Share on Facebook

Main News Page

ਹਮਰੀ ਕਰੋ ਹਾਥ ਦੈ ਰੱਛਾ - 3
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 15

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਵੇਖੋ ਇਸ ਅੰਤਲੇ (405 ਵੇਂ ) ਚਰਿਤ੍ਰ ਦਾ ਅੰਕ 36-

ਤਬ ਅਸਿਧੁਜ ਅਸ ਮੰਤ੍ਰ ਬਿਚਾਰੋ। ਇਸ ਬਿਧ ਤੇ ਦਾਨਵਹਿ ਸੰਘਾਰੋ।

ਸ਼ਬਦ ਖਡਗਕੇਤ ਅਤੇ ਅਸਿਧੁਜ ਦਾ ਅਰਥ ਇਕੋ ਹੀ ਹੈ ਤੇ ਉਹ ਅਰਥ ਹੈ-ਜਿਸ ਦੇ ਝੰਡੇ ਚ ਤਲਵਾਰ ਦਾ ਚਿੰਨ੍ਹ ਹੈ ਅਥਵਾ ਮਹਾਂਕਾਲ ਹੈ (ਵੇਖੋ ਮਹਾਨ ਕੋਸ਼, ਪੰਨਾਂ 29)।

ਚਿਤ ਮੋ ਕੀਆ ਕਾਲ ਕਾ ਧਯਾਨਾ। ਦਰਸ਼ਨ ਦੀਆ ਆਨਿ ਭਗਵਾਨਾ। ਤੁਮ ਹੋ ਸਕਲ ਲੋਕ ਸਿਰਤਾਜਾ (ਪੰਨਾ 52)

ਆਦਿ, ਅਕਾਲ, ਅਜੋਨਿ ਬਿਨਾ ਭੈ। ਨਿਰਬਿਕਾਰ ਨਿਰਲੰਬ ਜਗਤ ਮੈ। ਅੰਕ 91
ਨਿਰਬਿਕਾਰ, ਨਿਰਜੁਰ ਅਬਿਨਾਸ਼ੀ। ਨਿਰੰਕਾਰ, ਨਵਨਿੱਤਯ ਸੁਯੁੰਭਵ। ਅੰਕ 92

ਇਥੇ ਇਹ ਦੱਸਣਾ ਵੀ ਉਚਿੱਤ ਭਾਸਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਸਲਾਹਕਾਰ ਕਮੇਟੀ ਦੀ ਆਗਿਆ ਅਨੁਸਾਰ ਜਿੱਥੇ ਹਮਰੀ ਕਰੋ ਹਾਥ ਦੈ ਰੱਛਾ ਵਾਲੀ ਚੌਪਈ ਵਾਲੀ ਚੌਪਈ ਦੇ ਨਾਲ ਉੱਤੇ ਦੀਆਂ ਉੱਤੇ ਦੱਸੀਆਂ ਤੁੱਕਾਂ ਪੜ੍ਹਣੀਆਂ ਰੋਕ ਦਿੱਤੀਆਂ ਹਨ, ਉਥੇ ਮੈ ਨ ਗਨੇਸ਼ਹ ਪ੍ਰਥਮ ਮਨਾਉ ਵਾਲੀ ਸਾਰੀ ਚੌਪਈ ਦੇ ਪਾਠ ਤੋਂ ਵਰਜਿਆ ਹੈ ਕਿਉਂਕਿ ਇਹ ਚੌਪਈ ਵੀ ਉਤਲੀ ਚੌਪਈ ਵਾਂਗੂ ਕਾਲਿਕਾ ਅਤੇ ਮਹਾਂਕਾਲ ਦੇ ਉਪਾਸ਼ਕ ਕਵੀ ਦੀ ਹੀ ਰਚਨਾ ਹੈ, ਜਿਸ ਵਿੱਚ ਕਾਰਜ ਸਫਲਤਾ ਹਿੱਤ ਕਵੀ ਨੇ ਆਪਣੇ ਇਸ਼ਟ ਦੇਵੀ ਭਗਵਤੀ ਅਤੇ ਮਹਾਂਕਾਲ ਅੱਗੇ ਬੇਨਤੀ ਕੀਤੀ ਹੈ- ਵੇਖੋ ਕ੍ਰਿਸ਼ਨਾਵਤਾਰੇ ਅੰਕ 420 ਤੋਂ 440 ਵੇਂ ਅੰਕ ਤੋਂ ਪਿਛਲੀ ਪੁਸ਼ਪਿਕਾ ਵਿੱਚ ਵੀ ਇਤਿ ਸ੍ਰੀ ਦੇਵੀ ਉਸਤਤ ਸਮਾਪਤ ਲਿਖਿਆ ਹੈ।

ਉਪਰੋਕਤ 421 ਅੰਕ ਤੋਂ 342 ਅੰਕ ਤੱਕ 12 ਬੰਦਾਂ ਵਿੱਚ ਦੇਵੀ ਭਗਵਤੀ ਨੂੰ ਸਸਤ੍ਰਣੀ, ਅਸਤ੍ਰਣੀ, ਜਯਾ, ਪਿੰਗਲਾ, ਤੋਤਲਾ, ਸ਼ਿਵਾ ਆਦਿਕ ਅਨੇਕਾਂ ਨਾਵਾਂ ਨਾਲ ਸੰਬੋਧਨ ਉਪਰੰਤ 433 ਵੇਂ ਅੰਕ ਵਿੱਚ ਹੇਠ ਲਿਖੀ ਬੇਨਤੀ ਕੀਤੀ ਹੈ, ਯਥਾ-

ਦੋਹਰਾ
ਦਾਸ ਜਾਨ ਕਰਿ ਦਾਸ ਪਰ ਕੀਜੈ ਕ੍ਰਿਪਾ ਅਪਾਰ।
ਆਪ ਹਾਥ ਦੈ ਰਾਖ ਮੋਹਿ ਮਨ ਕ੍ਰਮ ਬਚਨ ਬਿਚਾਰ।

ਉਕਤ ਦੋਹਰੇ ਪਿੱਛੋਂ 434 ਵੇਂ ਬੰਦ ਤੋਂ 440 ਤੱਕ 7 ਬੰਦਾਂ ਵਿੱਚ ਮਹਾਂਕਾਲ ਪ੍ਰਤੀ ਆਪਣੀ ਅੰਨਿਨ ਸ਼ਰਧਾ ਦਰਸਾਈ ਹੈ ਜਿਵੇਂ ਕਿ-

ਹੇ ਮਹਾਂਕਾਲ ਮੈ ਨ ਗਨੇਸ਼ਹ ਪ੍ਰਥਮ ਮਨਾਊ

ਭਾਵ- ਆਦਿ ਗਨੇਸ਼ ਨੂੰ ਨਹੀਂ ਮਨਾਉਂਦਾ ਤੇ ਨਾ ਹੀ ਕਦੇ ਕਿਸ਼ਨ ਬਿਸ਼ਨ ਨੂੰ ਧਿਆਉਂਦਾ ਹਾਂ, (ਹੇ ਮਹਾਂਕਾਲ ) ਮੇਰੀ ਲਿਵ ਆਪ ਦੇ ਇਨ੍ਹਾਂ ਚਰਨਾਂ ਨਾਲ ਲੱਗੀ ਹੋਈ ਹੈ।

ਹੇ ਮਹਾਂ ਲੋਹ, ਹੇ ਭਗਵਤ, ਮੈਂ ਆਪ ਦਾ ਦਾਸ ਹਾਂ, ਇਸ ਲਈ ਪ੍ਰਥਮੇ ਆਪ ਦਾ ਹੀ ਧਿਆਨ ਧਰ ਕੇ ਕ੍ਰਿਸ਼ਨ ਚਰਿਤ੍ਰ ਰਚਦਾ ਹਾਂ ?

ਸ਼ੋਕ, ਕਿ ਸਾਕਤ ਮਤੀਏ ਕਵੀਆਂ ਦੀਆਂ ਕ੍ਰਿਤੀਆਂ ਵਿੱਚੋਂ ਉੱਤੇ ਦਰਸਾਈਆਂ ਕੁਝ ਭਾਵਨਾਵਾਂ ਨਾਲ ਮਿਲਦੀਆਂ-ਜੁਲਦੀਆਂ ਦਾ ਆਸਰਾ ਲੈ ਕੇ ਸਾਡੇ ਕੁੱਝ ਧਾਰਮਿਕ ਆਗੂਆਂ ਨੇ ਜਾਣੇ ਜਾਂ ਬਿਨਾ ਜਾਣੇ ਇਨ੍ਹਾਂ ਨੂੰ ਦਸ਼ਮੇਸ਼ ਰਚਨਾਵਾਂ ਦਾ ਰੂਪ ਦੇ ਦਿੱਤਾ।

ਕੇਵਲ ਇਤਨਾ ਹੀ ਨਹੀਂ, ਸਗੋਂ ਉਕਤ ਕਵੀਆਂ ਵਲੋਂ ਆਪਣੇ ਇਸ਼ਟ ਮਹਾਂਕਾਲ ਦੇਵਤੇ ਪ੍ਰਥਾਏ ਵਰਤੇ ਈਸਾ, ਨਿਰੰਕਾਰ, ਭਗਵਤ ਆਦਿਕ ਸ਼ਬਦਾਂ ਦਾ ਭਾਵ ਅਕਾਲ ਪੁਰਖ ਮਿੱਥ ਕੇ ਰਹਿਰਾਸ ਸਾਹਿਬ ਆਦਿਕ ਨਿੱਤਨੇਮ ਦੀਆਂ ਬਾਣੀਆਂ ਵਿੱਚ ਰੱਲਗੱਡ ਕਰ ਦਿੱਤਾ।

ਸ਼ੁਕਰ ਹੈ ਕਿ ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੀ ਜ਼ਿਮੇਵਾਰੀ ਹਿੱਤ ਖੋਜ਼-ਭਾਲ ਅਤੇ ਛਾਣਬੀਨ ਕਰਕੇ ਮੈਂ ਨ ਗਨੇਸ਼ਹ ਪ੍ਰਥਮ ਅਤੇ ਕ੍ਰਿਪਾ ਕਰੀ ਹਮ ਪਰ ਜਗਮਾਤਾ ਆਦਿਕ ਕੱਚੀਆਂ-ਪਿੱਲੀਆਂ ਕਵੀ ਰਚਨਾਵਾਂ ਨੂੰ ਨਿੱਤਨੇਮ ਸਮੇਂ ਪੜ੍ਹਨ ਤੋਂ ਮਨਾਹੀ ਕੀਤੀ ਹੈ।

ਕਿਹਾ ਚੰਗਾ ਹੋਵੇ ਕਿ ਉਕਤ ਸ਼ਲਾਗਾਯੋਗ ਕੀਤੇ ਉਦਮ ਦੇ ਨਾਲ ਹਮਰੀ ਕਰੋ ਹਾਥ ਦੈ ਰੱਛਾ ਆਦਿਕ ਹੋਰ ਵੀ ਕਵੀ ਕਲਪਨਾਵਾਂ ਦੇ ਨਿਰਣੈ ਲਈ ਵਧੇਰੇ ਹੰਭਲਾ ਮਾਰਿਆ ਜਾਵੇ, ਤਾਂ ਕਿ ਸੋਨੇ ਉੱਤੇ ਸੁਹਾਗੇ ਦੀ ਵੰਨੀ ਚੜ੍ਹ ਜਾਣ ਵਾਂਗੂ ਹੋਰ ਵਧੇਰੇ ਨਿਗਰ ਉਪਕਾਰ ਹੋ ਜਾਵੇ।

ਕਬਿਯੋਬਾਚ ਵਾਲੀ ਚੌਪਈ ਨੂੰ ਦਸ਼ਮੇਸ਼ ਰਚਨਾ ਦਰਸਾਉਣ ਹਿੱਤ ਅੱਜ-ਕਲ ਕਿਹਾ ਜਾਂਦਾ ਹੈ ਕਿ ਦਸਮ-ਪਾਤਸਾਹ ਨੇ ਅਨੰਦਪੁਰ ਸਾਹਿਬ ਲਾਗੇ ਜਿੱਥੇ ਇਹ ਚੌਪਈ ਉਚਾਰੀ ਸੀ, ਉਥੇ ਹੁਣ ਇਤਿਹਾਸਿਕ ਗੁਰਦੁਆਰਾ ਵੀ ਬਣ ਗਿਆ ਹੈ।

ਨੋਟ- ਕੀ ਜਾਣੀਏ ਕਿਸੇ ਦਿਨ ਅੰਜਾਣ ਸ਼ਰਧਾਲੂਆਂ ਵਲੋਂ ਇਸ ਅਸਥਾਨ ਦੀਆਂ ਦੀਵਾਰਾਂ ਉੱਤੇ ਇਹ ਸਾਰੀ ਚੌਪਈ ਲਿਖ ਦਿੱਤੀ ਜਾਵੇ।

ਨਿਰਣਾ

ਜਿਨ੍ਹਾਂ ਗੁਰਸਿੱਖ ਸ਼ਰਧਾਲੂਆਂ ਨੂੰ ਗੁਰੂ ਕਲਗੀਧਰ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਵੀ ਪੌਣੇ ਤਿੰਨ ਸੌ ਸਾਲ ਪਿੱਛੋਂ ਉਚਿੱਤ ਚੌਪਈ ਵਾਲਾ ਮਨੌਕਲਪਤ ਅਸਥਾਨ ਲੱਭਿਆ ਅਤੇ ਇਤਿਹਾਸਿਕ ਰੂਪ ਦੇ ਕੇ ਸੇਵਾ ਅਰੰਭੀ ਹੈ, ਉਨ੍ਹਾਂ ਦੀ ਪ੍ਰਬਲ ਸ਼ਰਧਾ ਤੋਂ ਪ੍ਰਭਾਵਿਤ ਹੋ ਕੇ ਕੋਈ ਸ਼ਰਧਾਵਾਨ ਜਗਿਆਸੂ ਬਹੁਤੀਆਂ ਪੁੱਛ-ਪੁੱਛਾਵਾਂ ਛੱਡ ਕੇ ਕੇਵਲ ਇਤਨੀ ਪੁੱਛ ਹੀ ਕਰੇ, ਕਿ ਇਸ ਅਸਥਾਨ ਉੱਤੇ ਕਿਹੜੀ ਚੌਪਈ ਉਚਾਰੀ ਸੀ, ਕਿਉਂਕਿ ਹਮਰੀ ਕਰੋ ਹਾਥ ਦੈ ਰੱਛਾ ਵਾਲੀ ਚੌਪਈ ਤਾਂ ਉੱਤੇ ਦੱਸੇ ਅਨੁਸਾਰ ਤ੍ਰੀਆ ਚਰਿਤ੍ਰਾਂ ਵਿੱਚੋਂ ਹੈ ਅਤੇ ਮੈਂ ਨ ਗਨੇਸ਼ਹ ਪ੍ਰਥਮ ਵਾਲੀ ਕ੍ਰਿਸ਼ਨਾ ਅਵਤਾਰ ਵਾਲੀ ਚੌਪਈ ਉੱਤੇ ਦੱਸ ਆਏ ਹਾਂ, ਫਿਰ ਸੁਤੰਤਰ ਚੌਪਈ ਪ੍ਰਣਵੋ ਆਦਿ ਏਕੰਕਾਰਾ ਸ੍ਰੀ ਮੁਖਵਾਕ ਵਾਲੀ ਪਾਤਸ਼ਾਹੀ ਸੁਤੰਤਰ ਹੈ। ਇਨ੍ਹਾਂ ਤਿੰਨਾਂ ਵਿੱਚੋਂ ਕਿਹੜੀ ਚੌਪਈ ਉਚਾਰੀ ਸੀ, ਤਾਂ ਉਕਤ ਸ਼ਰਧਾਲੂ ਵੀਰਾਂ ਕੋਲ ਚੁੱਪ ਸਾਧਨ ਤੋਂ ਬਿਨਾਂ ਹੋਰ ਕੀ ਚਾਰਾ ਹੋਵੇਗਾ।

ਮੁੱਕਦੀ ਗੱਲ ਇਹ ਕਿ ਇਸ ਮਨੋ-ਕਲਪਤ ਅਸਥਾਨ ਉੱਤੇ ਸਰ-ਪਰ ਹੀ ਚੌਪਈ ਰਚੀ ਦਰਸਾਉਣ ਦਾ ਹੱਠ ਕਰਨਾ ਹੋਵੇ, ਤਾਂ ਫਿਰ ਅਕਾਲ ਉਸਤਤ ਵਿਚਲੀ ਉੱਤੇ ਦਰਸਾਈ ਸ੍ਰੀ ਮੁਖਵਾਕ ਪਾਤਸ਼ਾਹੀ ਦਸ ਪ੍ਰਣਵੋ ਏਕੰਕਾਰਾ ਵਾਲੀ ਚੌਪਈ ਦਰਸਾਈ ਜਾਵੇ, ਜੋ ਕੁਝ ਨਾ ਕੁਝ ਤਾਂ ਮੇਲ ਮਿਲ ਜਾਵੇ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top