Share on Facebook

Main News Page

ਦਸਮ ਗ੍ਰੰਥ ਪ੍ਰਮਾਣੀਕ ਗ੍ਰੰਥ ਨਹੀਂ
ਦਸਮ ਗ੍ਰੰਥ ਰਸਤੇ ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 3

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਦਸਮ ਗਰੰਥ ਦੇ ਅਪ੍ਰਮਾਨੀਕ ਭਾਵ ਪ੍ਰਮਾਣੀਕ ਨਾ ਹੋਣ ਸਬੰਧੀ ਅਨੇਕਾਂ ਸਬੂਤਾਂ ਵਿੱਚੋਂ ਇੱਕ ਇਹ ਵੀ ਪ੍ਰਤੱਖ ਹੈ ਕਿ ਇਸ ਵੇਲੇ ਪਟਨਾ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਦਮਦਮਾ ਸਾਹਿਬ, ਗੁਰਦੁਆਰਾ ਮੋਤੀ ਬਾਗ (ਪਟਿਆਲਾ) ਸੰਗਰੂਰ, ਦਿੱਲੀ ਆਦਿ ਅਨੇਕਾਂ ਥਾਈਂ ਦਸਮ ਗਰੰਥ ਦੀਆਂ ਅੱਡੋ-ਅੱਡ ਰੂਪਾਂ ਵਿੱਚ, ਕਈ ਬੀੜਾਂ ਵੇਖਣ ਅਤੇ ਸੁਨਣ ਵਿੱਚ ਆਉਂਦੀਆਂ ਹਨ, ਜਿਨ੍ਹਾਂ ਵਿੱਚ ਵਖੋ ਵੱਖ ਲਿਖਾਰੀਆਂ ਨੇ ਜਾਣੇ ਜਾਂ ਬਿਨਾਂ ਜਾਣੇ ਅਨੇਕਾਂ ਕ੍ਰਿਤੀਆਂ ਵਿੱਚ ਪਾਠ ਭੇਦ ਅਤੇ ਸਿਰਲੇਖਾਂ ਵਿੱਚ ਅੰਤਰੇ ਤਥਾ ਅੰਕਪਲੀਆਂ ਵੀ ਅੱਗੇ ਪਿੱਛੇ ਕੀਤੀਆਂ ਹੋਈਆਂ ਹਨ, ਜਿਸ ਕਾਰਨ ਪਾਠ ਕਰਨ ਸਮੇ ਪਾਠਕਾਂ ਨੂੰ ਅਨੇਕਾਂ ਥਾਈਂ ਸੰਸੇ-ਜੁਗਤ ਹੋਣਾ ਪੈਂਦਾ ਹੈ।

ਫਿਰ ਪਹਿਲੀ ਬੀੜ ਜੋ ਭਾਈ ਮਨੀ ਸਿੰਘ ਜੀ ਵਲੋਂ ਸੰਮਤ 1778 (ਕਈਆਂ ਦੀ ਵਿਚਾਰ ਵਿੱਚ ਸੰਮਤ 1782) ਵਿੱਚ ਲਿਖੀ ਗਈ ਦੱਸਦੇ ਹਨ, ਉਸ ਦਾ ਭੋਗ ਹਿਕਾਇਤਾਂ ਉੱਤੇ ਹੈ।

ਦੂਜੀ ਬੀੜ ਜੋ ਸੰਮਤ 1804 ਵਿੱਚ ਬਾਬਾ ਦੀਪ ਸਿੰਘ ਜੀ ‘ਸ਼ਹੀਦ’ ਹੱਥੀਂ ਤਿਆਰ ਹੋਈ ਦੱਸੀ ਜਾਂਦੀ ਹੈ, ਉਸ ਦੀ ਸਮਾਪਤੀ ਅਸਫੋਟਕ ਕਬਿੱਤਾਂ ਉੱਤੇ ਹੈ।

ਤੀਜੀ ਸੰਮਤ 1832 ਵਿੱਚ ਭਾਈ ਸੁੱਖਾ ਸਿੰਘ ਜੀ ਵਾਲੀ ਦਾ ਭੋਗ ਛਕਿਆਂ ਉੱਤੇ ਹੈ।

ਚੌਥੀ ਭਾਈ ਚੜ੍ਹਤ ਸਿੰਘ ਲਿਖਤ ਬੀੜ ਵਿੱਚ ਪੰਜ ਪੱਤਰੇ ਹੋਰ ਵੀ ਵਾਧੂ ਹਨ। ਕਈਆਂ ਦੀ ਖੋਜ਼ ਅਨੁਸਾਰ 7 ਪੱਤਰੇ ਵਾਧੂ ਹਨ।

ਹੋਰ ਤਾਂ ਹੋਰ ਪਟਨੇ ਸਾਹਿਬ ਵਾਲਾ ਦੇਵੀ ਪੂਜਕ ਭਾਈ ਸੁੱਖਾ ਸਿੰਘ ਗ੍ਰੰਥੀ ਤਾਂ ਆਪਣੀ ਬੀੜ ਬਨਾਉਣ ਸਮੇਂ ਦੇਵੀ ਪੂਜਾ ਸਿੱਧ ਕਰਨ ਲਈ ਅੰਕੜੇ ਅੱਗੇ-ਪਿੱਛੇ ਕਰਨ ਦੇ ਨਾਲ ਇੱਕ ਮਹਾਂਕਾਲੀ ਦੇ ਉਪਾਸ਼ਕ ਕਵੀ ਦੀ ਰਚਨਾ ਵਿੱਚੋਂ ਵੀਹ ਦੀਰਘ ਤ੍ਰਿਭੰਗੀ ਛੰਦ ਲੈ ਕੇ ਦਸ਼ਮੇਸ਼ ਬਾਣੀ ਅਕਾਲ ਉਸਤਤਿ ਵਿੱਚ ਸ਼ਾਮਿਲ ਕਰਨ ਤੱਕ ਪੁੱਜ ਗਿਆ ਹੈ, ਜਿਨ੍ਹਾਂ ਛੰਦਾਂ ਦੀ ਸਮੱਸਿਆ ਪੂਰਤੀ ਕਵਿਤਾ “ਜੈ ਜੈ ਹੋਸੀ ਮਹਿਖਾਸੁਰ ਮਰਦਨੁ ਰੰਮ ਕਪਰਦਨ ਛਤਰ ਛਿਤੇ” ਹੈ ਤੋਂ ਪਰਤੱਖ ਹੀ ਦੁਰਗਾ ਭਵਾਨੀ ਦੀ ਮਹਿਮਾ ਦਿੱਸ ਰਹੀ ਹੈ ਯਥਾ;

ਸੁੱਖਾ ਸਿੰਘ ਗਰੰਥੀ ਔਰ, ਰਚੀ ਪਟਨੇ ਮੇ ਗੌਰ।
ਅਠਾਹਰ ਸੈ ਬੱਤੀ ਮਾਹਿ। ਰਖਿਉ ਸੁਖਮਨਾ ਛੱਕੇ ਵਾਹਿ।
ਅਕੰਪਲੀ ਲੌ ਅਨਿਕ ਪ੍ਰਸੰਗ, ਰਾਖੇ ਉਨ੍ਹੇ ਆਪਣੇ ਢੰਗ।
ਭੋਗ ਛਕਿਉਂ ਪਰ ਪਾਇਉ ਤਾਹਿ, ਤੀਨ ਬੀੜ ਹੋਈ ਬਿੱਧ ਯਾਹਿ।
(ਪੰਥ ਪ੍ਰਕਾਸ਼, ਨਿਵਾਸ 36)

ਇਥੇ ਹੀ ਬੱਸ ਨਹੀਂ, ਭਾਈ ਸੁੱਖਾ ਸਿੰਘ ਦਾ ਸਪੁੱਤਰ ਭਾਈ ਚੜ੍ਹਤ ਸਿੰਘ ਤਾਂ ਸੁਆਰਥ ਵੱਸ ਦਸਮ ਪਾਤਸ਼ਾਹ ਵਰਗੇ ਬਣਾਉਟੀ ਦਸਖਤ ਬਣਾ ਕੇ ਆਪਣੀ ਬੀੜ ਵਿੱਚ ਹੇਰਾ-ਫੇਰੀਆਂ ਕਰਨ ਦੇ ਨਾਲ ਆਪਣੇ ਵਲੋਂ ਉੱਤੇ ਲਿਖੇ ਅਨੁਸਾਰ ਪੰਜ ਪੱਤਰੇ ਹੋਰ ਵਾਧੂ ਲਿਖ ਕੇ ਵਿੱਚ ਪਾਉਣ ਤੋਂ ਨਾ ਡਰਿਆ ਯਥਾ-

ਪੁਨਾ ਚੜ੍ਹਤ ਸਿੰਘ ਤਾਂ ਕੇ ਪੂਤ। ਅੱਖਰ ਗੁਰੂ ਦਸਮ ਸਮ ਸੂਤ।
ਕਰਕੇ ਪਾਂਚ ਪਤਰੇ ਔਰ। ਗੁਰ ਤਰਫੋਂ ਲਿਖ ਪਾਏ ਗੌਰ।
ਔਰ ਗਰੰਥ ਵੈਸਾ ਇੱਕ ਕੀਉ। ਸੋ ਬਾਵੈ ਹਾਕਮ ਸਿੰਘ ਲੀਓ।
ਸੋ ਗੁਰਦੁਆਰੇ ਮੋਤੀ ਬਾਗ।ਹੈ ਅਬ ਹਮਨੇ ਪਿਖਿਉ ਬਿਲਾਗ।
ਔਰ ਗਰੰਥ ਕਈ ਉਨ ਲਿਖੇ।ਅੱਖਰ ਗੁਰ ਸਮ ਹੈਂ ਹਮ ਪਿਖੇ।
ਦਸਖਤ ਦਸਮ ਗੁਰੂ ਕੇ ਕਹਿ ਕੇ।ਕੀਮਤ ਲਈ ਚੌਗਨੀ ਚਹਿ ਕੈ।

( ਪੰ. ਪ੍ਰ. ਗਿ. ਗਿਆਨ ਸਿੰਘ, ਨਿ.36, ਅੰਕ 21)

ਬਹੁਤੀਆਂ ਬੀੜਾਂ ਦੇ ਵਿਸਥਾਰ ਵਿੱਚ ਜਾਣ ਦੀ ਥਾਵੇਂ ਲਵੋ ਭਾਈ ਮਨੀ ਸਿੰਘ ਵਾਲੀ ਬੀੜ (ਜੋ ਸਾਰੀਆਂ ਬੀੜਾਂ ਤੋਂ ਪਹਿਲਾਂ ਸਮਤ 1770 ਵਿੱਚ ਲਿਖੀ ਗਈ ਹੈ ਅਤੇ ਇਸ ਵੇਲੇ ਗੁਰਪੁਰਵਾਸੀ ਰਾਜਾ ਗੁਲਾਬ ਸਿੰਘ ਜੀ ਸੇਠੀ ਦੇ ਘਰ ਕੋਠੀ ਨੰ.47, ਹਨੂਮਾਨ ਰੋਡ, ਨਵੀਂ ਦਿੱਲੀ ਵਿੱਚ ਮੌਜੂਦ ਹੈ) ਵਿਚੋਂ ਕੇਵਲ ਵੰਨਗੀ ਮਾਤਰ ਹੀ ਪਾਠ ਭੇਦ ਯਥਾ ਪ੍ਰਕਾਸ਼ਤ ਬੀੜਾਂ ਵਿੱਚੋਂ ਕ੍ਰਿਸ਼ਨਾਵਤਾਰੇ 2492 ਛੰਦ ਹਨ। ਪਰ ਇਸ ਬੀੜ ਦੇ 2447 ਹਨ, ਭਾਵ “ਛੱਤ੍ਰੀ ਕੋ ਪੂਤ ਹੋ” ਵਾਲੇ ਸਵੱਯੇ ਤੋਂ ਲੈ ਕੇ “ਧੰਨ ਜੀਉ ਤਿਹ ਕੋ ਜਗ ਮਹਿ” ਤੱਕ 45 ਛੰਦ ਘੱਟ ਹਨ।

ਪ੍ਰਕਾਸ਼ਤ ਬੀੜਾਂ ਵਿਚਲੇ ਰਾਮਾਵਤਾਰ ਦੇ 864 ਛੰਦ ਹਨ, ਪ੍ਰੰਤੂ ਇਸ ਬੀੜ ਅੰਦਰ 860 ਹਨ ਅਤੇ “ਪਾਂਇ ਗਏ ਜਬ ਤੁਮਰੈ” ਵਾਲਾ ਸਵੱਯਾ ਵੀ ਖਾਸ ਪਤਰੇ ਦੇ ਇਹ ਹਾਸ਼ੀਏ ਵਿੱਚ ਹੱਥ ਦਾ ਲਿਖਿਆ ਹੋਇਆ ਹੈ ਜਿਸ ਤੋਂ ਸੁੱਤੇ ਹੀ ਸਿੱਧ ਹੁੰਦਾ ਹੈ ਕਿ ਇਹ ਸਵੱਯਾ ਪਿੱਛੋਂ ਲਿਖਿਆ ਹੈ।

ਪ੍ਰਕਾਸ਼ਤ ਬੀੜਾਂ ਵਿਚਲੇ 33 ਸਵੱਯੈ ਵੀ ਬੀੜ ਵਿੱਚ ਨਹੀਂ ਹਨ

ਨੋਟ - ਤੇਤੀ ਸਵੱਯੈ ਛਾਪੇ ਦੀਆਂ ਸਾਰੀਆਂ ਬੀੜਾਂ ਵਿੱਚ ਨਹੀਂ, ਕਿਤੇ 32 ਹਨ ਅਤੇ ਕਿਸੇ ਬੀੜ ਵਿੱਚ ‘ਜਾਗਤ ਜੋਤਿ ਜਪੈ’ ਵਾਲਾ ਸਵੱਯਾ ਪਾ ਕੇ 33 ਹਨ।

ਛਾਪੇ ਦੀਆਂ ਬੀੜਾਂ ਵਾਲੇ ਹਜ਼ਾਰੇ ਦੇ 10 ਸ਼ਬਦ ਵੀ ਇਸ ਬੀੜ ਵਿੱਚ ਨਹੀਂ ਇਤਿਆਦਿਕ ਹੋਰ ਵੀ ਕਈ ਭੇਦ ਹਨ। ਨਾਲੇ ਕਈ ਪਾਠਾਂ ਉੱਤੇ ਹੜਤਾਲ ਵੀ ਫੇਰੀ ਹੋਈ ਹੈ।

ਸਭ ਤੋਂ ਵਧੇਰੇ ਕਿੰਤੂ ਇਹ ਕਿ ਉੱਤੇ ਦਰਸਾਈਆਂ ਅੱਡੋ-ਅੱਡ ਬੀੜਾਂ ਦੇ ਅੱਡੋ-ਅੱਡਰੇ ਭੇਦਾਂ ਨੂੰ ਪ੍ਰਮਾਣੀਕ ਪਾਠ ਦਰਸਾਉਣ ਹਿੱਤ ਕਸੌਟੀ ਰੂਪ ਪ੍ਰਮਾਣੀਕ ਬੀੜ ਇੱਕ ਵੀ ਨਹੀਂ, ਜਿਸ ਲਈ ਸੁਤੇ ਹੀ ਸਿੱਧ ਹੋਇਆ ਕਿ ਸਮੁੱਚਾ ਦਸਮ ਗਰੰਥ ਕਦਾਚਿਤ ਵੀ ਪ੍ਰਮਾਣੀਕ ਨਹੀਂ ਕਿਹਾ ਜਾ ਸਕਦਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top