ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ
ਹੁਣ
ਲਵੋ ਮਹਾਂਦੀਨ (ਮੁਹੰਮਦ ਜੀ) ਉੱਤੇ ਆਪਣਾ ਨਾਮ ਜਪਾਉਣ ਵਾਲੇ ਦੋਸ਼ ਸਬੰਧੀ ਵੀਚਾਰ ਯਥਾ
ਪਹਿਲਾਂ ਭਗਤ ਰਾਮਾਨੰਦ ਜੀ ਤੋਂ ਪਿੱਛੋਂ ਮੁਹੰਮਦ ਸਾਹਿਬ ਦਾ ਆਉਣਾ ਨਿਰੋਲ ਝੂਠ
ਲਿਖਿਆ ਹੈ, ਕਿਉਂਕਿ ਮੁਹੰਮਦ ਸਾਹਿਬ ਭਗਤ ਰਾਮਾਨੰਦ ਜੀ ਤੋਂ ਉੱਤੇ ਲਿਖੇ ਅਨੁਸਾਰ
ਲੱਗਭੱਗ 800 ਸਾਲ ਪਹਿਲਾਂ ਹੋਏ ਹਨ।
ਦੂਜਾ, ਮੁਹੰਮਦ ਸਾਹਿਬ ਜੀ ਨੇ ਆਯੂ ਪ੍ਰਯੰਤ (ਸਾਰੀ ਜਿੰਗਦੀ
ਵਿੱਚ) ਕਿਤੇ ਵੀ ਆਪਣਾ ਨਾਮ ਨਹੀਂ ਜਪਾਇਆ,ਜਿਸਦਾ ਪ੍ਰਤੱਖ ਸਬੂਤ ਉਨ੍ਹਾਂ ਦੀ ਕਲਾਮ (ਕਲਮਾਸ਼ਰੀਫ)
ਹੈ, ਜਿਸ ਵਿੱਚ ਰੱਬ (ਅਕਾਲ ਪੁਰਖ) ਨੂੰ ਰਹਿਮਾਨ, ਰਹੀਮ, ਅੱਲਾ ਸ਼ਰੀਕ ਨਾਲ ਹੀ
ਨਿਖੇੜਾ ਕਰ ਦਿੱਤਾ ਹੈ, ਮੈਂ ਅਲਾਹ (ਰੱਬ) ਅਰਥਾਤ ਅਕਾਲ ਪੁਰਖ ਨਹੀਂ। ਮੈਂ ਅਲਾਹ ਵਲੋਂ
ਭੇਜਿਆ ਹੋਇਆ ਰਸੂਲ ਹਾਂ, ਯਥਾ (‘ਮੁਹੰਮਦਰਸੂਲਇਲਾਹ’)।
ਜੇ ਅਜੇ ਵੀ ਮੁਹੰਮਦ ਸਾਹਿਬ ਉੱਤੇ ਆਪਣਾ ਨਾਮ ਜਪਾਉੇਣ ਵਾਲਾ
ਸ਼ੱਕ ਹੋਵੇ ਤਾਂ ਹਰ ਮਸਜਿਦ ਵਿੱਚ ਪੰਜ ਵੇਰੀ ਰੋਜ਼ ਜੋ ਅਜ਼ਾਨ (ਬਾਂਗ) ਦਿੱਤੀ ਜਾਂਦੀ
ਹੈ, ਉਸ ਵਿਚਲੇ ਲਫਜ਼ਾਂ ਨੂੰ ਸਮਝਣਾ (ਕਵੀ ਕਲਪਿਤ) ਅਕਾਲ ਪੁਰਖ ਵਾਸਤੇ ਬਹੁਤ ਜਰੂਰੀ
ਹੈ, ਯਥਾ:-
- ਅੱਲਾਹ ਹੂ ਅੱਕਬਰ। ਚਾਰ ਵੇਰੀਂ, ਜਿਸਦਾ ਮਤਲਬ ਇਹ ਹੈ
ਕਿ ਰੱਬ ਵੱਡਾ ਹੈ। ਰੱਬ ਵੱਡਾ ਹੈ। ਰੱਬ ਵੱਡਾ।ਰੱਬ ਵੱਡਾ।
- ਲਾਇਲਾਇੱਲ ਲਿੱਲਾ। ਇਸਦਾ ਮਤਲਬ ਇਹ ਕਿ ਰੱਬ ਲਾਸ਼ਰੀਕ
ਹੈ, ਭਾਵ ਉਸਦਾ ਸਾਨੀ ਕੋਈ ਨਹੀਂ।
- ਅੱਸ਼ਹਾਦਾਨ ਲਾ ਇੱਲਾ ਇੱਲ ਲਿੱਲਾ। ਭਾਵ, ਮੈਂ ਗਵਾਹੀ
ਦਿੰਦਾ ਹਾਂ ਕਿ ਰੱਬ ਸਭ ਤੋਂ ਵੱਡਾ ਹੈ, ਉਸਦਾ ਕੋਈ ਸ਼ਰੀਕ ਨਹੀਂ।
- ਅੱਸ਼ਾਹਾਦਾਨ ਮੁਹੰਮਦ ਰਸੂਲ ਲਿੱਲਾ। ਇਸਦਾ ਭਾਵ ਇਹ ਹੈ
ਕਿ ਮੈਂ (ਮੁਹੰਮਦ ਰੱਬ ਨਹੀਂ) ਮੈਂ ਉਸ ਵਲੋਂ ਭੇਜਿਆ ਹੋਇਆ ਰਸੂਲ ਹਾਂ।
- ਹੀ ਅਲੀਅਲ ਸੱਲਹਾ, ਹੀ ਅਲੀਅਲ ਸੱਲਹਾ।ਜਿਸਦਾ ਅਰਥ ਇਹ
ਕਿ ਆਓ, (ਮੋਮਨੋ) ਅੱਲਾਹ ਦੀ ਸਿਫਤ ਕਰੀਏ।
- ਹੀ ਅਲੀਅਲ ਫੱਲਾਹ, ਹੀ ਅਲੀਅਲ ਫਲਾਹ, ਤਾਤਪਰਜ਼ ਇਹ ਕਿ
ਆਓ, (ਮੋਮਨੋ) ਨਿਜਾਤ ਹਾਸਲ ਕਰੀਏ।
- ਅਲਾਹ ਹੂ ਅੱਕਬਰ, ਅੱਲਾ ਹੂ ਅੱਕਬਰ। ਮਤਲਬ ਰੱਬ ਵੱਡਾ
ਹੈ, ਰੱਬ ਵੱਡਾ ਹੈ।
- ਲਾਇਲਾ ਇੱਲਲਿਲਾ। ਅਰਥਾਤ ਰੱਬ ਲਾਸ਼ਰੀਕ ਹੈ।
ਉਪਰੋਕਤ ਬਾਂਗ ਦੇ ਹੁੰਦਿਆਂ ਵੀ ਕਵੀ ਕਲਪਿਤ ਅਕਾਲ ਪੁਰਖ ਨੂੰ
ਮੁਹੰਮਦ ਸਾਹਿਬ ਉੱਤੇ ‘ਆਕੀ’ ਹੋਣ ਦਾ ਸ਼ੱਕ ਹੋਵੇ ਤਾਂ ਉਸ ਨੂੰ ਸਾਕਤ ਮਤੀਏ ਕਵੀ
ਸ਼ਿਆਮ, ਰਾਮ ਆਦਿਕ ਸਮਝਾ ਸਕਦੇ ਹਨ ਜਾਂ ਫਿਰ ਸਿੱਖ ਪੰਥ ਦੇ ਮੰਨੇ-ਪ੍ਰਮੰਨੇ ਉਹ
ਵਿਦਵਾਨ ਜੋ ਸਮੁੱਚੇ ਦਸਮ ਗ੍ਰੰਥ ਨੂੰ ਦਸ਼ਮੇਸ਼ ਕ੍ਰਿਤ ਦਰਸੌਂਦੇ ਹਨ, ਉਹੀ ਸਮਝਾਉਣ।
ਕਿਹਾ ਚੰਗਾ ਹੁੰਦਾ ਜੇ ਸੁਝਵਾਨ ਖੋਜ਼ੀ ਵਿਦਵਾਨਾਂ ਵਾਂਗੂ ‘ਅਬ
ਮੈ ਅਪਨੀ ਕਥਾ ਬਖਾਨੋ’ ਵਾਲੀ ਰਚਨਾ ਵਿਚਲੀ ਮਹਾਂਕਾਲ ਦੇ ਅਰਾਧਕ ਸਾਕਤ ਕਵੀ ਦੀ
ਕੁਟਿਲਨੀਤੀ ਸਮਝ ਲਿਆ ਜਾਂਦਾ ਤਾਂ ਕਿ ਇਹ ਰਚਨਾ ਗੁਰੂ ਸਾਹਿਬ ਜੀ ਦੀ ਹੋਣ ਦਾ ਭੁਲੇਖਾ
ਸੁਪਨੇ ਵਿੱਚ ਵੀ ਨਾ ਪੈਂਦਾ, ਪ੍ਰੰਤੂ ‘ਭੁਲਣ ਅੰਦਰ ਸਭੁ ਕੋ’ ਅਥਵਾ ‘ਭੁਲਣ ਵਿਚ ਕੀਆ
ਸਭੁ ਕੋਈ’ ਗੁਰੂਵਾਕਾਂ ਅਨੁਸਾਰ ਆਦਿ ਕਾਲ ਤੋਂ ਹੀ ਸਾਧਾਰਣ ਜੀਵ ਤਾਂ ਕਿਤੇ ਰਹੇ, ਕਈ
ਵੱਡੀਆਂ-ਵਡੀਆਂ ਮਹਾਨ ਵਿਅਕਤੀਆਂ ਵੀ ਭੁੱਲਦੀਆਂ ਰਹੀਆਂ ਅਤੇ ਹੁਣ ਵੀ ਕਈ ਹਸਤੀਆਂ
ਭੁੱਲ ਰਹੀਆਂ ਹਨ।
ਚੇਤੇ ਰਹੇ ਕਿ ਭੁੱਲ ਨੂੰ ਮੰਨ ਲੈਣਾ ਵੀ ਕਿਸੇ ਸੂਰਮੇ ਦਾ ਕੰਮ
ਹੈ।ਜਿਸ ਭੁੱਲ ਮੰਨ ਲਈ ਉਹ ਨਾ ਭੁੱਲੇ ਵਰਗਾ ਹੋ ਗਿਆ, ਜਿਵੇਂ ਕਿ ਪੰਜਾਬੀ ਕਹਾਵਤ
ਵਿੱਚ ਕਿਹਾ ਜਾਂਦਾ ਹੈ ਕਿ ‘ਭੁੱਲਾ ਉਹ ਨਾ ਜਾਣੀਐ ਜੋ ਫਿਰ ਘਰ ਆਵੈ’। ਇਸ ਦੇ ਉਲਟ
ਭੁੱਲ ਨਾ ਮੰਨਣੀ ਸਗੋਂ ਇੱਕ ਹੋਰ ਵਡੇਰੀ ਭੁੱਲ ਹੈ, ਕਿਉਂਕਿ ਭੁੱਲ ਭਾਵੇਂ ਕੋਈ
ਮੰਨਿਆਂ-ਪ੍ਰਮੰਨਿਆਂ ਵਿਦਵਾਨ ਕਰੇ ਜਾਂ ਅਣਜਾਣ, ਅੰਤ ਭੁੱਲ, ਭੁੱਲ ਹੀ ਹੈ।
ਇਥੇ ਇਹ ਵੀ ਮੰਨਣਾ ਪਵੇਗਾ ਕਿ ਅਣਜਾਣ ਦੀ ਭੁੱਲ ਦਾ ਨਤੀਜਾ
ਕੇਵਲ਼ ਅੰਜਾਣ ਲਈ ਹੀ ਹਾਨੀਕਾਰਕ ਹੁੰਦਾ ਹੈ ਪਰ ਕਿਸੇ ਮੰਨੇ-ਪ੍ਰਮੰਨੇ ਵਿਅਕਤੀ ਦੀ
ਭੁੱਲ ਉਸਦੇ ਅਨੇਕਾਂ ਨਿਕਟਵਰਤੀ, ਅੰਜਾਣ ਸ਼ਰਧਾਲੂਆਂ ਉੱਤੇ ਵੀ ਅਸਰ ਭਰਭੂਰ ਹੁੰਦੀ
ਹੈ। ਜਿਵੇਂ ਕਿ ਉੱਤੇ ਲਿਖੇ ਅਨੁਸਾਰ ਸੂਰਜ ਪ੍ਰਕਾਸ਼ ਦੇ ਕਰਤਾ ਕਵਿ ਸੰਤੋਖ ਸਿੰਘ ਜੀ
ਅਤੇ ਪੰਡਿਤ ਤਾਰਾ ਸਿੰਘ ਜੀ ਨਿਰੋਤਮ ਦੀ ਭੁੱਲ ਦਾ ਨਤੀਜਾ ਇਹ ਨਿਕਲਿਆ ਕਿ ਇਸ ਵੇਲੇ
ਅਨੇਕਾਂ ਗੁਰਸਿੱਖਾਂ ਨੇ ਭੇਡਾ-ਚਾਲ ਵਾਂਗੂੰ ਵੇਖੋ-ਵੇਖੀ ਹੇਮਕੁੰਟ ਦੀ ਯਾਤਰਾ ਅਤੇ
ਫਿਲਮਾਂ ਰਾਹੀਂ ਪ੍ਰਚਾਰ ਅਰੰਭਿਆ ਹੋਇਆ ਹੈ। ਜਿਨ੍ਹਾਂ ਵਾਸਤੇ ਹੁਣ ਭੁੱਲ ਮੰਨਣੀ
ਅਸੰਭਵ ਨਹੀਂ ਤਾਂ ਕਠਿਨ ਜਰੂਰ ਹੈ, ਕਾਰਣ ਇਹ ਕਿ ਜਦੋਂ ਕੋਈ ਸੱਜਣ ਨਿਜੀ ਸੁਆਰਥ ਜਾਂ
ਹਾਉਮੈ ਦੇ ਪ੍ਰਭਾਵ ਹੇਠ ਆਪਣੀ ਭੁੱਲ ਨੂੰ ਜਾਤੀ ਸੁਆਲ ਜਾਂ ਜਿੱਤ-ਹਾਰ ਦਾ ਵਿਸ਼ਾ ਬਣਾ
ਲਵੇ ਤਾਂ ਉਸ ਵੇਲੇ ਉਸ ਨੂੰ ਹਠ ਛੱਡਣਾ ਅਰਥਾਤ ਭੁੱਲ ਮੰਨਣੀ ਪ੍ਰਾਣ ਛੱਡਣ ਤੋਂ ਵੀ
ਕਠਿਨ ਹੋ ਜਾਂਦੀ ਹੈ। ਜਿਵੇਂ ਕਿ ਫਿਊਜ ਹੋ ਚੁੱਕੇ ਬਲਬ ਵਿੱਚ ਲਾਈਟ ਨਹੀਂ ਆ ਸਕਦੀ,
ਤਿਵੇਂ ਹੀ ਅਹੰਗਤਾ ਮੱਮਤਾ, ਭਾਵ ਹਉਮੈ ਅਤੁ ਸੁਆਰਥ ਵੱਸ ਹੋ ਚੁੱਕੇ ਮਨ ਵਿੱਚ ਸ਼ਰਧਾ
ਅਤੇ ਸੂਝ ਦਾ ਆਉਣਾ ਵੀ ਅਸੰਭਵ ਹੋ ਜਾਂਦਾ ਹੈ।
ਮੁੱਕਦੀ ਗੱਲ ਇਹ ਹੈ ਕਿ ਇਸ ਵੇਲੇ ਰੀਸ-ਪਰੀਸੇ ਚਲੇ ਹੋਏ
ਹੇਮਕੁੰਟੀ ਪ੍ਰਵਾਹ ਨੂੰ ਰੋਕਣਾ ਵੱਗਦੇ ਹੜ੍ਹ ਨੂੰ ਰੋਕਣ ਵਾਂਗੂ ਭਾਵੇਂ ਅਸੰਭਵ ਤਾਂ
ਨਹੀਂ ਪਰ ਕਠਿਨ ਜਰੂਰ ਹੋ ਚੁਕਾ ਹੈ, ਕਾਰਣ ਇਹ ਕਿ ਕੁਝ ਇਹੋ ਜਿਹੇ ਅੰਜਾਣ ਸ਼ਰਧਾਲੂ
ਵੀ ਹੁੰਦੇ ਹਨ, ਜੋ ਨਿੱਜ ਪ੍ਰਯੋਜਨੀ ਆਗੂਆਂ ਦੇ ਚੁੱਕੇ-ਚੁਕਾਏ ਸਗੋਂ ਅਲਸੀਅਤ
ਦਰਸਾਉਣ ਵਾਲਿਆਂ ਉੱਤੇ ਉਲਟੇ ਕਈ ਕਿਸਮ ਦੇ ਨਿਰਮੂਲ ਦੂਸ਼ਣ ਲਾਇਕ ਬਲਕਿ ਧਮਕੀਆਂ ਦੇਣ
ਤੱਕ ਵੀ ਆ ਜਾਂਦੇ ਹਨ ਜਿਸ ਤੋਂ ਕਈ ਇਕ ਡਰਾਕਲ ਵਿਦਵਾਨ ਭੈਭੀਤ ਹੋ ਕੇ ਸਹਿਮ ਜਾਂਦੇ
ਹਨ ਅਤੇ ਕਈ ਵੇਰਾਂ ਬਹੁਗਿਣਤੀ ਦੀ ਹਾਂ ਨਾਲ ਹਾਂ ਮਿਲਾ ਦਿੰਦੇ ਹਨ।
ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੇਂਦਰੀ
ਸਿੰਘ ਸਭਾ ਸ਼ਤਾਬਦੀ ਕਮੇਟੀ ਆਦਿਕ ਇਤਿਹਾਸਿਕ ਸਿੰਘ ਸਭਾਵਾਂ ਇਸ ਅਤੀ ਲੋੜੀਂਦੀ ਪੰਥਕ
ਸੇਵਾ ਵਾਲੇ ਨਿਗਰ ਕੰਮ ਨੂੰ ਹੱਥ ਲੈ ਲੈਣ ਦਾ ਉਪਰਾਲਾ ਕਰਨ ਤਾਂ ਸਹਿਜੇ ਹੀ ਸਫਲਤਾ
ਹੋ ਸਕਦੀ ਹੈ।