Share on Facebook

Main News Page

ਮੁਰ ਪਿਤ ਪੂਰਬ ਕੀਅਸ ਪਯਾਨਾ - 2
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 22

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਅਬ ਕਬਿ ਜਨਮ ਕਥਨੰ
ਮੁਰ ਪਿਤ ਪੂਰਬ ਕੀਅਸ ਪਯਾਨਾ। ਭਾਂਤ ਭਾਂਤ ਕੇ ਤੀਰਥ ਨਾਨਾ।
ਜਬ ਹੀ ਜਾਤ ਤ੍ਰਿਬੈਣੀ ਭਏ। ਪੁੰਨ ਦਾਨ ਦਿਨ ਕਰਤ ਬਿਤਏ।
ਤਹੀ ਪ੍ਰਕਾਸ਼ ਹਮਾਰਾ ਭਯੋ।  ਪਟਨਾ ਸ਼ਹਿਰ ਵਿਖੇ ਭਵ ਲਯੋ।
(ਬਚਿਤ੍ਰ ਨਾਟਕ, ਸਪਤਮੋਂ ਧਿਆਇ)

ਭਾਵ: ਮੇਰੇ ਪਿਤਾ ਨੇ (ਪੁੱਤਰ ਲਾਲਸਾ ਅਧੀਨ) ਪੂਰਬ ਦਿਸ਼ਾ ਦੇ ਕਈ ਤੀਰਥਾਂ ਉੱਤੇ ਇਸ਼ਨਾਨ ਕਰਣ ਉਪਰੰਤ ਤ੍ਰਿਬੇਣੀ (ਪ੍ਰਯਾਗਰਾਜ) ਪੁੱਜਣ ਤੇ ਦਾਨ-ਪੁੰਨ ਕਰਦਿਆਂ ਕਈ ਦਿਨ ਬਿਤਾ ਦਿੱਤੇ ਤਾਂ ਮੇਰਾ ਜਨਮ ਪਟਨੇ ਸ਼ਹਿਰ ਵਿੱਚ ਹੋਇਆ।

ਉੱਤੇ ਲਿਖੇ ਅਨੁਸਾਰ ਕਵੀ ਵਲੋਂ ਤੋਲੇ ਹੋਏ ਕੁਫਰ ਦਾ ਵਿਸਥਾਰ ਸੂਰਜ ਪ੍ਰਕਾਸ਼ ਦੇ ਕਰਤਾ ਨੇ ਹੇਠ ਲਿਖੇ ਅਨੁਸਾਰ ਕੀਤਾ ਹੈ, ਯਥਾ:-

ਇਤ ਸ੍ਰੀ ਤੇਗ ਬਹਾਦਰ ਗੁਰ ਜੀ, ਬਿੰਦ ਤੀਰਥਨ ਤੀਰ ਨਿਵਾਸ।
ਸਭਿ ਅਸਥਾਨ ਦਾਨ ਦੇ ਮਾਨਦ, ਪਾਵਨ ਤੇ ਪਾਵਨ ਕਰਿ ਤਾਸ।
ਜਗਯ, ਹੋਮ, ਦਛਨਾ ਬਹੁ ਕੰਚਨ, ਸਾਧਨ, ਦਿਜਨ ਰੰਕ ਜੇ ਰਾਸ।
ਅਨਿਕ ਪ੍ਰਕਾਰ ਕਰਾਇ ਅਹਾਰਨ, ਦੇਤਿ ਅਚਾਵਤਿ ਸਾਧਨ ਰਾਸ।

(ਸੂਰਜ ਪ੍ਰਕਾਸ਼ ਰਾਸ 11, ਅੰਸੂ 53, ਅੰਕ 12)

ਇਮ ਅਨੇਕ ਹੀ ਤੀਰਥ ਕਰਕੇ, ਤੀਰਥ ਰਾਜ ਤ੍ਰਿਬੇਣੀ ਤੀਰ।
ਪੁੰਨ ਦਾਨ ਕਰ ਦਿਵਸ ਬਿਤਾਇ, ਜੰਗ ਸਮਾਧਿ ਬਿਖੈ ਗੰਭੀਰ।
ਕਰੈ ਜਗਯ ਬਹੁ ਕੰਚਨ ਦੇਵਹਿ, ਪਾਟੰਬਰ ਪਸ਼ਮੰਬਰ ਚੀਰ।
ਬਹੁਤ ਮੋਲ ਕੇ ਦੁਰਲਭ ਸੁੰਦਰ, ਦੇਤਿ ਵਿਭੂਖਨ ਮੁਕਤਾ ਹੀਰ।

(ਸੂਰਜ ਪ੍ਰਕਾਸ਼,ਰਾਸ 11,ਅੰਸੂ 53,ਅੰਕ 13)

ਦੇਸਿ ਬਿਦੇਸਨਿ ਤੇ ਦਿਜ ਆਵਤਿ, ਪਾਵਤਿ ਹੈ ਧਨ ਕੋ ਮਨ ਭਾਯੋ।
ਬਿਰਦ ਆਹਾਰ ਸੁ ਕੀਨਿਸ ਮਾਧਰ, ਪੂਰਕ, ਮੋਦਕ, ਪੂਪ ਖਵਾਯੋ।
ਭੂਰ ਪੰਚਾਮ੍ਰਿਤ ਹੋਤ ਰਹੇ ਨਿਤ, ਹੋਮ ਕਰਹਿ ਜਵ,ਘ੍ਰਿਤ ਮੰਗਾਯੋ।
ਕਾਮਨਾ ਪੂਰਨ ਹੋਤਿ ਅਨੇਕਨ, ਸ੍ਰੀ ਗੁਰ ਨੇ ਜਸੁ ਯੋਂ ਬਿਥਰਾਯੋ।

(ਸੂਰਜ ਪ੍ਰਕਾਸ਼ ਰਾਸ 11,ਅੰਸੂ 53,ਅੰਕ 16)

ਰਾਤਿ ਕੋ ਠਾਨ ਕੈ ਤਯਾਗ ਮਹਾਨ, ਅਲੱਖ ਕੀ ਸੇਵ ਕਰੈਂ ਉਰ ਮਾਹੀ।
ਪ੍ਰਾਣ ਨਿਰੋਧ ਕੈ ਉਰਧ ਕੋ, ਕਰਿ ਮੂਰਧ ਮੇਂ ਥਿਰਤਾ ਨ ਚਲਾਹੀ।
ਚੰਚਲ ਜੋ ਮਨ ਬਸਿ ਮੈਂ ਕਰਿ, ਪ੍ਰੇਮ ਅਗਾਧ ਤੇ ਨਾ ਨਿਕਸਾਹੀਂ।
ਕੇਤਕ ਕਾਲ ਬਿਤੀਤਹਿ ਬੈਠਤ, ਸ੍ਰੀ ਪ੍ਰਮੇਸ਼ਰ ਮੈਂ ਥਿਰ ਪਾਹੀਂ।

(ਸੂਰਜ ਪ੍ਰਕਾਸ਼ ਰਾਸ 11, ਅੰਸੂ 53, ਅੰਕ 17)

ਇਸ ਬਿਧ ਕਰੀ ਅਰਾਧਨਾ ਅਲੇਖ ਰੂਪ ਗੁਰਦੇਵ। ਪਰਮ ਪ੍ਰਸੀਦੇ ਜਾਨਿਕੈ, ਨਿਸ ਬਾਸੁਰ ਕੀ ਸੇਵ।
(ਸੂਰਜ ਪ੍ਰਕਾਸ਼ ਰਾਸ 11,ਅੰਸੂ 53, ਅੰਕ 18)

ਦੁਸ਼ਟ ਦਮਨ ਪਠਿਯੋ ਕਰੇ ਅਪਨੀ ਅੰਸ ਸੁਜਾਨ। ਮੋਹਿ ਪੁਤ੍ਰ ਕਰਿਬੋ ਚਹਿਤ, ਅਸ ਸੰਕਲਪ ਪਛਾਨਿ।
(ਸੂਰਜ ਪ੍ਰਕਾਸ਼ ਰਾਸ 11,ਅੰਸੂ 53,ਅੰਕ 19)

ਤੀਰਥਰਾਜ ਤ੍ਰਿਬੇਣੀ ਊਪਰ ਬੀਤ ਗਏ ਜਬਿਹੂੰ ਖਟਮਾਸ। ਪੁੰਨ ਦਾਨ, ਦਿਨ ਕਰਤਿ ਬਿਤਾਏ, ਤਹੀ ਆਨ ਕੀਨਸਿ ਪ੍ਰਕਾਸ।
(ਸੂਰਜ ਪ੍ਰਕਾਸ਼ ਰਾਸ 11, ਅੰਸੂ 53, ਅੰਕ 20)

ਇਥੇ ਸੂਰਜ ਪ੍ਰਕਾਸ਼ ਦੇ ਹਵਾਲੇ ਕੁਝ ਵਿਸਥਾਰ ਨਾਲ ਇਸ ਲਈ ਦਿੱਤੇ ਗਏ ਹਨ ਕਿ ਹੇਮਕੁੰਟ ਦੇ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਮੈਨੇਜਮੈਂਟ ਟਰੱਸਟ, ਲਾਟੂਸ ਰੋਡ, ਕਾਨਪੁਰ, ਯੂ.ਪੀ. ਦੁਆਰਾ ਮਈ 1969 ਨੂੰ ਜਾਰੀ ਹੇਮਕੁੰਟ ਦੇ ਇਤਿਹਾਸ ਅਤੇ ਗਾਈਡ ਸਬੰਧੀ ਟਰੈਕਟ ਦੇ ਸਫਾ 10 ਦੀ ਚੌਥੀ ਅਤੇ ਪੰਜਵੀਂ ਪੰਗਤੀ ਵਿੱਚ ਕਵੀ ਸੰਤੋਖ ਸਿੰਘ ਜੀ ਦੀ ਇਸ ਕ੍ਰਿਤੀ ਨੂੰ ਬਹੁਤ ਮਹੱਤਤਾ ਦਿੱਤੀ ਹੈ। ਆਸ ਹੈ, ਉਪਰੋਕਤ ਵਿਸਥਾਰਤ ਟੂਕਾਂ ਤੋਂ ਪਾਠਕ ਆਪ ਹੀ ਸੂਰਜ ਪ੍ਰਕਾਸ਼ ਵਿਚਲੇ ਦਸ਼ਮੇਸ਼ ਜੀ ਦੇ ਜਨਮ ਬਾਰੇ ਲਿਖੇ ਗਪੌੜੇ ਤੋਂ ਵਾਕਫ ਹੋ ਜਾਣਗੇ।

ਕਵੀ ਸੰਤੋਖ ਸਿੰਘ ਜੀ ਦੀ ਉਪਰੋਕਤ ਲਿਖਤ ਜੋ ਵਾਸਤਵ ਵਿੱਚ ਬਚਿਤ੍ਰ ਨਾਟਕ ਦੇ ਅਧਾਰ ਤੇ ਲਿਖੀ ਗਈ ਹੈ, ਦਾ ਤਾਤਪਰਜ ਹੇਠ ਲਿਖੇ ਅਨੁਸਾਰ ਹੈ:

(ਪੁੱਤਰ ਪ੍ਰਾਪਤੀ ਹਿੱਤ ਕਰਮਕਾਂਡੀਆਂ ਦੀ ਤਰ੍ਹਾਂ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਅਨੇਕਾਂ ਤੀਰਥਾਂ ਦਾ ਰਟਨ ਕੀਤਾ, ਹੋਮ-ਜੱਗ ਕੀਤੇ ਅਤੇ ਬ੍ਰਾਹਮਣ ਆਦਿਕਾਂ ਨੂੰ ਦੱਛਣਾਂ ਦਿੱਤੀਆਂ।

ਇਸ ਤਰ੍ਹਾਂ ਰੱਟਨ ਕਰਦੇ ਹੋਏ ਤੀਰਥਰਾਜ ਪ੍ਰਯਾਗਰਾਜ ਪੁੱਜੇ, ਜਿੱਥੇ ਬੇਅੰਤ ਪੁੱਨ-ਦਾਨ ਕੀਤੇ, ਯੋਗ ਸਮਾਧੀਆਂ ਲਗਾਈਆਂ ਭਾਵ ਪ੍ਰਣਾਯਾਮ ਕੀਤੇ।

(ਪੁੱਤਰ ਪ੍ਰਾਪਤੀ ਲਈ) ਸਤਿਗੁਰਾਂ ਨੇ ਇਤਨਾ ਦਾਨ ਦਿੱਤਾ ਕਿ ਦੇਸ਼-ਬਿਦੇਸ਼ਾਂ ਦੇ ਅਣਗਿਣਤ ਬ੍ਰਿਮਣ ਦਾਨ ਲੈਣ ਆਏ ਅਤੇ ਮੂੰਹ-ਮੰਗੀਆਂ ਵਸਤਾਂ ਪ੍ਰਾਪਤ ਕੀਤੀਆਂ। ਬ੍ਰਾਹਮਣਾਂ ਨੂੰ ਖਾਣ ਲਈ ਭਾਂਤ ਭਾਂਤ ਦੇ ਭੋਜਨ, ਲੱਡੂ, ਪੂੜੀਆਂ, ਕੜਾਹ, ਮਾਲ੍ਹ-ਪੂੜੇ ਆਦਿਕ ਦਿੱਤੇ ਗਏ, ਰੇਸ਼ਮੀ ਕੱਪੜੇ ਤੇ ਗਰਮ ਦੁਸਾਲੇ ਦਿੱਤੇ ਗਏ। ਜੱਗ ਕੀਤੇ ਅਤੇ ਜੌਂ, ਘ੍ਰਿਤ ਆਦਿਕ ਸਮੱਗਰੀ ਮੰਗਾ ਕੇ ਹੋਮ ਯੱਗ ਕੀਤੇ ਗਏ।

ਰਾਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਾਣਾਯਾਮ ਦੀ ਸਾਧਨਾ ਕਰਦੇ ਰਹੇ।

ਇਸ ਪ੍ਰਕਾਰ ਬ੍ਰਮਿਣਾਂ ਨੂੰ ਦਾਨ-ਪੁੰਨ ਤੇ ਹੋਮ-ਜੱਗ ਕਰਕੇ ਪ੍ਰਾਣਾਯਾਮ ਦੀਆਂ ਸਾਧਨਾਵਾਂ ਸਾਧ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਮੇਸ਼ਰ ਨੂੰ ਪ੍ਰਸੰਨ ਕਰ ਲਿਆ, ਜਿਸਦੇ ਫਲਸਰੂਪ ਵਾਹਿਗੁਰੂ ਨੇ ਤੁੱਠ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਵਿਖੇ ਆਪਣੀ ਨਿੱਜੀ ਅੰਸ਼ ਦੁਸ਼ਟ ਦਮਨ ਨੂੰ ਘੱਲਿਆ ਭਾਵ, ਤੀਰਥਰਾਜ ਪ੍ਰਯਾਗ ਵਿਖੇ 6 ਮਹੀਨੇ ਤੱਕ ਲਗਾਤਾਰ ਇਸ ਪ੍ਰਕਾਰ ਦੀਆਂ ਸਾਧਨਾਵਾਂ ਕਰਨ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਦੁਸ਼ਟ ਦਮਨ) ਦਾ ਪ੍ਰਕਾਸ਼ ਹੋਇਆ ਅਤੇ ਪੋਹ ਸੁਦੀ ਸਪਤਮੀ ਸੰਮਤ 1723 ਬਿਕ੍ਰਮੀ ਨੂੰ ਪਟਨਾ ਸਾਹਿਬ ਵਿਖੇ ਆਪ ਦਾ ਜਨਮ ਹੋਇਆ।

ਮੁੱਕਦੀ ਗੱਲ ਇਹ ਕਿ ਕਰਤਾ ਸੂਰਜ ਪ੍ਰਕਾਸ਼ ਨੇ ਇਹ ਪਰਗਟ ਕੀਤਾ ਹੈ, ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪੂਰਬ ਦੇ ਤੀਰਥਾਂ ਦਾ ਰੱਟਨ ਕੇਵਲ ਪੁੱਤਰ ਪ੍ਰਾਪਤੀ ਵਾਸਤੇ ਹੀ ਕੀਤਾ। ਇਸੇ ਕਾਮਨਾ ਅਧੀਨ ਹੀ ਉਨ੍ਹਾਂ ਨੇ ਹਿੰਦੂ ਕਰਮ-ਕਾਂਡੀਆਂ ਵਾਂਗੂੰ ਘਿਓ, ਜੌਂ ਆਦਿਕ ਸਮੱਗਰੀ ਦੇ ਹੋਮ ਕੀਤੇ, ਅਤੇ ਪੁੰਨ ਦਾਨ ਕੀਤੇ। ਸਵਾਸਾਂ ਨੂੰ ਪੂਰਕ ਕੁੰਭਕ, ਰੇਚਕ ਰਾਹੀਂ ਵਰਤ ਕੇ ਪ੍ਰਾਣਯਾਮ ਦੇ (ਗੁਰਮਤਿ ਵਿਰੋਧੀ) ਕਰਮ ਸਤਿਗੁਰਾਂ ਵਲੋਂ ਅਪਣਾਏ ਦੱਸੇ ਗਏ ਹਨ

ਇਹ ਗੱਲ ਨਾ ਤਾਂ ਗੁਰਬਾਣੀ ਵਿੱਚ ਦਰਸਾਏ ਗਏ, ਸਿੱਖ ਮੱਤ ਦੇ ਸਿਧਾਂਤਾਂ ਨਾਲ ਮੇਲ ਖਾਂਦੀ ਹੈ ਤੇ ਨਾ ਹੀ ਇਤਿਹਾਸਿਕ ਖੋਜ਼ ਦੀ ਕਸੌਟੀ ਤੇ ਪੂਰੀ ਉਤਰਦੀ ਹੈ। ਇਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਸਰਬ ਵਿਖਿਅਤ ਮਹਾਨ ਸ਼ਖਸੀਅਤ ਨਾਲ ਵੀ ਪੂਰੀ ਤਰ੍ਹਾਂ ਨਹੀਂ ਤੁੱਲਦੀ ਅਤੇ ਨਾ ਹੀ ਨੌਵੀਂ ਪਾਤਸ਼ਾਹੀ ਦੀ ਰਚੀ ਬਾਣੀ ਨੂੰ ਸਾਹਵੇਂ ਰੱਖਿਆਂ ਹੀ ਠੀਕ ਸਿੱਧ ਹੁੰਦੀ ਹੈ।

ਗੁਰਬਾਣੀ ਵਿੱਚ ਇੱਕ ਥਾਵੇਂ ਨਹੀਂ, ਅਨੇਕਾਂ ਥਾਵੇਂ ਹਿੰਦੂ ਮਤ ਦੁਆਰਾ ਪ੍ਰਚਾਰੇ ਗਏ ਹੋਮ, ਜੱਗ ਆਦਿਕ ਕਰਮ-ਕਾਂਡਾਂ ਦਾ ਭਰਵਾਂ ਖੰਡਨ ਕੀਤਾ ਗਿਆ ਹੈ। ਤੀਰਥ ਪਰਸਣ ਦੇ ਫੋਕੇ ਸਿਧਾਂਤ ਨੂੰ ਤਾਂ ਬਹੁਤ ਕਰੜੇ ਹੱਥਾਂ ਨਾਲ ਲਿਆ ਗਿਆ ਹੈ। ਫਿਰ ਉਸੇ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਸਤਿਗੁਰ ਆਪ ਖੁਦ ਗੁਰਬਾਣੀ ਵਿਰੁੱਧ ਕਰਮ ਕਿਵੇਂ ਕਰ ਸਕਦੇ ਸਨ ?

ਚੱਲਦਾ...


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top