Share on Facebook

Main News Page

ਹਮਰੀ ਕਰੋ ਹਾਥ ਦੈ ਰੱਛਾ… - 2
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 15

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਅੜਿੱਲ
ਸੁਨੈ ਗੁੰਗ, ਜੋ ਯਾਹਿ ਸੁ ਰਸਨਾ ਪਾਵਈ।
ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ।
………………
ਹੈ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ।
404।

ਚੌਪਈ
ਸੰਬਤ ਸਤ੍ਰਹ ਸਹਸ ਭਣਿਜੈ। ਅਰਧ ਸਹਸ ਫੁਨਿ ਤੀਨ ਕਹਿਜੈ।
ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ। ਤੀਰ ਸਤੁਦ੍ਰਵ ਗਰੰਥ ਸੁਧਾਰਾ
।405।

ਇਤੀ ਸ੍ਰੀ ਚਰਿਤ੍ਰ ਪਾਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤਮਸਤੁ।405। 7555।ਅਫਜੂੰ।

ਨਿਰਣਾ

1)- ਇਹ ਚੌਪਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ, ਕਿਉਂਕਿ ਇਹ ਪਾਖਯਾਨ (ਕਥਾ-ਕਹਾਣੀ) ਚਰਿਤ੍ਰਾਂ ਭਾਵ ਤੀਵੀਆਂ ਦੇ ਮੱਕਰ-ਫਰੇਬਾਂ ਦਾ ਹੀ ਅੰਗ ਹੈ, ਤੇ ਪਾਖਯਾਨ ਚਰਿਤ੍ਰਾਂ ਦੇ ਵਿੱਚ ਆਈ ਅਸ਼ਲੀਲ ਭਾਸ਼ਾ (ਭੋਗਬਿਲਾਸ ਦੀਆਂ ਨੰਗੀਆਂ ਕਥਾਵਾਂ ) ਸਪਸ਼ਟ ਤੌਰ ‘ਤੇ ਫੈਸਲਾ ਕਰਨ ਵਿੱਚ ਸਹਾਇਕ ਹਨ, ਕਿ ਇਹ ਚਰਿਤ੍ਰ ਗੁਰੂ ਜੀ ਦੀ ਰਚਨਾ ਨਹੀਂ, ਤੇ ਕਦੀ ਵੀ ਨਹੀਂ ਹੋ ਸਕਦੀ।

2)- ਇਸ ਚੌਪਈ ਵਿੱਚ ਆਈਆਂ ਕਈ ਤੁੱਕਾਂ ਗੁਰਮਤਿ ਦੀ ਕਸਵੱਟੀ (ਅਥਵਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ) ਉੱਤੇ ਪਰਖਿਆਂ ਗੁਰਮਤਿ ਵਿਰੁੱਧ ਦਿੱਸਦੀਆਂ ਹਨ, ਜਿਵੇਂ ਕਿ:-

(ੳ)…ਹਮਰੇ ਦੁਸ਼ਟ ਸਭੇ ਤੁਮ ਘਾਵਹੁ…….।378।
(ਅ)…ਸਭ ਬੈਰਨ ਕੋ ਆਜ ਸੰਘਰੀਯੈ…..।379।
(ੲ)…ਚੁਨ ਚੁਨ ਸੱਤ੍ਰ ਹਮਾਰੈ ਮਾਰਿਯਹਿ….।380।
(ਸ)…ਸਿੱਖ ਉਬਾਰਿ ਅਸਿਖ ਸੰਘਰੋ…….।397।

3)- ਇਹ ਚੌਪਈ ਸਪਸ਼ਟ ਤੌਰ ‘ਤੇ ਕਵੀ ਦੀ ਰਚਨਾ ਹੈ, ਜਿਸਦੀ ਪੁਸ਼ਟੀ ਇਸ ਦੇ ਲਿਰਲੇਖ ‘ਕਬਯੋਵਾਚ ਬੇਨਤੀ’ ਤੋਂ ਸੁਤੇ ਸਿੱਧ ਹੀ ਹੋ ਜਾਂਦੀ ਹੈ।

4)- 405 ਵੇਂ ਚਰਿਤ੍ਰ (ਜਿਸਦਾ ਕਿ ਚੌਪਈ ਇੱਕ ਅੰਗ ਹੈ ) ਦੀ ਅੰਤਕਾ ਵਿੱਚ ਆਏ ਇਹ ਵਾਕ ‘ਇਤਿ ਸ੍ਰੀ ਚਰਿਤ੍ਰ ਪਾਖਯਾਨੇ….ਸੁਭਮਸਤ..।405।’ ਇਹ ਸਿੱਧ ਕਰਦੇ ਹਨ ਕਿ ਇਹ ਸਾਰੇ 405 ਚਰਿਤ੍ਰ ਚਿਤਰਵਤੀ ਨਗਰੀ ਦੇ ਰਾਜੇ ਚਿੱਤ੍ਰ ਸਿੰਘ ਦੀ ਕਹਾਣੀ ਦੇ ਅਧਾਰ ‘ਤੇ ਹਨ, ਜਿਸਦਾ ਪੂਰਾ ਵੇਰਵਾ ਇਸੇ ਪੁਸਤਕ ਦੇ ਤ੍ਰਿਆ ਚਰਿਤ੍ਰ ਵਾਲੇ ਲੇਖ ਵਿੱਚ ਦਿੱਤਾ ਗਿਆ ਹੈ।

ਚਰਿਤ੍ਰਾਂ ਦੇ ਰਚਨਹਾਰ ਸਾਕਤ ਮਤੀਏ ਕਵੀਆਂ ਨੇ ਕਟਾਹ-ਕੁੰਡਲ ਨਯਾਯ ਅਨੁਸਾਰ ਪਹਿਲਾ ਚਰਿਤ੍ਰ ਆਪਣੇ ਇਸ਼ਟ ਚੰਡੀ (ਦੁਰਗਾ,ਕਾਲਿਕਾ) ਦਾ ਰਚਿਆ ਹੈ ਅਤੇ ਅੰਤਲਾ ਵੀ ਆਪਣੇ ਇਸ਼ਟ ਮਹਾਂਕਾਲ ਦਾ ਲਿਖਿਆ ਹੈ। ਅੰਤਲੇ ਮਹਾਂਕਾਲ ਦੇ ਚਰਿਤ੍ਰ ਨੂੰ ਸ਼ੁਰੂ ਤੋਂ ਲੈ ਕੇ 376 ਵੇਂ ਅੰਕ ਤੱਕ ਪ੍ਰਸੰਗਕ ਰੂਪ ਵਿੱਚ ਵਰਣਿਆਂ ਹੈ, ਭਾਵ ਸਵਾਸ ਬੀਰਜ ਦੈਂਤ ਦੂਲਹ ਅਤੇ ਮਹਾਂਕਾਲ ਦੁਆਰਾ ਕੀਤੇ ਜੁੱਧ-ਜੰਗ ਦਾ ਵਰਨਣ ਹੈ। ਇਸ ਤੋਂ ਅਗਲੇ (376 ਵੇਂ ਅੰਕ ਤੋਂ) ਅੱਗੇ ਊਹਾ ਸਾਕਤ ਕਵੀ ਆਪਣੇ ਇਸ਼ਟ ਅਰਥਾਤ ਮਹਾਂਕਾਲ ਅਤੇ ਜਗਮਾਤਾ (ਕਾਲਿਕਾ ਦੇਵੀ) ਉੱਤੇ ਮਹਾਂਕਾਲਿਕਾ ਪਾਸੋਂ ਆਪਣੇ ਦੁਸ਼ਮਣਾਂ ਦਾ ਵਿਨਾਸ਼ ਅਤੇ ਆਪਣੀ ਰੱਖਿਆ ਹਿੱਤ ਬੇਨਤੀ ਕਰਦਾ ਹੋਇਆ, ਅੰਤਕਾ ਵਿੱਚ ਇਸ ਰਚਨਾ ਦੀ ਸਮਾਪਤੀ ਦਾ ਸਮਾਂ ਦਿਨ ਐਤਵਾਰ, ਭਾਦੋਂ ਸੁਦੀ ਅਸ਼ਟਮੀ ਸੰਮਤ ਦੱਸਦਾ ਹੈ ਜਿਵੇਂ ਕਿ ਸੰਮਤਿਸਤ੍ਰਹ ਸਹਸ…।’

ਇਹ ਕਬਯੋਬਾਚ ਬੇਨਤੀ ਚੌਪਈ 377 ਵੇਂ ਅੰਕ ‘ਹਮਰੀ ਕਰੋ ਹਾਥ ਦੇ ਰੱਛਾ’ ਤੋਂ ਲੈ ਕੇ ਕਰਮਵਾਰ 403 ਅੰਕ ‘ਦੁਖ ਨ ਤਿਸੈ ਬਿਆਪਤ ਕੋਈ’ ਤੇ ਸਮਾਪਤ ਹੁੰਦੀ ਹੈ, ਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਤ ਮਰਿਆਦਾ ਅਨੁਸਾਰ ‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ 401 ਅੰਕ ਅਥਵਾ ‘ਦੁਸ਼ਟ ਦੋਖ ਤੇ ਲੇਹੁ ਬਚਾਈ’ ਤੱਕ ਪੜ੍ਹਨ ਦੀ ਆਗਿਆ ਹੈ।

ਆਓ, ਹੁਣ ਵੇਖੀਏ ਕਿ ਇਸ ਚੌਪਈ ਦੇ ਪੂਰੇ ਪਾਠ ਤੋਂ ਕਿਉਂ ਵਰਜਿਆ ਗਿਆ ਹੈ। ਇਹ ਸਮਝਣ ਲਈ 402 ਤੇ 403 ਅੰਕਾਂ ਵਾਲੇ ਪਾਠ ਦਾ ਵੇਰਵਾ ਹੇਠ ਦਿੱਤਾ ਜਾਦਾ ਹੈ, ਯਥਾ:-

ਕ੍ਰਿਪਾ ਕਰੀ ਹਨ ਪਰ ਜਗਮਾਤਾ। ਗਰੰਥ ਕਰਾ ਪੂਰਨ ਸੁਭਰਾਤਾ।
ਕਿਲਬਿਖ ਸਕਲ ਦੇਹ ਹੋ ਹਰਤਾ। ਦੁਸ਼ਟ ਦੋਖਿਯਨ ਕੋ ਛੈ ਹਰਤਾ।
402।

ਸ੍ਰੀ ਅਸਿਧੁਜ ਜਬ ਭਏ ਦਇਆਲਾ। ਪੂਰਨ ਕਰਾ ਗਰੰਥ ਤਤਕਾਲਾ।
ਮਨ ਬਾਂਛਤ ਫਲ ਪਾਵੈ ਸੋਈ। ਦੂਖ ਨ ਤਿਸੈ ਬਿਆਪਤ ਕੋਈ।
403।

ਹੁਣ ਵੇਖੋ ਇਨ੍ਹਾਂ ਊਪਰ ਦਿੱਤੀਆਂ ਤੇ ਚੌਪਈ ਨਾਲੋਂ ਕੱਟੀਆਂ ਤੁੱਕਾਂ ਨੂੰ।

ਕੀ ਇਹ ਤੁੱਕਾਂ ਇਸ ਲਈ ਕੱਟੀਆਂ ਗਈਆਂ ਕਿ ਇਨ੍ਹਾਂ ਵਿੱਚ ਜਗਮਾਤਾ (ਕਾਲੀ ਦੇਵੀ ਦੁਰਗਾ) ਦੀ (ਕਬਿਯੋ ਬਾਚ ਬੇਨਤੀ ਰਚਨ ਵਾਲੇ ਕਵੀ ਤੇ ਹੋਈ) ਕ੍ਰਿਪਾ ਦਰਸਾਈ ਗਈ ਹੈ, ਜਿਸ ਕ੍ਰਿਪਾ ਦੇ ਕਾਰਣ ਹੀ ਕਵੀ ਇਹ ਚਰਿਤਰੋਪਾਖਯਾਨ ਰੂਪੀ ਸੁਭਰਾਤਾ ਗਰੰਥ (ਸੁਹਣੇ ਮਜਬੂਨ ਵਾਲਾ ਗਰੰਥ, ਵੇਖੋ ਮਹਾਨ ਕੋਸ਼-ਪੰਨਾ 217) ਮੁਕੰਮਲ ਕਰ ਸਕਿਆ।

ਉਪਰੋਕਤ ਤੱਥਾਂ ਤੋਂ ਸਿੱਧ ਹੋਇਆ ਕਿ ਇਹ ਚੌਪਈ ਦਸ਼ਮੇਸ਼ ਕ੍ਰਿਤ ਨਹੀਂ, ਬਲਕਿ ਮਹਾਂਕਾਲ ਦੇ ਉਪਾਸ਼ਕ ਸਾਕਤ ਮਤੀਏ ਕਵੀ ਦੀ ਹੈ।

ਨੋਟ- ਅੱਜ-ਕਲ ਕੁਝ ਗੁਟਕਿਆਂ ਵਿੱਚ ਕਬਯੋ ਬਾਚ ਬੇਨਤੀ ਦੇ ਨਾਲ ਕਿਤੇ–ਕਿਤੇ ਪਾਤਸ਼ਾਹੀ 10 ਜਾਂ ਮੁਖਵਾਕ ਪਾਤਸ਼ਾਹੀ ਵੀ ਲਿਖਿਆ ਜਾ ਰਿਹਾ ਹੈ, ਜੋ ਦਸਮ ਗ੍ਰੰਥ ਦੀਆਂ ਬੀੜਾਂ ਵਿੱਚ ਨਹੀਂ ਮਿਲਦਾ।

ਹਾਂ, ਇਸ ਚੌਪਈ ਵਿੱਚ ‘ਨਿਰੰਕਾਰ’, ਆਦਿ ਅੰਤ ਏਕੈ ਅਵਤਾਰਾ’, ‘ਨਿਰਬਿਕਾਰ’, ਨਿਰਲੰਬ’, ‘ਖੜਗਕੇਤ’ ਆਦਿਕ ਸ਼ਬਦਾਂ ਦੀ ਵਰਤੋਂ ਤੋਂ ਇਹ ਭੁਲੇਖਾ ਪੈਂਦਾ ਹੈ, ਕਿ ਇਹ ਸ਼ਬਦ ਅਕਾਲ ਪੁਰਖ ਲਈ ਵਰਤੇ ਗਏ ਹਨ, ਪਰ ਅਸਲੀਅਤ ਵਿੱਚ ਇਹ ਸ਼ਬਦ ਕਵੀ ਸ਼ਾਮ ਨੇ ਆਪਣੇ ਇਸ਼ਟ ਮਹਾਂਕਾਲ ਪ੍ਰਥਾਇ ਅਨੇਕਾਂ ਥਾਈਂ ਵਰਤੇ ਹਨ।

ਚੱਲਦਾ…


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top