਖੇ ਸਿੱਧ ਨਹੀਂ ਹੁੰਦੇ ਤਾਂ ਇਸਦੀ ਪ੍ਰਮਾਣਿਕਤਾ ਤੇ ਵੀ ਪ੍ਰਸ਼ਨ ਚਿੰਨ ਲੱਗ ਜਾਂਦਾ ਹੈ ਅਤੇ ਉਹ ਤਦ ਤੱਕ ਉਪਸਥਿਤ ਰਹੇਗਾ ਜਦ ਤੱਕ ਕੋਈ ਠੋਸ ਪ੍ਰਮਾਣ ਨਹੀਂ ਦਿੱਤਾ ਜਾਂਦਾ ਕਿ ਤ੍ਰਿਯਾ ਚਰਿਤ੍ਰ ਗੁਰੂ ਚਰਿਤ੍ਰ ਹਨ।

 

ਚੱਲਦਾ…


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top