Share on Facebook

Main News Page

ਦਸਮ ਗ੍ਰੰਥ ਦੀ ਵਿਰੋਧਤਾ
ਦਸਮ ਗ੍ਰੰਥ ਰਸਤੇ ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 4

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਦਸਮ ਗ੍ਰੰਥ ਦੀ ਵਿਰੋਧਤਾ ਇਸ ਦੇ ਵਜੂਦ ਵਿੱਚ ਆਉਂਦਿਆਂ ਹੀ ਬਲਕਿ ਇਸ ਤੋਂ ਵੀ ਪਹਿਲਾਂ ਬਚਿੱਤਰ ਨਾਟਕ ਰੂਪ ਵਿੱਚ ਹੀ ਆਰੰਭ ਹੋ ਗਈ ਸੀ, ਜਿਸ ਦਾ ਸੰਖੇਪਕੀ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਸੰਮਤ 1761 ਪੋਹ ਦੀ 5-6 ਵਿਚਲੀ ਰਾਤ ਨੂੰ ਆਨੰਦਪੁਰ ਸਾਹਿਬ ਛੱਡਣ ਸਮੇਂ ਇੱਕ ਬਹੁਤ ਵਜ਼ਨੀ ਗ੍ਰੰਥ ਵਿਦਿਆਧਰ ਅਥਵਾ ਵਿਦਿਆ ਸਾਗਰ (ਜਿਸ ਵਿੱਚ ਅਨੇਕਾਂ ਕਵੀਆਂ ਵਲੋਂ ਕੀਤੇ ਰਾਮਾਇਣ ਅਤੇ ਮਾਰਕੰਡਾ, ਸ੍ਰੀ ਮਦ ਭਾਗਵਤ ਆਦਿਕ ਪੁਰਾਣਕ ਟੀਕੇ ਅਤੇ ਹੋਰ ਕਈ ਫੁੱਟਕਲ ਰਚਨਾਵਾਂ ਨੂੰ ਲਿਖਾਰੀਆਂ ਦੇ ਕਈ ਨਾਮ ਦੇ ਕੇ ਲਿਖਿਆ ਹੋਇਆ ਸੀ), ਉਥੇ ਰਹਿ ਗਿਆ ਜੋ ਵੈਰੀਆਂ ਹਥੋਂ ਅਗਨ ਭੇਟ ਜਾਂ ਦਰਿਆ ਬੁਰਦ ਕੀਤਾ ਗਿਆ।

ਇਹ ਵੀ ਦੱਸਿਆ ਜਾਂਦਾ ਹੈ ਕਿ ਸੁਰੱਖਿਅਤ ਥਾਵਾਂ ਤੇ ਰਹਿਣ ਵਾਲੇ ਕਈ ਸਿੱਖ ਘਰਾਣਿਆਂ ਅਤੇ ਕਈ ਕਵੀਆਂ ਕੋਲ ਉਪਰੋਕਤ ਗ੍ਰੰਥ ਵਿਚਲੀਆਂ ਥੋੜੀਆਂ ਬਹੁਤੀਆਂ ਜੋ ਲਿਖਤਾਂ ਸਨ, ਉਨ੍ਹਾਂ ਦੀ ਢੂੰਡ-ਭਾਲ ਕਰਨ ਵਾਲੇ ਉਦਮੀਆਂ ਨੇ ਕੁੱਝ ਨਾ ਕੁੱਝ ਪ੍ਰਾਪਤ ਕਰਕੇ, ਨਵੇਂ ਸਿਰਿਉਂ ਵੱਖਰੇ ਵੱਖਰੇ ਸਿਰਲੇਖਾਂ ਹੇਠ ਸੈਂਚੀਆਂ ਦਾ ਰੂਪ ਦਿੱਤਾ ਤੇ ਨਾਲ ਹੀ ਕੁਝ ਸਵਾਰਥੀਆਂ ਨੇ ਸੁਆਰਥ ਵੱਸ ਇਸ ਸਮੇਂ ਤੋਂ ਲਾਭ ਪ੍ਰਾਪਤੀ ਹਿੱਤ ਕਈ ਰਚਨਾਵਾਂ ਆਪਣੇ ਕੋਲੋਂ ਰਚ ਕੇ ਦਸ਼ਮੇਸ਼ ਰਚਨਾਵਾਂ ਦਰਸਾਉਣ ਹਿੱਤ ਸ੍ਰੀ ਮੁੱਖ ਵਾਕ ਪਾਤਸ਼ਾਹੀ 10 ਅਤੇ ਪਾਤਸ਼ਾਹੀ 10 ਲਿੱਖ ਦਿੱਤਾ।

ਪੰਥ ਪ੍ਰਕਾਸ਼ ਵਿੱਚ ਲਿਖੇ ਅਨੁਸਾਰ ਭਾਈ ਮਨੀ ਸਿੰਘ ਜੀ ਨੇ ਭੀ ਉਦਮ ਕੀਤਾ ਤੇ ਸੰਮਤ 1782 ਵਿੱਚ ਭਾਵ ਦਸਮ ਪਿਤਾ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਵੀ 17 ਵੇਂ ਸਾਲ ਪਿੱਛੋਂ (ਕਈਆਂ ਦੀ ਖੋਜ ਅਨੁਸਾਰ 1770 ਜਾਂ 1782 ਵਿੱਚ) ਜਾਪ ਸਾਹਿਬ, ਅਕਾਲ ਉਸਤਤ ਆਦਿਕ ਦਸ਼ਮੇਸ਼ ਰਚਨਾਵਾਂ ਦੇ ਨਾਲ ਹੀ ਚੰਡੀ ਚਰਿੱਤਰ ਅਤੇ ਬਚਿੱਤਰ ਨਾਟਕ ਆਦਿਕ ਸਿਰਲੇਖ ਹੇਠ ਲਿਖਤੀ ਰੂਪ ਵਿੱਚ ਇੱਕ ਸੈਂਚੀ ਤਿਆਰ ਕਰਕੇ ਹਿਕਾਇਤਾਂ ਉੱਤੇ ਭੋਗ ਪਾਇਆ।

ਉਪਰੋਕਤ ਸੈਂਚੀ ਵਿੱਚ ਗੁਰੂ ਆਸ਼ਿਆਂ ਪ੍ਰਤੀਕੂਲ ਕਵੀਆਂ ਦੀਆਂ ਕ੍ਰਿਤੀਆਂ ਤੇ ਨਾਲ ਹੀ ਜਾਪ ਸਾਹਿਬ ਆਦਿਕ ਦਸ਼ਮੇਸ਼ ਬਾਣੀਆਂ ਇਕੱਠੀਆਂ ਹੋਣ ਕਾਰਣ, ਪੰਥ ਵਿੱਚ ਵਿਰੋਧੀ ਰੂਪ ਅੰਦਰ ਇਥੋਂ ਤੱਕ ਮੱਤਭੇਦ ਵਧਿਆ ਜੋ ਬੁੱਢੇ ਜੌਹੜ ਵਿੱਚ ਇੱਕ ਭਾਰੀ ਪੰਥਕ ਇਕੱਠ ਕਰਨ ਤੱਕ ਦੀ ਨੌਬਤ ਪੁੱਜ ਗਈ, ਪ੍ਰੰਤੂ ਭਾਈ ਮਹਿਤਾਬ ਸਿੰਘ ਜੀ ਮੀਰਾਂ ਕੋਟੀਏ ਵਲੋਂ ਦਖਲ਼ ਦੇਣ ਕਰਕੇ ਕੁੱਝ ਸਮੇਂ ਲਈ ਵਿਰੋਧ ਬੰਦ ਹੋਣ ਉਪਰੰਤ, ਭਾਈ ਮਨੀ ਸਿੰਘ ਦੀ ਦੀ ਸ਼ਹੀਦੀ ਕਾਰਣ ਇਹ ਅਤਿਅੰਤ ਲੋੜੀਂਦਾ ਨਿੱਗਰ ਕੰਮ ਉਥੇ ਦਾ ਉਥੇ ਹੀ ਰਹਿ ਗਿਆ, ਪਰ ਅੰਦਰੋਂ-ਅੰਦਰੀਂ ਮੱਤਭੇਦ ਘਟੱਣ ਦੀ ਥਾਵੇਂ ਹੋਰ ਵਧੇਰੇ ਪ੍ਰਪੱਕ ਹੁੰਦਾ ਗਿਆ।

ਦੂਜੇ ਪਾਸੇ ਦਸਮ ਗ੍ਰੰਥ ਦੇ ਹਿਮਾਇਤੀਆਂ ਨੇ ਮੌਕਾ ਤਾੜ ਕੇ, ਅਨਜਾਣ ਸ਼ਰਧਾਲੂਆਂ ਵਿੱਚ ਉਲਟਾ ਇਹ ਪ੍ਰਚਾਰਕ ਆਰੰਭ ਦਿੱਤਾ ਕਿ ਭਾਈ ਮਹਿਤਾਬ ਸਿੰਘ ਜੀ ਨੇ ਇਹ ਕਿਹਾ ਸੀ ਕਿ ਜੇਕਰ ਮੈਂ ਮੱਸੇ ਰੰਗੜ ਦਾ ਸਿਰ ਵੱਢ ਲਿਆਇਆ ਤਾਂ ਕਵੀਆਂ ਦੀ ਅਤੇ ਦਸ਼ਮੇਸ਼ ਰਚਣਾ ਇਕੱਠੀ ਰੱਖਣੀ, ਜੇ ਸਫਲਤਾ ਨਾ ਹੋਈ ਤਾਂ ਬਾਣੀ ਅੱਡੋ-ਅੱਡ ਨਿਖੇੜ ਦੇਣੀ।

ਕੋਈ ਜਾਣੇ ਇਹ ਲਾਟਰੀ ਪਾਈ ਗਈ ਸੀ, ਸਿੱਟਾ ਇਹ ਕਿ ਦਸ਼ਮੇਸ਼ ਬਾਣੀ ਅਤੇ ਕਈ ਰਚਾਨਾਵਾਂ ਇਕੱਠੀਆਂ ਰਹਿਣ ਸਬੰਧੀ ਪੰਥ ਵਿੱਚ ਆਦਿ ਕਾਲ ਤੋਂ ਹੀ ਮੱਤ-ਭੇਦ ਚਲਿਆ ਆਉਂਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top